‘ਤਰਕਸ਼’ ਦੀ ਤਹਿਰੀਕ `ਚ ਉਤਰਦਿਆਂ

ਡਾ. ਗੁਰਬਖਸ਼ ਸਿੰਘ ਭੰਡਾਲ
ਡਾ. ਸ਼ਸ਼ੀ ਕਾਂਤ ਉੱਪਲ ਸਮਰੱਥ ਗਜ਼ਲਗੋ ਤੇ ਸ਼ਾਇਰ ਹੈ, ਜਿਸ ਦਾ ਪੰਜਾਬੀ ਅਤੇ ਹਿੰਦੀ ਅਦਬ ਵਿਚ ਖਾਸ ਮੁਕਾਮ ਹੈ। ਉਨ੍ਹਾਂ ਨੂੰ ਕਾਵਿ-ਸੰਵੇਦਨਾ ਆਪਣੇ ਭਰਾ ਡਾ. ਨਰੇਸ਼ ਤੋਂ ਵਿਰਸੇ ਵਿਚ ਮਿਲੀ ਹੈ। ਉਨ੍ਹਾਂ ਦੇ ਹੁਣ ਤੱਕ ਪੰਜ ਪੰਜਾਬੀ ਗਜ਼ਲ ਸੰਗ੍ਰਹਿ ਅਤੇ ਪੰਜ ਹਿੰਦੀ ਕਾਵਿ-ਸੰਗ੍ਰਹਿ ਸਾਹਿਤ ਵਿਚ ਆਪਣੀ ਵਿਲੱਖਣ ਹਾਜਰੀ ਲਗਵਾ ਚੁਕੇ ਹਨ। ਉਹ ਨਿਰੰਤਰ ਕਾਵਿਕ ਸੰਵਾਦ ਰਚਾਉਣ ਵਾਲੇ ਸੰਵੇਦਨਸ਼ੀਲ ਅਦੀਬ ਹਨ।

ਉਨ੍ਹਾਂ ਦਾ ਹਥਲਾ ਗਜ਼ਲ ਸੰਗ੍ਰਹਿ 2020 ਵਿਚ ਛਪਿਆ ਹੈ, ਜਿਸ ਵਿਚ ਸਮਾਜ ਦੀਆਂ ਵੱਖ-ਵੱਖ ਪਰਤਾਂ ਨੂੰ ਸਮੁੱਚਤਾ ਵਿਚ ਪੇਸ਼ ਕੀਤਾ ਗਿਆ ਹੈ। ਅਜੋਕੀਆਂ ਮਾਨਵੀ ਤ੍ਰਾਸਦੀਆਂ, ਆਧੁਨਿਕ ਮਨੁੱਖ ਦੀ ਬਿਖਰੀ ਮਾਨਸਿਕਤਾ ਅਤੇ ਅੰਦਰਲੀ ਟੁੱਟ-ਭੱਜ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਇਹ ਗਜ਼ਲਾਂ ਪਾਠਕ-ਮਨ ਨੂੰ ਟਕੋਰਦੀਆਂ, ਉਸ ਨੂੰ ਖੁਦ ਦੇ ਰੂ-ਬ-ਰੂ ਕਰ, ਮੌਜੂਦਾ ਪ੍ਰਸਥਿਤੀਆਂ ਵਿਚ ਉਸ ਦਾ ਸਥਾਨ ਕੀ ਹੈ, ਉਸ ਦੀ ਕੀ ਭੂਮਿਕਾ ਹੈ ਜਾਂ ਹੋਣੀ ਚਾਹੀਦੀ ਹੈ, ਬਾਰੇ ਪ੍ਰਸ਼ਨ ਪੈਦਾ ਕਰਦੀਆਂ ਹਨ। ਇਨ੍ਹਾਂ ਦੇ ਜਵਾਬ ਲਈ ਪਾਠਕ ਨੂੰ ਸਵੈ-ਸੰਵਾਦ ਰਾਹੀਂ ਖੁਦ ਨੂੰ ਤਲਾਸ਼ਣਾ ਪਵੇਗਾ। ਇਸ ਵਾਸਤੇ ਮਨੁੱਖ ਲਈ ਆਪਣੀ ਅੰਤਰੀਵ ਯਾਤਰਾ `ਤੇ ਜਾਣਾ ਬਹੁਤ ਜਰੂਰੀ, ਕਿਉਂਕਿ ਅਸੀਂ ਖੁਦ ਵਿਚੋਂ ਆਪਣੇ ਉਸ ਰੂਪ ਨੂੰ ਲੱਭਣਾ ਹੁੰਦਾ, ਜਿਸ ਦੀ ਬੇਮੁਖੀ ਵਿਚੋਂ ਸਮੁੱਚਾ ਵਿਗਾੜ ਪੈਦਾ ਹੁੰਦਾ ਹੈ।
ਅਜੋਕੇ ਵਿਅਕਤੀ ਦੀ ਮਨੋਦਿਸ਼ਾ ਪ੍ਰਗਟਾਉਂਦਿਆਂ ਡਾ. ਉੱਪਲ ਦਾ ਸ਼ੇਅਰ ਹੈ,
ਆਪਣੀਆਂ ਛਾਂਵਾਂ ਨੂੰ ਬਹਿ ਕੇ
ਮੈਂ ਤਾਂ ਲਿਖਿਆ ਹੀ ਨਹੀਂ,
ਉਸ ਦੀਆਂ ਧੁੱਪਾਂ ਦਾ ਹੀ
ਮੈਂ ਤਰਜਮਾ ਕਰਦਾ ਰਿਹਾ।
ਪਰ ਬੰਦੇ ਲਈ ਜਰੂਰੀ ਹੁੰਦਾ ਕਿ ਉਹ ਆਪਣੀਆਂ ਧੁੱਪਾਂ ਦੀ ਤਫਸੀਲ ਅਤੇ ਦੂਸਰਿਆਂ ਦੀਆਂ ਛਾਂਵਾਂ ਨੂੰ ਉਲਥਾਵੇ ਤਾਂ ਹੀ ਸੱਚ ਸਾਹਮਣੇ ਆਵੇਗਾ।
ਢਾ. ਉੱਪਲ ਜਾਣਦੇ ਹਨ ਕਿ ਚੁੱਪ ਨਾਲ ਲਿਖੀ ਹੋਈ ਕਵਿਤਾ ਸਭ ਤੋਂ ਅਸਰਦਾਰ ਅਤੇ ਅਹਿਮ ਹੁੰਦੀ, ਜੋ ਕਿਸੇ ਲਿਪੀ ਜਾਂ ਸ਼ਬਦ ਦੀ ਮੁਥਾਜ ਨਹੀਂ ਹੁੰਦੀ। ਕਵਿਤਾ ਨੂੰ ਚੁੱਪ ਨਾਲ ਵੀ ਲਿਖਿਆ ਜਾ ਸਕਦਾ, ਬਹੁਤ ਵਿਰਲੇ ਲੋਕ ਜਾਣਦੇ ਤੇ ਡਾ. ਉਪਲ ਵਿਰਲਿਆਂ ‘ਚੋਂ ਵਿਰਲੇ ਹਨ, ਤਾਂ ਹੀ ਉਸ ਦੇ ਹਰਫ ਬੋਲਦੇ,
ਰੰਗਾਂ ਦੀ ਲਿਪੀ ਕੀ ਹੈ
ਸ਼ਬਦਾਂ ਦੀ ਧੁਨੀ ਕੀ ਹੈ,
ਜੋ ਮੌਨ ਨੇ ਚਿੱਤਰੀ ਹੈ
ਉਹ ਕਵਿਤਾ ਜਿਹੀ ਕੀ ਹੈ।
