ਅਫਗਾਨਿਸਤਾਨ `ਚ ਸਿੱਖ ਪਰਿਵਾਰਾਂ ਵਿਚ ਸਹਿਮ ਦਾ ਮਾਹੌਲ ਬਣਿਆ

ਅੰਮ੍ਰਿਤਸਰ: ਅਫ਼ਗਾਨਿਸਤਾਨ ‘ਚ ਪੈਦਾ ਹੋਏ ਗ੍ਰਹਿ ਯੁੱਧ ਵਰਗੇ ਹਾਲਾਤ ਕਾਰਨ ਇਥੇ ਰਹਿ ਰਹੇ ਸਿੱਖ ਪਰਿਵਾਰਾਂ ਵਿਚ ਸਹਿਮ ਦਾ ਮਾਹੌਲ ਹੈ। ਸ਼੍ਰੋਮਣੀ ਕਮੇਟੀ ਨੇ ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਦਿਨੋ-ਦਿਨ ਘਟ ਰਹੀ ਗਿਣਤੀ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਪੀਲ ਕੀਤੀ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਉਥੇ ਵੱਸਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਯਤਨ ਕਰੇ। ਸ੍ਰੀ ਧਾਮੀ ਨੇ ਕਿਹਾ ਕਿ ਪਹਿਲਾਂ ਅਫ਼ਗਾਨਿਸਤਾਨ ਵਿਚ ਲੱਖਾਂ ਸਿੱਖ ਵੱਸਦੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਬਹੁਤ ਘੱਟ ਰਹਿ ਗਈ ਹੈ।

ਇਸ ਦਾ ਕਾਰਨ ਅਸੁਰੱਖਿਆ ਦੀ ਭਾਵਨਾ ਹੈ, ਕਿਉਂਕਿ ਸਿੱਖਾਂ ਨੂੰ ਉਥੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਥੋੜ੍ਹੇ ਸਮੇਂ ਅੰਦਰ ਹੀ ਅਫ਼ਗਾਨਿਸਤਾਨ ਵਿੱਚ ਸਿੱਖਾਂ ‘ਤੇ ਦੋ ਵੱਡੇ ਨਸਲੀ ਹਮਲੇ ਹੋਏ ਹਨ, ਜਿਸ ਕਾਰਨ ਖੌਫ਼ਜ਼ਦਾ ਸਿੱਖ ਉਥੋਂ ਪਰਵਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਥੇ ਵੱਸਦੇ ਘੱਟਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣੀ ਸਰਕਾਰਾਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਮੁੱਚੀ ਮਾਨਵਤਾ ਦਾ ਭਲਾ ਮੰਗਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਅਫ਼ਗਾਨਿਸਤਾਨ ਵਿਚ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰੇ। ਉਨ੍ਹਾਂ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਨੂੰ ਇਸ ਸਬੰਧੀ ਪੱਤਰ ਵੀ ਭੇਜਿਆ ਜਾਵੇਗਾ।
