ਸੰਗੀਤ ਦੇ ਜੈਕਾਰਿਆਂ ਦੀ ਗੂੰਜ ਵਿਚ

ਐਸ਼ ਅਸ਼ੋਕ ਭੌਰਾ
ਮਿਹਨਤੀ ਤੇ ਇਮਾਨਦਾਰ ਲੋਕਾਂ ਨੇ ਅੱਜ ਤੱਕ ਜੋਤਸ਼ੀਆਂ ਅੱਗੇ ਹੱਥ ਨਹੀਂ ਕੱਢਿਆ, ਵਿਹਲੜ ਅਤੇ ਨਿਕੰਮੇ ਲੋਕ ਹੀ ਪੱਤਰੀਆਂ ‘ਚੋਂ ਮੁਕੱਦਰ ਲੱਭਣ ਵਿਚ ਲੱਗੇ ਰਹੇ ਹਨ। ਜੇ ਸਾਡਾ ਇਹ ਵਿਸ਼ਵਾਸ ਹੈ ਕਿ ਉਪਰ ਵਾਲਾ ਸਭ ਕੁਝ ਦੇਖ ਰਿਹਾ ਹੈ, ਮਤਲਬ ਉਹਦੀ ਕਦੇ ਅੱਖ ਨਹੀਂ ਲਗਦੀ, ਫਿਰ ਇਸ ਗੱਲ ਵਿਚ ਵੀ ਸ਼ੱਕ ਨਹੀਂ ਜਾਂਦੀ ਕਿ ਉਹ ਪੰਜ ਤੱਤ ਦਾ ਪੁਤਲਾ ਨਹੀਂ ਹੋਵੇਗਾ, ਪਰ ਇਹ ਗਲਤੀ ਅਸੀਂ ਫਿਰ ਵੀ ਪਤਾ ਨਹੀਂ ਕਿਉਂ ਕਰ ਰਹੇ ਹਾਂ ਕਿ ਬੰਦੇ ਸਾਨੂੰ ਭਗਵਾਨ ਲੱਗਣ ਲੱਗ ਪੈਂਦੇ ਹਨ। ਸੰਗੀਤ ਉਹ ਕਲਾ-ਸ਼ਿੰਗਾਰ ਹੈ ਜੋ ਹਸਤੀ ਤਾਂ ਮਿਟਾ ਦਿੰਦਾ ਹੈ ਪਰ ਸ਼ਖ਼ਸੀਅਤ ਉਸਾਰਦਾ ਹੈ। ਲਤਾ ਨੂੰ ਪਿਆਰ ਕਰਨ ਵਾਲਿਆਂ ਨੇ ਕਦੇ ਉਹਦੇ ਚਿਹਰੇ ਦਾ ਚੇਤਾ ਹੀ ਨਹੀਂ ਰੱਖਿਆ। ਅਸਲ ਵਿਚ ਸੰਗੀਤ ਅੰਦਰ ਇਨਕਲਾਬ ਲਿਆਉਣ ਦੀ ਸਮਰੱਥਾ ਨਾ ਵੀ ਹੋਵੇ, ਪਰਿਵਰਤਨ ਲਿਆਉਣ ਦੀ ਹਿੰਮਤ ਜ਼ਰੂਰ ਹੁੰਦੀ ਹੈ। ਅਨੇਕਾਂ ਅਜਿਹੀਆਂ ਉਦਾਹਰਣਾਂ ਹਨ ਕਿ ਧੁਨਾਂ ਨੇ ਬੰਦੇ ਦੀਆਂ ਆਦਤਾਂ ਤੇ ਸੁਭਾਅ ਬਦਲਿਆ ਹੈ।
ਜਦੋਂ ਖੰਭੇ ਖਿੱਚੇ ਜਾ ਰਹੇ ਹੋਣ ਤਾਂ ਪੱਕੀ ਗੱਲ ਹੁੰਦੀ ਹੈ ਕਿ ਬਿਜਲੀ ਨਵੀਆਂ ਥਾਂਵਾਂ ‘ਤੇ ਰੋਸ਼ਨੀ ਕਰਨ ਚੱਲੀ ਹੈ, ਤੇ ਜਦੋਂ ਗਲੀਆਂ-ਸੜਕਾਂ ਦੀ ਪੁੱਟ-ਪਟਾਈ ਹੋ ਰਹੀ ਹੋਵੇ ਤਾਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਕੰਮ ਜਾਂ ਤਾਂ ਸੀਵਰੇਜ ਦਾ ਚੱਲੇਗਾ ਜਾਂ ਵਾਟਰ ਸਪਲਾਈ ਲਈ ਪਾਈਪ ਲਾਈਨ ਪਵੇਗੀ ਤੇ ਜਾਂ ਫਿਰ ਟੈਲੀਫੋਨ ਦੀਆਂ ਤਾਰਾਂ ਪੈਣਗੀਆਂ। ਪੱਕੀ ਗੱਲ ਹੈ ਕਿ ਹਾਲਾਤ ਬੰਦੇ ਨੂੰ ਆਪਣੇ ਵੱਲ ਖਿੱਚ ਰਹੇ ਹੁੰਦੇ ਹਨ। ਜਦੋਂ ਪਹਿਲੀ ਸਰਦਲ ਲੰਘ ਕੇ ਮੈਂ ਗਾਇਕੀ ਦੇ ਆਂਗਣ ਵਿਚ ਪ੍ਰਵੇਸ਼ ਹੋਇਆ ਤਾਂ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ, ਜਿਵੇਂ ਪੰਜਾਬੀ ਪਾਕਿਸਤਾਨ ਕੋਲ ਹੁੰਦਿਆਂ ਵੀ ਉਹਦੀ ਭੰਡੀ ਕਰਨਗੇ ਪਰ ਅਮਰੀਕਾ, ਕੈਨੇਡਾ ਦੀਆਂ ਸਿਫਤਾਂ ਤੇ ਗੱਲਾਂ ਐਂ ਕਰਨਗੇ ਜਿਵੇਂ ਕੰਧ ਸਾਂਝੀ ਹੋਵੇ। ਕਈ ਵਾਰ ਲੱਗ ਨਹੀਂ ਰਿਹਾ ਹੁੰਦਾ ਕਿ ਨੱਕ ਫੀਨਾ ਹੋਵੇ, ਅੱਖਾਂ ਚੁੰਨ੍ਹੀਆਂ ਹੋਣ ਤਾਂ ਗੋਰਾ ਰੰਗ ਵੀ ਦੁਹਾਈ ਦੇ ਰਿਹਾ ਹੁੰਦਾ ਹੈ। ਮੇਰੀ ਤੌਬਾ!æææਤੇ ਜੇ ਫੀਚਰ ਖੁਬਸੂਰਤ ਹੋਣ ਤਾਂ ਰੰਗ ਨੂੰ ਮਾਰੋ ਗੋਲੀ, ਧਰਮਿੰਦਰ ਤੇ ਹੇਮਾ ਮਾਲਿਨੀ ਨਾਲ ਸਬੰਧਾਂ ‘ਤੇ ਵੀ ਸਮਾਜ ਹੱਥ ਸਿਰ ਤੋਂ ਉਪਰ ਚੁੱਕ ਕੇ ਹਿੱਸਾ ਪਾ ਰਿਹਾ ਹੁੰਦਾ ਹੈ।
ਸਿਆਣੇ ਕਹਿੰਦੇ ਨੇ ਕਿ ਉਹ ਅੱਗਾਂ ਲਾਉਣ ਦਾ ਯਤਨ ਨਾ ਕਰੋ ਜਿਨ੍ਹਾਂ ਨੂੰ ਬੁਝਾਉਣ ਦੀ ਤੁਹਾਡੇ ਕੋਲ ਸਮਰੱਥਾ ਨਾ ਹੋਵੇ, ਪਰ ਜੇ ਗੀਤ-ਸੰਗੀਤ ਨਾਲ ਮੁਹੱਬਤ ਦੀ ਗਲਵੱਕੜੀ ਹੈ ਤਾਂ ਬੁੱਢੇਵਾਰੇ ਵੀ ਦੀਵੇ ਦੀ ਲੋਅ ਨਾਲ ਸੂਈ ‘ਚ ਧਾਗਾ ਪਾਇਆ ਜਾ ਸਕਦਾ ਹੈ। ਗੀਤ ਜਦੋਂ ਅੰਦਰੋਂ ਜਾਗੇਗਾ ਤਾਂ ਬਾਹਰੋਂ ਗਿੱਧਾ ਪੈਣ ਦੀ ਸੰਭਾਵਨਾ ਬਣ ਜਾਵੇਗੀ। ਕੁਝ ਰੰਗੀਨ ਵਾਰਦਾਤਾਂ ਨੇ ਮੈਨੂੰ ਪੰਜਾਬੀ ਗਾਇਕੀ ਦੇ ਬੜਾ ਨੇੜੇ ਲੈ ਆਂਦਾ।
ਉਨ੍ਹਾਂ ਤੋਂ ਮੁਆਫੀ ਚਾਹਾਂਗਾ ਜਿਹੜੇ ਸਿਰਫ ਧਰਮ ਦੇ ਬੁਰਕੇ ਵਿਚ ਇਸ ਗੱਲ ਤੋਂ ਖਫ਼ਾ ਹੋ ਜਾਣਗੇ, ਪਰ ਹੈ ਬਿਲਕੁਲ ਸੱਚੀ ਗੱਲ। ਉਨ੍ਹਾਂ ਦਿਨਾਂ ਵਿਚ ਅਕਾਲੀ ਦਲ ਦੀ ਜਮਾਂਬੰਦੀ ਪੁਰਸ਼ਾਂ ਦੇ ਹੱਥ ਨਹੀਂ ਸੀ, ਮਹਾਂਪੁਰਸ਼ਾਂ ਕੋਲ ਸੀ। ਉਦੋਂ ਕਮਾਂਡ ਬਾਦਲਾਂ ਕੋਲ ਨਹੀਂ, ਸੰਤਾਂ ਕੋਲ ਸੀ; ਯਾਨਿ ਧਾਰਮਿਕ ਪਰ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਸਨ। ਉਨ੍ਹਾਂ ਕਿਤੇ ਸਾਡੇ ਲਾਗੇ ਗੁਰਦੁਆਰਾ ਚਰਨ ਕੰਵਲ ਬੰਗਾ ਵਿਖੇ ਆਉਣਾ ਸੀ। ਇਤਫਾਕਨ ਇਸੇ ਸਮੇਂ ਦੌਰਾਨ ਸੁਰਿੰਦਰ ਸ਼ਿੰਦੇ ਦੀ ਗਾਇਕੀ ਪੰਜਾਬੀਆਂ ਦੇ ਦਿਲਾਂ ‘ਚ ਪ੍ਰਵਾਨ ਚੜ੍ਹ ਚੁੱਕੀ ਸੀ ਤੇ ਇਕ ਲੋਕ ਗਾਥਾ ਬੜੀ ਚਰਚਾ ਵਿਚ ਸੀ, ‘ਜਿਉਣੇ ਮੌੜ ਨੇ ਲੁੱਟੀਆਂ ਤੀਆਂ ਲੌਂਗੋਵਾਲ ਦੀਆਂ।’
ਸਾਡੇ ਪਿੰਡ ਦੀਆਂ ਖਜੂਰਾਂ ਲਾਗੇ ਬੋਹੜ ਹੇਠ ਕੁਝ ਸਿਆਣੇ ਬੰਦੇ ਬੈਠੇ ਸਨ ਕਿ ਪਿੰਡ ਦਾ ਚੌਕੀਦਾਰ ਸਾਧੂ ਵੀ ਵਿਚਾਲੇ ਆ ਕੇ ਬੈਠ ਗਿਆ। ਚਿੱਟੇ ਕੱਪੜੇ ਪਾਏ ਦੇਖ ਕੇ ਉਹਨੂੰ ਰੁਲਦੂ ਅਮਲੀ ਨੇ ਪੁੱਛਿਆ, “ਕਿਧਰ ਚੱਲਿਐਂ?”
ਆਂਹਦਾ, “ਸ਼ਹਿਰ ਚੱਲਿਆਂ ਬੰਗਿਆਂ ਨੂੰ, ਸੰਤ ਲੌਂਗੋਵਾਲ ਹੋਰਾਂ ਦੇ ਵਿਚਾਰ ਸੁਣਨ।”
ਰੁਲਦੂ ਨੇ ਸਵਾਲ ਕਰ’ਤਾ। ਕਹਿਣ ਲੱਗਾ, “ਸੰਤਾਂ ਨੂੰ ਇਹ ਜ਼ਰੂਰ ਪੁੱਛ ਕੇ ਆਈਂ ਕਿ ਜਿਊਣੇ ਮੌੜ ਨੇ ਲੌਂਗੋਵਾਲ ਦੀਆਂ ਤੀਆਂ ਹੀ ਕਿਉਂ ਲੁੱਟੀਆਂ ਸਨ? ਬਾਹਲੀ ਖਰਾਬੀ ਤਾਂ ਨਹੀਂ ਕੀਤੀ ਸੀ?”
ਚੌਕੀਦਾਰ ਬਣਾ ਸੰਵਾਰ ਕੇ ਆਂਹਦਾ, “ਬਈ ਰੁਲਦੂ ਰਾਮਾ! ਆਪਾਂ ਤਾਂ ਹੈਗੇ ਆਂ ਹਮਾਤੜ ਬੰਦੇ। ਆਪਣੇ ‘ਚ ਤਾਂ ਏਨੀ ਜੁਰਅਤ ਹੈ ਨ੍ਹੀਂ, ਪਈ ਏਦਾਂ ਪੁੱਛ ਸਕੀਏ। ਆਹ ਅਖ਼ਬਾਰਾਂ ਆਲੇ ਨੂੰ ਲੈ ਜਾਨੈਂ, ਇਹ ਪੁੱਛ ਲਏ।” ਉਹਨੇ ਇਸ਼ਾਰਾ ਮੇਰੇ ਵੱਲ ਕਰ’ਤਾ।
ਨਿਮਾਣੀ ਮੱਤ, ਤੁਰ ਪਿਆ ਚੌਕੀਦਾਰ ਨਾਲ ਟੁੱਟੇ ਜਿਹੇ ਸਾਈਕਲ ‘ਤੇ, ਪਈ ਚੱਲ ਪੂਰੀ ਕਹਾਣੀ ਹੀ ਸੁਣਾਂਗੇ ਜਿਊਣੇ ਮੌੜ ਤੇ ਤੀਆਂ ਦੀ। ਬਿਨਾਂ ਈ ਸੱਪ ਤੋਂ ਬੀਨ ਵਜਾਉਣ, ਅਸੀਂ ਪੁੱਜ ਗਏ ਗੁਰਦੁਆਰਾ ਚਰਨ ਕੰਵਲ। ਡਿਓਢੀ ‘ਚ ਮਿਲ ਪਿਆ ਸਾਡੇ ਪਿੰਡ ਦਾ ਢਾਡੀ ਅਵਤਾਰ ਸਿੰਹੁ। ਉਹ ਚੌਕੀਦਾਰ ਨੂੰ ਪੁੱਛਣ ਲੱਗਾ, “ਕਿੱਦਾਂ ਆਏ ਆਂ?” ਉਹ ਕਹਿੰਦਾ, “ਜੀ ਸੰਤਾਂ ਦੇ ਦਰਸ਼ਨ ਕਰਨ”, ਤੇ ਨਾਲ ਲਗਦੀ ਈ ਉਹਨੇ ਮੇਰੇ ਵੱਲ ਇਸ਼ਾਰਾ ਕਰ ਕੇ ਪੁੱਛ ਲਿਆ, “æææਤੇ ਹਾਅ?”