ਜਦ ਕੋਈ ਖੁਦ ਨੂੰ ਦੀਵਿਆਂ ਦੀ ਮਿੱਟੀ ਬਣਾਉਂਦਾ ਅਤੇ ਖੁਦ ਨੂੰ ਬਾਲ ਕੇ ਅੰਧਲੇ ਸਮਿਆਂ ‘ਚ ਰੌਸ਼ਨੀ ਤ੍ਰੌਂਕਦਾ ਤਾਂ ਉਹ ਕਿਸੇ ਇਮਤਿਹਾਨ ਦੀ ਪ੍ਰਵਾਹ ਨਹੀਂ ਕਰਦਾ। ਇਹ ਤਾਂ ਅਰਪਤਾ ਦੀ ਅਦਾ ਹੈ,
ਮੇਰੀ ਮਿੱਟੀ ਦੀਵਿਆਂ ਵਿਚ ਢਾਲ ਕੇ,
ਸ਼ੌਕ ਦਾ ਮੇਰੇ ਤੂੰ ਲੈ ਫਿਰ ਇਮਤਿਹਾਨ।
ਦੁੱਖਾਂ ਵਿਚੋਂ ਸੁੱਖ-ਸੰਵੇਨਦਾਵਾਂ ਨੂੰ ਪ੍ਰਗਟਾਉਣਾ ਅਤੇ ਇਸ ਦੀ ਤਹਿ ਵਿਚ ਛੁਪੀਆਂ ਰਹਿਮਤਾਂ ਨੂੰ ਸਮਝਣ ਵਾਲਾ ਡਾ. ਉਪਲ ਕਿੰਨਾ ਖੂਬਸੂਰਤ ਖਿਆਲ ਪੇਸ਼ ਕਰਦਾ ਹੈ,
ਦੁੱਖਾਂ ਦੀ ਸਿੱਪ ਅੰਦਰ
ਮੋਤੀ ਜਿਹਾ ਉਹ ਕੀ ਸੀ,
ਪਲਕਾਂ `ਤੇ ਧਰ ਲਿਆ
ਮੈਂ ਇਕ ਅੱਥਰੂ ਬਣਾ ਕੇ।
ਅੱਥਰੂ ਤੋਂ ਮੋਤੀ ਤੀਕ ਦਾ ਸਫਰ ਤਾਂ ਹਰੇਕ ਕਰਦਾ, ਪਰ ਕੋਈ ਕੋਈ ਮੋਤੀ ਤੋਂ ਅੱਥਰੂ ਦੀ ਯਾਤਰਾ ਇੰਜ ਵੀ ਕਰਦਾ ਹੈ।
ਅਜੋਕੇ ਸਮਿਆਂ ਵਿਚ ਹਨੇਰ ਨਾਲ ਭਰੇ ਰਾਹਾਂ ਅਤੇ ਧੁੰਧਲਕਿਆਂ ਵਿਚ ਗਵਾਚੀਆਂ ਮੰਜਿ਼ਲਾਂ ਦੀ ਤਲਾਸ਼ ਵਿਚ ਸਦਾ ਵਿਅਸਤ ਰਹਿਣ ਵਾਲਾ ਡਾ. ਉੱਪਲ, ਕਲਮਾਂ ਦੀਆਂ ਕਾਤਰਾਂ ਬੀਜਣ ਦਾ ਸੁਗਮ ਸੁਨੇਹਾ ਦਿੰਦਾ ਹੈ ਤਾਂ ਕਿ ਇਨ੍ਹਾਂ ਵਿਚੋਂ ਜਗਦੇ ਅਰਥਾਂ ਦੇ ਦੀਵੇ ਚਾਨਣ ਦਾ ਵਣਜ ਕਰਨ। ਕਿਸੇ ਦੀਆਂ ਪੈੜਾਂ ਵੀ ਰੁਸ਼ਨਾਉਣ ਅਤੇ ਰਾਹੇ ਪਾਉਣ ਦਾ ਕਰਮ ਵੀ ਕਮਾਉਣ, ਤਾਂ ਹੀ ਉਹ ਦੀਵਾ ਬਾਲਣ ਦਾ ਹੋਕਰਾ ਦਿੰਦਾ ਹੈ,
