ਅਕਾਲੀਆਂ ਨੂੰ ਵੰਗਾਰਨ ਲਈ ਕਾਂਗਰਸ ਨੇ ਰਣਨੀਤੀ ਬਦਲੀ

ਚੰਡੀਗੜ੍ਹ: ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਵੰਗਾਰਨ ਲਈ ਕਾਂਗਰਸ ਨੇ ਰਣਨੀਤੀ ਬਦਲੀ ਬਦਲੀ ਹੈ। ਇਸ ਲਈ ਕਾਂਗਰਸ ਪਾਰਟੀ ਨੇ ਇਕ ਵਿਅਕਤੀ ਇਕ ਅਹੁਦੇ ਦਾ ਫਾਰਮੂਲਾ ਤਿਆਗ ਦਿੱਤਾ ਹੈ। ਨਵੇਂ ਫੈਸਲੇ ਨਾਲ ਪੰਜਾਬ ਪ੍ਰਦੇਸ ਕਾਂਗਰਸ ਦੇ ਪੁਨਰਗਠਨ ਵਿਚ ਕਈਆਂ ਦਾ ਦੂਹਰੇ ਗੱਫੇ ਨੂੰ ਹੱਥ ਪੈਣ ਦੀ ਸੰਭਾਵਨਾ ਹੈ। ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦੀ ਨਿਯੁਕਤੀ ਵੇਲੇ ਇਕ ਵਿਅਕਤੀ ਇਕ ਅਹੁਦਾ ਫਾਰਮੂਲਾ ਅਪਣਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਅਹੁਦੇਦਾਰਾਂ ਦੀ ਸੂਚੀ ਇਸ ਤੋਂ ਹਟ ਕੇ ਤਿਆਰ ਕੀਤੀ ਜਾ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਨੇ ਇਹ ਫੈਸਲਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚ ਬਣ ਚੁੱਕੇ ਮਜ਼ਬੂਤ ਆਧਾਰ ਤੇ ਪੰਜਾਬ ਕਾਂਗਰਸ ਨੂੰ ਮੁੜ ਤੋਂ ਪੈਰ ਜਮਾਉਣ ਵਿਚ ਆ ਰਹੀ ਦਿੱਕਤ ਕਰਕੇ ਲਿਆ ਹੈ। ਹਾਈ ਕਮਾਂਡ ਇਹ ਵੀ ਮਹਿਸੂਸ ਕਰ ਰਹੀ ਹੈ ਕਿ ਲੋਕਾਂ ਨੂੰ ਨਾਲ ਜੋੜਨ ਤੇ ਸਰਕਾਰੀ ਦਫਤਰਾਂ ਵਿਚ  ਕੰਮ ਕਰਾਉਣ ਲਈ ਪ੍ਰਭਾਵਸ਼ਾਲੀ ਨੇਤਾਵਾਂ ਨੂੰ ਹੋਰ ਤਾਕਤਵਰ ਕਰਨਾ ਜ਼ਰੂਰੀ ਹੋ ਗਿਆ ਹੈ। ਹਾਈ ਕਮਾਂਡ ਦੇ ਇਸ ਫੈਸਲੇ ਨਾਲ ਇਕ ਹੋਰ ਅਹੁਦੇ ਦੀ ਆਸ ਗਵਾ ਚੁੱਕੇ ਨੇਤਾਵਾਂ ਨੂੰ ਨਵੀਂ ਆਸ ਬੱਝ ਗਈ ਹੈ ਤੇ ਵੱਡੀ ਗਿਣਤੀ ਵਿਧਾਇਕ ਵੀ ਮਹੱਤਵਪੂਰਨ ਅਹੁਦਿਆਂ ਦੇ ਦਾਅਵੇਦਾਰ ਬਣ ਗਏ ਹਨ। ਦੂਜੇ ਪਾਸੇ ਕਾਂਗਰਸ ਦੇ ਇਕ ਵਿਅਕਤੀ ਇਕ ਅਹੁਦੇ ਦੇ ਫਾਰਮੂਲੇ ਕਰਕੇ ਹੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ ਸਮੇਤ ਹੋਰ ਕਈਆਂ ਨੂੰ ਪਾਰਟੀ ਦੇ ਅਹੁਦੇ  ਛੱਡਣੇ ਪਏ ਸਨ। ਇਸ ਨਾਲ ਪਾਰਟੀ ਅੰਦਰ ਧੜੇਬੰਦੀ ਵੀ ਵਧੀ ਹੈ ਤੇ ਸੀਨੀਅਰ ਆਗੂਆਂ ਕੋਲ ਫੈਸਲਾ ਲੈਣ ਦੇ ਅਧਿਕਾਰ ਵੀ ਘਟ ਜਾਂਦੇ ਹਨ। ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਦਾ ਦਾਅ ਲੱਗਣ ਦੀ ਸੰਭਾਵਨਾ ਵਧ ਗਈ ਹੈ। ਪਤਾ ਲੱਗਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਈ ਕਮਾਂਡ ਨੂੰ ਨਵੇਂ ਅਹੁਦੇਦਾਰਾਂ ਦੀ ਜਿਹੜੀ ਸੂਚੀ ਸੌਂਪੀ ਗਈ ਹੈ, ਉਸ ਵਿਚ ਡੇਢ ਦਰਜਨ ਵਿਧਾਇਕਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਤਿੰਨ ਚਾਰ ਨੂੰ ਛੱਡ ਕੇ ਸਾਰੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਬਦਲੇ ਜਾ ਸਕਦੇ ਹਨ।
