ਜਿ਼ੰਦਗੀ ਦਾ ਅਸਹਿਜ ਪਾਠ: ਮਹਿੰਦਰ

ਅਵਤਾਰ ਸਿੰਘ
ਫੋਨ: 91-94175-18384
ਨਵਾਂ ਸ਼ਹਿਰ ਦੇ ਆਰ. ਕੇ. ਆਰੀਆ ਕਾਲਜ ਵਿਚ ਪੜ੍ਹਦਿਆਂ ਪ੍ਰੈੱਪ ਵਿਚ ਮੇਰੇ ਬਚਪਨ ਦੇ ਦੋਸਤ ਸੋਢੀ ਦੇ ਕੈਨੇਡਾ ਚਲੇ ਜਾਣ ਬਾਅਦ ਮੇਰਾ ਪੜ੍ਹਨੋਂ ਮਨ ਉਕਤਾਉਣ ਲੱਗ ਪਿਆ ਤੇ ਮੇਰੀ ਕੰਪਾਰਟਮੈਂਟ ਆ ਗਈ। ਬੀ. ਏ. ਵੰਨ ਵਿਚ ਪੜ੍ਹਦਿਆਂ ਮੇਰਾ ਧਿਆਨ ਕੰਪਾਰਟਮੈਂਟ ਵਿਚ ਹੀ ਰਿਹਾ, ਜਿਸ ਕਰਕੇ ਮੇਰੀ ਕੰਪਾਰਟਮੈਂਟ ਕਲੀਅਰ ਹੋ ਗਈ, ਪਰ ਮੈਂ ਬੀ. ਏ. ਵੰਨ ਵਿਚੋਂ ਫੇਲ੍ਹ ਹੋ ਗਿਆ ਤੇ ਪੜ੍ਹਨੋਂ ਹਟ ਗਿਆ। ਬਸ ਫਿਰ ਰੋਜ਼ ਸਾਈਕਲ ਚੱਕਣਾ, ਕਦੇ ਕਿਤੇ, ਕਦੇ ਕਿਤੇ। ਕਦੇ ਭੈਣ ਦੇ ਪਿੰਡ ਮਹਿੰਦਪੁਰ, ਕਦੇ ਮਾਸੀ ਦੇ ਪਿੰਡ ਐਵੇਂ ਤੇ ਕਦੇ ਨਾਨਕੇ ਪਿੰਡ ਧਮਾਈ। ਨਾ ਉਦੋਂ ਠੰਢ ਲੱਗਣੀ, ਨਾ ਗਰਮੀ; ਨਾ ਧੁੱਪ ਲੱਗਣੀ, ਨਾ ਛਾਂ; ਨਾ ਅੱਕਣਾ, ਨਾ ਥੱਕਣਾ।

ਰੱਬ ਦੀ ਮਰਜ਼ੀ ਇਕ ਸੋਢੀ ਗਿਆ ਤੇ ਦੂਜਾ ਮਿਲ ਪਿਆ। ਇਹ ਦੌਲਤਪੁਰ ਦੇ ਸੋਢੀਆਂ ਦਾ ਦਰਸ਼ਣੀ ਮੁੰਡਾ ਸੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੇਟੇ ਬਾਬਾ ਸੂਰਜ ਮੱਲ ਦੀ ਅੰਸ ਬੰਸ ਸੀ। ਇਹਦਾ ਨਾਂ ਵੀ ਬੜਾ ਵਚਿੱਤਰ ਸੀ, ਹਰਜਸਵਿੰਦਰਪਾਲ ਸਿੰਘ ਸੋਢੀ। ਅੰਗਰੇਜ਼ੀ ਵਿਚ ਲਿਖਣਾ ਹੋਵੇ ਤਾਂ ਪੱਚੀ ਅੱਖਰ ਲਗਦੇ। ਲੋਕ ਉਹਨੂੰ ਪਾਲਾ ਸੋਢੀ ਜਾਂ ਸਿਰਫ ਪਾਲਾ ਕਹਿੰਦੇ।
ਉਹ ਪਾਠੀ ਸੀ ਤੇ ਬੜਾ ਹੀ ਕਮਾਲ ਦਾ ਪਾਠ ਕਰਦਾ। ਸਰਦੀਆਂ ਵਿਚ ਉਹਦੀ ਰੌਲ ਛੇ ਤੋਂ ਅੱਠ ਹੁੰਦੀ ਤੇ ਗਰਮੀਆਂ ਵਿਚ ਅੱਠ ਤੋਂ ਦਸ। ਉਹਦੀ ਰੌਲ ਸਮੇਂ ਬਹਿਣ ਲਈ ਥਾਂ ਨਾ ਮਿਲਦੀ, ਪਹਿਲਾਂ ਜਾ ਕੇ ਥਾਂਹ ਮੱਲਣੀ ਪੈਂਦੀ। ਉਹਦੇ ਪਾਠ ਦੀਆਂ ਧੁੰਮਾਂ ਪੈ ਜਾਣੀਆਂ ਤੇ ਪਾਲਾ ਪਾਲਾ ਹੋ ਜਾਣੀ। ਉਹਦੇ ਅੰਦਰ ਸੋਢੀ ਹੋਣ ਜਾਂ ਕਮਾਲ ਦਾ ਪਾਠੀ ਹੋਣ ਦਾ ਜਰਾ ਵੀ ਮਾਣ ਨਹੀਂ ਸੀ। ਉਦੋਂ ਮੈਂ ਵਿਹਲਾ ਸੀ ਤੇ ਉਹਦੇ ਪਾਠ ਦਾ ਉਪਾਸ਼ਕ ਹੋ ਗਿਆ। ਮੇਰਾ ਵੀ ਜੀ ਕਰੇ ਮੈਂ ਉਹਦੇ ਵਾਂਗ ਪਾਠ ਕਰਾਂ, ਛੇ ਤੋਂ ਅੱਠ ਤੇ ਅੱਠ ਤੋਂ ਦਸ ਧੁੰਮਾਂ ਪਾਵਾਂ।
ਮੇਰਾ ਵੱਡਾ ਭਾਈ ਪੜ੍ਹ ਕੇ ਨੌਕਰੀ ਲਈ ਹੱਥ-ਪੈਰ ਮਾਰ ਰਿਹਾ ਸੀ। ਹੱਥ-ਪੈਰ ਕਾਹਦੇ ਜੱਦੋ-ਜਹਿਦ ਕਰ ਰਿਹਾ ਸੀ। ਉਹਨੇ ਰੇਡੀਓ ‘ਤੇ ਸਾਰਾ ਸਾਰਾ ਦਿਨ ਖਬਰਾਂ ਸੁਣਦੇ ਰਹਿਣਾ ਤੇ ਆਪਣੀ ਜੀ. ਕੇ. ਸਾਣ ‘ਤੇ ਲਾਈ ਰੱਖਣੀ। ਦੇਸ਼-ਵਿਦੇਸ਼ ਦੀ ਕਿਹੜੀ ਗੱਲ ਸੀ, ਜਿਹੜੀ ਉਹਨੂੰ ਨਹੀਂ ਸੀ ਪਤਾ। ਹਰ ਦਸੀਂ ਪੰਦਰੀਂ ਉਹਦੀ ਇੰਟਰਵਿਊ ਆਉਣੀ। ਅਸੀਂ ਖੁਸ਼ ਹੋਣਾ ਕਿ ਹੁਣ ਵੀਰੇ ਨੂੰ ਨੌਕਰੀ ਮਿਲੀ ਕਿ ਮਿਲੀ ਤੇ ਸਾਡੀਆਂ ਪੌਂ ਬਾਰਾਂ।
