ਆਜ਼ਾਦੀ ਦਿਵਸ ਜਾਂ ਗੁਲਾਮੀ ਦਾ ਪ੍ਰਦਰਸ਼ਨ?

ਡਾ. ਸੁਖਪਾਲ ਸੰਘੇੜਾ
15 ਅਗਸਤ 1947 ਭਾਰਤ ਵਿਚ ਇਕ ਇਤਿਹਾਸਕ ਦਿਨ ਹੈ। ਉਸ ਸਾਲ ਪੰਜਾਬ ਵਿਚ 15 ਅਗਸਤ ਤੇ ਇਹਦੇ ਆਲੇ-ਦੁਆਲੇ ਦਿਨਾਂ ਦੇ ਦ੍ਰਿਸ਼: ਪੂਰਬੀ ਤੇ ਪੱਛਮੀ ਹਿੱਸਿਆਂ ਨੂੰ ਵੱਖ ਕਰਦੀ ਲਕੀਰ ਦਾ ਚੀਰਾ, ਪੱਛਮੀ ਹਿੱਸੇ ਨੂੰ ਪਾਕਿਸਤਾਨ ਨਾਲ ਮਿਲਾਉਣ ਲਈ; ਲਕੀਰ ਨੂੰ ਦੋਹਾਂ ਪਾਸਿਆਂ ਤੋਂ ਪਾਰ ਕਰਦੇ ਮਾਸੂਮ ਲੋਕਾਂ ਦੇ ਕਾਫਲੇ; ਮਿਲਵਰਤੋਂ ਤੇ ਸਦਭਾਵਨਾ ਦੇ ਮਾਹੌਲ ਵਿਚ ਜੀਅ ਰਹੇ ਵੱਖ ਵੱਖ ਧਰਮਾਂ ਦੇ ਲੋਕਾਂ ਉੱਪਰ ਅਚਾਨਕ ਗੁੰਡਾਗਰਦੀ ਸਣੇ ਫਿਰਕੂ ਜਨੂੰਨ ਦੀ ਝੁੱਲਣ ਲੱਗ ਪਈ ਹਨੇਰੀ; ਕਾਫਲਿਆਂ ਤੇ ਪਿੰਡਾਂ ਉੱਪਰ ਹੋ ਰਹੇ ਵਹਿਸ਼ੀਆਨਾ ਹਮਲੇ; ਬੇਪਤੀ, ਲੁੱਟ-ਖੋਹ, ਕਤਲੇਆਮ ਤੇ ਮਨੁੱਖੀ ਲਾਸ਼ਾਂ ਦੇ ਵਿਛੇ ਢੇਰ। ਇਹੀ ਕੁਝ ਭਾਰਤ ਦੀ ਪੂਰਬੀ ਗੁੱਠ ਵਿਚ ਬੰਗਾਲ ਵੰਡ ਦੌਰਾਨ ਹੋਇਆ, ਪੂਰਬੀ ਪਾਕਿਸਤਾਨ ਦੇ ਗਠਨ ਸਮੇਂ। ਕੁੱਲ ਮਿਲਾ ਕੇ ਕਰੀਬ 5 ਲੱਖ ਇਨਸਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ, ਦਹਿ ਹਜ਼ਾਰਾਂ ਜ਼ਖਮੀ ਹੋਏ ਤੇ ਇੱਕ ਕਰੋੜ ਤੋਂ ਵੱਧ ਘਰੋਂ ਬੇਘਰ ਹੋਏ ਸ਼ਰਨਾਰਥੀ ਬਣੇ।

ਭਾਰਤੀ ਲੋਕਾਂ ਦੀ ਸਦੀਆਂ ਲੰਬੀ ਦੇਸੀ ਤੇ ਵਿਦੇਸ਼ੀ ਗੁਲਾਮੀ ਤੋਂ ਆਇਆ ਇਹ ਉਹੀ 15 ਅਗਸਤ ਹੈ, ਜੋ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਦੇਸ਼ ਦੀ ‘ਆਜ਼ਾਦੀ’ ਇਸ ਤਰ੍ਹਾਂ ਦੀ ਹੋਵੇ, ਉਹਦੀ ਗੁਲਾਮੀ ਕੈਸੀ ਹੋਵੇਗੀ? ਇਸ ਪ੍ਰਸ਼ਨ ਦੇ ਉੱਤਰ ਵੱਲ ਇਸ਼ਾਰਾ ਸ਼ਰਮ ਤੇ ਵਿਆਕੁਲਤਾ ਨਾਲ ਭਰੀ ਉਸ ਸੱਚਾਈ ਵਿਚ ਪਿਆ ਹੈ, ਜਿਹਦਾ ਅੱਖਾਂ ਵਿਚ ਅੱਖਾਂ ਕੇ ਸਾਹਮਣਾ ਕਰਨ ਦੀ ਅਸੀਂ ਅਕਸਰ ਹਿੰਮਤ ਨਹੀਂ ਕਰਦੇ। ਇਹ ਸੱਚਾਈ ਹੈ ਕਿ ਮਨੁੱਖਤਾ ਦੀ ਉੱਤਕ ਬੇਪਤੀ, ਲੁੱਟ-ਖੋਹ ਤੇ ਕਤਲੇਆਮ ਕਰਨ ਵਾਲੇ ਕੋਈ ਬਾਬਰ, ਅਬਦਾਲੀ, ਨਾਦਰ ਸ਼ਾਹ ਜਾਂ ਅੰਗਰੇਜ਼ ਨਹੀਂ, ਸਗੋਂ ਫਿਰਕੂ ਜਨੂੰਨ ਦੀ ਹਨੇਰੀ ਵਿਚ ਝੁੱਲ ਗਏ ‘ਲੋਕ’ ਹੀ ਸਨ; ਹਨੇਰੀ ਨੂੰ ਜਨਮ ਚਾਹੇ ਸੱਤਾ ਭੁੱਖੇ ਸਿਆਸੀ ਤੇ ਫਿਰਕੂ ਨੇਤਾਵਾਂ ਨੇ ਹੀ ਦਿੱਤਾ ਸੀ। ਉਸ ਖੂੰਖਾਰ ਪਸ਼ੂਪੁਣੇ ਦਾ ਬੂਥਾ ਭੰਨਣ ਜਾਂ ਫਿਰਕੂ ਹਨੇਰੀ ਝੁੱਲਣ ਤੋਂ ਰੋਕਣ ਵਾਲੀ ਬਰਾਬਰ ਦੀ ਸ਼ਕਤੀ ਵਾਲੀ ਕੋਈ ਲੋਕ ਲਹਿਰ ਪੈਦਾ ਨਹੀਂ ਹੋਈ। ਇੱਥੇ ਹੀ ਬੱਸ ਨਹੀਂ, ‘ਆਜ਼ਾਦ’ ਭਾਰਤ ਦੀ ਤ੍ਰਾਸਦੀ ਹੈ ਕਿ 15 ਅਗਸਤ 1947 ਤੋਂ ਕਰੀਬ ਪੌਣੀ ਸਦੀ ਬਾਅਦ ਅੱਜ ਵੀ ਭਾਰਤੀ ਹਾਕਮ ਤੇ ਫਿਰਕੂ ਸ਼ਕਤੀਆਂ ਆਪਣੇ ਸੌੜੇ ਸਿਆਸੀ ਤੇ ਨਿੱਜੀ ਹਿੱਤ ਪੂਰਨ ਲਈ ਫਿਰਕੂਪ੍ਰਸਤੀ ਦਾ ਖੇਲ ਖੇਲਦੇ ਹਨ, ਤੇ ਲੋਕ ਅਕਸਰ ਫਿਰਕੂਪ੍ਰਸਤੀ ਦੀ ਹਨੇਰੀ ਵਿਚ ਝੁੱਲ ਜਾਂਦੇ ਹਨ। ਇਹ ਧਰਮ-ਨਿਰਪੱਖ ਆਜ਼ਾਦ ਦੇਸ਼ ਕੌਮ ਦੇ ਲੱਛਣ ਨਹੀਂ ਹੁੰਦੇ। ਆਖਿਰ ਮਾਜ਼ਰਾ ਕਿਆ ਹੈ?