ਦੱਸ ਦਈਏ ਕਿ ਅਫ਼ਗਾਨਿਸਤਾਨ ‘ਚ ਪਿਛਲੇ ਲੰਬੇ ਸਮੇਂ ਤੋਂ ਜਾਰੀ ਹਿੰਸਕ ਘਟਨਾਵਾਂ ਦੇ ਚੱਲਦਿਆਂ ਮੌਜੂਦਾ ਸਮੇਂ ਉਥੇ ਸਿਰਫ ਸਿੱਖਾਂ ਦੇ 20 ਪਰਿਵਾਰ ਰਹਿ ਗਏ ਹਨ। ਇਨ੍ਹਾਂ ‘ਚੋਂ 5-6 ਪਰਿਵਾਰ ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਆਪਣੀਆਂ ਜਾਨਾਂ ਬਚਾਅ ਕੇ ਦਿੱਲੀ ਪਹੁੰਚੇ ਸਨ ਪਰ ਫਿਰ ਅਚਾਨਕ ਉਹ ਵਾਪਸ ਆਪਣੇ ਘਰਾਂ ਨੂੰ ਪਰਤ ਗਏ। ਸਿੱਖ ਜਥੇਬੰਦੀਆਂ ਨੇ ਅਫ਼ਗਾਨਿਸਤਾਨ ਸਰਕਾਰ ਅੱਗੇ ਉਥੇ ਰਹਿ ਰਹੇ ਸਿੱਖਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸਾਲ 1992 ‘ਚ ਅਫ਼ਗਾਨਿਸਤਾਨ ਵਿਚ ਹਿੰਦੂ-ਸਿੱਖਾਂ ਦੀ ਕੁੱਲ ਵਸੋਂ ਤਕਰੀਬਨ ਸਵਾ ਦੋ ਲੱਖ ਸੀ ਪਰ ਉਥੇ ਸ਼ੁਰੂ ਹੋਏ ਨਸਲੀ ਹਮਲਿਆਂ ਤੋਂ ਬਾਅਦ ਅਫ਼ਗਾਨ ਹਿੰਦੂ-ਸਿੱਖ ਦਿੱਲੀ, ਪਿਸ਼ਾਵਰ (ਪਾਕਿਸਤਾਨ) ਜਾਂ ਫਿਰ ਹੋਰਨਾਂ ਮੁਲਕਾਂ ‘ਚ ਪਰਿਵਾਰ ਸਮੇਤ ਆਬਾਦ ਹੋ ਗਏ। ਮੌਜੂਦਾ ਸਮੇਂ ਅਫ਼ਗਾਨਿਸਤਾਨ ਦੇ ਜਲਾਲਾਬਾਦ ‘ਚ ਕੁੱਲ 19-20 ਸਿੱਖ ਪਰਿਵਾਰ ਰਹਿ ਰਹੇ ਹਨ, ਜਿਨ੍ਹਾਂ ਦੀ ਆਬਾਦੀ 150 ਤੋਂ ਵੀ ਘੱਟ ਹੈ, ਜਦਕਿ ਉਥੇ ਰਹਿ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਗਿਣਤੀ 65 ਤੋਂ 70 ਦੇ ਵਿਚਕਾਰ ਹੈ। ਇਨ੍ਹਾਂ ਸਿੱਖ ਪਰਿਵਾਰਾਂ ਦੀ ਆਰਥਿਕ ਹਾਲਤ ਜਿਆਦਾ ਠੀਕ ਨਹੀਂ, ਇਸ ਲਈ ਇਨ੍ਹਾਂ ਲਈ ਭਾਰਤ ਜਾਂ ਦੂਜੇ ਦੇਸਾਂ ‘ਚ ਜਾਣ ਦਾ ਖਰਚਾ ਕਰਨਾ ਸੰਭਵ ਨਹੀਂ ਹੈ। ਇਨ੍ਹਾਂ ਪਰਿਵਾਰਾਂ ਨੂੰ ਇਹ ਵੀ ਡਰ ਹੈ ਕਿ ਜੇਕਰ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਜਾਣ ਤੇ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ ਤਾਂ ਉਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਜਾਵੇਗੀ।
ਇਸ ਦੇ ਇਲਾਵਾ ਕੁਝ ਸਿੱਖ ਤੇ ਗੁਰੂ ਨਾਨਕ ਨਾਮ ਲੇਵਾ ਪਰਿਵਾਰ ਕਾਬੁਲ, ਕੰਧਾਰ, ਜਲਾਲਾਬਾਦ, ਕਰਤਾ-ਏ-ਪਰਵਾਨ, ਗਜਨੀ ਆਦਿ ਇਲਾਕਿਆਂ ਵਿਚਲੇ ਇਤਿਹਾਸਕ ਗੁਰਧਾਮਾਂ ਦੀ ਸੇਵਾ-ਸੰਭਾਲ ਲਈ ਉੱਥੇ ਟਿਕੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਅਫ਼ਗਾਨਿਸਤਾਨ ਛੱਡ ਦਿੰਦੇ ਹਨ ਤਾਂ ਉਥੇ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਨਿਸ਼ਾਨੀਆਂ ਅਤੇ ਸਿੱਖ ਧਰਮ ਦੀਆਂ ਮੁਕੱਦਸ ਯਾਦਗਾਰਾਂ ਦਾ ਪੂਰੀ ਤੌਰ ‘ਤੇ ਸਫਾਇਆ ਹੋ ਜਾਵੇਗਾ।