ਉਹ ਕਈਆਂ ਕੋਲ ਜਾਂਦਾ ਤੇ ਹਰ ਕੋਈ ਉਹਨੂੰ ਹੱਲਾਸ਼ੇਰੀ ਦਿੰਦਾ, ਸਿਫਾਰਸ਼ ਕੋਈ ਨਾ ਕਰਦਾ ਤੇ ਸਿਫਾਰਿਸ਼ ਬਗੈਰ ਉਹਦੀ ਕਿਤੇ ਗੱਲ ਨਾ ਬਣੀ। ਉਹ ਹਰ ਵਾਰ ਜੀ ਜਾਨ ਨਾਲ ਤਿਆਰੀ ਕਰਦਾ ਤੇ ਹਰ ਵਾਰ ਨਿਰਾਸ਼ ਹੋ ਕੇ ਪਰਤ ਆਉਂਦਾ। ਉਹਨੂੰ ਯਕੀਨ ਹੋ ਗਿਆ ਕਿ ਗੁਰਾਂ ਦੇ ਨਾਂ ‘ਤੇ ਵਸਦੇ ਪੰਜਾਬ ਵਿਚ ਉਹਦੇ ਲਈ ਕੋਈ ਥਾਂ ਨਹੀਂ ਸੀ। ਉਹ ਬੁਰੀ ਤਰ੍ਹਾਂ ਟੁੱਟ ਗਿਆ। ਫਿਰ ਉਹਨੇ ਖਿਝ ਕੇ ਇੰਟਰਵਿਊਆਂ ਦੇਣੀਆਂ ਛੱਡ ਦਿੱਤੀਆਂ ਤੇ ਆਪਣਾ ਐਂਪਲੌਇਮੈਂਟ ਐਕਸਚੇਂਜ ਦਾ ਕਾਰਡ ਪਾੜ ਕੇ ਚੁੱਲ੍ਹੇ ਵਿਚ ਸਾੜ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਉਹਨੂੰ ਕਈ ਵਾਰ ਖੁਸ਼ਕ ਅੱਥਰੂ ਕੇਰਦੇ ਦੇਖਿਆ। ਨੌਕਰੀ ਦੀ ਝਾਕ ਨੂੰ ਲੱਤ ਮਾਰ ਕੇ, ਉਹ ਵੀ ਪਾਲੇ ਸੋਢੀ ਦਾ ਉਪਾਸ਼ਕ ਹੋ ਗਿਆ ਤੇ ਉਹਦੀ ਵੀ ਜਲਦੀ ਹੀ ਬਤੌਰ ਪਾਠੀ ਪੈਂਠ ਪੈ ਗਈ। ਸਰਦੀਆਂ ਨੂੰ ਛੇ ਤੋਂ ਅੱਠ ਤੇ ਗਰਮੀਆਂ ਨੂੰ ਅੱਠ ਤੋਂ ਦਸ ਮੇਰੇ ਭਾਈ ਦੀ ਰੌਲ ਹੁੰਦੀ ਤੇ ਲੋਕੀਂ ਪਹਿਲਾਂ ਜਾ ਜਾ ਥਾਂਹ ਮੱਲਦੇ।
ਸਾਡੇ ਇਲਾਕੇ ਦੇ ਤਿੰਨ ਪਾਠੀ ਬੜੇ ਹੀ ਮਸ਼ਹੂਰ ਹੋਏ। ਇਕ ਲੰਗੜੋਏ ਦਾ ਸੁਰਜੀਤ ਸਿੰਘ, ਦੂਜਾ ਪਾਲਾ ਸੋਢੀ ਤੇ ਤੀਜਾ ਮੇਰਾ ਭਾਈ। ਸੁਰਜੀਤ ਸਿੰਘ ਪਾਠ ਵਿਚ ਰੱਤੀ ਭਰ ਵੀ ਹੇਕ ਨਹੀਂ ਸੀ ਲਾਉਂਦਾ ਤੇ ਪੂਰੇ ਸਹਿਜ ਅਤੇ ਸੰਜਮ ਵਿਚ ਟਿਕ ਕੇ ਪਾਠ ਕਰਦਾ। ਸੁਰਜੀਤ ਸਿੰਘ ਨੂੰ ਪਾਠ ਕਰਦਿਆਂ ਦੇਖਣ ਸੁਣਨ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਆ ਬੈਠਦੇ ਤੇ ਏਨੇ ਖੁਸ਼ ਹੁੰਦੇ ਜਿਵੇਂ ਕਿਸੇ ਧਰਮਾਤਮਾ ਦੇ ਦੀਦਾਰ ਕਰ ਲਏ ਹੋਣ। ਸੁਰਜੀਤ ਸਿੰਘ ਸਨ ਹੀ ਅਜਿਹੇ ਸੱਜਣ ਕਿ ਉਨ੍ਹਾਂ ਨੂੰ ਦੇਖ ਕੇ ਹੀ ਮਨ ਸ਼ਾਂਤ ਹੋ ਜਾਂਦਾ, ਜਿਵੇਂ ਜਿ਼ੰਦਗੀ ਸਹਿਜ ਹੋ ਗਈ ਹੋਵੇ।
ਪਾਲਾ ਸੋਢੀ ਅਕਸਰ ਹਾਈ ਪਿੱਚ ‘ਤੇ ਪਾਠ ਕਰਦਾ ਤੇ ਸੰਗਤ ਨਾਲ ਅੱਖਾਂ ਮੇਲ ਮੇਲ ਕੇ ਲੰਮੀਆਂ ਹੇਕਾਂ ਲਾਉਂਦਾ। ਉਹਦੀ ਆਵਾਜ਼ ਅਤੇ ਅੰਦਾਜ਼ ਵਿਚੋਂ ਕੁਲਦੀਪ ਮਾਣਕ ਦੇ ਭੁਲੇਖੇ ਪੈਂਦੇ। ਖਾਸ ਤੌਰ ਪਰ ਮਾਰੂ ਸੋਹਲਿਆਂ ਦਾ ਪਾਠ ਸੁਣ ਕੇ ਕੋਈ ਉਹਦਾ ਉਪਾਸ਼ਕ ਹੋਏ ਬਿਨਾ ਨਾ ਰਹਿ ਸਕਦਾ। ਉਹ ਬੜਾ ਮਖੌਲੀਆ ਸੀ ਤੇ ਜਿੱਥੇ ਬਹਿੰਦਾ ਹਮੇਸ਼ਾ ਹਾਸੇ ਠੱਠੇ ਦਾ ਮਾਹੌਲ ਸਿਰਜ ਦਿੰਦਾ। ਉਹ ਪਾਠ ਵਾਲੇ ਘਰ ਦੇ ਕਿਸੇ ਬੰਦੇ ਨਾਲ ਗੱਲ ਕਰਦਿਆਂ ਆਨੇ-ਬਹਾਨੇ ਮੂੰਹ ਘੁਮਾ ਕੇ ਉਹਦੀ ਨਕਲ ਲਾਹ ਦਿੰਦਾ ਤੇ ਕਿਸੇ ਲਈ ਵੀ ਆਪਣੇ ਹਾਸੇ `ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ। ਗੱਲ ਕਰਨ ਵਾਲਾ ਹੈਰਾਨ ਹੁੰਦਾ ਕਿ ਹਾਸੇ ਵਾਲੀ ਕਿਹੜੀ ਗੱਲ ਸੀ।
