ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਹੋਣੀ ਤੈਅ

ਹਾਈਕਮਾਨ ਨੂੰ ਹੁਣ ਨਵਜੋਤ ਸਿੱਧੂ ਤੋਂ ਵੱਧ ਆਸਾਂ
ਚੰਡੀਗੜ੍ਹ: ਹਾਈਕਮਾਨ ਨੇ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਨਿਬੇੇੜਨ ਦੇ ਦਾਅਵੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਪਰ ਪ੍ਰਧਾਨ ਦੀ ਕੁਰਸੀ ਮਿਲਦੇ ਹੀ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਸਿੱਧੂ ਵੱਲੋਂ ਵਿੱਢੀਆਂ ਹੋਈਆਂ ਹਨ, ਉਹ ਕੁਝ ਹੋਰ ਹੀ ਇਸ਼ਾਰਾ ਕਰ ਰਹੀਆਂ ਹਨ। ਹਾਈਕਮਾਨ ਵੱਲੋਂ ਐਲਾਨ ਹੁੰਦੇ ਹੀ ਵਿਧਾਇਕਾਂ ਨੂੰ ਆਪਣੇ ਪਾਲੇ ਵਿਚ ਕਰਨ ਲਈ ਸਿੱਧੂ ਨੇ ਇਕ ਤਰ੍ਹਾਂ ਦੀ ਮੁਹਿੰਮ ਛੇੜੀ ਹੋਈ ਹੈੈ। ਇਥੋਂ ਤੱਕ ਕਿ ਉਸ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਘਰ-ਘਰ ਜਾ ਕੇ ‘ਅਸ਼ੀਰਵਾਦ` ਲਿਆ ਜਾ ਰਿਹਾ ਹੈ

ਪਰ ਸੂਬੇ ਦੇ ਮੁੱਖ ਮੰਤਰੀ ਤੇ ਵਿਧਾਇਕ ਦਲ ਵੱਲੋਂ ਚੁਣੇ ਨੇਤਾ ਕੈਪਟਨ ਅਮਰਿੰਦਰ ਸਿੰਘ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਹੈ। ਦੂਜੇ ਬੰਨੇ, ਹਾਈਕਮਾਨ ਵੱਲੋਂ ਇਕ ਮਿਆਨ ਵਿਚ ਦੋ ਤਲਵਾਰਾਂ (ਸਿੱਧੂ-ਕੈਪਟਨ) ਪਾਉਣ ਦੀ ਰਣਨੀਤੀ ਉਤੇ ਵੀ ਸਵਾਲ ਉਠ ਰਹੇ ਹਨ।
ਨਵਜੋਤ ਸਿੱਧੂ ਦੋ ਟੁਕ ਸ਼ਬਦਾਂ ਵਿਚ ਕੈਪਟਨ ਨੂੰ ‘ਨਿਕੰਮਾ` ਮੁੱਖ ਮੰਤਰੀ ਐਲਾਨ ਚੁੱਕੇ ਹਨ ਤੇ ਹੁਣ ਤੱਕ ਉਹ (ਸਿੱਧੂ) ਖੁੱਲ੍ਹ ਕੇ ਕੈਪਟਨ ਦੀ ਘੇਰੇਬੰਦੀ ਕਰਦੇ ਰਹੇ ਹਨ; ਅਜਿਹੇ ਸ਼ਖਸ ਨੂੰ ਸੂਬੇ ਵਿਚ ਪ੍ਰਧਾਨਗੀ ਦੀ ਕੁਰਸੀ ਦੇਣਾ ਕੁਝ ਹੋਰ ਹੀ ਇਸ਼ਾਰਾ ਕਰ ਰਿਹਾ ਹੈ। ਪ੍ਰਧਾਨਗੀ ਮਿਲਣ ਦੇ ਬਾਅਦ ਵੀ ਸਿੱਧੂ ਨੇ ਕੈਪਟਨ ਖਿਲਾਫ ਆਪਣੀ ਮੁਹਿੰਮ ਨੂੰ ਹੋਰ ਤਿੱਖਾ ਕਰਦਿਆਂ ਉਸ (ਕੈਪਟਨ) ਦੇ ਹਮਾਇਤੀ ਵਿਧਾਇਕਾਂ ਨੂੰ ਆਪਣੇ ਵੱਲ ਖਿੱਚਣ ਲਈ ਟਿੱਲ ਲਾਇਆ ਹੋਇਆ ਹੈ ਅਤੇ ਇਸ ਵਿਚ ਸਫਲਤਾ ਵੀ ਮਿਲ ਰਹੀ ਹੈ।
ਪੰਜਾਬ ਕਾਂਗਰਸ ਵਿਚ ਮੌਜੂਦਾ ਮਾਹੌਲ ਤੋਂ ਜਾਪ ਰਿਹਾ ਹੈ ਕਿ ਹਾਈਕਮਾਨ ਨੇ ਕੈਪਟਨ ਦੀ ਹੋਣੀ ਤੈਅ ਕਰ ਦਿੱਤੀ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਸੂਬਾ ਪ੍ਰਧਾਨ ਬਣਨ ਦੇ ਤੁਰਤ ਪਿੱਛੋਂ ਸਿੱਧੂ ਸੂਬੇ ਦੇ ਮੁੱਖ ਮੰਤਰੀ ਨੂੰ ਮਿਲਦੇ ਅਤੇ ਆਪਣੇ ਗਿਲੇ ਸ਼ਿਕਵੇ ਦੂਰ ਕਰਦੇ ਪਰ ਇਸ ਦੇ ਉਲਟ ਉਹ (ਸਿੱਧੂ) ਆਪਣੀ ਤਾਕਤ ਦਿਖਾਉਣ ਵਿਚ ਜੁਟ ਗਏ। ਇਸ ਤੋਂ ਵੱਡਾ ਸਵਾਲ ਇਹ ਹੈ ਕਿ ਹਾਈਕਮਾਨ ਚੁੱਪ-ਚਾਪ ਇਹ ਤਮਾਸ਼ਾ ਵੇਖ ਰਹੀ ਹੈ। ਮੌਜੂਦਾ ਮਾਹੌਲ ਇਹੀ ਇਸ਼ਾਰਾ ਕਰ ਰਿਹਾ ਹੈ ਕਿ ਸਿੱਧੂ ਦੀ ਨਿਯੁਕਤੀ ਕੈਪਟਨ ਦੀ ਪੱਕੀ ਛੁੱਟੀ ਵਾਲਾ ਰਾਹ ਤਿਆਰ ਕਰਨ ਦੀ ਰਣਨੀਤੀ ਹੈ। ਗੱਲ ਸਿਰਫ ਸਿੱਧੂ ਨੂੰ ਪ੍ਰਧਾਨਗੀ ਦੇਣ ਦੀ ਨਹੀਂ ਹੈ ਸਗੋਂ ਉਸ ਦੇ ਨਾਲ ਲਾਏ 4 ਕਾਰਜਕਾਰੀ ਪ੍ਰਧਾਨ ਵੀ ਕੈਪਟਨ ਦੇ ਵਿਰੋਧੀ ਖੇਮੇ ਵਿਚ ਹੀ ਗਿਣੇ ਜਾਂਦੇ ਹਨ।
ਯਾਦ ਰਹੇ ਕਿ ਤਕਰੀਬਨ ਢਾਈ ਸਾਲ ਪਹਿਲਾਂ ਕੈਪਟਨ ਨਾਲ ਨਾਰਾਜ਼ਗੀ ਤੋਂ ਬਾਅਦ ਸਿੱਧੂ ਨੇ ਸੋਸ਼ਲ ਮੀਡੀਆ ਉਤੇ ‘ਜਿੱਤੇਗਾ ਪੰਜਾਬ ਮਿਸ਼ਨ` ਦਾ ਨਾਅਰਾ ਦਿੱਤਾ ਸੀ ਤੇ ਹੁਣ ਪ੍ਰਧਾਨਗੀ ਮਿਲਣ ਪਿੱਛੋਂ ਵੀ ਉਸੇ ਨਾਅਰੇ ਦੀਆਂ ਗੱਲਾਂ ਕਰ ਰਹੇ ਹਨ। ਦੋ ਕੁ ਸਾਲ ਪਹਿਲਾਂ ਮੁੱਖ ਮੰਤਰੀ ਨਾਲ ਬਿਆਨਬਾਜ਼ੀ ਵਿਚ ਉਲਝਣ ਤੋਂ ਪਿੱਛੋਂ ਉਨ੍ਹਾਂ ਦਾ ਮਹਿਕਮਾ ਬਦਲਣ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੇ ਮਿਲੇ ਦੂਸਰੇ ਵਿਭਾਗ ਤੋਂ ਵੀ ਅੱਖਾਂ ਮੋੜ ਲਈਆਂ ਸਨ। ਇਸ ਅਰਸੇ ਵਿਚ ਉਹ ਬਹੁਤਾ ਸਮਾਂ ਰੂਪੋਸ਼ ਰਹੇ।
ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਸਿੱਧੂ ਲਈ ਇਕਤਰਫਾ ਫੈਸਲਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਕੀਤਾ ਹੈ ਪਰ ਇਸ ਤਰ੍ਹਾਂ ਪੰਜਾਬ ਕਾਂਗਰਸ ਦਾ ਵਿਵਾਦ ਖਤਮ ਕਰਨ ਲਈ ਹਾਈਕਮਾਨ ਨੇ ਜੋ ਸਮੀਕਰਨ ਪੇਸ਼ ਕੀਤਾ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਪਾਰਟੀ ਹੁਣ ਪੁਰਾਣੇ ਨੇਤਾਵਾਂ ਤੋਂ ਜਿ਼ਆਦਾ ਨੌਜਵਾਨ ਅਤੇ ਸਰਗਰਮ ਅਗਵਾਈ ਨੂੰ ਅਹਿਮੀਅਤ ਦੇਣਾ ਚਾਹੁੰਦੀ ਹੈ। ਉਧਰ, ਸਿੱਧੂ ਨੂੰ ਕੈਪਟਨ ਦੀ ਸਹਿਮਤੀ ਤੋਂ ਬਿਨਾ ਪ੍ਰਧਾਨ ਥਾਪ ਦਿੱਤੇ ਜਾਣ ਮਗਰੋਂ ਕੈਪਟਨ ਨੇ ਚੁੱਪੀ ਧਾਰੀ ਹੋਈ ਹੈ ਜਿਸ ‘ਤੇ ਹਾਈਕਮਾਨ ਸਮੇਤ ਪੂਰੀ ਪੰਜਾਬ ਕਾਂਗਰਸ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਚੇਤੇ ਰਹੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਕੈਪਟਨ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਨਜ਼ਰ-ਅੰਦਾਜ਼ ਕਰਨ ਦੀ ਗੱਲ ਉਡੀ ਸੀ ਪਰ ਕੈਪਟਨ ਨੇ ਉਸ ਸਮੇਂ ਸਾਫ ਕਰ ਦਿੱਤਾ ਸੀ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਆਪਣੀ ਵੱਖਰੀ ਪਾਰਟੀ ਬਣਾਉਣ ਬਾਰੇ ਵੀ ਸੋਚ ਸਕਦੇ ਹਨ। ਉਸ ਸਮੇਂ ਕਾਂਗਰਸ ਕੋਲ ਕੈਪਟਨ ਦੇ ਸਿਵਾਏ ਅਜਿਹਾ ਕੋਈ ਨੇਤਾ ਨਹੀਂ ਸੀ ਜੋ ਉਨ੍ਹਾਂ ਦੀ ਥਾਂ ਲੈ ਸਕੇ। ਪਿਛਲੇ ਸਾਢੇ ਚਾਰ ਸਾਲ ਵਿਚ ਸਿੱਧੂ ਨੂੰ ਕੈਪਟਨ ਬਰਾਬਰ ਖੜ੍ਹਾ ਕਰਨ ਦੀਆਂ ਅੰਦਰੂਨੀ ਕੋਸ਼ਿਸ਼ਾਂ ਹੋਈਆਂ ਤੇ ਇਸ ਦੇ ਸੰਕੇਤ ਹੁਣ ਸਪਸ਼ਟ ਦੇਖਣ ਨੂੰ ਮਿਲ ਰਹੇ ਹਨ। ਇਧਰ, ਕੈਪਟਨ ਦਾ ਘੜਿਆ ਘੜਾਇਆ ਫਾਰਮੂਲਾ ਪਿਛਲੀ ਵਾਰ ਵਾਲਾ ਹੀ ਜਾਪ ਰਿਹਾ ਹੈ। ਮੁੱਖ ਮੰਤਰੀ ਦੀ ਉਮੀਦਵਾਰੀ ਮਿਲਣ ਉਤੇ ਹੀ ਉਹ ਕਾਂਗਰਸ ਲਈ ਖੜ੍ਹਨਗੇ। ਇਸ ਤੋਂ ਤੈਅ ਹੈ ਕਿ ਹਾਈਕਮਾਨ ਦੀ ਕੈਪਟਨ ਬਾਰੇ ਰਜ਼ਾ ਕੁਝ ਸ਼ੱਕੀ ਹੈ। ਹਾਲਾਂਕਿ ਪਿਛਲੀਆਂ ਚੋਣਾਂ ਵਿਚ ਕੈਪਟਨ ਨੇ ਸਿਆਸੀ ਸਨਿਆਸ ਦੀ ਗੱਲ ਕਰਦਿਆਂ ਸਾਫ ਆਖ ਦਿੱਤਾ ਸੀ ਕਿ ਇਹ ਚੋਣਾਂ (2017 ਵਾਲੀਆਂ) ਉਨ੍ਹਾਂ ਦੀ ਆਖਰੀ ਚੋਣਾਂ ਹਨ ਪਰ ਚੋਣਾਂ ਤੋਂ ਸਾਲ ਪਹਿਲਾਂ ਉਹ ਪਾਸਾ ਪਲਟ ਗਏ ਤੇ ਆਪਣੇ ਆਪ ਨੂੰ ‘ਅਭੀ ਤੋ ਮੈਂ ਜਵਾਨ ਹੂੰ` ਆਖ ਕੇ ਮੁੜ ਮੈਦਾਨ ਵਿਚ ਨਿੱਤਰ ਆਏ।
ਰਾਹੁਲ ਗਾਂਧੀ ਨੇ ਸਪਸ਼ਟ ਕੀਤਾ ਸੀ ਕਿ ਪਾਰਟੀ ਵਿਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਹੁਣ ਤਾਜ਼ਾ ਘਟਨਾਕ੍ਰਮ ‘ਚ ਕੈਪਟਨ ਨੂੰ ਅਣਦੇਖਿਆ ਕਰਦੇ ਹੋਏ ਰਾਹੁਲ ਅਤੇ ਪ੍ਰਿਅੰਕਾ ਨੇ ਸਿੱਧੂ ਅਤੇ ਉਨ੍ਹਾਂ ਦੇ ਨਾਲ ਨਿਯੁਕਤ ਕੀਤੇ ਕਾਰਜਕਾਰੀ ਪ੍ਰਧਾਨਾਂ ਦੇ ਰੂਪ ‘ਚ ਨੌਜਵਾਨ ਚਿਹਰਿਆਂ ਨੂੰ ਭਵਿੱਖ ਦੇ ਨੇਤਾਵਾਂ ਦੇ ਤੌਰ ‘ਤੇ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਲੈ ਕੇ ਕੈਪਟਨ ਕਾਫੀ ਔਖੇ ਦੱਸੇ ਜਾ ਰਹੇ ਹਨ।