ਸੂਤਰਏ ਅਨੁਸਾਰ ਕਈ ਮੂਹਰਲੀ ਕਤਾਰ ਦੇ ਨੇਤਾਵਾਂ ਵਿਚ ਠੰਢੀ ਜੰਗ ਛਿੜਨ ਕਰਕੇ ਪੰਜਾਬ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਦਾ ਕੰਮ ਮੱਠੀ ਚਾਲ ਤੁਰ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ,  ਪ੍ਰਦੇਸ ਕਾਂਗਰਸ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਦੀ ਸਲਾਹ ਲੈ ਰਹੇ ਹਨ ਤੇ ਉਹ ਕੁਝ ਦਿਨਾਂ ਲਈ ਦਿੱਲੀ ਤੋਂ ਬਾਹਰ ਹਨ। ਉਂਜ ਪਾਰਟੀ ਵਿਚ ਨਵਾਂ ਅਹੁਦਾ ਲੈਣ ਦੇ ਚਾਹਵਾਨ ਕਾਂਗਰਸੀ ਦਿੱਲੀ ਵਿਚ ਬੈਠੇ ਆਪਣੇ ਸਿਆਸੀ ਪ੍ਰਭੂਆਂ ਤੇ ਪ੍ਰਧਾਨ ਪ੍ਰਤਾਪ ਬਾਜਵਾ ਨਾਲ ਲਗਾਤਾਰ ਸੰਪਰਕ ਵਿਚ ਹਨ। ਸ਼ ਬਾਜਵਾ ਨੇ ਕਿਹਾ ਹੈ ਕਿ ਨਵੀਂ ਸੂਚੀ ਵਿਚ ਪ੍ਰਭਾਵਸ਼ਾਲੀ ਨੇਤਾਵਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਵਿਚ ਵੱਡੀ ਗਿਣਤੀ ਵਿਧਾਇਕ ਵੀ ਹੋ ਸਕਦੇ ਹਨ। ਉਨ੍ਹਾਂ  ਕਿਹਾ ਕਿ ਹਾਈ ਕਮਾਂਡ ਨਾਲ ਵਿਚਾਰ ਵਟਾਂਦਰੇ ਵੇਲੇ ਇਸ ਦਾ ਵਿਸ਼ੇਸ਼ ਖ਼ਿਆਲ ਰੱਖਿਆ ਗਿਆ ਹੈ।
________________________________________
ਹਾਈ ਕਮਾਂਡ ਵੱਲੋਂ ਬਾਜਵਾ ਦੀ ਸੂਚੀ ਰੱਦ
ਚੰਡੀਗੜ੍ਹ: ਕੁਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੇਸ਼ ਕੀਤੀ ਗਈ ਸੂਚੀ ਨੂੰ ਇਕ ਤਰ੍ਹਾਂ ਨਾਲ ਰੱਦ ਕਰ ਦਿੱਤਾ ਹੈ ਤੇ ਆਦੇਸ਼ ਦਿੱਤੇ ਹਨ ਕਿ ਨਵੀਂ ਸੂਚੀ ਤਿਆਰ ਕੀਤੀ ਜਾਵੇ।
ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਹੁਦੇਦਾਰਾਂ ਦੀ ਨਵੀਂ ਸੂਚੀ ਸ਼ ਬਾਜਵਾ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਪ੍ਰਦੇਸ਼ ਕਾਂਗਰਸ ਦੇ ਚਾਰ ਉਪ ਪ੍ਰਧਾਨ ਤਰਲੋਚਨ ਸਿੰਘ, ਚਰਨਜੀਤ ਸਿੰਘ ਚੰਨੀ, ਓæਪੀæ ਸੋਨੀ ਤੇ ਗੁਰਪ੍ਰੀਤ ਸਿੰਘ ਕਾਂਗੜ ਮਿਲ ਬੈਠ ਕੇ ਤਿਆਰ ਕਰਨ।
ਨਵੀਂ ਦਿੱਲੀ ਵਿਚ ਸ੍ਰੀ ਰਾਹੁਲ ਗਾਂਧੀ ਨੇ ਲੰਘੇ ਦਿਨੀਂ ਨਵੀਂ ਟੀਮ ਦੀ ਚੋਣ ਬਾਰੇ ਮੀਟਿੰਗ ਕੀਤੀ ਜਿਸ ਵਿਚ ਸ਼ ਬਾਜਵਾ, ਸ੍ਰੀ ਜਾਖੜ, ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਤੇ ਜਾਇੰਟ ਇੰਚਾਰਜ ਹਰੀਸ਼ ਚੌਧਰੀ ਸ਼ਾਮਲ ਹੋਏ।
ਮੀਟਿੰਗ ਵਿਚ ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਜਾਖੜ ਤੋਂ ਪੁੱਛਿਆ ਕਿ ਇਹ ਸੂਚੀ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤੀ ਗਈ ਹੈ ਤਾਂ ਸ੍ਰੀ ਜਾਖੜ ਨੇ ਦੋ ਟੁੱਕ ਉੱਤਰ ਦਿੱਤਾ ਕਿ ਉਨ੍ਹਾਂ ਨੂੰ ਇਸ ਸੂਚੀ ਦੀ ਤਿਆਰੀ ਬਾਰੇ ਕੋਈ ਪਤਾ ਨਹੀਂ। ਇਸ ‘ਤੇ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੂਚੀ ਮੁੜ ਤਿਆਰ ਕਰਕੇ ਲਿਆਂਦੀ ਜਾਏ।

Be the first to comment

Leave a Reply

Your email address will not be published.