ਮੇਰਾ ਭਾਈ ਅਜ਼ਾਦਾਨਾ ਪਾਠੀ ਹੋ ਗਿਆ ਤੇ ਪਾਲੇ ਦੀ ਬਜਾਏ ਸੁਰਜੀਤ ਸਿੰਘ ਦੀ ਤਰ੍ਹਾਂ ਪੂਰੇ ਟਿਕਾਉ, ਸੰਜਮ ਅਤੇ ਸਹਿਜ ਵਿਚ ਪਾਠ ਕਰਦਾ। ਉਹ ਪਾਠ ਕਰਨ ਲੱਗਿਆਂ ਸੁਰਜੀਤ ਸਿੰਘ ਹੁੰਦਾ ਤੇ ਬਾਅਦ ਵਿਚ ਆਪਣੇ ਅੰਦਰ ਪਾਲੇ ਨੂੰ ਉਤਾਰ ਲੈਂਦਾ ਤੇ ਹਾਸੇ ਠੱਠੇ ਨਾਲ ਸਮਾਂ ਬੰਨ੍ਹ ਦਿੰਦਾ। ਮੈਂ ਪਾਲੇ ਸੋਢੀ ਦੀ ਉਪਾਸਨਾ ਵਿਚ ਰਹਿਣ ਲੱਗਾ। ਉਹਨੇ ਸਹਿਜ ਪਾਠ ਅਰੰਭ ਕਰਨਾ ਤੇ ਪਾਠ ਮੁਕੰਮਲ ਕਰਨ ਲਈ ਮੈਨੂੰ ਛੱਡ ਜਾਣਾ। ਵਿਚ ਵਿਚ ਉਹਨੇ ਆਉਣਾ ਤੇ ਦੇਖ ਕੇ ਚਲੇ ਜਾਣਾ ਕਿ ਪਾਠ ਠੀਕ-ਠਾਕ ਹੋ ਰਿਹਾ ਹੈ। ਘੰਟਾ ਦੋ ਘੰਟੇ ਉਹਨੇ ਬਹਿਣਾ ਤੇ ਅਸੀਂ ਰੱਜ ਕੇ ਗੱਲਾਂ ਕਰਨੀਆਂ। ਉਹਨੇ ਮੈਨੂੰ ਪਾਠ ਭੇਤ ਅਤੇ ਭੇਦ ਦੀਆਂ ਬੜੀਆਂ ਹੀ ਦਿਲਚਸਪ, ਮਹੀਨ ਅਤੇ ਮੁੱਲਵਾਨ ਟਿਪਸ ਦੇਣੀਆਂ। ਮੈਂ ਉਹਨੂੰ ਬੜੇ ਗਹੁ ਨਾਲ ਸੁਣਨਾ ਤੇ ਖੁਸ਼ ਹੋਣਾ। ਪਾਠ ਕਰਦਿਆਂ, ਸੁਣਦਿਆਂ ਤੇ ਸਿੱਖਦਿਆਂ ਮੈਂ ਵੀ ਅੰਦਰੋ ਅੰਦਰੀ ਲੰਗੜੋਏ ਵਾਲੇ ਸੁਰਜੀਤ ਸਿੰਘ ਦਾ ਉਪਾਸ਼ਕ ਹੋ ਗਿਆ ਤੇ ਉਹਦੇ ਅੰਦਾਜ਼ ਨੂੰ ਆਪਣੇ ਅੰਦਰ ਉਤਾਰਨ ਦੀ ਕੋਸਿ਼ਸ਼ ਕਰਦਾ, ਪਰ ਮੇਰੀ ਨਾ ਪੈਂਠ ਪਈ ਤੇ ਨਾ ਛੇ ਤੋਂ ਅੱਠ ਤੇ ਨਾ ਅੱਠ ਤੋਂ ਦਸ ਦੀ ਰੌਲ ਨਸੀਬ ਹੋਈ। ਸਿਖਰ ਦੁਪਹਿਰੇ ਥਾਂ ਕਿਸੇ ਨੇ ਕੀ ਮੱਲਣੀ ਸੀ, ਬੈਠੇ ਹੋਏ ਵੀ ਮੱਥਾ ਟੇਕ ਜਾਂਦੇ।
ਮੈਂ ਹਾਲੇ ਨਵਸਿਖੀਆ ਸਾਂ ਤੇ ਪਾਲਾ ਸੋਢੀ ਮੈਨੂੰ ਸਹਿਜ ਪਾਠ ‘ਤੇ ਹੀ ਰੱਖਦਾ। ਇਕ ਦਿਨ ਉਹਦਾ ਸੁਨੇਹਾ ਆਇਆ ਕਿ ਮੀਰ ਪੁਰ ਕਿਸੇ ਦੇ ਸਹਿਜ ਪਾਠ ਅਰੰਭ ਕਰਨਾ। ਮੈਂ ਬੜੇ ਚਾਅ ਨਾਲ ਗਿਆ ਤਾਂ ਦੇਖਿਆ ਕਿ ਉਹ ਕਿਸੇ ਦਾ ਕੱਚਾ ਘਰ ਸੀ ਤੇ ਘਰ ਵਾਲੇ ਦਾੜ੍ਹੀ ਕੇਸਾਂ ਵਾਲੇ ਸਿੱਖ ਨਹੀਂ ਸਨ। ਉਨ੍ਹਾਂ ਦਾ ਇਕ ਕੋਠਾ ਸੀ ਤੇ ਕੋਠੇ ਅੰਦਰ ਹੀ ਚੁੱਲ੍ਹਾ ਚੌਂਕਾ। ਇਕ ਛੋਟਾ ਜਿਹਾ ਬਰਾਂਡਾ, ਜਿਹਨੂੰ ਪਾਠ ਰੱਖਣ ਲਈ ਚੰਗੀ ਤਰਾਂ ਲਿੱਪਿਆ ਪੋਚਿਆ ਹੋਇਆ ਸੀ। ਤਖਤਪੋਸ਼ ‘ਤੇ ਦਰੀ ਵਿਛੀ ਹੋਈ ਤੇ ਉੱਤੇ ਨਵੀਂ ਨਕੋਰ ਚਾਦਰ। ਉੱਤੇ ਪੀੜ੍ਹਾ ਸਾਹਿਬ, ਰੰਗਲੇ ਪਾਵੇ ਤੇ ਸੁੰਦਰ ਰੁਮਾਲੇ। ਤਿੰਨ ਅਣਲੱਗ ਸਿਰਹਾਣੀਆਂ ਤੇ ਨਵਾਂ ਨਕੋਰ ਚੌਰ। ਮਹਾਰਾਜ ਦਾ ਸਰੂਪ ਲੈਣ ਚੱਲੇ ਤਾਂ ਉਹ ਬਾਹਰ ਦੀ ਬਜਾਏ ਅੰਦਰ ਚਲੇ ਗਏ ਤੇ ਮੇਜ਼ ‘ਤੇ ਪਈ ਟ੍ਰੰਕੀ ਕੋਲ ਖੜ੍ਹ ਗਏ। ਪਾਲਾ ‘ਪ੍ਰਥਮਿ ਭਗਉਤੀ ਸਿਮਰ ਕੈ’ ਅਰਦਾਸ ਕਰਨ ਲੱਗਾ।
ਇਹ ਮੀਰ ਪੁਰੀਏ ਮਹਿੰਦਰ ਦਾ ਘਰ ਸੀ। ਉਹ ਆਪਣੇ ਘਰ ਸਦਾ ਹੀ ਸਹਿਜ ਪਾਠ ਅਰੰਭ ਰਖਦਾ। ਹੁਣ ਉਹਨੂੰ ਪਿੰਡ ਵਾਲਿਆਂ ਨੇ ਮਹਾਰਾਜ ਦੀ ਬੀੜ ਦੇਣੋ ਨਾਂਹ ਕਰ ਦਿੱਤੀ ਸੀ ਤੇ ਉਹ ਅੰਮ੍ਰਿਤਸਰੋਂ ਨਵੀਂ ਬੀੜ, ਪੀੜ੍ਹਾ, ਰੁਮਾਲੇ, ਸਿਰਹਾਣੀਆਂ ਤੇ ਚੌਰ ਲੈ ਆਇਆ। ਮੀਰ ਪੁਰ ਪਿੰਡ ਵਿਚ ਪਾਠੀਆਂ ਦੀ ਕੋਈ ਕਮੀਂ ਨਹੀਂ ਸੀ, ਪਰ ਉਹਦੇ ਘਰ ਪਾਠ ਕਰਨ ਤੋਂ ਸਾਰੇ ਪਾਠੀ ਕੰਨੀ ਕਤਰਾਉਂਦੇ। ਉਨ੍ਹਾਂ ਨੂੰ ਲੱਗਦਾ ਕਿ ਉਹਦੇ ਘਰ ਸਹਿਜ ਨਹੀਂ, ਅਸਹਿਜ ਪਾਠ ਹੁੰਦਾ।
ਪਾਲੇ ਸੋਢੀ ਨੇ ਟ੍ਰੰਕੀ ਖੋਲ੍ਹੀ `ਤੇ ਵਿਚੋਂ ਕੋਰੇ ਰੁਮਾਲੇ ਵਿਚ ਲਪੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਫਾਰੀ ਬੀੜ ਕੱਢੀ ਤੇ ਬੜੇ ਸ਼ਰਧਾ ਭਾਵ ਨਾਲ ਸਿਰ ‘ਤੇ ਰੱਖ ਕੇ ਬਰਾਂਡੇ ਵਿਚ ਲਿਆ ਕੇ ਪ੍ਰਕਾਸ਼ ਕੀਤਾ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਸੀ। ਫਿਰ ਅਰਦਾਸ ਕੀਤੀ, ਹੁਕਮ ਲਿਆ ਤੇ ਸੰਗਤ ਦੀ ਆਗਿਆ ਨਾਲ ਸਹਿਜ ਪਾਠ ਅਰੰਭ ਕਰ ਦਿੱਤਾ, ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ…॥
ਜਪੁਜੀ ਸਾਹਿਬ ਦੇ ਪਾਠ ਉਪਰੰਤ ਪਾਲੇ ਨੇ ਚੌਰ ਇਕ ਪਾਸੇ ਰੱਖਿਆ ਤੇ ਬੀੜ ‘ਤੇ ਰੁਮਾਲਾ ਦੇ ਦਿੱਤਾ। ਤਖਤਪੋਸ਼ ਤੋਂ ਹੇਠਾਂ ਉੱਤਰ ਥਾਲ ਵਿਚ ਪ੍ਰਸ਼ਾਦ ਦੇ ਪੰਜ ਵੰਡੇ ਪਾਏ ਤੇ ਮੁੜ ਦੇਗ ਵਿਚ ਰਲਾ ਦਿੱਤੇ। ਫਿਰ ਥਾਲ ਵਿਚ ਹੋਰ ਪ੍ਰਸ਼ਾਦ ਪਾਇਆ ਤੇ ਕੌਲੀ ਵਿਚ ਪਾ ਕੇ ਮਹਾਰਾਜ ਦੀ ਬੀੜ ਹੇਠ ਰੱਖ ਦਿੱਤਾ ਤੇ ਬਾਕੀ ਸੰਗਤ ਵਿਚ ਵਰਤਾ ਦਿੱਤਾ। ਸੰਗਤ ਵਿਚ ਸਿਰਫ ਅਸੀਂ ਚਾਰ ਜਾਣੇ ਸਾਂ-ਮੈਂ, ਮਹਿੰਦਰ ਅਤੇ ਉਹਦੇ ਮਾਂ ਤੇ ਬਾਪ। ਬਾਕੀ ਦਾ ਪਾਠ ਮੇਰੇ ਜਿ਼ੰਮੇ ਲਾ ਕੇ ਪਾਲੇ ਨੇ ਸਾਈਕਲ ‘ਤੇ ਲੱਤ ਦਿੱਤੀ ਤੇ ਅਹੁ ਗਿਆ ਅਹੁ ਗਿਆ।
ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਹਾਲੇ ਰੁਮਾਲਾ ਚੁੱਕਣ ਹੀ ਲੱਗਾ ਸਾਂ ਕਿ ਮਹਿੰਦਰ ਨਾ ਨਾ ਨਾ ਕਰਨ ਲੱਗ ਪਿਆ। ਮੈਂ ਠਠੰਬਰ ਗਿਆ ਕਿ ਪਤਾ ਨਹੀਂ ਕਿਹੜੀ ਉਲੰਘਣਾ ਹੋ ਗਈ। ਮਹਿੰਦਰ ਕਹਿਣ ਲੱਗਾ, ‘ਭੋਗ ਦੀ ਕੋਈ ਬਾਨ੍ਹ ਨਹੀਂ, ਜਦ ਮਰਜ਼ੀ ਪਵੇ, ਪਾਠ ਉਦੋਂ ਕਰਨਾ ਜਦ ਮੇਰੇ ਮਾਂ-ਬਾਪ ਬਹਿ ਕੇ ਸੁਣਦੇ ਹੋਣ। ਇਨ੍ਹਾਂ ਤੋਂ ਬਿਨਾ ਇਕ ਅੱਖਰ ਨਹੀਂ ਪੜ੍ਹਨਾ।’ ਉਹਨੇ ਸਖਤੀ ਨਾਲ ਤਾਕੀਦ ਕੀਤੀ, ‘ਪਾਠ ਕੰਧਾਂ ਨੇ ਨਹੀਂ, ਕੰਨਾਂ ਨੇ ਸੁਣਨਾ।’ ਇਹ ਕਹਿ ਕੇ ਉਹ ਬਾਹਰ ਨਿਕਲ ਗਿਆ ਤੇ ਜਾਂਦੇ ਜਾਂਦੇ ਇਹ ਵੀ ਕਹਿ ਗਿਆ, ‘ਭੇਟਾ ਦੀ ਨਾ ਫਿਕਰ ਕਰਿਓ।’ ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਹੋਇਆ, ਖੁਸ਼ ਵੀ ਤੇ ਮੈਨੂੰ ਫਿਕਰ ਵੀ ਹੋ ਗਿਆ ਕਿ ਪਾਠ ਕਿੱਦਾਂ ਪੂਰਾ ਹੋਊ।