ਰਾਹੁਲ ਤੇ ਪ੍ਰਿਅੰਕਾ ਦੇ ਨਵੇਂ ਫਾਰਮੂਲੇ ਦਾ ਪਹਿਲਾ ਅਸਰ ਤਾਂ ਇਹੀ ਦਿਖਾਈ ਦਿੱਤਾ ਹੈ ਕਿ ਨੌਜਵਾਨ ਵਿਧਾਇਕ ਸਿੱਧੇ ਤੌਰ ਉਤੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਸਮਰਥਨ ਵਿਚ ਆ ਗਏ ਹਨ, ਜਦ ਕਿ ਕੈਪਟਨ ਦੇ ਕਰੀਬੀ ਸੀਨੀਅਰ ਸਾਥੀਆਂ ਸਮੇਤ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਵਰਗੇ ਵੱਡੇ ਆਗੂ ਆਪਣੇ ਆਪ ਨੂੰ ਅਣਦੇਖਿਆ ਕੀਤਾ ਸਮਝਣ ਲੱਗੇ ਹਨ।
ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੀ ਪ੍ਰਧਾਨੀ ਸੌਂਪੇ ਜਾਣ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਉਨ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ 2022 ਦੀਆਂ ਚੋਣਾਂ ਵੇਲੇ ਟਿਕਟਾਂ ਦੀ ਵੰਡ ‘ਚ ਵੀ ਸਿੱਧੂ ਦਾ ਸਿੱਧਾ ਦਖਲ ਰਹੇਗਾ ਅਤੇ ਰਾਹੁਲ-ਪ੍ਰਿਅੰਕਾ ਦੀ ਸੋਚ ਅਨੁਸਾਰ ਸਿੱਧੂ ਨੌਜਵਾਨਾਂ ਨੂੰ ਚੋਣ ਮੈਦਾਨ ‘ਚ ਉਤਾਰਨ ਦੀ ਕੋਸ਼ਿਸ਼ ਕਰਨਗੇ ਅਤੇ ਉਸ ‘ਚ ਵੀ ਕੈਪਟਨ ਅਤੇ ਸਿੱਧੂ ਵਿਚਾਲੇ ਪੇਚ ਫਸਣਾ ਸੁਭਾਵਿਕ ਹੋਵੇਗਾ।
ਪੰਜ ਮੰਤਰੀਆਂ ਅਤੇ 35 ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੀ ਹੁਣ ਉਨ੍ਹਾਂ ਦੀ ਮੁੱਠੀ ਵਿਚ ਹੈ। ਇਹੀ ਕਾਰਨ ਹੈ ਕਿ ਸਿੱਧੂ ਦੀ ਨਿਯੁਕਤੀ ਤੋਂ ਖਫਾ ਹੋਣ ਦੇ ਬਾਵਜੂਦ ਕੈਪਟਨ ਧੜਾ ਚੁੱਪ ਧਾਰੀ ਬੈਠਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਚੰਡੀਗੜ੍ਹ ਦੇ ਸੈਕਟਰ-2 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇੜੇ ਆਪਣੀ ਤਾਕਤ ਦਿਖਾਈ। ਸਿੱਧੂ ਜਿਸ ਸਮੇਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਸਨ, ਉਦੋਂ ਅਮਰਿੰਦਰ ਸਿੰਘ ਆਪਣੀ ਸਰਕਾਰੀ ਰਿਹਾਇਸ਼ ‘ਚ ਮੌਜੂਦ ਸਨ।
