ਗੁਲਜ਼ਾਰ ਸਿੰਘ ਸੰਧੂ
ਮੇਰੀ ਪੁਆਧ ਵਾਲੀ ਮਾਸੀ ਦਾ ਭਤੀਜਾ ਮਨਮੋਹਨ ਸਿੰਘ ਢਿੱਲੋਂ ਵੀ ਪੱਤਰਕਾਰੀ ਕਰਦਾ ਹੈ। ਉਸ ਦਾ ਪਿੰਡ ਡੇਰਾ ਬਸੀ ਦੇ ਨੇੜੇ ਸੰੁਢਰਾਂ ਖੇੜੀ ਹੈ, ਪਰ ਰੋਜ਼ੀ ਰੋਟੀ ਕਾਰਨ ਅੰਮ੍ਰਿਤਸਰ ਰਹਿ ਰਿਹਾ ਹੈ। ਉਸ ਦੇ ਬੱਚੇ ਆਸਟ੍ਰੇਲੀਆ ਦੇ ਵਸਨੀਕ ਹੋ ਚੁਕੇ ਹਨ। ਬੱਚਿਆਂ ਦੇ ਜਾਣੂ ਤੇ ਮਿੱਤਰ ਭਾਰਤ ਆਉਂਦੇ ਹਨ ਤਾਂ ਮਨਮੋਹਨ ਨੂੰ ਮਿਲੇ ਬਿਨਾ ਨਹੀਂ ਜਾਂਦੇ। ਉਹ ਮਹਿਮਾਨਾਂ ਦੀ ਚੰਗੀ ਦੇਖ-ਭਾਲ ਕਰਦਾ ਹੈ।
ਇੱਕ ਆਸਟ੍ਰੇਲੀਅਨ ਪਤੀ-ਪਤਨੀ ਤੇ ਉਨ੍ਹਾਂ ਦੀ ਸਹੇਲੀ ਅੰਮ੍ਰਿਤਸਰ ਆਈਆਂ ਤਾਂ ਮਨਮੋਹਨ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਲੈ ਗਿਆ। ਉਹ ਇਥੋਂ ਹਰਿਮੰਦਰ ਦੀ ਨਿਰਮਾਣ ਕਲਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸੂਚਨਾ ਕੇਂਦਰ ਵਾਲਿਆਂ ਨੂੰ ਪੱੁਛਣ ਲੱਗੇ ਕਿ ਕੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਵਾਲਿਆਂ ਦੇ ਵੀ ਹੱਥ ਕੱਟ ਦਿੱਤੇ ਗਏ ਸਨ? ਉਨ੍ਹਾਂ ਨੇ ਇਹ ਸਵਾਲ ਕਿਉਂ ਕੀਤਾ ਇਹਦੇ ਵੱਲ ਵੀ ਆਉਂਦੇ ਹਾਂ, ਪਹਿਲਾਂ ਹੋਰ ਗੱਲਾਂ ਕਰ ਲਈਏ।
ਮਨਮੋਹਨ ਸਿੰਘ ਨੇ ਆਸਟ੍ਰੇਲੀਅਨ ਮਹਿਮਾਨਾਂ ਨੂੰ ਮੋਟੀ ਮੋਟੀ ਜਾਣਕਾਰੀ ਤਾਂ ਪਹਿਲਾਂ ਹੀ ਦੇ ਛੱਡੀ ਸੀ, ਪਰ ਅਸਲ ਜਾਣਕਾਰੀ ਸੂਚਨਾ ਕੇਂਦਰ ਦੇ ਸੂਚਨਾ ਅਧਿਕਾਰੀ ਨੇ ਦਿੱਤੀ। ਸਿੱਖ ਗੁਰੂ ਸਾਹਿਬਾਨ ਦੀ ਪਹੰੁਚ ਅਤੇ ਮਰਿਆਦਾ ਸਮੇਤ ਮਹਾਰਾਜਾ ਰਣਜੀਤ ਸਿੰਘ ਦੇ ਯੋਗਦਾਨ ਅਤੇ ਇੱਥੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੇ ਧਰਮ ਨਿਰਪੱਖ ਹੋਣ ਦੀ ਗੱਲ ਵੀ ਹੋਈ ਤੇ ਸਾਂਝੇ ਲੰਗਰ ਦੀ ਵੀ। ਮਹਿਮਾਨਾਂ ਨੇ ਫਰਸ਼ ’ਤੇ ਬਹਿ ਕੇ ਸੰਗਤਾਂ ਨਾਲ ਲੰਗਰ ਛਕਿਆ, ਜਿਸ ਦੇ ਪੈਸੇ ਦੇਣ ਦਾ ਸਵਾਲ ਹੀ ਨਹੀਂ ਸੀ। ਉਨ੍ਹਾਂ ਨੂੰ ਇਥੋਂ ਦੇ ਸਰੋਵਰ ਤੇ ਚਾਰ ਦਰਵਾਜ਼ਿਆਂ ਦਾ ਮਹੱਤਵ ਵੀ ਦੱਸਿਆ ਗਿਆ। ਕੋਈ ਦਾਖਲਾ ਟਿਕਟ ਨਹੀਂ ਖਰੀਦਣੀ ਪਈ। ਇਥੇ ਹੀ ਬੱਸ ਨਹੀਂ, ਤੁਰਨ ਲੱਗਿਆ ਉਨ੍ਹਾਂ ਦਾ ਪ੍ਰਸ਼ਾਦ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਹ ਗਦ ਗਦ ਹੋ ਉਠੇ।
ਮਨਮੋਹਨ ਢਿੱਲੋਂ ਦੇ ਤਿੰਨੋਂ ਮਹਿਮਾਨ ਤਿੰਨ ਦਿਨ ਅੰਮ੍ਰਿਤਸਰ ਰਹੇ। ਉਹ ਹਰ ਰੋਜ਼ ਆਪਣੇ ਹੋਟਲ ਤੋਂ ਤਿਆਰ ਹੋ ਕੇ ਅੰਮ੍ਰਿਤਸਰ ਦੇ ਇਤਿਹਾਸਕ ਸਥਾਨ ਵੇਖਣ ਤੁਰ ਜਾਂਦੇ, ਪਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਹਿਣਾ, ਕੀਰਤਨ ਸੁਣਨਾ (ਭਾਵੇਂ ਉਨ੍ਹਾਂ ਨੂੰ ਸਮਝ ਨਹੀਂ ਸੀ ਆਉਂਦਾ) ਤੇ ਵੇਲੇ ਸਿਰ ਲੰਗਰ ਛਕਣਾ ਨਾ ਖੰੁਝਾਉਂਦੇ।
ਤੁਰਨ ਲੱਗਿਆਂ ਮਨਮੋਹਨ ਸਿੰਘ ਦਾ ਸ਼ੁਕਰਾਨਾ ਕਰਦੇ ਸਮੇਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰਿਮੰਦਰ ਫੇਰੀ ਤੋਂ ਇਕ ਅਦਭੁਤ ਸਕੂਨ ਮਿਲਦਾ ਸੀ। ਇਥੇ ਆਉਣ ਵਾਲਿਆਂ ਉੱਤੇ ਕੋਈ ਧਾਰਮਿਕ ਪਾਬੰਦੀ ਨਹੀਂ ਸੀ। ਕਿਸੇ ਵੀ ਧਰਮ ਦਾ ਬੰਦਾ ਆ-ਜਾ ਸਕਦਾ ਸੀ। ਕੋਈ ਟਿਕਟ ਨਹੀਂ ਸੀ ਲਗਦੀ।