“ਇਹ ਖਬਾਰਾਂ-ਖਬੂਰਾਂ ‘ਚ ਲਿਖਦੈ। ਇਹ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪੁੱਛਣ ਆਇਐ, ਪਈ ਜਿਊਣੇ ਮੌੜ ਨੇ ਲੌਂਗੋਵਾਲ ਦੀਆਂ ਤੀਆਂ ਕਾਹਤੋਂ ਲੁੱਟੀਆਂ ਸਨ।”
ਮੇਰੀ ਤਾਂ ਵੱਡੇ ਮਾਰਕ ਟੱਲੀ ਦੀ ਉਹਨੇ ਕੱਢ’ਤੀ ਫੂਕ। ਕਹਿਣ ਲੱਗਾ, “ਚੌਕੀਦਾਰਾ! ਤੂੰ ਤਾਂ ਸਿਆਣਾ ਬਿਆਣੈਂ। ਇਹਦੀ ਤੈਂ ਛਿੱਲ ਲਹਾਉਣੀ ਆ ਸਿੰਘਾਂ ਤੋਂ। ਤੀਆਂ ਦਾ ਭਲਾ ਸੰਤਾਂ ਨਾਲ ਕੀ ਸਬੰਧ?”
ਉਹ ਮੇਰੇ ਮੋਢਿਆਂ ‘ਤੇ ਹੱਥ ਰੱਖ ਕੇ ਪਰ੍ਹਾਂ ਨੂੰ ਲਿਜਾ ਕੇ ਕਹਿਣ ਲੱਗਾ, “ਕਾਕਾ, ਕਿਹੜੇ ਕੁੱਤਖਾਨੇ ‘ਚ ਪਿਆ ਹੋਇਐਂæææਕੋਈ ਚੱਜ ਦੀ ਗੱਲ ਕਰ। ਢਾਡੀਆਂ ਬਾਰੇ ਲਿਖ, ਫਿਰ ਮਿਲਾਵਾਂਗੇ ਤੈਨੂੰ ਸੰਤ ਲੌਂਗੋਵਾਲ ਨੂੰ। ਲੰਗਰ ਛਕ, ਤੇ ਜਾਹ ਮੁੜ ਜਾ ਘਰ ਨੂੰ।”
ਖ਼ੈਰ! ਵਿਅੰਗਮਈ ਨਜ਼ਰੀਏ ਵਾਲੀ ਹਮਦਰਦੀ ਦੀ ਇਹ ਆਵਾਜ਼ ਤਾਂ ਮੱਧਮ ਸੀ, ਪਰ ਇਸ ਦਾ ਪ੍ਰਭਾਵ ਮੇਰੇ ਅੰਦਰਲੇ ਮਨੁੱਖ ਤੱਕ ਸਿੱਧਾ ਪਿਆ ਸੀ। ਮੈਂ ਸਮਝ ਗਿਆ ਸੀ ਕਿ ਢਾਡੀ ਮੈਨੂੰ ਮੱਤ ਤਾਂ ਦੇ ਗਿਆ ਹੈ, ਪਰ ਉਹ ਆਪਣੀ ਭੁੱਖ ਦਾ ਮੈਨਯੂ ਵੀ ਮੇਰੇ ਹੱਥ ਫੜਾ ਗਿਆ ਹੈ।
ਉਸ ਦਿਨ ਮੈਨੂੰ ਸਮਝ ਆ ਗਈ ਕਿ ਸਿਰਫ ਮੁਕਲਾਵੇ ਵਾਲੇ ਦਿਨ ਹੀ ਔਰਤ ਡਰ ਮਹਿਸੂਸ ਕਰ ਰਹੀ ਹੁੰਦੀ ਹੈ, ਉਸ ਤੋਂ ਅਗਲੇ ਦਿਨਾਂ ‘ਚ ਮਰਦ ਹੱਥਾਂ ਦੀ ਪੱਖੀ ਬਣਾ ਕੇ ਝੱਲਣ ਦਾ ਯਤਨ ਕਰ ਰਿਹਾ ਹੁੰਦਾ ਹੈ।
ਕੋਈ ਕੰਜੂਸ ਫਿਲਮ ਦੇਖ ਕੇ ਉਚੀ ਉਚੀ ਰੋਂਦਿਆਂ ਦੁਹਾਈ ਦੇ ਰਿਹਾ ਸੀ, “ਮੂਰਖੋ! ਅਨੰਦ ਥੀਏਟਰ ‘ਚ ਨਹੀਂ, ਪੈਸੇ ‘ਚ ਹੁੰਦਾ ਹੈ।” ਹਕੀਕਤ ਇਹ ਹੈ ਕਿ ਦੁਨੀਆਂ ਦੀ ਬਹੁ-ਗਿਣਤੀ ਨੂੰ ਅਨੰਦ ਲੈਣਾ ਨਹੀਂ ਆ ਰਿਹਾ। ਕਈ ਬੰਦੇ ਅੰਗੜਾਈ ਲੈ ਕੇ ਵੀ ਨਿਹਾਲ ਹੋ ਜਾਂਦੇ ਨੇ, ਪਰ ਪੰਜਾਬੀ ਗਾਇਕੀ ਵਿਚ ਪਿਆਰ ਕਰਨ ਤੇ ਮੁਹੱਬਤ ਦੇ ਅਰਥ ਜਾਣਨ ਵਾਲੇ ਕਿਸੇ ਸਾਧਾਰਨ ਮਨੁੱਖ ਦੀ ਸੁਹਜ ਅਵਸਥਾ ਕਿਵੇਂ ਅਨੰਦਮਈ ਦੌਰ ‘ਚ ਪਹੁੰਚਦੀ ਹੈ, ਪੜ੍ਹੇ-ਲਿਖੇ ਵੀ ਸੋਚਣਗੇ- ਹੈਂ! ਏਦਾਂ ਵੀ ਹੁੰਦੈ!!
