ਬੈਚ ਫੁੱਲ ਰੌਕ ਵਾਟਰ: ਨੈਤਿਕ ਕੱਟੜਤਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਰੌਕ ਵਾਟਰ (੍ਰੋਚਕ ੱਅਟੲਰ) ਇਕ ਵਿਲੱਖਣ ਤਰ੍ਹਾਂ ਦੀ ‘ਫੁੱਲ’ ਦਵਾਈ ਹੈ; ਨਾਂ ਵਲੋਂ ਵੀ, ਸੋਮੇ ਵਲੋਂ ਵੀ ਤੇ ਕੰਮ ਵਲੋਂ ਵੀ। ਇਸ ਦਾ ਸੋਮਾ ਬੈਚ ਫੁੱਲ ਦਵਾਈਆਂ ਦਾ ਅਪਵਾਦ ਹੈ। ਇਹ ਇਕੋ ਇਕ ਅਜਿਹੀ ਦਵਾਈ ਹੈ, ਜੋ ਫੁੱਲਾਂ ਤੋਂ ਨਹੀਂ ਸਗੋਂ ਪਾਣੀ ਤੋਂ ਬਣੀ ਹੈ; ਪਰ ਤਾਂ ਵੀ ਡਾ. ਬੈਚ ਦੀ ਖੋਜ ਨਾਲ ਸਬੰਧਿਤ ਹੋਣ ਕਰਕੇ ਇਸ ਨੂੰ ਫੁੱਲ ਦਵਾਈ ਹੀ ਕਿਹਾ ਜਾਂਦਾ ਹੈ। ਇਸ ਦਾ ਅੰਗਰੇਜ਼ੀ ਨਾਂ ਐਕੁਆ ਪਿਟਰਾ (ੳਤੁਅ ਫੲਟਰਅ) ਹੈ, ਪਰ ਇਹ ‘ਐਕੁਆ ਪਿਟਰਾ’ ਕਿਸ ਸੋਮੇ ਦਾ ਪਾਣੀ ਹੈ? ਅੰਗਰੇਜ਼ੀ ਦਾ ਪਿਟਰ ਸ਼ਬਦ ਪਿਟਰੀਫਾਈਡ (ਫੲਟਰਾਿਇਦ) ਨਾਲ ਮਿਲਦਾ ਜੁਲਦਾ ਹੈ, ਇਸ ਲਈ ਇਸ ਦੇ ਅੰਗਰੇਜ਼ੀ ਨਾਂ ਨੂੰ ਲੈ ਕੇ ਕਈ ਲੋਕ ਇਸ ਨੂੰ ਸੜੇ ਬੇਹੇ ਪਾਣੀ ਤੋਂ ਪ੍ਰਾਪਤ ਕੀਤੀ ਗਈ ਦੱਸਦੇ ਹਨ।

ਇਕ ਲੇਖਕ ਨੇ ਤਾਂ ਪੂਰੇ ਵੇਰਵੇ ਨਾਲ ਦੱਸਿਆ ਹੈ ਕਿ ਅਣਜਾਣ ਵਾਦੀਆਂ ਤੇ ਪਹਾੜਾਂ ਵਿਚ ਸਭਿਅਤਾ ਦੇ ਆਗਾਜ਼ ਤੋਂ ਪਹਿਲਾਂ ਦੇ ਖੂਹ ਜੋ ਅੱਜ ਤੀਕ ਉਸੇ ਤਰ੍ਹਾਂ ਬੇਕਾਰ ਪਏ ਹਨ, ਧੁੱਪ, ਹਵਾ ਤੇ ਮਿੱਟੀ ਵਿਚ ਗਲ੍ਹਦੇ ਪਾਣੀ ਨਾਲ ਭਰੇ ਪਏ ਹਨ। ਸਦੀਆਂ ਤੋਂ ਜੀਵਾਂ ਤੇ ਬਨਸਪਤੀ ਦੇ ਪੱਤਿਆਂ ਨਾਲ ਸੜਦਾ ਇਹ ਪਾਣੀ ਦਵਾਈ ਦੀਆਂ ਸ਼ਕਤੀਆਂ ਪ੍ਰਾਪਤ ਕਰ ਜਾਂਦਾ ਹੈ। ਇਸ ਪਾਣੀ ਨੂੰ ਸਾਫ ਕਰਕੇ ਹੀ ਡਾ. ਬੈਚ ਨੇ ਇਹ ਦਵਾਈ ਬਣਾਈ ਹੈ; ਪਰ ਇਹ ਵਿਚਾਰ ਗਲਤ ਹੈ। ਅਸਲ ਵਿਚ ਪੀਟਰਾ (ਫੲਟਰਅ) ਯੂਨਾਨੀ ਮੂਲ ਦਾ ਸ਼ਬਦ ਹੈ, ਜਿਸ ਦੇ ਅਰਥ ਪੱਥਰ ਜਾਂ ਚੱਟਾਨ ਹਨ। ਇੰਗਲੈਂਡ ਦੇ ਇਕ ਪਹਾੜ ਵਿਚ ਪੁਰਾਤਨ ਚੱਟਾਨਾਂ ਵਿਚੋਂ ਘਸ ਕੇ ਵਹਿਣ ਵਾਲੇ ਪਾਣੀ ਵਿਚ ਖਣਿਜੀ (ੰਨਿੲਰਅਲ) ਗੁਣ ਪੈਦਾ ਹੋ ਜਾਂਦੇ ਹਨ। ਡਾ. ਬੈਚ ਨੇ ਇਨ੍ਹਾਂ ਗੁਣਾਂ ਨੂੰ ਪਰਖ ਕੇ ਇਸ ਪਾਣੀ ਨੂੰ ਦਵਾਈ ਦੇ ਤੌਰ `ਤੇ ਵਰਤਿਆ ਹੈ। ਇਸੇ ਕਰਕੇ ਇਸ ਨੂੰ ਚੱਟਾਨੀ ਪਾਣੀ ਜਾਂ ਰੌਕ ਵਾਟਰ ਕਹਿੰਦੇ ਹਨ।
ਕੰਮ ਪੱਖੋਂ ਇਹ ਇਸ ਲਈ ਵਿਚਿਤਰ ਹੈ ਕਿ ਇਸ ਜਿਹੀ ਦਵਾਈ ਕਿਸੇ ਹੋਰ ਪ੍ਰਣਾਲੀ ਵਿਚ ਨਹੀਂ ਹੈ। ਵੈਸੇ ਤਾਂ ਸਾਰੀਆਂ ਬੈਚ ਫੁੱਲ ਦਵਾਈਆਂ ਹੀ ਅਲੌਕਿਕ ਹਨ, ਕਿਉਂਕਿ ਉਹ ਮਨੁੱਖ ਨੂੰ ਕਿਸੇ ਨਾ ਕਿਸੇ ਲਾਇਲਾਜ ਸਮਝੇ ਜਾਂਦੇ ਰਿਣਾਤਮਿਕ ਝੁਕਾਓ ਤੋਂ ਮੁਕਤ ਕਰਦੀਆਂ ਹਨ, ਪਰ ਰੌਕ ਵਾਟਰ ਦਾ ਦਾਇਰਾ ਜਰਾ ਵੱਖਰਾ ਹੈ। ਇਹ ਹਿੰਦੁਸਤਾਨ ਦੀ ਜਨਤਾ ਦੇ ਬੜੇ ਵੱਡੇ ਤਬਕੇ `ਤੇ ਲਾਗੂ ਹੁੰਦਾ ਹੈ, ਜਿਸ ਨੂੰ ਪਰੰਪਰਾਗਤ ਆਦਰਸ਼ਵਾਦ ਨੇ ਜਕੜਿਆ ਹੋਇਆ ਹੈ। ਉੱਥੇ ਹਰ ਵਿਅਕਤੀ ਦਾ ਆਪਣਾ ਪ੍ਰੇਰਣਾ ਸ੍ਰੋਤ ਹੈ, ਆਪਣੀ ਨਿਜੀ ਫਿਲਾਸਫੀ ਹੈ ਤੇ ਆਪਣਾ ਜੀਵਨ-ਜ਼ਾਬਤਾ ਹੈ। ਹਰੇਕ ਆਦਮੀ ਆਪਣੀ ਅਕਲ ਨੂੰ ਜਿ਼ਆਦਾ ਟਿਕਾਊ ਤੇ ਵਧੇਰੇ ਭਰੋਸੇਮੰਦ ਸਮਝਦਾ ਹੈ ਤੇ ਕੱਟੜਤਾ ਨਾਲ ਇਸ ਦਾ ਪ੍ਰਚਾਰ ਵੀ ਕਰਦਾ ਹੈ। ਹਰ ਇਕ ਦਾ ਆਦਰਸ਼ਵਾਦ ਦੂਜਿਆਂ `ਤੇ ਛਾ ਜਾਣਾ ਚਾਹੁੰਦਾ ਹੈ, ਇਸ ਲਈ ਇਹ ਕਲੀਮੈਟਿਸ ਦੇ ਆਦਰਸ਼ਵਾਦ ਤੋਂ ਵੀ ਵਧੇਰੇ ਸਖਤ ਹੁੰਦਾ ਹੈ। ਇਸੇ ਵਿਕਾਰ ਕਾਰਨ ਉਸ ਸਮਾਜ ਦੀਆਂ ਸ਼ਾਤਰ ਤਾਕਤਾਂ ਅੱਜ ਤਾਨਾਸ਼ਾਹੀ ਸਥਾਪਤ ਕਰਨ ਵਲ ਵਧੀਆਂ ਹੋਈਆਂ ਹਨ। ਜਦੋਂ ਉਹ ਸ਼ਕਤੀ ਪ੍ਰਦਰਸ਼ਨ ਦੇ ਨਾਲ ਨਾਲ ਜਨਤਾ ਤੇ ਨੈਤਿਕ ਪਰਹਾਰ ਵੀ ਕਰਦੀਆਂ ਹਨ ਤਾਂ ਜਨਤਾ ਉਨ੍ਹਾਂ ਅੱਗੇ ਵਿਛ ਜਾਂਦੀ ਹੈ। ਦਵਾਈ ਬੂਟੀ ਦੇ ਪੱਧਰ `ਤੇ ਅਜਿਹੇ ਸਮਾਜਾਂ ਵਿਚ ਲੋਕ-ਹੱਕਾਂ ਦੇ ਬਚਾਓ ਲਈ ਰੌਕ ਵਾਟਰ ਤੋਂ ਵੱਡੀ ਹੋਰ ਕੋਈ ਚਾਰਾਜੋਈ ਨਹੀਂ ਹੋ ਸਕਦੀ।
ਸੁਣਿਆ ਹੈ ਕਿ ਫੌਜ ਤੋਂ ਸਖਤ ਕੋਈ ਅਨੁਸ਼ਾਸਨ ਨਹੀਂ ਹੁੰਦਾ। ਫੌਜੀ ਲੋਕ ਆਪਣੀ ਨੌਕਰੀ ਪੁਗਾ ਕੇ ਘਰ ਵਿਚ ਔਰਤਾਂ ਤੇ ਬੱਚਿਆਂ `ਤੇ ਵੀ ਉਵੇਂ ਦਾ ਸਖਤ ਹੁਕਮ ਚਲਾਉਂਦੇ ਹਨ। ਮੰਨ ਲਓ ਉਹ ਇਸ ਦੇ ਨਾਲ ਨਾਲ ਕੋਈ ਧਾਰਮਿਕ ਜਾਂ ਨੈਤਿਕ ਲੀਡਰ ਵੀ ਹੋਣ ਤੇ ਇਹੋ ਜਿਹਾ ਹੀ ਡਿਸਿਪਲਿਨ ਉਹ ਨੈਤਿਕ ਮਸਲਿਆਂ ਵਿਚ ਸਥਾਪਤ ਕਰਨ ਦੀ ਕੋਸਿ਼ਸ਼ ਕਰਨ ਅਰਥਾਤ ਆਪਣੇ ਅਸੂਲ, ਰਹਿਤਨਾਮੇ ਤੇ ਨੈਤਿਕ ਸੇਧਾਂ ਰਾਹੀਂ ਦੂਜਿਆਂ ਨੂੰ ਆਪਣੇ ਅਧੀਨ ਕਰਨ ਦੀ ਕੋਸਿ਼ਸ਼ ਕਰਨ ਤਾਂ ਉਹ ਰੌਕ ਵਾਟਰ ਦੀਆਂ ਅਲਾਮਤਾਂ ਦਰਸਾ ਰਹੇ ਹੋਣਗੇ। ਜੇ ਕੋਈ ਉਨ੍ਹਾਂ ਦਾ ਵਿਰੋਧ ਕਰੇ ਤੇ ਉਹ ਨੈਤਿਕ ਆਧਾਰ ਵਰਤਦੇ ਹੋਏ ਉਨ੍ਹਾਂ ਨੂੰ ਸਮਝਾਉਣ ਲਈ ਕੁਰਬਾਨੀ ਦੇਣ ਜਾਂ ਮਰਨ ਵਰਤ ਰੱਖਣ ਤੀਕ ਜਾਣ ਫਿਰ ਤਾਂ ਉਹ ਇਸ ਫੁੱਲ ਦਵਾਈ ਦੇ ਪੱਕੇ ਮਰੀਜ਼ ਹੋਏ। ਦਰਅਸਲ ਉਹ ਇਹ ਦੱਸਣ ਦੀ ਕੋਸਿ਼ਸ਼ ਕਰਦੇ ਹਨ ਕਿ ਉਨ੍ਹਾਂ ਦਾ ਸਖਤ ਅਨੁਸ਼ਾਸਨ ਸਭ ਦੇ ਭਲੇ ਲਈ ਹੈ ਤੇ ਇਸ ਦੀ ਸਰਬਉੱਚਤਾ ਕਾਇਮ ਰੱਖਣ ਲਈ ਉਨ੍ਹਾਂ ਦੀ ਆਪਣੀ ਕੁਰਬਾਨੀ ਸਮੇਤ ਕੋਈ ਬਲੀਦਾਨ ਵੀ ਵੱਡਾ ਨਹੀਂ। ਭਾਰਤ ਦੇ ਹਠੀ, ਯੋਗੀ, ਤਪੱਸਵੀ, ਸਖਤ ਮਰਿਆਦਾ ਵਾਲੇ ਹੱਠ-ਧਰਮੀ, ਕੱਟੜਤਾ ਨੂੰ ਪ੍ਰਣਾਏ ਧਰਮ-ਠੇਕੇਦਾਰ, ਮਰਨ ਵਰਤਾਂ ਨੂੰ ਕਾਹਲੇ ਨੇਤਾਗਣ ਆਦਿ ਸਭ ਇਸੇ ਪਰਿਭਾਸ਼ਾ ਵਿਚ ਆਉਂਦੇ ਹਨ। ਖੇਤੀ ਕਾਨੂੰਨਾਂ ਨੂੰ ਅੱਛਾ ਸਮਝ ਕੇ ਅੜੀਅਲ ਰੁਖ ਅਪਨਾਉਣ ਵਾਲੇ ਸਰਕਾਰੀ ਕਾਰਕੁਨ, ਭਾਵੇਂ ਉਹ ਆਤਮ ਤਿਆਗ ਭਾਵਨਾ ਤੋਂ ਕੋਰੇ ਹੀ ਕਿਉਂ ਨਾ ਹੋਣ, ਵੀ ਇਸੇ ਸ਼੍ਰੇਣੀ ਵਿਚ ਆਉਂਦੇ ਹਨ। ਦੂਜਿਆਂ ਨੂੰ ਸੁਤੰਤਰਤਾ ਦੀ ਰਾਹਤ ਦੇਣਾ ਤੇ ਆਪਣੀ ਤਰਜ਼ `ਤੇ ਜ਼ਿੰਦਗੀ ਜਿਊਣ ਦੇਣਾ ਉਨ੍ਹਾਂ ਦੇ ਸੁਭਾਅ ਵਿਚ ਸ਼ਾਮਲ ਨਹੀਂ। ਉਨ੍ਹਾਂ ਦਾ ਮੁੱਖ ਉਦੇਸ਼ ਆਪਣੇ ਆਦਰਸ਼ ਘੜ੍ਹ ਕੇ ਦੂਜਿਆਂ `ਤੇ ਥੋਪਣਾ ਹੁੰਦਾ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਆਪਣਾ ਹੀ ਕਲਿਆਣ ਹੋਣ ਵਾਲਾ ਹੈ। ਉਨ੍ਹਾਂ ਦਾ ਸਹੀ ਇਲਾਜ ਚੱਟਾਨਾ `ਚੋਂ ਨਿਕਲੇ ਪਾਣੀ ਤੋਂ ਬਣੀ ਬੈਚ ਦਵਾਈ ਰੌਕ ਵਾਟਰ ਹੈ।
ਰੌਕ ਵਾਟਰ ਦੇ ਸਨਾਖਤੀ ਸ਼ਬਦ ਹਨ-ਸਖਤ ਸਭਾਅ, ਕਠੋਰ ਵਿਚਾਰ, ਅਨਮੋੜ ਸ਼ੈਲੀ, ਅੰਦਰੂਨੀ ਲੋੜਾਂ ਦਾ ਤਿਆਗ ਤੇ ਕੁਰਬਾਨੀ ਦੀ ਭਾਵਨਾ। ਇਹ ਲੋਕ ਆਪਣਾ ਸੁੱਖ-ਦੁੱਖ ਭੁਲਾ ਕੇ ਆਪਣੇ ਆਦਰਸ਼ ਪੂਰੇ ਕਰਦੇ ਹਨ ਤੇ ਇਸ ਕੰਮ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ। ਡਾ. ਬੈਚ ਇਸ ਫੁੱਲ ਦਵਾਈ ਦੀ ਸ਼ਖਸੀਅਤ ਪੇਸ਼ ਕਰਦੇ ਲਿਖਦੇ ਹਨ, ‘ਇਹ ਉਨ੍ਹਾਂ ਲਈ ਹੈ, ਜੋ ਕਠੋਰ ਰਹਿਣੀ-ਸਹਿਣੀ ਦੇ ਮਾਲਕ ਹੁੰਦੇ ਹਨ ਅਤੇ ਆਪਣੇ ਆਪ ਨੂੰ ਜੀਵਨ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਤੇ ਮਾਨਸਿਕ ਲੋੜਾਂ ਤੋਂ ਦੂਰ ਰੱਖਦੇ ਹਨ। ਉਹ ਸੋਚਦੇ ਹਨ ਕਿ ਇਹ ਲੋੜਾਂ ਵਾਸ਼ਨਾਵਾਂ ਹਨ, ਜੋ ਉਨ੍ਹਾਂ ਦੇ ਸਾਦੇ ਜੀਵਨ ਵਿਚ ਅੜਿਕਾ ਪੈਦਾ ਕਰਨਗੀਆਂ।’
ਡਾ. ਬੈਚ ਦੀ ਵਾਰਤਾ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦਵਾਈ ਦੇ ਚਾਰ ਮੁੱਖ ਪਹਿਲੂ ਸਾਹਮਣੇ ਆਉਂਦੇ ਹਨ। ਪਹਿਲਾ ਇਹ ਕਿ ਇਸ ਦੇ ਮਰੀਜ਼ ਸਾਦਾ ਜੀਵਨ ਬਤੀਤ ਕਰਦੇ ਹਨ। ਉਹ ਐਸ਼ੋ-ਆਰਾਮ, ਫਜ਼ੂਲ ਖਰਚੀ ਤੇ ਦਿਖਾਵੇ ਤੋਂ ਪਰਹੇਜ਼ ਕਰਦੇ ਹਨ। ਉਨ੍ਹਾਂ ਦੀਆਂ ਲੋੜਾਂ ਬਹੁਤ ਸੀਮਤ ਤੇ ਸਾਦੀਆਂ ਹੁੰਦੀਆਂ ਹਨ। ਉਹ ਤਿਆਗ ਦੇ ਹਾਮੀ ਹੁੰਦੇ ਹਨ ਤੇ ਆਪਣੇ ਜੀਵਨ ਲਈ ਘੱਟ ਤੋਂ ਘੱਟ ਕੁਦਰਤੀ ਸੋਮੇ ਵਰਤਦੇ ਹਨ। ਜੇ ਕੋਈ ਝੋਂਪੜੀ ਵਿਚ ਰਹਿੰਦਾ ਹੋਵੇ, ਲੰਗੋਟੀ ਪਹਿਨਦਾ ਹੋਵੇ, ਘਾਹ ਫੂਸ ਦੇ ਵਿਛੌਣੇ ਤੇ ਸੌਂਦਾ ਹੋਵੇ, ਪੈਰਾਂ ਤੋ ਨੰਗਾ ਫਿਰਦਾ ਹੋਵੇ, ਫਲ-ਫੁੱਲ ਖਾ ਕੇ ਗੁਜ਼ਾਰਾ ਕਰਦਾ ਹੋਵੇ ਤੇ ਨਦੀ ਵਿਚੋਂ ਪਾਣੀ ਪੀ ਆਉਂਦਾ ਹੋਵੇ ਤਾਂ ਉਹ ਇਸ ਦਵਾਈ ਦਾ ਅਸਲ ਪ੍ਰਤਿਨਿਧਿਤਵ ਕਰਦਾ ਹੋਵੇਗਾ। ਦੂਜੇ, ਉਹ ਆਪਣੀ ਤਿਆਗਮਈ ਰਹਿਣੀ-ਸਹਿਣੀ ਨੂੰ ਆਦਰਸ਼ਕ ਮੰਨਦੇ ਹਨ। ਉਨ੍ਹਾਂ ਕੋਲ ਆਪਣਾ ਇਕ ਤਰਕ ਤੇ ਇਕ ਦਰਸ਼ਨ ਹੁੰਦਾ ਹੈ, ਜਿਸ ਰਾਹੀਂ ਉਹ ਆਪਣੇ ਵਿਚਾਰਾਂ ਨੂੰ ਪ੍ਰਣਾਏ ਰਹਿੰਦੇ ਹਨ। ਉਹ ਆਪਣੀ ਵਿਚਾਰਧਾਰਾ ਦੇ ਇਕ ਇਕ ਅਸੂਲ `ਤੇ ਡਟ ਕੇ ਪਹਿਰਾ ਦਿੰਦੇ ਹਨ ਤੇ ਇਨ੍ਹਾਂ ਨੂੰ ਖੋਰਾ ਨਹੀਂ ਲੱਗਣ ਦਿੰਦੇ। ਅਜਿਹਾ ਉਪਰਾਲਾ ਕਰਦੇ ਉਹ ਬਿਲਕੁਲ ਖੁਸ਼ਕ ਬਣ ਜਾਂਦੇ ਹਨ ਤੇ ਅਕਸਰ ਲੋਕਾਂ ਤੋਂ ਟੁੱਟ ਜਾਂਦੇ ਹਨ। ਤੀਜੇ, ਉਹ ਆਪਣੀ ਜੀਵਨ ਸ਼ੈਲੀ ਪ੍ਰਤੀ ਇੰਨੇ ਦ੍ਰਿੜ-ਸਨਮਾਨੀ ਹੁੰਦੇ ਹਨ ਕਿ ਇਸ ਲਈ ਹਰ ਬਲਿਦਾਨ ਕਰ ਸਕਦੇ ਹਨ। ਉਹ ਤਿਆਗ ਤੇ ਬਲੀਦਾਨ ਕਰ ਕੇ ਕਿਸੇ `ਤੇ ਅਹਿਸਾਨ ਨਹੀਂ ਜਤਾਉਂਦੇ ਤੇ ਨਾ ਹੀ ਇਨ੍ਹਾਂ ਭਾਵਨਾਵਾਂ ਦਾ ਕੋਈ ਹੋਰ ਮੁੱਲ ਪਾਉਂਦੇ ਹਨ। ਉਹ ਤਾਂ ਇਨ੍ਹਾਂ ਨੂੰ ਆਪਣੇ ਸਿਦਕ ਦਾ ਪ੍ਰਤੀਕ ਮੰਨਦੇ ਹਨ। ਇਸ ਗੁਣ ਕਾਰਨ ਉਹ ਹਰਮਨ ਪਿਆਰੇ ਵੀ ਬਣ ਜਾਂਦੇ ਹਨ। ਚੌਥੇ, ਉਹ ਆਪਣੇ ਵਿਚਾਰਾਂ ਨੂੰ ਸਿਰਫ ਆਪਣੇ ਲਈ ਹੀ ਆਦਰਸ਼ਕ ਨਹੀਂ ਮੰਨਦੇ, ਸਗੋਂ ਸਭ ਲਈ ਯੋਗ ਸਮਝਦੇ ਹਨ। ਇਸ ਲਈ ਉਹ ਇਨ੍ਹਾਂ ਦਾ ਪ੍ਰਚਾਰ ਤੇ ਪਰਸਾਰ ਕਰਨ ਲਈ ਟਿੱਲ ਦਾ ਜੋਰ ਲਾ ਦਿੰਦੇ ਹਨ। ਕਠਿਨ ਕੰਮ ਕਰਕੇ ਜਾਤੀ ਮਿਸਾਲਾਂ ਪੈਦਾ ਕਰਨਾ, ਪੁੰਨ ਦਾਨ ਕਰਨਾ, ਯੱਗ-ਭੰਡਾਰੇ ਕਰਨਾ, ਲੰਗਰ ਵਰਤਾਉਣਾ ਤੇ ਨਿਮਾਣੇ ਬਣ ਕੇ ਦੂਜਿਆਂ ਦੀ ਸੇਵਾ ਕਰਨਾ ਉਨ੍ਹਾਂ ਦੇ ਕੁਝ ਕੁ ਪ੍ਰਚਾਰ ਸਾਧਨ ਹਨ।
