ਸਿਆਸੀ ਪਹੁੰਚ, ਪੁਲਿਸ ਪ੍ਰਸ਼ਾਸਨ ਤੇ ਆਮ ਲੋਕ

ਰਿਬੇਰੋ ਦੀ ਆਪਬੀਤੀ-8
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਖਾੜਕੂਆਂ ਅਤੇ ਪੰਜਾਬ ਪੁਲਿਸ ਵਿਚਕਾਰ ਹੋ ਰਹੀ ਟੱਕਰ ਦੌਰਾਨ ਸਿਆਸਤਦਾਨਾਂ ਦੀ ਪਹੁੰਚ ਬਾਰੇ ਟਿੱਪਣੀਆਂ ਹਨ। -ਸੰਪਾਦਕ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 306: ਪੁਲਿਸ ਜਦੋਂ ਖਾੜਕੂਆਂ ਵਿਰੁਧ ਲੜ ਰਹੀ ਸੀ, ਸਭ ਤੋਂ ਵੱਡੀ ਮੁਸ਼ਕਿਲ ਪੈਦਾ ਕਰ ਰਹੀਆਂ ਸਨ ਮਨੁੱਖੀ ਅਧਿਕਾਰ ਸੰਸਥਾਵਾਂ। ਇਹ ਖਾੜਕੂਆਂ ਦੀਆਂ ਹਮਦਰਦ ਸਨ ਤੇ ਪੁਲਿਸ ਉਪਰ ਵਧੀਕੀਆਂ ਕਰਨ ਦੇ ਦੋਸ਼ ਲਾ ਰਹੀਆਂ ਸਨ। ਇਨ੍ਹਾਂ ਵਿਚ ਸਿੱਖ ਬੁੱਧੀਜੀਵੀ ਸਨ, ਵਧੇਰੇ ਕਰ ਕੇ ਵਕੀਲ। ਮੈਂ ਆਪਣੇ ਆਪ ਨੂੰ ਪੁੱਛਦਾ-ਜੇ ਆਤੰਕਵਾਦੀ ਹਿੰਦੂ ਹੁੰਦੇ ਤੇ ਉਨ੍ਹਾਂ ਹੱਥੋਂ ਸਿੱਖ ਮਰ ਰਹੇ ਹੁੰਦੇ, ਪੁਲਿਸ ਹਿੰਦੂਆਂ ਦਾ ਸ਼ਿਕਾਰ ਕਰਦੀ, ਕੀ ਫਿਰ ਵੀ ਇਹ ਜਥੇਬੰਦੀਆਂ ਇਹੋ ਬੋਲੀ ਬੋਲਦੀਆਂ? ਪੁਲਿਸ ਐਕਸ਼ਨ ਨੂੰ ਉਹ “ਸਟੇਟ ਟੈਰਰਿਜ਼ਮ” ਕਹਿੰਦੀਆਂ। ਜੇ ਹਿੰਦੂਆਂ ਹੱਥੋਂ ਸਿੱਖ ਮਰਨ ਲਗਦੇ, ਕੀ ਉਨ੍ਹਾਂ ਇਸ ਸਟੇਟ ਟੈਰਰਿਜ਼ਮ ਦੀ ਮੰਗ ਨਹੀਂ ਕਰਨੀ ਸੀ? ਮਾਡਰਨ ਦੁਨੀਆਂ ਵਿਚ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪਵੇਗਾ ਹੀ।
ਇਕ ਰਿਟਾਇਰਡ ਸਿੱਖ ਜਰਨੈਲ ਅਕਸਰ ਮੈਨੂੰ ਮਿਲਣ ਆ ਜਾਂਦਾ। ਕੁਝ ਸਾਲ ਪਹਿਲਾਂ ਅੰਡਰਗਰਾਉਂਡ ਨਾਗਿਆਂ ਵਿਰੁਧ ਉਸ ਨੇ ਜੰਗ ਲੜੀ ਸੀ। ਉਹ ਮਿਲਣਸਾਰ, ਹਸਮੁਖ ਸੀ। ਅਸੀਂ ਦੇਰ ਤੱਕ ਗੱਪਸ਼ਪ ਕਰਦੇ ਰਹਿੰਦੇ। ਇਕ ਦਿਨ ਉਸ ਨੇ ਮੈਨੂੰ ਕਿਹਾ, ਪੁਲਿਸ ਮੁੰਡਿਆਂ ਉਪਰ ਜ਼ਿਆਦਾ ਹੀ ਸਖਤੀ ਕਰ ਰਹੀ ਹੈ। ਮੈਂ ਪੁੱਛਿਆ, ਨਾਗਾਲੈਂਡ ਵਿਚ ਤੁਸੀਂ ਇਹ ਮਸਲਾ ਕਿਵੇਂ ਹੱਲ ਕੀਤਾ? ਉਹ ਬਿਨਾਂ ਕਿਸੇ ਝਿਜਕ ਦੇ ਮੰਨ ਗਿਆ ਕਿ ਅਸੀਂ ਅੰਡਰਗਰਾਉਂਡ ਨਾਗਿਆਂ ਉਪਰ ਸਖਤੀ ਕੀਤੀ ਸੀ ਤੇ ਸਾਡੇ ਉਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗੇ ਸਨ।
ਪੰਨਾ 313: ਹਰਿਆਣਾ ਵਿਚ ਅਸੈਂਬਲੀ ਚੋਣ ਆ ਗਈ। ਭਜਨ ਲਾਲ ਨੇ ਰਾਜੀਵ ਗਾਂਧੀ ਤੇ ਰੇਅ ਨੂੰ ਆਖਿਆ ਕਿ ਜੇ ਪੰਜਾਬ ਦੀ ਬਰਨਾਲਾ ਸਰਕਾਰ ਤੋੜ ਦਿੱਤੀ ਜਾਵੇ, ਕਾਂਗਰਸ ਦੀ ਜਿੱਤ ਯਕੀਨੀ ਹੈ। ਮੈਂ ਹਾਲਾਤ ਦਾ ਜਾਇਜ਼ਾ ਲੈਂਦਾ ਰਹਿੰਦਾ ਸਾਂ। ਬਰਨਾਲਾ ਸਰਕਾਰ ਤੋੜ ਦਿੱਤੀ ਗਈ। ਰੇਅ ਨੇ ਮੈਨੂੰ ਪੁੱਛਿਆ, ਹਰਿਆਣਾ ਵਿਚ ਕੀ ਹੋਵੇਗਾ? ਮੈਂ ਕਿਹਾ, ਕਾਂਗਰਸ ਹਾਰੇਗੀ। ਰੇਅ ਚੁੱਪ ਕਰ ਗਿਆ। ਉਸ ਨੇ ਸਮਝਿਆ, ਮੈਨੂੰ ਜਾਂ ਤਾਂ ਸਿਆਸਤ ਦਾ ਪਤਾ ਨਹੀਂ, ਜਾਂ ਫਿਰ ਮੈਂ ਨਿਰਾਸ਼ਾਵਾਦੀ ਹਾਂ। ਰਿਜ਼ਲਟ ਆਇਆ। ਕਾਂਗਰਸ ਉਡ ਗਈ।
ਪੰਜਾਬ ਵਿਚ 1988 ਦੀਆਂ ਲੋਕ ਸਭਾ ਚੋਣਾਂ ਆ ਗਈਆਂ। ਕਾਂਗਰਸ ਸਾਰੀਆਂ 13 ਸੀਟਾਂ ‘ਤੇ ਚੋਣ ਲੜ ਰਹੀ ਸੀ। ਮੈਂ ਰਾਜੀਵ ਗਾਂਧੀ ਨੂੰ ਮਿਲਣ ਗਿਆ। ਮਿਲਣ ਵਾਲੇ ਹੋਰ ਅਫਸਰਾਂ ਨਾਲ ਬੈਠ ਕੇ ਗੱਪਸ਼ਪ ਕਰਨ ਲੱਗੇ। ਆਈæਐਫ਼ਐਸ਼ ਪਾਰਥਾਸਾਰਥੀ ਬਹੁਤ ਤੀਖਣ ਬੁੱਧੀ ਵਾਲਾ ਤੇ ਭਲਾਮਾਣਸ ਸੀ। ਉਸ ਨੇ ਮੈਨੂੰ ਪੁੱਛਿਆ, ਪੰਜਾਬ ਵਿਚ ਕਾਂਗਰਸ ਕਿੰਨੀਆਂ ਸੀਟਾਂ ਲੈ ਜਾਵੇਗੀ? ਮੈਂ ਕਿਹਾ, ਤਿੰਨ, ਹੱਦ ਚਾਰ। ਮੇਰਾ ਜਵਾਬ ਸੁਣ ਕੇ ਉਹ ਹੈਰਾਨ ਹੋ ਗਿਆ। ਉਸ ਨੇ ਦੱਸਿਆ, ਪ੍ਰਧਾਨ ਮੰਤਰੀ ਅਨੁਸਾਰ ਤਾਂ ਅੱਠ-ਨੌਂ ਸੀਟਾਂ ਲੈ ਜਾਵੇਗੀ। ਮੈਂ ਪੁੱਛਿਆ, ਪ੍ਰਧਾਨ ਮੰਤਰੀ ਨੂੰ ਇਹ ਇਤਲਾਹ ਕਿਸ ਨੇ ਦਿੱਤੀ? ਆਈæਬੀæ ਦੇ ਕਿਸੇ ਅਫਸਰ ਨੇ? ਆਈæਬੀæ ਚੀਫ ਨਾਰਾਇਣਨ ਤਾਂ ਬੜੀ ਤਿੱਖੀ ਬੁੱਧੀ ਵਾਲਾ ਬੰਦਾ ਹੈ ਤੇ ਸਾਫਗੋ। ਉਹ ਅਜਿਹੀ ਇਤਲਾਹ ਨਹੀਂ ਦੇ ਸਕਦਾ। ਕਿਸੇ ਚਹੇਤੇ ਨੇ ਖੁਸ਼ ਕਰਨ ਲਈ ਕਹਿ ਦਿੱਤਾ ਹੋਣਾ। ਨਤੀਜਾ ਆਇਆ ਤਾਂ ਕਾਂਗਰਸ ਨੂੰ ਕੇਵਲ ਦੋ ਸੀਟਾਂ ਮਿਲੀਆਂ।
ਸਿੱਖ ਮਾਨਸਿਕਤਾ ਨੂੰ ਜਿੰਨਾ ਕੁ ਮੈਂ ਸਮਝ ਸਕਿਆ ਹਾਂ, ਉਸ ਅਨੁਸਾਰ ਸਿਆਸੀ ਹੱਲ ਲੱਭਣ ਦੀ ਥਾਂ ਪਹਿਲਾਂ ਜਜ਼ਬਾਤੀ ਮੁਸ਼ਕਿਲਾਂ ਹੱਲ ਕਰੋ। ਚੰਡੀਗੜ੍ਹ ਪੰਜਾਬ ਨੂੰ ਨਹੀਂ ਦੇਣਾ ਨਾ ਸਹੀ, ਦਿੱਲੀ ਦੰਗਿਆਂ ਦੌਰਾਨ ਕਤਲ ਕੀਤੇ ਗਏ ਦੋ ਹਜ਼ਾਰ ਸਿੱਖਾਂ ਦੇ ਕਾਤਲਾਂ ਨੂੰ ਤਾਂ ਸਜ਼ਾਵਾਂ ਦਿਉ।
ਸਿੱਖ ਉਦਮੀ ਲੋਕ ਹਨ। ਉਨ੍ਹਾਂ ਵਿਚ ਅਨੇਕ ਗੁਣ ਹਨ। ਉਹ ਤਰੱਕੀ ਚਾਹੁੰਦੇ ਹਨ, ਬਿਹਤਰੀਨ ਕਿਸਾਨ, ਬਿਹਤਰੀਨ ਸਿਪਾਹੀ, ਬਿਹਤਰੀਨ ਮਕੈਨਿਕ ਹਨ, ਚੰਗੇ ਦੋਸਤ ਹਨ, ਚੰਗੇ ਮੇਜ਼ਬਾਨ ਹਨ। ਕਦੀ ਕਦੀ ਤਾਂ ਮੈਂ ਸੋਚਦਾ, ਇਨ੍ਹਾਂ ਨੂੰ ਮੇਜ਼ਬਾਨੀ ਕੁੱਝ ਘਟਾ ਦੇਣੀ ਚਾਹੀਦੀ ਹੈ। ਸਿੱਖ ਦਾ ਇਕ ਹੋਰ ਗੁਣ ਇਹ ਹੈ ਕਿ ਮੌਤ ਵਲੋਂ ਉਹ ਬੇਪ੍ਰਵਾਹ ਹੈ, ਦੇਰ ਸਵੇਰ ਇਹ ਆਏਗੀ ਹੀ ਆਏਗੀ। ਮੈਂ ਅਜਿਹੇ ਕੇਸ ਦੇਖੇ ਜਦੋਂ ਖਾੜਕੂਆਂ ਨੇ ਗੋਲੀਆਂ ਦਾਗ ਕੇ ਦੋ ਮੋਟਰ-ਸਾਈਕਲ ਸਵਾਰ ਫੁੰਡ ਦਿੱਤੇ। ਉਹ ਪਛਾਣੇ ਗਏ, ਕਿਉਂਕਿ ਵਰਦੀ ਪਹਿਨੀ ਹੋਈ ਸੀ। ਜੇ ਸਿਵਲ ਕੱਪੜਿਆਂ ਵਿਚ ਹੁੰਦੇ, ਫਿਰ ਵੀ ਪਛਾਣੇ ਜਾਂਦੇ, ਕਿਉਂਕਿ ਪੀਲੇ ਰੰਗ ਦੇ ਮੋਟਰ ਸਾਈਕਲ ਪੁਲਿਸ ਦੇ ਹਨ। ਇਹ ਤਾਂ ਹੋਇਆ ਸੋ ਹੋਇਆ, ਅਜੇ ਹੁਣੇ ਦੋ ਕਾਂਸਟੇਬਲ ਕਤਲ ਹੋਏ ਹਨ। ਤੁਰੰਤ ਦੋ ਹੋਰ ਕਾਂਸਟੇਬਲ ਆ ਗਏ, ਮੋਟਰ ਸਾਈਕਲ ਸਟਾਰਟ ਕੀਤਾ। ਜਿੱਧਰ ਪੈਟਰੋਲ ‘ਤੇ ਮਰਨ ਵਾਲੇ ਜਾ ਰਹੇ ਸਨ, ਉਧਰ ਹੀ ਇਹ ਦੋ ਚੱਲ ਪਏ।
