ਪੁੱਤਰ ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ-ਅਜੀਤ ਸਤਨਾਮ ਕੌਰ

ਮੁਲਾਕਤੀ: ਹਰਵਿੰਦਰ ਬਿਲਾਸਪੁਰ
ਫੋਨ: 91-98149-07020
ਕਈ ਸਾਡੇ ਪੰਜਾਬੀ ਇਹੋ ਜਿਹੇ ਹਨ, ਜੋ ਬਾਹਰਲੇ ਮੁਲਕ ਵਿਚ ਬੈਠ ਕੇ ਪੰਜਾਬੀ ਬੋਲੀ ਬੋਲਣ ਨੂੰ ਆਪਣੀ ਹੱਤਕ ਸਮਝਦੇ ਹਨ; ਪਰ ਕਈ ਇਹੋ ਜਿਹੇ ਵੀ ਹਨ, ਜਿਨ੍ਹਾਂ ਨੇ ਘਰੋਂ ਸਿੱਖ ਕੇ ਅਤੇ ਬਾਹਰਲੇ ਮੁਲਕ ਵਿਚ ਬੈਠ ਕੇ ਵੀ ਪੰਜਾਬੀ ਮਾਂ-ਬੋਲੀ ਲਈ ਨੇਕ ਉਪਰਾਲੇ ਕੀਤੇ। ਬਰੂਸ ਬਰਟਨ ਦਾ ਕਥਨ ਹੈ ਕਿ ਉਨ੍ਹਾਂ ਤੋਂ ਬਿਨਾ ਕਿਸੇ ਨੇ ਵੀ ਕਦੇ ਕੋਈ ਸ਼ਾਨਦਾਰ ਸਫਲਤਾ ਪ੍ਰਾਪਤ ਨਹੀਂ ਕੀਤੀ, ਜਿਨ੍ਹਾਂ ਨੇ ਇਹ ਯਕੀਨ ਕਰਨ ਦਾ ਜੇਰਾ ਕੀਤਾ ਕਿ ਉਨ੍ਹਾਂ ਦੇ ਅੰਦਰ ਹਾਲਾਤ ਨਾਲੋਂ ਕੋਈ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਮੌਜੂਦ ਹੈ। ਪੇਸ਼ ਹੈ, ਉਸੇ ਹੀ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਅਜੀਤ ਸਤਨਾਮ ਕੌਰ ਨਾਲ ਵਿਸ਼ੇਸ਼ ਮੁਲਾਕਾਤ:
ਸਵਾਲ: ਗੱਲਬਾਤ ਤੁਹਾਡੇ ਨਾਮ ਤੋਂ ਹੀ ਸ਼ੁਰੂ ਕਰੀਏ। ਤੁਹਾਡੇ ਨਾਮ ਵਿਚ ਦੋ ਨਾਮ ਜੁੜੇ ਜਾਪਦੇ ਹਨ, ਇਸ ਦਾ ਕੀ ਕਾਰਨ ਹੈ?

ਜਵਾਬ: ਜੀ ਬਿਲਕੁਲ ਸਹੀ ਕਿਹਾ। ਮੇਰਾ ਸ਼ੁਰੂਆਤੀ ਨਾਮ ਇੱਕ ਹੀ ‘ਸਤਨਾਮ ਕੌਰ’ ਸੀ। ਬਾਅਦ ਵਿਚ ਮੈਂ ਇਸ ਨਾਲ ਇੱਕ ਨਾਮ ਹੋਰ ਜੋੜ ਲਿਆ।
ਸਵਾਲ: ਦੋ ਨਾਮ ਜੋੜਨ ਦਾ ਕੀ ਕਾਰਨ ਹੈ?
