ਮਮਤਾ ਬੈਨਰਜੀ ਦੀ ਦਿੱਲੀ ਫੇਰੀ ਪਿੱਛੋਂ ਕੌਮੀ ਸਿਆਸਤ `ਚ ਹਿਲਜੁਲ

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਾਜ਼ਾ ਦਿੱਲੀ ਫੇਰੀ ਨੇ ਭਾਰਤ ਦੀ ਸਿਆਸਤ ਵਿਚ ਵੱਡੀ ਹਿਲਜੁਲ ਪੈਦਾ ਕਰ ਦਿੱਤੀ ਹੈ। ਇਸ ਫੇਰੀ ਤੋਂ ਬਾਅਦ ਭਾਜਪਾ ਖਿਲਾਫ ਤੀਜੇ ਮੋਰਚੇ ਲਈ ਵਿਰੋਧੀ ਪਾਰਟੀਆਂ ਦੇ ਏਕੇ ਲਈ ਇਕ ਮੁਹਿੰਮ ਛਿੜੀ ਜਾਪ ਰਹੀ ਹੈ।

ਫੇਰੀ ਤੋਂ ਬਾਅਦ ਸਭ ਤੋਂ ਵੱਧ ਚਰਚਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਦਲੇ ਸੁਰਾਂ ਦੀ ਹੋ ਰਹੀ ਹੈ। ਇਸ ਫੇਰੀ ਤੋਂ ਤੁਰਤ ਬਾਅਦ ਨਿਤੀਸ਼ ਕੁਮਾਰ ਨੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਚੌਟਾਲਾ ਨੇ ਗੱਜ-ਵੱਜ ਕੇ ਆਖ ਦਿੱਤਾ ਕਿ ਹੁਣ ਉਨ੍ਹਾਂ ਦਾ ਮਿਸ਼ਨ ਭਾਜਪਾ ਦੇ ਵਿਰੁੱਧ ਤੀਜਾ ਫਰੰਟ ਬਣਾਉਣਾ ਹੈ ਜਿਸ ਵਿਚ ਸ਼ਰਦ ਪਵਾਰ, ਨਿਤੀਸ਼ ਕੁਮਾਰ, ਮਮਤਾ ਬੈਨਰਜੀ ਵਰਗੇ ਨੇਤਾਵਾਂ ਦੀਆਂ ਪਾਰਟੀਆਂ ਨੂੰ ਘੱਟੋ-ਘੱਟ ਪ੍ਰੋਗਰਾਮ ਦੇ ਆਧਾਰ `ਤੇ ਇਕ ਪਲੇਟਫਾਰਮ `ਤੇ ਲਿਆਉਣਾ ਹੈ। ਨਿਤੀਸ਼ ਕੁਮਾਰ ਵੱਲੋਂ ਪੈਗਾਸਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜੀ ਹੈ। ਜਨਤਾ ਦਲ (ਯੂ) ਨੇ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ ਹੈ। ਐਨ.ਡੀ.ਏ. ਦੀ ਭਾਈਵਾਲ ਜਨਤਾ ਦਲ (ਯੂ) ਦੇ ਇਹ ਸੰਕੇਤ ਭਾਜਪਾ ਲਈ ਖਤਰੇ ਦੀ ਘੰਟੀ ਮੰਨੇ ਜਾ ਰਹੇ ਹਨ।
ਮਮਤਾ ਬੈਨਰਜੀ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਬੈਠਕ `ਤੇ ਦੇਸ਼ ਭਰ ਦੇ ਰਾਜਨੀਤਕ ਸਮੀਖਿਅਕਾਂ ਦੀ ਤਿੱਖੀ ਨਜ਼ਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੋਨੀਆ ਗਾਂਧੀ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ, ਆਨੰਦ ਸ਼ਰਮਾ, ਕਮਲਨਾਥ ਤੇ ਅਭਿਸ਼ੇਕ ਮੰਨੂ ਸਿੰਘਵੀ ਵਰਗੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਹੈ। ਬੈਨਰਜੀ ਨੇ ਬੀ.ਜੇ.ਡੀ. ਤੇ ਵਾਈ.ਐਸ.ਆਰ.ਸੀ.ਪੀ. ਸਮੇਤ ਐਨ.ਡੀ.ਏ. (ਕੌਮੀ ਜਮਹੂਰੀ ਗੱਠਜੋੜ) ਦੇ ਅਸਥਾਈ ਸਹਿਯੋਗੀਆਂ ਦੇ ਪ੍ਰਤੀ ਆਪਣੇ ਖੁੱਲ੍ਹੇਪਣ ਦਾ ਵੀ ਸੰਕੇਤ ਦਿੱਤਾ, ਜੋ ਕੇਂਦਰ ਵਿਚ ਦੁਬਾਰਾ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਕੰਧ `ਤੇ ਬੈਠੇ ਹਨ।