ਪੰਨਾ 315: ਪੰਜਾਬ ਵਿਚ ਮੇਰਾ ਪਹਿਲਾ ਵਰ੍ਹਾ ਸੀ। ਐਸ਼ਪੀæ ਅੰਮ੍ਰਿਤਸਰ ਪੀæਐਸ਼ ਕਾਹਲੋਂ ਦਾ ਪੁੱਤਰ ਮਾਰ ਦਿੱਤਾ, ਬਸ ਇਸ ਵਾਸਤੇ ਕਿ ਪੁਲਸੀਏ ਦਾ ਮੁੰਡਾ ਸੀ। ਕਾਹਲੋਂ ਦੇ ਪੁੱਤਰ ਦੀ ਚਿਤਾ ਨੂੰ ਅਗਨੀ ਛੁਹਾਈ ਤਾਂ ਉਹ ਗੱਜਿਆ-ਮੈਂ ਸਹੁੰ ਖਾਂਦਾ ਹਾਂ, ਬਦਲਾ ਲਵਾਂਗਾ। ਦਲਬੀਰ ਸਿੰਘ ਮਾਂਗਟ ਆਈæਜੀæ ਪੀæਏæਪੀæ ਦਾ ਡਾਕਟਰ ਪੁੱਤਰ ਪਟਿਆਲੇ ਕਤਲ ਕੀਤਾ, ਉਸ ਨੇ ਬਦਲਾ ਲੈਣ ਦੀ ਸਹੁੰ ਨਹੀਂ ਖਾਧੀ। ਪੂਰਾ ਈਮਾਨਦਾਰ ਅਫਸਰ। ਇਸ ਦੇ ਕਾਕੇ ਨੇ ਮੇਰੀ ਪਤਨੀ ਦਾ ਇਲਾਜ ਕੀਤਾ ਸੀ। ਜ਼ਖਮ ਵਿਚੋਂ ਦੀ ਸਲਾਖ ਪਾਰ ਲੰਘਾ ਕੇ ਉਸ ਨੇ ਮੈਨੂੰ ਦੱਸਿਆ ਸੀ-ਦੇਖੋ ਗੋਲੀ ਆਰ-ਪਾਰ ਲੰਘ ਗਈ ਹੈ। ਇਹ ਜੁਆਨ ਜ਼ਖਮੀ ਖਾੜਕੂਆਂ ਦਾ ਵੀ ਇਵੇਂ ਇਲਾਜ ਕਰਦਾ ਜਿਵੇਂ ਪੁਲਸੀਆਂ ਦਾ। ਉਸ ਨੇ ਡਿਗਗੀ ਲੈਣ ਵੇਲੇ ਸਹੁੰ ਚੁੱਕੀ ਸੀ ਨਾ, ਕਿ ਇਲਾਜ ਕਰਨ ਵੇਲੇ ਪੱਖਪਾਤ ਨਹੀਂ ਕਰਾਂਗਾ। ਅਜੇ ਨਵਾਂ-ਨਵਾਂ ਵਿਆਹ ਹੋਇਆ ਸੀ, ਪਤਨੀ ਵੀ ਡਾਕਟਰ ਸੀ। ਜਿਸ ਕਾਰ ਵਿਚ ਉਹ ਕੰਮ ‘ਤੇ ਜਾ ਰਿਹਾ ਸੀ, ਪਤਨੀ ਨੇ ਉਸੇ ਕਾਰ ਵਿਚ ਡਿਉਟੀ ਨਿਭਾਅ ਕੇ ਘਰ ਪਰਤਣਾ ਸੀ।
ਮਾਂਗਟ ਨੇ ਆਪਣੇ ਪੁੱਤਰ ਦੀ ਮੌਤ ਦਾ ਸੂਰਬੀਰਾਂ ਵਾਂਗ ਸਾਹਮਣਾ ਕੀਤਾ। ਸਸਕਾਰ ਜਲੰਧਰ ਹੋਣਾ ਸੀ। ਮੈਂ ਜਹਾਜ਼ ਰਾਹੀਂ ਜਲੰਧਰ ਪੁੱਜਾ। ਮਾਂਗਟ ਨੂੰ ਪਤਾ ਸੀ ਮੈਂ ਆਵਾਂਗਾ, ਉਸ ਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਉਡੀਕ ਕੇ, ਪੁੱਜਣ ਉਪਰੰਤ ਚਿਤਾ ਨੂੰ ਅਗਨੀ ਛੁਹਾਈ। ਪਤਾ ਲੱਗਾ ਬਰਨਾਲਾ ਸਾਹਿਬ ਨੇ ਫੋਨ ‘ਤੇ ਗੱਲ ਕਰਨੀ ਚਾਹੀ ਸੀ, ਮਾਂਗਟ ਨੇ ਇਨਕਾਰ ਕਰ ਦਿੱਤਾ।
ਬਹੁਤ ਸਾਰੇ ਅਫਸਰਾਂ ਨੇ ਵੀ ਰਾਜੀਵ ਗਾਂਧੀ ਨੂੰ ਗਵਰਨਰੀ ਰਾਜ ਲਾਗੂ ਕਰਨ ਲਈ ਕਿਹਾ ਸੀ, ਕਿਉਂਕਿ ਬਰਨਾਲਾ ਸਰਕਾਰ ਉਨ੍ਹਾਂ ਦੇ ਕੰਮ ਵਿਚ ਵਿਘਨ ਪਾਉਂਦੀ ਸੀ। ਫੜੇ ਗਏ ਖਾੜਕੂਆਂ ਨੂੰ ਛੁਡਵਾਉਣ ਲਈ ਮੰਤਰੀਆਂ ਦੇ ਫੋਨ ਆਉਂਦੇ ਰਹਿੰਦੇ। ਇਉਂ ਇਕ ਹੱਥ ਬੰਨ੍ਹਿਆਂ ਰਹਿੰਦਾ; ਕੇਵਲ ਇਕ ਹੱਥ ਨਾਲ ਲੜ ਰਹੇ ਹਾਂ। ਮੈਂ ਇਸ ਮੱਤ ਨਾਲ ਸਹਿਮਤ ਨਹੀਂ ਸਾਂ। ਮੈਂ ਜਾਣਦਾ ਸਾਂ, ਮੰਤਰੀਆਂ ਦੀ ਆਪਣੀ ਮਜਬੂਰੀ ਹੈ। ਉਨ੍ਹਾਂ ਵਿਚੋਂ ਬਹੁਤੇ ਡਰੇ ਹੋਏ ਸਨ, ਉਹ ਖਾੜਕੂਆਂ ਵਿਰੁਧ ਬਿਆਨ ਨਹੀਂ ਦੇ ਸਕਦੇ ਸਨ। ਗ੍ਰਹਿ ਮੰਤਰੀ ਕੈਪਟਨ ਕੰਵਲਜੀਤ ਸਿੰਘ ਖਾੜਕੂਆਂ ਦਾ ਪੱਕਾ ਦੁਸ਼ਮਣ ਸੀ, ਮਜ਼ਬੂਤ, ਗਤੀਸ਼ੀਲ। ਇਕ-ਦੂਜੇ ਨਾਲ ਕੰਮ ਕਰ ਕੇ ਅਸੀਂ ਖੁਸ਼ ਹੁੰਦੇ, ਕਿਉਂਕਿ ਸੁਭਾਅ ਮਿਲਦੇ ਸਨ। ਜਿਹੜੀ ਚੀਜ਼ ਸਭ ਤੋਂ ਵਧ ਚੰਗੀ ਲੱਗੀ, ਉਹ ਸੀ ਉਸ ਦੀ ਈਮਾਨਦਾਰੀ ਅਤੇ ਵਚਨਬੱਧਤਾ।
ਪੰਨਾ 318: ਮੈਂ ਕਈ ਵਾਰ ਸੋਚਿਆ, ਬਰਨਾਲੇ ਦੀ ਥਾਂ ਉਦੋਂ ਕੈਪਟਨ ਕੰਵਲਜੀਤ ਸਿੰਘ ਮੁੱਖ ਮੰਤਰੀ ਹੁੰਦਾ, ਅਸੀਂ ਛੇਤੀ ਸਫਲ ਹੋ ਜਾਂਦੇ। ਬਰਨਾਲਾ ਨਰਮ ਆਦਮੀ ਸੀ, ਦਬਾਅ ਅੱਗੇ ਝੁਕ ਜਾਂਦਾ। ਕੈਪਟਨ ਸਖਤ ਜਾਨ ਸੀ। ਮੈਨੂੰ ਯਾਦ ਹੈ, ਜਦੋਂ ਭਿੰਡਰਾਂਵਾਲੇ ਦਾ ਪਿਤਾ ਅੰਮ੍ਰਿਤ ਛਕਾਉਂਦਾ ਪੰਜਾਬ ਦਾ ਟੂਰ ਕਰ ਰਿਹਾ ਸੀ ਤੇ ਸਿੱਖੀ ਵਿਚ ਪਰਪੱਕ ਰਹਿਣ ਦੇ ਉਪਦੇਸ਼ ਦੇ ਰਿਹਾ ਸੀ, ਇਹ ਚਿੰਤਾਜਨਕ ਸੀ। ਚੀਫ ਸੈਕਟਰੀ ਵੈਸ਼ਨਵ ਨੂੰ ਅਤੇ ਮੈਨੂੰ ਲੈ ਕੇ ਕੈਪਟਨ ਬਰਨਾਲੇ ਕੋਲ ਗਿਆ ਤੇ ਕਿਹਾ-ਇਸ ਬੁੱਢੇ ਨੂੰ ਗ੍ਰਿਫਤਾਰ ਕਰੋ। ਪਹਿਲੋਂ ਬਰਨਾਲਾ ਹਿਚਕਚਾਇਆ, ਫਿਰ ਹਾਂ ਕਰ ਦਿੱਤੀ।
ਮੈਂ ਅਤੇ ਕੈਪਟਨ ਬੈਠ ਕੇ ਗ੍ਰਿਫਤਾਰੀ ਦੀ ਸਕੀਮ ਬਣਾਉਣ ਲੱਗੇ। ਘੰਟੇ ਕੁ ਬਾਅਦ ਸੁਨੇਹਾ ਮਿਲਿਆ-ਬਰਨਾਲਾ ਸਾਹਿਬ ਦਾ ਫੋਨ ਆਇਆ ਹੈ, ਸਾਡੇ ਨਾਲ ਗੱਲ ਕਰਨੀ ਹੈ। ਅਸੀਂ ਚੌਂਕ ਗਏ, ਉਹੀ ਹੋਇਆ ਜੋ ਹੋਣਾ ਸੀ, ਉਹ ਬਦਲ ਗਿਆ; ਕਿਹਾ-ਨਹੀਂ, ਅਜਿਹਾ ਕਰਨ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇਗੀ। ਦਰਅਸਲ ਇਸ ਵੱਡੇ ਭਿੰਡਰਾਂਵਾਲੇ ਦਾ ਮਕਸਦ ਧਾਰਮਿਕ ਘੱਟ, ਸਿਆਸੀ ਵਧੀਕ ਸੀ।
ਗਵਰਨਰ ਦੀ ਇੱਛਾ ਸੀ ਕਿ ਲੋਕਾਂ ਨੂੰ ਦਿੱਸਣਾ ਚਾਹੀਦੈ, ਗਵਰਨਰੀ ਰਾਜ ਬਰਨਾਲਾ ਸਰਕਾਰ ਨਾਲੋਂ ਵਧੀਆ ਹੈ। ਸੜਕਾਂ ਉਪਰ ਥਾਂ-ਥਾਂ ਚੈਕ ਪੋਸਟਾਂ ਸਨ ਜੋ ਆਉਂਦੇ-ਜਾਂਦੇ ਰਾਹੀਆਂ ਨੂੰ ਰੋਕ ਕੇ ਤਲਾਸ਼ੀ ਲੈ ਕੇ ਜ਼ਲੀਲ ਕਰਦੀਆਂ। ਬਹੁਤੀਆਂ ਹਟਾ ਦਿੱਤੀਆਂ। ਜਲੰਧਰ ਮੈਂ ਕੁੱਝ ਪਤਵੰਤੇ ਸਿੱਖਾਂ ਵਿਚਕਾਰ ਬੈਠਾ ਸਾਂ। ਤਕੜੇ ਜ਼ਿਮੀਦਾਰਾਂ ਅਤੇ ਵਪਾਰੀਆਂ ਦੀ ਮੀਟਿੰਗ ਸੀ। ਸਾਰੇ ਸਾਬਤ ਸੂਰਤ ਸਨ, ਇਕ ਮੋਨਾ ਸੀ। ਇਹ ਮੋਨਾ, ਮੇਰੇ ਮੇਜ਼ਬਾਨ ਜੱਟ ਸਿੱਖ ਦਾ ਭਰਾ ਸੀ। ਮੇਜ਼ਬਾਨ ਨੇ ਸ਼ਿਕਾਇਤ ਕੀਤੀ ਕਿ ਚੰਡੀਗੜ੍ਹ ਤੋਂ ਜਲੰਧਰ ਆਉਂਦਿਆਂ ਦਰਜਨਾਂ ਥਾਂਵਾਂ ‘ਤੇ ਨਿਰੰਤਰ ਮੇਰੀ ਤਲਾਸ਼ੀ ਲਈ ਗਈ, ਪਰ ਮੇਰੇ ਮੋਨੇ ਭਰਾ ਨੂੰ ਕਿਸੇ ਨੇ ਦੇਖਿਆ ਤੱਕ ਨਹੀਂ। ਮੈਂ ਜੁਆਨਾਂ ਨੂੰ ਥਾਂ-ਥਾਂ ਇਹ ਕਹਾਣੀ ਸੁਣਾਈ। ਉਨ੍ਹਾਂ ਦੇ ਮਨਾਂ ‘ਤੇ ਕਿੰਨਾ ਕੁ ਅਸਰ ਹੋਇਆ, ਪਤਾ ਨਹੀਂ; ਨਫਰਤ ਮਿਟਾਉਣੀ ਬਹੁਤ ਔਖੀ ਹੈ, ਕਿਉਂਕਿ ਇਸ ਦਾ ਆਧਾਰ ਅਕਲ, ਬੁੱਧੀ ਨਹੀਂ; ਜਜ਼ਬਾ ਹੈ।
ਚੈਕ ਪੋਸਟਾਂ ਹਟਾਏ ਜਾਣ ਤੋਂ ਰੇਅ ਖੁਸ਼ ਸੀ। ਬੇਕਸੂਰ ਮੁੰਡਿਆਂ ਦੀਆਂ ਰਿਹਾਈਆਂ ਦਾ ਸਿਲਸਿਲਾ ਤੇਜ਼ ਕਰ ਦਿੱਤਾ। ਉਸ ਦੀ ਇੱਛਾ ਸੀ, ਕੁੱਝ ਸਾਬਕ ਵਜ਼ੀਰ ਸਲਾਖਾਂ ਪਿੱਛੇ ਕਰ ਦਿੱਤੇ ਜਾਣ। ਦੋ ਸ਼ੱਕੀਆਂ ਨੂੰ ਪੁਰਾਣੇ ਗਲਤ ਕੰਮਾਂ ਕਾਰਨ ਫੜ ਲਿਆ। ਪਟਿਆਲੇ ਦਾ ਐਸ਼ਐਸ਼ਪੀæ ਗੁਰਇਕਬਾਲ ਸਿੰਘ ਭੁੱਲਰ, ਚੰਦੂਮਾਜਰਾ ਨੂੰ ਕੁੜਿੱਕੀ ਵਿਚ ਫਸਾ ਕੇ ਬੜਾ ਖੁਸ਼ ਹੋਇਆ। ਚੰਦੂਮਾਜਰਾ ਉਸ ਨੂੰ ਚੰਗਾ ਨਹੀਂ ਲਗਦਾ ਸੀ, ਪਰ ਸਾਡੀ ਪਾਲਿਸੀ ਕਿਸੇ ਸਾਬਕਾ ਮੰਤਰੀ ਦੀ ਹੱਤਕ ਕਰਨੀ ਨਹੀਂ ਸੀ। ਮੈਨੂੰ ਸ਼ੱਕ ਹੈ ਕਿ ਭੁੱਲਰ ਨੇ ਇਹ ਪ੍ਰਭਾਵ ਦਿੱਤਾ ਕਿ ਚੰਦੂਮਾਜਰਾ ਨੂੰ ਮੈਂ ਫਸਾਇਆ ਹੈ। ਬਰਨਾਲਾ ਸਾਹਿਬ ਤੋਂ ਪਤਾ ਲੱਗਾ ਕਿ ਭੁੱਲਰ ਨੇ ਉਸ ਨੂੰ ਅਕਾਰਨ ਜ਼ਲੀਲ ਕੀਤਾ ਹੈ ਤਾਂ ਮੈ ਭੁੱਲਰ ਦੀ ਖਿਚਾਈ ਕੀਤੀ।
ਦੂਜਾ ਗ੍ਰਿਫਤਾਰ ਕੀਤਾ ਗਿਆ ਵਜ਼ੀਰ ਗੁਰਦਾਸਪੁਰ ਜ਼ਿਲੇ ਦਾ ਸੀ। ਉਸ ਦਾ ਅਕਸ ਸਹੀ ਨਹੀਂ ਸੀ। ਖਾੜਕੂਆਂ ਨਾਲ ਉਸ ਦੇ ਸਬੰਧ ਹੋਣ ਦਾ ਸ਼ੱਕ ਸੀ। ਮੈਨੂੰ ਪਤਾ ਸੀ, ਬਹੁਤੇ ਲੀਡਰ ਆਪਣੀ ਸੁਰੱਖਿਆ ਵਾਸਤੇ ਖਾੜਕੂਆਂ ਨਾਲ ਬਣਾ ਕੇ ਰੱਖਦੇ ਸਨ। ਕੁੱਝ ਪੁਲਸੀਏ ਇਸੇ ਕਾਰਨਵੱਸ ਖਾੜਕੂਆਂ ਨਾਲ ਘੁਲੇ-ਮਿਲੇ। ਜਦੋਂ ਮੈਂ ਪੰਜਾਬੋਂ ਜਾਣ ਲੱਗਾ, ਦੋ ਸਾਲ ਬਾਅਦ ਇਹ ਮੰਤਰੀ ਮੈਨੂੰ ਮਿਲਿਆ ਤੇ ਕਿਹਾ-ਸਮਾਂ ਲੰਘਣ ਨਾਲ ਪ੍ਰਤੀਤ ਹੋਇਆ ਹੈ ਤੁਸੀਂ ਬੁਰੇ ਆਦਮੀ ਨਹੀਂ।
ਜਦੋਂ ਰਾਜੀਵ ਗਾਂਧੀ ਨੇ ਮੈਨੂੰ ਆਪਣੀ ਸੁਰੱਖਿਆ ਵੱਲ ਧਿਆਨ ਦੇਣ ਲਈ ਕਿਹਾ ਤਾਂ ਮੇਰੇ ਦਿਮਾਗ ਵਿਚ ਅਵਿੰਦਰ ਸਿੰਘ ਬਰਾੜ ਆਇਆ। ਮੈਂ ਰਾਜੀਵ ਗਾਂਧੀ ਤੋਂ ਉਸ ਦੇ ਹੁਕਮ ਪੰਜਾਬ ਦੇ ਕਰਵਾ ਲਏ, ਨਾਲੇ ਉਸ ਦੀ ਪਤਨੀ ਦੇ। ਇਹੋ ਜਿਹੇ ਸ਼ਾਨਦਾਰ ਅਫਸਰ ਘੱਟ ਹਨ। ਉਸ ਨੇ ਮੈਨੂੰ ਕਦੀ ਨਹੀਂ ਕਿਹਾ ਕਿ ਫਲਾਣੀ ਥਾਂ ਨਹੀਂ ਜਾਣਾ, ਉਸ ਨੂੰ ਬੱਸ ਅਗਾਊਂ ਪਤਾ ਹੋਣਾ ਚਾਹੀਦਾ ਸੀ, ਮੈਂ ਜਾਣਾ ਕਿੱਥੇ ਹੈ।
ਇਕ ਸਾਲ ਤਨਦੇਹੀ ਨਾਲ ਉਸ ਨੇ ਮੇਰੀ ਹਿਫਾਜ਼ਤ ਕੀਤੀ। ਇਕ ਦਿਨ ਕਹਿਣ ਲੱਗਾ-ਇਹ ਥਕਾਊ ਕੰਮ ਕਰਦਿਆਂ ਸਾਲ ਬੀਤ ਗਿਐ। ਪਟਿਆਲੇ ਐਸ਼ਐਸ਼ਪੀ ਦੀ ਥਾਂ ਖਾਲੀ ਹੋ ਰਹੀ ਹੈ, ਜੇ ਉਥੇ ਭੇਜ ਦਿਉ! ਮੈਨੂੰ ਪਤਾ ਸੀ ਹੋਣਹਾਰ ਆਈæਪੀæਐਸ਼ ਦਾ ਕੰਮ ਕੇਵਲ ਮੇਰੀ ਸਕਿਉਰਿਟੀ ਦਾ ਨਹੀਂ ਹੈ, ਤੇ ਇਕ ਸਾਲ ਬਹੁਤ ਹੋ ਗਿਆ। ਮੈਂ ਉਸ ਦੀ ਬਦਲੀ ਪਟਿਆਲੇ ਕਰ ਦਿੱਤੀ। ਉਹ ਮੈਨੂੰ ਲਗਾਤਾਰ ਹਦਾਇਤਾਂ ਦਿੰਦਾ ਰਹਿੰਦਾ-ਇਕੋ ਰਸਤੇ ਜਾਣ ਦਾ ਰੁਟੀਨ ਨਹੀਂ ਬਣਾਉਣਾ, ਹਰ ਐਤਵਾਰ ਇਕੋ ਗਿਰਜੇ ਵਿਚ ਨਹੀਂ ਜਾਣਾ। ਥਾਂਵਾਂ ਨਿਰੰਤਰ ਬਦਲਦੇ ਰਹੋ।
ਅਵਿੰਦਰ ਨੇ ਇਕ ਦਿਨ ਮੈਨੂੰ ਦੱਸਿਆ ਕਿ ਆਪਣੀ ਲਿਸਟ ਵਿਚ ਦਰਜ ਫਲਾਣਾ ਖਾੜਕੂ ਮੈਂ ਫੜ ਲਿਆ, ਤੇ ਖੁਦ ਇੰਟੈਰੋਗੇਸ਼ਨ ਕੀਤੀ। ਮੈਨੂੰ ਯਕੀਨ ਹੋ ਗਿਐ, ਇਹ ਮੁੰਡਾ ਖਾੜਕੂ ਨਹੀਂ; ਨਾ ਉਨ੍ਹਾਂ ਵਿਚ ਰਲੇਗਾ। ਮੈਂ ਉਸ ਨੂੰ ਛੱਡ ਦਿੱਤਾ। ਬੇਸ਼ਕ ਰਿਹਾਈ ਪਹਿਲਾਂ ਕਰ ਦਿੱਤੀ, ਦੱਸਿਆ ਮੈਨੂੰ ਬਾਅਦ ਵਿਚ; ਤਾਂ ਵੀ ਉਸ ਨੇ ਆਪਣੀ ਜ਼ਿੰਮੇਵਾਰੀ ਤਾਂ ਨਿਭਾਈ। ਮੈਨੂੰ ਉਸ ਦੀ ਜੱਜਮੈਂਟ ਉਤੇ ਪੂਰਾ ਭਰੋਸਾ ਸੀ। ਉਸ ਦੇ ਕਹਿਣ ‘ਤੇ ਮੈਂ ਲਿਸਟ ਵਿਚੋਂ ਮੁੰਡੇ ਦਾ ਨਾਮ ਕੱਟ ਦਿੱਤਾ।
