ਪੰਜਾਬ

ਅਵਤਾਰ ਸਿੰਘ
ਫੋਨ: 91-94175-18384
ਅੱਜ ਕੱਲ੍ਹ ਪੰਜਾਬ ਵਿਚ ਸਿਆਸੀ ਅਫਰਾ-ਤਫਰੀ (ਇਫਰਾਤ-ਤਫਰੀਤ), ਹੜਬੜੀ ਤੇ ਖਲਬਲੀ ਮਚੀ ਹੋਈ ਹੈ ਕਿ ਕੁਝ ਵੀ ਕਹਿਣਾ ਮੁਸ਼ਕਿਲ ਹੋਇਆ ਪਿਆ ਹੈ। ਸਾਡਾ ਸਾਰਾ ਪੰਜਾਬ ਅਜੀਬ ਕਿਸਮ ਦੇ ਸ਼ਸ਼ੋਪੰਜ ਵਿਚ ਹੈ। ਆਮ ਬੰਦੇ ਦੀ ਹਾਲਤ ਇਸ ਤਰ੍ਹਾਂ ਦੀ ਹੈ, ਜਿਵੇਂ ਉਹ ਹੁੰਦਾ ਹੀ ਨਹੀਂ। ਆਮ ਇਨਸਾਨ ਦੀ ਇਹ ਹਾਲਤ ਹੋਵੇ ਤਾਂ ਬਹੁਤੀ ਬੜੀ ਗੱਲ ਨਹੀਂ ਹੁੰਦੀ; ਬੰਦਾ ਤਾਂ ਇਸੇ ਕਰਕੇ ਆਮ ਹੁੰਦਾ ਹੈ, ਕਿਉਂਕਿ ਉਹਦੀ ਹਾਲਤ ਹਮੇਸ਼ਾ ਹੀ ਇਹੋ ਜਿਹੀ ਰਹਿੰਦੀ ਹੈ, ਜਿਵੇਂ ਉਹ ਹੁੰਦਾ ਹੀ ਨਹੀਂ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਪੜ੍ਹੇ-ਲਿਖੇ, ਸੂਝਵਾਨ ਤੇ ਸੰਵੇਦਨਸ਼ੀਲ ਵਿਦਵਾਨ ਵੀ ਇਸੇ ਹਾਲਤ ਵਿਚੋਂ ਗੁਜ਼ਰ ਰਹੇ ਹਨ, ਜਿਵੇਂ ਉਹ ਹੁੰਦੇ ਹੀ ਨਹੀਂ।

ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਪੰਜਾਬ ਵਿਚ ਬੌਧਿਕਤਾ ਤੇ ਵਿਦਵਤਾ ਦਾ ਕਾਲ ਪੈ ਗਿਆ ਹੈ, ਪਰ ਇਹ ਗੱਲ ਜ਼ਰੂਰ ਹੋ ਸਕਦੀ ਹੈ ਕਿ ਜਾਂ ਤਾਂ ਵਿਦਵਾਨਾਂ ਦੀ ਕੋਈ ਸੁਣਦਾ ਨਹੀਂ ਜਾਂ ਉਹ ਸ਼ਾਇਦ ਇਸੇ ਕਰਕੇ ਚੁੱਪ ਹਨ ਕਿ ਉਨ੍ਹਾਂ ਦੀ ਕੋਈ ਸੁਣਦਾ ਨਹੀਂ। ਜੇ ਇਹ ਗੱਲ ਠੀਕ ਹੈ ਤਾਂ ਸਾਡੇ ਚੁੱਪ ਵਿਦਵਾਨ ਵੀ ਠੀਕ ਹਨ। ਭਲਾ ਜਿੱਥੇ ਕੋਈ ਸੁਣਨ ਵਾਲਾ ਹੀ ਨਾ ਹੋਵੇ, ਉੱਥੇ ਕੋਈ ਬੋਲੇ ਵੀ ਕਿਉਂ?
