ਮਿਰਜ਼ਾ ਗਾਲਿਬ ਦੀ ਮਹਿਬੂਬਾ, ਸ਼ਾਇਰੀ ਤੇ ਸਫਰ

ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਉਰਦੂ ਦੇ ਅਦਬੀ ਰਸਾਲੇ ‘ਸ਼ਬੱਸਤਾਂ’ ਦਾ ਮਿਰਜ਼ਾ ਗਾਲਿਬ ਵਿਸ਼ੇਸ਼ ਅੰਕ ਪਿਆ ਹੈ। ਯੂਨਸ ਦਿਹਲਵੀ ਪਰਿਵਾਰ ਨੇ ਇਹ ਅੰਕ 50 ਸਾਲ ਪਹਿਲਾਂ ਮਿਰਜ਼ਾ ਗਾਲਿਬ ਦੀ 100ਵੀਂ ਬਰਸੀ ਉੱਤੇ ਕੱਢਿਆ ਸੀ। ਮੇਰੇ ਵਲੋਂ ਇਸ ਨੂੰ ਹੁਣ ਤੱਕ ਸੰਭਾਲ ਕੇ ਰੱਖਣ ਦਾ ਕਾਰਨ ਆਪਣੇ ਪਸੰਦੀਦਾਂ ਸ਼ਾਇਰ ਬਾਰੇ ਇਸ ਵਿਚ ਦਰਜ ਇਤਿਹਾਸਕ ਸਮੱਗਰੀ ਹੈ। ਇਸ ਵਿਚ ਮੁਹੰਮਦ ਇਕਬਾਲ ਨੇ ਗਾਲਿਬ ਨੂੰ ਇਲਮ ਤੇ ਹੁਨਰ ਦੇ ਮੋਤੀ ਪ੍ਰੋਣ ਵਾਲਾ ਕਿਹਾ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੇ ਸ਼ਬਦਾਂ ਵਿਚ, ‘ਗਾਲਿਬ ਨੇ ਵੀਹਵੀਂ ਸਦੀ ਦੀ ਆਹਟ ਸੁਣ ਲਈ ਸੀ।’

ਫੈਜ਼ ਅਹਿਮਦ ਫੈਜ਼ ਦੇ ਸ਼ਬਦਾਂ ਵਿਚ, ‘ਗਾਲਿਬ ਨੇ ਸਾਰੀ ਉਮਰ ਉਮੀਦ ਦਾ ਪੱਲਾ ਫੜੀ ਰੱਖਿਆ ਭਾਵੇਂ ਅਣ-ਦੇਖੀਆਂ ਘਟਨਾਵਾਂ ਤੇ ਨਾਮਾਲੂਮ ਭਵਿੱਖ ਨੂੰ ਲੈ ਕੇ ਉਸ ਦੇ ਮਨ ਵਿਚ ਇੱਕ ਤਰ੍ਹਾਂ ਦਾ ਡਰ ਕਾਇਮ ਰਿਹਾ।’ ਫਰੰਗੀ ਰਾਜ ਵਿਚ ਭਾਰਤੀ ਵਿਵਸਥਾ ਕਾਰਨ ਆਪਣੀ ਸ਼ਾਇਰੀ ਵਿਚ ਉਸ ਨੇ ਪੁਰਾਣੇ ਤਜਰਬਿਆਂ ਦਾ ਨਿਚੋੜ ਪੇਸ਼ ਕਰਕੇ ਨਵੇਂ ਢੰਗ ਨਾਲ ਜਾਣ-ਪਛਾਣ ਕਰਵਾਈ। ਦਲੀਲ ਇਹ ਕਿ ਪੁਰਾਤਨਤਾ ਦੇ ਰਹਿਮ ਵਿਚ ਇੱਕ ਨਵਾਂ ਦੌਰ ਜਨਮ ਲੈ ਰਿਹਾ ਸੀ। ਮਿਰਜ਼ਾ ਗਾਲਿਬ ਦੇ ਸ਼ਬਦਾਂ ਵਿਚ
ਯੇਹ ਮਸਾਇਲ-ਏ-ਤਸਵਫ ਯੇਹ ਤਿਰਾ ਬਆਨ ਗਾਲਿਬ