ਅੰਨੀਆਂ ਨਾ ਹੋ ਜਾਵਣ
ਰਾਹਵਾਂ ਸਾਰੀਆਂ ਕਿਧਰੇ,
ਖੌਫਨਾਕ ਨ੍ਹੇਰੇ ਵਿਚ
ਦੀਵਾ ਬਾਲ ਰੱਖੀਂ ਤੂੰ।
ਧੁੱਪ ਦੀਆਂ ਕਣੀਆਂ ਨੂੰ ਫੜਨਾ ਅਤੇ ਇਨ੍ਹਾਂ ਨੂੰ ਮਸਤਕ ਵਿਚ ਧਰਨ ਦੀ ਚਾਹਨਾ ਤਾਂ ਹਰੇਕ ਦੇ ਮਨ ਵਿਚ ਪਨਪਦੀ ਹੈ ਤਾਂ ਹੀ ਉਹ ਲਿਖਦਾ ਹੈ,
ਧੁੱਪ ਦੀ ਕਾਤਰ ਨੂੰ ਫੜ ਕੇ
ਭੱਜਦਾ ਹੈ ਥਾਂ ਕੁਥਾਂ,
ਕੱਲ ਦਾ ਬੱਚਾ ਵੀ ਹੁਣ
ਵੇਖੋ ਸਿਆਣਾ ਹੋ ਗਿਆ।
ਕਿਉਂਕਿ ਧੁੱਪ ਨਾਲ ਹੀ ਜੀਵਨ ਧੜਕਦਾ ਅਤੇ ਸਾਹਾਂ ਨੂੰ ਰਵਾਨਗੀ ਮਿਲਦੀ ਹੈ।
ਉਸ ਦੀਆਂ ਗਜ਼ਲਾਂ ਵਿਚ ਅਜੋਕੇ ਰਾਜ-ਪ੍ਰਬੰਧ ਪ੍ਰਤੀ ਵਿਦਰੋਹ ਦੀ ਸੁਰ ਬਹੁਤ ਸਾਰੀਆਂ ਗਜ਼ਲਾਂ ਵਿਚ ਝਲਕਦੀ ਹੈ। ਉਹ ਚੌਰਾਹੇ ਵਿਚ ਖੜ੍ਹ ਕੇ ਲਲਕਾਰਦਾ ਹੈ ਕਿ ਜਾਗਦੀ ਜ਼ਮੀਰ ਵਾਲੀ ਕਵਿਤਾ ਕਦੇ ਨਹੀਂ ਵਿੱਕਦੀ, ਨਾ ਹੀ ਝੁਕਦੀ, ਨਾ ਹੀ ਸਮਝੌਤਾ ਕਰਦੀ ਅਤੇ ਨਾ ਹੀ ਲੱਕੜੀ ਦੇ ਮੋਰ ਜਾਂ ਚਾਂਦੀ ਦੀ ਤਸ਼ਤਰੀ ਸਾਹਵਂੇ ਨਤਮਸਤਕ ਹੁੰਦੀ। ਸੁੱਚੀ ਕਵਿਤਾ ਨੂੰ ਸਿਰ ਉਚਾ ਕਰਕੇ ਜਿਊਣ ਦਾ ਅੰਦਾਜ਼ ਆਉਂਦਾ ਹੈ। ਟੁੱਕ ਬਦਲੇ ਵਿਕਣ ਵਾਲੀ ਕਵਿਤਾ ਸਿਰਫ ਅਕਵਿਤਾ, ਜੋ ਕਵਿਤਾ ਤੋਂ ਮੁਨਕਰੀ ਅਤੇ ਖੁਦ ਤੋਂ ਭਾਂਜਵਾਦ। ਉਸ ਦੇ ਸ਼ਬਦ ਕੂਕਦੇ,
ਕਵਿਤਾ ਨਾ ਝੁਕੀ ਅੱਜ ਤੱਕ
ਤਖਤਾਂ ਤੋਂ ਨਾ ਤਾਜਾਂ ਤੋਂ,
ਇਕ ਰੋਟੀ ਦੇ ਟੁੱਕ ਅੱਗੇ
ਜੋ ਹਾਰ ਗਈ ਕੀ ਹੈ।
ਅਤੇ ਉਹ ਇਹ ਵੀ ਜਾਣਦਾ ਹੈ ਕਿ ਕਲਮ ਦੀ ਤਾਕਤ ਸਾਹਵੇਂ ਝੁਕ ਜਾਂਦੀਆਂ ਨੇ ਬਾਦਸ਼ਾਹੀਆਂ, ਡੋਲ ਜਾਂਦੇ ਨੇ ਤਖਤ ਅਤੇ ਢਹਿ-ਢੇਰੀ ਹੋ ਜਾਂਦੇ ਨੇ ਮਹਿਲ-ਮੁਨਾਰੇ। ਕਵਿਤਾ ਹੀ ਜੋਸ਼, ਜਨੂਨ ਅਤੇ ਜਜ਼ਬਾਤ ਦੀ ਤਰਜਮਾਨੀ ਰਾਹੀਂ ਜੰਜ਼ੀਰਾਂ ਤੋਂ ਰੁਖਸਤਗੀ ਦਿਵਾਉਂਦੀ। ਬੰਦੇ ਨੂੰ ਉਸ ਦੀ ਸਮਰੱਥਾ, ਸੁਪਨੇ ਅਤੇ ਸ਼ਕਤੀ ਦਾ ਅਹਿਸਾਸ ਕਰਵਾਉਂਦੀ। ਉਸ ਦਾ ਸ਼ੇਅਰ ਹੈ,
ਹਵਾ ਜਦ ਰੁੱਖ ਬਦਲਦੀ ਹੈ
ਸਿੰਘਾਸਨ ਡੋਲ ਜਾਂਦੇ ਨੇ,
ਮੁਨਾਰੇ ਤੇ ਮਹਿਲ ਜਿੰਨੇ ਨੇ
ਸਾਰੇ ਥਰਥਰਾਂਦੇ ਨੇ।
ਪਰ ਉਸ ਨੂੰ ਦੁੱਖ ਹੈ ਕਿ ਉਸ ਦੇ ਦੌਰ ਦਾ ਹਰ ਵਿਅਕਤੀ ਹੀ ਅੰਨਾ, ਬੋਲਾ ਜਾਂ ਗੁੰਗਾ ਹੋ ਕੇ ਆਪਣੀ ਤ੍ਰਾਸਦੀ ਦਾ ਖੁਦ ਜਿ਼ੰਮੇਵਾਰ ਹੈ। ਉਸ ਨੂੰ ਜਗਾਉਣ ਲਈ ਜਰੂਰੀ ਹੈ ਕਿ ਹਨੇਰਿਆਂ ਦੀਆਂ ਦੀਵਾਰਾਂ ਅਤੇ ਕਾਲ-ਕੋਠੜੀਆਂ ਤੇ ਰੌਸ਼ਨੀ ਦੇ ਦਸਤਾਵੇਜ਼ ਲਿਖੇ ਜਾਣ ਤਾਂ ਕਿ ਚਾਨਣ-ਝੀਤਾਂ ਨਾਲ ਮਨੁੱਖ ਜਾਗੇ ਅਤੇ ਉਸ ਨੂੰ ਆਪਣੀ ਹੀਣਤਾ ਵਿਚੋਂ ਉਭਰਨ ਦਾ ਹੱਠ ਤੇ ਹੌਂਸਲਾ ਮਿਲੇ। ਉਸ ਦੀ ਜ਼ੁਬਾਨੀ,
ਮੇਰੇ ਅੱਜ ਦੇ ਦੌਰ ਦਾ ਹਰ ਇਕ ਬੰਦਾ ਹੀ,
ਅੰਨਾ ਹੈ ਜਾਂ ਬੋਲਾ ਹੈ ਜਾਂ ਗੁੰਗਾ ਹੈ।
ਜਾਂ