ਪੰਜਾਬ ਇਸ ਵਕਤ ਘੋਰ ਸੰਕਟ ਵਿਚ ਘਿਰਿਆ ਹੋਇਆ ਹੈ। ਹੋਰ ਮੁਸ਼ਕਿਲ ਗੱਲ ਇਹ ਹੈ ਕਿ ਪੰਜਾਬ ਦਾ ਸੰਕਟ ਵੀ ਬਹੁ-ਪਰਤੀ ਹੈ। ਇਕ ਪਰਤ ਦਾ ਹੱਲ ਦੂਜੀ ਪਰਤ ਲਈ ਉਜਾੜੇ ਦਾ ਕਾਰਨ ਬਣਦਾ ਹੈ ਤੇ ਪੰਜਾਬ ਦਾ ਇਤਿਹਾਸ ਇਸੇ ਤਰ੍ਹਾਂ ਪਰਤ ਦਰ ਪਰਤ ਚੱਲਦਾ ਆ ਰਿਹਾ ਹੈ। ਪੰਜਾਬ ਦੇ ਹਰੇ ਇਨਕਲਾਬ ਨੇ ਬਾਕੀ ਦੇ ਤਮਾਮ ਇਨਕਲਾਬ ਟਿੱਡੀ-ਦਲ ਦੀ ਤਰ੍ਹਾਂ ਚਟਮ ਕਰ ਦਿੱਤੇ ਹਨ।
ਅਸੀਂ ਹਮੇਸ਼ਾ ਕਾਹਲੀ ਤੋਂ ਕੰਮ ਲਿਆ। ਦੀਰਘ ਵਿਚਾਰ ਵਿਮਰਸ਼ ਸਾਡੇ ਸੁਭਾਓ ਦਾ ਹਿੱਸਾ ਨਹੀਂ ਹੋ ਸਕਿਆ। ਕਾਹਲੀ ਦੇ ਖੱਡਿਆਂ ਵਿਚ ਅਸੀਂ ਅਣਗਿਣਤ ਠੇਡੇ ਖਾ ਚੁਕੇ ਹਾਂ। ਹੁਣ ਇਸ ਹਾਲਤ ਵਿਚ ਦੀਰਘ ਬੌਧਿਕਤਾ ਤੇ ਵਿਸ਼ਾਲ ਵਿਦਵਤਾ ਤੋਂ ਬਿਨਾ ਸਾਡੇ ਕੋਲ ਕੋਈ ਚਾਰਾ ਨਹੀਂ ਰਿਹਾ।
ਪੰਜਾਬ ਨੂੰ ਇਸ ਹਾਲਤ ਵਿਚੋਂ ਬਾਹਰ ਕੱਢਣ ਲਈ ਹਮੇਸ਼ਾ ਹੀ ਅਨੋਭੜ, ਅਨਾੜੀ ਤੇ ਅਨਪੜ੍ਹ ਲੋਕ ਅੱਗੇ ਹੋ ਜਾਂਦੇ ਹਨ ਤੇ ਪੜ੍ਹੇ-ਲਿਖੇ ਲੋਕਾਂ ਤੋਂ ਤਵੱਕੋ ਰੱਖਦੇ ਹਨ ਕਿ ਉਹ ਅਜਿਹੇ ਨਾਮਾਕੂਲ ਲੋਕਾਂ ਦੀ ਨਾਲਾਇਕੀ ਨੂੰ ਪਿੱਛਿਓਂ ਧੱਕਾ ਲਾਉਣ ਜਾਂ ਘਰੇ ਬਹਿ ਕੇ ਬਸ ਤਾੜੀਆਂ ਮਾਰਨ ਤੇ ਖੁਸ਼ ਹੋਣ।
ਇਸ ਹਾਲਤ ਵਿਚ ਸੂਖਮ ਬੁੱਧ ਵਿਦਵਾਨ ਤਾੜੀ ਮਾਰਨ ਦੀ ਥਾਂ ਤਾੜੀ ਲਾ ਕੇ ਸੁੰਨ ਮੁਦਰਾ ਵਿਚ ਬਹਿ ਜਾਂਦੇ ਹਨ ਤੇ ਦੂਸਰੇ ਟੱਪ ਟੱਪ ਕੇ ਤਾੜੀਆਂ ਮਾਰਨ ਵਿਚ ਮਸ਼ਰੂਫ ਹੋ ਜਾਂਦੇ ਹਨ। ਪੰਜਾਬ ਵਿਚ ਅੱਜ ਕੱਲ੍ਹ ਤਾੜੀ ਮਾਰਕਾ ਵਿਦਵਤਾ ਤੇ ਵਿਦਵਾਨਾਂ ਦੀ ਭਰਮਾਰ ਹੈ। ਸਾਰੇ ਪਾਸੇ ਤਾੜੀਆਂ ਹੀ ਸੁਣਨ ਨੂੰ ਮਿਲਦੀਆਂ ਹਨ। ਸੂਝਵਾਨ, ਸਚਿਆਰੇ ਤੇ ਸੰਵੇਦਨਸ਼ੀਲ ਵਿਦਵਾਨ ਤਾੜੀ ਲਾਈ ਚੁਮਾਸੇ ਕੱਟ ਰਹੇ ਹਨ।