ਗੁਲਾਮੀ ਸਿਰਫ ਜਿਸਮਾਂ ਦੀ ਹੀ ਨਹੀਂ ਹੁੰਦੀ, ਸਗੋਂ ਕਈ ਰੂਪਾਂ ਵਿਚ ਮਿਲਦੀ ਹੈ। ਕਈ ਵਾਰੀ ਜਦੋਂ ਚਿਰਾਂ ਤੋਂ ਕੈਦ ਪੰਛੀ ਨੂੰ ਆਜ਼ਾਦ ਕਰ ਦਿੱਤਾ ਜਾਵੇ, ਤਾਂ ਉਡਾਰੀ ਭਰਨ ਬਾਅਦ ਉਹ ਮੁੜ ਪਿੰਜਰੇ ਨੂੰ ਪਰਤ ਆਉਂਦਾ ਹੈ। ਐਸੀ ਹਾਲਤ ਵਿਚ ਗੁਲਾਮੀ ਪੰਛੀ ਦੇ ਸੁਭਾਅ ਦਾ ਹਿੱਸਾ ਬਣ ਚੁਕੀ ਹੁੰਦੀ ਹੈ। ਹੋਰਨਾਂ ਕਈ ਦੇਸ਼ਾਂ ਦੀ ਤਰ੍ਹਾਂ ਭਾਰਤੀ ਲੋਕ ਵੀ ਆਪਣੇ ਸਮਰਾਟਾਂ ਦੇ ਗੁਲਾਮ ਰਹੇ। ਮੌਰਿਆ, ਭਾਰਤ, ਗੁਪਤ, ਹਰਸ਼ ਵਰਧਨ, ਰਾਜਪੂਤ ਆਦਿ ਸਾਮਰਾਜਾਂ ਤੋਂ ਮੁਸਲਿਮ/ਮੁਗਲ ਸਮਰਾਟਾਂ ਦਾ ਰਾਜ। ਭਾਰਤ ‘ਤੇ ਹਮਲੇ ਵਿਚ ਪੰਜਾਬ ਦੇ ਰਸਤਿਉਂ ਹੁੰਦੇ ਧਾੜਵੀਆਂ ਦਾ ਪਹਿਲਾਂ ਸ਼ਿਕਾਰ ਪੰਜਾਬੀ ਹੀ ਬਣਦੇ ਰਹੇ। ਸਣੇ ਪੰਜਾਬ, ਭਾਰਤੀ ਲੋਕ ਉਪਰੋਤਕ ਸਮਰਾਟਾਂ ਦੇ, ਮੁਗਲ ਰਾਜ ਦੇ ਪਤਨ ਦੌਰਾਨ ਅਤੇ ਬਾਅਦ `ਚ ਸਥਾਨਕ ਰਾਜਿਆਂ ਦੇ, ਤੇ ਫਿਰ ਉਨ੍ਹਾਂ ਰਾਜਿਆਂ ਨੂੰ ਹਰਾਉਣ ਵਾਲੇ ਅੰਗਰੇਜ਼ਾਂ ਦੇ ਗੁਲਾਮ ਰਹੇ। ਪੰਜਾਬ ਸਮੇਤ ਭਾਰਤ ਵਿਚ ਆਧੁਨਿਕ ਯੁਗ ਇੱਥੇ ਅਰਥਚਾਰੇ ਜਾਂ ਗਿਆਨ-ਵਿਗਿਆਨ ਕਾਰਨ ਹੋਈ ਤਰੱਕੀ ਕਰਕੇ ਨਹੀਂ, ਸਗੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਬਸਤੀਵਾਦੀ ਰੂਪ ਵਿਚ ਆਇਆ ਹੈ। ਭਾਰਤ ਵਿਚ ਆਜ਼ਾਦੀ ਅੰਗਰੇਜ਼ਾਂ ਵਿਰੁੱਧ ਦੋ-ਟੁੱਕ ਸਿੱਧੀ ਲੜਾਈ ਵਿਚੋਂ ਨਹੀਂ ਆਈ, ਜਿਵੇਂ ਮਿਸਾਲ ਵਜੋਂ ਅਮਰੀਕਾ ਵਿਚ, ਸਗੋਂ ਜਿ਼ਆਦਾਤਰ ਦੂਸਰੇ ਮਹਾਂ-ਯੁੱਧ ਤੋਂ ਬਾਅਦ ਬਦਲੇ ਹੋਏ ਅੰਤਰਰਾਸ਼ਟਰੀ ਹਾਲਾਤਾਂ ਅਤੇ ਭਾਰਤ ਦੀ ਸਮੁੱਚੀ ਅੰਦਰੂਨੀ ਹਾਲਤ ਕਰਕੇ ਅੰਗਰੇਜ਼ ਜਿ਼ਆਦਾਤਰ ਆਪਣੀਆਂ ਸ਼ਰਤਾਂ ਦੇ ਆਧਾਰ ‘ਤੇ ਹੀ ਭਾਰਤ ਛੱਡ ਗਏ। ਇਸ ਤਰ੍ਹਾਂ ਬਾਕੀ ਭਾਰਤ ਵਾਂਗ ਪੰਜਾਬ ਦੀ ਰੈਜਿ਼ਮੇ (ਰੲਸੁਮੲ) ਵੀ ਗੁਲਾਮੀ ਨਾਲ ਭਰੀ ਹੋਈ ਹੈ, ਗੁਲਾਮੀ ਦਾ ਜਥੇਬੰਦਕ ਲੋਕ-ਵਿਰੋਧ ਕਰ ਕੇ ਇਸ ਤੋਂ ਛੁਟਕਾਰਾ ਪਾਉਣ ਦੇ ਘੱਟੋ-ਘੱਟ ਤਜਰਬੇ ਸਮੇਤ। ਅੰਗਰੇਜ਼ ਦੇ ਜਾਣ ਬਾਅਦ ਭਾਰਤ ਵਿਚ ਰਾਜਨੀਤਕ ਤੇ ਸਮਾਜਕ ਪ੍ਰਬੰਧ ਦੀਆਂ ਅਮਲੀ ਤੇ ਵਿਹਾਰਕ ਬਾਰੀਕੀਆਂ ਵਿਚ, ਜੇ ਬਿਲਕੁਲ ਨਹੀਂ, ਤਾਂ ਕਾਫੀ ਤਬਦੀਲੀ ਨਾ ਆਈ। ਮਿਸਾਲ ਵਜੋਂ, ਨੀਵੀਂਆਂ ਤੇ ਉੱਚੀਆਂ ਜਾਤਾਂ ਵਿਚਕਾਰ ਰਿਸ਼ਤਿਆਂ ਤੋਂ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚਕਾਰ ਰਿਸ਼ਤੇ ਉਸੇ ਤਰ੍ਹਾਂ ਰਹੇ; ਵਿਦਿਆਰਥੀ ਅਧਿਆਪਕ ਨੂੰ ‘ਸਰ’ ਅਤੇ ਕਰਮਚਾਰੀ ਦਫਤਰਾਂ ਵਿਚ ਉੱਚ ਅਧਿਕਾਰੀਆਂ ਨੂੰ ‘ਸਰ’ ਤੇ ‘ਸਾਹਿਬ’ ਆਦਿ ਕਹਿੰਦੇ ਰਹੇ, ਅੱਜ ਤੱਕ।
ਗੁਲਾਮੀ ਦੇ ਦੌਰ ਵਿਚ ਮਾਲਕ ਦਾ ਜ਼ਬਰ ਤੇ ਲੁੱਟ-ਖਸੁੱਟ ਬੁਰੀ ਹੈ, ਪਰ ਸਭ ਤੋਂ ਬੁਰਾ ਹੁੰਦਾ ਹੈ ਗੁਲਾਮੀ ਦਾ ਹੱਡਾਂ ਵਿਚ ਰਚ ਜਾਣਾ ਤੇ ਰੂਹ `ਚ ਵਸ ਜਾਣਾ, ਭਾਵ ਸੁਭਾਅ ਦਾ ਹਿੱਸਾ ਬਣ ਜਾਣਾ। ਉਹਤੋਂ ਵੀ ਖਤਰਨਾਕ ਹੁੰਦਾ ਹੈ ਸੁਭਾਅ, ਚੱਜ-ਆਚਾਰ ਤੇ ਸੱਭਿਆਚਾਰ ਵਿਚ ਰਚ ਕੇ ਗੁਲਾਮੀ ਦਾ ਪੀੜ੍ਹੀ ਦਰ ਪੀੜ੍ਹੀ ਸਫਰ ਕਰਨ ਲੱਗ ਜਾਣਾ। ਇਸ ਤਰ੍ਹਾਂ ਦੀ ਗੁਲਾਮੀ ਦੇ ਲੱਛਣਾਂ ਦੀਆਂ ਮਿਸਾਲਾਂ ਭਾਰਤ ਪੱਧਰ ‘ਤੇ ਵੀ ਦਿੱਤੀਆਂ ਜਾ ਸਕਦੀਆਂ ਹਨ, ਪਰ ਇਸ ਲੇਖ ਵਿਚ ਮੈਂ ਪੰਜਾਬ ਤੱਕ ਸੀਮਿਤ ਰਹਿੰਦਾ ਹੋਇਆਂ, ਅਜਿਹੀ ਸੁਭਾਵਿਕ ਗੁਲਾਮੀ ਦੀਆਂ ਪੰਜਾਬੀ ਬੰਦੇ ਵਿਚ ਮਿਲਦੀਆਂ ਅਲਾਮਤਾਂ ‘ਚੋਂ ਤਿੰਨ ਬਾਰੇ ਚਰਚਾ ਕਰਾਂਗਾ।
ਪਹਿਲੀ ਅਲਾਮਤ ਹੈ: ‘ਸਾਹਿਬ’ ਸ਼ਬਦ ਜਾਂ ਖਿਤਾਬ ਦੀ ਥੋਕ ਵਿਚ ਵਰਤੋਂ ਜਾਂ ਦੁਰ-ਵਰਤੋਂ। ‘ਸਾਹਿਬ’ ਮੁੱਢੋਂ ਅਰਬੀ ਦਾ ਸ਼ਬਦ ਹੈ, ਜਿੱਥੇ ਇਹਦਾ ਅਰਥ ਹੈ-ਸੁਆਮੀ ਜਾਂ ਮਾਲਕ। ਉਥੋਂ ਇਹ ਹਿੰਦ ਉਪਮਹਾਦੀਪ ਦੀਆਂ ਅਨੇਕਾਂ ਬੋਲੀਆਂ ਉਰਦੂ, ਹਿੰਦੀ, ਬੰਗਾਲੀ ਤੇ ਗੁਜਰਾਤੀ ਸਮੇਤ ਪੰਜਾਬੀ ਵਿਚ ਵੀ ਆ ਵੜਿਆ। ਗੁਰਬਾਣੀ ਵਿਚ ਇਸ ਦੀ ਵਰਤੋਂ ਪਰਮਾਤਮਾ ਲਈ ਕੀਤੀ ਗਈ ਹੈ। ਲੋਕ-ਪੱਧਰ ‘ਤੇ ਇਹ ਪ੍ਰਚੱਲਤ ਹੋਇਆ, ਜਦੋਂ ਅੰਗਰੇਜ਼ਾਂ ਦੀ ਗੁਲਾਮੀ ਸਮੇਂ ਗੋਰੇ ਅਫਸਰ ਰਾਜਭਾਗ ਦੇ ਮਾਲਕ ਹੋਣ ਦੇ ਕਾਰਨ, ਭਾਰਤੀ ਲੋਕਾਂ ਕੋਲੋਂ ਆਪਣੇ ਆਪ ਨੂੰ ‘ਸਾਹਿਬ` ਅਖਵਾਉਣ ਲੱਗੇ। ਇੱਕ ਸਦੀ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਕੱਟੀ, ਉਨ੍ਹਾਂ ਨੂੰ ‘ਸਾਹਿਬ’ ਖਿਤਾਬ ਨਾਲ ਬੁਲਾ ਬੁਲਾ ਕੇ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਸ ਖਿਤਾਬ ਦੀਆਂ ਕਲਗੀਆਂ ਸਾਡੇ ਆਪਣੇ ਅਹੁਦੇਦਾਰਾਂ ਤੇ ਅਧਿਕਾਰੀਆਂ ਦੇ ਸਿਰਾਂ `ਤੇ ਸਜ ਗਈਆਂ, ਤੇ ਅਸੀਂ ਇਹ ਕਲਗੀ ਆਪਣੇ ਹੱਥੀਂ ਮਿੱਤਰਾਂ-ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਦੇ ਸਿਰਾਂ ‘ਤੇ ਵੀ ਲਾ ਦਿੱਤੀ। ਜਦ ਬੋਲਦੇ ਹਾਂ ਤਾਂ ਬੱਸ ‘ਸਾਹਿਬ’, ‘ਸਾਹਿਬ’ ਹੁੰਦੀ ਹੈ, ਜਿਵੇਂ ਸਾਨੂੰ ਕਰੀਬ ਪੌਣੀ ਸਦੀ ਪਹਿਲਾਂ ਛੱਡ ਗਏ ‘ਮਾਲਕਾਂ’ ਦਾ ਨਾਮ ਅੱਜ ਵੀ ਜਪ ਰਹੇ ਹੋਈਏ। ਆਧੁਨਿਕ ਸਮਾਜਾਂ ਵਿਚ ਅਜਿਹੀ ਮਾਨਿਸਕ ਗੜਬੜੀ ਤੋਂ ਛੁਟਕਾਰਾ ਪਾਉਣ ਲਈ ਤੁਰੰਤ ਮਨੋਵਿਗਿਆਨੀ ਡਾਕਟਰਾਂ ਦੀ ਮਦਦ ਲਈ ਜਾਂਦੀ ਹੈ, ਪਰ ਅਰਧ-ਆਧੁਨਿਕ ਸਮਾਜਾਂ ਵਿਚ ਅਜਿਹੀ ਮਾਨਿਸਕ ਗੜਬੜੀ ਅਕਸਰ ਸੱਭਿਆਚਾਰ ਦਾ ਬਣ ਹਿੱਸਾ ਬਣ ਬਹਿੰਦੀ ਹੈ। ਕੁਝ ਐਸਾ ਹੀ ਹੋਇਆ ਲੱਗਦਾ ਹੈ ਸਾਡੇ ਨਾਲ। ਗੱਲ ਨਿਰੇ ਸ਼ਬਦਾਂ ਦਾ ਨਹੀਂ; ਇਹ ਇਕ ਸਥਾਪਤ ਮਨੋਵਿਗਿਆਨਕ ਸੱਚ ਹੈ ਕਿ ਬੋਲ ਜਿੱਥੇ ਬੰਦੇ ਦੀ ਮਾਨਸਿਕ ਸਥਿਤੀ ਨੂੰ ਪ੍ਰਗਟ ਕਰਦੇ ਨੇ, ਉੱਥੇ ਬੋਲਾਂ ਤੋਂ ਅੰਦਰੂਨੀ ਭਾਵਨਾਵਾਂ ਪੈਦਾ ਹੁੰਦੀਆਂ ਨੇ, ਜਿਨਾਂ ਦਾ ਅਸਰ ਬੰਦੇ ਦੀਆਂ ਸਰੀਰਕ ਕਿਰਿਆਵਾਂ ਤੇ ਕਾਰਨਾਮਿਆਂ ’ਤੇ ਪੈਂਦਾ ਹੈ।
ਕੋਈ ਕਹਿ ਸਕਦਾ ਹੈ, “ਅਸੀਂ ਤਾਂ ‘ਸਾਹਿਬ` ਵਿਸ਼ੇਸ਼ਣ ਨੂੰ ਸਤਿਕਾਰ ਵਜੋਂ ਵਰਤਦੇ ਆਂ”; ਪਰ ਇਸ ਵਰਤੋਂ ਦੇ ਸੰਦਰਭ, ਗੁਲਾਮੀ ਕਾਰਕ (ਾਅਚਟੋਰ), ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਿੱਧੀ ਗੁਲਾਮੀ ਦੇ ਸਮੇਂ ਜਿਹੜਾ ਖਿਤਾਬ ‘ਮਾਲਕਾਂ’ ਲਈ ਵਰਤਿਆ ਜਾਂਦਾ ਰਿਹਾ ਹੋਵੇ, ਉਸੇ ਖਿਤਾਬ ਨੂੰ ਸਤਿਕਾਰ ਵਜੋਂ ਵਰਤਣਾ ਸ਼ੁਰੂ ਕਰ ਦੇਣਾ ਜਾਂ ਸਤਿਕਾਰ ਦੇ ਪਾਤਰ ਵਿਚ ਬਦਲ ਦੇਣਾ ਵੀ ਮਾਨਸਿਕ ਗੁਲਾਮੀ ਦੇ ਪ੍ਰਗਟਾਵੇ ਦਾ ਹੀ ਇੱਕ ਰੂਪ ਹੈ। ਉੱਦਾਂ, ਸਤਿਕਾਰ ਵਜੋਂ ਵਰਤਣ ਵਾਸਤੇ ਪੰਜਾਬੀ ਕੋਲ ਇੱਕ ਬਹੁਤ ਸਜੀਵ ਸ਼ਬਦ ਹੈ: ‘ਜੀ’। ਗੁਰਬਾਣੀ ਵਿਚ ‘ਸਾਹਿਬ’ ਖਿਤਾਬ ਦੀ ਵਰਤੋਂ ਪਰਮਾਤਮਾ ਲਈ ਕਰਨ ਦੀ, ਜਾਂ ਬਾਅਦ ਵਿਚ ਮਹਾਂਪੁਰਸ਼ਾਂ ਤੇ ‘ਗ੍ਰੰਥ ਸਾਹਿਬ’ ਆਦਿ ਕਿਤਾਬਾਂ ਦੇ ਨਾਂਵਾਂ ਅੱਗੇ ਸਤਿਕਾਰ ਵਜੋਂ ਇਹ ਖਿਤਾਬ ਵਰਤਣ ਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਖੁਦ ਧਾਰਮਿਕ ਨਿਯਮ ਜਾਂ ਚੱਜ ਵੀ ਆਗਿਆ ਨਹੀਂ ਦੇਵੇਗਾ ਕਿ ਪਰਮਾਤਮਾ ਅਤੇ ਧਾਰਮਿਕ ਮਹਾਂਪੁਰਸ਼ਾਂ ਲਈ ਵਰਤਿਆ ਜਾਣ ਵਾਲਾ ਖਿਤਾਬ ‘ਜਣੇ-ਖਣੇ’ ਬੰਦਿਆਂ ਤੇ ਥਾਂਵਾਂ ਲਈ ਵਰਤਿਆਂ ਜਾਵੇ। ਸੋ, ‘ਸਾਹਿਬ’ ਦੀ ਥੋਕ ਵਿਚ ਵਰਤੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਪਾਸਿਉਂ ਹੀ ਆਈ ਹੈ ਤੇ ਗੁਲਾਮ ਪ੍ਰਵਿਰਤੀ ਦੀ ਸੂਚਕ ਹੈ।
