ਹੰਸੁ ਨ ਛੱਡੈ ਮਾਨਸਰ ਬਗੁਲਾ ਬਹੁ ਛਪੜ ਫਿਰਿ ਆਵੈ

ਡਾ. ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਚਿੰਤਨ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਗਈਆਂ ਹਨ: ਗੁਰਮੁਖਿ, ਜੋ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ ਅਤੇ ਮਨਮੁਖਿ, ਜੋ ਆਪਣੇ ਮਨ ਦੀ ਮਤਿ ਅਨੁਸਾਰ ਚੱਲਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਪੰਜ ਵਿਕਾਰ ਮੰਨੇ ਗਏ ਹਨ, ਜੋ ਮਨ ਨੂੰ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਤੋਂ ਵਿਚਲਿਤ ਕਰ ਸਕਦੇ ਹਨ ਅਤੇ ਮਨ ਨੂੰ ਚੰਗਿਆਈ ਦੇ ਰਸਤੇ ਤੋਂ ਮੋੜ ਕੇ ਆਪਹੁਦਰੀਆਂ ਕਰਨ ਦੇ ਰਾਹ `ਤੇ ਤੋਰਨ ਦਾ ਕਾਰਨ ਬਣ ਸਕਦੇ ਹਨ। ਇਸ ਲਈ ਸਿੱਖ ਨੈਤਿਕਤਾ ਵਿਚ ਇਨ੍ਹਾਂ ਨੂੰ ‘ਪੰਚ ਚੋਰ’ ਜਾਂ ‘ਪੰਚਦੂਤ’ ਵੀ ਕਿਹਾ ਗਿਆ ਹੈ, ਜੋ ਮਨੁੱਖ ਕੋਲੋਂ ਨੇਕੀ ਜਾਂ ਚੰਗਿਆਈ ਖੋਹ ਲੈਂਦੇ ਹਨ ਅਤੇ ਬਦੀ ਨੂੰ ਜਨਮ ਦਿੰਦੇ ਹਨ।

ਗੁਰਮੁਖਿ ਅਤੇ ਮਨਮੁਖਿ ਦੀਆਂ ਦੋ ਕੋਟੀਆਂ ਤੋਂ ਬਿਨਾ ਮਨੁੱਖ ਦੀ ਜਨਮ, ਜਾਤਿ, ਲਿੰਗ ਜਾਂ ਜਮਾਤ ਆਧਾਰਤ ਆਦਿ ਹੋਰ ਕਿਸੇ ਵੀ ਵੰਡ ਨੂੰ ਸਵੀਕਾਰ ਨਹੀਂ ਕੀਤਾ ਗਿਆ। ਭਾਈ ਗੁਰਦਾਸ ਗੁਰਮੁਖਿ ਅਤੇ ਮਨਮੁਖਿ ਦੀ ਇਸੇ ਵੰਡ ਨੂੰ ਲੈ ਕੇ ਵੱਖ ਵੱਖ ਦ੍ਰਿਸ਼ਟਾਂਤਾਂ ਰਾਹੀਂ ਸਮਝਾਉਂਦੇ ਹਨ ਕਿ ਗੁਰਮੁਖਿ ਅਤੇ ਮਨਮੁਖਿ ਦੇ ਕਾਰ-ਵਿਹਾਰ, ਰੁਚੀਆਂ ਆਦਿ ਵਿਚ ਕਿਸ ਕਿਸਮ ਦਾ ਫਰਕ ਹੁੰਦਾ ਹੈ ਜਾਂ ਗੁਰਮੁਖਿ ਅਤੇ ਮਨਮੁਖਿ ਆਪਣੀਆਂ ਬਿਰਤੀਆਂ ਅਨੁਸਾਰ ਕਿਹੋ ਜਿਹੇ ਰਸਤੇ ਅਪਨਾਉਂਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰਮੁਖਿ ਅਤੇ ਮਨਮੁਖਿ-ਦੋਹਾਂ ਦੀਆਂ ਬਿਰਤੀਆਂ ਦੇ ਫਰਕ ਨੂੰ ਦੱਸਣ ਲਈ ਹੰਸ ਅਤੇ ਬਗਲੇ ਦੀ ਮਿਸਾਲ ਆਮ ਮਿਲ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਗੁਰਮੁਖਿ ਦੀ ਬਿਰਤੀ ਅਤੇ ਮਨਮੁਖਿ ਦੀ ਬਿਰਤੀ ਨੂੰ ਦੱਸਣ ਲਈ ਹੰਸ ਤੇ ਬਗਲੇ ਦੀ ਮਿਸਾਲ ਦਿੰਦੇ ਹਨ ਕਿ ਹੰਸ ਮੋਤੀ ਚੁਗਦਾ ਹੈ ਅਤੇ ਬਗਲਾ ਡੱਡੀਆਂ ਮੱਛੀਆਂ ਭਾਲਣ ਜਾਂਦਾ ਹੈ, “ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ॥” ਭਾਈ ਗੁਰਦਾਸ ਪੰਜਵੀਂ ਵਾਰ ਦੀ ਉਨੀਵੀਂ ਪਉੜੀ ਵਿਚ ਦੱਸਦੇ ਹਨ ਕਿ ਹੰਸ ਦੀ ਇਹ ਬਿਰਤੀ ਹੈ ਕਿ ਉਹ ਮਾਨਸਰੋਵਰ ਨੂੰ ਆਪਣਾ ਸਦੀਵੀ ਨਿਵਾਸ ਬਣਾ ਕੇ ਰੱਖਦਾ ਹੈ, ਪਰ ਬਗਲਾ ਥਾਂ ਥਾਂ ਗੰਦੇ ਛੱਪੜਾਂ ‘ਤੇ ਜਾ ਬੈਠਦਾ ਹੈ (ਇਹ ਮੰਨਿਆ ਜਾਂਦਾ ਹੈ ਕਿ ਹੰਸ ਮਾਨਸਰੋਵਰ ਵਿਚ ਮੋਤੀਆਂ ਦੀ ਚੋਗ ਚੁਗਦਾ ਹੈ ਅਤੇ ਬਗਲੇ ਨੇ ਛੱਪੜ ਵਿਚੋਂ ਡੱਡੀਆਂ-ਮੱਛੀਆਂ ਨੂੰ ਆਪਣਾ ਭੋਜਨ ਬਣਾਉਣਾ ਹੁੰਦਾ ਹੈ, ਜਿਸ ਦੀ ਉਡੀਕ ਵਿਚ ਉਹ ਇੱਕ ਟੰਗ ਦੇ ਭਾਰ ਖੜ੍ਹਾ ਰਹਿੰਦਾ ਹੈ)।
ਹੰਸ ਇੱਥੇ ਗੁਰਮੁਖਿ ਦੀ ਬਿਰਤੀ ਦਾ ਪ੍ਰਤੀਕ ਹੈ ਅਤੇ ਬਗਲਾ ਮਨਮੁਖਿ ਦੀ ਬਿਰਤੀ ਦਾ। ਇਸੇ ਤਰ੍ਹਾਂ ਕੋਇਲ ਸਦਾ ਅੰਬਾਂ ਦੇ ਬਾਗਾਂ ਵਿਚ ਜਾ ਕੇ ਗਾਉਂਦੀ ਹੈ, ਆਪਣੇ ਮਿੱਠੇ ਬੋਲ ਸੁਣਾਉਂਦੀ ਹੈ ਅਤੇ ਕਾਂ ਜੰਗਲ ਦੇ ਕਿਸੇ ਵੀ ਉਜੜੀ ਥਾਂ ‘ਤੇ ਜਾ ਬੈਠਦਾ ਹੈ। ਭਾਈ ਗੁਰਦਾਸ ਅੱਗੇ ਹੋਰ ਕਹਿੰਦੇ ਹਨ ਕਿ ਕੁੱਤੀਆਂ ਕਦੇ ਗਊਆਂ ਵਾਂਗ ਵੱਗ ਨਹੀਂ ਬਣਾਉਂਦੀਆਂ, ਕਿਉਂਕਿ ਇਹ ਉਨ੍ਹਾਂ ਦੇ ਸੁਭਾਅ ਵਿਚ ਨਹੀਂ ਹੈ। ਗਊਆਂ ਦੁੱਧ ਦਿੰਦੀਆਂ ਹਨ ਅਤੇ ਆਪਣੇ ਵੰਸ਼ ਅੱਗੇ ਵਧਾਉਂਦੀਆਂ ਹਨ। ਇੱਥੇ ਗੁਰਮੁਖਿ ਅਤੇ ਮਨਮੁਖਿ ਦੇ ਸੁਭਾਅ ਨੂੰ ਹੰਸ ਅਤੇ ਬਗਲਾ, ਕੋਇਲ ਅਤੇ ਕਾਂ, ਗਊਆਂ ਅਤੇ ਕੁੱਤੀਆਂ, ਜਿਨ੍ਹਾਂ ਦੇ ਸੁਭਾਅ ਇੱਕ ਦੂਸਰੇ ਤੋਂ ਬਿਲਕੁਲ ਉਲਟ ਹਨ, ਦੇ ਦ੍ਰਿਸ਼ਟਾਂਤਾਂ ਰਾਹੀਂ ਸਮਝਾਇਆ ਹੈ। ਇਸ ਤੋਂ ਅੱਗੇ ਦੱਸਦੇ ਹਨ ਕਿ ਇੱਕ ਫਲਦਾਰ ਰੁੱਖ ਫਲਾਂ ਨਾਲ ਲੱਦਿਆ ਸਥਿਰ ਮਤਿ ਵਾਲਾ ਹੈ, ਜੋ ਇੱਕ ਟਿਕਾਣੇ `ਤੇ ਟਿਕਿਆ ਰਹਿੰਦਾ ਹੈ, ਪਰ ਮੂਰਖ ਬੰਦਾ ਜਿਸ ਨੂੰ ਕੋਈ ਕੰਮ ਨਾ ਹੋਵੇ, ਇਧਰ-ਉਧਰ ਤੁਰਿਆ ਫਿਰਦਾ ਹੈ। ਇਸੇ ਤਰ੍ਹਾਂ ਅੱਗ ਸੇਕ ਨਾਲ ਭਰੀ ਹੋਈ ਆਪਣੇ ਹੰਕਾਰ ਵਿਚ ਉਤਾਂਹ ਵੱਲ ਸਿਰ ਉਠਾ ਕੇ ਰੱਖਦੀ ਹੈ ਅਤੇ ਉਸ ਦੇ ਉਲਟ ਪਾਣੀ ਸੀਤਲਤਾ ਦਾ ਭਰਿਆ ਹੋਇਆ ਨਿਵਾਣ ਵੱਲ ਵੱਗਦਾ ਹੈ। ਇਸੇ ਤਰ੍ਹਾਂ ਗੁਰਮੁਖਿ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਕੇ ਨਿਮਰਤਾ, ਹਲੀਮੀ ਨਾਲ ਵਿਚਰਦਾ ਹੈ, ਆਪਣੇ ਆਪ ਨੂੰ ਗਿਣਾਉਂਦਾ ਨਹੀਂ, ਜਦੋਂ ਕਿ ਮਤਿਹੀਣ ਮਨਮੁਖਿ ਹੰਕਾਰ ਦਾ ਭਰਿਆ ਹੋਇਆ ਹਮੇਸ਼ਾ ਆਪਣੀ ‘ਮੈਂ’ ਨੂੰ ਜਤਾਉਂਦਾ ਹੈ। ਨਤੀਜਾ ਇਹ ਕੱਢਦੇ ਹਨ ਕਿ ਮਨ ਵਿਚ ਦਵੈਤ ਪਾਲਣੀ ਕੋਈ ਵਧੀਆ ਵਿਹਾਰ ਨਹੀਂ ਹੈ; ਇਸ ਨਾਲ ਹਾਰ ਹੀ ਹੁੰਦੀ ਹੈ:
ਹੰਸੁ ਨ ਛੱਡੈ ਮਾਨਸਰ ਬਗੁਲਾ
ਬਹੁ ਛਪੜ ਫਿਰਿ ਆਵੈ।
ਕੋਇਲ ਬੋਲੈ ਅੰਬ ਵਣਿ ਵਣਿ
ਕਾਉ ਕੁਥਾਉ ਸੁਖਾਵੈ।
ਵਗ ਨ ਹੋਵਨਿ ਕੁਤੀਆਂ
ਗਾਈਂ ਗੋਰਸੁ ਵੰਸੁ ਵਧਾਵੈ।
ਸਫਲ ਬਿਰਖ ਨਿਹਚਲ ਮਤੀ
ਨਿਹਫਲ ਮਾਣਸ ਦਹ ਦਿਸਿ ਧਾਵੈ।
ਅਗਿ ਤਤੀ ਜਲੁ ਸੀਅਲਾ
ਸਿਰੁ ਉਚਾ ਨੀਵਾਂ ਦਿਖਲਾਵੈ।
ਗੁਰਮੁਖਿ ਆਪੁ ਗਵਾਇਆ
ਮਨਮੁਖੁ ਮੂਰਖਿ ਆਪੁ ਗਣਾਵੈ।
ਦੂਜਾ ਭਾਉ ਕੁਦਾਉ ਹਰਾਵੈ॥19॥
ਭਾਈ ਗੁਰਦਾਸ ਦੀ ਇਹ ਖਾਸੀਅਤ ਹੈ ਕਿ ਉਹ ਕਿਸੇ ਵੀ ਵਿਚਾਰ ਨੂੰ ਸਮਝਾਉਣ ਲਈ ਚਾਰ-ਚੁਫੇਰੇ ਦੇ ਜ਼ਿੰਦਗੀ ਦੇ ਆਮ ਵਰਤਾਰੇ ਵਿਚੋਂ ਦ੍ਰਿਸ਼ਟਾਂਤ ਲੈ ਕੇ ਸਮਝਾਉਂਦੇ ਹਨ। ਜਿਵੇਂ ਉਪਰ ਵੀ ਜ਼ਿਕਰ ਕੀਤਾ ਸੀ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਇਹ ਪੰਜ ਵਿਕਾਰ ਹਨ; ਜੇ ਮਨ ਇਨ੍ਹਾਂ ਬਿਰਤੀਆਂ ਦੇ ਮਗਰ ਲੱਗ ਕੇ ਉਲਾਰ ਕੰਮ ਕਰਦਾ ਹੈ ਤਾਂ ਉਹ ਮਨਮੁਖਤਾ ਹੈ, ਜਦੋਂ ਕਿ ਇਨ੍ਹਾਂ ਬਿਰਤੀਆਂ ਨੂੰ ਸੰਜਮ ਵਿਚ ਰੱਖ ਕੇ ਸਹੀ ਰਸਤੇ ‘ਤੇ ਤੁਰਨਾ ਗੁਰਮੁਖਤਾ ਹੈ। ਅਗਲੀ ਪਉੜੀ ਵਿਚ ਭਾਈ ਗੁਰਦਾਸ ਮਨਮੁਖਿ ਦੀਆਂ ਰੁਚੀਆਂ ਅਤੇ ਉਨ੍ਹਾਂ ਅਨੁਸਾਰ ਕਾਰਜ ਕਰਨ ਨਾਲ ਪਏ ਬੰਧਨਾਂ ਦੀ ਵਿਆਖਿਆ ਕਰਨ ਲਈ ਹਾਥੀ, ਹਿਰਨ, ਮੱਛੀ, ਪਤੰਗੇ ਅਤੇ ਭਉਰੇ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ। ਭਾਈ ਗੁਰਦਾਸ ਦਾ ਕਹਿਣਾ ਹੈ ਕਿ ਇਹ ਪੰਜੇ ਜੀਵ ਆਪਣੇ ਮਨ ਦੀ ਬਿਰਤੀ ਅਨੁਸਾਰ ਇੱਕ ਇੱਕ ਰੋਗ ਨਾਲ ਗ੍ਰੱਸੇ ਹੋਏ ਹਨ, ਜਿਸ ਕਰਕੇ ਇਹ ਦੁੱਖ ਭੋਗਦੇ ਹਨ। ਇਨ੍ਹਾਂ ਦੇ ਬੰਧਨ ਦਾ ਕਾਰਨ ਇਨ੍ਹਾਂ ਦੇ ਮਨ ਦੀਆਂ ਬਿਰਤੀਆਂ ਹਨ। ਹਾਥੀ ਕਾਮ ਨਾਲ ਗ੍ਰੱਸਿਆ ਹੋਇਆ ਹੋਣ ਕਰਕੇ ਬੰਧਨ ਵਿਚ ਫਸ ਜਾਂਦਾ ਹੈ (ਕਿਹਾ ਜਾਂਦਾ ਹੈ ਕਿ ਹਾਥੀ ਨੂੰ ਫੜਨ ਲਈ ਟੋਆ ਪੁੱਟ ਕੇ ਉਸ ਵਿਚ ਹਥਨੀ ਦਾ ਢਾਂਚਾ ਬਣਾ ਕੇ ਖੜ੍ਹਾ ਕਰ ਦਿੱਤਾ ਜਾਂਦਾ, ਜਿਸ ਵੱਲ ਖਿੱਚ ਮਹਿਸੂਸ ਕਰਕੇ ਹਾਥੀ ਟੋਏ ਵਿਚ ਕੁੱਦ ਪੈਂਦਾ ਹੈ ਅਤੇ ਫਸ ਜਾਂਦਾ ਹੈ); ਇਸੇ ਤਰ੍ਹਾਂ ਹਿਰਨ ਨਾਦ ਅਰਥਾਤ ਆਵਾਜ਼ ਵੱਲ ਖਿੱਚਿਆ ਉਸ ਪਾਸੇ ਦੌੜਦਾ ਹੈ ਤੇ ਸ਼ਿਕਾਰੀ ਦੇ ਕਾਬੂ ਆ ਜਾਂਦਾ ਹੈ ਅਤੇ ਮੱਛੀ ਪਾਣੀ ਵਿਚ ਅਠਖੇਲੀਆਂ ਕਰਦੀ ਜਾਲ ਵਿਚ ਫਸ ਜਾਂਦੀ ਹੈ; ਪਤੰਗਾ ਦੀਪਕ ਜਾਂ ਭਾਂਬੜ ਦੀ ਲੋਅ ਵੱਲ ਖਿੱਚਿਆ ਸੜ ਕੇ ਮਰ ਜਾਂਦਾ ਹੈ ਤੇ ਭੌਰਾ ਖੁਸ਼ਬੋ ਨਾਲ ਪਾਗਲ ਹੋ ਕੇ ਫੁੱਲਾਂ ਵੱਲ ਜਾਂਦਾ ਹੈ ਅਤੇ ਫੁੱਲ ਅੰਦਰ ਕੈਦ ਹੋ ਕੇ ਮਰ ਜਾਂਦਾ ਹੈ। ਇਹ ਪੰਜੇ ਰੁਚੀਆਂ ਇਨ੍ਹਾਂ ਜੀਵਾਂ ਦੇ ਫਸਣ ਅਤੇ ਤਬਾਹੀ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ ਮਨੁੱਖੀ ਦੇਹ ਵਿਚ ਵੀ ਕਾਮ, ਲੋਭ, ਮੋਹ, ਕ੍ਰੋਧ ਤੇ ਹਉਮੈ ਆਦਿ ਪੰਜ ਰੋਗ ਵਸਦੇ ਹਨ ਅਤੇ ਆਪਣੇ ਮਨ ਦੀਆਂ ਬਿਰਤੀਆਂ ਦੇ ਪਿੱਛੇ ਲੱਗ ਕੇ ਚੱਲਣ ਵਾਲਾ ਮਨਮੁਖਿ ਇਨ੍ਹਾਂ ਪੰਜਾਂ ਦੂਤਾਂ ਦੇ ਕਾਰਨ ਕਸੂਤਾ ਫਸ ਜਾਂਦਾ ਹੈ। ਇਹ ਪੰਜੇ ਉਸ ਦੇ ਦੁੱਖ ਦਾ ਕਾਰਨ ਬਣਦੇ ਹਨ। ਆਸ਼ਾ (ਆਸ) ਤੇ ਖਾਹਿਸ਼ (ਇੱਛਾ) ਦੋ ਡਾਇਣਾਂ ਹਨ, ਜੋ ਮਨੁੱਖ ਦੇ ਦੁੱਖਾਂ ਦਾ ਕਾਰਨ ਬਣਦੀਆਂ ਹਨ ਅਤੇ ਇਸ ਦੇ ਨਾਲ ਹੀ ਖੁਸ਼ੀ (ਕਿਸੇ ਚੀਜ਼ ਦੇ ਹੋਣ ਦੀ) ਤੇ ਗਮੀ (ਕਿਸੇ ਚੀਜ਼ ਦੇ ਨਾ ਹੋਣ ਦੀ) ਇਨ੍ਹਾਂ ਦੁੱਖਾਂ ਵਿਚ ਹੋਰ ਵਾਧਾ ਕਰ ਦਿੰਦੀਆਂ ਹਨ। ਮਨਮੁਖਿ, ਜਿਸ ਦੇ ਅੰਦਰ ਸਦਾ ਦਵੈਤ ਵਸਦੀ ਹੈ, ਇਧਰ ਉਧਰ ਭਟਕਦਾ ਰਹਿੰਦਾ ਹੈ, ਉਸ ਦੇ ਮਨ ਵਿਚ ਟਿਕਾਉ ਨਹੀਂ ਹੁੰਦਾ। ਸੱਚਾ ਗੁਰੂ ਸੱਚਾ ਪਾਤਿਸ਼ਾਹ ਹੈ, ਜਿਸ ਦੀ ਸਿੱਖਿਆ ਨੂੰ ਮੰਨ ਕੇ ਗੁਰਮੁਖਿ ਗੁਰੂ ਦੇ ਦੱਸੇ ‘ਗਾਡੀ ਰਾਹ’ ਉਤੇ ਚੱਲਦਿਆਂ ਇੱਕ ਸੰਤੁਲਿਤ, ਟਿਕਾਉ ਵਾਲਾ ਜੀਵਨ ਬਸਰ ਕਰਦੇ ਹਨ, ਭਟਕਣਾ ਵਿਚ ਨਹੀਂ ਜਿਉਂਦੇ। ਜਦੋਂ ਮਨੁੱਖ ਚੰਗੇ ਲੋਕਾਂ ਦੀ ਸੰਗਤਿ ਵਿਚ ਗੁਰਮੁਖਾਂ ਨਾਲ ਮਿਲ ਕੇ ਚੱਲਦੇ ਹਨ, ਫਿਰ ਮਨ ਨੂੰ ਠੱਗਣ ਵਾਲੇ ਅਤੇ ਗੁਰਮੁਖਤਾ ਦੇ ਰਸਤੇ ਤੋਂ ਵਿਚਲਿਤ ਕਰਨ ਵਾਲੇ ਕਾਮ, ਕ੍ਰੋਧ, ਲੋਭ, ਮੋਹ ਤੇ ਹਉਮੈ ਆਦਿ ਚੋਰ ਅਤੇ ਠੱਗ ਜੋ ਮਨੁੱਖ ਪਾਸੋਂ ਨੇਕੀ ਨੂੰ ਖੋਹਣ ਦਾ ਕਾਰਨ ਬਣਦੇ ਹਨ, ਆਪਣੇ ਆਪ ਭੱਜ ਜਾਂਦੇ ਹਨ। ਸਾਧ ਸੰਗਤਿ ਵਿਚ ਗੁਰਮੁਖਿ ਲਾਹਾ ਲੈ ਕੇ ਆਪਣੇ ਨਿਜ-ਘਰ ਵਿਚ ਸਥਿਤ ਹੋ ਜਾਂਦੇ ਹਨ, ਭਾਵ ਆਪਣੇ ਅੰਦਰ ਵੱਸ ਰਹੀ ਰੱਬੀ ਜੋਤਿ ਨਾਲ ਇਕਸੁਰ ਹੁੰਦੇ ਹਨ:
ਗਜ ਮ੍ਰਿਗ ਮੀਨ ਪਤੰਗ ਅਲਿ
ਇਕਤੁ ਇਕਤੁ ਰੋਗਿ ਪਚੰਦੇ।
ਮਾਣਸ ਦੇਹੀ ਪੰਜਿ ਰੋਗ
ਪੰਜੇ ਦੂਤ ਕੁਸੂਤੁ ਕਰੰਦੇ।
ਆਸਾ ਮਨਸਾ ਡਾਇਣੀ