ਪੰਨਾ 326: ਮੈਂ ਜਲੰਧਰ ਖੇਡ ਸਮਾਰੋਹ ਵਿਚ ਬੈਠਾ ਸਾਂ। ਅਵਿੰਦਰ ਪਟਿਆਲੇ ਤੋਂ ਕੋਈ ਖਬਰ ਲਿਆਇਆ ਸੀ। ਉਸ ਨੇ ਮੈਨੂੰ ਦੱਸਿਆ ਕਿ ਕਾਲੇ ਟਰੈਕ ਸੂਟ ਪਹਿਨ ਕੇ ਖਿਡਾਰੀਆਂ ਦੇ ਲਿਬਾਸ ਵਿਚ ਕੁਝ ਖਾੜਕੂ ਮੈਨੂੰ ਮਾਰਨ ਦੀ ਨੀਤ ਨਾਲ ਪਟਿਆਲੇ ਮੋਤੀ ਬਾਗ ਵਿਚ ਆਉਂਦੇ ਹਨ। ਉਨ੍ਹਾਂ ਨੂੰ ਮੇਰੇ ਜੌਗਿੰਗ ਦੇ ਸ਼ੌਕ ਦਾ ਪਤਾ ਹੈ। ਉਸ ਨੇ ਕਿਹਾ ਕਿ ਸੂਚਨਾ ਸਹੀ ਹੈ, ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਮੇਰੀ ਹੈਰਾਨੀ ਦੇਖੋ, ਅਗਲੇ ਦਿਨ ਜਦੋਂ ਮੈਂ ਜਲੰਧਰੋਂ ਚੰਡੀਗੜ੍ਹ ਜਾ ਰਿਹਾ ਸਾਂ, ਵਰਦੀਧਾਰੀ ਪੁਲਸੀਆਂ ਨੇ ਮੇਰੀ ਗੱਡੀ ਰੋਕੀ, ਮੈਨੂੰ ਦੱਸਿਆ ਕਿ ਅੱਜ ਸਵੇਰ ਸਾਰ ਖਾੜਕੂਆਂ ਨੇ ਮੋਤੀ ਬਾਗ ਵਿਚ ਅਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ। ਚੰਡੀਗੜ੍ਹ ਜਾਣ ਦੀ ਥਾਂ ਆਪਣੀ ਪਤਨੀ ਸਣੇ ਮੈਂ ਪਟਿਆਲੇ ਦਾ ਰੁਖ ਕੀਤਾ। ਦੋਵਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ। ਕੇਵਲ ਬਿਹਤਰੀਨ ਅਫਸਰ ਨਹੀਂ, ਉਹ ਤਾਂ ਮੇਰੇ ਪਰਿਵਾਰ ਦਾ ਮੈਂਬਰ ਬਣ ਗਿਆ ਸੀ। ਮੈਨੂੰ ਲੱਗਾ, ਮੇਰਾ ਪੁੱਤਰ ਕਤਲ ਹੋ ਗਿਆ। ਪੁਲਿਸ ਨੇ ਪੰਜਾਬ ਦੇ ਹਾਲਾਤ ‘ਤੇ ਲਗਭਗ ਕਾਬੂ ਪਾ ਲਿਆ ਸੀ, ਅੰਮ੍ਰਿਤਸਰ ਦੇ ਬਾਜ਼ਾਰਾਂ ਵਿਚ ਰੌਣਕਾਂ ਪਰਤ ਆਈਆਂ ਸਨ, ਵਾਰਦਾਤਾਂ ਬਹੁਤ ਘਟ ਗਈਆਂ ਸਨ। ਅਵਿੰਦਰ ਦੇ ਕਤਲ ਨੇ ਪੁਲਿਸ ਅਫਸਰਾਂ ਵਿਚ ਤਰਥੱਲੀ ਮਚਾ ਦਿੱਤੀ। ਕਈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਨ ਲੱਗੇ ਕਿ ਜੇ ਉਹ ਮਾਰੇ ਗਏ, ਪਿਛੋਂ ਬੱਚਿਆਂ ਤੇ ਵਿਧਵਾ ਦਾ ਕੀ ਬਣੇਗਾ? ਇਸ ਘਟਨਾ ਬਾਅਦ ਖਾੜਕੂ ਕਾਰਵਾਈਆਂ ਜ਼ੋਰ ਫੜਦੀਆਂ ਗਈਆਂ ਤੇ ਪੁਲਿਸ ਐਕਸ਼ਨ ਘਟ ਗਏ। ਕਈ ਪੁਲਿਸ ਅਫਸਰ ਇਸ ਬਹਾਨੇ ਸ਼ਰੇਆਮ ਰਿਸ਼ਵਤ ਲੈਣ ਲੱਗੇ ਕਿ ਜੇ ਅਸੀਂ ਮਰ ਗਏ ਤਾਂ ਸਾਡੇ ਬੱਚਿਆਂ ਦਾ ਕੀ ਬਣੇਗਾ?
ਅਵਿੰਦਰ ਐਨæਆਈæਐਸ਼ ਵਿਚ ਜੌਗਿੰਗ ਕਰਦਾ ਜਦੋਂ ਗੋਲੀਆਂ ਦਾ ਸ਼ਿਕਾਰ ਹੋਇਆ, ਉਸ ਨਾਲ ਐਸ਼ਪੀæ ਕੇæਆਰæਐਸ਼ ਗਿੱਲ ਵੀ ਕਤਲ ਹੋਇਆ। ਏæਐਸ਼ਪੀæ ਚਟੋਪਾਧਿਆਏ ਨੇ ਵੀ ਉਨ੍ਹਾਂ ਨਾਲ ਹੋਣਾ ਸੀ, ਇਤਫਾਕਨ ਬਰਾੜ ਨੇ ਉਸ ਦੀ ਡਿਊਟੀ ਉਸ ਸਵੇਰ ਪਰੇਡ ਅਟੈਂਡ ਕਰਨ ਦੀ ਲਾ ਦਿੱਤੀ। ਅਵਿੰਦਰ ਦੀ ਪਤਨੀ ਸੁੱਖੀ ਵੀ ਜੌਗਿੰਗ ਕਰਨ ਉਸ ਨਾਲ ਜਾਇਆ ਕਰਦੀ ਸੀ, ਉਸ ਦਿਨ ਕਹਿੰਦੀ, ਕੁੱਝ ਥਕਾਵਟ ਹੈ; ਨਹੀਂ ਗਈ।
ਅਵਿੰਦਰ ਨੂੰ ਜਦੋਂ ਸੂਚਨਾ ਮਿਲ ਗਈ ਸੀ, ਟਰੈਕ ਸੂਟ ਪਹਿਨੀ ਖਾੜਕੂ ਮੋਤੀ ਬਾਗ ਵਿਚ ਆਉਂਦੇ ਹਨ, ਤਾਂ ਉਹ ਸੂਚਨਾ ਥੋੜ੍ਹੀ ਸੀ, ਇਹ ਤਾਂ ਵਾਰਨਿੰਗ ਸੀ ਕਿ ਬਚ ਕੇ ਰਹੋ। ਵਾਰਨਿੰਗ ਨਜ਼ਰਅੰਦਾਜ਼ ਕਰ ਕੇ ਉਸ ਨੇ ਉਹੀ ਕੰਮ ਕੀਤਾ ਜਿਸ ਤੋਂ ਮੈਨੂੰ ਵਰਜਦਾ ਸੀ। ਖਾੜਕੂਆਂ ਨੇ ਉਸ ਦਾ ਇਕੋ ਰੂਟ ਤਾੜ ਲਿਆ ਸੀ।