ਰੌਕ ਵਾਟਰ ਦੇ ਉਪਰੋਕਤ ਵੇਰਵੇ ਤੋਂ ਇਸ ਫੁੱਲ ਦਵਾਈ ਦੀ ਜੋ ਛਵੀ ਬਣਦੀ ਹੈ, ਉਹ ਪੁਰਾਤਨ ਰਿਸ਼ੀਆਂ ਮੁਨੀਆਂ ਤੇ ਮਹਾਤਮਾਵਾਂ ਨਾਲ ਮੇਲ ਖਾਂਦੀ ਹੈ। ਉਹ ਵੀ ਸਖਤ ਸੁਭਾਅ ਕਾਰਨ ਦੂਜਿਆਂ `ਤੇ ਛਾਏ ਰਹਿੰਦੇ ਸਨ ਤੇ ਗੱਲ ਗੱਲ `ਤੇ ਸਰਾਪ ਦੇ ਦਿੰਦੇ ਸਨ। ਜੋਤਿਸ਼ ਗਿਆਨੀ ਇਸ ਨੂੰ ‘ਸਨੀ ਸੁਭਾਅ’ ਕਹਿੰਦੇ ਹਨ, ਕਿਉਂਕਿ ਪੁਰਾਤਨ ਸਾਸ਼ਤਰਾਂ ਅਨੁਸਾਰ ਸਨਿਚਰ ਗ੍ਰਹਿ ਜਬਤ, ਕੰਟਰੋਲ, ਮਿਹਨਤ, ਇਨਸਾਫ ਤੇ ਦੰਡ ਦਾ ਪ੍ਰਤੀਕ ਹੈ। ਕਹਿਣ ਨੂੰ ਤਾਂ ਇਹ ਮਹਾਂਭਾਰਤ ਦੇ ਕਿਰਦਾਰ ਭੀਸਮ ਪਿਤਾਮਾ ਨਾਲ ਵੀ ਮਿਲਦਾ ਹੈ, ਜੋ ਹਮੇਸ਼ਾ ਪਰੰਪਰਾ, ਅਨੁਸ਼ਾਸਨ ਤੇ ਤਿਆਗ ਦੀ ਭਾਸ਼ਾ ਬੋਲਦਾ ਸੀ। ਅਜੋਕੇ ਯੁਗ ਵਿਚ ਮਹਾਤਮਾ ਗਾਂਧੀ, ਵਿਨੋਭਾ ਤੇ ਖਦਰਧਾਰੀ ਅੰਨਾ ਵੀ ਇਸ ਸੂਚੀ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ, ਕਿਉਂਕਿ ਇਨ੍ਹਾਂ ਦਾ ਕਿਰਦਾਰ ਵੀ ਕੁਝ ਕੁਝ ਇੱਦਾਂ ਦੇ ਹੀ ਹੈ। ਜੇ ਇਸ ਨੂੰ ਹੀ ਸੱਚ ਮੰਨ ਲਈਏ ਤਾਂ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਰੌਕ ਵਾਟਰ ਇਕ ‘ਵੀ. ਆਈ. ਪੀ.‘ ਦਵਾਈ ਹੈ, ਜੋ ਕੁਝ ਕੁ ਨੇਤਾਗਣਾਂ ਲਈ ਹੀ ਬਣੀ ਹੈ? ਅਰਥਾਤ ਕੀ ਆਮ ਆਦਮੀ ਆਪਣੀ ਕਿਸੇ ਤਕਲੀਫ ਲਈ ਰੌਕ ਵਾਟਰ ਤੋਂ ਕੋਈ ਲਾਭ ਨਹੀਂ ਉਠਾ ਸਕਦਾ? ਇਹ ਧਾਰਨਾ ਸਰਾਸਰ ਗਲਤ ਹੈ।
ਇਸ ਦਾ ਕਾਰਨ ਇਹ ਹੈ ਕਿ ਸੰਪੂਰਨ ਰੌਕ ਵਾਟਰ ਸੁਭਾਅ ਦੇ ਕਈ ਭਾਗ ਜਾਂ ਤੱਤ ਹਨ, ਜੋ ਘੱਟ ਜਾਂ ਵੱਧ ਮਾਤਰਾ ਵਿਚ ਇਸ ਦੇ ਹਰ ਮਰੀਜ਼ ਦੇ ਸੁਭਾਅ ਵਿਚ ਪਾਏ ਜਾਂਦੇ ਹਨ। ਇਨ੍ਹਾਂ ਵਿਚੋਂ ਸਾਦੀ ਰਹਿਣੀ-ਬਹਿਣੀ, ਕੱਟੜ ਵਿਚਾਰਧਾਰਾ, ਬੇਲਚਕ ਵਿਚਾਰ, ਕੜੀ ਨਿਯਮ-ਪਾਲਣਾ, ਕਠੋਰ ਅਨੁਸ਼ਾਸਨ, ਵਫਾਦਾਰੀ ਦੀ ਭਾਵਨਾ, ਆਤਮ ਤਿਆਗ ਜਾਂ ਕੁਰਬਾਨੀ ਦਾ ਜਜ਼ਬਾ ਆਦਿ ਇਸ ਦੇ ਮੁੱਖ ਭਾਗ ਹਨ। ਰੌਕ ਵਾਟਰ ਦੇ ਕਿਰਦਾਰ ਭਾਵ ਇਸ ਫੁੱਲ ਦਵਾਈ ਦੇ ਮਰੀਜ਼ ਵਿਚ ਜਰੂਰੀ ਨਹੀਂ ਕਿ ਸਾਰੇ ਤੱਤ ਮਿਲਦੇ ਹੋਣ। ਉਸ ਵਿਚ ਕੋਈ ਤੱਤ ਵੱਧ, ਕੋਈ ਘੱਟ ਤੇ ਕੋਈ ਗੈਰਹਾਜ਼ਰ ਵੀ ਹੋ ਸਕਦਾ ਹੈ। ਇਸ ਲਈ ਸਾਰੇ ਤੱਤਾਂ ਦੇ ਸਾਵੇ ਹੋਣ `ਤੇ ਜੋਰ ਦੇਣਾ ਠੀਕ ਨਹੀਂ। ਜੇ ਇਨ੍ਹਾਂ `ਚੋਂ ਕੋਈ ਇਕ ਤੱਤ ਵੀ ਉੱਭਰਿਆ ਹੋਇਆ ਮਿਲਦਾ ਹੈ ਤਾਂ ਇਹ ਦਵਾਈ ਦਿੱਤੀ ਜਾ ਸਕਦੀ ਹੈ। ਇਸ ਦੀ ਇਕ ਖੁਰਾਕ ਹੀ ਉਸ ਨੂੰ ਦਰਸਾ ਦੇਵੇਗੀ ਕਿ ਉਹ ਕਿਸ ਪਾਸਿਓਂ ਗਲਤ ਸੀ। ਇੱਥੇ ਇਹ ਜਾਣ ਲੈਣਾ ਜਰੂਰੀ ਹੈ ਕਿ ਹੋਮਿਓਪੈਥੀ ਹੋਵੇ ਭਾਵੇਂ ਬੈਚ ਪ੍ਰਣਾਲੀ, ਕਿਸੇ ਵੀ ਦਵਾਈ ਦਾ ਸਾਰੇ ਦਾ ਸਾਰਾ ਮੈਟੀਰੀਆ ਮੈਡੀਕਾ ਕਿਸੇ ਮਰੀਜ਼ `ਤੇ ਨਹੀਂ ਠੋਸਣਾ ਹੁੰਦਾ। ਬਸ ਮਰੀਜ਼ ਦੀ ਹਾਲਤ ਦਾ ਖੁਲਾਸਾ (ਆਤਮਾ) ਦਵਾਈ ਦੇ ਪ੍ਰਭਾਵ (ਆਤਮਾ) ਨਾਲ ਮਿਲਦਾ ਹੋਣਾ ਚਾਹੀਦੀ ਹੈ। ਇਸ ਨੂੰ ਹੋਮਿਓਪੈਥੀਸਿਟੀ (੍ਹੋਮੲੋਪਅਟਹਚਿਟਿੇ) ਦਾ ਸਬੰਧ ਕਹਿੰਦੇ ਹਨ। ਸਾਦੇ ਸ਼ਬਦਾਂ ਵਿਚ ਜਦੋਂ ਮਰੀਜ਼ ਅਤੇ ਮੈਟੀਰੀਆ ਮੈਡੀਕਾ ਦੇ ਭਰਵੇਂ ਅਧਿਐਨ ਤੋਂ ਇਹ ਜਾਪੇ ਕਿ ਇਹੀ ਉਸ ਦੀ ਦਵਾਈ ਹੈ ਤੇ ਇਸ ਤੋਂ ਬਿਨਾ ਦੂਜੀ ਕੋਈ ਹੋਰ ਨਹੀਂ ਹੈ ਤਾਂ ਹੋਮਿਓਪੈਥੀਸਿਟੀ ਦਾ ਸਬੰਧ ਕਾਇਮ ਹੋਇਆ ਮੰਨਿਆ ਜਾਂਦਾ ਹੈ। ਜਿਸ ਦਵਾਈ ਨਾਲ ਮਰੀਜ਼ ਦਾ ਇਹ ਸਬੰਧ ਬਣਦਾ ਹੋਵੇ, ਉਸ ਨੂੰ ਉਹੀ ਦਿੱਤੀ ਜਾਂਦੀ ਹੈ ਤੇ ਉਹੀ ਦੇ ਦੇਣੀ ਚਾਹੀਦੀ ਹੈ। ਇੱਥੇ ਇਹ ਪ੍ਰਣਾਲੀਆਂ ਐਲੋਪੈਥੀ ਨਾਲੋਂ ਵੱਖ ਹਨ, ਜਿਸ ਵਿਚ ਮਰੀਜ਼ ਆਪਣੀ ਬਿਮਾਰੀ ਸਮੇਤ ਅਲੋਪ ਹੁੰਦਾ ਹੈ ਤੇ ਦਵਾਈ ਦਾ ਸਬੰਧ ਬਹੁਤਾ ਉਸ ਦੇ ਸਰੀਰ ਵਿਚਲੇ ਜਰਮਾਂ, ਕਿਰਮਾਂ ਤੇ ਪ੍ਰੀਕ੍ਰਿਆਵਾਂ ਦੇ ਮਾਪ ਸੂਚਕਾਂ ਨਾਲ ਹੁੰਦਾ ਹੈ।