ਪੰਜਾਬੀ ਬੰਦੇ ਵਿਚ ਮਿਲਦੀ ਸੁਭਾਵਿਕ ਗੁਲਾਮੀ ਦੀ ਦੂਸਰੀ ਅਲਾਮਤ ਹੈ: ਪੰਜਾਬੀ ਮਨ ਵਿਚ ਅੱਜ ਵੀ ਕਾਲੇ ਤੇ ਸ਼ਾਮ/ਭੂਰੇ ਰੰਗਾਂ ਉੱਪਰ ਗੋਰੇ ਦੀ ਸਰਦਾਰੀ ਦੇ ਝੰਡੇ ਝੁੱਲਦੇ ਹਨ। ਸਾਡੇ ਲੋਕ-ਪ੍ਰਚੱਲਤ ਗੀਤਾਂ, ਆਮ ਗੱਲਾਂ ਤੇ ਪਸੰਦਾਂ ‘ਚੋਂ ਇਹ ਸਰਦਾਰੀ ਡੁੱਲ੍ਹ ਡੁੱਲ੍ਹ ਪੈਂਦੀ ਹੈ। ਜੇ ਟਾਵੀਂ ਟਾਵੀਂ ਕਾਲੇ ਰੰਗ ਦੀ ਸਿਫਤ ਮਿਲਦੀ ਵੀ ਹੈ, ਤਾਂ ਉਹ ਵੀ ਜਿ਼ਆਦਾਤਰ ਬਚਾਅ ਜਾਂ ਸਫਾਈ ਦੇਣ ਦੇ ਪੈਂਤੜੇ ਤੋਂ। ਮਿਸਾਲ ਵਜੋਂ:
“ਮੇਰਾ ਕਾਲਾ ਹੀ ਸਰਦਾਰ, ਕਾਲਾ ਸ਼ਾਹ ਕਾਲਾ।
ਮੈਂ ਆਪ ਤਿੱਲੇ ਦੀ ਤਾਰ, ਗੋਰਿਆਂ ਨੂੰ ਦਫਾ ਕਰੋ।”
ਭਾਵ ਤਾਂ ਕੀ ਹੋਇਆਂ ਜੇ ਖਾਵੰਦ ਕਾਲਾ, ਮੈਂ ਆਪ ਤਾਂ ਗੋਰੀਆਂ ਵਰਗੀ ਹੀ ਲੱਗਦੀ ਆਂ। ਇਹਦੇ ਵਿਚ ਖਾਵੰਦ ਦੀ ਘੋਰ ਬੇਇੱਜਤੀ ਹੈ; ਪਰ ਤ੍ਰੀਮਤ ਤੇ ਖਾਵੰਦ-ਦੋਨੋਂ ਖੁਸ਼ੀ ਖੁਸ਼ੀ ਬੜੇ ਮਾਣ ਨਾਲ ਸੁਣੀ ਤੇ ਮਾਣੀ ਜਾਂਦੇ ਆ।
ਅਸੀਂ ਕਾਲਾ ਰੰਗ ਨੂੰ ਅਜੇ ਵੀ ਕਰੂਪਤਾ, ਬੁਰਾਈ ਤੇ ਬਦਸ਼ਗਨੀ ਦਾ ਪ੍ਰਤੀਕ ਸਮਝਦੇ ਰਹਿੰਦੇ ਹਾਂ। ‘ਕਾਲਾ ਦਿਨ’, ‘ਕਾਲਾ ਹਫਤਾ’, ‘ਕਾਲੀ ਜੀਭ’, ‘ਕਾਲਾ ਦਿਲ’, ‘ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ’ ਆਦਿ ਵਰਗੀਆਂ ਕਹਾਵਤਾਂ ਤੇ ਵਾਕਅੰਸ਼ ਆਮ ਵਰਤੇ ਜਾਂਦੇ ਨੇ। ਹੋਰ ਤਾਂ ਹੋਰ ਅਸੀਂ ਅਗਾਂਹਵਧੂ/ਪ੍ਰਗਤੀਸ਼ੀਲ ਸੋਚ ਵਾਲੇ ਲੋਕ ਵੀ ‘ਕਾਲੇ ਦਿਨ’ ਤੇ ‘ਕਾਲੇ ਹਫਤੇ’ ਮਨਾਉਂਦੇ ਹਾਂ, ਭਾਰਤ ਦੀ ਅਧੂਰੀ ਆਜ਼ਾਦੀ ਨੂੰ ‘ਕਾਲੀ ਆਜ਼ਾਦੀ’ ਜਾਂ ‘ਕਾਲੇ ਦਿਲ’ ਵਾਲੀ ਆਜ਼ਾਦੀ ਕਹਿੰਦੇ ਹਾਂ, ਤੇ ਭਾਰਤੀ ਹਾਕਮਾਂ ਨੂੰ ਤ੍ਰਿਸਕਾਰ ਵਜੋਂ ‘ਕਾਲੇ ਅੰਗਰੇਜ਼’ ਬੋਲਦੇ ਹਾਂ। ਇਸ ਤੋਂ ਇਲਾਵਾ ਚਿਹਰੇ ਦਾ ਰੰਗ ਗੋਰਾ ਕਰਨ ਲਈ ਵਰਤੇ ਜਾਣ ਵਾਲੇ ‘ਅਸਰਦਾਰ’ ਘਰੇਲੂ ਨੁਸਖਿਆਂ, ਫੇਅਰਨੈੱਸ ਕ੍ਰੀਮ ਦੀ ਵਰਤੋਂ, ਆਦਿ ਦਾ ਬੜ੍ਹਾ ਬੋਲਬਾਲਾ ਹੈ। ਪੰਜਾਬ ਜਾਂ ਕਿਤੇ ਵੀ ਵਸਦੇ ਪੰਜਾਬੀਆਂ ਵਿਚ ਗੋਰਾ ਰੰਗ ਸੁੰਦਰਤਾ ਦਾ ਇੱਕ ਪੈਮਾਨਾ ਬਣ ਸੁੰਦਰਤਾ ਉਦਯੋਗ ਨੂੰ ਚਲਾਉਣ ਵਿਚ ਅਹਿਮ ਭੂਮੀਕਾ ਨਿਭਾਅ ਰਿਹਾ ਹੈ।
