ਮਾਨਸਾ-ਬਠਿੰਡਾ ਦੇ ਲੋਕਾਂ ਨਾਲ ਮੋਹ ਦੀ ਸਾਂਝ

ਡਾ. ਗਿਆਨ ਸਿੰਘ
ਮੇਰਾ ਜਨਮ ਅਤੇ ਪਾਲਣ-ਪੋਸ਼ਣ ਲੁਧਿਆਣੇ ਜਿਲੇ ਦੇ ਪਿੰਡ ਈਸੜੂ (ਸ਼ਹੀਦ ਕਰਨੈਲ ਸਿੰਘ ਦਾ ਪਿੰਡ) ਵਿਚ ਹੋਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਅਧਿਆਪਨ ਦੀ ਨੌਕਰੀ ਕਰਨ ਕਰਕੇ ਮੇਰੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਪਟਿਆਲੇ ਗੁਜਰਿਆ ਹੈ। ਲੁਧਿਆਣਾ ਅਤੇ ਪਟਿਆਲਾ-ਦੋ ਅਜਿਹੇ ਜਿਲੇ ਹਨ, ਜਿੱਥੋਂ ਦੇ ਜ਼ਿਆਦਾ ਰਹਿਣ ਵਾਲੇ ਲੋਕ ਅਨੇਕ ਗੁਣਾਂ ਦੇ ਬਾਵਜੂਦ ਦੋ ਵੱਡੇ ਔਗੁਣਾਂ ਦੇ ਸ਼ਿਕਾਰ ਹਨ: ਬੇਲੋੜਾ ਨਿੱਜਵਾਦ ਅਤੇ ਤਿੱਖਾ ਪਦਾਰਥਵਾਦ।

ਐੱਮ. ਏ. ਕਰਨ ਪਿਛੋਂ ਪਹਿਲੀ ਵਾਰ ਬਠਿੰਡਾ ਸਰਕਾਰੀ ਕਾਲਜ ਵਿਚ ਲੈਕਚਰਾਰ ਦੀ ਨੌਕਰੀ ਲਈ ਇੰਟਰਵਿਊ ਦੇਣ ਲਈ ਗਿਆ ਅਤੇ 1977 ਵਿਚ ਡੀ. ਪੀ. ਆਈ. (ਕਾਲਜਾਂ) ਦੁਆਰਾ ਮੇਰੀ ਲੈਕਚਰਾਰ ਦੀ ਚੋਣ ਕੀਤੇ ਜਾਣ ਪਿਛੋਂ ਕੁਝ ਸਮੇਂ ਲਈ ਮੈਂ ਸਰਕਾਰੀ ਕਾਲਜ ਬਠਿੰਡਾ ਪੜ੍ਹਾਇਆ। 1981 ਵਿਚ ਮੈਂ ਪੀਐੱਚ. ਡੀ. ਦੀ ਡਿਗਰੀ ਲਈ ਫੀਲਡ ਸਰਵੇਖਣ ਕਰਨ ਲਈ ਬਠਿੰਡਾ ਦੇ ਪਿੰਡਾਂ ਵਿਚ ਗਿਆ। ਉਸ ਸਮੇਂ ਮਾਨਸਾ ਬਠਿੰਡਾ ਜਿਲੇ ਦੀ ਇਕ ਤਹਿਸੀਲ ਹੁੰਦੀ ਸੀ। 1984-87 ਦੌਰਾਨ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਬਠਿੰਡਾ ਵਿਖੇ ਲੈਕਚਰਾਰ ਦੀ ਨੌਕਰੀ ਕਰਨ ਕਰਕੇ ਮੈਂ ਬਠਿੰਡਾ ਸ਼ਹਿਰ ਵਿਚ ਰਿਹਾ ਅਤੇ ਉੱਥੋਂ ਦੇ ਪਿੰਡਾਂ ਵਿਚ ਜਾਣ ਦਾ ਮੌਕਾ ਵੀ ਮਿਲਦਾ ਰਿਹਾ। ਹੁਣ ਉੱਥੋਂ ਦੇ ਲੋਕਾਂ ਨਾਲ ਰਿਸ਼ਤੇਦਾਰੀ ਵਾਲਾ ਸਬੰਧ ਬਣਿਆ ਹੋਇਆ ਹੈ।