ਗੜ੍ਹਸ਼ੰਕਰ ਦੀ ਟਰੱਕ ਯੂਨੀਅਨ ਵਿਚ ਪ੍ਰੋਗਰਾਮ ਹੋ ਰਿਹਾ ਸੀ ਅਖਾੜੇ ਦੇ ਰੂਪ ਵਿਚ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ। ਗੱਲ ਉਨ੍ਹਾਂ ਦਿਨਾਂ ਦੀ ਆ ਜਦੋਂ ਵੀਹ-ਵੀਹ ਕੋਹ ਤੋਂ ਲੋਕ ਪੈਦਲ, ਸਾਇਕਲਾਂ ਤੇ ਟੈਂਪੂਆਂ ‘ਚ ਚੜ੍ਹ ਕੇ ਇਸ ਜੋੜੀ ਨੂੰ ਵੇਖਣ ਆਉਂਦੇ ਸਨ। ਉਦੋਂ ਬਜ਼ੁਰਗ ਕਿਹਾ ਕਰਦੇ ਸਨ, “ਬਈ ਗੱਭਰੂਓ! ਕੰਮ-ਧੰਦਾ ਵੇਲੇ ਸਿਰ ਨਿਪਟਾ ਲਿਓ, ਆਥਣੇ ਸਦੀਕ-ਰਣਜੀਤ ਦਾ ਗੌਣ-ਪਾਣੀ ਸੁਣਨੈਂ।”
ਉਪਰ ਆਲੇ ਪ੍ਰੋਗਰਾਮ ਵਿਚ ਮੈਂ ਵੀ ਅਨੰਦਪੁਰ ਵਾਲੀ ਬੱਸ ‘ਚ ਚੜ੍ਹ ਕੇ ਪਹੁੰਚ ਗਿਆ ਸਾਂ। ਅਖਾੜਾ ਤਾਂ ਹਾਲੇ ਦੋ ਘੰਟੇ ਨੂੰ ਲਗਣਾ ਸੀ, ਪਰ ਭੀੜ ਏਨੀ ‘ਬੌਬੀ’ ਫਿਲਮ ਵੇਲੇ ਹੀ ਵੇਖੀ ਸੀ। ਲੋਕ ਗਰਮੀ ‘ਚ ਵੀ ਉਪਰ ਥੱਲੇ ਹੋਏ ਪਏ ਸਨ। ਕੋਈ ਅਗਾਊਂ ਹੀ ਦਰਖ਼ਤਾਂ ‘ਤੇ ਲਟਕ ਗਿਆ ਸੀ, ਕੋਈ ਟਰੱਕਾਂ-ਟਰਾਲੀਆਂ ‘ਤੇ। ਲੋਕ ਰਣਜੀਤ ਕੌਰ ਦੀ ਇਕ ਝਲਕ ਵੇਖਣ ਲਈ ਸ਼ੈਦਾਈ ਹੋਏ ਪਏ ਸਨ।
ਤਿੰਨ-ਚਾਰ ਅੱਧਖੜ ਜਿਹੀ ਉਮਰ ਦੇ ਬੰਦੇ ਢੇਰ ‘ਤੇ ਚੜ੍ਹ ਕੇ ਕਹਿਣ ਲੱਗੇ, “ਲੈ ਬਈ, ਇੱਥੋਂ ਦਿਸੂ ਪੂਰੀ ਬੀਬੀ ਸਿਰ ਤੋਂ ਪੈਰਾਂ ਤੱਕ।” ਚੜ੍ਹ ਤਾਂ ਮੈਂ ਵੀ ਉਨ੍ਹਾਂ ਦੇ ਪਿੱਛੇ ਇਸ ਢੇਰ ‘ਤੇ ਗਿਆ, ਪਰ ਸਮੱਸਿਆਵਾਂ ਕਈ ਸਨ। ਇਕ ਤਾਂ ਗਰਮੀ ਕਰ ਕੇ ਢੇਰ ਭੜਾਸ ਬਹੁਤ ਮਾਰ ਰਿਹਾ ਸੀ, ਦੂਜਾ ਮੁਸ਼ਕ ਵੀ ਮਾਰੇ। ਗਿੱਲਾ ਹੋਣ ਕਾਰਨ ਪੈਰ ਵੀ ਹੇਠਾਂ ਧਸ ਰਹੇ ਸਨ। ਖ਼ੈਰ! ਪ੍ਰੋਗਰਾਮ ‘ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹਾਉਨੀ ਆਂ’ ਧਾਰਮਿਕ ਗੀਤ ਨਾਲ ਸ਼ੁਰੂ ਹੋਇਆ। ਫਿਰ ਹੋਰ ਤੇ ਫਿਰ ਹੋਰæææਫਿਰ ਪਟਾ ‘ਕਲਕੱਤਿਓਂ ਪੱਖੀ ਲਿਆਉਣ’ ਵਾਲਾ ਚੜ੍ਹ ਪਿਆ।