‘ਟਾਈਮਜ਼ ਆਫ ਇੰਡੀਆ’ ਵਿਚ ਚੰਦਰ ਮੋਹਨ ਨੇ 16-12-1987 ਨੂੰ ਲਿਖਿਆ: ਰਿਸ਼ਤੇਦਾਰਾਂ, ਮਜ਼ਦੂਰਾਂ, ਪੇਂਡੂਆਂ, ਸਦਮਾ-ਗ੍ਰਸਤ ਪੁਲਿਸ ਕਰਮੀਆਂ, ਦੋਸਤਾਂ, ਪ੍ਰਸ਼ੰਸਕਾਂ ਨੇ ਨਿਡਰ ਆਦਮੀ ਪੰਜਾਬ ਪੁਲਿਸ ਮੁਖੀ ਮਿਸਟਰ ਜੂਲੀਓ ਫਰਾਂਸਿਸ ਰਿਬੇਰੋ ਨੂੰ ਸੋਗ ਸਭਾ ਸਾਹਮਣੇ ਰੁਦਨ ਕਰਦੇ ਸੁੰਨ ਖੜ੍ਹਾ ਦੇਖਿਆ। ਅੱਜ ਉਹ ਆਪਣੇ ਬੁਲੰਦ ਆਪੇ ਵਿਚ ਨਹੀਂ ਸੀ। ਉਸ ਨੇ ਇਕ ਲਫਜ਼ ਨਹੀਂ ਕਿਹਾ। ਅਵਿੰਦਰ ਉਸ ਦੇ ਖਾਸ ਜੁਆਨਾਂ ਵਿਚੋਂ ਸੀ। ਛੇ ਮਹੀਨੇ ਪਹਿਲਾਂ ਉਹ ਚੀਫ ਦਾ ਨਿੱਜੀ ਸੁਰੱਖਿਆ ਅਫਸਰ ਸੀ, ਚੜ੍ਹਦੇ ਤੋਂ ਲਹਿੰਦੇ ਤੱਕ ਪ੍ਰਛਾਵੇਂ ਵਾਂਗ ਉਸ ਦੇ ਨਾਲ-ਨਾਲ ਰਹਿੰਦਾ। ਰਿਬੇਰੋ ਦਾ ਉਸ ਵਿਚ ਇੰਨਾ ਭਰੋਸਾ ਕਿ 32 ਸਾਲ ਦੀ ਉਮਰੇ ਐਸ਼ਐਸ਼ਪੀæ ਲਾ ਦਿੱਤਾ। ਰਿਬੇਰੋ ਦੇ ਨਿੱਜੀ ਨੈਟਵਰਕ ਵਿਚ ਵੱਡਾ ਮੋਘਾ ਹੋ ਗਿਆ ਹੈ।
ਅਵਿੰਦਰ ਸਿੰਘ ਬਰਾੜ ਨੂੰ 1988 ਦੇ ਗਣਤੰਤਰ ਦਿਵਸ ਮੌਕੇ ਮਰਨ ਉਪਰੰਤ ਪਦਮਸ੍ਰੀ ਦਿੱਤਾ ਗਿਆ। ਉਸ ਦੀ ਵਿਧਵਾ ਨੂੰ ਇਨਾਮ ਲਿਜਾਣ ਵਾਸਤੇ ਸੱਦਾ ਪੱਤਰ ਮਿਲਿਆ ਜਿਸ ਵਿਚ ਲਿਖਿਆ ਸੀ ਕਿ ਉਹ ਆਪਣੇ ਨਾਲ ਰਾਸ਼ਟਰਪਤੀ ਭਵਨ ਵਿਚ ਦੋ ਹੋਰ ਮਨਚਾਹੇ ਬੰਦਿਆਂ ਨੂੰ ਲੈ ਕੇ ਆ ਸਕਦੀ ਹੈ। ਉਸ ਨੇ ਸਾਰੇ ਸਕੇ-ਸਬੰਧੀ ਨਜ਼ਰਅੰਦਾਜ਼ ਕਰ ਕੇ ਮੈਨੂੰ ਅਤੇ ਮੇਰੀ ਪਤਨੀ ਨੂੰ ਸੱਦਾ ਦਿੱਤਾ। ਉਸ ਦੇ ਸੱਦੇ ਨੇ ਦਿਲ ਛੁਹਿਆ।
ਇਸ ਰਸਮ ਤੋਂ ਬਾਅਦ ਸੁੱਖੀ ਨੇ ਪੰਜਾਬ ਵੱਲ ਚਾਲੇ ਪਾ ਦਿੱਤੇ; ਅਸੀਂ ਬੰਬੇ ਚਲੇ ਗਏ ਜਿਥੇ ਜਸਲੋਕ ਹਸਪਤਾਲ ਵਿਚ ਮੇਰਾ ਪ੍ਰਾਸਟੇਟ ਗਲੈਂਡ ਦਾ ਆਪ੍ਰੇਸ਼ਨ ਹੋਣਾ ਸੀ। ਮੇਰਾ ਦੌਰਾ ਪੂਰੀ ਤਰ੍ਹਾਂ ਗੁਪਤ ਸੀ। ਥੋੜ੍ਹੇ ਦਿਨ ਤਾਂ ਪਤਾ ਨਾ ਲੱਗਾ, ਪਰ ਮੇਰੀ ਗੈਰਹਾਜ਼ਰੀ ਬਾਰੇ ਘੁਸਰ-ਮੁਸਰ ਹੋਣ ਲੱਗੀ, ਲੋਕ ਸਵਾਲ ਪੁੱਛਣ ਲੱਗੇ। ਪੱਤਰਕਾਰ ਰਾਜ ਭਵਨ ਤੱਕ ਪੁੱਜ ਗਏ। ਗਵਰਨਰ ਰੇਅ ਦੱਸਣਾ ਨਹੀਂ ਚਾਹੁੰਦਾ ਸੀ, ਬੇਵੱਸ ਹੋ ਕੇ ਦੱਸਣਾ ਪਿਆ। ਆਪ੍ਰੇਸ਼ਨ ਬਾਅਦ ਮੈਂ ਆਰਾਮ ਕਰ ਰਿਹਾ ਸਾਂ ਕਿ ਰੇਅ ਨੇ ਫੋਨ ‘ਤੇ ਦੱਸਿਆ-ਮੈਂ ਨਹੀਂ ਚਾਹੁੰਦਾ ਸਾਂ ਦੱਸਣਾ, ਮਜਬੂਰੀਵੱਸ ਦੱਸਣਾ ਪੈ ਗਿਆ; ਕਿਉਂਕਿ ਅਫਵਾਹਾਂ ਦਾ ਦੌਰ ਚੱਲ ਪਿਆ ਸੀ। ਮੈਨੂੰ ਰੇਅ ਨੇ ਇਹ ਵੀ ਪੁੱਛਿਆ ਕਿ ਦੋ ਸਾਲ ਸਰਵਿਸ ਵਿਚ ਹੋਰ ਵਾਧਾ ਕਰ ਦੇਈਏ? ਮੈਂ ਕਿਹਾ, ਇਕ ਸਾਲ ਦਾ ਵਾਧਾ ਲੈ ਚੁੱਕਾ ਹਾਂ। ਹੁਣ ਸੋਚ ਕੇ ਦੱਸਾਂਗਾ। ਮੈਂ ਇਕ ਸਾਲ ਦੇ ਹੋਰ ਵਾਧੇ ਬਾਰੇ ‘ਹਾਂ’ ਕਰਦਿਆਂ ਲਿਖਿਆ-ਖਾੜਕੂਆਂ ਵਿਰੁਧ ਜੰਗ ਲੰਮੀ ਹੈ, ਦੁਖਦਾਈ ਹੈ, ਕਿਸੇ ਨਾ ਕਿਸੇ ਨੂੰ ਤਾਂ ਮੈਥੋਂ ਚਾਰਜ ਲੈਣਾ ਹੀ ਪਏਗਾ। ਮੈਂ ਇਕ ਸਾਲ ਦਾ ਵਾਧਾ ਇਸ ਲਈ ਮੰਨ ਲਿਆ ਸੀ, ਤਾਂ ਕਿ ਤੁਸੀਂ ਮੇਰੀ ਥਾਂ ਹੋਰ ਯੋਗ ਚੀਫ ਲੱਭ ਸਕੋ। ਹੁਣ ਇਕ ਸਾਲ ਦਾ ਵਾਧਾ ਇਸ ਕਰ ਕੇ ਸਵੀਕਾਰ ਕਰ ਲਿਆ, ਤਾਂ ਕਿ ਇਸ ਨਾਲ ਮੇਰਾ ਬਦਲ ਲੱਭ ਸਕੋ।