ਕੌਣ ਸੀ ਜੋ ਰੌਸ਼ਨੀ ਦੀ ਦਾਸਤਾਂ,
ਨੇਰਿਆਂ ਦੀ ਕੰਧ `ਤੇ ਲਿਖਦਾ ਰਿਹਾ।
ਡਾ. ਉੱਪਲ ਨੇ ਮਨੁੱਖੀ ਕਿਰਦਾਰ ਦੇ ਦੋਗਲੇਪਣ `ਤੇ ਝਾਤ, ਉਸ ਦੇ ਅੰਤਰੀਵ ਨੂੰ ਬਾਖੂਬੀ ਪੜ੍ਹਿਆ ਹੈ। ਉਸ ਨੇ ਦੇਖਿਆ ਹੈ, ਸੂਰਜ ਦਾ ਮਖੌਟਾ ਪਹਿਨਣ ਵਾਲੇ ਦਰਅਸਲ ਸੂਰਜਾਂ ਦੇ ਕਾਤਲ ਹੁੰਦੇ। ਉਨ੍ਹਾਂ ਦੇ ਮਸਤਕ ਵਿਚ ਸੂਰਜ ਦੇ ਅਸਤ ਹੋਣ ਤੇ ਜਸ਼ਨ ਦਾ ਮਾਹੌਲ ਪਨਪਦਾ। ਹਨੇਰਿਆਂ ਦੀ ਆੜ ਵਿਚ ਕਮੀਨਗੀਆਂ ਅਤੇ ਕੁਕਰਮਾਂ ਦਾ ਕਹਿਰ ਕਮਾਉਂਦੇ। ਉਸ ਦਾ ਸ਼ੇਅਰ ਹੈ,
ਸੂਰਜ ਦੀ ਜੋ ਦਾਅਵੇਦਾਰੀ ਕਰਦਾ ਸੀ,
ਉਹੋ ਸੂਰਜ ਦੇ ਡੁੱਬਣ ‘ਤੇ ਹੱਸਦਾ ਹੈ।
ਜਾਂ
ਲੋਕੀਂ ਵਿੱਕ ਜਾਂਦੇ ਨੇ ਮਾਰੇ ਭੁੱਖਾਂ ਦੇ
ਸੌਦੇ ਹੋ ਜਾਂਦੇ ਨੇ ਇਥੇ ਕੁੱਖਾਂ ਦੇ।
ਡਾ. ਉੱਪਲ ਦਾ ਮੰਨਣਾ ਹੈ ਕਿ ਟੁੱਕ ਦੀ ਖਾਤਰ ਵਿਕਦੇ ਜਿਸਮਾਂ ਅਤੇ ਕੁੱਖਾਂ ਨੂੰ ਨਿਲਾਮ ਕਰਨ ਵਾਲੇ ਲੋਕਾਂ ਲਈ ਜਰੂਰੀ ਹੈ ਕਿ ਉਹ ਆਪਣੇ ਫਰਜਾਂ ਦੀ ਸੂਲੀ ਨੂੰ ਆਪਣੇ ਮੋਢੇ `ਤੇ ਚੁੱਕਣ। ਇਸ ਨੂੰ ਆਪਣੀ ਅਜ਼ਮਤ ਅਤੇ ਅਦਬ ਦਾ ਐਲਾਨਨਾਮਾ ਬਣਾ, ਜਿ਼ਕਰਯੋਗ ਸਮਾਜਿਕ ਤਬਦੀਲੀ ਦਾ ਮੁੱਢ ਬੰਨ੍ਹਣ। ਸੁੱਤੇ ਸਮਾਜ ਦੀ ਬੀਹੀ ਵਿਚ ਉਸ ਦੇ ਸ਼ਬਦ ਹੋਕਾ ਲਾਉਂਦੇ,
ਆਪਣੇ ਫਰਜਾਂ ਦੀ ਸੂਲੀ ਨੂੰ
ਆਪਣੇ ਹੀ ਮੋਢੇ ਧਰਨਾ ਹੈ।
