ਮੁੜ ਸਿਰ ਚੁੱਕਣ ਲੱਗਾ ਕਰੋਨਾ, ਡੈਲਟਾ ਰੂਪ ਨੇ ਫਿਕਰ ਵਧਾਇਆ

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੇ ਵੱਡੇ ਪੱਧਰ ‘ਤੇ ਮੁੜ ਫੈਲਣ ਦੇ ਅਨੁਮਾਨ ਅਤੇ ਆਸਾਰ ਫਿਰ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਕਰੋਨਾ ਵਾਇਰਸ ਦਾ ਡੈਲਟਾ ਰੂਪ ਜੋ ਪਹਿਲਾਂ ਭਾਰਤ ਵਿਚ ਪਾਇਆ ਗਿਆ ਸੀ, ਹੁਣ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਤੇਜੀ ਨਾਲ ਫੈਲ ਰਿਹਾ ਹੈ। ਅਮਰੀਕਾ ਵਿਚ ਪ੍ਰਭਾਵਿਤ ਹੋਣ ਵਾਲੇ ਨਵੇਂ ਮਰੀਜ਼ਾਂ ‘ਚੋਂ 83 ਫੀਸਦੀ ਡੈਲਟਾ ਰੂਪ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਪਹਿਲਾਂ ਇਹ ਰੂਪ ਇੰਗਲੈਂਡ ਤੇ ਕੁਝ ਹੋਰ ਦੇਸ਼ਾਂ ਵਿਚ ਵੱਡੀ ਪੱਧਰ ‘ਤੇ ਫੈਲਿਆ।

‘ਆਰ-ਫੈਕਟਰ`, ਜੋ ਭਾਰਤ ਵਿਚ ਕੋਵਿਡ-19 ਦੀ ਲਾਗ ਫੈਲਣ ਦੀ ਗਤੀ ਨੂੰ ਦਰਸਾਉਂਦਾ ਹੈ, ਕੇਰਲ ਤੇ ਉਤਰੀ-ਪੂਰਬੀ ਰਾਜਾਂ `ਚ ਤੇਜੀ ਨਾਲ ਚੜ੍ਹ ਰਿਹਾ ਹੈ ਤੇ ਇਸ ਨੇ ਇਕ ਵਾਰ ਫਿਰ ਦੇਸ਼ `ਚ ਮਹਾਂਮਾਰੀ ਵੱਲੋਂ ਸਿਰ ਚੁੱਕਣ ਦੇ ਸੰਕੇਤ ਦਿੱਤੇ ਹਨ। ਚੇਨਈ ਦੀ ਮੈਥੇਮੇਟੀਕਲ ਸਾਇੰਸਜ ਇੰਸਟੀਚਿਊਟ ਦੇ ਖੋਜਕਰਤਾਵਾਂ ਅਨੁਸਾਰ ਮੈਟਰੋ ਸ਼ਹਿਰਾਂ `ਚੋਂ ਪੁਣੇ ਤੇ ਦਿੱਲੀ ‘ਆਰ-ਵੈਲਯੂ` ਦੇ ਨੇੜੇ ਹਨ। ਦੇਸ `ਚ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਜਦੋਂ ਸਿਖਰਾਂ `ਤੇ ਸੀ ਤਾਂ ਦੇਸ ਦੀ ‘ਆਰ-ਵੈਲਯੂ` 9 ਮਾਰਚ ਤੋਂ 21 ਅਪਰੈਲ ਦੇ ਵਿਚਕਾਰ 1.37 ਸੀ। ਇੰਸਟੀਚਿਊਟ ਦਾ ਕਹਿਣਾ ਹੈ ਕਿ ਡਾਟਾ 1 ਆਰ-ਫੈਕਟਰ ਵੱਲ ਇਸ਼ਾਰਾ ਕਰ ਰਿਹਾ ਹੈ ਤੇ ਆਉਣ ਵਾਲੇ ਦਿਨਾਂ `ਚ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ।
ਅਮਰੀਕਾ ਦੇ ‘ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਵੈਨਸ਼ਨ` ਅਨੁਸਾਰ ਕਰੋਨਾ ਵਾਇਰਸ ਦਾ ਡੈਲਟਾ ਰੂਪ ਛੋਟੀ ਚੇਚਕ/ਚਿਕਨਪੌਕਸ ਵਾਂਗ ਬਹੁਤ ਤੇਜੀ ਨਾਲ ਫੈਲਦਾ ਹੈ ਅਤੇ ਇਸ ਦੇ ਪ੍ਰਭਾਵ ਸ਼ੁਰੂਆਤੀ ਦੌਰ ਵਾਲੇ ਕਰੋਨਾ ਵਾਇਰਸ ਦੇ ਰੂਪਾਂ ਤੋਂ ਜ਼ਿਆਦਾ ਖਤਰਨਾਕ ਹੋ ਸਕਦੇ ਹਨ। ਸੈਂਟਰ ਅਨੁਸਾਰ ਵੈਕਸੀਨ ਪ੍ਰਾਪਤ ਕਰ ਚੁੱਕੇ ਵਿਅਕਤੀ ਵੀ ਆਪਣੇ ਨੱਕ ਅਤੇ ਗਲੇ ਵਿਚ ਇਸ ਵਾਇਰਸ ਦੇ ਮੌਜੂਦ ਹੋਣ ਕਾਰਨ ਇਸ ਨੂੰ ਫੈਲਾ ਸਕਦੇ ਹਨ। ਇਸੇ ਕਾਰਨ ਅਮਰੀਕਾ ਅਤੇ ਹੋਰ ਦੇਸ਼ ਜੋ ਕਾਫੀ ਆਬਾਦੀ ਦਾ ਟੀਕਾਕਰਨ ਕਰ ਚੁੱਕੇ ਹਨ, ਮਾਸਕ ਲਾਉਣ ਜਿਹੀਆਂ ਪਾਬੰਦੀਆਂ ਹਟਾਉਣ ਬਾਰੇ ਸੋਚ ਰਹੇ ਸਨ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਮਾਸਕ ਲਗਾਉਣਾ ਸਭ ਲਈ ਜਰੂਰੀ ਹੈ। ਮਹਾਮਾਰੀ ਤੋਂ ਬਚਣ ਲਈ ਵੈਕਸੀਨ ਨੂੰ ਹੀ ਸਭ ਤੋਂ ਕਾਰਗਰ ਹਥਿਆਰ ਮੰਨਿਆ ਜਾ ਰਿਹਾ ਹੈ।
ਭਾਰਤ ਵਿਚ ਵੈਕਸੀਨ ਲਗਾਉਣ ਦੀ ਰਫਤਾਰ ਬਾਰੇ ਫਿਕਰ ਜਤਾਏ ਜਾ ਰਹੇ ਹਨ। 21 ਜੂਨ 2021 ਨੂੰ ਵੈਕਸੀਨ ਲਗਾਉਣ ਦੀ ਨਵੀਂ ਨੀਤੀ ਲਾਗੂ ਕੀਤੀ ਗਈ ਅਤੇ ਉਸ ਦਿਨ 86 ਲੱਖ ਲੋਕਾਂ ਨੂੰ ਵੈਕਸੀਨ ਲਗਾਈ ਗਈ। ਹੁਣ ਵੈਕਸੀਨ ਲਗਾਉਣ ਦੀ ਰਫਤਾਰ ਘਟ ਕੇ ਲਗਭਗ 48 ਲੱਖ ਫੀ ਦਿਨ ਹੋ ਗਈ ਹੈ। ਜੁਲਾਈ ਦੇ ਪਹਿਲੇ ਹਫਤੇ ਇਹ ਔਸਤ ਬਹੁਤ ਘੱਟ ਸੀ, ਲਗਭਗ 34 ਲੱਖ ਫੀ. ਦਿਨ। ਜੁਲਾਈ ਵਿਚ ਉੜੀਸਾ, ਰਾਜਸਥਾਨ, ਪੱਛਮੀ ਬੰਗਾਲ, ਤਾਮਿਲ ਨਾਡੂ ਅਤੇ ਦਿੱਲੀ ਨੇ ਵੈਕਸੀਨ ਦੀ ਕਮੀ ਬਾਰੇ ਸ਼ਿਕਾਇਤ ਕਰਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਵੈਕਸੀਨ ਲਗਾਉਣ ਵਾਲੇ ਕਈ ਕੇਂਦਰ ਬੰਦ ਕਰਨੇ ਪੈ ਰਹੇ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ ਗਲਤ ਤੇ ਲੋਕਾਂ ਵਿਚ ਡਰ ਫੈਲਾਉਣ ਵਾਲੀ ਹੈ। 14 ਜੁਲਾਈ 2021 ਦੇ ਇਕ ਬਿਆਨ ਵਿਚ ਨਵੇਂ ਬਣੇ ਸਿਹਤ ਮੰਤਰੀ ਨੇ ਵੈਕਸੀਨ ਦੀ ਕਮੀ ਦਾ ਕਾਰਨ ਸੂਬਾ ਸਰਕਾਰਾਂ ਵੱਲੋਂ ਕੀਤੀ ਗਈ ਬਦ-ਇੰਤਜ਼ਾਮੀ ਨੂੰ ਦੱਸਿਆ ਸੀ। ਦੇਸ਼ ਵਿਚ ਹੁਣ ਤਕ ਵੈਕਸੀਨ ਦੇ 45 ਕਰੋੜ ਤੋਂ ਜਿਆਦਾ ਟੀਕੇ ਲਗਾਏ ਗਏ ਹਨ।