ਦੁਪਹਿਰ ਦੀ ਰੋਟੀ ਖਾ ਕੇ ਮੈਂ ਹੱਥ ਸੁੱਚੇ ਕੀਤੇ ਤਾਂ ਦੇਖਿਆ ਮਹਿੰਦਰ ਦੇ ਮਾਂ-ਬਾਪ ਪਾਠ ਸੁਣਨ ਲਈ ਬਰਾਂਡੇ ਵਿਚ ਬਿਰਾਜਮਾਨ ਹੋ ਗਏ ਸਨ। ਮੈਂ ਮਹਾਰਾਜ ਦੀ ਤਾਬਿਆ ਬੈਠਾ ਤੇ ਪਾਠ ਕਰਨ ਲੱਗ ਪਿਆ। ਇਕ ਤਾਂ ਮੈਂ ਨਵਸਿਖੀਆ ਪਾਠੀ ਸਾਂ ਤੇ ਦੂਜਾ ਉਹ ਮਹਾਂ ਸ੍ਰੋਤੇ ਸਾਹਮਣੇ ਬੈਠੇ ਸਨ, ਜਿਸ ਕਰਕੇ ਮੈਂ ਬੜੇ ਰਹਾਉ ਅਤੇ ਟਿਕਾਉ ਵਿਚ ਪਾਠ ਕਰ ਰਿਹਾ ਸੀ। ਮੇਰੇ ਅੰਦਰ ਬੜਾ ਹੀ ਡਰ ਅਤੇ ਝਿਜਕ ਸੀ ਕਿ ਮੈਂ ਕਿਤੇ ਗਲਤ ਪਾਠ ਨਾ ਕਰ ਬੈਠਾਂ।
ਮਹਿੰਦਰ ਦੀ ਮਾਂ ਅੱਖਾਂ ਮੁੰਦ ਕੇ ਅੰਤਰ ਧਿਆਨ ਹੋਈ ਇਕਾਗਰ ਚਿੱਤ ਹੋ ਕੇ ਪਾਠ ਸੁਣ ਰਹੀ ਸੀ, ਪਰ ਮਹਿੰਦਰ ਦਾ ਬਾਪ ਇਸ ਤਰ੍ਹਾਂ ਪਾਠ ਸੁਣ ਰਿਹਾ ਸੀ, ਜਿਵੇਂ ਕੋਈ ਮੁਸ਼ਾਇਰਾ ਚੱਲ ਰਿਹਾ ਹੋਵੇ। ਪਾਠ ਦੇ ਨਾਲ ਨਾਲ ਉਹਦੇ ਅੰਦਰ ਬੜਾ ਕੁਝ ਚੱਲਦਾ, ਜਿਵੇਂ ਉਹਨੂੰ ਬਾਣੀ ਦਾ ਅੱਖਰ ਅੱਖਰ ਸਮਝ ਆ ਰਿਹਾ ਹੋਵੇ। ਉਹ ਕਰਦਾ, ‘ਆ ਹਾ ਹਾ ਹਾ…ਐਥੇ ਗੱਲ ਮੁੱਕਦੀ ਐਥੇ।’ ਕਦੇ ਕਦੇ ਤਾਂ ਮੈਨੂੰ ਇਵੇਂ ਲੱਗਦਾ ਜਿਵੇਂ ਉਹ ਬੈਠਾ ਬੈਠਾ ਨੱਚਣ ਲੱਗ ਪਿਆ ਹੋਵੇ। ਹਰ ਚੌਥੀ ਪੰਜਵੀਂ ਪੰਗਤੀ ‘ਤੇ ਉਹ ਕਹੇ, ‘ਫਿਰ ਪੜ੍ਹੀਂ।’ ਮੈਂ ਉਹ ਪੰਗਤੀ ਦੁਬਾਰਾ ਪੜ੍ਹਨੀ ਤਾਂ ਫਿਰ ਉਹੀ ‘ਆ ਹਾ ਹਾ ਹਾ, ਐਥੇ ਗੱਲ ਮੁੱਕਦੀ’ ਤੇ ਉਹਦੇ ਬੈਠੇ ਬੈਠੇ ਨੱਚਣੇ ਦਾ ਭੁਲੇਖਾ।
ਦੋ ਢਾਈ ਘੰਟੇ ਪਾਠ ਕਰਦੇ ਨੂੰ ਹੋ ਗਏ ਤਾਂ ਮੈਂ ਥੱਕ ਗਿਆ ਤੇ ਮਹਾਰਾਜ ਦੀ ਬੀੜ ‘ਤੇ ਰੁਮਾਲਾ ਦੇ ਦਿੱਤਾ। ਮੈਂ ਉਨ੍ਹਾਂ ਦੇ ਕੋਲ ਭੁੰਜੇ ਬਹਿ ਗਿਆ ਤਾਂ ਬਜ਼ੁਰਗ ਨੇ ਮਾਤਾ ਨੂੰ ਕਿਹਾ, ‘ਜਾਹ, ਖਰੀ ਜਹੀ ਚਾਹ ਬਣਾ ਲਿਆ।’ ਮਾਤਾ ਗਈ ਤੇ ਦਸ-ਪੰਦਰਾਂ ਮਿੰਟ ਵਿਚ ਦੋ ਗਲਾਸ ਚਾਹ ਲੈ ਆਈ। ਚਾਹ ਵੀ ਡੱਖਾ ਗੱਡਵੀਂ, ਨਿਰਾ ਦੁੱਧ। ਚਾਹ ਦੇ ਨਾਲ ਨਾਲ ਗੱਲਾਂ ਸ਼ੁਰੂ ਹੋ ਗਈਆਂ ਤੇ ਮੈਂ ਜਕਦੇ ਜਕਦੇ ਬਜ਼ੁਰਗ ਨੂੰ ਮਹਿੰਦਰ ਬਾਰੇ ਕੁਝ ਪੁੱਛਣਾ ਚਾਹਿਆ ਤਾਂ ਉਹਨੇ ਹਰ ਬਾਪ ਦੀ ਤਰ੍ਹਾਂ ਆਪਣੇ ਬੇਟੇ ਦੀਆਂ ਸਿਫਤਾਂ ਸ਼ੁਰੂ ਕਰ ਦਿੱਤੀਆਂ।
ਉਹਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਹ ਬੀ. ਏ. ਪਾਸ ਹੈ ਤੇ ਆਪਣੇ ਸਮੇਂ ਦਾ ਬੜਾ ਮਿਹਨਤੀ ਤੇ ਹੋਣਹਾਰ ਪੜ੍ਹਾਕੂ ਸੀ। ਉਹ ਕਿਤਾਬਾਂ ਨਾਲ ਟੋਕਰਾ ਭਰ ਕੇ ਕੋਠੇ ਉੱਤੇ ਬੈਠਾ ਪੜ੍ਹਦਾ ਰਹਿੰਦਾ ਸੀ। ਉਹ ਹੁਣ ਬਿਜਲੀ ਮਹਿਕਮੇ ਵਿਚ ਨਿੱਕਾ ਜਿਹਾ ਅਫਸਰ ਸੀ। ਉਹਨੇ ਵਿਆਹ ਨਹੀਂ ਸੀ ਕਰਾਇਆ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਸਿਰਫ ਆਪਣੇ ਮਾਂ-ਬਾਪ ਦੀ ਸੇਵਾ ਕਰੇ। ਉਹ ਬੜਾ ਸਰਵਣ ਪੁੱਤਰ ਸੀ, ਜਿਹਦੇ ਵਿਚ ਭਗਤਾਂ ਵਾਲੇ ਤਮਾਮ ਗੁਣ ਸਨ। ਬਜ਼ੁਰਗ ਨੇ ਬਾਣੀ ਦੀ ਤੁਕ ਨਾਲ ਗੱਲ ਮੁਕਾਈ, ‘ਭਗਤਾ ਵਿਚਿ ਆਪਿ ਵਰਤਦਾ…।’
ਉਹ ਆਪਣੇ ਘਰ ਸਦਾ ਸਹਿਜ ਪਾਠ ਜਾਰੀ ਰੱਖਦਾ, ਜਿਹਦਾ ਮਹੀਨੇ ਸਵਾ ਮਹੀਨੇ ਬਾਅਦ ਭੋਗ ਪੈਂਦਾ। ਉਹਦੇ ਘਰੇ ਸੰਗਤ ਨਹੀਂ ਸੀ ਜੁੜਦੀ। ਪਾਠ ਅਰੰਭ ਕਰਨ ਸਮੇਂ ਤੇ ਭੋਗ ਵੇਲੇ ਪਾਠੀ ਤੇ ਇਹ ਤਿੰਨ ਜਾਣੇ ਹਾਜ਼ਰ ਹੁੰਦੇ। ਪਾਠ ਅਰੰਭ ਕਰਨ ਵੇਲੇ ਚੜ੍ਹਾਈ ਦਰਸ਼ਣੀ ਭੇਟਾ ਦਾ ਇੱਕ ਰੁਪਿਆ ਭੋਗ ਪੈਣ ਤੱਕ ਵੀ ਇਕ ਹੀ ਰਹਿੰਦਾ। ਮਾਤਾ ਲੰਗਰ ਤਿਆਰ ਕਰਦੀ ਤੇ ਚਾਰ ਜਣੇ ਛਕਦੇ। ਲੰਗਰ ਵਿਚ ਦਾਲ ਹੋਣੀ, ਸ਼ੱਕਰ ਹੋਣੀ, ਦੋਹਾਂ ਵਿਚ ਤੜਿਆ ਘਿਉ ਹੋਣਾ ਤੇ ਨਰਮ ਨਰਮ ਫੁਲਕੇ। ਇਹਦੇ ਨਾਲ ਹਰੇਕ ਪਾਠੀ ਨੂੰ ਹਦਾਇਤ ਹੁੰਦੀ ਸੀ ਕਿ ਪਾਠ ਉਦੋਂ ਕਰਨਾ, ਜਦੋਂ ਬਜ਼ੁਰਗ ਮਾਂ-ਬਾਪ ਬੈਠੇ ਹੋਣ। ਹਰ ਵਾਰ ‘ਆ ਹਾ ਹਾ ਹਾ, ਐਥੇ ਗੱਲ ਮੁੱਕਦੀ’ ਤੇ ‘ਫਿਰ ਪੜ੍ਹੀਂ’ ਹੋਈ ਜਾਣੀ।
ਕੋਈ ਵੀ ਪਾਠੀ ਇਸ ਘਰ ਵਿਚ ਸਿਰਫ ਇਕ ਵਾਰੀ ਪਾਠ ਕਰਦਾ ਤੇ ਚਾਰ ਪਾਠਾਂ ਜਿੰਨੀ ਭੇਟਾ ਲੈ ਕੇ ਵੀ ਅਗਲੇ ਪਾਠ ਤੋਂ ਕੋਰੀ ਨਾਂਹ ਕਰ ਜਾਂਦਾ। ਇਸ ਨਾਂਹ ਕਰਨ ਦੇ ਵੀ ਦੋ ਕਾਰਨ ਹੁੰਦੇ, ਇਕ ਜਾਤੀ ਤੇ ਦੂਜਾ ਜ਼ਾਤੀ। ਜਾਤੀ ਕਾਰਨ ਅਸੀਂ ਸਭ ਜਾਣਦੇ ਹਾਂ ਤੇ ਜ਼ਾਤੀ ਕਾਰਨ ਇਹ ਸੀ ਕਿ ਹਰ ਕੋਈ ਸਹਿਜ ਪਾਠ ਤਾਂ ਕਰ ਸਕਦਾ ਸੀ, ਪਰ ਮੁਸ਼ਾਇਰੇ ਦੀ ਤਰ੍ਹਾਂ ਕਵਿਤਾ ਪਾਠ ਨਹੀਂ ਸੀ ਕਰ ਸਕਦਾ ਤੇ ਨਾ ਹੀ ਕੋਈ ‘ਆ ਹਾ ਹਾ ਹਾ, ਐਥੇ ਗੱਲ ਮੁੱਕਦੀ’ ਤੇ ‘ਫਿਰ ਪੜ੍ਹੀਂ’ ਦਾ ਆਦੀ ਸੀ।
ਮਹਿੰਦਰ ਸਿਚੂਏਸ਼ਨ ਨੂੰ ਸਿਟੂਏਸ਼ਨ ਤੇ ਐਜੂਕੇਸ਼ਨ ਨੂੰ ਐਡੂਕੇਸ਼ਨ ਕਹਿੰਦਾ ਤਾਂ ਸੁਣ ਕੇ ਹਾਸਾ ਆ ਜਾਂਦਾ। ਉਹ ਸਦਾ ਬੇਪ੍ਰਹਾਹੀ ਦੇ ਆਲਮ ਵਿਚ ਰਹਿੰਦਾ। ਉਹਦਾ ਭਰਵਾਂ ਜੁੱਸਾ, ਮੋਕਲੇ ਹੱਡ ਤੇ ਕਣਕਵੰਨਾ ਰੰਗ, ਜਿਵੇਂ ਭਲਵਾਨ ਹੋਵੇ। ਉਹ ਅਕਸਰ ਕੱਛੇ ਨਾਲ ਕੁੜਤਾ ਪਾਉਂਦਾ ਤੇ ਘਰੇ ਨੰਗੇ ਪੈਰੀਂ ਰਹਿੰਦਾ। ਖੇਤ ਜਾਣ ਵੇਲੇ ਜੁੱਤੀ ਪਾਉਂਦਾ ਤੇ ਦਫਤਰ ਜਾਣ ਸਮੇਂ ਪਜਾਮਾ। ਘਰ ਆਣ ਕੇ ਸਭ ਤੋਂ ਪਹਿਲਾਂ ਜੁੱਤੀ ਲਾਹੁੰਦਾ, ਫਿਰ ਪਜਾਮਾ ਉਤਾਰਦਾ ਤੇ ਕੱਛੇ-ਕੁੜਤੇ ਵਿਚ ਖੇਤ ਵੱਲ ਨਿਕਲ ਜਾਂਦਾ। ਉਹ ਖੇਤੀ ਦਾ ਹਰ ਕੰਮ ਹੱਥੀਂ ਕਰਦਾ। ਉਹਦੇ ਖੇਤ ਦੇ ਲਾਗੇ ਇਕ ਛੱਪੜ ਸੀ, ਜਿਹਦੇ ਵਿਚੋਂ ਉਹ ਦਿਹਾੜੀ ‘ਤੇ ਕਾਮਾ ਲਾ ਕੇ ਡੱਲ ਲਾਉਂਦਾ ਤੇ ਸੇਂਜੀ ਕਰਦਾ। ਜਿਹੋ ਜਿਹੀ ਤੇ ਜਿੰਨੀ ਵੀ ਫਸਲ ਹੁੰਦੀ, ਉਹ ਖਾਣ ਜੋਗੀ ਘਰੇ ਰੱਖ ਕੇ, ਬਾਕੀ ਕੇਸਗੜ੍ਹ ਸਾਹਿਬ ਲੰਗਰ ਵਿਚ ਪਾ ਆਉਂਦਾ।