ਦੱਸਿਆ ਜਾਂਦਾ ਹੈ ਕਿ ਪਹਿਲਾਂ ਅਫ਼ਗਾਨਿਸਤਾਨ ‘ਚ 500 ਤੋਂ ਵਧੇਰੇ ਗੁਰਦੁਆਰੇ ਸਨ, ਜਦਕਿ ਹੁਣ ਸਿਰਫ 5-6 ਹੀ ਰਹਿ ਗਏ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਇਕ ਸਿੱਖ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ‘ਚ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ 25 ਮਾਰਚ 2020 ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਵਿਖੇ ਹੋਏ ਆਤਮਘਾਤੀ ਅਤਿਵਾਦੀ ਹਮਲੇ ‘ਚ 25 ਸਿੱਖ ਮਾਰੇ ਗਏ ਸਨ। ਜਲਾਲਾਬਾਦ ‘ਚ ਹੀ ਸਾਲ 2018 ‘ਚ ਹੋਏ ਆਤਮਘਾਤੀ ਹਮਲੇ ‘ਚ ਅਫਗਾਨੀ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਅਵਤਾਰ ਸਿੰਘ ਖਾਲਸਾ ਅਤੇ ਰਵੇਲ ਸਿੰਘ ਸਮੇਤ 13 ਸਿੱਖ ਮਾਰੇ ਗਏ ਸਨ।
________________________________________________
ਵਿਦਵਾਨ ਕੋਈ ਵਿਉਂਤ ਬਣਾਉਣ: ਜਥੇਦਾਰ
ਤਲਵੰਡੀ ਸਾਬੋ: ਅਫ਼ਗਾਨਿਸਤਾਨ ‘ਚ ਪੈਦਾ ਹੋਏ ਗ੍ਰਹਿ ਯੁੱਧ ਵਰਗੇ ਹਾਲਾਤ ਵਿਚਕਾਰ ਇਥੇ ਰਹਿ ਰਹੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਅਤੇ ਉਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਫਿਕਰਮੰਦੀ ਜ਼ਾਹਿਰ ਕਰਦਿਆਂ ਸਮੁੱਚੀ ਕੌਮ ਦੇ ਵਿਦਵਾਨਾਂ ਅਤੇ ਚਿੰਤਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨੀ ਸਿੱਖਾਂ ਦੀ ਸੁਰੱਖਿਆ ਅਤੇ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਵਿਉਂਤਬੰਦੀ ਉਲੀਕਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਵਿਦਵਾਨਾਂ ਅਤੇ ਚਿੰਤਕਾਂ ਨੂੰ ਵਿਉਂਤਬੰਦੀ, ਨੀਤੀ ਘੜਨੀ ਚਾਹੀਦੀ ਹੈ ਕਿ ਅਸੀਂ ਕਿਵੇਂ ਸਿੱਖਾਂ ਨੂੰ ਬਚਾਅ ਸਕਦੇ ਹਾਂ ਅਤੇ ਕਿਵੇਂ ਗੁਰਧਾਮਾਂ ਦੀ ਸਾਂਭ ਸੰਭਾਲ ਕਰ ਸਕਾਂਗੇ।