ਭਾਰਤ ਵਿਚ 18 ਸਾਲ ਦੀ ਉਮਰ ਤੋਂ ਵੱਧ ਦੀ ਵੱਸੋਂ ਲਗਭਗ 94 ਕਰੋੜ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਦਸੰਬਰ 2021 ਤੱਕ ਉਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜਾਂ ਦੇ ਦਿੱਤੀਆਂ ਜਾਣ। ਸਰਕਾਰੀ ਅੰਕੜਿਆਂ ਅਨੁਸਾਰ ਔਰਤਾਂ ਵੈਕਸੀਨ ਲਗਵਾਉਣ ਵਿਚ ਪਿੱਛੇ ਹਨ। ਉਮਰ ਦੇ ਹਿਸਾਬ ਨਾਲ 18 ਤੋਂ 44 ਸਾਲ ਦੀ ਉਮਰ ਵਾਲੇ ਲੋਕਾਂ ਨੇ ਸਭ ਤੋਂ ਵੱਧ (41.12 ਫੀਸਦੀ) ਟੀਕੇ ਲਗਵਾਏ ਹਨ ਜਦੋਂ ਕਿ 45 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੇ 33.9 ਫੀਸਦੀ ਟੀਕੇ ਲਗਵਾਏ ਹਨ। 60 ਸਾਲ ਦੀ ਵੱਧ ਉਮਰ ਦੇ ਲੋਕਾਂ ਵਿਚ ਟੀਕੇ ਲਗਵਾਉਣ ਦੀ ਰਫਤਾਰ ਸਭ ਤੋਂ ਘੱਟ (24 ਫੀਸਦੀ) ਹੈ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸਾਡਾ ਦੇਸ਼ ਵੈਕਸੀਨ ਲਗਾਉਣ ਵਿਚ ਪਛੜ ਰਿਹਾ ਹੈ। ਕੇਂਦਰ ਸਰਕਾਰ ਨੇ ਵੱਡੇ ਦਾਅਵੇ ਕੀਤੇ ਸਨ ਅਤੇ ਦੂਸਰੇ ਦੇਸ਼ਾਂ ਨੂੰ ਵੈਕਸੀਨ ਬਰਾਮਦ ਕਰਨ ਦੇ ਟੀਚੇ ਬਣਾਏ ਗਏ ਸਨ ਪਰ ਹੁਣ ਵੈਕਸੀਨ ਆਪਣੇ ਹੀ ਦੇਸ਼ ਦੇ ਲੋਕਾਂ ਤੱਕ ਨਹੀਂ ਪਹੁੰਚ ਰਹੀ। ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਡੈਲਟਾ ਰੂਪ ਬਾਰੇ ਵੀ ਸਪੱਸ਼ਟ ਤੌਰ ‘ਤੇ ਕੁਝ ਨਹੀਂ ਦੱਸਿਆ ਜਾ ਰਿਹਾ। ਜਿਆਦਾ ਜਾਣਕਾਰੀ ਦੂਸਰੇ ਦੇਸ਼ਾਂ ਤੋਂ ਆ ਰਹੀ ਹੈ।
_______________________________________
ਕੇਂਦਰ ਵੱਲੋਂ ਸੂਬਿਆਂ ਨੂੰ ਢਿੱਲ ਨਾ ਵਰਤਣ ਦੀ ਸਲਾਹ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ 10 ਸੂਬਿਆਂ ਨੂੰ ਕਿਹਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ‘ਚ ਕਰੋਨਾ ਦੀ ਪਾਜ਼ੇਟਿਵਿਟੀ ਦਰ 10 ਫੀਸਦ ਤੋਂ ਜ਼ਿਆਦਾ ਹੈ, ਉਥੇ ਸਖਤ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕੀਤਾ ਜਾਵੇ। ਇਨ੍ਹਾਂ 10 ਸੂਬਿਆਂ ‘ਚ ਪਿਛਲੇ ਕੁਝ ਦਿਨਾਂ ਦੌਰਾਨ ਲਾਗ ਦੇ ਵਧੇਰੇ ਕੇਸ ਦਰਜ ਕੀਤੇ ਗਏ ਹਨ। ਕੇਂਦਰ ਮੁਤਾਬਕ 46 ਜ਼ਿਲ੍ਹਿਆਂ ‘ਚ ਪਾਜ਼ੇਟਿਵਿਟੀ ਦਰ 10 ਫੀਸਦ ਤੋਂ ਜ਼ਿਆਦਾ ਹੈ ਜਦਕਿ 53 ਹੋਰਾਂ ‘ਚ ਇਹ 5 ਤੋਂ 10 ਫੀਸਦ ਵਿਚਕਾਰ ਹੈ। ਕੇਂਦਰ ਨੇ ਇਨ੍ਹਾਂ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਰੋਨਾ ਦੀ ਪਛਾਣ ਲਈ ਟੈਸਟਿੰਗ ਵਧਾਉਣ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ‘ਚ ਢਿੱਲ ਦਿੱਤੇ ਜਾਣ ਨਾਲ ਭਵਿੱਖ ‘ਚ ਹਾਲਾਤ ਵਿਗੜ ਸਕਦੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਉੱਚ ਪੱਧਰੀ ਮੀਟਿੰਗ ਕਰਕੇ ਕੇਰਲਾ, ਮਹਾਰਾਸ਼ਟਰ, ਕਰਨਾਟਕ, ਤਾਮਿਲ ਨਾਡੂ, ਉੜੀਸਾ, ਅਸਾਮ, ਮਿਜ਼ੋਰਮ, ਮੇਘਾਲਿਆ, ਆਂਧਰਾ ਪ੍ਰਦੇਸ਼ ਅਤੇ ਮਨੀਪੁਰ ‘ਚ ਕਰੋਨਾ ਹਾਲਾਤ ਦੀ ਸਮੀਖਿਆ ਕੀਤੀ।
______________________________________
ਸੂਚੀਬੱਧ ਉਡਾਣਾਂ ‘ਤੇ ਰੋਕ 31 ਅਗਸਤ ਤੱਕ ਜਾਰੀ ਰਹੇਗੀ
ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਕਰੋਨਾ ਵਾਇਰਸ ਕਾਰਨ ਰੱਦ ਹੋਈਆਂ ਸੂਚੀਬੱਧ ਕੌਮਾਂਤਰੀ ਉਡਾਣਾਂ ‘ਤੇ ਰੋਕ 31 ਅਗਸਤ ਤੱਕ ਵਧਾ ਦਿੱਤੀ ਹੈ। ਡਾਇਰੈਕਟਰ ਜਨਰਲ ਨੇ ਨਾਲ ਹੀ ਕਿਹਾ ਕਿ ਕੇਸਾਂ ਦੀ ਸਮੀਖਿਆ ਕਰ ਕੇ ਕੌਮਾਂਤਰੀ ਉਡਾਣਾਂ ਨੂੰ ਚੋਣਵੇਂ ਰੂਟਾਂ ‘ਤੇ ਚੱਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਨਿਰਧਾਰਤ ਕੌਮਾਂਤਰੀ ਉਡਾਣਾਂ ਭਾਰਤ ਵਿਚ 23 ਮਾਰਚ, 2020 ਤੋਂ ਬੰਦ ਹਨ। ਪਰ ‘ਵੰਦੇ ਭਾਰਤ ਮਿਸ਼ਨ‘ ਤਹਿਤ ਮਈ 2020 ਤੋਂ ਉਡਾਣਾਂ ਚੱਲ ਰਹੀਆਂ ਸਨ। ਇਸ ਲਈ ਜੁਲਾਈ 2020 ਤੋਂ ਦੁਵੱਲੇ ‘ਏਅਰ ਬਬਲ‘ ਸਮਝੌਤੇ 24 ਮੁਲਕਾਂ ਨਾਲ ਕੀਤੇ ਗਏ ਸਨ। ਇਨ੍ਹਾਂ ਵਿਚ ਅਮਰੀਕਾ, ਯੂਕੇ, ਯੂ.ਏ.ਈ., ਕੀਨੀਆ, ਭੂਟਾਨ ਤੇ ਫਰਾਂਸ ਸ਼ਾਮਲ ਸਨ। ਡੀ.ਜੀ.ਸੀ.ਏ. ਨੇ ਕਿਹਾ ਕਿ ਕੌਮਾਂਤਰੀ ਕਾਰਗੋ ਅਪਰੇਸ਼ਨ ਤੇ ਇਸ ਲਈ ਮਨਜ਼ੂਰ ਕੀਤੀਆਂ ਗਈਆਂ ਉਡਾਣਾਂ ਉਤੇ ਰੋਕ ਨਹੀਂ ਹੋਵੇਗੀ।