ਪੰਜਾਬੀ ਬੰਦੇ ਵਿਚ ਮਿਲਦੀ ਸੁਭਾਵਿਕ ਗੁਲਾਮੀ ਦੀ ਤੀਸਰੀ ਅਲਾਮਤ ਹੈ: ਪੰਜਾਬੀ ਬੰਦੇ ਦਾ ਵਤੀਰਾ ਜੋ ਉਦੋਂ ਉਜਾਗਰ ਹੁੰਦਾ ਹੈ, ਜਦੋਂ ਉਹ ਆਪਣੀ ਮਰਜ਼ੀ ਦੇ ਦੇਸ਼ ਦਾ ਨਾਗਰਿਕ ਬਣ ਕੇ ਉੱਥੇ ਵਸ ਜਾਂਦਾ ਹੈ। ਜਦੋਂ ਬੰਦਾ ਇੱਕ ਦੇਸ਼ ਵਿਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ‘ਤੇ ਕਿਸੇ ਦੂਜੇ ਦੇਸ਼ ਵਿਚ ਆਣ ਵਸੇ ਤੇ ਉਹਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਦੇਸ਼ ਬੰਦੇ ਦਾ ਦੇਸ਼ ਬਣ ਜਾਂਦਾ ਹੈ, ਜਿਹਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਦੇਸ਼ ਯਾਨਿ ‘ਕੰਟਰੀ ਆਫ ਚੌਆਇਸ’ ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁਢਲਾ ਦੇਸ਼ ਕਿਹਾ ਜਾਂਦਾ ਹੈ। ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਇੱਕ ਹੁਣ ਦਾ ਦੇਸ਼: ਪ੍ਰਦੇਸ਼ ਕੋਈ ਨਹੀਂ ਏਂ। ਇਹ ਪ੍ਰਸਥਿਤੀ ਪ੍ਰਤੀ ਉਚਿਤ, ਵਾਜਬ ਤੇ ਸਹਿਜ ਪਹੁੰਚ ਹੈ, ਜੋ ਹਕੀਕਤ `ਤੇ ਆਧਾਰਿਤ ਹੈ; ਪਰ ਸਾਡੇ ਅੰਦਰ ਵਸਦੀ ਸੁਭਾਵਿਕ ਗੁਲਾਮੀ ਇਸ ਸਾਦੀ ਪ੍ਰਸਥਿਤੀ ਨੂੰ ਗੁੰਝਲਦਾਰ ਤੇ ਤਰਸਯੋਗ ਬਣਾ ਛੱਡਦੀ ਹੈ।
ਮਿਸਾਲ ਵਜੋਂ, ਅਮਰੀਕਾ ਨੂੰ ਆਪਣੇ ਹੁਣ ਤੱਕ ਦੇ ਇਤਿਹਾਸ ਸਦਕਾ ਇਮੀਗਰਾਂਟਾਂ ਦਾ ਕਿਹਾ ਜਾਂਦਾ ਹੈ, ਜਿੱਥੇ ਆਦਿਵਾਸੀ ਅਮਰੀਕੀਆਂ ਦੀ ਘੱਟ-ਗਿਣਤੀ ਤੋਂ ਇਲਾਵਾ ਅੱਜ ਵੀ ਹਰ ਇੱਕ ਵਿਅਕਤੀ ਜਾਂ ਟੱਬਰ ਜਾਂ ਤਾਂ ਇਮੀਗਰਾਂਟ ਹੈ, ਤੇ ਜਾਂ ਉਹਦੀਆਂ ਇਸ ਦੇਸ਼ ਵਿਚ ਜੜ੍ਹਾਂ ਇੱਕ ਇਮੀਗਰਾਂਟ ਵਿਅਕਤੀ ਜਾਂ ਟੱਬਰ ਨਾਲ ਜਾ ਮਿਲਦੀਆਂ ਨੇ। ਇੰਜ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚੋਂ ਆ ਕੇ ਲੋਕ ਅਮਰੀਕਾ ਵਿਚ ਵਸੇ, ਜਿਨ੍ਹਾਂ ਇਸ ਦੇਸ਼ ਦੀ ਉਸਾਰੀ ਵਿਚ ਹਿੱਸਾ ਵੀ ਪਾਇਆ। ਬਹੁਤੇ ਪੰਜਾਬੀ ਅਮਰੀਕੀ ਨਾਗਰਿਕਤਾ ਦੀ ਸਹੁੰ ਚੁੱਕਣ ਬਾਅਦ ਤੇ ਅਮਰੀਕਨ ਪ੍ਰਧਾਨ ਦਾ ਰਸਮੀ ਖਤ, ਜਿਸ ‘ਚ ਉਹ ਉਨ੍ਹਾਂ ਨੂੰ “ਮਾਈ ਫੈਲੋ ਅਮੈਰਿਕਨ” ਕਹਿ ਕੇ ਸੰਬੋਧਤ ਕਰਦਾ, ਪ੍ਰਾਪਤ ਕਰਨ ਤੋਂ ਬਾਅਦ ਵੀ ਵਿਦੇਸ਼ੀ ਹੋਣ ਦਾ ਆਪੇ ਸਿਰਜਿਆ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਨੇ; ਉਹ ਅਕਸਰ ਅਮਰੀਕਾ ਨੂੰ ‘ਗੋਰਿਆਂ’ ਦਾ ਦੇਸ਼ ਸਮਝਦੇ ਰਹਿੰਦੇ ਨੇ ਅਤੇ ਕਾਲੇ ਤੇ ਹੋਰ ਰੰਗਦਾਰ ਨਸਲਾਂ ਵਾਲੇ ਅਮਰੀਕਨਾਂ ਬਾਰੇ ਉਨ੍ਹਾਂ ਦੇ ਵਿਚਾਰ ਅਕਸਰ ਵਿਕਤਰੇ ਭਰੇ ਹੁੰਦੇ ਨੇ। ਕੈਨੇਡਾ ਤੇ ਹੋਰ ਪੱਛਮੀ ਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਵਿਚ ਇਹ ਵਤੀਰਾ ਆਮ ਪਾਇਆ ਜਾਂਦਾ ਹੈ।