ਇਸ ਤਰ੍ਹਾਂ ਦੂਜੀਆਂ ਦਵਾਈਆਂ ਵਾਂਗ ਰੌਕ ਵਾਟਰ ਵੀ ਵੱਡੇ ਪੈਮਾਨੇ `ਤੇ ਇਸਤੇਮਾਲ ਹੋਣ ਵਾਲੀ ਦਵਾਈ ਹੈ। ਜੇ ਕੋਈ ਵਿਅਕਤੀ ਆਪਣੇ ਆਦਰਸ਼ ਪ੍ਰਤੀ ਇੰਨਾ ਸੰਵੇਦਨਸ਼ੀਲ ਹੋਵੇ ਕਿ ਉਹ ਇਨਸਾਨੀਅਤ ਤੋਂ ਬੇਮੁਖ ਹੋ ਜਾਵੇ ਭਾਵ ਲੋਕਾਂ ਦੀ ਪ੍ਰਵਾਹ ਨਾ ਕਰੇ, ਉਹ ਇਸ ਦਵਾਈ ਦਾ ਮਰੀਜ਼ ਹੈ। ਇਹ ਜਰੂਰੀ ਨਹੀਂ ਕਿ ਉਹ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਕਿਸੇ ਪ੍ਰਦੇਸ਼ ਦਾ ਮੁੱਖ ਮੰਤਰੀ ਹੀ ਹੋਵੇ, ਸਗੋਂ ਆਮ ਚਲਦਾ ਕੋਈ ਸਾਧਾਰਨ ਵਿਅਕਤੀ ਵੀ ਹੋ ਸਕਦਾ ਹੈ। ਮੇਰੀ ਪ੍ਰੈਕਟਿਸ ਵਿਚ ਇਕ ਵਿਲੱਖਣ ਕੇਸ ਆਇਆ, ਜਿਸ ਵਿਚ ਇਕ ਲੜਕਾ ਆਪਣੇ ਪਿਤਾ ਨੂੰ ਇਲਾਜ ਕਰਵਾਉਣ ਲਈ ਲਿਆਇਆ। ਉਸ ਨੇ ਕਿਹਾ ਕਿ ਉਸ ਦਾ ਪਿਓ ਬੜਾ ਝਗੜਾਲੂ ਹੈ ਤੇ ਜਣੇ-ਖਣੇ ਨਾਲ ਪੰਗਾ ਲੈਂਦਾ ਹੈ। ਉਸ ਨੇ ਕਿਹਾ ਕਿ ਕਈ ਵਾਰ ਤਾਂ ਮਸਲਾ ਗੰਭੀਰ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਨਮੋਸ਼ੀ ਉਠਾਉਣੀ ਪੈਂਦੀ ਹੈ। ‘ਐਲੋਪੈਥੀ ਡਾਕਟਰਾਂ ਨੇ ਇਸ ਨੂੰ ਗੁੱਸੇ ਦੀਆਂ ਦਵਾਈਆਂ ਦਿੱਤੀਆਂ ਹਨ, ਪਰ ਗੁੱਸਾ ਤਾਂ ਇਸ ਨੂੰ ਆਉਂਦਾ ਨਹੀਂ। ਇਹ ਤਾਂ ਗਲਤ ਚਲਦੇ ਲੋਕਾਂ ਨੂੰ ਸਮਝਾਉਣ ਲਈ ਉਲਝਦਾ ਹੈ ਤੇ ਅਗਲੇ ਇਸ ਨੂੰ ਘੇਰ ਲੈਂਦੇ ਹਨ।’ ਮੇਰਾ ਮੱਥਾ ਠਣਕਿਆ ਕਿ ਉਹ ਕੋਈ ਅਸੂਲ-ਪਸੰਦ ਪਰਉਪਕਾਰੀ ਲਗਦਾ ਮਾਣਸ ਕਿਤੇ ਰੌਕ ਵਾਟਰ ਦਾ ਮਰੀਜ਼ ਨਾ ਹੋਵੇ। ਆਪਣਾ ਸ਼ੱਕ ਪੱਕਾ ਕਰਨ ਲਈ ਮੈਂ ਪੁੱਛਿਆ, ‘ਦੂਜਿਆਂ ਨੂੰ ਵੀ ਤਾਂ ਹੀ ਸਮਝਾਉਂਦਾ ਹੋਊ ਜੇ ਆਪ ਰਹਿਣੀ ਸਹਿਣੀ ਦਾ ਪੱਕਾ ਹੋਊ?’
ਲੜਕਾ ਖੁੱਲ੍ਹ ਕੇ ਬੋਲਿਆ, ‘ਬਸ ਪੁੱਛੋ ਨਾ ਜੀ। ਅੰਮ੍ਰਿਤ ਛਕਿਆ ਹੋਇਆ ਹੈ, ਕੱਕਾਰ ਪਹਿਨੇ ਹੋਏ ਹਨ ਤੇ ਪੂਰੇ ਨਿੱਤਨੇਮੀ ਹਨ। ਸਵੇਰੇ ਚਾਰ ਵਜੇ ਉੱਠਣਾ, ਬਾਬਾ ਜੀ ਦਾ ਪ੍ਰਕਾਸ਼ ਕਰਨਾ, ਸਭ ਬਾਣੀਆਂ ਪੜ੍ਹਨ ਉਪਰੰਤ ਸੱਤ ਵਜੇ ਅਰਦਾਸ ਕਰਨਾ ਇਨ੍ਹਾਂ ਦਾ ਰੋਜ਼ ਦਾ ਕੰਮ ਹੈ। ਇਸ ਤੋਂ ਬਾਅਦ ਸੈਰ ਵੀ ਜਰੂਰ ਕਰਦੇ ਹਨ।’
‘ਕਦੇ ਕਦਾਈ ਤਾਂ ਨਾਗਾ ਪਾ ਦਿੰਦੇ ਹੋਣਗੇ?’ ਮੈਂ ਸੁਭਾਵਿਕ ਤੌਰ `ਤੇ ਪੁੱਛਿਆ। ਉਹ ਬੋਲਿਆ, ‘ਨਾ ਜੀ ਨਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਪਿੱਛੇ ਜਿਹੇ ਇਨ੍ਹਾਂ ਦੇ ਦੋਸਤ ਦੇ ਮੁੰਡੇ ਦੀ ਸ਼ਾਦੀ ਸੀ। ਬਰਾਤ ਦੂਰ ਅੰਮ੍ਰਿਤਸਰ ਜਾਣੀ ਸੀ, ਇਸ ਲਈ ਇੱਥੋਂ ਛੇ ਵਜੇ ਚੱਲਣ ਦਾ ਪ੍ਰੋਗਰਾਮ ਸੀ। ਇਨ੍ਹਾਂ ਨੇ ਆਪਣੇ ਨਿੱਤ ਨੇਮ ਕਰਕੇ ਅੱਠ ਵਜੇ ਤੋਂ ਪਹਿਲਾਂ ਜਾਣ ਤੋਂ ਜਵਾਬ ਦੇ ਦਿੱਤਾ। ਅਸੀਂ ਬੜਾ ਜੋਰ ਲਾਇਆ ਕਿ ਇਕ ਦਿਨ ਪਾਠ ਘੱਟ ਕਰ ਲਿਓ, ਪਰ ਇਹ ਨਾ ਮੰਨੇ। ਅਖੀਰ ਇਨ੍ਹਾਂ ਨੂੰ ਲਿਜਾਉਣ ਲਈ ਬਰਾਤ ਦਾ ਸਮਾਂ ਹੀ ਬਦਲ ਕੇ ਅੱਠ ਵਜੇ ਦਾ ਕਰਨਾ ਪਿਆ।’ ਮੈਂ ਉਸ ਨੂੰ ਤਿੰਨ ਮਹੀਨੇ ਫੁੱਲ ਦਵਾਈ ਰੌਕ ਵਾਟਰ ਦਿੱਤੀ ਤੇ ਉਸ ਦਾ ਸੁਭਾਓ ਸਹਿਨਸ਼ੀਲ ਹੋ ਗਿਆ। ਹੁਣ ਉਹ ਲੋਕਾਂ ਦੀਆਂ ‘ਕੁਰਹਿਤਾਂ’ ਅਣਗੌਲੀਆਂ ਕਰ ਕੇ ਚੁੱਪ ਚਾਪ ਲੰਘ ਜਾਂਦਾ ਹੈ।