ਮੁਹੰਮਦ ਸਦੀਕ ਸਿਆਣਾ ਪਹਿਲਾਂ ਹੈ ਹੀ ਸੀ। ਉਹ ਆਪਣੀ ਕਾਰ ਨਹੀਂ ਲਿਜਾਂਦਾ ਸੀ ਪ੍ਰੋਗਰਾਮ ‘ਤੇ; ਕਿਉਂਕਿ ਇਕ ਤਾਂ ਕਾਰ ਦੀ ਟੁੱਟ-ਭੱਜ ਘੱਟ ਹੋਊ, ਤੇ ਦੂਜਾ ਟੈਕਸੀ ਦਾ ਖਰਚ ਅੱਧੋ-ਅੱਧ ਹੋਣਾ ਸੀ, ਪਰ ਇਤਫਾਕ ਇਹ ਸੀ ਕਿ ਟੈਕਸੀ ਚਲਾਉਣ ਵਾਲਾ ਡਰਾਇਵਰ ਇਕੋ ਹੀ ਉਨ੍ਹਾਂ ਨਾਲ ਬੜੀ ਦੇਰ ਰਿਹਾ। ਇਸੇ ਲਈ ਸਦੀਕ ਦੀ ਟੀਮ ਵਿਚ ਜਿਵੇਂ ਘੜਾ ਵਜਾਉਣ ਵਾਲੇ ਮੁੱਛਮੈਨ ਬੰਸੀ ਦੀ ਪਛਾਣ ਸੀ, ਇਵੇਂ ਉਨ੍ਹਾਂ ਦੇ ਡਰਾਇਵਰ ਨੂੰ ਸਾਰੇ ਜਾਣਦੇ ਸਨ। ਹਾਲੇ ਪ੍ਰੋਗਰਾਮ ਚਲਦੇ ਨੂੰ ਅੱਧਾ ਕੁ ਘੰਟਾ ਹੀ ਹੋਇਆ ਹੋਊ ਕਿ ਮੈਂ ਵੇਖਿਆ ਕਿ ਰੰਗੀਲਾ ਜਿਹਾ ਬੰਦਾ ਸਟੇਜ ਦੇ ਪਿੱਛੇ ਟੈਕਸੀ ਡਰਾਇਵਰ ਨਾਲ ਗੱਲਾਂ ਕਰ ਰਿਹਾ ਸੀ। ਮੈਂ ਵੀ ਢੇਰ ਤੋਂ ਮਾਰੀ ਛਾਲ, ਤੇ ਦੋਹਾਂ ਕੋਲ ਕੱਛਾਂ ‘ਚ ਹੱਥ ਦੇ ਕੇ ਜਾ ਖੜ੍ਹਾ ਹੋਇਆ। ਅਸਲ ਵਿਚ ਗੱਲਾਂ ਤਾਂ ਉਹ ਦੋਵੇਂ ਕਰ ਰਹੇ ਸਨ, ਪਰ ਸੁਆਦ ਮੈਨੂੰ ਵੀ ਪੂਰਾ ਆ ਰਿਹਾ ਸੀ।
ਸਿਰ ਤੋਂ ਸਾਫਾ ਖੋਲ੍ਹ ਕੇ ਫੇਰ ਲਪੇਟੇ ਮਾਰ ਕੇ ਉਹ ਡਰਾਇਵਰ ਨੂੰ ਆਪਣਾ ਬਣਾਉਣ ਲਈ ਜਿਵੇਂ ਪੁੱਛ ਰਿਹਾ ਹੋਵੇ- “ਯਾਰ ਲਾਉਣੀ ਤਾਂ ਘੁੱਟ ਲਿਆਵਾਂ।”
“ਨਹੀਂ ਮੈਂ ਪੀਂਦਾ ਨ੍ਹੀਂ।”
“ਮੁਹੰਮਦ ਸਦੀਕ ਤਾਂ ਲਾ ਲੈਂਦਾ ਹੋਣੈ ਘੁੱਟ?”
“ਵੇਖਿਆ ਨ੍ਹੀਂ ਕਦੇ।”
“ਲੋੜ ਵੀ ਕੀ ਐ। ਅਸੀਂ ਤਾਂ ਹੁਣ ਨ੍ਹੀਂ ਛੇ ਦਿਨ ਪੀਣੀ ਇਕ ਦਿਨ ਰਣਜੀਤ ਕੌਰ ਵੇਖ ਕੇ। ਇਹਦੇ ਨਾਲ ਤਾਂ ਰੋਜ਼ ਰਹਿੰਦੀ ਆ। ਅੱਛਾ! ਆਏਂ ਦੱਸ, ਪਈ ਤੂੰ ਕਿਥੇ ਕੁ ਬਹਿੰਨਾ ਹੁੰਨਾ?”