ਜਵਾਬ: ਇਸ ਦੇ ਜਵਾਬ ਵਿਚ ਇੱਕ ਪੂਰੀ ਸੋਚ ਹੈ। ਮੈਂ ਜਿਵੇਂ-ਜਿਵੇਂ ਵੱਡੀ ਹੋ ਰਹੀ ਸੀ, ਆਪਣੇ ਭਾਰਤੀ ਸੱਭਿਆਚਾਰ ਵਿਚ ਇੱਕ ਗੱਲ ਆਮ ਸੁਣੀਂਦੀ ਸੀ ਕਿ ਪੁੱਤਰ ਹੋਵੇ ਤਾਂ ਹੀ ਪਿਤਾ ਦਾ ਨਾਮ ਅੱਗੇ ਚੱਲੇਗਾ। ਪੁੱਤਰ ਹੀ ਦੁਨੀਆਂ ‘ਤੇ ਨਾਮ ਰੌਸ਼ਨ ਕਰਦੇ ਨੇ। ਇਸ ਸੋਚ ਨੂੰ ਬਦਲਣ ਲਈ ਮੈਂ ਆਪਣੇ ਨਾਮ ਤੋਂ ਵੀ ਪਹਿਲਾਂ ਆਪਣੇ ਪਿਤਾ ਜੀ ਦਾ ਨਾਮ ਲਿਖ ਇਸ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਸਵਾਲ: ਤੁਹਾਡਾ ਜਨਮ ਕਿੱਥੇ ਦਾ ਹੈ?
ਜਵਾਬ: ਮੇਰਾ ਜਨਮ ਆਗਰਾ ਸ਼ਹਿਰ ਦਾ ਹੈ।
ਸਵਾਲ: ਆਗਰਾ ਤਾਂ ਉੱਤਰ ਪ੍ਰਦੇਸ਼ ਵਿਚ ਪੈਂਦਾ ਹੈ। ਕੀ ਉੱਥੇ ਪੰਜਾਬੀ ਸਕੂਲ ਹਨ?
ਜਵਾਬ: ਮੈਂ ਆਗਰਾ ਸ਼ਹਿਰ ਵਿਚ ਗਰੈਜੂਏਸ਼ਨ ਕੀਤੀ ਹੈ। ਇਥੇ ਹਿੰਦੀ ਅਤੇ ਅੰਗਰੇਜ਼ੀ ਸਕੂਲ ਹੀ ਹਨ। ਇਸ ਲਈ ਮੈਂ ਕਿਸੇ ਪੰਜਾਬੀ ਸਕੂਲ ਵਿਚ ਪੜ੍ਹਾਈ ਨਹੀਂ ਕੀਤੀ।
ਸਵਾਲ: ਇਹ ਤਾਂ ਹੋਰ ਵੀ ਦਿਲਚਸਪ ਗੱਲ ਹੈ ਕਿ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ ਅਤੇ ਪੰਜਾਬੀ ਵਿਚ ਲਿਖਦੇ ਹੋ। ਇਹ ਕਿਵੇਂ ਸੰਭਵ ਹੋਇਆ? ਸਾਰੀ ਗੱਲ ਪਾਠਕਾਂ ਨਾਲ ਸਾਂਝੀ ਕਰੋ।
ਜਵਾਬ: ਮੇਰਾ ਜਨਮ ਸਿੱਖ ਪਰਿਵਾਰ ਵਿਚ ਹੋਣ ਕਾਰਨ ਪੰਜਾਬੀ ਮੈਨੂੰ ਮਾਂ ਬੋਲੀ ਦੇ ਰੂਪ ਵਿਚ ਵਿਰਾਸਤ ਵਿਚ ਮਿਲੀ, ਪਰ ਮੇਰੀ ਪੜ੍ਹਾਈ ਹਿੰਦੀ ਮੀਡੀਅਮ ਵਿਚ ਹੋਈ ਹੈ। ਹਾਂ, ਜਿੱਥੋਂ ਤੱਕ ਪੜ੍ਹਨ-ਲਿਖਣ ਦੀ ਗੱਲ ਹੈ, ਇਹ ਮੇਰੀ ਮਾਂ ਦੀ ਸੂਝ-ਬੂਝ ਸੀ। ਉਨ੍ਹਾਂ ਮੈਨੂੰ ਮਾਂ ਬੋਲੀ ਤੋਂ ਟੁੱਟਣ ਨਹੀਂ ਦਿੱਤਾ। ਮੇਰੀ ਮਾਂ ਨੇ ਇੱਕ ਪੰਜਾਬੀ ਦਾ ਕੈਦਾ ਲਿਆ ਕੇ ਮੈਨੂੰ ਘਰੇ ਹੀ ਪੰਜਾਬੀ ਸਿਖਾਈ ਸੀ।
ਸਵਾਲ: ਕਾਫੀ ਸਾਲਾਂ ਤੋਂ ਤੁਸੀਂ ਇੰਗਲੈਂਡ ਦੀ ਧਰਤੀ ਦੇ ਵਸਨੀਕ ਹੋ, ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ। ਤੁਹਾਡਾ ਇੱਥੇ ਪੰਜਾਬੀ ਬੋਲੀ ਬਾਰੇ ਕਿਵੇਂ ਦਾ ਅਨੁਭਵ ਰਿਹਾ?