2017 ਦੌਰਾਨ ਮੈਂ, ਡਾ. ਗੁਰਿੰਦਰ ਕੌਰ, ਡਾ. ਧਰਮਪਾਲ ਅਤੇ ਡਾ. ਰਸ਼ਮੀ “ਪੇਂਡੂ ਮਜ਼ਦੂਰ ਔਰਤ ਪਰਿਵਾਰਾਂ ਦੀਆਂ ਸਮਾਜਿਕ-ਆਰਥਿਕ ਹਾਲਤਾਂ ਅਤੇ ਰਾਜਸੀ ਸ਼ਮੂਲੀਅਤ” ਬਾਰੇ ਖੋਜ ਅਧਿਐਨ ਲਈ ਫੀਲਡ ਸਰਵੇਖਣ ਕਰਨ ਲਈ ਮਾਨਸਾ ਜਿਲੇ ਦੇ ਪਿੰਡਾਂ ਵਿਚ ਗਏ। ਜਿਸ ਦਿਨ ਸਾਡਾ ਸਰਵੇਖਣ ਦਾ ਕੰਮ ਪੂਰਾ ਹੋ ਗਿਆ ਅਤੇ ਅਸੀਂ ਪਟਿਆਲੇ ਨੂੰ ਵਾਪਸ ਆਉਣ ਦੀ ਤਿਆਰੀ ਕਰ ਰਹੇ ਸੀ ਤਾਂ ਡਾ. ਧਰਮਪਾਲ ਨੇ ਮੈਨੂੰ ਕਿਹਾ ਕਿ ਮਾਨਸਾ ਤੋਂ ਤੁਰਨ ਤੋਂ ਪਹਿਲਾਂ ਉਹ ਕੁਝ ਕਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, “ਜਿਸ ਬੰਦੇ ਨੇ ਇਨਸਾਨ ਬਣਨਾ ਹੈ, ਉਸ ਨੂੰ ਇਕ ਸਾਲ ਵਿਚ 15 ਦਿਨਾਂ ਤੋਂ ਇਕ ਮਹੀਨਾ ਮਾਨਸਾ-ਬਠਿੰਡਾ ਦੇ ਪਿੰਡਾਂ ਵਿਚ ਆ ਕੇ ਰਹਿਣਾ ਚਾਹੀਦਾ ਹੈ।”
ਮੈਂ ਮਾਨਸਾ-ਬਠਿੰਡਾ ਦੇ ਲੋਕਾਂ ਤੋਂ ਬਹੁਤ ਕੁਝ ਸਿੱਖਿਆ ਹੈ। ਇੱਥੋਂ ਦੇ ਜ਼ਿਅਦਾਤਰ ਲੋਕ ਸਪਸ਼ਟ, ਮੂੰਹ ਉੱਤੇ ਕਹਿਣ ਅਤੇ ਆਪਣਾ ਨਿਜੀ ਕੰਮ ਛੱਡ ਕੇ ਦੂਜਿਆਂ ਦੇ ਕੰਮ ਆਉਣ ਵਾਲੇ ਹਨ। ਜਦੋਂ ਮੈਂ ਪਟਿਆਲੇ ਐੱਮ.