“ਤੂੰ ਯਾਰ ਬੰਦਾ ਕਿ ਚਰਖਾ। ਜਦ ਮੈਂ ਕਿਹਾ, ਪਈ ਉਨ੍ਹਾਂ ਦੀ ਗੱਡੀ ਚਲਾਉਨਾ ਹੁੰਨਾ, ਫਿਰ ਡਰਾਇਵਰ ਵਾਲੀ ਸੀਟ ‘ਤੇ ਸਟੇਰਿੰਗ ਫੜ ਕੇ ਹੀ ਬਹਿਨਾਂ।”
“ਚੱਲ ਇਹ ਤਾਂ ਠੀਕ ਐ। ਮੂਹਰੇ ਤੇਰੇ ਨਾਲ ਦੀ ਸੀਟ ‘ਤੇ ਕੌਣ ਬਹਿੰਦਾ ਹੁੰਦਾ?”
“ਰਣਜੀਤ ਕੌਰ ਦਾ ਡੈਡੀ।”
“ਬੱਲੇ ਬੱਲੇ। ਸਿੱਧਾ ਮੂਹਰੇ ਨੂੰ ਦੇਖਦਾ ਰਹਿੰਦਾ ਹੋਣਾ ਤੇਰੇ ਵਾਂਗ।”
“ਕਿਉਂ ਉਹਦੀ ਧੌਣ ‘ਤੇ ਸ਼ਿਕੰਜਾ ਕੱਸਿਆ ਹੁੰਦਾ?”
“ਬਾਈ ਗੁੱਸਾ ਨਾ ਕਰ। ਤੇਰੇ ਨਾਲ ਗੱਲਾਂ ਕਰ ਕੇ ਮੈਨੂੰ ਸੁਆਦ ਉਧਰ ਅਖਾੜਾ ਵੇਖਣ ਨਾਲੋਂ ਵੀ ਵੱਧ ਆ ਰਿਹੈ। ਪੈਗ ਤਾਂ ਦੋ ਈ ਲਾਏ ਸੀ, ਪਰ ਨਸ਼ਾ ਸਿਰੇ ਲੱਗਾ ਪਿਆ। ਅੱਛਾ, ਸਦੀਕ ਕਿੱਥੇ ਬਹਿੰਦਾ ਹੁੰਦਾ?”
“ਐਧਰ ਮੇਰੇ ਮਗਰਲੀ ਬਾਰੀ ਕੋਲ।”
“ਦੂਏ ਬੰਨੇ?”
“ਉਧਰ ਯਾਰ ਰਣਜੀਤ ਕੌਰ। ਉਹਨੂੰ ਕਿਤੇ ਅਸੀਂ ਡਿੱਗੀ ‘ਚ ਬਿਠਾ ਕੇ ਲਿਆਉਨੇ ਆਂ।”
“ਬਾਈ, ਗੱਲ ਬਸ ਸੁਣਨ ਵਾਲੀ ਈ ਆ।”
“ਦੋਹਾਂ ਦੇ ਵਿਚਾਲੇ ਤਾਂ ਨ੍ਹੀਂ ਬਹਿੰਦਾ ਕੋਈ।”
“ਨਹੀਂ?”
“ਸਦਕੇ ਤੇਰੇ ਸਦੀਕ ਸਿਹਾਂ! ਪਿਛਲੇ ਜਨਮ ‘ਚ ਤੂੰ ਕੋਈ ਫਕੀਰ ਹੋਵੇਂਗਾ ਪੱਕਾ, ਜਿਹੜੀਆਂ ਮੌਜਾਂ ਲੁੱਟਦੈਂ। ਬੁੜ੍ਹਾ ਤਾਂ ਰਣਜੀਤ ਦਾ ਸੰਗਦਾ ਈ ਪਿੱਛੇ ਨੂੰ ਵੇਖਦਾ ਹੋਣਾ?”
“ਜਾਹ ਬਈ ਪ੍ਰੋਗਰਾਮ ਵੇਖ ਲੈ ਹੁਣ।”
“ਜਾਨੈਂ! ਪਰ ਯਾਰ ਮੇਰੀ ਇਕ ਇੱਛਾ ਈ ਪੂਰੀ ਕਰਦੇ।”
“ਦੱਸ ਕਿਹੜੀ ਐ?”
“ਬਾਈ, ਜੇ ਗੁੱਸਾ ਨਾ ਕਰੇਂ ਤਾਂ ਉਸ ਸੀਟ ‘ਤੇ ਬਿੰਦ ਕੁ ਬਹਿ ਜਾਂ ਜਿਥੇ ਰਣਜੀਤ ਬਹਿੰਦੀ ਆ?”
