ਰੁਜਗਾਰ, ਵਿਦਿਆ ਤੇ ਸਿਹਤ ਸੰਭਾਲ

ਗੁਰਬਚਨ ਸਿੰਘ
ਫੋਨ: 91-98156-98451
ਕੁਝ ਸੁਹਿਰਦ ਲੋਕ ਅੱਜ ਇਸ ਲੋੜ ਨੂੰ ਬੜਾ ਉਭਾਰ ਕੇ ਪੇਸ਼ ਕਰ ਰਹੇ ਹਨ ਕਿ ਆ ਰਹੀਆਂ ਪੰਜਾਬ ਚੋਣਾਂ ਲੀਡਰਾਂ ਦੀ ਥਾਂ ਮੁੱਦਿਆਂ ਉਤੇ ਕੇਂਦ੍ਰਿਤ ਕੀਤੀਆਂ ਜਾਣ। ਪੰਜਾਬ ਨਾਲ ਸਬੰਧਤ ਕੁਝ ਅਹਿਮ ਮੁੱਦੇ ਉਹ ਉਭਾਰ ਵੀ ਰਹੇ ਹਨ। ਮਸਲਨ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੇ ਆਰਥਿਕ ਵਿਕਾਸ ਦਾ ਮਸਲਾ, ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਵਿਕਾਸ ਦਾ ਮਸਲਾ; ਬੀਤੇ ਵਿਚ ਪੰਜਾਬ ਨਾਲ ਹੋਈਆ ਬੇਇਨਸਾਫੀਆਂ ਦਾ ਮਸਲਾ, ਜਿਸ ਦੇ ਪਿਛੋਕੜ ਵਿਚ ਜੂਨ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ ਵਿਚ ਹੋਏ ਹਜਾਰਾਂ ਸਿੱਖ ਨੌਜਵਾਨਾਂ ਦੇ ਕਤਲ ਅਤੇ ਕਈ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਕੈਦੀਆਂ ਦਾ ਦਰਦ ਮੌਜੂਦ ਹੈ। ਇਥੇ ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਇਹ ਮੁੱਦੇ ਕਿਹੜੀ ਰਾਜਨੀਤੀ ਅਧੀਨ ਉਭਾਰੇ ਜਾ ਰਹੇ ਹਨ ਅਤੇ ਇਸ ਰਾਜਨੀਤੀ ਦਾ ਵਿਚਾਰਧਾਰਕ ਆਧਾਰ ਕੀ ਹੈ?

ਮਿਸਾਲ ਦੇ ਤੌਰ ਉਤੇ ਅੱਜ ਰੁਜ਼ਗਾਰ, ਵਿਦਿਆ ਅਤੇ ਸਿਹਤ ਸੰਭਾਲ ਪੰਜਾਬ/ਲੋਕਾਂ ਦੇ ਅਹਿਮ ਮੁੱਦੇ ਹਨ। ਇਨ੍ਹਾਂ ਮੁੱਦਿਆਂ ਬਾਰੇ ਬਣੇ ਕਲਪਿਤ ਮਾਇਆਧਾਰੀ ਸੰਕਲਪਾਂ ਨੇ ਸਮੁੱਚੀ ਮਨੁੱਖ ਜਾਤੀ ਨੂੰ ਉਲਝਾ ਦਿਤਾ ਹੈ। ਬਹੁਗਿਣਤੀ ਲੋਕ ਆਪਣੀ ਜਿ਼ੰਦਗੀ ਦੇ ਰਸ-ਕਸ ਮਾਣਨਾ ਭੁਲ ਕੇ ਰੁਜ਼ਗਾਰ, ਸਿਹਤ ਸੰਭਾਲ ਤੇ ਬਚਿਆਂ ਦੀ ਪੜ੍ਹਾਈ ਦੇ ਜੁਗਾੜ ਕਰਨ ਵਿਚ ਹੀ ਉਲਝ ਗਏ ਹਨ। ਰੁਜ਼ਗਾਰ ਦਾ ਮੰਤਵ ਹੱਥੀਂ ਕਿਰਤ ਕਰਕੇ ਪਦਾਰਥਕ ਲੋੜਾਂ ਦੀ ਪੂਰਤੀ ਲਈ ਲੋੜੀਂਦੇ ਸਾਧਨ ਜੁਟਾਉਣਾ ਹੈ, ਪਰ ਅੰਨੇ ਬੋਲੇ ਮਾਇਆਧਾਰੀ ਰਾਜ ਪ੍ਰਬੰਧ ਨੇ ਆਪਣੀ ਮਨੂੰਵਾਦੀ ਸੋਚ ਅਧੀਨ ਇਸ ਸੰਕਲਪ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਆਪਣੀ ਕੁਦਰਤੀ ਹੋਂਦ ਤੋਂ ਅਣਜਾਣ ਅਤੇ ਸਮੂਹ ਤੋਂ ਟੁੱਟੇ ਹੋਏ ਲੋਕ ਰੁਜਗਾਰਵਾਦੀ ਤੇ ਖੁਦਗਰਜ ਬਿਰਤੀ ਅਧੀਨ ਸਾਰੀ ਉਮਰ ਇਸ ਜੁਗਾੜ ਦੀ ਫਿਕਰ ਕਰਦੇ ਹੀ ਮਰ ਜਾਂਦੇ ਹਨ। ਨਿਜ ਤਕ ਸਿਮਟੀ ਖੁਦਗਰਜ ਮਨੁੱਖ ਦੀ ਜੁਗਾੜੀ ਬਿਰਤੀ ਲਗਾਤਾਰ ਮੱਕਾਰ ਬਣਦੀ ਜਾਂਦੀ ਹੈ। ਸਮੂਹ ਤੋਂ ਟੁੱਟ ਕੇ ਨਿਜ ਤਕ ਸੁੰਗੜੀ ਹੋਈ ਉਸ ਦੀ ਸੋਚ ਇਕਲਾਪੇ ਦਾ ਸ਼ਿਕਾਰ ਹੋ ਜਾਂਦੀ ਹੈ। ਉਹ ਆਪਣੇ ਮਨੁੱਖੀ ਰਿਸ਼ਤਿਆਂ ਵਿਚੋਂ ਅਨੰਦ ਦਾ ਅਹਿਸਾਸ ਕਰਨ ਦੀ ਥਾਂ ਖਪਤਕਾਰੀ ਚਕਾਚੌਂਧ (ਵਸਤਾਂ ਦੀ ਬਹੁਤਾਤ) ਵਿਚੋਂ ਸੰਤੁਸ਼ਟੀ ਭਾਲਦਾ ਹੈ। ਪਰਾਈ ਕਿਰਤ ਉਤੇ ਪਲਣ ਦੀ ਲਾਲਸਾ ਇਸ ਵਰਗ ਦੇ ਮਨਾਂ ਵਿਚੋਂ ਮਨੁੱਖੀ ਤੇ ਸਮਾਜੀ ਤਤ ਖਤਮ ਕਰਦੀ ਜਾਂਦੀ ਹੈ। “ਕਰਤੂਤਿ ਪਸੂ ਕੀ ਮਾਨਸੁ ਜਾਤਿ॥ ਲੋਕ ਪਚਾਰਾ ਕਰੈ ਦਿਨਿ ਰਾਤਿ॥” ਦਾ ਧਾਰਨੀ ਇਹ ਮਨੁੱਖ ਅਚੇਤ ਰੂਪ ਵਿਚ ਹੀ ਬੇਲੋੜੀ ਸਾਮਰਾਜੀ ਖਪਤਕਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਉਸ ਨੇ ਆਪਣੇ ਮਨੁੱਖੀ ਤੱਤ ਗੁਆ ਕੇ ਕਿੰਨੀ ਵੱਡੀ ਕੀਮਤ ਤਾਰੀ ਹੈ। ਜ਼ਿੰਦਗੀ ਦੇ ਸਾਰੇ ਰਸਾਂ-ਕਸਾਂ ਨੂੰ ਭਰਵੇਂ ਰੂਪ ਵਿਚ ਮਾਣਨ ਦੇ ਆਪਣੇ ਅਹਿਸਾਸ ਹੀ ਮਾਰ ਲਏ ਹਨ। ਉਹ ਆਪਣੀ ਜ਼ਿੰਦਗੀ ਕੌਡੀਆਂ ਬਦਲੇ ਭਾਵ ਮਾਇਆ (ਹੋਰ ਹੋਰ ਪੈਸੇ ਅਤੇ ਤ੍ਰਿਸ਼ਨਾ) ਦੇ ਭਰਮਜਾਲ ਵਿਚ ਫਸਿਆ ਹੀ ਗੁਆ ਦਿੰਦਾ ਹੈ; ਜਦੋਂ ਕਿ ਗੁਰਮਤਿ ਦਾ ਰੁਜ਼ਗਾਰ ਬਾਰੇ ਸੰਕਲਪ ਹੈ,
ਘਾਲ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਕਾਰਲ ਮਾਰਕਸ ਦਾ ਰੁਜਗਾਰ ਬਾਰੇ ਕਥਨ ਹੈ, “ਜ਼ਿੰਦਗੀ ਵਿਚ ਜੇ ਅਸੀਂ ਕਿਸੇ ਅਜਿਹੇ ਰੁਜ਼ਗਾਰ ਦੀ ਚੋਣ ਕਰੀਏ, ਜਿਥੇ ਰਹਿ ਕੇ ਅਸੀਂ ਬਹੁਤਾ ਕੰਮ ਮਨੁੱਖਤਾ ਦੀ ਸੇਵਾ ਲਈ ਕਰ ਸਕੀਏ ਤਾਂ ਕੋਈ ਵੀ ਬੋਝ ਸਾਨੂੰ ਝੁਕਾਅ ਨਹੀਂ ਸਕੇਗਾ, ਕਿਉਂਕਿ ਉਹ ਸਾਰਿਆਂ ਦੇ ਭਲੇ ਲਈ ਕੀਤੀ ਕੁਰਬਾਨੀ ਹੋਵੇਗੀ। ਫਿਰ ਅਸੀਂ ਨਿਗੁਣਾ, ਸੀਮਤ, ਸੁਆਰਥੀ ਅਨੰਦ ਨਹੀਂ ਮਾਣਾਂਗੇ ਸਗੋਂ ਸਾਡੀ ਖੁਸ਼ੀ ਦਾ ਸਬੰਧ ਕਰੋੜਾਂ ਲੋਕਾਂ ਦੀ ਖੁਸ਼ੀ ਨਾਲ ਹੋਵੇਗਾ। ਸਾਡੇ ਕੀਤੇ ਕੰਮ ਚੁਪ-ਚੁਪੀਤੇ, ਪਰ ਨਿਰੰਤਰ ਕਾਰਜਸ਼ੀਲ ਰਹਿਣਗੇ। ਸਾਡੇ ਮਰਨ ਤੋਂ ਬਾਅਦ ਸਾਡੀ ਰਾਖ ਉਤੇ ਨੇਕ ਲੋਕਾਂ ਦੇ ਗਰਮ-ਗਰਮ ਹੰਝੂੂ ਡਿਗਣਗੇ।” ਇਹ ਰੁਜ਼ਗਾਰ ਦਾ ਸਿੱਖ ਅਤੇ ਕਮਿਊਨਿਸਟ ਸੰਕਲਪ ਹੈ।
ਇਹੀ ਹਾਲਤ ਸਿਹਤ ਸੰਭਾਲ ਜਾਂ ਨਰੋਈ ਸਿਹਤ ਦੇ ਸੰਕਲਪ ਬਾਰੇ ਹੈ। ਦੁਨੀਆਂ ਭਰ ਦੇ ਦੇਸ਼ਾਂ ਅੰਦਰ ਜਿੰਨੀ ਮਨੁੱਖ ਜਾਤੀ ਅੱਜ ਬਿਮਾਰ ਨਜ਼ਰ ਆ ਰਹੀ ਹੈ, ਏਨੀ ਪਹਿਲਾਂ ਕਦੇ ਨਹੀਂ ਹੋਈ। ਅੱਜ ਪੰਜਾਬ ਅੰਦਰ ਸਿਹਤ ਸੰਭਾਲ ਦੀ ਹਾਲਤ ਇਹ ਹੈ ਕਿ ਜੋੜਾਂ ਦੀਆਂ ਦਰਦਾਂ, ਸ਼ੂਗਰ, ਬਲਡ ਪ੍ਰੈਸ਼ਰ ਵਧਣਾ-ਘਟਣਾ, ਕੈਂਸਰ, ਗਿਲਟੀਆਂ ਬਣਨੀਆਂ, ਵਾਲ ਸਫੈਦ ਹੋਣੇ ਆਮ ਵਰਤਾਰਾ ਹੈ। ਜਿਹੜੀਆਂ ਬਿਮਾਰੀਆਂ ਪਹਿਲਾਂ ਸਿਰਫ ਵਡੇਰੀ ਉਮਰ ਵਿਚ ਹੀ ਹੁੰਦੀਆਂ ਸਨ, ਅੱਜ 10-12 ਸਾਲ ਦੇ ਬੱਚਿਆਂ ਵਿਚ ਵੀ ਆਮ ਪਾਈਆਂ ਜਾ ਰਹੀਆਂ ਹਨ। ਮਾਸੂਮ ਬੱਚਿਆਂ ਨੂੰ ਨਿਗ੍ਹਾ ਦੀਆਂ ਐਨਕਾਂ, ਨੱਕ ਦਾ ਮਾਸ ਵਧਣਾ, ਸਾਹ ਦੀ ਤਕਲੀਫ, ਮਾਈਗ੍ਰੇਨ ਆਦਿ ਰੋਗ ਅਕਸਰ ਵੇਖਣ ਨੂੰ ਮਿਲ ਰਹੇ ਹਨ। ਜਵਾਨ ਮੁੰਡੇ-ਕੁੜੀਆਂ ਦੇ ਚਿਹਰਿਆਂ ਉਤੇ ਜਵਾਨੀ ਦੀ ਕੋਈ ਰੌਣਕ ਨਹੀਂ। ਹੱਥੀਂ ਕਿਰਤ ਤੇ ਸੰਤੁਲਿਤ ਖੁਰਾਕ ਦੀ ਘਾਟ ਕਾਰਨ ਸੰਤਾਨ ਪੈਦਾ ਕਰਨ ਦੀ ਉਮਰ ਵਿਚ ਲੜਕਿਆਂ ਵਿਚ ਨਾਮਰਦੀ ਵਰਗੀਆਂ ਅਲਾਮਤਾਂ ਸਾਹਮਣੇ ਆ ਰਹੀਆਂ ਹਨ। ਕਿਸੇ ਵੀ ਗਰਭਵਤੀ ਔਰਤ ਦੇ ਚਿਹਰੇ ਉਤੇ ਮਾਂ ਬਣਨ ਦੀ ਕੁਦਰਤੀ ਖੁਸ਼ੀ ਨਜ਼ਰ ਨਹੀਂ ਆਉਂਦੀ। ਗਰਭਵਤੀ ਹੋਣ ਦੇ ਦਿਨ ਤੋਂ ਹੀ ਦਵਾਈਆਂ ਖਾਣ, ਵਾਰ-ਵਾਰ ਅਲਟਰਾ ਸਾਊਂਡ ਕਰਵਾਉਣ ਤੇ ਫਿਰ ਜਣੇਪਾ ਬਿਨਾ ਅਪਰੇਸ਼ਨ ਹੋਣਾ ਹੈ ਕਿ ਵੱਡੇ ਆਪਰਸ਼ੇਨ ਨਾਲ, ਉਹ ਇਨ੍ਹਾਂ ਉਲਝਣਾਂ ਵਿਚ ਹੀ ਫਸੀ ਰਹਿੰਦੀ ਹੈ। ਨਵਜੰਮੇ ਬਚੇ ਨੂੰ ਗੋਦੀ ਵਿਚ ਲੈ ਕੇ ਹਸਪਤਾਲਾਂ ਦੇ ਚੱਕਰ, ਕਦੀ ਉਸ ਦੀ ਛਾਤੀ ਰੁਕ ਗਈ, ਕਦੀ ਬੁਖਾਰ ਆ ਗਿਆ ਅਤੇ ਬਸ ਇਸੇ ਤਰ੍ਹਾਂ ਹਸਪਤਾਲਾਂ ਵਿਚ ਖੱਜਲ-ਖੁਆਰੀ।
