‘ਉੱਕੜ ਦੁੱਕੜ ਭੰਬਾ ਭੌ’: ਸਮਾਜਿਕ-ਰਾਜਸੀ ਵਰਤਾਇਆਂ ‘ਤੇ ਵਿਅੰਗ

ਰਵਿੰਦਰ ਸਿੰਘ ਸੋਢੀ
ਫੋਨ: 604-369-2371
ਮੈਂ ਪਟਿਆਲੇ ਜਿੰਨਾ ਵੀ ਥੋੜ੍ਹਾ ਬਹੁਤ ਰੰਗ-ਮੰਚ `ਤੇ ਵਿਚਰਿਆ, ਅਦਾਕਾਰੀ ਹੀ ਕੀਤੀ। ਨਿਰਦੇਸ਼ਕ ਬਹੁਤ ਹੀ ਸੁਲਝੇ ਹੋਏ ਮਿਲੇ, ਉਨ੍ਹਾਂ ਦੁਆਰਾ ਕੀਤੀ ਗਈ ਨਾਟਕਾਂ ਦੀ ਚੋਣ ਬਹੁਤ ਵਧੀਆ ਹੁੰਦੀ ਸੀ। ਇਸ ਲਈ ਕਿਰਦਾਰ ਭਾਵੇਂ ਜੋ ਵੀ ਹੁੰਦਾ, ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ। ਹਾਂ, ਇਹ ਜਰੂਰ ਹੈ ਕਿ ਨਿਰਦੇਸ਼ਕਾਂ ਨੂੰ ਨੀਝ ਨਾਲ ਨਿਹਾਰਦਾ, ਨਾਟਕ ਦੀ ਸੈੱਟ ਵਿਉਂਤਕਾਰੀ, ਪਾਤਰਾਂ ਦੇ ਵਾਰਤਾਲਾਪ ਬੋਲਣ ਦਾ ਢੰਗ, ਅੱਖਾਂ ਦੀ ਭਾਸ਼ਾ, ਸੰਗੀਤ, ਰੌਸ਼ਨੀ ਪ੍ਰਭਾਵ, ਵੇਸ-ਭੂਸ਼ਾ ਵਰਗੇ ਮਹੱਤਵਪੂਰਨ ਨੁਕਤਿਆਂ ਨੂੰ ਮੈਂ ਸੁਚੇਤ ਜਾਂ ਅਚੇਤ ਰੂਪ ਵਿਚ ਗ੍ਰਹਿਣ ਕਰਦਾ ਰਿਹਾ।

ਰੰਗ-ਮੰਚ ਦੀ ਅਜਿਹੀ ਸਿਖਿਆ ਦਾ ਸਭ ਤੋਂ ਪਹਿਲਾ ਇਨਾਮ ਮੈਨੂੰ ਇਹ ਮਿਲਿਆ ਕਿ ਮੈਂ ਨਾਟਕ ਲਿਖਣ ਵੱਲ ਪ੍ਰੇਰਿਤ ਹੋਇਆ। ਇਕਾਂਗੀ ਤਾਂ ਮੈਂ ਵਿਦਿਆਰਥੀ ਜੀਵਨ ਸਮੇਂ ਹੀ ਲਿਖ ਲਿਆ ਸੀ। ਰੰਗ-ਮੰਚ ਕਰਨ ਦੇ ਦਿਨਾਂ ਵਿਚ ਮੈਂ ‘ਹਿੰਦ ਦੀ ਚਾਦਰ’ ਅਤੇ ‘ਦੋ ਬੂਹਿਆਂ ਵਾਲਾ ਘਰ’ ਪੂਰੇ ਨਾਟਕ ਲਿਖੇ। ‘ਉੱਕੜ ਦੁੱਕੜ ਭੰਬਾ ਭੌ’ ਨਾਟਕ ਦਾ ਵਿਸ਼ਾ ਤਾਂ ਭਾਵੇਂ ਵੱਡੇ ਨਾਟਕ ਵਾਲਾ ਹੀ ਸੀ, ਪਰ ਉਸ ਨੂੰ ਰੂਪ ਇਕਾਂਗੀ ਜਾਂ ਛੋਟੇ ਨਾਟਕ ਵਾਲਾ ਦਿੱਤਾ। ਉਨ੍ਹਾਂ ਦਿਨਾਂ ਵਿਚ ਪ੍ਰਯੋਗਵਾਦੀ ਜਾਂ ਐਕਸਪੈਰੀਮੈਂਟਲ ਨਾਟਕਾਂ ਦਾ ਰੁਝਾਨ ਸ਼ੁਰੂ ਹੋ ਚੁਕਾ ਸੀ। ਮੇਰੇ ਤੋਂ ਵੀ ਅਚੇਤ ਰੂਪ ਵਿਚ ਅਜਿਹੇ ਨਾਟਕ ਦੀ ਰਚਨਾ ਹੋ ਗਈ।
1981 ਵਿਚ ਮੇਰੀ ਨਿਯੁਕਤੀ ਪੰਜਾਬ ਪਬਲਿਕ ਸਕੂਲ ਨਾਭਾ ਵਿਚ ਬਤੌਰ ਪੰਜਾਬੀ ਅਧਿਆਪਕ ਹੋ ਗਈ। ਰਿਹਾਇਸ਼ੀ ਸਕੂਲ ਹੋਣ ਕਰਕੇ ਮੈਨੂੰ ਸਕੂਲ ਵਿਚ ਹੀ ਰਹਿਣਾ ਪੈਣਾ ਸੀ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਮਹੀਨੇ ਵਿਚ ਕਲਾਸਾਂ ਸ਼ੁਰੂ ਹੋ ਗਈਆਂ। ਮੈਨੂੰ ਯਾਦ ਹੈ ਕਿ ਅਗਸਤ ਵਿਚ ਸਕੂਲ ਦੇ ਸੀਨੀਅਰ ਮਾਸਟਰ (ਡਿਪਟੀ ਹੈਡਮਾਸਟਰ) ਨੇ ਮੈਨੂੰ ਕਿਹਾ ਕਿ ਸਕੂਲ ਵਿਚ ਡਰਾਮਾਟਿਕ ਕਲੱਬ ਨੂੰ ਮੁੜ ਸੁਰਜੀਤ ਕੀਤਾ ਜਾਵੇ। ਮੈਂ ਲੰਚ ਤੋਂ ਬਾਅਦ ਬੱਚਿਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਦਿਮਾਗ ਵਿਚ ਆਪਣਾ ਹੀ ਲਿਖਿਆ ਨਾਟਕ ‘ਉੱਕੜ ਦੁੱਕੜ ਭੰਬਾ ਭੌ’ ਮੰਚ `ਤੇ ਪੇਸ਼ ਕਰਨ ਦਾ ਖਿਆਲ ਆਇਆ।
ਇਸ ਨਾਟਕ ਵਿਚ ਕੁਲ ਚਾਰ ਪਾਤਰ ਸਨ। ਮੁੱਖ ਤੌਰ `ਤੇ ਤਿੰਨ ਪਾਤਰ ਹੀ ਮੰਚ `ਤੇ ਰਹਿੰਦੇ ਹਨ। ਚੌਥਾ ਪਾਤਰ ਤਾਂ ਨਾਟਕ ਦੇ ਅੰਤ ਵਿਚ ਹੀ ਆਉਂਦਾ ਹੈ। ਇਨ੍ਹਾਂ ਤਿੰਨ ਪਾਤਰਾਂ ਨੇ ਹੀ ਵੱਖ-ਵੱਖ ਰੋਲ ਨਿਭਾਉਣੇ ਸਨ, ਮਸਲਨ, ਪਿੰਡ ਦਾ ਸਰਪੰਚ ਹੀ ਸਕੂਲ ਵਿਦਿਆਰਥੀ ਦਾ ਪਿਤਾ ਬਣ ਕੇ ਸਕੂਲ ਅਧਿਆਪਕਾ ਕੋਲ ਜਾਂਦਾ ਹੈ ਅਤੇ ਮਰੀਜ ਦੇ ਰੂਪ ਵਿਚ ਸਰਕਾਰੀ ਡਾਕਟਰ ਕੋਲ। ਸਕੂਲ ਅਧਿਆਪਕਾ, ਸਰਪੰਚ ਦੇ ਮੁੰਡੇ ਵੱਲੋਂ ਸਤਾਈ ਔਰਤ ਦੇ ਕਿਰਦਾਰ ਵਿਚ ਸਰਪੰਚ ਕੋਲ ਜਾਂਦੀ ਹੈ ਅਤੇ ਮਰੀਜ ਬਣ ਕੇ ਡਾਕਟਰ ਕੋਲ। ਡਾਕਟਰ ਨੇ ਹੀ ਸਰਪੰਚ ਦੇ ਮੁੰਡੇ ਦਾ, ਹੈਡਮਾਸਟਰ ਅਤੇ ਸਕੂਲੀ ਵਿਦਿਆਰਥੀ ਦਾ ਰੋਲ ਨਿਭਾਏ। ਵੱਖੋ-ਵੱਖ ਰੂਪਾਂ ਵਿਚ ਪਾਤਰਾਂ ਦੀ ਵੇਸ-ਭੂਸ਼ਾ ਵਿਚ ਚਿੰਨ੍ਹ ਆਤਮਕ ਬਦਲੀ ਹੀ ਕੀਤੀ ਸੀ।
ਸਕੂਲ ਅਧਿਆਪਕਾ ਜਦੋਂ ਸਰਪੰਚ ਕੋਲ ਆਉਂਦੀ ਹੈ ਤਾਂ ਉਸ ਦੇ ਸਿਰ `ਤੇ ਚੁੰਨੀ ਨਹੀਂ ਸੀ ਅਤੇ ਪੈਰਾਂ ਵਿਚ ਕੋਈ ਜੁੱਤੀ ਜਾਂ ਚੱਪਲ ਨਹੀਂ ਸੀ ਪਾਈ ਹੋਈ। ਜਦੋਂ ਉਹ ਮਰੀਜ ਦੇ ਤੌਰ `ਤੇ ਆਉਂਦੀ ਹੈ ਤਾਂ ਉਸ ਦੇ ਹੱਥ ਵਿਚ ਸੋਟੀ ਸੀ ਅਤੇ ਸਿਰ `ਤੇ ਪਟੀ ਹੋਈ ਵੱਡੀ ਚੁੰਨੀ। ਸਰਪੰਚ ਜਦੋਂ ਦੂਜੇ ਦੋ ਰੂਪਾਂ ਵਿਚ ਆਉਂਦਾ ਹੈ ਤਾਂ ਉਹ ਵੀ ਪੈਰਾਂ ਤੋਂ ਨੰਗਾ ਅਤੇ ਮੋਢੇ `ਤੇ ਪਰਨਾ (ਡੱਬੀਆਂ ਵਾਲਾ ਛੋਟਾ ਕੱਪੜਾ) ਨਹੀਂ ਸੀ। ਡਾਕਟਰ ਜਦੋਂ ਵਿਦਿਆਰਥੀ ਬਣ ਕੇ ਆਉਂਦਾ ਹੈ ਤਾਂ ਅਸੀਂ ਪਹਿਲਾਂ ਹੀ ਉਸ ਨੂੰ ਪੈਂਟ ਦੇ ਨਿੱਚੇ ਨਿੱਕਰ ਪਵਾ ਦਿੱਤੀ ਸੀ। ਉਹ ਪੈਂਟ ਲਾਹ ਕੇ ਨਿੱਕਰ ਵਿਚ ਆਉਂਦਾ ਹੈ। ਸਰਪੰਚ ਦਾ ਲੜਕਾ ਬਣ ਕੇ ਉਹ ਪਹਿਲੇ ਦ੍ਰਿਸ਼ ਵਿਚ ਆਉਂਦਾ ਹੈ, ਉਦੋਂ ਉਸ ਦੇ ਸਿਰ `ਤੇ ਮੜਾਸਾ ਬੰਨ੍ਹ ਦਿੱਤਾ ਸੀ। ਬਾਅਦ ਵਿਚ ਉਸ ਨੇ ਪੱਗ ਬੰਨ੍ਹ ਲਈ। ਨਾਟਕ ਜਦੋਂ ਸ਼ੁਰੂ ਹੁੰਦਾ ਹੈ ਤਾਂ ਇਹ ਤਿੰਨ ਪਾਤਰ ਹੀ ਮੰਚ `ਤੇ ਇਕ ਕਤਾਰ ਵਿਚ ਖੜ੍ਹੇ ਦਿਖਾਏ ਸੀ। ਉਹ ਇਕੱਠੇ ਹੀ ਬੋਲਦੇ ਹਨ, “ਅਸੀਂ ਇਸ ਨਾਟਕ ਦੇ ਪਾਤਰ ਵੀ ਹਾਂ ਅਤੇ ਸੂਤਰਧਾਰ ਵੀ।” ਇਸ ਤੋਂ ਬਾਅਦ ਉਹ ਦੱਸਦੇ ਹਨ ਕਿ ਉਹ ਨਾਟਕ ਵਿਚ ਕਿਹੜੇ-ਕਿਹੜੇ ਹੋਰ ਪਾਤਰ ਦੇ ਰੂਪ ਵਿਚ ਆਉਣਗੇ। ਮੰਚ ਸਜਾਵਟ ਵੀ ਅਸੀਂ ਸੰਕੇਤਕ ਹੀ ਰੱਖੀ। ਮੰਚ ਦੇ ਵਿਚਕਾਰ ਤਖਤਪੋਸ਼ ਰੱਖ ਕੇ ਸਰਪੰਚ ਦਾ ਘਰ ਦਿਖਾਇਆ। ਇਕ ਪਾਸੇ ਸਕੂਲ ਦਿਖਾਉਣ ਲਈ ਲੱਕੜ ਦੀ ਕੁਰਸੀ ਰੱਖ ਦਿੱਤੀ ਅਤੇ ਦੂਜੇ ਪਾਸੇ ਛੋਟਾ ਜਿਹਾ ਲੱਕੜ ਦਾ ਮੇਜ ਅਤੇ ਮੇਜ ਦੇ ਪਿੱਛੇ ਕੁਰਸੀ। ਮੇਜ ਤੇ ਦਵਾਈਆਂ ਦੀਆਂ ਦੋ-ਚਾਰ ਸ਼ੀਸ਼ੀਆਂ ਅਤੇ ਡੱਬੇ ਰੱਖ ਦਿੱਤੇ।
ਸਰਪੰਚ ਅਤੇ ਅਧਿਆਪਕਾ ਦੇ ਪਾਤਰਾਂ ਦੀ ਚੋਣ ਤਾਂ ਮੈਂ ਅਸਾਨੀ ਨਾਲ ਹੀ ਕਰ ਲਈ, ਪਰ ਡਾਕਟਰ ਦੇ ਕਿਰਦਾਰ ਲਈ ਕਾਫੀ ਪ੍ਰੇਸ਼ਾਨੀ ਹੋਈ। ਕਈ ਲੜਕੇ ਬਦਲੇ, ਪਰ ਗੱਲ ਨਹੀਂ ਸੀ ਬਣ ਰਹੀ। ਅਖੀਰ ਵਿਚ ਨੌਵੀਂ ਕਲਾਸ ਦੇ ਵਿਦਿਆਰਥੀ ਨਵਦੀਪ ਨੂੰ ਇਹ ਰੋਲ ਦਿੱਤਾ। ਉਹ ਦਰਮਿਆਨੇ ਜਿਹੇ ਕੱਦ ਦਾ ਸੀ (ਬਾਅਦ ਵਿਚ ਕਾਫੀ ਕੱਦ ਕੱਢ ਲਿਆ ਸੀ)। ਉਸ ਨੂੰ ਡਾਕਟਰ ਦੇ ਰੂਪ ਵਿਚ ਪੇਸ਼ ਕਰਨ ਲਈ ਡਾਕਟਰਾਂ ਵਾਲਾ ਚਿੱਟਾ ਕੋਟ, ਮੋਢੇ `ਤੇ ਸਟੈਥੋਸਕੋਪ ਅਤੇ ਨਜ਼ਰ ਵਾਲੀਆਂ ਐਨਕਾਂ ਲਾ ਦਿੱਤੀਆਂ। ਗੁਰਮੀਤ ਕੌਰ (ਸਕੂਲ ਅਧਿਆਪਕਾ), ਸੂਰਜ ਕਾਲਰਾ (ਸਰਪੰਚ), ਨਵਦੀਪ ਸਿੰਘ (ਡਾਕਟਰ) ਨਾਲ ਮੈਂ ਰਿਹਰਸਲ ਸ਼ੁਰੂ ਕਰ ਦਿੱਤੀ। ਪਹਿਲੇ ਹਫਤੇ ਤਾਂ ਮੈਂ ਇਹੋ ਸੋਚਦਾ ਰਿਹਾ ਕਿ ਕਿਥੇ ਨਾਟਕ ਦਾ ਪੰਗਾ ਪਾ ਲਿਆ। ਬੱਚੇ ਜਲਦੀ ਜਲਦੀ ਗੱਲ ਨਹੀਂ ਸੀ ਸਮਝਦੇ ਜਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਹੀ ਠੀਕ ਤਰ੍ਹਾਂ ਨਾਲ ਸਮਝਾ ਨਹੀਂ ਸੀ ਸਕਦਾ। ਤਿੰਨੋ ਬੱਚੇ ਪਹਿਲੀ ਵਾਰ ਨਾਟਕ ਵਿਚ ਹਿੱਸਾ ਲੈ ਰਹੇ ਸੀ ਅਤੇ ਮੈਂ ਪਹਿਲੀ ਵਾਰ ਨਾਟਕ ਦਾ ਨਿਰਦੇਸ਼ਕ ਬਣਿਆ ਸਾਂ; ਪਰ ਹੌਲੀ ਹੌਲੀ ਗੱਡੀ ਲੀਹ `ਤੇ ਆਉਣ ਲੱਗੀ। ਤਿੰਨੋ ਬੱਚੇ ਆਪਣੇ ਵੱਖਰੇ-ਵੱਖਰੇ ਪਾਤਰਾਂ ਨੂੰ ਸਮਝਣ ਲੱਗੇ। ਮੇਰੀ ਵੀ ਰੰਗ-ਮੰਚ ਦੀ ਭੁੱਖ ਤ੍ਰਿਪਤ ਹੋਣ ਲੱਗੀ।
ਉਨ੍ਹਾਂ ਦਿਨਾਂ ਵਿਚ ਹੀ ਸਟੇਟ ਬੈਂਕ ਆਫ ਪਟਿਆਲਾ (ਹੈਡ ਆਫਿਸ, ਪਟਿਆਲਾ) ਵੱਲੋਂ ਅੰਤਰ ਸਕੂਲ ਨਾਟਕ ਮੁਕਾਬਲੇ ਦਾ ਸੱਦਾ ਆ ਗਿਆ। ਸਾਡੇ ਕੋਲ ਪੰਦਰਾਂ ਕੁ ਦਿਨ ਹੋਰ ਸਨ। ਮੈਂ ਰਿਹਰਸਲ ਲਈ ਕੁਝ ਜਿ਼ਆਦਾ ਸਮਾਂ ਕੱਢਣਾ ਚਾਹੁੰਦਾ ਸਾਂ, ਪਰ ਸਕੂਲ ਦੀਆਂ ਕਈ ਹੋਰ ਗਤੀਵਿਧੀਆਂ ਕਰਕੇ ਆਡੀਟੋਰੀਅਮ ਖਾਲੀ ਨਹੀਂ ਸੀ ਹੁੰਦਾ। ਮੈਂ ਮਹਿਸੂਸ ਕੀਤਾ ਕਿ ਚਾਰੇ ਕਲਾਕਾਰ ਆਪਣੇ ਵੱਲੋਂ ਪੂਰਾ ਜੋਰ ਲਾ ਰਹੇ ਸਨ। ਗੁਰਮੀਤ ਆਪਣੇ ਚਿਹਰੇ ਦੇ ਹਾਵ-ਭਾਵ ਕੁਦਰਤੀ ਹੀ ਬਦਲ ਲੈਂਦੀ ਸੀ। ਉਸ ਵਿਚ ਸੁਚੱਜੀ ਅਦਾਕਾਰ ਵਾਲੇ ਗੁਣ ਸਨ। ਅਧਿਆਪਕ ਵਜੋਂ ਵਿਦਿਆਰਥੀ ਨਾਲ ਗੱਲ ਕਰਨ ਦਾ ਲਹਿਜ਼ਾ ਹੋਰ ਸੀ, ਵਿਦਿਆਰਥੀ ਦੇ ਪਿਓ ਨਾਲ ਹੋਰ ਅਤੇ ਹੈਡਮਾਸਟਰ ਨਾਲ ਚਾਪਲੂਸੀ ਵਾਲਾ। ਜਦੋਂ ਉਹ ਮਰੀਜ ਬਣ ਕੇ ਆਉਂਦੀ ਹੈ ਤਾਂ ਇਕੋ ਦਮ ਗਰੀਬੀ ਤੇ ਬਿਮਾਰੀ ਦੀ ਝੰਬੀ ਪੇਂਡੂ ਔਰਤ ਬਣ ਗਈ। ਸੂਰਜ ਕਾਲਰਾ ਅਤੇ ਨਵਦੀਪ ਨੇ ਵੀ ਬਹੁਤ ਮਿਹਨਤ ਕੀਤੀ ਅਤੇ ਵਧੀਆ ਅਦਾਕਾਰ ਦੇ ਤੌਰ `ਤੇ ਆਪਣੇ ਆਪ ਨੂੰ ਪੇਸ਼ ਕੀਤਾ। ਨਵਦੀਪ ਨੂੰ ਵਿਦਿਆਰਥੀ ਦੇ ਰੂਪ ਵਿਚ ਦੇਖ ਕੇ ਅਤੇ ਉਸ ਤੋਂ ਬਾਅਦ ਡਾਕਟਰ ਦੇ ਕਿਰਦਾਰ ਵਿਚ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ ਕਿ ਦੋਵੇਂ ਰੋਲ ਇਕੋ ਪਾਤਰ ਕਰ ਰਿਹਾ ਹੈ। ਸੂਰਜ ਕਾਲਰਾ ਵੀ ਸਰਪੰਚ ਅਤੇ ਬੱਚੇ ਦੇ ਪਿਤਾ ਦੇ ਰੂਪ ਵਿਚ ਵੱਖਰੇ-ਵੱਖਰੇ ਅੰਦਾਜ਼ ਵਿਚ ਸਾਹਮਣੇ ਆਇਆ। ਚੌਥੇ ਕਿਰਦਾਰ (ਦਰਸ਼ਕ) ਲਈ ਮੈਂ ਦੋ ਬੱਚੇ ਤਿਆਰ ਕੀਤੇ-ਅਦਵਿਤਿਆ ਮੋਹਨ ਅਤੇ ਜਸਬੀਰ ਸਿੰਘ। ਦੋਵਾਂ ਨੇ ਵਾਰੀ ਵਾਰੀ ਵਧੀਆ ਅਦਾਕਾਰੀ ਕੀਤੀ।
ਪਟਿਆਲਾ ਜਾਣ ਤੋਂ ਪਹਿਲਾਂ ਅਸੀਂ ਇਕ ਸ਼ੋਅ ਸਕੂਲ ਦੇ ਵਿਦਿਆਰਥੀਆਂ ਲਈ ਕੀਤਾ। ਸਕੂਲ ਦੇ ਵਿਦਿਆਰਥੀਆਂ ਦਾ ਇਸ ਨਾਟਕ ਪ੍ਰਤੀ ਉਤਸ਼ਾਹ ਬਹੁਤ ਸੀ। ਇਕ ਤਾਂ ਅੰਗਰੇਜ਼ੀ ਮਾਧਿਅਮ ਸਕੂਲ ਹੋਣ ਕਰਕੇ ਪੰਜਾਬੀ ਦੇ ਨਾਟਕ ਬਹੁਤ ਹੀ ਘੱਟ ਹੁੰਦੇ ਸਨ। ਦੂਜਾ, ਨਾਟਕ ਦਾ ਨਾਂ ‘ਉੱਕੜ ਦੁੱਕੜ ਭੰਬਾ ਭੌ’ ਵੀ ਬੱਚਿਆਂ ਨੂੰ ਦਿਲਚਸਪ ਲੱਗਿਆ। ਤੀਜਾ, ਨਾਟਕ ਦੇ ਕਲਾਕਾਰ ਹੀ ਦੂਜੇ ਵਿਦਿਆਰਥੀਆਂ ਨਾਲ ਨਾਟਕ ਦੀਆਂ ਗੱਲਾਂ ਕਰਦੇ ਰਹਿੰਦੇ।
ਸਾਡੀ ਤਿਆਰੀ ਪੂਰੀ ਸੀ। ਚਾਰੇ ਕਲਾਕਾਰ ਚੜ੍ਹਦੀ ਕਲਾ ਵਿਚ ਸਨ। ਸਕੂਲ ਦੇ ਹੈੱਡ ਅਲੈਕਟਰੀਸ਼ੀਅਨ, ਪਿਲਾ ਰਾਮ ਨੇ ਖਰਾਬ ਪਏ ਡਿਮਰ ਦੇ ਤਿੰਨ ਯੂਨਿਟ ਚਾਲੂ ਕਰਕੇ ਰੌਸ਼ਨੀ ਦੇ ਕੁਝ ਪ੍ਰਭਾਵ ਦੇਣ ਦੀ ਮੇਰੀ ਸਮੱਸਿਆ ਹਲ ਕਰ ਦਿੱਤੀ ਸੀ। ਮੈਂ ਆਪਣੇ ਮਿੱਤਰ ਅਤੇ ਫਿਜਿਕਸ ਅਧਿਆਪਕ ਆਰ. ਸੀ. ਸਿੰਘ ਨੂੰ ਲਾਈਟਾਂ ਦੀ ਜਿ਼ੰਮੇਦਾਰੀ ਸੌਂਪ ਦਿੱਤੀ। ਪਿਛੋਕੜ ਸੰਗੀਤ ਦਾ ਮੈਨੂੰ ਬਹੁਤਾ ਗਿਆਨ ਨਹੀਂ ਸੀ, ਇਸ ਲਈ ਮੈਂ ਸਕੂਲ ਦੇ ਸੰਗੀਤ ਅਧਿਆਪਕ ਓ. ਪੀ. ਵਰਮਾ ਦੀ ਡਿਊਟੀ ਲਾਈ। ਵਰਮਾ ਸਾਹਿਬ ਹਾਰਮੋਨੀਅਮ ਦੇ ਤਾਂ ਮਾਹਿਰ ਸੀ, ਪਰ ਉਨ੍ਹਾਂ ਨੂੰ ਵੀ ਨਾਟਕ ਦੇ ਪਿਛੋਕੜ ਸੰਗੀਤ ਸਬੰਧੀ ਕੁਝ ਨਹੀਂ ਸੀ ਪਤਾ। ਸੋ ਉਨ੍ਹਾਂ ਨੇ ਆਰਕੈਸਟਰਾ ਨਾਲ ਕੰਮ ਸਾਰ ਦਿੱਤਾ। ਸਾਰੇ ਸਕੂਲ ਸਾਹਮਣੇ ਇਹ ਮੇਰਾ ਪਹਿਲਾ ਨਾਟਕ ਸੀ। ਮੈਨੂੰ ਡਰ ਲੱਗ ਰਿਹਾ ਸੀ। ਮੇਰੇ ਸਾਥੀ ਅਧਿਆਪਕ ਰਵੀ ਨੇ ਮੇਰਾ ਹੌਂਸਲਾ ਵਧਾਇਆ। ਨਾਟਕ ਸ਼ੁਰੂ ਹੋਇਆ। ਪਹਿਲੇ ਦ੍ਰਿਸ਼ ਵਿਚ ਸਰਪੰਚ ਦੇ ਮੁੰਡੇ ਦੁਆਰਾ ਸਤਾਈ ਔਰਤ ਦੇ ਰੂਪ ਵਿਚ ਗੁਰਮੀਤ ਦਾ ਬੋਲਿਆ ਪਹਿਲਾ ਵਾਕ, “ਵੇ ਸਰਪੰਚਾ, ਮੈਂ ਲੁੱਟੀ ਗਈ। ਮੈਂ ਕਿਤੇ ਜੋਗੀ ਨਹੀਂ ਰਹੀ।” ਅਤੇ ਉਸ ਦੇ ਪ੍ਰਤੀਕਰਮ ਵਜੋਂ ਸਰਪੰਚ (ਸੂਰਜ ਕਾਲਰਾ) ਉਬੜਵਾਹੇ ਉਠਦਾ ਹੋਇਆ ਕਹਿੰਦਾ ਹੈਂ, “ਕੌਣ ਹੈ? ਕੀ ਹੋ ਗਿਆ? ਕੌਣ ਹੈ ਤੂੰ?” ਨਾਲ ਹੀ ਹਾਲ ਵਿਚ ਸੱਨਾਟਾ ਛਾ ਜਾਂਦਾ ਹੈ।
ਗੁਰਮੀਤ ਅਤੇ ਸੂਰਜ ਬੜੇ ਸਹਿਜ ਨਾਲ ਨਾਟਕ ਨੂੰ ਸਹੀ ਦਿਸ਼ਾ ਵੱਲ ਲੈ ਜਾ ਰਹੇ ਸਨ। ਜਦੋਂ ਨਵਦੀਪ (ਸਰਪੰਚ ਦੇ ਮੁੰਡੇ ਦੇ ਰੂਪ ਵਿਚ) ਆ ਕੇ ਰੁੱਖੇ ਜਿਹੇ ਢੰਗ ਨਾਲ ਗੱਲ ਕਰਦਾ ਹੈ ਤਾਂ ਸਰਪੰਚ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮੁੰਡੇ ਨੇ ਹੀ ਕੋਈ ਕਾਰਾ ਕੀਤਾ ਹੈ ਅਤੇ ਉਹ ਇਕੋ ਦਮ ਗੱਲ ਕਰਨ ਦਾ ਲਹਿਜ਼ਾ ਬਦਲ ਲੈਂਦਾ ਹੈ। ਕਹਿਣ ਤੋਂ ਭਾਵ ਨਾਟਕ ਦੇ ਕਿਰਦਾਰ ਸਥਿਤੀ ਅਨੁਸਾਰ ਬਦਲ ਰਹੇ ਸਨ ਅਤੇ ਉਹ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਪੇਸ਼ ਕਰ ਰਹੇ ਸਨ। ਨਾਟਕ ਦੀ ਅਜਿਹੀ ਸ਼ੁਰੂਆਤ ਤੋਂ ਮੈਂ ਦਿਲੋਂ ਖੁਸ਼ ਸੀ। ਦਰਸ਼ਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਸੀ। ਨਾਟਕ ਸਹੀ ਦਿਸ਼ਾ ਵੱਲ ਜਾ ਰਿਹਾ ਸੀ। ਇਨ੍ਹਾਂ ਤਿੰਨੋ ਪਾਤਰਾਂ ਨੇ ਨਾਟਕ ਨੂੰ ਸਫਲਤਾ ਬਖਸ਼ੀ।
ਅਖੀਰਲੇ ਦ੍ਰਿਸ਼ ਵਿਚ ਪਾਤਰ ‘ਦਰਸ਼ਕ’ ਨੂੰ ਮੈਂ ਦਰਸ਼ਕਾਂ ਵਿਚ ਹੀ ਬਿਠਾਇਆ ਹੋਇਆ ਸੀ। ਜਦ ਉਹ ਆਪਣੀ ਸੀਟ ਤੋਂ ਉਠ ਕੇ ਮੰਚ ਵੱਲ ਜਾਂਦਾ ਹੈ ਤਾਂ ਦਰਸ਼ਕ ਹੈਰਾਨ ਹੁੰਦੇ ਹਨ। ਨਾਟਕ ਦੀ ਕਹਾਣੀ ਅਨੁਸਾਰ ਦਰਸ਼ਕਾਂ ਵਿਚੋਂ ਇਕ ਦਰਸ਼ਕ ਨੂੰ ਇਸ ਲਈ ਬੁਲਾਇਆ ਜਾਂਦਾ ਹੈ ਕਿ ਸਾਡੇ ਆਲੇ-ਦੁਆਲੇ ਜੋ ਵੀ ਗਲਤ ਹੋ ਰਿਹਾ ਹੈ, ਉਸ ਦਾ ਅਸਲੀ ਜਿ਼ੰਮੇਦਾਰ ਕੌਣ ਹੈ। ਇਕ ਪਾਤਰ ਕਹਿੰਦਾ ਹੈ ਕਿ ਉੱਕੜ ਦੁੱਕੜ… ਕਰ ਕੇ ਦੇਖ ਲੈਂਦੇ ਹਾਂ। ਜਿਸ ਤੇ ‘ਖੋਟੇ’ ਦਾ ਇਸ਼ਾਰਾ ਆ ਗਿਆ, ਉਹੀ ਜਿ਼ੰਮੇਦਾਰ ਮੰਨਿਆ ਜਾਵੇਗਾ। ਸਰਪੰਚ, ਅਧਿਆਪਕਾ ਅਤੇ ਡਾਕਟਰ ਉੱਕੜ ਦੁੱਕੜ… ਵਾਲੀ ਮੁਹਾਰਨੀ ਇਸ ਤਰ੍ਹਾਂ ਬੋਲਦੇ ਹਨ ਕਿ ਆਈ ਵਾਰ ‘ਖੋਟਾ’ ਸ਼ਬਦ ਦਰਸ਼ਕ `ਤੇ ਹੀ ਆਉਂਦਾ ਹੈ। ਇਥੇ ਹੀ ਨਾਟਕ ਖਤਮ ਹੋ ਜਾਂਦਾ ਹੈ। ਇਸ ਰਾਹੀਂ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਕਿ ਰਾਜਸੀ ਪੱਧਰ, ਸਰਕਾਰੀ ਕਰਮਚਾਰੀਆਂ ਅਤੇ ਵੱਡੇ ਰੁਤਬਿਆਂ ਤੱਕ ਜੋ ਰਿਸ਼ਵਤਖੋਰੀ ਦਾ ਮਾਹੌਲ ਹੈ, ਉਸ ਦੀ ਅਸਲੀ ਦੋਸ਼ੀ ਆਮ ਜਨਤਾ ਹੀ ਹੈ, ਜੋ ਅਜਿਹੇ ਵਤੀਰੇ ਵਿਰੁੱਧ ਆਵਾਜ਼ ਨਹੀਂ ਉਠਾਉਂਦੀ। ਸਾਰੇ ਨਾਟਕ ਵਿਚ ਹੀ ਸਾਡੇ ਦੇਸ਼ ਵਿਚ ਫੈਲੇ ਬੇਈਮਾਨੀ ਅਤੇ ਰਿਸ਼ਵਤਖੋਰੀ ਦੇ ਹਾਲਾਤ ਨੂੰ ਉਜਾਗਰ ਕੀਤਾ ਗਿਆ ਸੀ।
ਜਦੋਂ ਮੈਂ ਸਾਰੇ ਪਾਤਰਾਂ ਦੀ ਜਾਣ-ਪਛਾਣ ਕਰਵਾਈ ਤਾਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਸਾਰਾ ਆਡੀਟੋਰੀਅਮ ਤਾੜੀਆਂ ਨਾਲ ਗੂੰਜ ਰਿਹਾ ਸੀ। ਮੁੱਖ ਅਧਿਆਪਕ ਗਰੁੱਪ ਕੈਪਟਨ ਏ. ਜੀ. ਐਸ. ਗਰੇਵਾਲ ਵੱਲੋਂ ਪੂਰੀ ਟੀਮ ਦੀ ਬਹੁਤ ਤਾਰੀਫ ਕੀਤੀ ਗਈ ਅਤੇ ਅਗਲੇ ਦਿਨ ਦੇ ਨਾਟਕ ਮੁਕਾਬਲੇ ਲਈ ਸ਼ੁਭ ਇੱਛਾਵਾਂ ਦਿੱਤੀਆਂ।
ਅਗਲੇ ਦਿਨ ਸਾਰੇ ਕਲਾਕਾਰਾਂ ਨੇ ਨਵੇਂ ਜੋਸ਼ ਨਾਲ ਨਾਟਕ ਦੀ ਪੇਸ਼ਕਾਰੀ ਕੀਤੀ। ਮੈਨੂੰ ਯਾਦ ਹੈ ਕਿ ਮੁਕਾਬਲੇ ਵਿਚ ਛੇ ਜਾਂ ਸੱਤ ਟੀਮਾਂ ਸਨ। ਕੁਝ ਸਕੂਲਾਂ ਨੇ ਪੇਸ਼ੇਵਰ ਪੱਧਰ ਦੇ ਨਿਰਦੇਸ਼ਕਾਂ ਤੋਂ ਨਾਟਕ ਤਿਆਰ ਕਰਵਾਏ ਸਨ, ਪਰ ਨਤੀਜੇ ਨੇ ਪਾਰੀ ਪਲਟ ਦਿੱਤੀ। ਸਾਡੇ ਨਾਟਕ ਨੂੰ ਮੁਕਾਬਲੇ ਦਾ ਵਧੀਆ ਨਾਟਕ ਹੀ ਨਾ ਚੁਣਿਆ ਗਿਆ, ਸਗੋਂ ਵਧੀਆ ਅਦਾਕਾਰਾ, ਵਧੀਆ ਨਿਰਦੇਸ਼ਕ ਅਤੇ ਮੇਕਅੱਪ ਲਈ ਦੂਜਾ ਸਥਾਨ ਮਿਲਿਆ। ਅਖਬਾਰਾਂ ਵਿਚ ਨਾਟਕ ਦੀ ਬਹੁਤ ਚਰਚਾ ਹੋਈ। ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਸਰਦਾਰ ਕਪੂਰ ਸਿੰਘ ਘੁਮੰਨ ਨੇ ਲਿਖਿਆ, “ਨਾਟਕ ਉੱਕੜ ਦੁੱਕੜ ਭੰਬਾ ਭੌ ਦੀ ਖਾਸੀਅਤ ਇਸ ਦੀ ਸਕ੍ਰਿਪਟ ਹੈ। ਇਹ ਨਾਟਕ ਆਪਣੀ ਤਕਨੀਕ ਆਪ ਹੀ ਲੈ ਕੇ ਪੈਦਾ ਹੋਇਆ ਹੈ। ਦਰਸ਼ਕ ਆਪਣੇ ਆਪ `ਤੇ ਹੀ ਹੱਸਣ ਲਈ ਮਜਬੂਰ ਹੁੰਦੇ ਹਨ।” ਡਾ. ਕੁਲਦੀਪ ਸਿੰਘ ਧੀਰ ਨੇ 1981 ਦੇ ਨਾਟਕਾਂ ਦਾ ਲੇਖਾ-ਜੋਖਾ ਕਰਦਿਆਂ ਇਸ ਨਾਟਕ ਨੂੰ ਸਾਲ ਦਾ ਸਭ ਤੋਂ ਵਧੀਆ ਨਾਟਕ ਮੰਨਿਆ ਸੀ। ਵਿਦਵਾਨਾਂ ਦੀਆਂ ਅਜਿਹੀਆਂ ਉਸਾਰੀ ਟਿੱਪਣੀਆਂ ਤੋਂ ਮੈਨੂੰ ਜਿਥੇ ਹੋਰ ਨਾਟਕ ਲਿਖਣ ਦੀ ਪ੍ਰੇਰਣਾ ਮਿਲੀ, ਉਥੇ ਹੀ ਵਿਦਿਆਰਥੀਆਂ ਨਾਲ ਹੋਰ ਰੰਗ-ਮੰਚ ਕਰਨ ਲਈ ਵੀ ਉਤਸ਼ਾਹ ਮਿਲਿਆ।