ਚੰਡੀਗੜ੍ਹ ਆ ਕੇ ਪਤਾ ਲੱਗਾ ਕਿ ਕੇæਪੀæਐਸ਼ ਗਿੱਲ ਨੇ ਆਪਣੇ ਹੱਕ ਵਿਚ ਲਾਬਿੰਗ ਸ਼ੁਰੂ ਕਰ ਰੱਖੀ ਹੈ, ਨਾਲੇ ਕਹਿ ਰਿਹਾ ਹੈ ਨਿਕੰਮਾ ਰਿਬੇਰੋ ਕੀ ਕਰੇਗਾ? ਮੈਂ ਇਨ੍ਹਾਂ ਗੱਲਾਂ ਵੱਲ ਧਿਆਨ ਨਾ ਦਿੱਤਾ, ਕਿਉਂਕਿ ਮੈਨੂੰ ਐਕਸਟੈਨਸ਼ਨ ਲੈਣ ਵਿਚ ਰੁਚੀ ਨਹੀਂ ਸੀ।
ਡਿਊਟੀ ਜਾਇਨ ਕਰ ਲਈ। ਰੇਅ ਨੇ ਰਾਜ ਭਵਨ ਸੱਦਿਆ, ਕਿਹਾ-ਮੈਂ ਤੁਹਾਨੂੰ ਆਪਣਾ ਸਲਾਹਕਾਰ ਲਾਉਣਾ ਹੈ। ਸਲਾਹਕਾਰ ਦਾ ਰੁਤਬਾ ਵਜ਼ੀਰ ਦਾ ਹੁੰਦਾ ਹੈ। ਤਨਖਾਹ ਨਾਲ ਵਿਸ਼ੇਸ਼ ਭੱਤਾ ਵੀ ਮਿਲਦਾ ਹੈ। ਕਿਉਂਕਿ ਸਲਾਹਕਾਰ ਕੇਵਲ ਇਕ ਹੋਵੇਗਾ, ਇਸ ਲਈ ਅੱਧੇ ਮੰਤਰਾਲੇ ਤੁਸੀਂ ਰੱਖਿਓ, ਅੱਧੇ ਮੇਰੇ ਕੋਲ ਹੋਣਗੇ। ਹੋਮ, ਸ਼ਹਿਰੀ ਵਿਕਾਸ, ਪੇਂਡੂ ਵਿਕਾਸ, ਪੀæਡਬਲਿਯੂæਡੀæ, ਲੇਬਰ, ਟ੍ਰਾਂਸਪੋਰਟ ਸਭ ਤੁਹਾਡੇ ਹਵਾਲੇ। ਇਨ੍ਹਾਂ ਮੰਤਰਾਲਿਆਂ ਦੇ ਸਕੱਤਰ ਤੁਹਾਡੇ ਅੱਗੇ ਜਵਾਬਦੇਹ ਹੋਣਗੇ। ਮੈਂ ‘ਹਾਂ’ ਕਰ ਦਿੱਤੀ।
ਮੇਰੇ ਕੋਲ ਤਕਰੀਬਨ ਸੌ ਬੰਦੇ ਔਸਤਨ ਆਪਣੇ ਕੰਮਾਂ ਲਈ ਮਿਲਣ ਆਉਂਦੇ। ਸਰਕਾਰ ਟੁੱਟਣ ਕਾਰਨ ਵਜ਼ੀਰ ਰਹੇ ਨਾ, ਸਕੱਤਰ ਪਰਜਾ ਨੂੰ ਮਿਲ ਕੇ ਖੁਸ਼ ਨਹੀਂ ਹੁੰਦੇ। ਕੁੱਝ ਮੁਸ਼ਕਿਲਾਂ ਤਾਂ ਮੈਂ ਮਿੰਟਾਂ ਵਿਚ ਹੱਲ ਕਰ ਦਿੰਦਾ। ਗੁਰਦਾਸਪੁਰ ਤੋਂ ਸਰਪੰਚ ਇਕ ਮੁੰਡੇ ਨੂੰ ਲੈ ਕੇ ਆਇਆ, ਦੱਸਿਆ ਇਹ ਖਾੜਕੂਆਂ ਨਾਲ ਰਲ ਗਿਆ ਸੀ। ਇਕ ਕਤਲ ਵੀ ਕਰ ਦਿੱਤਾ। ਹੁਣ ਪਛਤਾ ਰਿਹੈ। ਖਿਮਾ ਕਰ ਦਿਉ। ਮੈਂ ਮੁੰਡੇ ਨੂੰ ਕਿਹਾ-ਜੇ ਸੱਚ ਦੱਸ ਦਏਂਗਾ ਤਾਂ ਮੁਆਫ ਕਰ ਦਿਆਂਗਾ। ਦੱਸ ਕਿੰਨੇ ਕਤਲ ਕੀਤੇ? ਮੁੰਡੇ ਨੇ ਕਿਹਾ-ਦੋ। ਮੈਂ ਉਸ ਦੀਆਂ ਅੱਖਾਂ ਵਿਚ ਪਛਤਾਵਾ ਦੇਖਿਆ। ਐਸ਼ਐਸ਼ਪੀæ ਨੂੰ ਫੋਨ ਕਰ ਕੇ ਕਹਿ ਦਿੱਤਾ, ਮੁੰਡੇ ਨੂੰ ਤੰਗ ਨਹੀਂ ਕਰਨਾ ਮੁੜ ਕੇ।
ਦੂਜਾ ਦੁਖਿਆਰਾ ਰਿਟਾਇਰਡ ਫੌਜੀ ਸੂਬੇਦਾਰ ਸੀ। ਉਸ ਦਾ ਮੁੰਡਾ ਖਾੜਕੂਆਂ ਨਾਲ ਰਲ ਗਿਆ। ਉਸ ਨੇ ਦੱਸਿਆ-ਦਿਨ ਦੇਖੇ ਨਾ ਰਾਤ, ਪੁਲਿਸ ਦਰਵਾਜ਼ੇ ਖੜਕਾਉਂਦੀ ਰਹਿੰਦੀ ਹੈ। ਉਸ ਨੂੰ ਤੇ ਉਸ ਦੇ ਬਾਕੀ ਪੁੱਤਰਾਂ ਨੂੰ ਘੰਟਿਆਂ ਬੱਧੀ ਠਾਣੇ ਬਿਠਾਈ ਰੱਖਦੇ ਹਨ। ਜੇ ਇਹ ਵਤੀਰਾ ਪੁਲਿਸ ਨੇ ਨਾ ਬਦਲਿਆ, ਬਾਕੀ ਮੁੰਡੇ ਵੀ ਖਾੜਕੂ ਹੋ ਜਾਣਗੇ। ਉਸ ਨੇ ਕਿਹਾ-ਮੈਂ ਦੇਖਣ ਸਾਰ ਆਪਣੇ ਮੁੰਡੇ ਨੂੰ ਗੋਲੀ ਮਾਰ ਦਿਆਂਗਾ, ਪਰ ਪੁਲਿਸ ਜ਼ਲੀਲ ਤਾਂ ਨਾ ਕਰੇ। ਮੈਂ ਸੂਬੇਦਾਰ ਦੀ ਗੱਲ ਧਿਆਨ ਨਾਲ ਸੁਣੀ ਤੇ ਕਿਹਾ-ਆਪਣੇ ਪੁੱਤ ਨੂੰ ਗੋਲੀ ਨਾ ਮਾਰੀਂ। ਪੁਲਿਸ ਦੇ ਸਪੁਰਦ ਕਰ ਦੇਈਂ। ਐਸ਼ਐਸ਼ਪੀæ ਨੂੰ ਸਮਝਾ ਦਿੱਤਾ। ਮਾਮਲਾ ਨਿਬੜ ਗਿਆ।
ਡੇਢ ਸਾਲ ਮੈਂ ਸਲਾਹਕਾਰ ਰਿਹਾ, ਤਾਂ ਪਤਾ ਲੱਗਾ, ਬੇਸ਼ਕ ਮੈਂ ਕਿੰਨੀ ਨਰਮਾਈ ਨਾਲ ਪੇਸ਼ ਆਉਂਦਾ ਸਾਂ, ਲੋਕ ਵਰਦੀ ਤੋਂ ਤ੍ਰਹਿੰਦੇ ਹਨ।
(ਚਲਦਾ)

Be the first to comment

Leave a Reply

Your email address will not be published.