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾ-ਖ੍ਵਾਰ ਹੋਤਾ।
ਉਸ ਦੀ ਬਾਦਾ-ਖ੍ਵਾਰ ਹੀ ਭਾਵ ਸ਼ਰਾਬਨੋਸ਼ੀ ਨੇ ਉਸ ਨੂੰ ਕਾਫੀ ਬਦਨਾਮ ਕਰ ਰਖਿਆ ਸੀ, ਪਰ ਏਸ ਅੰਕ ਵਿਚ ਦਰਜ ਮੌਲਾਨਾ ਮੁਹੰਮਦ ਹੁਸੈਨ ਆਜ਼ਾਦ ਦੇ ਲੇਖ ਵਿਚ ਮਿਰਜ਼ਾ ਗਾਲਿਬ ਵਲੋਂ ਸ਼ਰਾਬਨੋਸ਼ੀ ਦੇ ਕਾਰਨ ਦੀ ਵਕਾਲਤ ਕੀਤੀ ਗਈ ਹੈ। ਗਾਲਿਬ ਦੇ ਉਸ ਸ਼ੇਅਰ ਦੀ ਟੇਕ ਲੈ ਕੇ ਜਿਸ ਵਿਚ ਉਲਝੇ ਆਪਣੀ ਬਾਦਾ-ਖ੍ਵਾਰੀ ਉੱਤੇ ਲਾਹਨਤ ਪਾਉਂਦਿਆਂ ਆਪਣੇ ਆਪ ਨੂੰ ਕਲਮੰੂਹਾਂ ਕਿਹਾ ਹੈ, ਪਰ ਨਾਲ ਹੀ ਇਹ ਦਲੀਲ ਵੀ ਦਿੱਤੀ ਹੈ ਕਿ ਸ਼ਰਾਬ ਨੋਸ਼ੀ ਉਸ ਨੂੰ ਬੇਖੁਦੀ ਦੇ ਉਸ ਆਲਮ ਵਿਚ ਲੈ ਜਾਂਦੀ ਹੈ, ਜੋ ਉਸ ਦੀ ਜਿੰਦ ਜਾਨ ਹੈ:
ਮੈ ਸੇ ਗਰਜ਼ ਨਿਸ਼ਾਤ ਹੈ ਕਿਸ ਰੂ-ਸਿਆ ਕੋ
ਏਕ ਗੂਨਾ-ਏ-ਬੇਖੁਦੀ ਮੁਝੇ ਦਿਨ ਰਾਤ ਚਾਹੀਏ।
ਸ਼ਬੱਸਤਾਂ ਦੇ ਗਾਲਿਬ ਅੰਕ ਵਿਚ ਮਿਰਜ਼ਾ ਗਾਲਿਬ ਦੀ ਭਟਕਣ ਦੇ ਪ੍ਰਸੰਗ ਵਿਚ ਉਸ ਦੇ ਸਫਰਾਂ ਦਾ ਜ਼ਿਕਰ ਹੈ। ਉਸ ਦਾ ਪਹਿਲਾ ਸਫਰ ਰੂਹਾਂ ਦੇ ਸੰਸਾਰ ਤੋਂ ਮਨੁੱਖੀ ਸਰੀਰ ਵਾਲੇ ਸੰਸਾਰ ਆਉਣਾ ਸੀ, ਜਿਹੜਾ ਉਸ ਨੇ 27 ਦਸੰਬਰ 1797 ਨੂੰ ਬੁੱਧਵਾਰ ਦੇ ਦਿਨ ਸੂਰਜ ਨਿਕਲਣ ਤੋਂ ਚਾਰ ਘੜੀਆਂ ਪਹਿਲਾਂ ਆਗਰਾ ਸ਼ਹਿਰ ਵਿਖੇ ਪੂਰਾ ਕੀਤਾ। ਗਾਲਿਬ ਇਸ ਸਫਰ ਬਾਰੇ ਲਿਖਦਾ ਹੈ, “ਅਸੂਲ ਤਾਂ ਇਹ ਹੈ ਕਿ ਇਸ ਸੰਸਾਰ ਦੇ ਦੋਸ਼ੀ, ਪਰੀ ਜਗਤ ਵਿਚ ਜਾ ਕੇ ਸਜ਼ਾ ਪਾਉਂਦੇ ਹਨ, ਪਰ ਪਰੀ ਜਗਤ ਦੇ ਦੋਸ਼ੀਆਂ ਨੂੰ ਇਸ ਫਾਨੀ ਦੁਨੀਆਂ ਵਿਚ ਭੇਜ ਕੇ ਸਜ਼ਾ ਦਿੱਤੀ ਜਾਂਦੀ ਹੈ। ਗਾਲਿਬ ਫੇਰ ਵੀ ਆਸ ਦਾ ਪੱਲਾ ਨਹੀਂ ਛੱਡਦਾ।
ਇਨ ਪਰੀਜਾਦੋਂ ਸੇ ਲੇਂਗੇ ਖੁਲਦ ਮੇਂ ਹਮ ਇੰਤਕਾਮ
ਕੁਦਰਤ-ਏ-ਹੱਕ ਸੇ ਯਹੀ ਹੂਰੇਂ ਅਗਰ ਵਾਂ ਹੋ ਗਈਂ।
ਉਸ ਨੇ ਖੁਲਦ (ਬਹਿਸ਼ਤ) ਦੀ ਟਿਕਟ ਖੁਦ ਹੀ ਕਟ ਰੱਖੀ ਹੈ। ਉਹ ਆਪਣੇ ਆਗਰਾ ਤੋਂ ਦਿੱਲੀ, ਲਖਨਊ, ਕਲਕੱਤਾ ਤੇ ਰਾਮਪੁਰ ਦੇ ਸਫਰਾਂ ਵਿਚ ਵੀ ਆਸ ਦਾ ਪੱਲਾ ਫੜੀ ਰੱਖਦਾ ਹੈ।
ਮਿਰਜ਼ਾ ਗਾਲਿਬ ਦੀ ਹਾਜ਼ਰ ਜਵਾਬੀ ਦੇ ਅਨੇਕਾਂ ਪ੍ਰਮਾਣ ਵਾਲੀ ਆਸੀ ਦੇ ਲੇਖ ਵਿਚ ਮਿਲਦੇ ਹਨ, ਏਥੇ ਨਮੂਨੇ ਵਜੋਂ ਸਿਰਫ ਇਕ ਹੀ ਦੇ ਰਿਹਾ ਹਾਂ:
ਮਿਰਜ਼ਾ ਗਾਲਿਬ ਗਰਮੀ ਦੀ ਰੁੱਤੇ ਅਪਣੀ ਛੱਤ ਵਾਲੀ ਕੋਠੜੀ ਵਿਚ ਬਿਰਾਜਦਾ ਸੀ। ਸ਼ਤਰੰਜ ਤੇ ਚੌਸਰ ਦਾ ਟਿਕਾਣਾ ਵੀ ਇਹੀਓ ਸੀ। ਇੱਕ ਵਾਰੀ ਰਮਜ਼ਾਨ ਦੇ ਦਿਨਾਂ ਵਿਚ ਵੀ ਇਹ ਖੇਡ ਖੇਡਦਿਆਂ ਵੇਖ ਕੇ ਮਿਰਜ਼ਾ ਦਾ ਮਿੱਤਰ ਮੁਫਤੀ ਸ਼ਦਰਉੱਦੀਨ ਆ ਟਪਕਿਆ ਤੇ ਕਹਿਣ ਲੱਗਿਆ, ‘ਮਿਰਜ਼ਾ! ਹਦੀਸ ਵਿਚ ਲਿਖੇ ਅਨੁਸਾਰ ਤਾਂ ਰਮਜ਼ਾਨ ਦੇ ਮਹੀਨੇ ਸ਼ੈਤਾਨ ਕੈਦ ਕੱਟ ਰਿਹਾ ਹੰੁਦਾ ਹੈ।’
ਤੁਰੰਤ ਉਤਰ ਮਿਲਿਆ, ‘ਹਦੀਸ ਵਿਚ ਸਹੀ ਲਿਖਿਆ ਹੈ। ਸ਼ੈਤਾਨ ਦੀ ਕਾਲ ਕੋਠੜੀ ਇਹੀਓ ਤਾਂ ਹੈ।’
ਗਾਲਿਬ ਦੀ ਆਸ਼ਕੀ ਮਾਸ਼ੂਕੀ ਦਾ ਵਰਣਨ ਹਮੀਦਾ ਸੁਲਤਾਨ ਦੇ ਲੇਖ ਵਿਚ ਹੈ। ਉਸ ਦੇ ਲਿਖਣ ਅਨੁਸਾਰ ਗਾਲਿਬ ਦੀ ਮਹਿਬੂਬਾ ਸਿਰਫ ਇਕ ਡੂਮਣੀ ਹੀ ਨਹੀਂ ਸੀ, ਜਿਸ ਦਾ ਜ਼ਿਕਰ ਕੀਤਾ ਜਾਂਦਾ ਹੈ। ਉਸ ਦੀ ਸ਼ਾਇਰੀ ਨੂੰ ਬੇਮਿਸਾਲ ਹੁਸਨ ਤੇ ਵਿਲੱਖਣਤਾ ਦੇਣ ਵਾਲੀਆਂ ਕਈ ਸਨ। ਕਿਸੇ ਵੱਡੇ ਖਾਨਦਾਨ ਦੀ ਉਸ ਹੁਸੀਨਾ ਸਮੇਤ, ਜਿਸ ਨੇ ਗਾਲਿਬ ਤੋਂ ਦੂਰੀ ਬਣਾਈ ਰੱਖੀ:
ਕਹਿਰ ਹੋ ਯਾ ਬਲਾ ਹੋ ਜੋ ਕੁਛ ਹੋ
ਕਾਸ਼ ਕੇ ਤੁਮ ਮਿਰੇ ਲੀਏ ਹੋਤੇ।

ਹਮ ਭੀ ਤਸਲੀਮ ਕੀ ਖੂ ਡਾਲੇਂਗੇ
ਬੇਨਿਆਜ਼ੀ ਤਿਰੀ ਆਦਤ ਹੀ ਸਹੀ।
ਇੱਕ ਹੋਰ ਦਾ ਜ਼ਿਕਰ ਹਮੀਦਾ ਅਹਿਮਦ ਖਾਂ ਵਲੋਂ ਗਾਲਿਬ ਦੀ ਨੂੰਹ ਬੱਗਾ ਬੇਗਮ ਨਾਲ ਕੀਤੀ ਮੁਲਾਕਾਤ ਵਿਚ ਵੀ ਮਿਲਦਾ ਹੈ।
ਉਸ ਦੇ ਸ਼ਬਦਾਂ ਵਿਚ ਮਿਰਜ਼ਾ ਗਾਲਿਬ ਦੀ ਇੱਕ ਤੁਰਕੀ ਨਸਲ ਦੀ ਸ਼ਾਗਿਰਦ ਸ਼ਾਇਰਾ ਸੀ, ਜਿਸ ਨੂੰ ਤੁਰਕ ਦਾ ਤਖੱਲੁਸ ਮਿਰਜ਼ਾ ਗਾਲਿਬ ਨੇ ਹੀ ਦਿੱਤਾ ਸੀ, ਪਰ ਉਸ ਦਾ ਗਦਰ ਦੇ ਦਿਨਾਂ ਵਿਚ ਦੇਹਾਂਤ ਹੋ ਗਿਆ। ਮਿਰਜ਼ਾ ਗਾਲਿਬ ਉਸ ਬਾਰੇ ਅਕਸਰ ਕਹਿੰਦੇ ਸਨ, “ਅਫਸੋਸ ‘ਤੁਰਕ’ ਦੀ ਉਮਰ ਨੇ ਵਫਾ ਨਾ ਕੀਤੀ, ਜੇ ਜਿਊਂਦੀ ਰਹਿੰਦੀ ਤਾਂ ਉੱਚੇ ਦਰਜ਼ੇ ਦੀ ਸ਼ਾਇਰਾ ਹੰੁਦੀ।”
ਮਿਰਜ਼ਾ ਗਾਲਿਬ ਦੀ ਸ਼ਖਸੀਅਤ ਤੇ ਸ਼ਾਇਰੀ ਬਾਕਮਾਲ ਸੀ। ਉਸ ਦੇ ਦੇਹਾਂਤ ਉੱਤੇ ਅਨੇਕ ਹਸਤੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੈਂ ਉਸ ਗਜ਼ਲ ਦੇ ਦੋ ਸ਼ਿਅਰ ਪੇਸ਼ ਕਰਨਾ ਚਾਹਾਂਗਾ, ਜੋ ਸ਼ਮੀਮ ਕਰਹਾਨੀ ਨੇ ਮਿਰਜ਼ਾ ਗਾਲਿਬ ਦੀ ਕਬਰ ਦੇ ਸਾਹਮਣੇ ਬੈਠ ਕੇ ਲਿਖੀ:
ਹੈ ਇਸੀ ਕਬ੍ਰ ਮੇਂ, ਗੰਜੀਨਾ-ਏ-ਮਆਨੀ ਕਾ ਤਲਿੱਸਸ