ਰੌਕ ਵਾਟਰ ਦੇ ਮਰੀਜ਼ ਨਿਯਮਾਂ ਨੂੰ ਜੀਵਨ ਦੀਆਂ ਖੁਸ਼ੀਆਂ ਤੋਂ ਉੱਪਰ ਰੱਖਦੇ ਹਨ, ਇਸ ਲਈ ਉਹ ਆਪਣੇ ਵਿਹਾਰ ਵਿਚ ਰੁੱਖੇ, ਵਹਿਮੀ ਤੇ ਗੈਰ-ਅਮਲੀ ਹੋ ਜਾਂਦੇ ਹਨ। ਹੌਲੀ ਹੌਲੀ ਇਹ ਵਿਕਾਰ ਉਨ੍ਹਾਂ ਦੀ ਮਾਨਸਿਕਤਾ ਵਿਚ ਘਰ ਕਰ ਜਾਂਦੇ ਹਨ। ਕਿਉਂਕਿ ਉਨ੍ਹਾਂ ਦੇ ਖੁਸ਼ਕ ਅਸੂਲ ਦੂਜੇ ਲੋਕਾਂ ਦੀ ਸਮਝ ਤੋਂ ਬਾਹਰ ਤੇ ਕਰਨੀ ਤੋਂ ਪਰ੍ਹੇ ਹੁੰਦੇ ਹਨ, ਇਸ ਲਈ ਲੋਕ ਉਨ੍ਹਾਂ ਦੀ ਕਦਰ ਕਰਨਾ ਛੱਡ ਜਾਂਦੇ ਹਨ। ਇਸ ਨਾਲ ਉਹ ਲੋਕਾਂ ਦੇ ਪਰਿਹਾਸ ਦੇ ਪਾਤਰ ਬਣ ਜਾਂਦੇ ਹਨ ਤੇ ਸਮਾਜ ਵਿਚ ਇਕੱਲੇ ਪੈ ਜਾਂਦੇ ਹਨ। ਆਪਣੇ ਘਟਦੇ ਵੱਕਾਰ ਕਾਰਨ ਉਹ ਮਨ ਹੀ ਮਨ ਧੁਖਦੇ ਰਹਿੰਦੇ ਹਨ ਤੇ ਉਨ੍ਹਾਂ ਵਿਚ ਗੁੱਸਾ ਤੇ ਚਿੜਚਿੜਾਪਨ ਆ ਜਾਂਦਾ ਹੈ। ਸਖਤ ਡਿਸਿਪਲਨ ਤੇ ਖਾਣ ਪੀਣ ਦੇ ਬੰਧੇਜ ਕਾਰਨ ਉਨ੍ਹਾਂ ਦਾ ਸਰੀਰ ਪਹਿਲਾਂ ਹੀ ਕਮਜ਼ੋਰ ਪੈ ਪਿਆ ਹੁੰਦਾ ਹੈ। ਇਸ ਲਈ ਦਿਲ ਦੀ ਤਕਲੀਫ, ਐਨਜਾਈਨਾ ਦਰਦ, ਦਿਲ ਦੇ ਦੌਰੇ ਉਨ੍ਹਾਂ ਲਈ ਮੁੱਖ ਸਮੱਸਿਆ ਬਣ ਜਾਂਦੇ ਹਨ। ਪੱਠੇ ਸਖਤ ਹੋਣ ਕਾਰਨ ਉਨ੍ਹਾਂ ਦੇ ਅੰਗਾਂ ਵਿਚ ਕੜੱਲ ਪੈਣ ਲਗਦੇ ਹਨ ਤੇ ਰੀੜ੍ਹ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਧੌਣ ਦਾ ਅਕੜੇਵਾਂ ਤੇ ਗਿੱਚੀ ਵਿਚ ਦਰਦ ਆਮ ਹੋ ਜਾਂਦਾ ਹੈ। ਕਿਉਂਕਿ ਇਹ ਲੋਕ ਬ੍ਰਹਮਚਾਰਤਾ ਨੂੰ ਵੀ ਆਪਣੇ ਉਚ ਨੈਤਿਕ ਅਸੂਲਾਂ ਵਿਚ ਜੋੜਦੇ ਹਨ, ਇਸ ਲਈ ਉਨ੍ਹਾਂ ਨੂੰ ਉਹ ਸਾਰੇ ਰੋਗ ਹੋ ਸਕਦੇ ਹਨ ਜੋ ਯੌਨ-ਦਮਨ (ੰੲਣ ਸੁਪਪਰੲਸਸੋਿਨ) ਕਾਰਨ ਅਕਸਰ ਹੋ ਜਾਂਦੇ ਹਨ। ਇਨ੍ਹਾਂ ਸਭ ਸਮੱਸਿਆਵਾਂ ਦਾ ਅਸਲ ਇਲਾਜ ਫੁੱਲ ਦਵਾਈ ਰੌਕ ਵਾਟਰ ਵਿਚ ਹੈ, ਜਿਸ ਦੇ ਸੇਵਨ ਨਾਲ ਉਨ੍ਹਾਂ ਦੀਆਂ ਮਾਨਸਿਕ ਦੁਬਿਧਾਵਾਂ ਤੇ ਸਰੀਰਕ ਬਿਮਾਰੀਆਂ ਛੂ-ਮੰਤਰ ਹੋ ਸਕਦੀਆਂ ਹਨ।
ਅੰਦਰੋਂ ਬਿਮਾਰ ਰਹਿ ਕੇ ਇਹ ਵਿਅਕਤੀ ਸੋਚਦੇ ਹਨ ਕਿ ਉਨ੍ਹਾਂ ਦਾ ਜ਼ਾਬਤਾ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਇਆ। ਨੈਤਿਕਤਾ ਦੀ ਸਖਤ ਪਾਲਣਾ ਉਪਰੰਤ ਉਹ ਵੀ ਉਨ੍ਹਾਂ ਵਾਂਗ ਹੀ ਬੀਮਾਰ ਰਹਿੰਦੇ ਹਨ, ਜੋ ਜ਼ਾਬਤੇ ਵਿਚ ਨਹੀਂ ਹਨ। ਉਹ ਇਹ ਵੀ ਸੋਚਦੇ ਹਨ ਕਿ ਸੰਸਾਰ ਵਿਚ ਪਾਪ ਵਧ ਰਿਹਾ ਹੈ, ਜਿਸ ਕਾਰਨ ਦੁਨੀਆਂ ਦਾ ਅੰਤ ਨੇੜੇ ਹੈ। ਅਜਿਹੇ ਵਿਚਾਰ ਉਨ੍ਹਾਂ ਨੂੰ ਡਿਪ੍ਰੈਸ਼ਨ ਵਿਚ ਲੈ ਜਾਂਦੇ ਹਨ, ਜਿਸ ਵਿਚ ਆਪਣੀ ਕਾਰਗੁਜ਼ਾਰੀ ਤੋਂ ਬਿਨਾ ਉਨ੍ਹਾਂ ਨੂੰ ਸਭ ਕੁਝ ਕਾਲਾ ਦਿਖਾਈ ਦਿੰਦਾ ਹੈ। ਬਾਹਰਲੀਆਂ ਖੁਸ਼ੀਆਂ ਤਾਂ ਉਨ੍ਹਾਂ ਨੇ ਪਹਿਲਾਂ ਹੀ ਦੁਰਕਾਰ ਦਿੱਤੀਆਂ ਹੁੰਦੀਆਂ ਹਨ, ਪਰ ਅੰਦਰੋਂ ਵੀ ਠੀਕ ਨਾ ਰਹਿ ਕੇ ਅੰਤ ਸਮੇਂ ਉਹ ਆਪਣੇ ਆਪ ਨੂੰ ਦੁਰਭਾਗੇ ਸਮਝਦੇ ਹਨ। ਇਹੀ ਕਾਰਨ ਹੈ ਕਿ ਕਦੇ ਕਦੇ ਇਸ ਪਛਤਾਵੇ ਦੇ ਅਸੀਮ ਭਾਰ ਪੈਣ `ਤੇ ਉਹ ਟੁੱਟ ਵੀ ਜਾਂਦੇ ਹਨ ਤੇ ਸਾਧਾਰਨ ਜੀਵਨ ਬਤੀਤ ਕਰਨ ਲੱਗਦੇ ਹਨ। ਕਈ ਸਾਲ ਪਹਿਲਾਂ ਸਾਡੇ ਪਿੰਡ ਦੇ ਬਾਹਰ ਇਕ ਸਾਧ ਆ ਕੇ ਰਹਿਣ ਲੱਗਿਆ। ਬਸਤੀ ਤੋਂ ਦੂਰ ਦੋ ਪਿੰਡਾਂ ਦੇ ਦੰਦੇ `ਤੇ ਉਸ ਨੇ ਇਕ ਦਰਖਤ ਹੇਠ ਰਹਿਣ ਲਈ ਇਕ ਘਾਹ ਫੂਸ ਦੀ ਥਾਂ ਬਣਾ ਲਈ। ਪਿੰਡ ਵਿਚ ਇਸ ਗੱਲ ਦੀ ਚਰਚਾ ਹੋਈ ਤਾਂ ਕਈ ਪਿੰਡ ਵਾਸੀ ਉਸ ਕੋਲ ਗਏ। ਉਨ੍ਹਾਂ ਨੇ ਦੇਖਿਆ ਕਿ ਸਾਧ ਬਿਲਕੁਲ ਨੰਗਾ ਹੈ ਤੇ ਬੋਲਦਾ ਵੀ ਨਹੀਂ। ਉਸ ਨੇ ਧਰਤੀ `ਤੇ ਲਿਖ ਕੇ ਦੱਸਿਆ ਕਿ ਉਸ ਦਾ ਨਾਂ ਸਿਵਨਾਥ ਸੀ; ਉਹ ਗੁੰਗਾ ਨਹੀਂ ਸੀ, ਪਰ ਆਪਣੇ ਨਾਗਾ ਪੰਥ ਦੇ ਨਿਯਮਾਂ ਅਨੁਸਾਰ ਮੌਨ ਰਹਿੰਦਾ ਸੀ। ਪਿੰਡ ਵਾਲਿਆਂ ਨੇ ਉਸ ਦੇ ਰੋਟੀ ਪਾਣੀ ਦੀ ਵਾਰੀ ਬੰਨ ਲਈ। ਉਨ੍ਹਾਂ ਨੇ ਉਸ ਨੂੰ ਆਬਾਦੀ ਨੇੜੇ ਚਲਣ ਲਈ ਕਿਹਾ, ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਪਿੰਡ ਵਾਲਿਆਂ ਨੇ ਉਸ ਨੂੰ ਉੱਥੇ ਹੀ ਪੱਕੀ ਕੁਟੀਆ ਬਣਾਉਣ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਉਹ ਵੀ ਠੁਕਰਾ ਦਿੱਤੀ। ਉਸ ਨੇ ਕਿਹਾ ਕਿ ਉਹ ਗਰਮੀ, ਸਰਦੀ ਤੇ ਬਰਸਾਤ ਦਰਖਤ ਹੇਠ ਰਹਿ ਕੇ ਹੀ ਗੁਜ਼ਾਰੇਗਾ। ਪਿੰਡ ਵਾਲਿਆਂ ਤੋਂ ਇਹ ਹੱਠ ਜਰਿਆ ਨਾ ਗਿਆ। ਉਨ੍ਹਾਂ ਕਿਹਾ, ਬਾਬਾ ਜੀ ਤੁਸੀਂ ਜਿੱਥੇ ਬੈਠੇ ਹੋ, ਬੈਠੇ ਰਹੋ। ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਤੁਸੀਂ ਸਾਨੂੰ ਨਾ ਕਿਹੋ। ਉਨ੍ਹਾਂ ਨੇ ਉਸ ਦੇ ਬੈਠੇ ਬਿਠਾਏ ਹੀ ਚਾਰੇ ਪਾਸੇ ਚਾਰ ਡੰਡੇ ਗੱਡ ਕੇ ਟਾਟ ਬੋਰੀਆਂ ਦੀ ਕੁਟੀਆ ਉਸਾਰ ਦਿੱਤੀ।
ਸਾਧ ਕੋਲ ਵਡੇਰੀ ਉਮਰ ਦੇ ਮਰਦ ਹੀ ਜਾਂਦੇ ਸਨ; ਔਰਤਾਂ ਤੇ ਬੱਚੇ ਉਸ ਤੋਂ ਦੂਰ ਰਹਿੰਦੇ ਸਨ। ਕਿਸੇ ਕਿਸੇ ਵੇਲੇ ਸਾਧ ਕੁਟੀਆ ਤੋਂ ਬਾਹਰ ਨਿਕਲ ਕੇ ਰੋਹੀਆਂ ਵਿਚ ਘੁੰਮਦਾ ਤੇ ਕਦੇ ਕਦੇ ਉਹ ਕਿਸੇ ਹਲ ਵਾਹੁੰਦੇ ਹਾਲੀ ਦੇ ਪਿੱਛੇ ਪਿੱਛੇ ਵੀ ਚਲਦਾ ਰਹਿੰਦਾ। ਅਜਿਹੇ ਵੇਲੇ ਹੀ ਮੈਨੂੰ ਉਸ ਨੂੰ ਦੂਰੋਂ ਦੇਖਣ ਦਾ ਇਤਫਾਕ ਹੋਇਆ। ਲੰਮੀ ਕਾਲੀ ਦਾਹੜੀ, ਖੁੱਲ੍ਹੇ ਲੰਮੇ ਵਾਲ ਤੇ ਮਿੱਟੀ ਲਿਬੜਿਆ ਸਡੌਲ ਸਰੀਰ ਦੇਖ ਕੇ ਮੈਨੂੰ ਉਸ ਵਿਚ ਕੁਝ ਵੀ ਖਾਸ ਨਾ ਲੱਗਿਆ। ਸਿਰਫ ਇਕ ਘ੍ਰਿਣਾ ਭਰਿਆ ਅਹਿਸਾਸ ਹੋਇਆ ਕਿ ਜੇ ਕਪੜੇ ਨਾ ਪਾਏ ਹੋਣ ਤਾਂ ਬੰਦੇ ਵੀ ਜਾਨਵਰਾਂ ਜਿਹੇ ਹੀ ਲੱਗਣ। ਮੇਰੇ ਪਿਤਾ ਦੇ ਦੱਸਣ ਅਨੁਸਾਰ ਉਸ ਦੀ ਉਮਰ ਕੋਈ ਖਾਸ ਨਹੀਂ ਸੀ, ਐਵੇਂ ਤੀਹ ਪੈਂਤੀ ਸਾਲ ਹੀ ਸੀ। ਉਹ ਆਪਣੇ ਪਿਛਲੇ ਠਿਕਾਣੇ ਬਾਰੇ ਕੁਝ ਨਹੀਂ ਸੀ ਦੱਸਦਾ, ਬਸ ਇਹੀ ਕਹਿੰਦਾ ਸੀ ਕਿ ਉਹ ਨਾਭੇ ਵੱਲ ਦਾ ਹੈ।
