ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢ ਦਿੱਤੀ ਹੈ। ਸਿੱਧੂ ਨੇ ਜਿਥੇ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਲਈ ਪਾਰਟੀ ਦੇ ਆਗੂਆਂ ਤੋਂ ਫੀਡਬੈਕ ਲੈਣੀ ਸ਼ੁਰੂ ਕੀਤੀ ਹੈ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਚੋਣ ਵਾਅਦੇ ਪੂਰੇ ਕੀਤੇ ਬਿਨਾ ਨਹੀਂ ਸਰਨਾ।
ਸਿੱਧੂ ਨੇ ਕੈਪਟਨ ਨਾਲ ਮੁਲਾਕਾਤ ਵਿਚ ਹਾਈਕਮਾਨ ਵੱਲੋਂ ਦਿੱਤੇ 18 ਨੁਕਤਿਆਂ ਵਿਚੋਂ ਪੰਜ `ਤੇ ਤੁਰਤ ਕਾਰਵਾਈ ਲਈ ਆਖਿਆ ਹੈ। ਸਿੱਧੂ ਨੇ ਕੈਪਟਨ ਨੂੰ ਇਕ ਮੰਗ ਪੱਤਰ ਦਿੰਦੇ ਹੋਏ ਆਖਿਆ ਹੈ ਕਿ ਪੰਜਾਬ ਨੂੰ ਅੱਜ ਫੈਸਲੇ ਲੈਣ ਵਿਚ ਦਲੇਰ, ਦ੍ਰਿੜ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਲੀਡਰਸ਼ਿਪ ਦੀ ਲੋੜ ਹੈ ਜੋ ਹਰ ਪੰਜਾਬੀ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹੋਵੇ।
ਸਿੱਧੂ ਨੇ 18 ਨੁਕਤਿਆਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨਸ਼ਾ ਤਸਕਰੀ, ਕਿਸਾਨੀ ਮਸਲੇ, ਬਿਜਲੀ ਖਰੀਦ ਸਮਝੌਤੇ ਤੇ ਮੁਲਾਜ਼ਮ ਜਥੇਬੰਦੀਆਂ ਦੇ ਮਸਲਿਆਂ ਦਾ ਤੁਰਤ ਹੱਲ ਕਰਨ ਲਈ ਆਖ ਦਿੱਤਾ ਹੈ। ਉਧਰ, ਸਿੱਧੂ ਦੀਆਂ ਇਨ੍ਹਾਂ ਸਰਗਰਮੀਆਂ ਤੋਂ ਕੈਪਟਨ ਧੜਾ ਫਿਕਰਮੰਦ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਸਿੱਧੂ ਨਾਲ ਮੁਲਾਕਾਤ ਦੇ ਤੁਰਤ ਬਾਅਦ ਕੈਪਟਨ ਨੇ ਦਾਅਵਾ ਕਰ ਦਿੱਤਾ ਕਿ ਉਹ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਵੱਡੇ ਪੱਧਰ ਉਤੇ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਕੈਪਟਨ ਦੇ ਤੇਵਰ ਬਦਲੇ ਹੋਏ ਹਨ। ਖਾਸਕਰ ਕਿਸਾਨੀ ਮਸਲਿਆਂ ਬਾਰੇ ਕੈਪਟਨ ਵਿਚ ਨਵਾਂ ਜੋਸ਼ ਵਿਖਾਈ ਦੇ ਰਿਹਾ ਹੈ।
ਪੰਜਾਬ `ਚ ਐਕਸਪ੍ਰੈੱਸ ਵੇਅ ਲਈ ਐਕੁਆਇਰ ਜਮੀਨ ਦੀ ਮੁਆਵਜ਼ਾ ਰਾਸ਼ੀ ਲਈ ਸੰਘਰਸ਼ੀ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਹਮਦਰਦੀ ਵੀ ਇਸੇ ਰਣਨੀਤੀ ਦਾ ਹਿੱਸਾ ਜਾਪ ਰਹੀ ਹੈ। ਹਜ਼ਾਰਾਂ ਕਿਸਾਨ ਲੰਮੇ ਅਰਸੇ ਤੋਂ ਪੰਜਾਬ ਵਿਚ ਲਗਾਤਾਰ ਇਸ ਮਾਮਲੇ `ਤੇ ਸੰਘਰਸ਼ ਕਰ ਰਹੇ ਹਨ ਪਰ ਕਾਫੀ ਸਮੇਂ ਮਗਰੋਂ ਮੁੱਖ ਮੰਤਰੀ ਨੇ ਇਨ੍ਹਾਂ ਕਿਸਾਨਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਮੁਆਵਜ਼ਾ ਰਾਸ਼ੀ ਦੇ ਮਾਮਲੇ ਉਤੇ ਕੇਂਦਰੀ ਸੜਕੀ ਆਵਾਜਾਈ ਅਤੇ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਦੀ ਗੱਲ ਆਖੀ ਹੈ।
ਯਾਦ ਰਹੇ ਕਿ ਕੈਪਟਨ ਸਰਕਾਰ ਚੋਣ ਵਾਅਦਿਆਂ ਤੋਂ ਭੱਜਣ ਦੇ ਮਾਮਲੇ ਉਤੇ ਚੁਫੇਰਿਉਂ ਘਿਰੀ ਹੋਈ ਹੈ। ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਹਮੇਸ਼ਾ ਸਰਕਾਰ ਦੀਆਂ ਨਕਾਮੀਆਂ ਉਤੇ ਸਵਾਲ ਚੁੱਕਦੇ ਹਨ। ਹੁਣ ਚੋਣਾਂ ਤੋਂ ਪਹਿਲਾਂ ਸੱਤਾ ਦੇ ਬਚੇ 6-7 ਮਹੀਨਿਆਂ ਵਿਚ ਕਾਂਗਰਸ ਸਰਕਾਰ ਲੋਕਾਂ ਦੇ ਸਾਰੇ ਉਲਾਂਭੇ ਲਾਹੁਣ ਦੀਆਂ ਕੋਸ਼ਿਸ਼ਾਂ ਵਿਚ ਹੈ।