ਜਵਾਬ: ਜਦੋਂ ਕੋਈ ਮਾਂ ਆਪਣੀ ਮਾਂ ਬੋਲੀ ਨੂੰ ਇੱਕ ਭਾਸ਼ਾ ਦੇ ਰੂਪ ਵਿਚ ਅਗਲੀ ਪੀੜ੍ਹੀ ਨੂੰ ਸੌਂਪਦੀ ਹੈ, ਤਾਂ ਉਹ ਮਾਂ ਇੱਕ ਪੂਰਾ ਸੱਭਿਆਚਾਰ ਹੀ ਨਵੀਂ ਪੀੜ੍ਹੀ ਦੀ ਝੋਲੀ ਪਾ ਦਿੰਦੀ ਹੈ। ਮਾਂ ਦੇ ਇਸ ਤੋਹਫੇ ਨੂੰ ਮੈਂ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਵੀ ਹਿੱਕ ਨਾਲ ਲਾਈ ਰੱਖਿਆ ਅਤੇ ਪੰਜਾਬੀ ਸਾਹਿਤ ਸਭਾ ਦਾ ਹਿੱਸਾ ਬਣ, ਲੰਡਨ ਵਿਚ ਮਾਂ ਬੋਲੀ ਦੀ ਸੇਵਾ ਦਾ ਉਪਰਾਲਾ ਜਾਰੀ ਰੱਖਿਆ। ਇਸ ਵਿਸ਼ੇ ਉਪਰ ਮੇਰਾ ਇਕ ਲੇਖ ‘ਅਣਗੌਲੀ ਮਾਂ’ ਨਵੀਂ ਪਨੀਰੀ ਨੂੰ ਸੇਧ ਦਿੰਦਾ ਹੈ ਕਿ ਵਿਦੇਸ਼ਾਂ ਵਿਚ ਵਸ ਕੇ ਵੀ ਆਪਣੇ ਸੱਭਿਆਚਾਰ ਨੂੰ ਕਦੇ ਨਾ ਛੱਡੋ।
ਸਵਾਲ: ਤੁਸੀਂ ਕਿਸ ਵਿਧਾ ਵਿਚ ਲਿਖਦੇ ਹੋ?