ਫਿਲ. ਕਰ ਰਿਹਾ ਸਾਂ ਤਾਂ ਹੋਸਟਲ ਵਿਚ ਰਹਿੰਦੇ ਸਮੇਂ ਮਾਨਸਾ ਦੇ ਐੱਮ. ਏ. ਕਰਦੇ ਵਿਦਿਆਰਥੀ ਈਸ਼ਵਰ ਦਾਸ ਨਾਲ ਦੋਸਤੀ ਹੋ ਗਈ ਅਤੇ ਉਹ ਵੀ ਭਰਾਵਾਂ ਵਾਲੀ, ਜਿਸ ਪਿੱਛੇ ਈਸ਼ਵਰ ਦਾਸ ਦਾ ਬਹੁਤ ਹੀ ਚੰਗਾ ਸੁਭਾਅ ਸੀ। ਮੈਂ ਪੀਐੱਚ. ਡੀ. ਦੇ ਖੋਜ ਕਾਰਜ ਲਈ ਸਰਵੇਖਣ ਕਰਨ ਬਠਿੰਡੇ ਜਾਣਾ ਸੀ ਤਾਂ ਸਭ ਤੋਂ ਪਹਿਲਾਂ ਮਾਨਸਾ ਰਹਿਣ ਦਾ ਪ੍ਰੋਗਰਾਮ ਬਣਾਇਆ, ਕਿਉਂਕਿ ਜੇ ਮੈਂ ਅਜਿਹਾ ਨਾ ਕਰਦਾ ਤਾਂ ਈਸ਼ਵਰ ਦਾਸ ਦੇ ਉਲਾਂਭੇ (ਗਾਲ੍ਹਾਂ) ਝੱਲੀਆਂ ਨਹੀਂ ਜਾਣੀਆਂ ਸਨ।
ਮੈਂ ਮਾਨਸਾ ਜਾ ਕੇ ਸਿੱਧਾ ਈਸ਼ਵਰ ਦਾਸ ਦੇ ਘਰ ਗਿਆ ਅਤੇ ਮੈਨੂੰ ਹੈਰਾਨੀ ਹੋਈ ਕਿ ਉਸ ਦੇ ਬਾਈ ਜੀ (ਪਿਤਾ), ਮਾਤਾ ਜੀ ਅਤੇ ਭੈਣਾਂ ਮੈਨੂੰ ਸਾਰੇ ਹੀ ਜਾਣਦੇ ਸਨ। ਉਨ੍ਹਾਂ ਨੇ ਮੈਨੂੰ ਰਹਿਣ ਲਈ ਹਰ ਸੁੱਖ ਨਾਲ ਭਰਿਆ ਇਕ ਕਮਰਾ ਦੇ ਦਿੱਤਾ। ਮੈਂ ਜਿੰਨੇ ਦਿਨ ਵੀ ਉੱਥੇ ਰਿਹਾ ਤਾਂ ਕਿਸੇ ਵੀ ਪਿੰਡ ਜਾਣ ਤੋਂ ਪਹਿਲਾਂ ਮਾਤਾ ਜੀ ਪਰੌਂਠੇ, ਦਹੀਂ, ਮੱਖਣ ਅਤੇ ਦੁੱਧ ਦੀ ਗੜ੍ਹਵੀ ਲੈ ਕੇ ਮੇਰੇ ਕੋਲ ਆ ਜਾਂਦੇ ਅਤੇ ਕਹਿੰਦੇ ਕਿ ਸਾਡੇ ਪਿੰਡਾਂ ਦੇ ਲੋਕ ਖਾਣ-ਪੀਣ ਲਈ ਬਹੁਤ ਦੇਣਗੇ, ਪਰ ਮੇਰੀ ਤਸੱਲੀ ਤਾਂ ਹੋਊਗੀ ਜੇ ਤੂੰ ਆਪਣਾ ਨਾਸ਼ਤਾ ਸਾਡੇ ਘਰੋਂ ਮੇਰੇ ਸਾਹਮਣੇ ਕਰਕੇ ਚੱਲੇਂ। ਜਦੋਂ ਮਾਨਸਾ-ਬਠਿੰਡਾ ਦੇ ਪਿੰਡਾਂ ਵਿਚ ਗਏ ਤਾਂ ਉੱਥੋਂ ਦੇ ਲੋਕਾਂ ਦੀ ਸੇਵਾ ਦੇਖ ਕੇ “ਭੂਆ” ਕਹਾਣੀ ਚੇਤੇ ਆ ਜਾਂਦੀ ਅਤੇ ਸ਼ਾਮ ਨੂੰ ਜਦੋਂ ਮੈਂ ਮਾਨਸਾ ਮੁੜਨ ਦੀ ਤਿਆਰੀ ਕਰਦਾ ਤਾਂ ਅਕਸਰ ਉਨ੍ਹਾਂ ਪਿੰਡਾਂ ਦੇ ਲੋਕ ਕਹਿੰਦੇ, “ਤੁਸੀਂ ਏਥੇ ਹੀ ਰਹੋ, ਰਾਤ ਨੂੰ ਮੁਰਗਾ ਬਣਾਵਾਂਗੇ ਅਤੇ ਤੁਹਾਡੀ ਹੋਰ ਸੇਵਾ (ਸ਼ਰਾਬ) ਵੀ ਕਰਾਂਗੇ।”
ਈਸ਼ਵਰ ਦਾਸ ਦੇ ਪਿੰਡ ਬੱਪੀਆਣੇ ਦਾ ਸਰਵੇਖਣ ਕਰਨ ਮੌਕੇ ਉਨ੍ਹਾਂ ਦੇ ਮਿੱਤਰ ਐਡਵੋਕੇਟ ਅਮਰੀਕ ਸਿੰਘ ਦੇ ਘਰ ਜਾਣ ਦਾ ਮੌਕਾ ਮਿਲਿਆ। 1981 ਤੋਂ ਲੈ ਕੇ ਹੁਣ ਤੱਕ ਜਦੋਂ ਵੀ ਬੱਪੀਆਣੇ ਜਾਂਦੇ ਰਹਿੰਦੇ ਹਾਂ ਤਾਂ ਕਿਸੇ ਗੂੜ੍ਹੀ ਰਿਸ਼ਤੇਦਾਰੀ ਦਾ ਅਹਿਸਾਸ ਹੁੰਦਾ ਹੈ।
ਇਸ ਸਰਵੇਖਣ ਦੌਰਾਨ ਇਕ ਦਿਨ ਮੈਂ ਬਠਿੰਡੇ ਦੇ ਨਜ਼ਦੀਕ ਪਿੰਡ ਬੀੜ-ਤਲਾਬ ਗਿਆ। ਉੱਥੋਂ ਦੇ ਇਕ ਵਾਸੀ ਜੀਤ ਸਿੰਘ ਨੇ ਮੇਰੀ ਬਹੁਤ ਮਦਦ ਕੀਤੀ। ਪੀਐੱਚ. ਡੀ. ਦੀ ਡਿਗਰੀ ਲਈ ਮੇਰਾ ਖੋਜ ਦਾ ਵਿਸ਼ਾ ਸੀਮਾਂਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਜੀਵਨ-ਸਤਰ ਨਾਲ ਸਬੰਧਿਤ ਸੀ। ਜਦੋਂ ਦੋ ਦਿਨਾਂ ਤੋਂ ਬਾਅਦ ਮੇਰਾ ਉਸ ਪਿੰਡ ਦਾ ਕੰਮ ਪੂਰਾ ਹੋ ਗਿਆ ਤਾਂ ਜੀਤ ਸਿੰਘ ਨੇ ਕਿਹਾ, ਮੈਂ ਇਕ ਪ੍ਰਸ਼ਨਾਵਲੀ ਉਨ੍ਹਾਂ ਦੇ ਪਰਿਵਾਰ ਬਾਰੇ ਵੀ ਭਰ ਲਵਾਂ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਪਰਿਵਾਰ ਕੀ ਕਰਦਾ ਹੈ? ਉਨ੍ਹਾਂ ਜਵਾਬ ਸੀ ਕਿ ਉਹ ਖੇਤ ਮਜ਼ਦੂਰ ਹਨ। ਪ੍ਰਸ਼ਨਾਵਲੀ ਦੇ ਇਕ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ 25 ਏਕੜ ਜ਼ਮੀਨ ਹੈ। ਉਨ੍ਹਾਂ ਦਾ ਇਹ ਜਵਾਬ ਸੁਣ ਕੇ ਮੈਂ ਬਹੁਤ ਉਦਾਸ ਹੋਇਆ ਕਿ ਸ਼ਾਇਦ ਜੀਤ ਸਿੰਘ ਨੂੰ ਭੁਲੇਖਾ ਹੈ ਕਿ ਮੈਂ ਕਿਸੇ ਸਰਕਾਰੀ ਮਦਦ ਦੇਣ ਲਈ ਵੇਰਵੇ ਇਕੱਠੇ ਕਰ ਰਿਹਾ ਹਾਂ। ਮੈਂ ਤੁਰੰਤ ਹੀ ਉਨ੍ਹਾਂ ਨੂੰ ਪੁੱਛ ਲਿਆ ਕਿ ਮੈਨੂੰ 25 ਏਕੜ ਜ਼ਮੀਨ ਅਤੇ ਖੇਤ ਮਜ਼ਦੂਰੀ ਦਾ ਸਬੰਧ ਸਮਝ ਨਹੀਂ ਆਇਆ। ਜੀਤ ਸਿੰਘ ਨੇ ਕਿਹਾ, ਬਾਕੀ ਦੀ ਪ੍ਰਸ਼ਨਾਵਲੀ ਦੇ ਸਵਾਲਾਂ ਬਾਰੇ ਆ ਕੇ ਗੱਲ ਕਰਾਂਗੇ, ਪਹਿਲਾਂ ਸਾਡਾ ਖੇਤ ਦੇਖ ਲਵੋ। ਖੇਤ ਦੇਖਣ ਤੋਂ ਪਤਾ ਲੱਗਿਆ ਕਿ ਉਹ ਤਾਂ ਅਸਮਾਨ ਨੂੰ ਲੱਗਦਾ ਇਕ ਟਿੱਬਾ ਸੀ, ਜਿਸ ਵਿਚ ਕੋਈ ਵੀ ਜਿਨਸ ਹੋ ਹੀ ਨਹੀਂ ਸਕਦੀ ਸੀ। ਇਸ ਤੱਥ ਨੂੰ ਜਾਣਨ ਤੋਂ ਬਾਅਦ ਮੈਨੂੰ ਉਨ੍ਹਾਂ ਦੁਆਰਾ ਕੀਤੀ ਗਈ ਮਦਦ ਦਾ ਅਹਿਸਾਸ ਹੋਰ ਡੂੰਘਾ ਅਤੇ ਉਨ੍ਹਾਂ ਦੀ ਇਮਾਨਦਾਰੀ ਉੱਤੇ ਮਾਣ ਮਹਿਸੂਸ ਹੋਇਆ।
ਬੀੜ-ਤਲਾਬ ਵਿਚ ਜਦੋਂ ਮੈਂ ਖੇਤ ਮਜ਼ਦੂਰਾਂ ਦੇ ਘਰਾਂ ਦਾ ਸਰਵੇਖਣ ਕਰ ਰਿਹਾ ਸੀ ਤਾਂ ਉਸ ਸਮੇਂ ਇਕ ਬਜ਼ੁਰਗ ਮੇਰੇ ਲਈ ਚਾਹ ਦੀ ਇਕ ਗੜਬੀ ਲੈ ਕੇ ਆਇਆ ਅਤੇ ਉਨ੍ਹਾਂ ਨੇ ਮੈਨੂੰ ਪੀਣ ਲਈ ਕਿਹਾ। ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਮੈਂ ਪੂਰੀ ਗੜਬੀ ਤਾਂ ਨਹੀਂ, ਪਰ ਉਸ ਵਿਚੋਂ ਇਕ ਬਾਟੀ ਜ਼ਰੂਰ ਪੀਵਾਂਗਾ। ਜਦੋਂ ਮੈਂ ਚਾਹ ਦੀ ਪਹਿਲੀ ਘੁੱਟ ਭਰੀ ਤਾਂ ਬੁੱਲਾਂ ਤੋਂ ਗਲ ਤੱਕ ਚਾਹ ਦੇ ਬਹੁਤ ਹੀ ਨਿੱਕੇ ਜਿਹੇ ਸਫਰ ਦੌਰਾਨ ਮੈਨੂੰ ਲੱਗਿਆ ਕਿ ਬਾਕੀ ਦੀ ਚਾਹ ਮੈਨੂੰ ਡੋਲ੍ਹ ਦੇਣੀ ਚਾਹੀਦੀ ਹੈ, ਕਿਉਂਕਿ ਚਾਹ ਵਿਚ ਵਰਤਿਆ ਗਿਆ ਗੁੜ੍ਹ ਕਿਸੇ ਧਰਤੀ ਹੇਠਲੇ ਸਲੂਣੇ ਪਾਣੀ ਵਾਲੀ ਜ਼ਮੀਨ ਦਾ ਅਤੇ ਚਾਹ-ਪੱਤੀ ਬਹੁਤ ਨੀਵੇਂ ਮਿਆਰ ਦੀ ਅਤੇ ਦੁੱਧ ਸਿਰਫ ਰੰਗ ਵਟਾਉਣ ਲਈ ਹੀ ਵਰਤਿਆ ਗਿਆ ਸੀ। ਜੇ ਮੈਂ ਚਾਹ ਡੋਲ੍ਹ ਵੀ ਦਿੰਦਾ ਤਾਂ ਸ਼ਾਇਦ ਉਸ ਬਜ਼ੁਰਗ ਨੂੰ ਪਤਾ ਨਾ ਲੱਗਦਾ, ਕਿਉਂਕਿ ਉਨ੍ਹਾਂ ਨੂੰ ਦਿਸਦਾ ਨਹੀਂ ਸੀ ਅਤੇ ਧਰਤੀ ਵੀ ਰੇਤੇ ਵਾਲੀ ਸੀ; ਪਰ ਪਲ ਦੇ ਪਲ ਉਸ ਬਜ਼ੁਗਰ ਦੀ ਸੇਵਾ-ਭਾਵਨਾ ਅਤੇ ਖੇਤ ਮਜ਼ਦੂਰਾਂ ਦੇ ਖਾਣ-ਪੀਣ ਦੇ ਮਿਆਰ ਨੂੰ ਝੂਠੀਆਂ ਜਰਬਾਂ ਦੇਣ ਦੀ ਥਾਂ ਅਸਲੀਅਤ ਵਿਚ ਸਮਝਣ ਲਈ ਮੈਂ ਬਾਟੀ ਵਿਚਲੀ ਸਾਰੀ ਚਾਹ ਪੀਤੀ ਅਤੇ ਉਨ੍ਹਾਂ ਹਾਸ਼ੀਏ ਉੱਪਰਲੇ ਲੋਕਾਂ ਦੁਆਰਾ ਝੱਲੇ ਜਾਂਦੇ ਤਸੀਹਿਆਂ ਨੂੰ ਸਮਝਿਆ।
ਬਠਿੰਡਾ ਸ਼ਹਿਰ ਵਿਚ ਰਹਿੰਦਿਆਂ ਜਦੋਂ ਕਿਸੇ ਘਰ ਵਰਤਣ ਵਾਲੇ ਸਮਾਨ ਦੀ ਲੋੜ ਹੁੰਦੀ ਤਾਂ ਧੋਬੀ ਬਾਜ਼ਾਰ ਜਾਂਦੇ। ਉੱਥੋਂ ਦੇ ਦੁਕਾਨਦਾਰਾਂ ਦਾ ਵਰਤਾਅ ਦੇਖ ਕੇ ਪਿੰਡਾਂ-ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਵਿਹਾਰ ਵਿਚ ਵਖਰੇਵੇਂ ਬਾਰੇ ਵਿਚਾਰ ਬਿਲਕੁਲ ਖਤਮ ਹੋ ਜਾਂਦੇ। ਜਦੋਂ ਕੋਈ ਸਮਾਨ ਲੈਣ ਲਈ ਮੋਹਨ ਰਾਮ ਦੀ ਦੁਕਾਨ ਉੱਤੇ ਜਾਣਾ ਤਾਂ ਮੋਹਨ ਰਾਮ ਦਾ ਸਵਾਲ ਹੁੰਦਾ ਸੀ, ਇਹ ਵਸਤ ਤੁਸੀਂ ਕੀ ਕਰਨੀ ਹੈ? ਜਵਾਬ ਮਿਲਣ `ਤੇ ਉਨ੍ਹਾਂ ਨੇ ਕਹਿਣਾ ਕਿ ਤੁਹਾਨੂੰ ਇਹ ਵਸਤ ਨਹੀਂ ਚਾਹੀਦੀ। ਤੁਹਾਡੀ ਲੋੜੀਂਦੀ ਵਸਤ ਚਾਰ ਦੁਕਾਨਾਂ ਛੱਡ ਕੇ ਮੋਹਨ ਸਿੰਘ ਦੀ ਦੁਕਾਨ ਤੋਂ ਮਿਲੇਗੀ। ਉੱਥੋਂ ਦੇ ਸ਼ਹਿਰੀ ਦੁਕਾਨਦਾਰਾਂ ਵਿਚ ਕੋਈ ਧਰਮਾਂ ਅਤੇ ਜਾਤਾਂ ਬਾਰੇ ਜਾਨੂੰਨੀ ਭਾਵਨਾ ਨਹੀਂ, ਉਨ੍ਹਾਂ ਲਈ ਖਪਤਕਾਰ ਦੇ ਹਿੱਤ ਪ੍ਰਮੁੱਖ ਹਨ।
ਬਠਿੰਡੇ ਵਿਚ ਅਧਿਆਪਨ ਦਾ ਕੰਮ ਕਰਦੇ ਸਮੇਂ ਉਥੋਂ ਦੇ ਵਿਦਿਆਰਥੀਆਂ ਵਿਚ ਸਿੱਖਣ ਅਤੇ ਅੱਗੇ ਵਧਣ ਦੀ ਰੁਚੀ, ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨਾਲ ਮਾਪਿਆਂ ਵਰਗਾ ਵਰਤਾਅ ਬਹੁਤ ਹੀ ਸ਼ਲਾਘਾਯੋਗ ਸੀ। ਉੱਥੋਂ ਦੇ ਵਿਦਿਆਰਥੀਆਂ ਵੱਲੋਂ ਦਿੱਤਾ ਗਿਆ ਸਤਿਕਾਰ ਹਮੇਸ਼ਾ ਚੇਤੇ ਰਹੇਗਾ ਅਤੇ ਉਹ ਵਿਦਿਆਰਥੀ ਸਾਡੇ ਵੱਡੇ ਪਰਿਵਾਰ ਦੇ ਨੇਕ ਜੀਅ ਬਣੇ ਰਹਿਣਗੇ।
ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਬਠਿੰਡਾ ਪੜ੍ਹਾਉਣ ਸਮੇਂ ਕਈ ਘਰਾਂ ਵਿਚ ਕਿਰਾਏ ਉੱਪਰ ਰਹੇ ਅਤੇ ਉਨ੍ਹਾਂ ਘਰਾਂ ਦੀ ਚੰਗੀਆਂ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ। ਇਨ੍ਹਾਂ ਘਰਾਂ ਵਿਚੋਂ ਇਕ ਘਰ ਬੱਸ ਸਟੈਂਡ ਦੇ ਨਜ਼ਦੀਕ ਨੱਥਾ ਸਿੰਘ ਵਾਲੀ ਗਲੀ ਵਿਚ ਸ. ਆਤਮ ਸਿੰਘ ਸਮਾਘ ਹੋਣਾ ਦਾ ਹੈ। ਉਸ ਘਰ ਵਿਚ ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਵੀਰ ਸਿੰਘ ਚਹਿਲ ਅਤੇ ਮੈਂ ਇਕੱਠੇ ਰਹਿੰਦੇ ਸਾਂ। ਉਸ ਘਰ ਵਿਚ ਲੰਮਾ ਸਮਾਂ ਰਹਿਣ ਦੌਰਾਨ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਅਸੀਂ ਕਿਸੇ ਦੇ ਮਕਾਨ ਵਿਚ ਕਿਰਾਏ ਉੱਪਰ ਰਹਿੰਦੇ ਹਾਂ, ਕਿਉਂਕਿ ਜਿੰਨਾ ਕਿਰਾਇਆ ਅਸੀਂ ਦਿੰਦੇ ਸਾਂ, ਉਸ ਤੋਂ ਕਿਤੇ ਵੱਧ ਉਸ ਸਾਡੀ ਸੇਵਾ ਰੋਟੀ-ਪਾਣੀ, ਪੰਜੀਰੀ-ਖੋਏ ਅਤੇ ਹੋਰ ਅਨੇਕਾਂ ਤਰ੍ਹਾਂ ਕਰ ਦਿੰਦੇ ਸਨ।
ਜਦੋਂ 1987 ਦੇ ਆਖੀਰ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲੈਕਚਰਾਰ ਦੀ ਮੇਰੀ ਚੋਣ ਹੋ ਗਈ ਤਾਂ ਪੂਰੇ ਸਮਾਘ ਪਰਿਵਾਰ ਨੇ ਸਾਨੂੰ ਚਾਹ-ਪਾਰਟੀ ਲਈ ਬੁਲਾਇਆ। ਸ. ਆਤਮਾ ਸਿੰਘ ਸਮਾਘ ਨੂੰ ਅਸੀਂ ਪਾਪਾ ਜੀ ਅਤੇ ਉਨ੍ਹਾਂ ਦੀ ਪਤਨੀ ਨੂੰ ਬੀਬੀ ਜੀ (ਮਾਂ) ਆਖਦੇ। ਚਾਹ-ਪਾਰਟੀ ਦੌਰਾਨ ਮੈਂ ਪਾਪਾ ਜੀ ਤੋਂ ਪੁੱਛਿਆ ਕਿ ਤੁਸੀਂ ਇੰਨੇ ਚੰਗੇ ਕਿਉਂ ਹੋ? ਉਨ੍ਹਾਂ ਨੇ ਜਵਾਬ ਦਿੱਤਾ ਕਿ ਸਹਿਕਾਰੀ ਬੈਂਕ ਵਿਚ ਮੈਨੇਜਰ ਦੀ ਨੌਕਰੀ ਕਰਨ ਦੌਰਾਨ ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਕਿਰਾਏ ਉੱਪਰ ਮਕਾਨਾਂ ਵਿਚ ਰਹਿ ਕੇ ਹੰਢਾਏ ਮਾੜੇ ਵਰਤਾਅ ਨੂੰ ਆਪਣੇ ਘਰ ਰੋਕਣਾ ਚਾਹੁੰਦੇ ਹਨ ਅਤੇ ਉਹ ਬਠਿੰਡੇ ਵਾਲੇ ਹਨ। ਮਾਨਸਾ-ਬਠਿੰਡਾ ਨਾਲ ਜੁੜੀਆਂ ਯਾਦਾਂ ਅਤੇ ਡਾ. ਧਰਮਪਾਲ ਦੁਆਰਾ ਬੰਦੇ ਤੋਂ ਇਨਸਾਨ ਬਣਨ ਲਈ ਦਿੱਤੇ ਗਏ ਸੁਝਾਅ ਅੱਜ ਦੇ ਬੇਲੋੜੇ ਨਿੱਜਵਾਦ ਅਤੇ ਤਿੱਖੇ ਪਦਾਰਥਵਾਦ ਦੀਆਂ ਕੁਰੀਤੀਆਂ/ਮਾਰਾਂ ਤੋਂ ਬਚਣ ਵਿਚ ਬਹੁਤ ਸਹਾਈ ਹੁੰਦੇ ਰਹਿਣਗੇ।