ਇਹ ਨਾਟਕ ਨੂੰ ਪੰਜਾਬ ਪਬਲਿਕ ਸਕੂਲ ਦੀ ਐਗਜੈਕਟਿਵ ਕਮੇਟੀ ਨੂੰ ਵੀ ਵਿਸ਼ੇਸ਼ ਤੌਰ `ਤੇ ਦਿਖਾਇਆ ਗਿਆ। ਕਮੇਟੀ ਦੇ ਉਸ ਸਮੇਂ ਦੇ ਚੇਅਰਮੈਨ ਮੇਜਰ ਜਨਰਲ ਰਾਜਿੰਦਰਾ ਨਾਥ, ਜੇ. ਓ. ਸੀ. ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਇਸ ਨਾਟਕ ਤੋਂ ਐਨੇ ਖੁਸ਼ ਹੋਏ ਕਿ ਉਨ੍ਹਾਂ ਨੇ ਸਟੇਜ `ਤੇ ਆ ਕੇ ਕਲਾਕਾਰਾਂ ਦੀ ਰਸਮੀ ਪ੍ਰਸ਼ੰਸਾ ਹੀ ਨਹੀਂ ਕੀਤੀ, ਸਗੋਂ ਉਸ ਸਾਲ ਦੇ ਹੋਣ ਵਾਲੇ ਸਕੂਲ ਫਾਊਂਡਰ ਡੇ (ਸਾਲਾਨਾ ਸਮਾਗਮ) ਤੇ ਸਾਰੀ ਟੀਮ ਨੂੰ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਵੀ ਕੀਤਾ।
ਇਥੇ ਮੈਂ ਇਹ ਲਿਖਣ ਵਿਚ ਫਖਰ ਮਹਿਸੂਸ ਕਰਦਾ ਹਾਂ ਕਿ ਇਸ ਨਾਟਕ ਵਿਚ ਹਿੱਸਾ ਲੈਣ ਵਾਲੇ ਚਾਰੇ ਵਿਦਿਆਰਥੀ ਵਧੀਆ ਕਲਾਕਾਰ ਹੀ ਨਹੀਂ, ਸਗੋਂ ਮਿਹਨਤ ਕਰਕੇ ਆਪਣੀ ਜਿੰ਼ਦਗੀ ਵਿਚ ਉੱਚੇ ਮੁਕਾਮ ਤੱਕ ਪਹੁੰਚੇ। ਨਵਦੀਪ ਸਿੰਘ ਬ੍ਰਿਗੇਡੀਅਰ ਦੇ ਅਹੁਦੇ ਤੱਕ ਪਹੁੰਚਿਆ, ਗੁਰਮੀਤ ਅੰਗਰੇਜ਼ੀ ਦੀ ਲੈਕਚਰਾਰ ਹੈ, ਸੂਰਜ ਕਾਲਰਾ ਐਮ. ਬੀ. ਏ. ਕਰਕੇ ਅਹਿਮ ਜਿ਼ੰਮੇਦਾਰੀ ਨਿਭਾਅ ਰਿਹਾ ਹੈ, ਅਦਵਿਤਿਆ ਮੋਹਨ ਵੀ ਐਨ. ਡੀ. ਏ. ਕਰਕੇ ਮਿਲਟਰੀ ਦੇ ਉੱਚ ਅਹੁਦੇ ਤੱਕ ਪਹੁੰਚਿਆ। ਇਸ ਆਰਟੀਕਲ ਲਈ ਗੁਰਮੀਤ ਕੌਰ ਵੱਲੋਂ ਚਾਲੀ ਸਾਲ ਤੋਂ ਸਾਂਭੀਆਂ ਫੋਟੋਆਂ ਕੰਮ ਆਈਆਂ। ਇਸ ਨਾਟਕ ਤੋਂ ਬਾਅਦ ਵੀ ਮੈਂ ਆਪਣੇ ਵਿਦਿਆਰਥੀਆਂ ਨਾਲ ਹੋਰ ਕਈ ਨਾਟਕ ਖੇਡੇ, ਜਿਸ ਕਰਕੇ ਮੈਨੂੰ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਵਿਚ ਬਹੁਤ ਸਹਾਇਤਾ ਮਿਲੀ ਅਤੇ ਮੈਂ ਬਤੌਰ ਅਧਿਆਪਕ ਆਪਣੇ ਫਰਜ ਠੀਕ ਤਰਾਂ ਨਿਭਾਅ ਸਕਿਆ।