ਚੰਡੀਗੜ੍ਹ: ਪੰਜਾਬ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਦੌਰਾਨ ਹਿੰਦੂਆਂ ਦੀ ਭਰਤੀ ‘ਤੇ ਖਾਸ ਧਿਆਨ ਦਿੱਤਾ ਗਿਆ ਹੈ। ਪਾਰਟੀ ਆਗੂਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਸ਼ੇਸ਼ ਤੌਰ ‘ਤੇ ਹਦਾਇਤਾਂ ਸਨ ਕਿ ਪਾਰਟੀ ਦਾ ਸ਼ਹਿਰੀ ਖੇਤਰਾਂ ਵਿਚ ਅਧਾਰ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਗੈਰ ਸਿੱਖਾਂ ਦੀ ਭਰਤੀ ਕੀਤੀ ਜਾਵੇ। ਦਲ ਦੇ ਆਗੂਆਂ ਨੇ ਸ਼ਹਿਰਾਂ ਵਿਚ ਹਿੰਦੂ ਵਰਗ ਦੇ ਲੋਕਾਂ ਨੂੰ ਹੀ ਭਰਤੀ ਦਾ ਕੰਮ ਸੌਂਪਿਆ ਹੋਇਆ ਸੀ।
ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਹ ਵੀ ਹਦਾਇਤਾਂ ਸਨ ਕਿ ਮਾੜੇ ਕਿਰਦਾਰ ਵਾਲੇ ਵਿਅਕਤੀਆਂ ਦਾ ਭਰਤੀ ਸਮੇਂ ਖਾਸ ਧਿਆਨ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਵਿਚ ਵਾਪਰੀਆਂ ਕਈ ਹਿੰਸਕ ਘਟਨਾਵਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਈ ਜਿਸ ਕਾਰਨ ਪਾਰਟੀ ਨੂੰ ਭਾਰੀ ਨਮੋਸ਼ੀ ਝੱਲਣੀ ਪਈ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਪਾਰਟੀ ਨੇ ਹੁਣ ਜਥੇਬੰਦਕ ਚੋਣਾਂ ਦਾ ਐਲਾਨ ਵੀ ਕਰ ਦਿੱਤਾ ਹੈ। ਪਾਰਟੀ ਵੱਲੋਂ ਮੈਂਬਰ ਭਰਤੀ ਫੀਸ 10 ਰੁਪਏ ਰੱਖੀ ਗਈ ਹੈ। ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਭਰਤੀ ਬਾਰੇ ਅਸਲੀ ਤੱਥ ਸਾਹਮਣੇ ਆਉਣ ਨੂੰ ਅਜੇ ਕੁਝ ਦਿਨ ਲੱਗ ਜਾਣਗੇ ਕਿਉਂਕਿ ਜ਼ਿਲ੍ਹਿਆਂ ਤੋਂ ਪੂਰੀ ਜਾਣਕਾਰੀ ਅਜੇ ਤੱਕ ਸੂਬਾ ਪੱਧਰ ‘ਤੇ ਪਹੁੰਚੀ ਨਹੀਂ ਹੈ। ਉਂਜ ਉਨ੍ਹਾਂ ਦੱਸਿਆ ਕਿ ਮੈਂਬਰਾਂ ਦੀ ਗਿਣਤੀ 10 ਲੱਖ ਤੋਂ ਵੀ ਪਾਰ ਜਾਣ ਦੀ ਉਮੀਦ ਹੈ। ਹੇਠਲੇ ਪੱਧਰ ਤੋਂ ਮਿਲੀ ਜਾਣਕਾਰੀ ਮੁਤਾਬਕ ਜਥੇਦਾਰਾਂ ਵੱਲੋਂ ਆਪਣੇ ਘਰਾਂ ਵਿਚ ਬੈਠ ਕੇ ਹੀ ਭਰਤੀ ਕਰਨ ਦਾ ਗਲ ਪਿਆ ਢੋਲ ਵਜਾਇਆ ਜਾ ਰਿਹਾ ਹੈ। ਭਰਤੀ ਲਈ ਮੈਂਬਰਸ਼ਿਪ ਫੀਸ ਮੈਂਬਰਾਂ ਦੀ ਥਾਂ ਜਥੇਦਾਰਾਂ ਨੂੰ ਹੀ ਅਦਾ ਕਰਨੀ ਪੈ ਰਹੀ ਹੈ। ਇਸ ਤਰ੍ਹਾਂ ਨਾਲ ਭਰਤੀ ਤੋਂ ਇਕੱਤਰ ਹੋਣ ਵਾਲੇ ਕਰੋੜਾਂ ਰੁਪਏ ਜਥੇਦਾਰਾਂ ਦੀਆਂ ਜੇਬਾਂ ਵਿਚੋਂ ਹੀ ਆਉਣਗੇ। ਭਾਰਤ ਦੇ ਚੋਣ ਕਮਿਸ਼ਨ ਨੇ ਮਾਨਤਾ ਪ੍ਰਾਪਤ ਪਾਰਟੀਆਂ ਵਿਚਲੀ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਜਥੇਬੰਦਕ ਚੋਣਾਂ ਦੀ ਸ਼ਰਤ ਲਾਈ ਸੀ। ਇਹ ਵੀ ਦੇਖਿਆ ਗਿਆ ਹੈ ਕਿ ਚੋਣ ਕਮਿਸ਼ਨ ਦੀ ਸ਼ਰਤ ਪੂਰੀ ਕਰਨ ਲਈ ਰਾਜਨੀਤਕ ਪਾਰਟੀਆਂ ਵੱਲੋਂ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ। ਕਾਂਗਰਸ ਵੱਲੋਂ ਵੀ ਦੋ ਕੁ ਸਾਲ ਪਹਿਲਾਂ ਜਥੇਬੰਦਕ ਚੋਣਾਂ ਕਰਾਈਆਂ ਗਈਆਂ ਸਨ। ਪਾਰਟੀ ਦੀਆਂ ਸੂਬਾ ਕਮੇਟੀਆਂ ਨੇ ਪ੍ਰਧਾਨ ਚੁਣਨ ਦੀ ਥਾਂ ਪ੍ਰਧਾਨ ਚੁਣਨ ਦੇ ਅਧਿਕਾਰ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਹੀ ਦੇ ਦਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਵਿਚ ਵੀ ਪ੍ਰਧਾਨਗੀ ਦਾ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਾ ਮੰਨਿਆ ਜਾ ਰਿਹਾ ਹੈ।
______________________________________
ਜਥੇਬੰਦਕ ਚੋਣਾਂ ਦਾ ਕੰਮ ਵਿੱਢਿਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦਾ ਨਵਾਂ ਜਥੇਬੰਦਕ ਢਾਂਚਾ ਉਸਾਰਨ ਲਈ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਥੇਬੰਦਕ ਚੋਣਾਂ ਦੀ ਇਹ ਪ੍ਰਕ੍ਰਿਆ ਪਹਿਲੀ ਅਗਸਤ ਤੋਂ ਸ਼ੁਰੂ ਹੋ ਜਾਵੇਗੀ ਤੇ 10 ਅਗਸਤ ਤੱਕ ਵੱਖ-ਵੱਖ ਸਰਕਲਾਂ, ਜ਼ਿਲ੍ਹਿਆਂ ਤੇ ਸੂਬਾ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ।