ਹਰਖ ਸੋਗ ਬਹੁ ਰੋਗ ਵਧੰਦੇ।
ਮਨਮੁਖ ਦੂਜੈ ਭਾਇ ਲਗਿ
ਭੰਭਲਭੂਸੇ ਖਾਇ ਖਵੰਦੇ।
ਸਤਿਗੁਰ ਸਚਾ ਪਾਤਸਾਹ
ਗੁਰਮੁਖਿ ਗਾਡੀ ਰਾਹੁ ਚਲੰਦੇ।
ਸਾਧ ਸੰਗਤਿ ਮਿਲਿ ਚਲਣਾ
ਭਜਿ ਗਏ ਠਗ ਚੋਰ ਡਰੰਦੇ।
ਲੈ ਲਾਹਾ ਨਿਜਿ ਘਰਿ ਨਿਬਹੰਦੇ॥20॥
ਗੁਰੂ ਅਮਰਦਾਸ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅੰਹਕਾਰ ਆਦਿ ‘ਪੰਚ ਚੋਰ’ ਉਨ੍ਹਾਂ ਦਾ ਹਿਰਦਾ ਰੂਪੀ ਘਰ ਲੁੱਟਦੇ ਹਨ, ਜੋ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦੇ ਹਨ; ਅਜਿਹੇ ਮਨੁੱਖਾਂ ਦੇ ਅੰਦਰ ਹਉਮੈ ਰੋਗ ਦੀ ਸੰਨ੍ਹ ਲੱਗੀ ਰਹਿੰਦੀ ਹੈ। ਅਜਿਹੇ ਮਨੁੱਖਾਂ ਨੂੰ ਪਰਮਾਤਮਾ ਨਾਲੋਂ ਟੁੱਟੇ ਹੋਏ ਖੋਟੀ ਮਤ ਵਾਲੇ ਕਿਹਾ ਹੈ, ਜਿਹੜੇ ਵਿਕਾਰਾਂ ਹੱਥੋਂ ਲੁੱਟੇ ਜਾਂਦੇ ਹਨ। ਉਹ ਪਰਮਾਤਮਾ ਦੇ ਨਾਮ ਦਾ ਨਾ ਸੁਆਦ ਮਾਣਦੇ ਹਨ ਅਤੇ ਨਾ ਹੀ ਨਾਮ ਦੀ ਪਛਾਣ ਕਰਦੇ ਹਨ। ਉਹ ਅੰਮ੍ਰਿਤ ਨਾਮ ਨੂੰ ਭਰਮਾਂ ਵਿਚ ਹੀ ਲੁਟਾ ਦਿੰਦੇ ਹਨ ਅਤੇ ਮਾਇਆ ਰੂਪੀ ਜ਼ਹਿਰ ਨਾਲ ਪਿਆਰ ਪਾ ਕੇ ਰੱਖਦੇ ਹਨ। ਅਜਿਹੇ ਮਨੁੱਖਾਂ ਦਾ ਭੈੜੀ ਕਿਸਮ ਦੀ ਮੱਤ ਵਾਲੇ ਮਨੁੱਖਾਂ ਨਾਲ ਹੀ ਪਿਆਰ ਹੁੰਦਾ ਹੈ ਅਤੇ ਉਹ ਪਰਮਾਤਮਾ ਦੇ ਸੇਵਕਾਂ ਨਾਲ ਝਗੜਦੇ ਰਹਿੰਦੇ ਹਨ। ਅਜਿਹੇ ਮਨੁੱਖ ਮੌਤ ਦੇ ਭੈ ਵਿਚ ਬੱਝੇ ਹੋਏ ਨਰਕ ਵਿਚ ਪਏ ਦੁੱਖ ਭੋਗਦੇ ਰਹਿੰਦੇ ਹਨ। ਜਿਹੜੇ ਕਮਜ਼ੋਰ ਮਨੁੱਖ ਵੀ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨਿਤਾਣਿਆਂ ਵਿਚ ਵੀ ਆਤਮਕ ਬਲ ਆ ਜਾਂਦਾ ਹੈ। ਉਹ ਹਰ ਇੱਕ ਸਾਹ ਦੇ ਨਾਲ, ਹਰ ਇੱਕ ਗਿਰਾਹੀ ਦੇ ਨਾਲ ਪਰਮਾਤਮਾ ਨੂੰ ਧਿਆਉਂਦੇ ਹਨ ਅਤੇ ਉਨ੍ਹਾਂ ਦੇ ਅੰਦਰੋਂ ਮੌਤ ਦਾ ਭੈਅ ਮੁੱਕ ਜਾਂਦਾ ਹੈ। ਪਰਮਾਤਮਾ ਦੇ ਨਾਮ ਦੇ ਰਸ ਦੇ ਸੁਆਦ ਵਿਚ ਮਾਇਆ ਵੀ ਉਨ੍ਹਾਂ ਦੇ ਅਧੀਨ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਭਰਮਾ ਨਹੀਂ ਸਕਦੀ। (ਪੰਨਾ 854)