ਜਵਾਬ: ਮੈਂ ਕਵਿਤਾ ਤੋਂ ਆਪਣੀ ਲੇਖਣੀ ਦੀ ਸ਼ੁਰੂਆਤ ਕੀਤੀ ਸੀ। ਮੈਨੂੰ ਵਾਰਤਕ ਮੇਰੇ ਉਸਤਾਦ ਮਾਣਯੋਗ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੇ ਨਾਵਲਾਂ ਨੇ ਲਿਖਣੀ ਸਿਖਾਈ। ਮੈਂ ਕਹਾਣੀ, ਕਵਿਤਾ, ਲੇਖ, ਫਿਲਮੀ ਰਿਵਿਊ, ਵਿਅੰਗ ਅਤੇ ਫਿਲਮੀ ਕਹਾਣੀਆਂ ਲਿਖ ਚੁੱਕੀ ਹਾਂ।
ਸਵਾਲ: ਆਪਣੀ ਲਿਖੀ ਕਿਸੇ ਫਿਲਮੀ ਕਹਾਣੀ ਬਾਰੇ ਜ਼ਰਾ ਚਾਨਣਾ ਪਾਉ।
ਜਵਾਬ: ਮੇਰੀ ਲਿਖੀ ਕਹਾਣੀ ‘ਸੀਬੋ’ ਉੱਪਰ ਫਿਲਮ ਬਣੀ ਹੈ। ਇਹ ਫਿਲਮ ਔਰਤ ਦੀ ਤ੍ਰਾਸਦੀ ਦੀ ਐਸੀ ਕਹਾਣੀ ਹੈ, ਜਿਸ ਵਿਚ ਉਸ ਨੂੰ ਜਿ਼ੰਦਗੀ ਜੀਣ ਲਈ ਹਰ ਵਾਰ ਧਰਮ ਪਰਿਵਰਤਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਮੇਰੀ ਲਿਖੀ ਕਹਾਣੀ ਉੱਪਰ ਇੱਕ ਹੋਰ ਫਿਲਮ ਬਣੀ, ਜਿਸ ਦਾ ਨਾਮ ‘ਕੁੜੱਤਣ’ ਹੈ। ਇਸ ਫਿਲਮ ਦੇ ਨਾਲ ਹੀ ਮੈਂ ਡਾਇਰੈਕਸ਼ਨ ਦੀ ਦੁਨੀਆਂ ਵਿਚ ਕਦਮ ਰੱਖਿਆ। ਫਿਲਮ ‘ਕੁੜੱਤਣ’ ਸਮਾਜ ਦੀ ਇੱਕ ਘਿਨਾਉਣੀ ਮਾਨਸਿਕਤਾ ਨੂੰ ਉਜਾਗਰ ਕਰਦੀ ਕਹਾਣੀ ਹੈ।
ਸਵਾਲ: ਇਸ ਤੋਂ ਇਲਾਵਾ ਆਪਣੀਆਂ ਲਿਖਤਾਂ ਬਾਰੇ ਸਾਡੇ ਪਾਠਕਾਂ ਨੂੰ ਦੱਸੋ ਅਤੇ ਆਪਣੀ ਪਸੰਦੀਦਾ ਲਿਖਤਾਂ ਬਾਰੇ ਵੀ ਚਾਨਣਾ ਪਾਉ?
ਜਵਾਬ: ਮੇਰੀਆਂ ਲਿਖਤਾਂ ਨੌਂ ਮੁਲਕਾਂ ਦੇ 13 ਅਖਬਾਰਾਂ ਵਿਚ ਹਰ ਮਹੀਨੇ ਛਪ ਰਹੀਆਂ ਹਨ, ਜਿਸ ਵਿਚ ਮੇਰੀ ਇਕ ਹੱਡ ਬੀਤੀ ‘ਖਾਮੌਸ਼ ਮੁਹੱਬਤ ਦੀ ਦਾਸਤਾਨ’, ਜੋ ਮੇਰੇ ਪਾਲਤੂ ਕੁੱਤੇ ‘ਰਾਓ’ ਦੀ ਕਹਾਣੀ ਹੈ। ਇਸ ਤੋਂ ਇਲਾਵਾ ‘ਕੂੰਜਾਂ ਦਾ ਕਾਫਲਾ’, ‘ਮੋਏ ਸੁਪਨਿਆਂ ਦੀ ਮਿੱਟੀ’, ‘ਮੇਰੀ ਮਾਂ ਦਾ ਪਾਕਿਸਤਾਨ’, ਮੇਰੀਆਂ ਪਸੰਦੀਦਾ ਰਚਨਾਵਾਂ ਹਨ।
ਸਵਾਲ: ਤੁਹਾਡੀਆਂ ਲਿਖਤਾਂ ਦਾ ਵਿਸ਼ਾ ਕੀ ਹੁੰਦਾ ਹੈ?