ਪਾਰਟੀ ਸੂਤਰਾਂ ਅਨੁਸਾਰ 30 ਅਗਸਤ ਨੂੰ ਜਨਰਲ ਡੈਲੀਗੇਟ ਇਜਲਾਸ ਹੋਵੇਗਾ ਜਿਸ ਵਿਚ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਪਿਛਲੀ ਵਾਰੀ ਇਹ ਚੋਣ 31 ਜਨਵਰੀ, 2008 ਨੂੰ ਹੋਈ ਸੀ ਜਿਸ ਵਿਚ ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਸਨ। ਮੌਜੂਦਾ ਚੋਣਾਂ ਵਾਸਤੇ ਭਰਤੀ ਪ੍ਰਕ੍ਰਿਆ 25 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ ਤੇ ਉਸ ਨੂੰ ਮੁਕੰਮਲ ਕਰਨ ਤੋਂ ਬਾਅਦ ਅਗਲੀ ਚੋਣ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।
ਸਰਕਲ ਤੇ ਜ਼ਿਲ੍ਹਿਆਂ ਦੀਆਂ ਚੋਣਾਂ ਲਈ ਪਾਰਟੀ ਵੱਲੋਂ ਪਹਿਲਾਂ ਤੋਂ ਨਿਰਧਾਰਤ ਅਬਜ਼ਰਵਰ ਚੋਣ ਨਿਗਰਾਨਾਂ ਦਾ ਕੰਮ ਕਰਨਗੇ ਤੇ ਸਰਕਲਾਂ, ਜ਼ਿਲ੍ਹਿਆਂ ਤੇ ਸੂਬਾ ਡੈਲੀਗੇਟਾਂ ਦੀ ਚੋਣ ਕਰਵਾ ਕੇ ਤੇ ਸੂਚੀਆਂ ਮੁਕੰਮਲ ਕਰਕੇ 14 ਅਗਸਤ ਤੱਕ ਪਾਰਟੀ ਦੇ ਮੁੱਖ ਦਫ਼ਤਰ ਨੂੰ ਸੌਂਪ ਦੇਣਗੇ। ਇਸ ਤੋਂ ਬਾਅਦ 30 ਅਗਸਤ ਨੂੰ ਪਾਰਟੀ ਦਾ ਜਨਰਲ ਡੈਲੀਗੇਟ ਇਜਲਾਸ ਬੁਲਾਇਆ ਗਿਆ ਹੈ ਜਿਸ ਵਿਚ ਪਾਰਟੀ ਪ੍ਰਧਾਨ ਤੇ ਹੋਰ ਜਥੇਬੰਦਕ ਢਾਂਚੇ ਦੀ ਚੋਣ ਕੀਤੀ ਜਾਵੇਗੀ।
ਪਾਰਟੀ ਸੂਤਰਾਂ ਅਨੁਸਾਰ ਪਾਰਟੀ ਦੇ ਵਿਧਾਨ ਮੁਤਾਬਕ 100 ਮੈਂਬਰਾਂ ਦੀ ਭਰਤੀ ਪਿੱਛੇ ਇਕ ਸਰਕਲ ਡੈਲੀਗੇਟ ਚੁਣਿਆ ਜਾਂਦਾ ਹੈ ਤੇ 25 ਸਰਕਲ ਡੈਲੀਗੇਟ ਰਲ ਕੇ ਜ਼ਿਲ੍ਹਾ ਡੈਲੀਗੇਟ ਦੀ ਚੋਣ ਕਰਦੇ ਹਨ।
ਸੂਬਾ ਡੈਲੀਗੇਟਾਂ ਦੀ ਚੋਣ ਜ਼ਿਲ੍ਹਾ ਡੈਲੀਗੇਟਾਂ ਰਾਹੀਂ ਕੀਤੀ ਜਾਂਦੀ ਹੈ ਤੇ ਹਰ ਜ਼ਿਲ੍ਹੇ ਦੇ ਸੂਬਾ ਡੈਲੀਗੇਟਾਂ ਦੀ ਗਿਣਤੀ ਪਹਿਲਾਂ ਤੋਂ ਹੀ ਨਿਰਧਾਰਤ ਹੈ। ਕੁੱਲ ਸੂਬਾ ਡੈਲੀਗੇਟਾਂ ਦੀ ਗਿਣਤੀ 445 ਹੈ। ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਰਾਜਸਥਾਨ, ਉਤਰ ਪ੍ਰਦੇਸ਼, ਉਤਰਾਂਚਲ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚੋਂ ਵੀ ਪਾਰਟੀ ਦੀ ਭਰਤੀ ਕੀਤੀ ਜਾਂਦੀ ਹੈ। ਇਨ੍ਹਾਂ ਸੂਬਿਆਂ ਤੋਂ ਇਲਾਵਾ ਬਾਹਰਲੇ ਦੇਸ਼ਾਂ ਵਿਚੋਂ ਵੀ ਡੈਲੀਗੇਟ ਸ਼ਾਮਲ ਕੀਤੇ ਜਾਂਦੇ ਹਨ।
Leave a Reply