ਉਹ ਆਪ ਪਾਠ ਅਰੰਭ ਕਰਨ ਵੇਲੇ ਜਾਂ ਭੋਗ ਸਮੇਂ ਹੀ ਬਹਿੰਦਾ ਤੇ ਬਾਕੀ ਸਮਾਂ ਤਾਂ ਉਹ ਤੋਰੇ ਫੇਰੇ ਤੇ ਕੰਮ ਕਰਦਿਆਂ ਬਤੀਤ ਕਰਦਾ। ਮੈਂ ਉਹਨੂੰ ਕਦੇ ਵੀ ਵਿਹਲਾ ਨਹੀਂ ਸੀ ਦੇਖਿਆ। ਹੈਰਾਨੀ ਦੀ ਗੱਲ ਇਹ ਸੀ ਕਿ ਉਹਨੂੰ ਤੁਰੇ ਫਿਰਦੇ ਨੂੰ ਵੀ ਪਤਾ ਹੁੰਦਾ ਸੀ ਕਿ ਪਾਠ ਕਿਸ ਅੰਗ ਤੱਕ ਹੋਇਆ ਹੈ ਤੇ ਭੋਗ ਕਦੋਂ ਤੱਕ ਪੈ ਸਕਦਾ ਹੈ। ਮੈਂ ਉਹਦੀ ਸਾਧੂਆਂ ਵਾਲੀ ਬਿਰਤੀ, ਫੌਜੀਆਂ ਵਾਲੀ ਫੁਰਤੀ, ਕਿਰਤੀਆਂ ਜਿਹੀ ਸੁਰਤੀ ਤੇ ਸਖੀ-ਦਿਲ ਦੇਖ ਦੇਖ ਦੰਗ ਹੁੰਦਾ। ਮੈਂ ਅੱਜ ਤੱਕ ਇਹੋ ਜਿਹਾ ਇਨਸਾਨ ਹੋਰ ਕੋਈ ਨਹੀਂ ਦੇਖਿਆ।
ਕੋਈ ਸਵਾ ਮਹੀਨੇ ਬਾਅਦ ਇਸ ਅਸਹਿਜ ਪਾਠ ਦਾ ਭੋਗ ਪਿਆ। ਪਾਲਾ ਸੋਢੀ ਆਇਆ, ਨੌਵੇਂ ਮਹੱਲੇ ਦੇ ਸਲੋਕ ਪੜ੍ਹੇ, ਅਰਦਾਸ ਹੋਈ, ਹੁਕਮ ਲਿਆ, ਰੁਮਾਲਾ ਚੜ੍ਹਾਇਆ ਤੇ ਪ੍ਰਸ਼ਾਦ ਵਰਤਾਇਆ। ਮਹਿੰਦਰ, ਉਹਦੇ ਮਾਂ-ਬਾਪ, ਮੈਂ ਤੇ ਪਾਲਾ ਸੋਢੀ। ਅਸੀਂ ਪੰਜਾਂ ਨੇ ਲੰਗਰ ਛਕਿਆ ਦਾਲ, ਸ਼ੱਕਰ, ਤੜਿਆ ਘਿਉ ਤੇ ਨਰਮ ਨਰਮ ਫੁਲਕੇ। ਸਾਦਗੀ, ਸ਼ਰਧਾ ਤੇ ਸੁਆਦ ਦਾ ਸੰਗਮ। ਸੋਢੀ ਨੇ ਚਾਰ ਪਾਠਾਂ ਜਿੰਨੀ ਭੇਟਾ ਤੇ ਦਰਸ਼ਣੀ ਭੇਟਾ ਦਾ ਰੁਪਿਆ ਚੁੱਕਿਆ, ਕੁਝ ਮੈਨੂੰ ਦਿੱਤਾ, ਕੁਝ ਆਪਣੀ ਜੇਬ ‘ਚ ਪਾਇਆ, ਸਾਈਕਲ ‘ਤੇ ਲੱਤ ਦਿੱਤੀ, ਅਹੁ ਗਿਆ ਅਹੁ ਗਿਆ। ਮੈਂ ਆਪਣਾ ਸਾਈਕਲ ਚੁੱਕਿਆ ਤੇ ਆਪਣੇ ਪਿੰਡ ਆ ਗਿਆ।
ਕੋਈ ਸਵਾ ਮਹੀਨੇ ਬਾਅਦ ਮਹਿੰਦਰ ਫਿਰ ਸਾਡੇ ਘਰ ਆਇਆ। ਮੈਂ ਆਪਣੀ ਨਿੰਮ ਹੇਠ ਮੇਜ਼ ਕੁਰਸੀ ਡਾਹ ਕੇ ਕਿਤਾਬਾਂ ਵਿਚ ਗੁਆਚਿਆ ਹੋਇਆ ਸੀ ਕਿ ਮਹਿੰਦਰ ਸਾਈਕਲ ਦੀਆਂ ਟੱਲੀਆਂ ਵਜਾਉਂਦਾ ਆਇਆ। ਉਹ ਮੈਨੂੰ ਪੜ੍ਹਦਾ ਦੇਖ ਕੇ ਬੜਾ ਖੁਸ਼ ਹੋਇਆ ਤੇ ਜੱਕੋ-ਤੱਕੀ ਵਿਚ ਮੈਨੂੰ ਫਿਰ ਸਹਿਜ ਪਾਠ ਲਈ ਕਹਿਣ ਲੱਗਾ। ਮੈਂ ਨਾਂਹ ਕਰ ਦਿੱਤੀ ਤੇ ਮੇਰਾ ਨਾਂਹ ਕਰਨ ਦਾ ਕਾਰਨ ਜਾਤੀ ਨਹੀਂ, ਜ਼ਾਤੀ ਸੀ। ਉਹ ਖੁਸ਼ੀ ਖੁਸ਼ੀ ਸਮਝ ਗਿਆ ਤੇ ਮੈਨੂੰ ਪੜ੍ਹਨ ਲਿਖਣ ਦੀਆਂ ਟਿੱਪਸ ਦੇਣ ਲੱਗ ਪਿਆ। ਮੈਂ ਉਹਨੂੰ ਧਿਆਨ ਨਾਲ ਸੁਣਿਆ। ਮੈਨੂੰ ਲੱਗਦਾ ਜੇ ਮੈਂ ਚਾਰ ਅੱਖਰ ਪੜ੍ਹ ਸਕਿਆਂ ਤਾਂ ਉਹਦੇ ਵਿਚ ਮਹਿੰਦਰ ਦੀਆਂ ਟਿੱਪਸ ਦਾ ਵੀ ਯੋਗਦਾਨ ਹੈ। ਉਦੋਂ ਮੈਂ ਬੀ. ਏ. ਭਾਗ ਪਹਿਲਾ ਦਾ ਮੁੜ ਪ੍ਰਾਈਵੇਟ ਦਾਖਲਾ ਭਰਿਆ ਹੋਇਆ ਸੀ ਤੇ ਮੈਂ ਪੇਪਰਾਂ ਦੀ ਤਿਆਰੀ ਕਰਨੀ ਸੀ। ਉਂਜ ਵੀ ਇਸ ਤਰ੍ਹਾਂ ਦਾ ਪਾਠ, ਕੋਈ ਵੀ, ਸਿਰਫ ਇਕ ਵਾਰ ਹੀ ਕਰ ਸਕਦਾ ਹੈ ਤੇ ਮੈਂ ਉਹ ਕਰ ਚੁਕਾ ਸੀ।
ਪਿਛਲੇ ਦਿਨੀਂ ਮੈਂ ਸੰਤਾਲੀ ਦੇ ਰੌਲਿਆਂ ‘ਤੇ ਇਕ ਲੇਖ ਲਿਖਿਆ, ਜਿਹਦੇ ਵਿਚ ਪਿੰਡ ਮੀਰ ਪੁਰ ਦਾ ਜਿ਼ਕਰ ਆਇਆ। ਲੇਖ ਅਖਬਾਰ ਵਿਚ ਛਪਿਆ ਤਾਂ ਮੀਰ ਪੁਰ ਦੇ ਕਿਸੇ ਸੱਜਣ ਨੇ ਪੜ੍ਹਿਆ ਤੇ ਮੈਨੂੰ ਫੋਨ ਕੀਤਾ। ਉਹਨੇ ਮੇਰੀ ਲਿਖਤ ਦੀ ਦਾਦ ਦਿੱਤੀ, ਪ੍ਰੋੜਤਾ ਕੀਤੀ ਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਕਈ ਹੋਰ ਗੱਲਾਂ ਦੱਸੀਆਂ। ਉਹਨੇ ਦੱਸਿਆ ਕਿ ਰੌਲਿਆਂ ਦੇ ਬਾਅਦ ਵੀ ਪਿੰਡ ਦੇ ਡਿਗੇ ਢੱਠੇ ਖੋਲਿਆਂ ਵਿਚ ਔਰਤਾਂ ਦੇ ਪਾਟੇ ਵਸਤਰ, ਮਰਦਾਂ ਦੇ ਵੱਢੇ ਟੁੱਕੇ ਅੰਗ ਤੇ ਖੋਪੜੀਆਂ ਆਮ ਰੁਲਦੀਆਂ ਸਨ, ਜਿਨ੍ਹਾਂ ਤੋਂ ਉਨ੍ਹਾਂ ਦੀ ਉਮਰ ਦਾ ਤਕਾਜ਼ਾ ਵੀ ਭਲੀ-ਭਾਂਤ ਲਗਦਾ ਸੀ। ਉਹਨੇ ਇਹ ਵੀ ਦੱਸਿਆ ਕਿ ਸੰਤ ਬਖਲੌਰ ਸਿੰਘ ਦੀ ਟੋਲੀ ਦੇ ਬੇਪਨਾਹ ਅਤਿਆਚਾਰ ਦੀਆਂ ਕਹਾਣੀਆਂ ਦਰਦਨਾਕ ਬਾਤਾਂ ਦੀ ਤਰ੍ਹਾਂ ਕਈ ਸਾਲ ਘਰ ਘਰ ਸੁਣਾਈਆਂ ਜਾਂਦੀਆਂ ਰਹੀਆਂ।
ਮੈਂ ਉਹਦੇ ਕੋਲੋਂ ਪਿੰਡ ਦੇ ਕਈ ਵਾਕਿਫਕਾਰ ਤੇ ਦੋਸਤ-ਮਿੱਤਰਾਂ ਦਾ ਹਾਲ ਪੁੱਛਿਆ। ਬਹੁਤੇ ਬਾਹਰ ਜਾ ਚੁਕੇ ਸਨ ਤੇ ਕਈ ਇੱਥੇ ਹੀ ਆਪਣੀ ਕਾਮਯਾਬ ਜਿ਼ੰਦਗੀ ਬਸਰ ਕਰ ਰਹੇ ਸਨ। ਮਹਿੰਦਰ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹ ਤਾਂ ਕਦੋਂ ਦਾ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ। ਮੈਂ ਪੁੱਛਿਆ ਕਿਵੇਂ ਤਾਂ ਉਹਨੇ ਬੜੀ ਵਚਿੱਤਰ ਵਾਰਤਾ ਦੱਸੀ।
ਉਹ ਬਿਮਾਰ ਰਹਿਣ ਲੱਗ ਪਿਆ ਸੀ। ਕੋਈ ਉਹਨੂੰ ਡਾਕਟਰ ਕੋਲ ਜਾਣ ਦੀ ਸਲਾਹ ਦਿੰਦਾ ਤਾਂ ਉਹ ਨਾਂਹ ਕਰ ਦਿੰਦਾ। ਤਬੀਅਤ ਜਿ਼ਆਦਾ ਵਿਗੜਦੀ ਤਾਂ ਉਹਨੂੰ ਦੇਖ ਕੇ ਡਾਕਟਰ ਨਾਂਹ ਕਰ ਦਿੰਦਾ। ਘਰੇ ਲਿਆ ਕੇ ਉਹਦੀ ਸੇਵਾ ਕਰਦੇ ਤਾਂ ਉਹ ਨੌ ਬਰ ਨੌਂ ਹੋ ਜਾਂਦਾ। ਫਿਰ ਤਬੀਅਤ ਵਿਗੜਦੀ ਤਾਂ ਉਹੀ ਪਹਿਲਾਂ ਉਹਦੀ ਨਾਂਹ, ਫਿਰ ਡਾਕਟਰ ਦੀ ਨਾਂਹ, ਫਿਰ ਸੇਵਾ ਤੇ ਫਿਰ ਨੌ ਬਰ ਨੌਂ।
ਇਹ ਚੱਕਰ ਕਿੰਨੀ ਕੁ ਦੇਰ ਚੱਲਣਾ ਸੀ। ਅਖੀਰ ਉਹਦਾ ਕਾਲ ਚੱਕਰ ਖਤਮ ਹੋ ਗਿਆ ਤੇ ਉਹਨੂੰ ਪਤਾ ਵੀ ਲੱਗ ਗਿਆ। ਉਹਨੇ ਆਪਣੇ ਦੋ-ਚਾਰ ਚਹੇਤੇ ਬੁਲਾਏ ਤੇ ਹੱਥ ਜੋੜ ਕੇ ਕਹਿਣ ਲੱਗਾ, ‘ਮੈਂ ਹੁਣ ਜਾਣ ਲੱਗਾਂ, ਤੁਸੀਂ ਮੇਰਾ ਸਹਿਜ ਪਾਠ ਕਰਵਾ ਦੇਣਾ।’ ਉਹ ਚਾਦਰ ਤਾਣ ਕੇ ਸੌਂ ਗਿਆ ਤੇ ਮੁੜ ਨਾ ਉੱਠਿਆ। ਕੋਈ ਉਹਨੂੰ ਸੰਤ ਕਹਿੰਦਾ, ਕੋਈ ਭਗਤ, ਕੋਈ ਕਮਲਾ ਤੇ ਕੋਈ ਪਖੰਡੀ। ਜਿੰਨੇ ਮੂੰਹ ਉਨੀਆਂ ਗੱਲਾਂ। ਉਹ ਕੀ ਸੀ, ਸਿਰਫ ਉਹੀ ਜਾਣਦਾ ਸੀ, ਸ਼ਾਇਦ ਉਹ ਵੀ ਨਹੀਂ ਸੀ ਜਾਣਦਾ।