ਦੋ ਕੁ ਸਾਲ ਇੱਦਾਂ ਰਹਿਣ ਤੋਂ ਬਾਅਦ ਬਾਬੇ ਨੇ ਕਿਹਾ ਕਿ ਉਹ ਪਿੰਡ ਵਾਲਿਆਂ ਦੀ ਸੇਵਾ ਤੋਂ ਬਹੁਤ ਖੁਸ਼ ਹੈ ਤੇ ਪਿੰਡ ਦੀ ਖੁਸ਼ਹਾਲੀ ਲਈ ਮਿੱਠੇ ਚੌਲਾਂ ਦਾ ਜੱਗ ਕਰਨਾ ਚਾਹੁੰਦਾ ਹੈ, ਪਰ ਅਸੀਰਵਾਦ ਤੋਂ ਪਹਿਲਾਂ ਉਹ ਪੰਦਰਾਂ ਦਿਨਾਂ ਦੀ ਤਪੱਸਿਆ ਕਰਨੀ ਚਾਹੁੰਦਾ ਹੈ, ਇਸ ਲਈ ਭੋਜਨ ਦੇਣ ਤੋਂ ਬਿਨਾ ਕੋਈ ਉਸ ਨੂੰ ਮਿਲਣ ਨਾ ਆਵੇ। ਪਿੰਡ ਵਾਲਿਆਂ ਨੇ ਉਸ ਦੀ ਉੱਚ ਕਰਨੀ ਦੇਖਦਿਆਂ ਪਿੰਡ ਦੀ ਫਿਰਨੀ `ਤੇ ਭੰਡਾਰਾ ਕੀਤਾ ਤੇ ਬਾਬੇ ਨੂੰ ਉੱਥੇ ਆ ਕੇ ਉਦਘਾਟਨ ਕਰਨ ਲਈ ਕਿਹਾ। ਪਿੰਡ ਵਾਲਿਆਂ ਨੇ ਉਸ ਨੂੰ ਇਕ ਸੂਟ ਦੇ ਕੇ ਕਿਹਾ ਕਿ ਉਹ ਇਕ ਦਿਨ ਲਈ ਕੱਪੜੇ ਪਹਿਨ ਲਵੇ, ਕਿਉਂਕਿ ਭੰਡਾਰੇ ਵਿਚ ਔਰਤਾਂ ਵੀ ਹੋਣਗੀਆਂ, ਪਰ ਉਸ ਨੇ ਇਹ ਕਹਿ ਕੇ ਕੋਰਾ ਜਵਾਬ ਦੇ ਦਿੱਤਾ ਕਿ ਉਹ ਜਾਵੇਗਾ ਤਾਂ ਨੰਗਾ ਹੀ, ਨਹੀਂ ਤਾਂ ਨਹੀਂ ਜਾਵੇਗਾ। ਉਸ ਦਾ ਹੱਠ ਸੁਣ ਕੇ ਲੋਕਾਂ ਨੇ ਫਿਰ ਉਹੀ ਚਾਲ ਖੇਡੀ। ਉਨ੍ਹਾਂ ਬਾਬੇ ਨੂੰ ਨੰਗਾ ਹੀ ਚੱਲਣ ਲਈ ਕਿਹਾ ਤੇ ਦੁਆਲੇ ਚਾਰ ਆਦਮੀ ਬੋਰੀ ਦੀਆਂ ਪੱਲੀਆਂ ਦੇ ਪਰਦੇ ਫੜਾ ਕੇ ਤੋਰ ਦਿੱਤੇ। ਭੰਡਾਰੇ ਦੇ ਨੇੜੇ ਆ ਕੇ ਪਤਾ ਨਹੀਂ ਉਸ ਦੇ ਮਨ ਵਿਚ ਕੀ ਆਇਆ, ਸ਼ਾਇਦ ਉਹ ਪਿੰਡ ਵਾਸੀਆਂ ਦੀ ਸ਼ਰਧਾ ਅੱਗੇ ਟੁੱਟ ਗਿਆ ਸੀ, ਉਸ ਨੇ ਇਕ ਪੱਲੀ ਲੈ ਕੇ ਆਪਣੇ ਸਰੀਰ ਦੁਆਲੇ ਧੋਤੀ ਵਾਂਗ ਲਪੇਟ ਲਈ ਤੇ ਆ ਕੇ ਬੈਠ ਗਿਆ। ਦੁਨੀਆਂ ਉਸ ਨੂੰ ਇਕ ਹੀਰੋ ਵਾਂਗ ਦੇਖਣ ਆਈ ਤੇ ਉਸ ਦੇ ਚਰਨਾਂ `ਤੇ ਮੱਥਾ ਟੇਕਣ ਲੱਗੀ। ਇਹ ਮੇਰੇ ਸਾਹਮਣੇ ਹੋਇਆ।
ਅਗਲੇ ਦਿਨ ਲੋਕ ਰੋਟੀ ਦੇਣ ਉਸ ਦੀ ਕੁਟੀਆ ਗਏ ਤਾਂ ਸਾਧ ਉਥੋਂ ਗਾਇਬ ਸੀ। ਭਾਲ ਕਰਨ ਤੋਂ ਵੀ ਉਹ ਨਾ ਲੱਭਿਆ। ਦੋ ਚਾਰ ਸਾਲ ਬੀਤ ਗਏ, ਉਸ ਦਾ ਕੁਝ ਪਤਾ ਨਾ ਚੱਲਿਆ। ਉਸ ਦੀ ਕੁਟੀਆ ਵੀ ਢਹਿ ਗਈ ਤੇ ਲੋਕ ਉਸ ਨੂੰ ਭੁੱਲ ਗਏ। ਕਹਿਣ ਲੱਗੇ ਸਾਡਾ ਪਰਉਪਕਾਰ ਕਰਨ ਆਇਆ ਸੀ ਤੇ ਕਰ ਕੇ ਚਲਾ ਗਿਆ। ਇਕ ਦਿਨ ਮੇਰੇ ਪਿਤਾ ਜੀ ਪਟਿਆਲੇ ਕਣਕ ਵੇਚਣ ਗਏ। ਉਨ੍ਹਾਂ ਨੇ ਘਰ ਆ ਕੇ ਦੱਸਿਆ ਕਿ ਉਹ ਨਾਭਾ ਗੇਟ ਅਨਾਜ ਮੰਡੀ ਵਿਚ ਆਪਣੇ ਗੱਡੇ ਕੋਲ ਖੜ੍ਹੇ ਸਨ। ਕਿਸੇ ਨੇ ਪਿੱਛੋਂ ਆ ਕੇ ਉਨ੍ਹਾਂ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ, ‘ਕੀ ਹਾਲ ਐ ਲੰਬੜਾ, ਸਿਹਤਾਂ ਕਿਵੇਂ? ਸਿਰ `ਤੇ ਘੋਟਵੀਂ ਪਗੜੀ ਤੇ ਤੇੜੀਂ ਚਾਦਰੇ ਵਿਚ ਉਹ ਅਲਬੇਲਾ ਨੌਜਵਾਨ ਪਿਤਾ ਜੀ ਦੀ ਪਛਾਣ ਵਿਚ ਨਾ ਆਇਆ। ਪਿਤਾ ਜੀ ਨੇ ਉਸ ਵਲ ਵੇਖ ਕੇ ਪੁੱਛਿਆ, ‘ਕੌਣ ਐਂ ਬਾਈ, ਮੈਂ ਪਛਾਣਿਆ ਨ੍ਹੀਂ?’ ਉਹ ਬੋਲਿਆ, ‘ਨੰਬਰਦਾਰ ਮੈਂ ਸਿਵਨਾਥ। ਮੇਰਾ ਅਸਲ ਨਾਂ ਗੁਰਮੇਲ ਸਿੰਘ ਹੈ। ਕਣਕ ਵੇਚਣ ਆਇਆ ਹਾਂ।’
ਪਿਤਾ ਨੇ ਦੱਸਿਆ ਕਿ ਉਹ ਹੈਰਾਨੀ ਨਾਲ ਗੁੱਟ ਹੋ ਗਏ। ਉਨ੍ਹਾਂ ਨੂੰ ਡੌਰ-ਭੌਰ ਦੇਖ ਗੁਰਮੇਲ ਸਿੰਘ ਬੋਲਿਆ, ‘ਮੈਂ ਬਹੁਤ ਸੋਚ ਵਿਚਾਰ ਕੀਤਾ, ਪਰ ਪਿੰਡ ਦੀ ਸ਼ਰਧਾ ਦੇਖ ਮੈਥੋਂ ਰਿਹਾ ਨਾ ਗਿਆ। ਤੁਹਾਡੇ ਦਿੱਤੇ ਕੱਪੜੇ ਪਹਿਨ ਮੈਂ ਆਪਣੇ ਪਿੰਡ ਚਲਾ ਆਇਆ ਤੇ ਇੱਥੇ ਮਾਂ-ਪਿਓ ਨਾਲ ਖੇਤੀ ਕਰਾਉਣ ਲੱਗਿਆ। ਵਿਆਹ ਹੋ ਗਿਆ ਹੈ, ਇਕ ਮੁੰਡਾ ਹੈ।’ ਪਿਤਾ ਜੀ ਨੇ ਦੱਸਿਆ ਕਿ ਉਸ ਨੂੰ ਸਭ ਦੇ ਨਾਂ ਯਾਦ ਸਨ ਤੇ ਉਸ ਨੇ ਸਾਰਿਆਂ ਦਾ ਹਾਲ ਪੁੱਛਿਆ। ਉਨ੍ਹਾਂ ਉਸ ਨੂੰ ਪਿੰਡ ਆਉਣ ਲਈ ਕਿਹਾ, ਪਰ ਉਹ ਟਾਲ ਮਟੋਲ ਕਰ ਗਿਆ।
ਮੈਂ ਹੈਰਾਨ ਹੁੰਦਾ ਹਾਂ ਕਿ ਪਿੰਡੋਂ ਬਾਹਰ ਰਹਿੰਦੇ ਨੂੰ ਉਸ ਨੂੰ ਰੌਕ ਵਾਟਰ ਕੌਣ ਪਿਲਾ ਗਿਆ!