ਕੇਜਰੀਵਾਲ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਕਿਸਾਨਾਂ ਨਾਲ ਡਟ ਕੇ ਖੜ੍ਹਨ ਦੇ ਹੁਕਮ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਖੁਸ਼ਹਾਲੀ ਅਤੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਸਬੰਧੀ ਪੰਜਾਬ ਦੇ ਵਿਧਾਇਕਾਂ ਨਾਲ ਵਿਸਥਾਰ ਸਹਿਤ ਵਿਚਾਰ-ਚਰਚਾ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ‘ਆਪ` ਵਿਧਾਇਕਾਂ ਨਾਲ ਮੁੱਖ ਮੰਤਰੀ ਦੀ ਰਿਹਾਇਸ਼ `ਚ ਰੱਖੀ ਗਈ ਇਹ ਮੀਟਿੰਗ ਕਰੀਬ ਤਿੰਨ ਘੰਟੇ ਚੱਲੀ। ਮੀਟਿੰਗ ਦੌਰਾਨ ਕੇਜਰੀਵਾਲ ਨੇ ਜਿਥੇ 2022 ਦੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰੇ ਕੀਤੇ, ਉਥੇ ਹੀ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਵੀ ਸੁਝਾਅ ਮੰਗੇ।

ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜਾਬ ਨੂੰ ਮਾਫੀਆ ਮੁਕਤ ਕਰਵਾਉਣ ਲਈ ਉਨ੍ਹਾਂ ਵਿਧਾਇਕਾਂ ਨੂੰ ਸਕਾਰਾਤਮਕ ਲਕੀਰ ਖਿੱਚਣ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਘਰ-ਘਰ ਪਹੁੰਚ ਕਰ ਕੇ ਲੋਕਾਂ ਨੂੰ ਦੱਸਣ ਕਿ ਆਮ ਆਦਮੀ ਪਾਰਟੀ ਕਿਹੜੀਆਂ ਵਿਕਾਸ ਮੁਖੀ ਨੀਤੀਆਂ ਨਾਲ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪੰਜਾਬ ਅਤੇ ਪੰਜਾਬੀਆਂ ਨੂੰ ਸੰਕਟ ‘ਚੋਂ ਬਾਹਰ ਕੱਢ ਸਕਦੀ ਹੈ। ਇਸ ਦੌਰਾਨ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਕੋਲੋਂ ਉਨ੍ਹਾਂ ਦੇ ਹਲਕਿਆਂ ਦੀ ਬੂਥ ਪੱਧਰ ਤੱਕ ਦੀ ਜਾਣਕਾਰੀ ਲਈ। ਇਸ ਦੌਰਾਨ ਭਗਵੰਤ ਮਾਨ ਨੇ ਪੰਜਾਬ ਦੇ ਸਿਆਸੀ ਆਰਥਿਕ ਅਤੇ ਸਮਾਜਿਕ ਹਲਾਤ ਬਾਰੇ ਚਾਨਣਾ ਪਾਇਆ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਪਾਰਟੀ ਦੇ ਝੰਡੇ ਅਤੇ ਏਜੰਡੇ ਨੂੰ ਪਾਸੇ ਰੱਖ ਕੇ ਕਿਸਾਨ ਅੰਦੋਲਨ ਨੂੰ ਹਰ ਪੱਧਰ ‘ਤੇ ਸਹਿਯੋਗ ਦਿੱਤਾ ਜਾਵੇ। ਅੱਜ ਦੇਸ਼ ਦਾ ਅੰਨਦਾਤਾ ਆਪਣੀ ਜ਼ਮੀਨ ਅਤੇ ਹੋਂਦ ਦੀ ਲੜਾਈ ਲੜਨ ਲਈ ਮਜਬੂਰ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਆਪਣੀ ਜ਼ਿੱਦ ਨਹੀਂ ਛੱਡ ਰਹੀ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅੜੀ ਛੱਡ ਕੇ ਖੇਤੀ ਕਾਨੂੰਨ ਤੁਰਤ ਰੱਦ ਕਰਨੇ ਚਾਹੀਦੇ ਹਨ।