ਕੈਪਟਨ ਕੈਂਪ ਦੀ ਚੁੱਪੀ ਸਭ ਨੂੰ ਹੈਰਾਨ ਕਰ ਰਹੀ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਹਾਈਕਮਾਨ ਦੇ ਇਸ ਫੈਸਲੇ ਖਿਲਾਫ ਕੈਪਟਨ ਕੋਈ ਵੱਡਾ ਕਦਮ ਚੁੱਕ ਸਕਦੇ ਹਨ ਪਰ ਕੈਪਟਨ ਦੀ ਚੁੱਪ ਦੱਸ ਰਹੀ ਹੈ ਕਿ ਇਸ ਸਮੇਂ ਉਨ੍ਹਾਂ ਦੀ ਹਾਲਤ ‘ਵਿਚਾਰੇ` ਵਾਲੀ ਬਣੀ ਹੋਈ ਹੈ। ਉਨ੍ਹਾਂ ਦੇ ਵਫਾਦਾਰ ਵਿਧਾਇਕ ਅਤੇ ਮੰਤਰੀ ਸਿੱਧੂ ਦੁਆਲੇ ਘੁੰਮ ਰਹੇ ਹਨ। ਅਸਲ ਵਿਚ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਬਾਰੇ ਹਾਈਕਮਾਨ ਦਾ ਰਵੱਈਆ ਬਦਲਿਆ ਦੇਖਿਆ ਜਾ ਰਿਹਾ ਸੀ।
ਕੈਪਟਨ ਨੂੰ ਦਿੱਤਾ 18 ਨੁਕਾਤੀ ਏਜੰਡਾ ਇਹ ਸਪਸ਼ਟ ਸੰਕੇਤ ਸੀ ਕਿ ਉਹ ਸਫਲ ਮੁੱਖ ਮੰਤਰੀ ਵਜੋਂ ਨਕਾਮ ਸਾਬਤ ਹੋਏ ਹਨ ਤੇ ਸੱਤਾ ਦੇ 5-6 ਮਹੀਨਿਆਂ ਵਿਚ ਉਹ ਆਪਣੇ ਆਪ ਨੂੰ ਸਾਬਤ ਕਰਨ। ਇਸ 18 ਨੁਕਾਤੀ ਏਜੰਡਾ ਵਿਚ ਉਹ ਵਾਅਦੇ ਸਨ ਜੋ ਕੈਪਟਨ ਨੇ ਚੋਣਾਂ ਸਮੇਂ ਪੰਜਾਬੀਆਂ ਨਾਲ ਕੀਤੇ ਸਨ ਤੇ ਪੂਰਾ ਇਕ ਵੀ ਨਹੀਂ ਕੀਤਾ। ਹੁਣ ਤੈਅ ਹੈ ਕਿ ਇੰਨੇ ਥੋੜ੍ਹੇ ਸਮੇਂ ਵਿਚ ਹਾਈਕਮਾਨ ਦੀ ਇੱਛਾ ਉਤੇ ਫੁੱਲ ਚੜ੍ਹਾਉਣਾ ਕੈਪਟਨ ਦੇ ਵੱਸੋਂ ਬਾਹਰ ਹੈ। ਇਸੇ ਏਜੰਡੇ ਨੂੰ ਆਧਾਰ ਬਣਾ ਕੇ ਕੈਪਟਨ ਦੇ ਬਦਲ ਬਾਰੇ ਗੱਲ ਤੋਰੀ ਜਾਵੇਗੀ।
ਹੁਣ ਭਾਵੇਂ ਮੁੱਖ ਮੰਤਰੀ ਦੀ ਨਾਰਾਜ਼ਗੀ ਦੇ ਹੁੰਦਿਆਂ ਵੀ ਸਿੱਧੂ ਦੇ ਨਾਂ ਉਤੇ ਹਾਈਕਮਾਨ ਨੇ ਮੋਹਰ ਲਗਾ ਦਿੱਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਗਟਾਈ ਨਾਰਾਜ਼ਗੀ ਇਸ ਗੱਲ ਦਾ ਪ੍ਰਗਟਾਵਾ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਅਤੇ ਰੁਕਾਵਟਾਂ ਝੱਲਣੀਆਂ ਪੈ ਸਕਦੀਆਂ ਹਨ। ਦੂਜੇ ਪਾਸੇ ਸਿੱਧੂ ਨੂੰ ਪ੍ਰਧਾਨਗੀ ਮਿਲਣ ‘ਤੇ ਸੂਬੇ ਦੀਆਂ ਕਾਂਗਰਸੀਆਂ ਸਫਾਂ ਵਿਚ ਉਤਸ਼ਾਹ ਦਾ ਮਾਹੌਲ ਬਣਿਆ ਜਾਪਦਾ ਹੈ। ਬਹੁਤੇ ਕਾਂਗਰਸੀ ਆਗੂ ਵੀ ਉਨ੍ਹਾਂ ਨਾਲ ਜੁੜਨ ਨੂੰ ਤਰਜੀਹ ਦੇਣ ਲੱਗੇ ਹਨ।
_______________________________________
ਧਰੀ ਧਰਾਈ ਰਹਿ ਗਈ ਵਿਰੋਧੀ ਧਿਰਾਂ ਦੀ ਰਣਨੀਤੀ
ਨਵਜੋਤ ਸਿੰਘ ਸਿੱਧੂ ਬਾਰੇ ਹੁਣ ਤੱਕ ਇਹੀ ਚਰਚਾ ਸੀ ਕਿ ਜਾਂ ਤਾਂ ਉਹ ਆਪਣੀ ਵੱਖਰੀ ਪਾਰਟੀ ਬਣਾ ਸਕਦੇ ਹਨ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਧਿਰ ਨਾਲ ਜੁੜ ਸਕਦੇ ਹਨ ਪਰ ਪ੍ਰਧਾਨਗੀ ਮਿਲਣ ਪਿੱਛੋਂ ਉਹ ਆਪਣੇ ਆਪ ਨੂੰ ਵਫਾਦਾਰ ਕਾਂਗਰਸੀ ਸਾਬਤ ਕਰਨ ਵਿਚ ਜੁਟ ਗਏ ਹਨ। ਸਿੱਧੂ ਦੇ ਮੈਦਾਨ ਵਿਚ ਆਉਣ ਨਾਲ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਵੀ ਆਪਣੀ ਨੀਤੀ ਨਵੇਂ ਸਿਰੇ ਤੋਂ ਘੜਨ ਦੀ ਜ਼ਰੂਰਤ ਪਵੇਗੀ। ਪੰਜਾਬ ਦੀਆਂ ਚੋਣਾਂ ਸਿਰ ਉਤੇ ਹਨ। ਸਾਰੀਆਂ ਹੀ ਪਾਰਟੀਆਂ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਸਰਗਰਮੀ ਦਿਖਾਉਣ ਲੱਗੀਆਂ ਹੋਈਆਂ ਹਨ। ਇਸ ਨਜ਼ਰੀਏ ਤੋਂ ਦੇਖਿਆਂ ਉਨ੍ਹਾਂ ਦੀ ਸਰਗਰਮ ਆਮਦ ਕਾਂਗਰਸੀ ਸਫਾਂ ਵਿਚ ਤਰੰਗਾਂ ਛੇੜ ਸਕਦੀ ਹੈ ਅਤੇ ਉਹ ਇਕ ਵਿਸ਼ਵਾਸ ਅਤੇ ਉਮੀਦ ਨਾਲ ਚੋਣ ਮੈਦਾਨ ਵਿਚ ਉਤਰ ਸਕਦੇ ਹਨ ਪਰ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਨਵਜੋਤ ਸਿੰਘ ਸਿੱਧੂ ਲਈ ਇਹ ਹੀ ਹੈ ਕਿ ਉਹ ਵੱਡੇ ਕਾਂਗਰਸੀ ਆਗੂਆਂ ਦੇ ਗਿਲੇ-ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਕਿਸ ਤਰ੍ਹਾਂ ਤੁਰਨ ਲਈ ਤਿਆਰ ਕਰਦੇ ਹਨ।