ਦੇਖਿਆ ਗਿਆ ਹੈ ਕਿ ਪੰਜਾਬ ਵਿਚ ਜਦ ਵੀ ਕੋਈ ਸਿਆਸੀ ਹਰਕਤ ਹੁੰਦੀ ਹੈ ਤਾਂ ਸਾਡੀਆਂ ਅਖਬਾਰਾਂ ਪੱਬਾਂ ਭਾਰ ਹੋ ਜਾਂਦੀਆਂ ਹਨ, ਪੱਤਰਕਾਰਾਂ ਦੇ ਪੈਰ ਭਾਰੇ ਹੋ ਜਾਂਦੇ ਹਨ, ਸੋਸ਼ਲ ਮੀਡੀਏ ‘ਚ ਭਗਦੜ ਮਚ ਜਾਂਦੀ ਹੈ ਤੇ ਲੋਕਾਂ ‘ਚ ਹਲਚਲ ਹੋਣ ਲੱਗਦੀ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੈ, “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ” ਅਰਥਾਤ ਅੰਨ੍ਹੀ ਅਤੇ ਅਨਪੜ੍ਹ ਪਰਜਾ ਨੇ ਸਿਆਸੀ ਮੁੱਦਿਆਂ ਨੂੰ ਭਖਦੇ, ਮਘਦੇ ਜਾਂ ਦਗਦੇ ਰੱਖਣ ਲਈ ਹਮੇਸ਼ਾ ਬਾਲਣ ਹੀ ਬਣਨਾ ਹੁੰਦਾ ਹੈ। ਜਿਸ ਸਮਾਜ ਦੇ ਸਿਆਣੇ ਲੋਕ ਭੋਰਿਆਂ ‘ਚ ਵੜ ਕੇ ਤਾੜੀ ਲਾ ਲੈਣ ਉਸ ਸਮਾਜ ਜਾਂ ਪਰਜਾ ਨੇ ਸਿਰਫ ਬਾਲਣ ਦੇ ਕੰਮ ਹੀ ਆਉਣਾ ਹੁੰਦਾ ਹੈ।
ਇਸੇ ਕਰਕੇ ਅੱਜ ਕੱਲ੍ਹ ਅਸੀਂ ਪੰਜਾਬੀ ਲੋਕ ਸਿਰਫ ਬਾਲਣ ਦੇ ਕੰਮ ਆਉਂਦੇ ਹਾਂ। ਬਾਲਣ ਵੀ ਟਾਲ੍ਹੀ ਦੇ ਮੋਛੇ ਵਾਲਾ ਨਹੀਂ ਕਿ ਜਿਹਨੂੰ ਥੋੜ੍ਹੇ ਕੀਤੇ ਅੱਗ ਪਵੇ ਨਾ ਤੇ ਜੇ ਪਵੇ ਤਾਂ ਥੋੜ੍ਹੇ ਕੀਤੇ ਬੁਝੇ ਨਾ। ਅਸੀਂ ਤਾਂ ਖੋਰੀ ਹਾਂ, ਜਿਹਨੂੰ ਅੱਗ ਦੇ ਫਲੂਹੇ ਦੇ ਨੇੜੇ ਆਉਂਦੇ ਹੀ ਬਲੂੰਬੇ ਉੱਠਦੇ ਹਨ ਤੇ ਅਗਲੇ ਪਲ ਅਸੀਂ ਬੁਝ ਕੇ ਰਾਖ ਬਣੇ ਹੁੰਦੇ ਹਾਂ। ਸਾਡਾ ਕੰਮ ਹੁਣ ਏਨਾ ਹੀ ਰਹਿ ਗਿਆ ਹੈ, ਬਸ ਭੜਕਣਾ, ਭੁੜਕਣਾ ਤੇ ਭੁੜਕ ਭੁੜਕ ਕੇ ਡਿਗਣਾ। ਸਹਿਜ, ਸੂਝ ਤੇ ਸੰਵੇਦਨਸ਼ੀਲਤਾ ਸਾਡੇ ਕੋਲੋਂ ਕੋਹਾਂ ਦੂਰ ਰਹਿੰਦੀ ਹੈ। ਇਸ ਹਾਲ ਵਿਚ ਕੋਈ ਉਮੀਦ ਨਹੀਂ ਹੈ। ਵਿਦਵਾਨ ਮੂੰਹ ਖੋਲ੍ਹਣਗੇ ਤਾਂ ਗੱਲ ਬਣੇਗੀ, ਨਹੀਂ ਤਾਂ ਜੋ ਹੈ, ਸੋ ਹੈ। ਪੰਜਾਬ ਨਿੱਤ ਗਰਕ ਰਿਹਾ ਹਾਂ। ਪ੍ਰਗਤੀ ਨੂੰ ਪਿਛਾਂਹ ਖਿਚੀ ਖਾ ਰਹੀ ਹੈ। ਸੁਹਜ ਨੂੰ ਕੁਹਜ ਨਿਗਲ ਰਿਹਾ ਹੈ। ਚੰਗੇ ਨੂੰ ਮੰਦੇ ਬਰਬਾਦ ਕਰ ਰਹੇ ਹਨ। ਸੱਚ ਨੂੰ ਝੂਠ ਖਾ ਰਿਹਾ ਹੈ। ਨਕਲ ਨੇ ਅਕਲ ਦੀ ਥਾਂ ਲੈ ਲਈ ਹੈ ਤੇ ਧਰਮ ਦੀ ਥਾਂ ਅਧਰਮ ਦਾ ਬੋਲ ਬਾਲਾ ਹੋ ਗਿਆ ਹੈ। ਹੁਣ ਪੰਜਾਬ ਪੰਜਾਬ ਨਹੀਂ ਰਿਹਾ। ਪੁੰਨ ਦੇ ਨਾਂ ‘ਤੇ ਵੱਸਦਾ ਰਸਦਾ ਪੰਜਾਬ ਪਾਪ ਦਾ ਪਰਿਆਇ ਹੋ ਗਿਆ ਹੈ।