ਡਾ. ਉੱਪਲ ਦੀ ਸੂਖਮਤਾ, ਸਹਿਜ ਅਤੇ ਨਿਰਮਾਣਤਾ ਦੇ ਦਰਸ਼-ਦੀਦਾਰੇ ਕਰਨੇ ਹੋਣ ਤਾਂ ਹੇਠਲਾ ਸ਼ੇਅਰ ਇਸ ਦਾ ਪ੍ਰਤੱਖ ਪ੍ਰਮਾਣ ਹੈ,
ਨੀਵੇਂ ਘਰ ਨੂੰ ਨਾ ਕੋਈ ਡਰ ਹੈ
ਨਾ ਭੈ ਹੈ ਸ਼ਸ਼ੀ,
ਉਚੇ ਘਰ ਨੂੰ ਸਦਾ
ਭੁਚਾਲ ਤੋਂ ਡਰ ਆਉਂਦਾ ਹੈ।
ਉਹ ਆਪਣੀ ਔਕਾਤ ਅਤੇ ਮੂਲ ਨੂੰ ਪਛਾਣਦਾ ਤੇ ਸਮਝਦਾ, ਤਾਂ ਹੀ ਉਹ ਆਪਣੇ ਨੀਵੇਂ ਕੱਦ ਨੂੰ ਕਿਸੇ ਦੇ ਬਰਾਬਰ ਨਹੀਂ ਮੇਚਦਾ ਅਤੇ ਨਿਮਰ ਰਹਿ ਕੇ ਜੀਵਨ ਦੀ ਸਧਾਰਨਤਾ, ਸਾਰਥਿਕਤਾ ਤੇ ਸੰਜੀਦਗੀ ਨੂੰ ਸਮਰਪਿਤਾ ਰਹਿੰਦਾ ਹੈ,
ਸੋਚਦਾ ਹਾਂ ਕਿਤੇ ਔਕਾਤ ਤੋਂ
ਬਾਹਰ ਤਾਂ ਨਹੀਂ,
ਇਹ ਮੇਰਾ ਕਦ ਕਿਤੇ
ਤੇਰੇ ਬਰਾਬਰ ਤਾਂ ਨਹੀਂ।
ਡਾ. ਉੱਪਲ ਦੀ ਗਜ਼ਲ ਦਾ ਇਕ ਰੰਗ, ਜੋ ਬਹੁਤ ਉਘੜਵਾਂ ਹੈ, ਉਹ ਹੈ ਖੁਦ ਦੀ ਜਾਮਾ-ਤਲਾਸ਼ੀ, ਖੁਦ ਦੇ ਰੂਬਰੂ ਹੋਣਾ, ਬਾਹਰਲੇ ਜੰਗਲ ਤੋਂ ਅੰਦਰ ਦੇ ਜੰਗਲ ਦੀ ਯਾਤਰਾ, ਅੰਦਰ ‘ਚ ਉਗੇ ਜੰਗਲ ਵਿਚ ਗਵਾਚਣਾ ਅਤੇ ਆਪਣੇ ਅੰਤਰੀਵ ਨੂੰ ਮੁਖਾਤਬ ਹੋਣਾ। ਉਹ ਇਸ ਜੰਗਲ ਵਿਚੋਂ ਰੌਸ਼ਨ-ਰਾਹ ਤਲਾਸ਼ ਵਿਚ ਜੁੱਟਿਆ ਹੋਇਆ ਹੈ ਅਤੇ ਇਹ ਸਾਧਨਾ ਨਿਰੰਤਰ ਜਾਰੀ ਹੈ,
ਜੰਗਲ ‘ਚ ਜਾ ਕੇ ਮੈਂ ਵੀ
ਕੱਟੀ ਹੈ ਰਾਤ ਅਕਸਰ,
ਜੰਗਲ ਨੇ ਮੇਰੇ ਵਿਚ ਵੀ
ਅਕਸਰ ਹੈ ਰਾਤ ਕੱਟੀ।