ਮਮਤਾ ਬੈਨਰਜੀ ਦੀ ਤਾਜ਼ਾ ਸਰਗਰਮੀ ਤੋਂ ਸੰਕੇਤ ਮਿਲੇ ਹਨ ਕਿ ਐਨ.ਸੀ.ਪੀ. ਮੁਖੀ ਸ਼ਰਦ ਪਵਾਰ, ਸ਼ਿਵਸੈਨਾ ਮੁਖੀ ਊਧਵ ਠਾਕਰੇ, ਡੀ.ਐਮ.ਕੇ. ਮੁਖੀ ਐਮ.ਕੇ. ਸਟਾਲਿਨ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਆਰ.ਜੇ.ਡੀ. ਮੁਖੀ ਤੇਜੱਸਵੀ ਯਾਦਵ, ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਮਹਿਬੂਬਾ ਮੁਫਤੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗੀਆਂ ਸਾਰੀਆਂ ਖੇਤਰੀ ਪਾਰਟੀਆਂ ਤੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਾਂਝੇ ਗੱਠਜੋੜ ਲਈ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ (ਮਮਤਾ) ਨੂੰ ਉਮੀਦਵਾਰ ਬਣਾਉਣ ਦਾ ਸਮਰਥਨ ਕਰ ਸਕਦੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਮਮਤਾ ਬੈਨਰਜੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵੀ ਸੰਪਰਕ `ਚ ਹੈ ਅਤੇ ਉਹ ਨਿਤੀਸ਼ ਨੂੰ ਬਿਹਾਰ `ਚ ਭਾਜਪਾ ਗੱਠਜੋੜ ਛੱਡ ਕੇ ਆਰ.ਜੇ.ਡੀ. ਦੇ ਨਾਲ ਹੱਥ ਮਿਲਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਮਮਤਾ ਬੈਨਰਜੀ ਭਾਜਪਾ ਖਿਲਾਫ ਧਰਮ ਨਿਰਪੱਖ ਗੱਠਜੋੜ ਖੜ੍ਹਾ ਕਰਨ `ਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਉਸ ਦੀ ਆਪਣੇ ਘਰੇਲੂ ਮੈਦਾਨ, ਪੱਛਮੀ ਬੰਗਾਲ ਤੋਂ ਬਾਹਰ ਇਕ ਵੱਡੀ ਪ੍ਰਾਪਤੀ ਹੋਵੇਗੀ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਨਾਲ ਮਮਤਾ ਬੈਨਰਜੀ ਦੇ ਸਿਆਸੀ ਕੱਦ ਵਿਚ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਾਰੀ ਸਿਆਸੀ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਭਾਜਪਾ ਦੇ ਆਗੂਆਂ ਨੂੰ ਯਕੀਨ ਸੀ ਕਿ ਉਹ ਮਮਤਾ ਨੂੰ ਹਰਾ ਦੇਣਗੇ ਪਰ ਨਤੀਜੇ ਇਸ ਦੇ ਉਲਟ ਨਿਕਲੇ। ਇਨ੍ਹਾਂ ਚੋਣਾਂ ਵਿਚ ਮਮਤਾ ਦੇ ਨਾਲ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਅਹਿਮ ਭੂਮਿਕਾ ਨਿਭਾਈ ਅਤੇ ਬਾਅਦ ਵਿਚ ਉਸ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਆਗੂ ਸ਼ਰਦ ਪਵਾਰ ਅਤੇ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਮੁਲਾਕਾਤਾਂ ਤੋਂ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਵਿਰੋਧੀ ਪਾਰਟੀਆਂ ਦੇ ਏਕੇ ਲਈ ਨਵੇਂ ਯਤਨ ਕੀਤੇ ਜਾ ਰਹੇ ਹਨ।