ਡਾ. ਕੁਲਦੀਪ ਕੌਰ
ਫੋਨ: +91-98554-04330
ਪ੍ਰਸਿੱਧ ਮੀਡੀਆ ਅਦਾਰੇ ਬੀ.ਬੀ.ਸੀ. ਨੇ ਆਪਣੇ ਇੱਕ ਮਹਤੱਵਪੂਰਨ ਲੇਖ ਵਿਚ ਇਸ ਤੱਥ ਦੀਆਂ ਤਹਿਆਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਇਰਾਨੀ ਸਿਨੇਮਾ ਆਪਣੇ ਸੀਮਤ ਸਾਧਨਾਂ ਅਤੇ ਸਿਆਸੀ ਦਬਾਉ ਦੇ ਬਾਵਜੂਦ ਇੰਨੀਆਂ ਚੰਗੀਆਂ ਤੇ ਅਸਰਦਾਰ ਫਿਲਮਾਂ ਕਿਵੇਂ ਬਣਾ ਲੈਂਦਾ ਹੈ? ਇਸ ਲੇਖ ਵਿਚ ਇਰਾਨੀ ਸਿਨੇਮਾ ਦੀਆਂ ਜੜ੍ਹਾਂ ਬਾਰੇ ਬੀ.ਬੀ.ਸੀ. ਦੀ ਟਿੱਪਣੀ ਹੈ ਕਿ ਇਰਾਨੀ ਸਿਨੇਮਾ ਦੀ ਪਹਿਲੀ ਸਾਊਂਡ ਫਿਲਮ 1932 ਵਿਚ ਭਾਰਤ ਵਿਚ ਵਸੇ ਇਰਾਨੀ ਮੂਲ ਦੇ ਨਿਰਦੇਸ਼ਕ ਅਰਦੇਸ਼ਰ ਇਰਾਨੀ ਨੇ ਬੰਬਈ ਦੀ ਇੰਪੀਰੀਅਲ ਫਿਲਮ ਕੰਪਨੀ ਦੇ ਸਟੂਡੀਓ ਵਿਚ ਬਣਾ ਕੇ ਤਿਆਰ ਕੀਤੀ। ਇਸ ਤੱਥ ਰਾਹੀਂ ਬੀ.ਬੀ.ਸੀ. ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਰਾਨੀ ਸਾਹਿਤ, ਕਲਾਵਾਂ ਤੇ ਸਭਿਆਚਾਰ ਸਿਰਫ ਇਰਾਨ ਤੱਕ ਸੀਮਿਤ ਨਹੀਂ ਸਗੋਂ ਇਸ ਦਾ ਪਸਾਰ ਏਸ਼ਿਆਈ ਖਿੱਤਿਆਂ ਤੋਂ ਯੂਰਪੀ ਨਵ-ਜਾਗਰਨ ਤੱਕ ਸਪਸ਼ਟ ਰੂਪ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ।
ਇਰਾਨੀ ਸਿਨੇਮਾ ਦਾ ਦੂਜਾ ਬੇਹੱਦ ਅਹਿਮ ਅਤੇ ਵਿਰੋਧਾਭਾਸੀ ਤੱਥ ਇਹ ਹੈ ਕਿ ਇਰਾਨੀ ਸਿਨੇਮਾ ਦੀ ਚੇਤਨਾ, ਸੁਹਜ ਤੇ ਕਲਾ ਘੜਨ ਵਿਚ ਜਿਹੜਾ ਸਭ ਤੋਂ ਅਹਿਮ ਨਾਮ ਸਾਹਮਣੇ ਆਉਂਦਾ ਹੈ, ਉਹ ਉਥੋਂ ਦੀ ਕਵਿੱਤਰੀ ਫਾਰੁਗ ਫਾਰੁਖਜ਼ਾਦ ਦਾ ਹੈ। ਕੋਹੜੀਆਂ ਦੀ ਬਸਤੀ ‘ਤੇ ਆਧਾਰਿਤ ਉਸ ਦੀ ਇਕਲੌਤੀ ਸਿੰਗਲ ਫਰੇਮ ਫਿਲਮ ‘ਦਿ ਹਾਊਸ ਇਜ਼ ਬਲੈਕ` ਨੇ ਇਰਾਨੀ ਸਿਨੇਮਾ ਵਿਚ ਮਿਆਰ ਤੈਅ ਕਰ ਦਿੱਤਾ। ਇਹ ਮਿਆਰ ਸਮਾਜ ਦੇ ਸਭ ਤੋਂ ਵੱਧ ਮੁਸੀਬਤਾਂ ਅਤੇ ਵਿਤਕਰਿਆਂ ਦੇ ਸ਼ਿਕਾਰ ਵਰਗਾਂ ਨੂੰ ਸਿਨੇਮਾ ਦੀ ਚੇਤਨਾ ਅਤੇ ਪਰਿਭਾਸ਼ਾ ਦਾ ਹਿੱਸਾ ਬਣਾਉਣ ਦਾ ਸੀ। ਇਸ ਸੰਵੇਦਨਸ਼ੀਲ ਨਿਰਦੇਸ਼ਕ ਦੀ ਸੰਵੇਦਨਾ ਨੂੰ ਇਰਾਨ ਦੇ ਬਾਅਦ ਦੇ ਨਿਰਦੇਸ਼ਕਾਂ ਨੇ ਆਪਣੀਆਂ ਫਿਲਮਾਂ ਵਿਚ ਜ਼ਿੰਦਾ ਰੱਖਿਆ ਹੈ।
ਇਰਾਨੀ ਸਿਨੇਮਾ ਦੀ ਦੂਜੀ ਅਹਿਮ ਫਿਲਮ ‘ਕਾਓ’ (ਗਾਂ) ਹੈ। ਇਸ ਫਿਲਮ ਦੇ ਨਿਰਦੇਸ਼ਕ ਦਾਰਿਸ਼ ਮਹਿਰੂਜੀ ਹਨ। ਜਦੋਂ ਇਸ ਫਿਲਮ ‘ਤੇ ਪਾਬੰਦੀ ਲਗਾਈ ਗਈ ਤਾਂ ਇਸ ਨੂੰ ਸਮਗਲ ਕਰਕੇ 1971 ਦੇ ਵੀਨਸ ਫਿਲਮ ਮੇਲੇ ਵਿਚ ਦਿਖਾਇਆ ਗਿਆ। ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਫਿਲਮ ਨੇ ਇਰਾਨੀ ਸਰਕਾਰਾਂ ਦੀਆਂ ਪਾਬੰਦੀਆਂ ਅਤੇ ਸੈਂਸਰਸ਼ਿਪ ਨੂੰ ਭੰਨਣ ਦਾ ਮਾਡਲ ਨਿਰਦੇਸ਼ਕਾਂ ਨੂੰ ਦਿੱਤਾ ਜਿਸ ਦੀ ਅਗਲੀ ਕੜੀ ਜਫਰ ਪਨਾਹੀ ਅਤੇ ਅਸਗਰ ਫਰਹਾਦੀ ਦੀਆਂ ਫਿਲਮਾਂ ਵਿਚ ਦੇਖੀ ਜਾ ਸਕਦੀ ਹੈ।
ਇਸਲਾਮੀ ਕ੍ਰਾਂਤੀ ਇਰਾਨੀ ਫਿਲਮਾਂ ਦੇ ਇਤਿਹਾਸ ਵਿਚ ਨਵਾਂ ਮੋੜ ਲੈ ਕੇ ਆਈ। 1984 ਵਿਚ ਆਮਿਰ ਨਾਦੇਰੀ ਦੀ ਫਿਲਮ ‘ਰਨਰ` ਨੇ ਕੌਮਾਂਤਰੀ ਫਿਲਮ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ। ਇਰਾਨ-ਇਰਾਕ ਜੰਗ ਦੌਰਾਨ ਇੱਕ ਬੱਚੇ ਦੀ ਜ਼ਿੰਦਗੀ ‘ਤੇ ਆਧਾਰਿਤ ਇਸ ਫਿਲਮ ਨੇ ਜੰਗ ਦੇ ਦੌਰ ਵਿਚ ਮਨੁੱਖ ਦੀ ਬੇਚੈਨੀ ਤੇ ਅਫਰਾ-ਤਫਰੀ ਨੂੰ ਨਵੀਂ ਜ਼ਬਾਨ ਦਿੱਤੀ। ਇਸ ਫਿਲਮ ਨੇ ਇਰਾਨੀ ਸਿਨੇਮਾ ਦੀ ਪੁਖਤਗੀ ਅਤੇ ਸੰਜੀਦਗੀ ‘ਤੇ ਮੋਹਰ ਲਗਾ ਦਿੱਤੀ ਜਿਸ ਨੂੰ ਅੱਬਾਸ ਕਾਇਰੋਸਤਮੀ ਤੇ ਮੋਹਸਿਨ ਮਖਮਲਬਾਫ ਵਰਗੇ ਫਿਲਮਸਾਜ਼ਾਂ ਨੇ ਆਪਣੀਆਂ ਫਿਲਮਾਂ ਵਿਚ ਜ਼ਿੰਦਾ ਰੱਖਿਆ। ਮਖਮਲਬਾਫ ਦੀ ਧੀ ਸਮੀਰਾ ਮਖਮਲਬਾਫ ਨੇ ਜਦੋਂ 1998 ਵਿਚ ਕਾਨਸ ਫਿਲਮ ਮੇਲੇ ਵਿਚ ਆਪਣੀ ਪਹਿਲੀ ਫਿਲਮ ‘ਐਪਲ` ਪੇਸ਼ ਕੀਤੀ ਤਾਂ ਇਹ ਇੱਕ ਤਰ੍ਹਾਂ ਨਾਲ ਇਰਾਨ ਦੀਆਂ ਜ਼ਹੀਨ ਔਰਤਾਂ ਦੀ ਸਮਰੱਥਾ ਨੂੰ ਸਜਦਾ ਕਰਨ ਵਾਲਾ ਕਦਮ ਸੀ।
ਇਨ੍ਹਾਂ ਸਾਰੇ ਨਿਰਦੇਸ਼ਕਾਂ ਵਿਚੋਂ ਸੋਹਰਾਬ ਸ਼ਾਹਿਦ ਸਲੇਸ ਦਾ ਸਿਨੇਮਾ ਸ਼ਾਇਦ ਸਭ ਤੋਂ ਵੱਧ ਅਣਗੌਲਿਆ ਸਿਨੇਮਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਸਭ ਤੋਂ ਵੱਡਾ ਸ਼ਾਇਦ ਉਸ ਦੀ ਇਰਾਨੀ ਸਰਕਾਰ ਨਾਲ ਲਗਾਤਾਰ ਚੱਲ ਰਹੀ ਵਿਚਾਰਧਾਰਕ ਜੰਗ ਸੀ ਜਿਸ ਕਾਰਨ ਉਸ ਨੂੰ ਇਰਾਨ ਤੋਂ ਜਲਾਵਤਨ ਕਰ ਦਿੱਤਾ ਗਿਆ ਤੇ ਉਸ ਨੇ ਜਰਮਨੀ ਵਿਚ ਪਨਾਹ ਲੈ ਲਈ। ਜਰਮਨੀ ਵਿਚ ਰਹਿੰਦਿਆਂ ਉਸ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕੀਤਾ। ਇੱਥੇ ਇਹ ਜਾਣਨਾ ਵੀ ਦਿਲਚਸਪ ਹੋਵੇਗਾ ਕਿ ਉਹ ਕਈ ਸਾਲ ਇਰਾਨੀ ਸਰਕਾਰ ਦੇ ਸਭਿਆਚਾਰਕ ਵਿਭਾਗ ਵਿਚ ਬਤੌਰ ਨਿਰਦੇਸ਼ਕ ਕੰਮ ਕਰਦਾ ਰਿਹਾ ਤੇ ਉਸ ਨੇ ਉਥੋਂ ਦੇ ਸਭਿਆਚਾਰ, ਖਾਸ ਤੌਰ ‘ਤੇ ਰਵਾਇਤੀ ਨਾਚਾਂ ਦੀਆਂ ਕਿਸਮਾਂ ‘ਤੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ। ਇਸ ਦੇ ਬਾਵਜੂਦ ਜੇ ਉਸ ਦੀਆਂ ਫਿਲਮਾਂ ਕਾਰਨ ਉਸ ਨੂੰ ਮੁਲਕ ਵਿਚ ਕੱਢ ਦਿੱਤਾ ਗਿਆ ਤਾਂ ਇਸ ਦੇ ਕਾਰਨ ਉਸ ਦੀਆਂ ਫਿਲਮਾਂ ਵਿਚ ਦਿਖਾਈ ਸਮਾਜਕ ਅਤੇ ਸਿਆਸੀ ਸਚਾਈ ਵਿਚ ਮੌਜੂਦ ਹਨ। ਉਸ ਦੀ ਫਿਲਮ ‘ਸਟਿੱਲ ਲਾਈਫ` ਜਿੰਨੀ ਸੁਹਜ ਅਤੇ ਕਲਾਤਮਿਕਤਾ ਨਾਲ ਲਬਰੇਜ਼ ਹੈ, ਓਨੀ ਹੀ ਇਰਾਨੀ ਸਰਕਾਰਾਂ ਦੁਆਰਾ ਦਿਹਾਤੀ ਖੇਤਰਾਂ ਦੇ ਵਿਕਾਸ ਨੂੰ ਦਹਾਕਿਆਂ ਬੱਧੀ ਅਣਗੌਲਿਆ ਕਰਨ ਅਤੇ ਪੇਂਡੂਆਂ ਦੀਆਂ ਥੁੜ੍ਹਾਂ ਨਾਲ ਭਰੀ ਜ਼ਿੰਦਗੀ ਦਾ ਸਟੀਕ ਵਰਨਣ ਕਰਦੀ ਹੈ। ਇਸ ਫਿਲਮ ਨੂੰ ਜਿੱਥੇ ਸਿਨਮਾਟੋਗਰਾਫ ਦੇ ਖੇਤਰ ਵਿਚ ਮੀਲ-ਪੱਥਰ ਮੰਨਿਆ ਜਾਂਦਾ ਹੈ, ਉਥੇ ਇਸ ਦਾ ਹਰ ਫਰੇਮ ਪੇਂਟਿੰਗ ਵਾਂਗ ਹੈ। ਇਹ ਫਿਲਮ ਦੇਖਦਿਆਂ ਸੋਹਰਾਬ ਦੀ ਵਿਆਨਾ ਦੇ ਫਿਲਮ ਸਕੂਲ ਤੋਂ ਸਿੱਖੀ ਫਿਲਮਸਾਜ਼ੀ ਤੇ ਉਸ ਦੀ ਦਾਰਸ਼ਨਿਕ ਸਮਝ ਦਾ ਵਾਰ-ਵਾਰ ਝਲਕਾਰਾ ਪੈਂਦਾ ਹੈ।
ਸੋਹਰਾਬ ਸ਼ਾਹਿਦ ਸਲੇਸ ਦੀ ਦੂਜੀ ਮਹਤੱਵਪੂਰਨ ਫਿਲਮ ‘ਏ ਸਿੰਪਲ ਈਵੈਂਟ` ਸੀ ਜਿਸ ਵਿਚ ਉਸ ਨੇ ਦਸ ਸਾਲਾਂ ਬੱਚੇ ਦੇ ਰੋਜ਼ਮੱਰਾ ਸੰਘਰਸ਼ ਦਾ ਚਿਤਰਨ ਕੀਤਾ ਸੀ। ਉਸ ਦੀ ਤੀਜੀ ਅਹਿਮ ਫਿਲਮ ‘ਡਾਇਰੀ ਆਫ ਏ ਲਵਰ` ਹੈ ਜਿਹੜੀ ਕਸਾਈ ਦੇ ਜੀਵਨ ਦੇ ਇਰਦ-ਗਿਰਦ ਘੁੰਮਦੀ ਹੈ। ਇਸ ਫਿਲਮ ਦੀ ਰਿਲੀਜ਼ ਤੋਂ ਬਾਅਦ ਦਿੱਤੇ ਇੰਟਰਵਿਊ ਵਿਚ ਸੋਹਰਾਬ ਸ਼ਾਹਿਦ ਸਲੇਸ ਆਖਦਾ ਹੈ, “ਚੰਗੀ ਫਿਲਮ ਦਾ ਕੰਮ ਜ਼ਿੰਦਗੀ ਦੀ ਜ਼ਲਾਲਤ ਅਤੇ ਸ਼ਰਮਿੰਦਗੀ ਨੂੰ ਪਰਦੇ ‘ਤੇ ਸਾਕਾਰ ਕਰਨਾ ਹੈ।”