ਡਾਕਟਰੀ ਦੇ ਖੇਤਰ ਵਿਚ ਹੋਏ ਵਿਕਾਸ ਦੇ ਬਾਵਜੂਦ ਸਾਡਾ ਸਮਾਜ ਸਿਹਤਮੰਦ ਨਹੀਂ ਹੋ ਰਿਹਾ। ਕਾਰਨ ਹੈ ਕਿ ਮਨੁੱਖ ਕੁਦਰਤੀ ਕਾਰਨਾਂ ਕਰਕੇ ਓਨਾ ਬਿਮਾਰ ਨਹੀਂ ਹੁੰਦਾ, ਜਿੰਨਾ ਆਧੁਨਿਕ ਦਵਾਈਆਂ ਦੀ ਦੁਰਵਰਤੋਂ ਕਾਰਨ ਹੋ ਰਿਹਾ ਹੈ। ਕੁਦਰਤ ਨੇ ਜਿਸ ਢੰਗ ਨਾਲ ਮਨੁੱਖੀ ਸਰੀਰ ਦੀ ਸਿਰਜਣਾ ਕੀਤੀ ਹੈ, ਜੇ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ ਤਾਂ ਉਸ ਸਿਰਜਣਹਾਰ ਅੱਗੇ ਵਾਰ-ਵਾਰ ਸਿਰ ਝੁਕਦਾ ਹੈ ਕਿ ਕਿਸ ਤਰ੍ਹਾਂ ਉਸ ਨੇ ਸਾਡੇ ਸਰੀਰ ਅੰਦਰ ਇਕ ਐਸੀ ਸ਼ਕਤੀ ਮੌਜੂਦ ਰੱਖੀ ਹੋਈ ਹੈ, ਜੋ ਕਿਸੇ ਵੀ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂ ਦਾ ਮੁਕਾਬਲਾ ਕਰਨ ਲਈ ਸਦਾ ਕਾਰਜਸ਼ੀਲ ਰਹਿੰਦੀ ਹੈ। ਕੁਦਰਤੀ ਨੇਮਾਂ ਅਨੁਸਾਰ ਜੀਵਨ ਜਿਉਣ ਨਾਲ ਇਨਸਾਨ ਤੰਦਰੁਸਤ ਤੇ ਖੁਸ਼ਹਾਲ ਜੀਵਨ ਦਾ ਅਨੰਦ ਮਾਣ ਸਕਦਾ ਹੈ। ਮੁਨਾਫੇਖੋਰ ਦਵਾਈ ਕੰਪਨੀਆਂ ਅਤੇ ਪੈਸੇ ਦੇ ਭੁੱਖੇ ਡਾਕਟਰਾਂ ਦਾ ਰਚਿਆ ਅਡੰਬਰ ਮਨੁੱਖ ਜਾਤੀ ਨੂੰ ਕੁਦਰਤ ਤੋਂ ਬਹੁਤ ਦੂਰ ਲੈ ਆਇਆ ਹੈ। ਦੁਨੀਆਂ ਭਰ ਵਿਚ ਵਧ ਰਿਹਾ ਮੋਟਾਪਾ ਤੇ ਇਸ ਨਾਲ ਜੁੜੀਆਂ ਅਣਗਿਣਤ ਬਿਮਾਰੀਆਂ, ਮਾਨਸਿਕ ਰੋਗ, ਉਨੀਂਦਰਾ, ਦਿਲ ਦੇ ਰੋਗ ਤੇ ਅਜਿਹੀਆਂ ਹਜ਼ਾਰਾਂ ਅਲਾਮਤਾਂ, ਸਿਰਫ ਇਸ ਅਡੰਬਰ ਨੂੰ ਤਿਆਗਣ ਨਾਲ ਹੀ ਖਤਮ ਹੋ ਸਕਦੀਆਂ ਹਨ। ਪੰਜਾਬ ਅੰਦਰ ਬੜੀ ਤੇਜ਼ੀ ਨਾਲ ਫੈਲ ਰਿਹਾ ਕੈਂਸਰ ਦਾ ਰੋਗ ਇਸੇ ਅਲਾਮਤ ਦੀ ਦੇਣ ਹੈ।
ਅਜੋਕੀ ਵਿਦਿਆ ਦਾ ਵੀ ਇਹੀ ਹਾਲ ਹੈ। ਹੱਥੀਂ ਕਿਰਤ ਪ੍ਰਤੀ ਨਫਰਤ ਪੈਦਾ ਕਰ ਕੇ ਇਹ ਵਿਦਿਆ ਬਚਿਆਂ ਨੂੰ ਘੋਰ ਸੁਆਰਥੀ, ਕੰਮਚੋਰ, ਲਾਲਚੀ ਅਤੇ ਨਿਜ ਤਕ ਸੀਮਤ ਕਰ ਰਹੀ ਹੈ। ਇਸ ਵਿਦਿਆ ਵਿਚ ਪੜ੍ਹੇ-ਗੁੜੇ ਬੱਚੇ ਖਾਣ-ਪੀਣ, ਹਗਣ ਤੇ ਲਿੰਗ ਰਿਸ਼ਤਿਆਂ ਤਕ ਸੀਮਤ ਪਸੂ ਦੀ ਪੱਧਰ ਉਤੇ ਜਿਉਂਦੇ ਹਨ। ਗੁਰੂ ਨਾਨਕ ਸਾਹਿਬ ਪੁਛਦੇ ਹਨ ਕਿ ਗਿਆਨੀ ਮਨੁੱਖ ਕੌਣ ਹੈ? ਫਿਰ ਆਪ ਹੀ ਸਪਸ਼ਟ ਕਰਦੇ ਹਨ ਕਿ ਜਿਹੜਾ ਮਨੁੱਖ ਚੇਤੰਨ ਹੈ, ਭਾਵ ਜਿਸ ਨੇ ਆਪਣੀ ਕੁਦਰਤੀ ਹੋਂਦ ਨੂੰ ਪਛਾਣ ਲਿਆ ਹੈ।
ਗਿਆਨੀ ਹੋਇ ਜੋ ਚੇਤੰਨ ਹੋਇ
ਅਗਿਆਨੀ ਅੰਧ ਕਮਾਇ॥ (ਪੰਨਾ 556)
ਇਹੀ ਗੱਲ ਮਾਰਕਸ ਨੇ ਕਹੀ ਹੈ, “ਚੇਤਨਾ ਹੋਰ ਕੁਝ ਨਹੀਂ, ਸਗੋਂ ਚੇਤੰਨ ਮਨੁੱਖੀ ਹੋਂਦ ਹੈ।” (ਜਰਮਨ ਵਿਚਾਰਧਾਰਾ, ਸਫਾ 42)
ਗਿਆਨ ਦਾ ਸਬੰਧ ਕਿਸੇ ਸਕੂਲੀ ਵਿਦਿਆ ਭਾਵ ਕਾਲਜਾਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਨਾਲ ਨਹੀਂ, ਸਗੋਂ ਚੇਤੰਨ ਮਨੁੱਖੀ ਹੋਂਦ ਨਾਲ ਹੈ। ਮਨੁੱਖ ਦੀ ਚੇਤੰਨ ਹੋਂਦ ਦਾ ਪ੍ਰਗਟ ਰੂਪ ਉਸਦੀ ਜੀਵਨ ਜੁਗਤ ਭਾਵ ਸਦਾਚਾਰ ਹੈ। ਕਿਸੇ ਮਨੁੱਖ ਦੀ ਚੇਤਨਾ ਦਾ ਪੈਮਾਨਾ ਉਸ ਦੀ ਕਹਿਣੀ ਨਹੀਂ, ਸਗੋਂ ਉਸ ਦੀ ਕਰਨੀ ਹੈ। ਇਸ ਦਾ ਦੂਜਾ ਪੱਖ ਅਗਿਆਨੀ ਮਨੁੱਖ ਹੈ, ਜਿਹੜਾ ਸਾਰੀ ਉਮਰ ਅਗਿਆਨ ਦੇ ਹਨੇਰੇ ਵਿਚ ਭਟਕਦਾ, ਕਲਪਿਤ ਜਮਾਂ ਦੇ ਡਰ ਦਾ ਦੁਖ ਭੋਗਦਾ ਹੀ ਮਰ ਜਾਂਦਾ ਹੈ। ਅਗਿਆਨੀ ਮਨੁੱਖ ਆਪਣੀਆਂ ਕੁਦਰਤੀ ਲੋੜਾਂ ਦੀ ਸੁਚੇਤ ਪਛਾਣ ਨਹੀਂ ਕਰ ਸਕਦਾ। ਇਸ ਲਈ ਉਹ ਆਪਣੇ ਤਨ ਅਤੇ ਮਨ ਦੇ ਰਿਸ਼ਤੇ ਨੂੰ ਭੁੱਲ ਕੇ ਤ੍ਰਿਸ਼ਨਾ ਭਾਵ ਆਪਣੀਆਂ ਗੈਰ-ਕੁਦਰਤੀ ਇੱਛਾਵਾਂ ਦੀ ਪੂਰਤੀ ਲਈ ਭਟਕਦਾ ਰਹਿੰਦਾ ਹੈ। ਆਪਣੀਆਂ ਗੈਰ-ਕੁਦਰਤੀ ਇੱਛਾਵਾਂ ਪੂਰੀਆਂ ਕਰਨ ਦੀ ਧੁਸ ਕਾਰਨ ਹੋਰ-ਹੋਰ ਪੈਸਾ ਕਮਾਉਣ ਦੀ ਦੌੜ ਵਿਚ ਭਟਕਦਾ ਉਹ ਨਿਰੰਤਰ ਤਣਾਅ ਦਾ ਸ਼ਿਕਾਰ ਰਹਿੰਦਾ ਹੈ। ਨਿਜੀ ਜਾਇਦਾਦ ਦੀ ਹੋਂਦ-ਸੋਚ ਅਤੇ ਇਸ ਦੇ ਪ੍ਰਗਟ ਰੂਪ ਪੈਸੇ ਦੁਆਲੇ ਬੁਣੇ ਸਾਰੇ ਸੁਆਰਥੀ ਮਨੁੱਖੀ ਰਿਸ਼ਤੇ ਤੇ ਆਪਣੇ ਆਪੇ ਪ੍ਰਤੀ ਅਗਿਆਨਤਾ ਇਸ ਦਾ ਆਧਾਰ ਹੈ।
ਗਿਆਨੀ ਹੋਣ ਦਾ ਭਾਵ ਇਹੀ ਹੈ ਕਿ ਮਨੁੱਖ ਆਪਣੀਆਂ ਕੁਦਰਤੀ (ਭੌਤਿਕ ਤੇ ਜਜ਼ਬਾਤੀ) ਲੋੜਾਂ ਦੀ ਪਛਾਣ ਕਰਕੇ ਉਨ੍ਹਾਂ ਅਨੁਸਾਰ ਆਪਣੀ ਜੀਵਨ ਵਿਉਂਤੇ ਅਤੇ ਇਸ ਤਰ੍ਹਾਂ ਆਪਣੇ ਤਨ ਅਤੇ ਮਨ ਦੇ ਰਿਸ਼ਤੇ ਨੂੰ ਸੁਚੇਤ ਰੂਪ ਵਿਚ ਸੰਤੁਲਿਤ ਕਰੇ। ਇਸ ਦੇ ਉਲਟ ਮੌਜੂਦਾ ਵਿਦਿਆ ਵਿਦਿਆਰਥੀਆਂ ਨੂੰ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਦੇ ਅਚੇਤ ਮਨ ਨੂੰ ਭਟਕਾ ਰਹੀ ਹੈ। ਆਪਣੇ ਜਜ਼ਬਿਆਂ ਨੂੰ ਕਾਬੂ ਕਰਨ ਦੀ ਜਾਚ ਸਿਖਾਉਣ ਦੀ ਥਾਂ ਬੱਚਿਆਂ ਦੇ ਜਜ਼ਬਿਆਂ ਨੂੰ ਬੇਲਗਾਮ ਬਣਾ ਰਹੀ ਹੈ। ਮਨੁੱਖ ਨੂੰ ਪਰਉਪਕਾਰੀ ਬਣਾਉਣ ਦੀ ਥਾਂ ਸੁਆਰਥੀ ਬਣਾ ਰਹੀ ਹੈ। ਮੌਜੂਦਾ ਵਿਦਿਅਕ ਪ੍ਰਬੰਧ ਸਿਰਫ ਜਜ਼ਬਾਤ ਵਿਹੂਣੀਆਂ ਤੇ ਰੂਹਾਨੀਅਤ ਤੋਂ ਸਖਣੀਆਂ ਮੁਰਦਾ ਰੂਹਾਂ ਜਾਂ ਵਧ ਤੋਂ ਵਧ ਪੈਸਾ ਕਮਾਉਣ ਦੀ ਦੌੜ ਵਿਚ ਸ਼ਾਮਿਲ ਮਸ਼ੀਨਾਂ ਪੈਦਾ ਕਰ ਰਿਹਾ ਹੈ। ਸਾਂਝੀਵਾਲਤਾ ਦੇ ਪੈਰੋਕਾਰ ਨੌਜਵਾਨ ਨਹੀਂ। ਗੁਰਮਤਿ ਦਾ ਫੁਰਮਾਨ ਹੈ: ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ ਵਿਦਿਆ ਦਾ ਮੰਤਵ ਸਿਰਫ ਪੜ੍ਹਨਾ ਨਹੀਂ, ਸਗੋਂ ਸੱਚਾਈ ਨੂੰ ਬੁਝਣਾ ਅਤੇ ਉਸ ਅਨੁਸਾਰ ਜਿੰ਼ਦਗੀ ਜਿਉਣਾ ਹੈ।
ਇਸੇ ਤਰ੍ਹਾਂ ਜਦੋਂ ਅਸੀਂ ਪੰਜਾਬ ਦੀਆਂ ਬਾਕੀ ਮੰਗਾਂ ਜਾਂ ਮਸਲਿਆਂ ਦੀ ਚਰਚਾ ਕਰਾਂਗੇ ਤਾਂ ਸਾਨੂੰ ਸਪਸ਼ਟ ਕਰਨਾ ਪਵੇਗਾ ਕਿ ਅਸੀਂ ਕਿਸ ਵਿਚਾਰਧਾਰਾ ਤੋਂ ਅਗਵਾਈ ਜਾਂ ਪ੍ਰੇਰਨਾ ਲੈ ਕੇ ਇਨ੍ਹਾਂ ਮਸਲਿਆਂ ਦਾ ਹੱਲ ਕਰਨਾ ਚਾਹੁੰਦੇ ਹਾਂ। ਮਸਲਨ ਪੰਜਾਬ ਦੇ ਪਾਣੀਆਂ ਦੀ ਰਾਖੀ ਦਾ ਮਸਲਾ ਇਸ ਦੇਸ਼ ਦੇ ਕੁਦਰਤੀ ਵਿਕਾਸ ਨਾਲ ਜੁੜਿਆ ਹੋਇਆ ਹੈ, ਜਿਹੜਾ ਦੇਸ਼ ਨੂੰ ਸਹੀ ਅਰਥਾਂ ਵਿਚ ਜਮਹੂਰੀ ਫੈਡਰਲ ਢਾਂਚੇ ਵਿਚ ਜਥੇਬੰਦ ਕਰ ਕੇ ਹੀ ਹੋ ਸਕੇਗਾ। ਪੰਜਾਬ ਦੇ ਖਰੇ ਆਰਥਿਕ ਵਿਕਾਸ ਦਾ ਮਸਲਾ ਨਵੇਂ ਵਿਕਾਸ ਮਾਡਲ ਨਾਲ ਜੁੜਿਆ ਹੋਇਆ ਹੈ ਕਿ ਕੀ ਅਸੀਂ ਇਹ ਵਿਕਾਸ ਮੌਜੂਦਾ ਸਾਮਰਾਜੀ ਆਰਥਿਕ ਰਿਸ਼ਤਿਆਂ ਅਨੁਸਾਰ ਜਾਂ ਸਮੁੱਚੇ ਸਮਾਜ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਵਾਲੇ ਆਰਥਿਕ ਰਿਸ਼ਤਿਆਂ ਅਨੁਸਾਰ ਕਰਨਾ ਚਾਹੁੰਦੇ ਹਾਂ, ਜਿਸ ਦੀ ਜਾਣਕਾਰੀ ਗੁਰਮਤਿ ਅਤੇ ਮਾਰਕਸਵਾਦ ਨੇ ਦਿੱਤੀ ਹੈ। ਪੰਜਾਬੀ ਬੋਲੀ ਅਤੇ ਸਭਿਆਚਾਰ ਦਾ ਵਿਕਾਸ ਵੀ ਵਿਚਾਰਧਾਰਾ ਨਾਲ ਜੁੜ ਕੇ ਹੀ ਹੋਣਾ ਹੈ। ਬੀਤੇ ਵਿਚ ਪੰਜਾਬ ਨਾਲ ਹੋਈਆ ਬੇਇਨਸਾਫੀਆਂ ਵੀ ਸਾਮਰਾਜੀ ਵਿਕਾਸ ਮਾਡਲ ਦੀ ਦੇਣ ਹਨ। ਇਸ ਸਾਮਰਾਜੀ ਵਿਕਾਸ ਮਾਡਲ ਦਾ ਖਾਤਮਾ ਹੀ ਸਿੱਖ ਹਿਰਦਿਆਂ ਨੂੰ ਸ਼ਾਂਤ ਕਰ ਸਕਦਾ ਹੈ।