ਉਹ ਇੱਥੇ ਆਉਣ ਤੋਂ ਪਹਿਲਾਂ ਆਗਰਾ ਦਾ ਤਾਜ ਮਹੱਲ ਵੇਖ ਕੇ ਆਏ ਸਨ। ਤਾਜ ਮਹੱਲ ਵੇਖਣ ਗਿਆਂ ਉਨ੍ਹਾਂ ਤੋਂ ਵਿਦੇਸ਼ੀ ਹੋਣ ਕਾਰਨ ਦਾਖਲਾ ਟਿਕਟਾਂ ਦੇ ਪੈਸੇ ਭਾਰਤੀਆਂ ਦੀ ਟਿਕਟ ਨਾਲੋਂ ਕਈ ਗੁਣਾ ਵਧ ਮੰਗੇ ਗਏ ਸਨ। ਇਸ ਨੂੰ ਉਸਾਰਨ ਵਾਲਿਆਂ ਦੇ ਹੱਥ ਕੱਟੇ ਜਾਣ ਦੀ ਗੱਲ ਉਥੋਂ ਦੇ ਗਾਈਡ ਨੇ ਕਹੀ ਸੀ, ਪੂਰਾ ਮਿਰਚ ਮਸਾਲਾ ਲਾ ਕੇ। ਉਸਾਰੀ ਤੋਂ ਪਿਛੋਂ ਉਸਰਈਆਂ ਦੇ ਹੱਥ ਇਸ ਲਈ ਕੱਟ ਦਿੱਤੇ ਗਏ ਸਨ ਕਿ ਉਹ ਇਸ ਤਰ੍ਹਾਂ ਦੀ ਵਧੀਆ ਤੇ ਕਲਾਤਮਕ ਉਸਾਰੀ ਮੁੜ ਨਾ ਕਰ ਸਕਣ। ਗਾਈਡ ਨੇ ਕਿਹਾ ਸੀ।
ਮਨਮੋਹਣ ਢਿੱਲੋਂ ਨੇ ਵੇਖਿਆ ਕਿ ਜਾਣ ਲੱਗਿਆਂ ਉਨ੍ਹਾਂ ਦੇ ਹੱਥ ਵਿਚ ਪਲਾਸਟਿਕ ਦੀ ਕੇਨੀ ਸੀ, ਜਿਸ ਵਿਚ ਉਹ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਵਿੱਤਰ ਜਲ ਧੁਰ ਆਸਟ੍ਰੇਲੀਆ ਨੂੰ ਲੈ ਕੇ ਜਾ ਰਹੇ ਸਨ। ਆਸਟ੍ਰੇਲੀਆ ਤੋਂ ਕੋਈ ਵੀ ਆਉਂਦਾ ਹੈ ਤਾਂ ਮਨਮੋਹਨ ਸਿੰਘ ਨੂੰ ਨਵੀਂ ਗੱਲ ਮਿਲ ਜਾਂਦੀ ਹੈ; ਪਰ ਇਹ ਵਾਲੀ ਜੋੜੀ ਤੇ ਉਨ੍ਹਾਂ ਦੀ ਸਹੇਲੀ ਦੀ ਫੇਰੀ ਮਨਮੋਹਨ ਦੇ ਮਨ ਵਿਚ ਸਦਾ ਲਈ ਵੱਸ ਗਈ ਹੈ। ਉਹ ਇਹ ਗੱਲ ਕਈ ਬੈਠਕਾਂ ਵਿਚ ਦੱਸ ਚੁਕਾ ਹੈ, ਤਾਜ ਮਹਲ ਦਾ ਹਵਾਲਾ ਦੇ ਕੇ।
ਜਸਵੰਤ ਕੰਵਲ ਦੀ ਉਮਰ ਦੇ ਹਮ-ਜਮਾਤੀ ਦਾ ਤੁਰ ਜਾਣਾ: ਮੈਂ ਜਸਵੰਤ ਸਿੰਘ ਕੰਵਲ ਤੋਂ ਡੇਢ ਦਹਾਕਾ ਛੋਟਾ ਹਾਂ। ਮੈਨੂੰ ਉਸ ਦੇ ਹਾਣੀ ਵਾਲੀ ਬਜ਼ੁਰਗੀ ਦੇਣ ਵਾਲਾ ਮੇਰਾ ਹਮ-ਜਮਾਤੀ ਗੁਰਬਚਨ ਸਿੰਘ ਸੀ, ਜੋ ਜੁਲਾਈ ਮਹੀਨੇ 102 ਸਾਲ ਦੀ ਲੰਮੀ ਉਮਰ ਭੋਗ ਕੇ ਚੱਲ ਵੱਸਿਆ ਹੈ। ਉਸ ਨੇ ਮੇਰੇ ਤੇ ਮਨਮੋਹਣ ਸਿੰਘ (ਸਰਵਜੀਤ ਸਿੰਘ ਆਈ. ਏ. ਐਸ. ਦੇ ਪਿਤਾ) ਨਾਲ ਨਵੀਂ ਦਿੱਲੀ ਵਿਖੇ ਪੰਜਾਬ ਯੂਨੀਵਰਸਿਟੀ ਕੈਂਪਸ ਕਾਲਜ ਤੋਂ ਮਾਸਟਰਜ਼ ਦੀ ਪੜ੍ਹਾਈ ਕੀਤੀ ਸੀ। ਇਹ ਕਾਲਜ ਮਾਸਟਰ ਤਾਰਾ ਸਿੰਘ ਦੇ ਭਰਾ ਨਿਰੰਜਣ ਸਿੰਘ ਦੇ ਉੱਦਮ ਨਾਲ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੇ ਭਲੇ ਲਈ ਸਥਾਪਤ ਕੀਤਾ ਗਿਆ ਸੀ। ਉਹ ਦਿਨ ਵੇਲੇ ਨੌਕਰੀ ਕਰਕੇ ਸ਼ਾਮ ਨੂੰ ਇਸ ਕਾਲਜ ਵਿਚ ਪੜ੍ਹ ਸਕਦੇ ਸਨ। ਇਥੇ ਨਾ ਹੀ ਉਮਰ ਦੀ ਬੰਦਿਸ਼ ਸੀ ਤੇ ਨਾ ਹੀ ਸ਼ਰਨਾਰਥੀ ਹੋਣ ਦੀ। ਮਨਮੋਹਣ ਸਿੰਘ ਦੇ ਮਾਪੇ ਪੋਠੋਹਾਰ ਤੋਂ ਆਏ ਸਨ ਤੇ ਗੁਰਬਚਨ ਸਿੰਘ ਦੇ ਸਿੰਧ ਵਲੋਂ। ਮੈਂ ਮਾਹਿਲਪੁਰ ਦੇ ਕਾਲਜ ਤੋਂ ਡਿਗਰੀ ਲੈ ਕੇ ਨੌਕਰੀ ਦੀ ਭਾਲ ਵਿਚ ਦਿੱਲੀ ਪਹੰੁਚਿਆ ਸਾਂ। ਮੈਂ ਜਮਾਤ ਵਿਚ ਸਭ ਤੋਂ ਛੋਟਾ ਸਾਂ, ਮਨਮੋਹਣ ਮੇਰੇ ਤੋਂ ਅੱਠ ਸਾਲ ਵੱਡਾ, ਤੇ ਗੁਰਬਚਨ ਸਿੰਘ ਉਨਾ ਹੀ ਮਨਮੋਹਨ ਨਾਲੋਂ।
ਥੋੜ੍ਹਾ ਪਿਛੋਂ ਮਨਮੋਹਣ ਦੀ ਸ਼ਾਦੀ ਗੁਰਬਚਨ ਸਿੰਘ ਦੀ ਭਾਣਜੀ ਬਲਬੀਰ ਕੌਰ ਨਾਲ ਹੋ ਗਈ। ਸਮੇਂ ਨਾਲ ਅਸੀਂ ਤਿੰਨੋਂ ਦੂਰ ਦੂਰ ਜਾ ਵੱਸੇ। ਮੈਂ ਚੰਡੀਗੜ੍ਹ ਆ ਗਿਆ ਤੇ ਮਨਮੋਹਣ ਸਿੰਘ ਆਪਣੀ ਧੀ ਰੋਜ਼ੀ ਤੇ ਜਵਾਈ ਸ਼ੈਲੇਂਦਰ ਕੋਲ ਇੰਗਲੈਂਡ ਚਲਾ ਗਿਆ। ਦੋਵੇਂ ਮੈਡੀਕਲ ਡਾਕਟਰ ਹਨ। ਮੈਨੂੰ ਆਪਣੇ ਹਮ-ਜਮਾਤੀ ਤੇ ਨਾਵਲਕਾਰ ਕੰਵਲ ਦੇ ਹਾਣੀ ਗੁਰਬਚਨ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਵਲਾਇਤੋਂ ਆਈ ਹੈ। ਉਦਾਸੀ ਤਾਂ ਹੋਈ, ਪਰ ਏਨੀ ਨਹੀਂ। ਲੰਮੀ ਉਮਰ ਭੋਗ ਕੇ ਗਿਆ ਹੈ!
ਅੰਤਿਕਾ: (ਨਜ਼ੀਰ ਅੱਬਾਸ)
ਜਿਗਰਾ ਏ ਤਾਂ ਜਰ ਜਾਨਾ ਵਾਂ,
ਇਹ ਨਾ ਸਮਝੀਂ ਡਰ ਜਾਨਾ ਵਾਂ।
ਉਹ ਡੁੱਬਦੇ ਜੋ ਪੱਥਰ ਹੋਵਣ,
ਫੁੱਲ ਹਾਂ, ਤਾਹੀਓਂ ਤਰ ਜਾਨਾ ਵਾਂ।