ਮੁੱਕਦੀ ਗੱਲ, ਤਰਕ ਕੀਤਾ ਜਾ ਸਕਦਾ ਹੈ ਕਿ ਅੰਗਰੇਜ਼ੀ ਰਾਜ ਸੰਗ ਪੂਰੇ ਹੋਏ ਦੇਸੀ ਤੇ ਵਿਦੇਸ਼ੀ ਗੁਲਾਮੀ ਦੇ ਲੰਬੇ ਇਤਿਹਾਸ ਦਾ ਅਸਰ, ਬਾਕੀ ਭਾਰਤੀਆਂ ਵਾਂਗ, ਪੰਜਾਬੀਆਂ ਦੀ ਮਾਨਸਿਕਤਾ ਤੇ ਸੱਭਿਆਚਾਰ ਉੱਪਰ ਪਿਆ। ਇਸ ਅਸਰ ਦੀ ਡੂੰਘਾਈ ਸਦਕਾ ਅਤੇ ਇਹਨੂੰ ਮਿੱਥ ਕੇ ਮਿਟਾਉਣ ਦੀਆਂ ਕਾਫੀ ਕੋਸ਼ਿਸ਼ਾਂ ਦੀ ਗੈਰ-ਹਾਜ਼ਰੀ ਕਾਰਨ, ਅੰਗਰੇਜ਼ਾਂ ਦੇ ਚਲੇ ਜਾਣ ਤੋਂ ਕਰੀਬ ਪੌਣੀ ਸਦੀ ਬਾਅਦ ਵੀ ਇਹ ਅਸਰ ਕਾਇਮ ਹੈ। ਇਸ ਲੇਖ ਵਿਚ ਵਿਚਾਰੀਆਂ ਗਈਆਂ ਅਲਾਮਤਾਂ, ਜੋ ਗੁਲਾਮ ਪ੍ਰਵਿਰਤੀ ਤੇ ਵਤੀਰੇ ਦੀਆਂ ਹੀ ਪ੍ਰਤੀਕ ਨੇ: ‘ਸਾਹਿਬ` ਖਿਤਾਬ ਦੀ ਭਰਮਾਰ ਵਰਤੋਂ, ਗੋਰੇ ਰੰਗ ਦੀ ਕਾਲੇ ਰੰਗ ਉੱਪਰ ਸਰਦਾਰੀ ਤੇ ਪੱਛਮੀ ਦੇਸ਼ਾਂ ਦੇ ਨਾਗਰਿਕ ਬਣ ਕੇ ਵੀ ਉਨ੍ਹਾਂ ਨੂੰ ਨਾ ਅਪਨਾਉਂਦੇ ਹੋਏ ਗਲਤ ਤੌਰ ‘ਤੇ ਸਿਰਫ ‘ਗੋਰਿਆਂ’ ਦੇ ਦੇਸ਼ ਸਮਝੀ ਜਾਣਾ।
ਇੱਥੇ ਤਿੰਨ ਅਲਾਮਤਾਂ ਮਿਸਾਲ ਵਜੋਂ ਵਿਚਾਰੀਆਂ ਗਈਆਂ ਨੇ, ਉਂਜ ਸੁਭਾਵਿਕ ਜਾਂ ਮਾਨਸਿਕ ਗੁਲਾਮੀ ਦੀਆਂ ਅਲਾਮਤਾਂ ਤਾਂ ਬਥੇਰੀਆਂ ਨੇ, ਜੋ ਪੰਜਾਬੀ ਬੰਦੇ ਵਿਚ ਮਿਲਦੀਆਂ ਹਨ; ਪਰ ਇਹ ਤਿੰਨ ਅੱਛਾ ਨਮੂਨਾ ਹਨ ਸ਼ੁਰੂ ਕਰਨ ਲਈ। ਜੇ ਚਾਹੀਏ ਤਾਂ, ਨਾ-ਉੱਚਿਤ ਵਰਤੋਂ ਵਿਚ ‘ਸਾਹਿਬ’ ਨੂੰ ‘ਜੀ’ ਵਿਚ ਬਦਲ ਸਕਦੇ ਹਾਂ; ਕਾਲੇ ਰੰਗ ਪ੍ਰਤੀ ਨਸਲਵਾਦੀ ਰਵੱਈਆ ਜਿਵੇਂ ‘ਕਾਲਾ ਦਿਨ’, ‘ਕਾਲੀ ਜ਼ੁਬਾਨ’, ‘ਕਾਲਾ ਦਿਲ’, ਆਦਿ ਸੰਕਲਪਾਂ ਦੀ ਵਰਤੋਂ ਛੱਡ ਸਕਦੇ ਹਾਂ; ਤੇ ਜੇ ਪੰਜਾਬੋਂ ਬਾਹਰ ਕਿਸੇ ਦੇਸ਼ ਵਿਚ ਬਤੌਰ ਨਾਗਰਿਕ ਵਸ ਰਹੇ ਹੋਈਏ ਤਾਂ ਉਹਨੂੰ ਆਪਣਾ ਦੇਸ਼ ਸਮਝ ਕੇ ਉਥੋਂ ਦੀਆਂ ਭਾਈਚਾਰਕ, ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਵਿਚ ਹਿੱਸਾ ਲੈ ਸਕਦੇ ਹਾਂ, ਆਪਣੀ ਵਿੱਤ ਮੂਜਬ। ਇੰਜ ਸ਼ੁਰੂਆਤ ਕਰ ਸਕਦੇ ਹਾਂ, ਗੁਲਾਮੀ ਦੀ ਰਹਿੰਦ-ਖੂੰਹਦ ਨੂੰ ਆਪੋ-ਆਪਣੇ ਮਨ ਵਿਚੋਂ ਹੂੰਝ ਸੁੱਟਣ ਦੀ, ਬਜਾਏ ਅਗਲੇੀ ਪੀੜ੍ਹੀ ਨੂੰ ਸੌਂਪ ਦੇਣ ਦੇ; ਜੇ ਚਾਹੀਏ ਤਾਂ! ਇਹ ਭਾਵੇਂ ਨਿੱਜੀ ਕੋਸ਼ਿਸ਼ਾਂ ਜਾਪਦੀਆਂ ਨੇ, ਪਰ ਸਮੇਂ ਦੀ ਲੋੜ ‘ਤੇ ਆਧਾਰਿਤ ਅਜਿਹੀਆਂ ਕੋਸ਼ਿਸ਼ਾਂ ਆਪਣੇ ਆਪ ਵਿਚ ਅਕਸਰ ਲੋਕ (ਘਰਅਸਸਰੋੋਟ) ਲਹਿਰ ਬਣਨ ਦੀ ਸਮਰੱਥਾ ਸਮੋਈ ਰੱਖਦੀਆਂ ਨੇ।