“ਬਹਿ’ਲਾ ਜਾ ਕੇ ਯਾਰ! ਤੂੰ ਕਰ ਲੈ ਮਨ ਰਾਜੀ।”
ਤੇ ਉਹ ਭੱਜ ਕੇ ਬਹਿ ਗਿਆ ਬਾਰੀ ਖੋਲ੍ਹ ਕੇ। ਕਦੇ ਸੀਟ ‘ਤੇ ਹੱਥ ਫੇਰਿਆ ਕਰੇ, ਕਦੇ ਢੋਅ ‘ਤੇ। ਗੱਲਾਂ ਆਪਣੇ ਨਾਲ ਈ ਕਰੀ ਜਾਵੇ, ‘ਐਹ ਤੋਂ ਗਾਂਹ ਨੂੰ ਨ੍ਹੀਂ ਹੁੰਦੀ ਹੋਣੀ ਸੁੱਖ ਨਾਲ ਰਣਜੀਤ ਕੌਰ! ਪਰਸ ਪਤਾ ਨਹੀਂ ਵਿਚਾਲੇ ਸੀਟ ‘ਤੇ ਰੱਖਦੀ ਹੋਊ ਜਾਂ ਹੇਠਾਂ ਪੈਰਾਂ ‘ਚ!! ਆਏਂ ਬਾਹਰ ਨੂੰ ਵੀ ਸੀਸੇ ਥਾਣੀਂ ਦੇਖਦੀ ਹੋਊ!!! ਹੋਰ ਕਿਤੇ ਸਦੀਕ ‘ਤੇ ਤਾਂ ਨ੍ਹੀਂ ਨਿਗ੍ਹਾ ਗੱਡੀ ਰੱਖਦੀ ਹੋਣੀæææ।’
“ਓæææਆਜਾ ਬਸ ਕਰ ਉਤਰਿਆ ਥੱਲੇ ਹੁਣ?”
“ਮਿੰਨਤ ਆਲੀ ਗੱਲ ਐ, ਬਿੰਦ ਕੁ ਹੋਰ ਲੁੱਟ ਲੈਣ ਦੇ ਨਜ਼ਾਰੇæææਸੁਰਖੀ ਬਿੰਦੀ ਵੀ ਇਥੇ ਬਹਿ ਕੇ ਲਾਉਂਦੀ ਹੋਊæææ।”
ਤੇ ਅੱਧੇ ਘੰਟੇ ਬਾਅਦ ਉਹ ਐਂ ਗੱਡੀ ‘ਚੋਂ ਬਾਗੋ-ਬਾਗ ਉਤਰਿਆ, ਜਿਵੇਂ ਕਿਸੇ ਦੀ ਮੰਗੇਤਰ ਦਿੱਲੀ ਦੇ ਹਵਾਈ ਅੱਡੇ ਤਾਂ ਆਣ ਉਤਰੀ ਹੋਵੇ।
ਫਿਰ ਮੈਨੂੰ ਸੁਲ੍ਹਾ ਮਾਰਨ ਲੱਗਾ, “ਜੁਆਨਾ ਤੈਂ ਤਾਂ ਨ੍ਹੀਂ ਬਹਿਣਾ ਦੋ ਮਿੰਟæææ?”
ਜੀ ਤਾਂ ਮੇਰਾ ਐਂ ਕਰੇ, ਪਈ ਪਹਿਲਾਂ ਈ ਬਹਿ ਜਾਂ; ਤੇ ਉਤਰਾਂ ਲੁਧਿਆਣੇ ਜਾ ਕੇ, ਪਰ ਹੌਲੀ ਦੇਣੀ ਫੇਰ ਕਹਿ ਹੀ ਦਿੱਤਾ, “ਨਹੀਂ ਕੋਈ ਗੱਲ ਨ੍ਹੀਂ।”
“ਚਲੋ ਤੇਰੀ ਮਰਜ਼ੀ।” ਉਹਦੀ ਜਿਵੇਂ ਚਾਅ ਵਿਚ ਹੀ ਜ਼ੁਬਾਨ ਥਥਲਾ ਗਈ ਹੋਵੇ। “ਬੜੀ ਮਿਹਰਬਾਨੀ ਡਲੈਵਰ ਸਾਹਿਬ। ਸਾਡੇ ਸਹੁਰੀ ਦੇ ਸੁਪਨੇ ਈ ਪੂਰੇ ਨ੍ਹੀਂ ਕੀਤੇ ਤੂੰ, ਹੁਣ ਤਾਂ ਜਾ ਕੇ ਧਰਮ ਰਾਜ ਨੂੰ ਕਿਹਾ ਕਰਾਂਗੇ, ਛੜੇ ਨਾ ਆਖ, ਉਥੇ ਬਹਿ ਕੇ ਆਏ ਆਂ ਜਿਥੇ ਰਣਜੀਤ ਕੌਰ ਬਹਿੰਦੀ ਹੁੰਦੀ ਸੀ।”
ਉਸ ਦਿਨ ਮੈਨੂੰ ਲੱਗਾ ਸੀ ਕਲਾ ਦੀ ਪੂਜਾ ਦੇ ਅਰਥ ਕੀ ਹੁੰਦੇ ਹਨ, ਤੇ ਇਹ ਵੀ ਵਹਿਮ ਮਨ ‘ਚੋਂ ਨਿਕਲ ਗਿਆ ਸੀ ਕਿ ਕਮਲੀ ਸਿਵਿਆਂ ਦੇ ਰਾਹ ਨਹੀਂ ਪਈ।
ਬਿਆਸ, ਝਨਾਂ ਦੇ ਨੇੜੇ ਹੋਣ ਲੱਗ ਪਿਆ ਸੀ।

Be the first to comment

Leave a Reply

Your email address will not be published.