ਖੇਡਾਂ ਅਤੇ ਸਿਆਸਤ

ਮੀਡੀਆ ਵਿਚ ਅੱਜ ਕੱਲ੍ਹ ਓਲੰਪਿਕ ਖੇਡਾਂ ਨੂੰ ਵਾਹਵਾ ਥਾਂ ਮਿਲ ਰਹੀ ਹੈ। ਇਹ ਖੇਡਾਂ 2020 ਵਿਚ ਹੋਣੀ ਸਨ ਪਰ ਕਰੋਨਾ ਵਾਇਰਸ ਕਾਰਨ ਉਦੋਂ ਸੰਭਵ ਨਹੀਂ ਹੋ ਸਕੀਆਂ ਅਤੇ ਇਹ ਤਕਰੀਬਨ ਇਕ ਸਾਲ ਪਛੜ ਕੇ ਹੁਣ ਹੋ ਰਹੀਆਂ ਹਨ। ਹੋਰ ਖੇਤਰਾਂ ਵਾਂਗ ਓਲੰਪਿਕ ਖੇਡਾਂ ਉਤੇ ਕਰੋਨਾ ਦਾ ਅਸਰ ਅਜੇ ਵੀ ਸਾਫ ਦਿਖਾਈ ਦੇ ਰਿਹਾ ਹੈ। ਫਿਰ ਵੀ ਜਿਨ੍ਹਾਂ ਹਾਲਾਤ ਵਿਚ ਇਹ ਖੇਡਾਂ ਹੋ ਰਹੀਆਂ ਹਨ, ਉਸ ਲਈ ਪ੍ਰਬੰਧਕਾਂ ਅਤੇ ਖਿਡਾਰੀ ਨੂੰ ਵਧਾਈ ਦੇਣੀ ਬਣਦੀ ਹੈ। ਸਭ ਤੋਂ ਵੱਡੀ ਗੱਲ, ਇਨ੍ਹਾਂ ਖੇਡਾਂ ਨਾਲ ਜੁੜੀਆਂ ਕਹਾਣੀਆਂ ਰਾਹੀਂ ਜਿਸ ਤਰ੍ਹਾਂ ਦਾ ਭਰਾਤਰੀ-ਭਾਵ ਉਭਰਿਆ ਹੈ, ਉਹ ਮਨੁੱਖਤਾ ਦੇ ਅਗਲੇ ਕਦਮਾਂ ਲਈ ਸ਼ੁਭ ਸ਼ਗਨ ਹੀ ਹੈ।

ਕਤਰ ਅਤੇ ਇਟਲੀ ਦੇ ਉਚੀ ਛਾਲ ਦੇ ਸੋਨ ਤਗਮਾ ਜੇਤੂ ਖਿਡਾਰੀਆਂ ਦੀ ਕਹਾਣੀ ਤੋਂ ਹੁਣ ਕੌਣ ਵਾਕਿਫ ਨਹੀਂ! ਇਟਲੀ ਦੇ ਖਿਡਾਰੀ ਦੇ ਜ਼ਖਮੀ ਹੋਣ ਤੋਂ ਬਾਅਦ ਕਤਰ ਦੇ ਖਿਡਾਰੀ ਨੇ ਜਿਸ ਤਰ੍ਹਾਂ ਦੀ ਖੇਡ ਭਾਵਨਾ ਦਿਖਾਈ ਹੈ, ਉਸ ਭਾਵਨਾ ਨੂੰ ਅੱਜ ਅਗਾਂਹ ਵਧਾਉਣ ਦੀ ਬਹੁਤ ਲੋੜ ਹੈ। ਇਹ ਕਿੱਸਾ ਮਨੁੱਖ ਲਈ ਨਵੀਂ ਪਰਵਾਜ਼ ਆ ਆਗਾਜ਼ ਕਿਹਾ ਜਾ ਸਕਦਾ ਹੈ।
ਇਨ੍ਹਾਂ ਖੇਡਾਂ ਵਿਚ ਐਤਕੀਂ ਭਾਰਤ ਦੀ ਤਕੜੀ ਹਾਜ਼ਰੀ ਲੱਗ ਰਹੀ ਹੈ। ਕੁਝ ਖਿਡਾਰੀਆਂ ਨੇ ਤਗਮੇ ਤਾਂ ਜਿੱਤੇ ਹੀ ਹਨ ਪਰ ਐਤਕੀਂ ਜਿਸ ਢੰਗ ਨਾਲ ਭਾਰਤੀ ਹਾਕੀ ਦੀ ਵਾਪਸੀ ਹੋਈ ਹੈ, ਉਸ ਨੇ ਕਈ ਤਰ੍ਹਾਂ ਦੀਆਂ ਆਸਾਂ ਜਗਾਈਆਂ ਹਨ ਅਤੇ ਸਬਕ ਵੀ ਦਿੱਤੇ ਹਨ। ਭਾਰਤੀ ਹਾਕੀ ਟੀਮ ਭਾਵੇਂ ਸੈਮੀ ਫਾਈਨਲ ਵਿਚ ਹਾਰ ਗਈ ਪਰ ਇਸ ਮੈਚ ਦੌਰਾਨ ਜਿਸ ਤਰ੍ਹਾਂ ਦੀ ਹਾਕੀ ਦਾ ਮੁਜ਼ਹਾਰਾ ਭਾਰਤੀ ਖਿਡਾਰੀਆਂ ਨੇ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ। ਬੈਲਜੀਅਮ ਦੀ ਟੀਮ ਦਾ ਸਾਰਾ ਦਾਰੋਮਦਾਰ ਪੈਨਲਟੀ ਕਾਰਨਰਾਂ ‘ਤੇ ਰਿਹਾ ਪਰ ਭਾਰਤੀ ਖਿਡਾਰੀਆਂ ਨੇ ਹਾਕੀ ਦਾ ਅਸਲ ਰੰਗ ਦਿਖਾਇਆ। ਉਂਜ, ਕਈ ਮਾਮਲਿਆਂ ਵਿਚ ਭਾਰਤੀ ਖਿਡਾਰੀ ਅਜੇ ਸੰਸਾਰ ਪੱਧਰ ਦੀਆਂ ਚੋਟੀ ਦੀਆਂ ਤੋਂ ਪਿਛਾਂਹ ਹਨ। ਇਹ ਆਭਾਸ ਇਸ ਮੈਚ ਦੇ ਤੀਜੇ ਕੁਆਰਟਰ ਵਿਚ ਹੋਣਾ ਸ਼ੁਰੂ ਹੋ ਗਿਆ ਸੀ। ਫਿਰ ਵੀ ਚਾਰ ਦਹਾਕਿਆਂ ਬਾਅਦ ਭਾਰਤੀ ਹਾਕੀ ਟੀਮ ਦਾ ਸੈਮੀ ਫਾਈਨਲ ਵਿਚ ਪੁੱਜਣਾ ਅਤੇ ਕੁੜੀਆਂ ਦੀ ਹਾਕੀ ਟੀਮ ਦਾ ਪਹਿਲੀ ਵਾਰ ਸੈਮੀ ਫਾਈਨਲ ਵਿਚ ਪੁੱਜਣਾ ਕ੍ਰਿਸ਼ਮਾ ਹੀ ਸਮਝਿਆ ਜਾ ਰਿਹਾ ਹੈ। ਇਹ ਕ੍ਰਿਸ਼ਮਾ ਉੜੀਸਾ ਦੇ ਉਠਾਏ ਕਦਮ ਨਾਲ ਸੰਭਵ ਹੋ ਸਕਿਆ ਹੈ ਜਿਸ ਨੇ 2018 ਤੋਂ 2023 ਤੱਕ ਦੋਹਾਂ ਟੀਮਾਂ ਦਾ ਖਰਚ ਉਠਾਇਆ ਹੋਇਆ ਹੈ ਅਤੇ ਖਿਡਾਰੀਆਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਪ੍ਰਬੰਧਾਂ ਦਾ ਖਰਚਾ ਚੁੱਕਣ ਦਾ ਬੀੜਾ ਚੁੱਕਿਆ ਹੋਇਆ ਹੈ।
ਇਨ੍ਹਾਂ ਓਲੰਪਿਕ ਖੇਡਾਂ ਵਿਚ ਕਿਤੇ-ਕਿਤੇ ਰਾਸ਼ਟਰਵਾਦ ਦਾ ਮੁੱਦਾ ਵਾਰ-ਵਾਰ ਉਭਰ ਰਿਹਾ ਹੈ। ਇਸ ਸਬੰਧ ਵਿਚ ਇਕ ਨੁਕਤਾ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਖੇਡਾਂ ਅਸਲ ਵਿਚ ਰਾਸ਼ਟਰਵਾਦੀ ਕੱਟੜਤਾ ਦਾ ਤੋੜ ਲੱਭਣ ਦਾ ਹੀ ਯਤਨ ਸਨ ਪਰ ਸਿਤਮਜ਼ਰੀਫੀ ਇਹ ਹੈ ਕਿ ਕਈ ਮਾਮਲਿਆਂ ਵਿਚ ਕੁਝ ਲੋਕ ਅਜੇ ਵੀ ਅੰਨ੍ਹੇ ਰਾਸ਼ਟਰਵਾਦ ਦੀ ਪੈਰਵੀ ਕਰਨ ਦਾ ਯਤਨ ਕਰ ਰਹੇ ਹਨ। ਆਪਣੇ ਪੰਜਾਬੀ ਵੀ ਇਸ ਮਾਮਲੇ ਵਿਚ ਪਿਛਾਂਹ ਨਹੀਂ ਰਹੇ। ਪੰਜਾਬੀ ਖਿਡਾਰੀਆਂ ਦਾ ਓਲੰਪਿਕ ਰਾਹੀਂ ਚੋਟੀ ‘ਤੇ ਪੁੱਜਣਾ ਮਾਣ ਵਾਲੀ ਗੱਲ ਹੈ, ਪਰ ਕੁਝ ਧਿਰਾਂ ਵਲੋਂ ਇਸ ਦੌਰਾਨ ਜਿਸ ਢੰਗ ਨਾਲ ਪੰਜਾਬੀ ਖਿਡਾਰੀਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਸ ਤੋਂ ਪੰਜਾਬੀਆਂ ਦੀ ਕੱਟੜਤਾ ਹੀ ਜ਼ਾਹਿਰ ਹੋ ਰਹੀ ਹੈ। ਹਾਕੀ ਦੇ ਮਾਮਲੇ ਵਿਚ ਵਿਵਾਦਗ੍ਰਸਤ ਪੁਲਿਸ ਅਫਸਰ ਕੇ.ਪੀ.ਐਸ. ਗਿੱਲ ਦਾ ਨਾਂ ਤੱਕ ਘੜੀਸ ਲਿਆ ਗਿਆ। ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਖਿੱਚ-ਖਿੱਚ ਕੇ ਸਿੱਖ ਅੰਦੋਲਨ ਬਣਾਉਣ ਦਾ ਯਤਨ ਕੀਤਾ ਗਿਆ ਸੀ, ਐਨ ਉਸੇ ਤਰ੍ਹਾਂ ਹੁਣ ਪੰਜਾਬੀਆਂ ਦੀ ਪ੍ਰਾਪਤੀ ਨੂੰ ਸਿੱਖਾਂ ਦੀਆਂ ਪ੍ਰਾਪਤੀਆਂ ਦੱਸਣ ਦੀ ਦੌੜ ਸ਼ੁਰੂ ਹੋ ਗਈ ਹੈ।
ਅਸਲ ਵਿਚ ਪਿਛਲੇ ਕੁਝ ਸਮੇਂ ਦੌਰਾਨ ਜਿਸ ਤਰ੍ਹਾਂ ਸੰਸਾਰ ਪੱਧਰ ਉਤੇ ਕੱਟੜਤਾ ਦੀ ਹਨੇਰੀ ਝੁੱਲੀ ਹੈ, ਉਸ ਨੇ ਸੰਸਾਰ ਭਰ ਦੇ ਮਾਨਸ ਉਤੇ ਅਸਰ ਪਾਇਆ ਹੈ। ਵੱਖ-ਵੱਖ ਮੁਲਕਾਂ ਦੇ ਮੁਖੀ ਵੀ ਕੁਝ ਅਜਿਹੇ ਲੀਡਰ ਬਣ ਗਏ ਜਿਨ੍ਹਾਂ ਨੇ ਕੱਟੜਤਾ ਨੂੰ ਰੱਜ ਕੇ ਹਵਾ ਦਿੱਤੀ। ਇਨ੍ਹਾਂ ਵਿਚ ਅਮਰੀਕਾ ਦਾ ਸਾਬਕਾ ਸਦਰ ਡੋਨਲਡ ਟਰੰਪ ਅਤੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹਨ। ਇਨ੍ਹਾਂ ਦੇ ਰਾਜਕਾਲ ਦੌਰਾਨ ਲੋਕਾਂ ਅੰਦਰ ਜਿਸ ਤਰ੍ਹਾਂ ਦੀਆਂ ਵੰਡੀਆਂ ਪਈਆਂ, ਉਸ ਨੇ ਮਨੁੱਖਤਾ ਲਈ ਖਤਰਾ ਖੜ੍ਹਾ ਕੀਤਾ ਹੈ। ਇਸ ਪ੍ਰਸੰਗ ਵਿਚ ਓਲੰਪਿਕ ਖੇਡਾਂ ਦੀ ਭਾਵਨਾ ਵਧੇਰੇ ਸਾਰਥਕ ਜਾਪਣ ਲੱਗਦੀ ਹੈ। ਖੇਡਾਂ ਤਾਂ ਉਂਜ ਵੀ ਬੰਦੇ ਨੂੰ ਬੰਦੇ ਦੇ ਨੇੜੇ ਕਰਦੀਆਂ ਹਨ ਅਤੇ ਤਾਲਮੇਲ ਵਧਾਉਣ ਵਿਚ ਅਹਿਮ ਰੋਲ ਨਿਭਾਉਂਦੀਆਂ ਹਨ। ਇਹੀ ਨਹੀਂ, ਖੇਡਾਂ ਸਾਨੂੰ ਸਹਿਣਸ਼ੀਲਤਾ ਦਾ ਪਾਠ ਵੀ ਪੜ੍ਹਾਉਂਦੀਆਂ ਹਨ ਜਿਸ ਨੂੰ ਕੱਟੜ ਸਿਆਸਤ ਸਦਾ ਤਾਰ-ਤਾਰ ਕਰਨਾ ਚਾਹੁੰਦੀ ਹੈ। ਅੱਜ ਜਿਸ ਤਰ੍ਹਾਂ ਦੇ ਸੰਕਟ ਸਮੁੱਚੇ ਸੰਸਾਰ ਅੱਗੇ ਆ ਰਹੇ ਹਨ, ਉਨ੍ਹਾਂ ਨਾਲ ਨਜਿੱਠਣ ਲਈ ਬਿਨਾ ਸ਼ੱਕ, ਓਲੰਪਿਕ ਵਾਲੀ ਖੇਡ ਭਾਵਨਾ ਦਾ ਵੱਡਾ ਰੋਲ ਬਣ ਸਕਦਾ ਹੈ ਪਰ ਇਹ ਤਾਂ ਹੀ ਸੰਭਵ ਹੈ, ਜੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਇਸ ਪਾਸੇ ਕਦਮ ਵਧਾਉਣ। ਇਸ ਦੀ ਸਭ ਤੋਂ ਉਮਦਾ ਮਿਸਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਹੈ। ਦੋਹਾਂ ਮੁਲਕਾਂ ਦੇ ਬਹੁਤੇ ਲੋਕ ਆਪਸ ਵਿਚ ਨਿੱਘੇ ਰਿਸ਼ਤੇ ਚਾਹੁੰਦੇ ਹਨ ਪਰ ਦੋਹਾਂ ਮੁਲਕਾਂ ਦੇ ਕੁਝ ਸਿਆਸਤਦਾਨ ਅਤੇ ਸਿਆਸਤ ਚਲਾ ਰਹੇ ਲੋਕ, ਦੋਹਾਂ ਪਾਸਿਆਂ ਦੇ ਲੋਕਾਂ ਵਿਚਕਾਰ ਨਫਰਤ ਦੀ ਹਨੇਰੀ ਵਗਾਉਣ ਦਾ ਯਤਨ ਕਰਦੇ ਰਹਿੰਦੇ ਹਨ ਅਤੇ ਬਹੁਤ ਵਾਰ ਆਪਣੇ ਮਨਸੂਬਿਆਂ ਵਿਚ ਕਾਮਯਾਬ ਵੀ ਹੋ ਜਾਂਦੇ ਹਨ। ਹੁਣ ਆਮ ਲੋਕ ਭਾਵੇਂ ਅਜਿਹੇ ਲੋਕਾਂ ਦੀ ਸ਼ੈਤਾਨੀਆਂ ਨੂੰ ਸਮਝਣ ਲੱਗੇ ਹਨ ਪਰ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਜੇ ਅਜਿਹੇ ਕੱਟੜ ਲੋਕਾਂ ਨੂੰ ਖਦੇੜ ਦਿੱਤਾ ਜਾਵੇ ਤਾਂ ਸਮੁੱਚੀ ਮਨੁੱਖਤਾ ਲਈ ਰਾਹ ਮੋਕਲੇ ਹੋ ਸਕਦੇ ਹਨ। ਦੁਨੀਆ ਦੇ ਹਰ ਰਹਿਬਰ ਨੇ ਸਦਭਾਵ ਦਾ ਹੀ ਸੁਨੇਹਾ ਦਿੱਤਾ ਹੈ, ਇਸ ਸਦਭਾਵ ਉਤੇ ਸਿਆਸਤ ਕਦੀ ਵੀ ਭਾਰੂ ਨਹੀਂ ਪੈਣੀ ਚਾਹੀਦੀ।