ਜਵਾਬ: ਮੇਰੇ ਜਿ਼ਆਦਾਤਰ ਵਿਸ਼ੇ ਸਮਾਜ ਦੀ ਕਿਸੇ ਸੱਚੀ ਘਟਨਾ ਤੋਂ ਪ੍ਰੇਰਿਤ ਹੁੰਦੇ ਹਨ ਜਾਂ ਫੇਰ ਮੈਂ ਆਪਣੀ ਜਿ਼ੰਦਗੀ ਵਿਚ ਵਾਪਰੀ ਕਿਸੇ ਘਟਨਾ ਤੋਂ ਮਿਲੀ ਸੇਧ ਬਾਰੇ ਲਿਖਦੀ ਹਾਂ। ਮਜ਼ਲੂਮ ਧਿਰ ਨਾਲ ਖੜ੍ਹਨਾ ਮੈਨੂੰ ਸਕੂਨ ਦਿੰਦਾ ਹੈ।
ਸਵਾਲ: ਆਪਣੀ ਅਗਲੀ ਕਿਸੇ ਯੋਜਨਾ ਬਾਰੇ ਦੱਸੋ?
ਜਵਾਬ: ਮੇਰੀ ਅਗਲੀ ਲਘੂ ਫਿਲਮ ‘ਅੱਲਾਹ ਦੀਆਂ ਕੰਜਕਾਂ’ ਬਣਨ ਲਈ ਤਿਆਰ ਹੈ, ਜੋ ‘ਕਰੋਨਾ’ ਕਾਰਨ ਪਿੱਛੇ ਪੈਂਦੀ ਆ ਰਹੀ ਹੈ। ਫਿਲਮ ਦੀ ਕਹਾਣੀ ਮੈਂ ਲਿਖੀ ਹੈ, ਜਿਸ ਦਾ ਡਾਇਰੈਕਸ਼ਨ ਵੀ ਮੈਂ ਦੇਣ ਜਾ ਰਹੀ ਹਾਂ। ਇਹ ਫਿਲਮ ਮੇਰੇ ਬੈਨਰ ‘ਏ. ਐੱਸ. ਕੇ. ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣਨ ਜਾ ਰਹੀ ਹੈ। ਦੋ ਕਿਤਾਬਾਂ ਦੇ ਖਰੜੇ ਤਿਆਰ ਪਏ ਨੇ, ਬੱਸ ਤਾਲਾਬੰਦੀ ਕਰ ਕੇ ਰੁਕੇ ਹੋਏ ਹਾਂ।
ਸਵਾਲ: ਮਾਂ ਬੋਲੀ ਦੇ ਸੰਦਰਭ ਵਿਚ ਵਿਦੇਸ਼ੀ ਵਸਦੀਆਂ ਪੰਜਾਬੀ ਔਰਤਾਂ ਬਾਰੇ ਕੀ ਸੋਚਦੇ ਹੋ?
ਜਵਾਬ: ਵਿਦੇਸ਼ ਵਸਦੀਆਂ ਪੰਜਾਬੀ ਔਰਤਾਂ ਘਰੇਲੂ ਕੰਮਾਂ ਕਾਰਾਂ ਦੇ ਨਾਲ-ਨਾਲ ਸਾਹਿਤਕ ਰੁਚੀ ਵੀ ਰੱਖਦੀਆਂ ਨੇ ਅਤੇ ਬੱਚਿਆਂ ਨੂੰ ਗੁਰੂ ਘਰਾਂ ਵਿਚ ਪੰਜਾਬੀ ਸਿੱਖਣ ਲਈ ਵੀ ਭੇਜਦੀਆਂ ਨੇ, ਜੋ ਇੱਕ ਉਸਾਰੂ ਉਪਰਾਲਾ ਹੈ।
ਸਵਾਲ: ਤੁਹਾਡੇ ਸਾਹਿਤਕ ਅਤੇ ਕਲਾ ਦੇ ਸਫਰ ਲਈ ਸਾਡੇ ਵੱਲੋਂ ਦੁਆਵਾਂ ਅਤੇ ਸ਼ੁਭਕਾਮਨਾਵਾਂ।
ਜਵਾਬ: ਬਹੁਤ ਧੰਨਵਾਦ ਜੀ। ਮੇਰੇ ਪਾਠਕਾਂ ਦਾ ਬਹੁਤ ਧੰਨਵਾਦ, ਜਿਨ੍ਹਾਂ ਕਰਕੇ ਮੇਰਾ ਲਿਖਣ ਦਾ ਹੌਸਲਾ ਬਣਿਆ ਰਿਹਾ।