ਇਸ ਸੰਦਰਭ ਵਿਚ ਵਿਸ਼ਵ ਦੇ ਪੂਰਬੀ ਤੇ ਪੱਛਮੀ ਹਿੱਸੇ ਇੱਕ ਦੂਜੇ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ। ਭਾਰਤ ਸਣੇ ਪੂਰਬ ਇੱਕ ਸਭ ਤੋਂ ਮਹੱਤਵਪੂਰਨ ਗੱਲ ਜੋ ਪੱਛਮ ਤੋਂ ਸਿੱਖ ਸਕਦਾ ਹੈ, ਉਹ ਇਹ ਕਿ ਪੱਛਮ ਵਿਚ ਆਧੁਨਿਕ ਯੁਗ ਤੇ ਆਧੁਨਿਕਤਾ ਨੂੰ 18ਵੀਂ ਸਦੀ ਵਿਚ ਚੱਲੀ ਪ੍ਰਬੋਧਨ (ਓਨਲਗਿਹਟਮੲਨਟ) ਲਹਿਰ ਦੇ ਆਦਰਸ਼ ਨੇ ਹੀ ਪਰਿਭਾਸਿ਼ਤ ਕੀਤਾ ਸੀ। ਨਤੀਜਨ, ਉਹ ਆਦਰਸ਼ ਹੀ ਆਧਾਰ ਹਨ ਪੱਛਮ ਦੀ ਜਮਹੂਰੀਅਤ ਤੇ ਆਧੁਨਿਕ ਜਮਹੂਰੀ ਅਦਾਰਿਆਂ ਦੇ, ਜਿਨ੍ਹਾਂ ਵਿਚ ਸ਼ਾਮਲ ਹਨ ਰਾਜਿਆਂ ਤੇ ਡਿਕਟੇਟਰਾਂ ਦੀ ਥਾਂ ਜਮਹੂਰੀ ਸਰਕਾਰਾਂ, ਸਕੂਲ/ਯੂਨੀਵਰਸਟੀਆਂ, ਪਬਲਿਕ ਲਾਇਬ੍ਰੇਰੀਆਂ, ਨਿਊਜ਼ ਏਜੰਸੀਆਂ ਸਮੇਤ ਸੁਤੰਤਰ ਮੀਡੀਆ, ਹਸਪਤਾਲ, ਚੈਰਿਟੀ, ਮਨੁੱਖਤਾ ਦੀ ਭਲਾਈ ਹਿੱਤ ਅੰਤਰਰਾਸ਼ਟਰੀ ਸੰਸਥਾਵਾਂ, ਆਦਿ। ਪੱਛਮ ਦੀ ਇਹ ਜਮਹੂਰੀਅਤ/ਆਧੁਨਿਕਤਾ ਜਿਨ੍ਹਾਂ ਉੱਪਰ ਖੜ੍ਹੀ ਹੈ, ਪ੍ਰਬੋਧਨ ਲਹਿਰ ਦੇ ਉਹ ਤਿੰਨ ਕੇਂਦਰੀ ਆਦਰਸ਼ ਸਨ: ਤਰਕ, ਮਾਨਵਵਾਦ ਤੇ ਵਿਗਿਆਨ। ਇਨ੍ਹਾਂ ਤਿੰਨਾਂ ਨੂੰ ਅਪਨਾਉਣ ਦਾ ਰਾਹ ਪ੍ਰਗਤੀ ਦਾ ਰਾਹ ਹੁੰਦਾ ਹੈ। ਦੂਜਾ ਮਹੱਤਵਪੂਰਨ ਨੁਕਤਾ ਹੈ ਕਿ ਪ੍ਰਬੋਧਨ ਲਹਿਰ ਦਾ ਜਨਮ ਰੈਨੇਸਾਂਸ ਲਹਿਰ ਵਿਚੋਂ ਹੋਇਆ, ਜਿਸ ਦਾ ਆਧਾਰ ‘ਤਰਕ’ ਸੀ, ਤੇ ਜਿਹਦੀਆਂ ਜੜ੍ਹਾਂ ਯੂਰਪ ਦੇ ਮੱਧਯੁਗ ਵਿਚਲੇ ਸਮਰਾਟਾਂ, ਜਾਗੀਰਦਾਰੀ ਤੇ ਚਰਚ ਦੇ ਢਾਂਚੇ ਦੀ ਥਾਂ ਮੱਧਯੁਗ ਤੋਂ ਪਹਿਲੇ ਗਰੀਕ ਫਿਲਾਸਫਰਾਂ ਦੇ ਕਲਾਸੀਕਲ ਯੁਗ ਤੇ ਉਹਦੀ ਸੋਚ ਵਿਚ ਸਨ, ਉਸੇ ਯੁਗ ਤੇ ਸੋਚ ਵਿਚ, ਜਿੱਥੇ ਵਿਗਿਆਨ ਦੀਆਂ ਜੜ੍ਹਾਂ ਵੀ ਪਹੁੰਚਦੀਆਂ ਹਨ।
ਇਹਦੇ ਉਲਟ ਭਾਰਤੀ ਢਾਂਚੇ ਤੇ ਮਾਨਸਿਕਤਾ ਵਿਚ ਅੱਜ ਵੀ ਸਮਰਾਟਾਂ, ਜਾਗੀਰਦਾਰੀ ਤੇ ਧਰਮਾਂ ਵਾਲੇ ਮੱਧਯੁਗ ਦੀ ਸੋਚ ਤੇ ਆਦਰਸ਼ ਭਰੇ ਹੋਏ ਹਨ। ਭਾਰਤ ਦੀ ਰਹਿੰਦੀ-ਖੂੰਹਦੀ ਗੁਲਾਮੀ ਦਾ ਇਲਾਜ ਤਰਕਸ਼ੀਲ, ਮਾਨਵਵਾਦੀ ਤੇ ਵਿਗਿਆਨਕ ਲਹਿਰਾਂ ਹਨ। ਅਜਿਹੀਆਂ ਲਹਿਰਾਂ ਦੀ ਸੋਚ ਸੰਗ ਮਾਨਸਿਕਤਾ ਚੰਡ ਕੇ ਭਾਰਤੀ ਲੋਕ ਸਿਆਸੀ ਤੇ ਫਿਰਕੂ ਨੇਤਾਵਾਂ ਵਲੋਂ ਸ਼ੁਰੂ ਕੀਤੀਆਂ ਫਿਰਕੂ ਹਨੇਰੀਆਂ ਨੂੰ ਨਾਕਾਮ ਕਰਨ ਦੇ ਯੋਗ ਵੀ ਹੋ ਸਕਣਗੇ।