ਇਸ ਪੰਜਵੀਂ ਵਾਰ ਦੀ ਅਖੀਰਲੀ ਪਉੜੀ ਵਿਚ ਭਾਈ ਗੁਰਦਾਸ ਆਮ ਸੰਸਾਰਕ ਪ੍ਰਬੰਧ ਅਤੇ ਜੀਵਨ-ਸ਼ੈਲੀ ਵਿਚੋਂ ਦ੍ਰਿਸ਼ਟਾਂਤ ਲੈ ਕੇ ਸਮਝਾਉਂਦੇ ਹਨ ਕਿ ਕਿਸ ਤਰ੍ਹਾਂ ਇੱਕ ਸੱਚੇ ਗੁਰੂ ਦੀ ਮਿਹਰ ਨਾਲ ਸਾਰੀ ਸੰਗਤਿ ਸੰਸਾਰ ਸਾਗਰ ਤੋਂ ਗੁਰੂ ਸ਼ਬਦ ਦੇ ਰਾਹੀਂ ਪਾਰ ਲੱਗ ਜਾਂਦੀ ਹੈ। ਭਾਈ ਗੁਰਦਾਸ ਇੱਕ ਮਲਾਹ ਦੀ ਮਿਸਾਲ ਰਾਹੀਂ, ਜੋ ਲੋਕਾਂ ਨੂੰ ਨਦੀ ਤੋਂ ਪਾਰ ਲੰਘਾਉਣ ਦਾ ਕਾਰਜ ਕਰਦਾ ਹੈ, ਦੱਸਦੇ ਹਨ ਕਿ ਬੇੜੀ ਦਾ ਮਲਾਹ ਇੱਕ ਹੀ ਹੁੰਦਾ ਹੈ, ਪਰ ਬੇੜੀ ਵਿਚ ਬਿਠਾ ਕੇ ਉਹ ਕਿੰਨੇ ਲੋਕਾਂ ਨੂੰ ਨਦੀ ਦੇ ਇੱਕ ਕਿਨਾਰੇ ਤੋਂ ਦੂਸਰੇ ਤੱਕ ਪਾਰ ਲੈ ਜਾਂਦਾ ਹੈ। ਇਸੇ ਤਰ੍ਹਾਂ ਇੱਕੋ ਆਗੂ ਸੁਲਤਾਨਾਂ, ਬਾਦਸ਼ਾਹਾਂ ਦੇ ਲਸ਼ਕਰਾਂ (ਫੌਜਾਂ) ਦੀ ਅਗਵਾਈ ਕਰਕੇ ਉਨ੍ਹਾਂ ਨੂੰ ਨਿਬਾਹ ਲੈਂਦਾ ਹੈ। ਇਸੇ ਤਰ੍ਹਾਂ ਇੱਕ ਚੌਕੀਦਾਰ ਜਾਂ ਪਹਿਰੇਦਾਰ ਮਹੱਲੇ ਵਿਚ ਰਾਖੀ ਕਰਨ ਲਈ ਪਹਿਰਾ ਦਿੰਦਾ ਹੈ ਅਤੇ ਅਮੀਰ ਲੋਕ ਉਸ ਇੱਕ ਦੇ ਸਿਰ ਤੇ ਬੇਫਿਕਰ ਹੋ ਕੇ ਆਰਾਮ ਦੀ ਨੀਂਦ ਸੌਂਦੇ ਹਨ। ਇਸੇ ਤਰ੍ਹਾਂ ਵਿਆਹ ਦੀ ਮਿਸਾਲ ਦਿੱਤੀ ਹੈ ਕਿ ਵਿਆਹੁਣ ਜਾਣ ਲਈ ਲਾੜਾ ਇੱਕੋ ਹੀ ਹੁੰਦਾ ਹੈ, ਪਰ ਉਸ ਇੱਕ ਕਰਕੇ ਉਸ ਨਾਲ ਵਿਆਹੁਣ ਆਈ ਸਾਰੀ ਜੰਞ ਦਾ ਪ੍ਰਾਹੁਣਿਆਂ ਵਾਂਗ ਆਦਰ-ਸਤਿਕਾਰ ਅਤੇ ਸੇਵਾ ਕੀਤੀ ਜਾਂਦੀ ਹੈ। ਮੁਲਕ ਦਾ ਬਾਦਸ਼ਾਹ ਜਾਂ ਰਾਜਾ ਇੱਕ ਹੀ ਹੁੰਦਾ ਹੈ, ਪਰ ਬਾਕੀ ਉਸ ਦੀ ਪਰਜਾ ਹਿੰਦੂ, ਮੁਸਲਮਾਨ ਸਭ ਅਨੇਕ ਹੁੰਦੀ ਹੈ। ਸਤਿਗੁਰ ਸੱਚਾ ਪਾਤਿਸ਼ਾਹ ਹੈ, ਜੋ ਇੱਕ ਹੈ ਪਰ ਸਾਧਸੰਗਤਿ ਅਨੇਕ ਹੈ ਅਤੇ ਗੁਰੂ ਸ਼ਬਦ ਦਾ ਪਰਵਾਨਾ ਦੇ ਕੇ ਸਤਿਗੁਰੂ ਸਭ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਭਾਈ ਗੁਰਦਾਸ ਕਹਿੰਦੇ ਹਨ, ਮੈਂ ਉਨ੍ਹਾਂ ਦੇ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜੋ ਸਤਿਗੁਰੂ ਦਾ ਆਸਰਾ ਲੈਂਦੇ ਹਨ:
ਬੇੜੀ ਚਾੜਿ ਲੰਘਾਇਦਾ ਬਾਹਲੇ
ਪੂਰ ਮਾਣਸ ਮੋਹਾਣਾ।
ਆਗੂ ਇਕੁ ਨਿਬਾਹਿਦਾ
ਲਸਕਰ ਸੰਗ ਸਾਹ ਸੁਲਤਾਣਾ।
ਫਿਰੈ ਮਹਲੈ ਪਾਹਰੂ ਹੋਇ
ਨਿਚਿੰਦ ਸਵਨਿ ਪਰਧਾਣਾ।
ਲਾੜਾ ਇਕੁ ਵੀਵਾਹੀਐ
ਬਾਹਲੇ ਜਾਞੀਂ ਕਰਿ ਮਿਹਮਾਣਾ।
ਪਾਤਿਸਾਹੁ ਇਕੁ ਮੁਲਕ ਵਿਚਿ
ਹੋਰੁ ਪ੍ਰਜਾ ਹਿੰਦੂ ਮੁਸਲਮਾਣਾ।
ਸਤਿਗੁਰੁ ਸਚਾ ਪਾਤਿਸਾਹੁ
ਸਾਧਸੰਗਤਿ ਗੁਰੁ ਸਬਦੁ ਨੀਸਾਣਾ।
ਸਤਿਗੁਰ ਪਰਣੈ ਤਿਨ ਕੁਰਬਾਣਾ॥21॥5॥
ਗੁਰੂ ਨਾਨਕ ‘ਵਾਰ ਆਸਾ ਕੀ’ ਵਿਚ ਫਰਮਾਉਂਦੇ ਹਨ ਕਿ ਮੈਂ ਸਤਿਗੁਰ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੂੰ ਮਿਲਣ ਕਰਕੇ ਮੈਂ ਉਸ ਸਭ ਦੇ ਮਾਲਕ ਪਰਮਾਤਮਾ ਨੂੰ ਚੇਤੇ ਕੀਤਾ ਹੈ। ਉਸ ਸੱਚੇ ਗੁਰੂ ਨੇ ਆਪਣੀ ਸਿੱਖਿਆ ਰਾਹੀਂ ਮੈਨੂੰ ਗਿਆਨ-ਰੂਪੀ ਸੁਰਮਾ ਦਿੱਤਾ ਹੈ, ਜਿਸ ਕਰਕੇ ਮੈਂ ਇਨ੍ਹਾਂ ਅੱਖਾਂ ਨਾਲ ਇਸ ਦੁਨੀਆਂ ਦੇ ਵਰਤਾਰੇ ਦੀ ਅਸਲੀਅਤ ਨੂੰ ਦੇਖਿਆ ਅਤੇ ਸਮਝਿਆ ਹੈ ਕਿ ਜਿਹੜੇ ਉਸ ਇੱਕ ਪਰਮਾਤਮਾ ਨੂੰ ਵਿਸਾਰ ਕੇ ਕਿਸੇ ਹੋਰ ਨਾਲ ਆਪਣੇ ਚਿੱਤ ਨੂੰ ਜੋੜ ਰਹੇ ਹਨ, ਉਹ ਸੰਸਾਰ ਸਾਗਰ ਵਿਚ ਡੁੱਬ ਰਹੇ ਹਨ। ਸਤਿਗੁਰੂ ਉਹ ਜਹਾਜ਼ ਹੈ, ਜੋ ਸੰਸਾਰ-ਸਮੁੰਦਰ ਤੋਂ ਪਾਰ ਲੈ ਜਾਂਦਾ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਹੀ ਇਸ ਤੱਥ ‘ਤੇ ਵਿਚਾਰ ਕੀਤਾ ਅਤੇ ਇਸ ਨੂੰ ਸਮਝਿਆ ਹੈ। ਸਤਿਗੁਰੂ ਨੇ ਆਪਣੀ ਮਿਹਰ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲਾ ਦਿੱਤਾ ਹੈ। (ਪੰਨਾ 470)