ਬੰਦੇ ਦੀ ਕੇਹੀ ਮਾਨਸਿਕਤਾ ਕਿ ਉਹ ਆਪਣੇ ਹੀ ਪਰਛਾਂਵੇਂ ਵਿਚ ਅੜ ਕੇ ਡਿੱਗ ਰਿਹਾ ਹੈ। ਭਲਾ ਖੁਦ ਦੇ ਪਰਛਾਂਵੇਂ ਵਿਚ ਅੱੜ ਕੇ ਡਿੱਗੇ ਨੂੰ ਕੌਣ ਉਠਾਵੇ, ਕਿਹੜਾ ਉਸ ਦੀਆਂ ਸੱਟਾਂ ਨੂੰ ਸਹਿਲਾਵੇ ਅਤੇ ਫਿਰ ਮਾਰਗ-ਦਰਸ਼ਨ ਦੀ ਡੰਗੋਰੀ ਥੰਮਾਵੇ; ਤਾਂ ਹੀ ਉਹ ਤੜਫਦਾ ਹੈ,
ਕੌਣ ਹੈ ਜੋ ਡਿੱਗ ਪਿਆ ਹੈ
ਆਪਣੇ ਪਰਛਾਂਵੇਂ ਵਿਚ ਅੜ ਕੇ।
ਉਮਰ ਦੇ ਢਲਦੇ ਪਰਛਾਂਵਿਆਂ ਵਿਚ ਉਹ ਬੁੱਲ੍ਹੇ ਸ਼ਾਹ ਵਾਂਗ ਅੰਤਰਮਨ ਦੇ ਪੈਰਾਂ ਵਿਚ ਘੁੰਗਰੂ ਬੰਨ੍ਹ, ਫੱਕਰਤਾ ਤੇ ਅਲਮਸਤੀ ਦਾ ਆਲਮ ਹੰਢਾਉਣਾ ਲੋਚਦਾ ਤਾਂ ਕਿ ਜੀਵਨ ਦੇ ਅਨਾਦੀ ਰੰਗ ਨੂੰ ਵੀ ਮਾਣਿਆ ਜਾਵੇ, ਜਿਸ ਨਾਲ ਖੁਦ ਤੋਂ ਖੁਦਾਈ ਦੇ ਸਫਰ ਦੀ ਪੂਰਨਤਾ ਹੋਵੇ,
ਓ ਅੰਤਰਮਨ ਬੁੱਲ੍ਹੇ ਸ਼ਾਹ,
ਪੈਰਾਂ ਦੇ ਵਿਚ ਝਾਂਜਰ ਪਾ।
ਡਾ. ਉੱਪਲ ਦਾ ਸਮੁੱਚਾ ਗਜ਼ਲ ਸੰਗ੍ਰਹਿ ਬਾਹਰ ਤੋਂ ਅੰਦਰ ਦੀ ਯਾਤਰਾ ਵਿਚੋਂ ਉਗਮਿਆ ਉਹ ਆਵੇਸ਼ ਹੈ, ਜੋ ਅੰਦਰ ਤੋਂ ਬਾਹਰ ਦੇ ਸਫਰ `ਤੇ ਤੁਰਿਆ ਹੈ। ਸੁਹਜ, ਸੰਗੀਤ ਅਤੇ ਸਹਿਜ ਸਿਰਜਦਾ, ਜਿੰ਼ਦਗੀ ਦੇ ਮੁਖੜੇ ਤੇ ਸੂਰਜੀ ਭਾਅ ਖਲੇਰਨ ਲਈ ਯਤਨਸ਼ੀਲ ਹੈ। ਉਸ ਦੇ ਗਜ਼ਲ ਸੰਗ੍ਰਹਿ ਦਾ ਸੁਆਗਤ ਕਰਦਿਆਂ, ਆਸ ਹੈ ਕਿ ਉਹ ਭਵਿੱਖ ਵਿਚ ਆਪਣੇ ਕਾਵਿ-ਸਫਰ ਨੂੰ ਹੋਰ ਉਚੇਰੀਆਂ ਬੁਲੰਦੀਆਂ `ਤੇ ਲੈ ਕੇ ਜਾਣਗੇ।