ਉਨ੍ਹਾਂ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ ਅੜੀ ਤਿਆਗ ਕੇ ਖੇਤੀ ਵਿਰੋਧੀ ਇਹ ਕਾਲੇ ਕਾਨੂੰਨ ਤੁਰਤ ਵਾਪਸ ਲੈਣੇ ਚਾਹੀਦੇ ਹਨ ਤੇ ਬਿਜਲੀ ਸੋਧ ਬਿਲ-2021 ਸੰਸਦ ‘ਚ ਪੇਸ਼ ਨਹੀਂ ਕਰਨਾ ਚਾਹੀਦਾ। ਬੈਠਕ ਦੌਰਾਨ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਦਬਾਅ ਦੀ ਪ੍ਰਵਾਹ ਨਾ ਕਰਦਿਆਂ ਕਿਸਾਨ ਅੰਦੋਲਨ ਨੂੰ ਦਿੱਤੇ ਗਏ ਸਹਿਯੋਗ ਤੇ ਸੰਸਦ ਦੇ ਅੰਦਰ ਅਤੇ ਬਾਹਰ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਹੱਕ ‘ਚ ਲਗਾਤਾਰ ਬੁਲੰਦ ਕੀਤੀ ਜਾ ਰਹੀ ਆਵਾਜ਼ ਦੀ ਭਰਪੂਰ ਸ਼ਲਾਘਾ ਕੀਤੀ ਗਈ।
___________________________________________________
ਕੇਂਦਰ ਸਰਕਾਰ ਜ਼ਿੱਦੀ: ਭਗਵੰਤ ਮਾਨ
ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ‘ਤੇ ਸੰਸਦ ਵਿਚ ਚਰਚਾ ਨਾ ਕਰਾਉਣ ‘ਤੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ, ‘ਜੇ ਮੋਦੀ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੈ ਤਾਂ ‘ਆਪ‘ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।‘ ਭਗਵੰਤ ਮਾਨ ਨੇ ਕਿਹਾ ਕਿ ਉਹ ਦੋ ਹਫਤਿਆਂ ਤੋਂ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਲਗਾਤਾਰ ‘ਕੰਮ ਰੋਕੂ ਮਤਾ‘ ਪੇਸ਼ ਕਰ ਰਹੇ ਹਨ, ਜਿਸ ਵਿਚ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਵਿਚ ਚਰਚਾ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਜ਼ਿੱਦੀ ਨੀਤੀ ਅੰਨਦਾਤਾ ਅਤੇ ਦੇਸ਼ ਲਈ ਨੁਕਸਾਨਦਾਇਕ ਹੈ, ਜਿਸ ਨੂੰ ਛੱਡਿਆ ਜਾਣਾ ਚਾਹੀਦਾ ਹੈ।
_________________________________________________
ਆਪਣੇ ਬਲਬੂਤੇ ਸਰਕਾਰ ਬਣਾ ਸਕਦੇ ਕਿਸਾਨ: ਚੜੂਨੀ
ਦਿੜ੍ਹਬਾ ਮੰਡੀ: ਭਾਰਤੀ ਕਿਸਾਨ ਯੂਨੀਅਨ ਏਕਤਾ (ਚੜੂਨੀ) ਹਰਿਆਣਾ ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਿੜ੍ਹਬਾ ਵਿਖੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆਉਣ ਵਾਲੀ ਭਾਜਪਾ ਨੂੰ ਉੱਤਰ ਪ੍ਰਦੇਸ਼ ‘ਚ ਹਰਾਉਣ ਲਈ ਮਿਸ਼ਨ 2022 ਹੈ। ਪੰਜਾਬ ‘ਚ ਵੀ ਮਿਸ਼ਨ 2022 ਹੋਵੇਗਾ, ਜਿਸ ਦੀ ਵਿਉਂਤਬੰਦੀ ਚੜੂਨੀ ਧੜੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਕੇਂਦਰ ‘ਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਨ ਉਤੇ ਵੀ ਖੇਤੀ ਕਾਨੂੰਨ ਰੱਦ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ ‘ਚ ਕੋਈ ਜਿਆਦਾ ਫਰਕ ਨਹੀਂ ਹੈ। ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਕਿਸਾਨ ਸਿਆਸੀ ਪਾਰਟੀਆਂ ਦੀਆ ਸਰਕਾਰਾਂ ਬਣਾਉਂਦੇ ਆ ਰਹੇ ਹਨ, ਜਦ ਕਿ ਪੰਜਾਬ ‘ਚ ਕਿਸਾਨਾਂ ਦੀ ਗਿਣਤੀ ਏਨੀ ਹੈ ਕਿ ਆਸਾਨੀ ਨਾਲ ਆਪਣੇ ਬਲਬੂਤੇ ‘ਤੇ ਆਪਣੀ ਸਰਕਾਰ ਬਣਾ ਸਕਦੇ ਹਨ।