ਜਿੰਸ-ਏ-ਹਿਕਮਤ ਕਾ ਖ਼ਰੀਦਾਰ ਇਸੀ ਖਾਕ ਮੇਂ ਹੈ।

ਸੋ ਰਹਾ ਹੈ ਯਹੀਂ ਨੱਕਾਸ਼-ਏ-ਅਜੰਤਾ-ਏ-ਗਜ਼ਲ
ਅਦਬੀ ਤਾਜ ਕਾ ਮੇ’ਮਾਰ ਇਸੀ ਖਾਕ ਮੇਂ ਹੈ।
ਮਿਰਜ਼ਾ ਗਾਲਿਬ ਦੀ ਬੇਪ੍ਰਵਾਹੀ ਦਾ ਇਹ ਆਲਮ ਸੀ ਕਿ ਉਸ ਨੂੰ ਮਰਨ ਤੋਂ ਪਿਛੋਂ ਨਿਕਲਣ ਵਾਲਾ ਜਨਾਜ਼ਾ ਵੀ ਪਸੰਦ ਨਹੀਂ ਸੀ ਤੇ ਕਬਰ ਉਤੇ ਉਸਾਰਿਆ ਜਾਣ ਵਾਲਾ ਮਜ਼ਾਰ ਵੀ ਨਹੀਂ।
ਹੂਏ ਮਰ ਕੇ ਹਮ ਜੋ ਰੁਸਵਾ, ਹੂੰਏ ਕਿਉ ਨਾ ਗ਼ਰਕ-ਏ-ਦਰਿਆ
ਨਾ ਕਭੀ ਜਨਾਜ਼ਾ ਉਠਤਾ ਨਾ ਕਹੀਂ ਮਜ਼ਾਰ ਹੋਤਾ।
‘ਸ਼ਬੱਸਤਾਂ’ ਦੇ ਮਿਰਜ਼ਾ ਗਾਲਿਬ ਅੰਕ ਵਿਚ ਹੋਰ ਵੀ ਬਹੁਤ ਕੱਝ ਹੈ, ਜਿਸ ਨੂੰ ਮੈਂ ਪੰਜਾਹ ਸਾਲ ਸੰਭਾਲ ਰਖਿਆ ਹੈ। ਹੁਣ ਇਸ ਦੀ ਲਗਪਗ ਸਾਰੀ ਸਮੱਗਰੀ ਮੈਂ ਪੰਜਾਬੀ ਵਿਚ ਉਲਥਾ ਕਰਵਾ ਕੇ ਆਪਣੀ ਪੁਸਤਕ ਮਿਰਜ਼ਾ ਗਾਲਿਬ/ਸਮਾਂ, ਸਭਿਆਚਾਰ ਤੇ ਸ਼ਾਇਰੀ (ਲੋਕਗੀਤ ਪ੍ਰਕਾਸ਼ਨ ਮੁਹਾਲੀ, ਪੰਨੇ 175, ਮੱੁਲ 350 ਰੁਪਏ) ਵਿਚ ਸ਼ਾਮਲ ਕਰਕੇ ਆਪਣੇ ਮਹਿਬੂਬ ਸ਼ਾਇਰ ਦੇ 151ਵੇਂ ਵਰੀਨੇ ਉੱਤੇ ਪ੍ਰਕਾਸ਼ਿਤ ਕੀਤੀ ਹੈ। ਪੜ੍ਹੋ ਤੇ ਸਮਝੋ।
ਅੰਤਿਕਾ: ਮਿਰਜ਼ ਗਾਲਿਬ
ਰਹੀਏ ਅਬ ਐਸੀ ਜਗਾ ਚਲ ਕਰ ਜਹਾਂ ਕੋਈ ਨਾ ਹੋ
ਹਮ ਸੁਖਨ ਕੋਈ ਨਾ ਹੋ ਔਰ ਹਮ-ਜ਼ਬਾਂ ਕੋਈ ਨਾ ਹੋ।

ਬੇ-ਦਰ-ਓ-ਦੀਵਾਰ ਸਾ ਇੱਕ ਘਰ ਬਨਾਇਆ ਚਾਹੀਏ
ਕੋਈ ਹਮ-ਸਾਇਆ ਨਾ ਹੋ ਔਰ ਪਾਸਬਾਂ ਕੋਈ ਨਾ ਹੋ।

ਪੜੀਏ ਗਰ ਬੀਮਾਰ ਤੋ ਕੋਈ ਹੋ ਤੀਮਾਰਦਾਰ
ਔਰ ਅਗਰ ਮਰ ਜਾਈਏ ਤੋ ਨੌਹਾ-ਖ੍ਵਾਂ ਕੋਈ ਨਾ ਹੋ।