ਸਾਵਣ ਦਾ ਬਚਪਨ

ਭਾਰਤ ਦਾ ਜੇ ਸਭ ਤੋਂ ਸੁਹਾਵਣਾ ਕੋਈ ਮਹੀਨਾ ਹੈ ਤਾਂ ਉਹ ਸਾਵਣ ਹੈ। ਬਚਪਨ ਵਿਚ ਤਾਂ ਸਚਮੁਚ ਇਸ ਮਹੀਨੇ ਬੜੀਆਂ ਅਠਖੇਲੀਆਂ ਕੀਤੀਆਂ ਜਾਂਦੀਆਂ ਹਨ। ਜੇਠ-ਹਾੜ ਦੀ ਸਾੜਵੀਂ ਗਰਮੀ ਤੋਂ ਬਾਅਦ ਇਕ ਦਮ ਠੰਡ ਪਾਉਣ ਵਾਲਾ ਮਹੀਨਾ, ਭਾਵੇਂ ਇਹ ਗਿਣਿਆ ਫਿਰ ਵੀ ਗਰਮੀ ਦੇ ਮੌਸਮ ਦਾ ਹੀ ਜਾਂਦਾ ਹੈ। ਸਰਦੀ ਦੀ ਦਿੱਲੀ ਤਾਂ ਅਜੇ ਦੂਰ ਹੈ।

ਬਲਜੀਤ ਬਾਸੀ
ਜਗਜੀਤ ਦੀ ਗਾਈ ਇਕ ਗਜ਼ਲ ਦੇ ਬੋਲ ਹਨ,
ਮਗਰ ਮੁਝ ਕੋ ਲੌਟਾ ਦੋ
ਬਚਪਨ ਕਾ ਸਾਵਨ,
ਵੋਹ ਕਾਗ਼ਜ਼ ਕੀ ਕਸ਼ਤੀ
ਵੋਹ ਬਾਰਿਸ਼ ਕਾ ਪਾਨੀ।
ਭਾਰਤ ਦਾ ਜੇ ਸਭ ਤੋਂ ਸੁਹਾਵਣਾ ਕੋਈ ਮਹੀਨਾ ਹੈ ਤਾਂ ਉਹ ਸਾਵਣ ਹੈ। ਬਚਪਨ ਵਿਚ ਤਾਂ ਸਚਮੁਚ ਇਸ ਮਹੀਨੇ ਬੜੀਆਂ ਅਠਖੇਲੀਆਂ ਕੀਤੀਆਂ ਜਾਂਦੀਆਂ ਹਨ। ਜੇਠ-ਹਾੜ ਦੀ ਸਾੜਵੀਂ ਗਰਮੀ ਤੋਂ ਬਾਅਦ ਇਕ ਦਮ ਠੰਡ ਪਾਉਣ ਵਾਲਾ ਮਹੀਨਾ, ਭਾਵੇਂ ਇਹ ਗਿਣਿਆ ਫਿਰ ਵੀ ਗਰਮੀ ਦੇ ਮੌਸਮ ਦਾ ਹੀ ਜਾਂਦਾ ਹੈ। ਸਰਦੀ ਦੀ ਦਿੱਲੀ ਤਾਂ ਅਜੇ ਦੂਰ ਹੈ। ਇਹ ਬਰਸਾਤ ਨਾਲ ਜੁੜਿਆ ਹੋਇਆ ਹੈ, ਇਥੋਂ ਤੱਕ ਕਿ ਸਾਉਣ ਬਰਸਾਤ ਦਾ ਹੀ ਅਰਥਾਵਾਂ ਹੋ ਗਿਆ ਹੈ। ਬਾਬਰ ਨੂੰ ਭਾਰਤ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਗੱਲਾਂ ਭਾਈਆਂ ਸਨ, ਉਨ੍ਹਾਂ ਵਿਚੋਂ ਇਕ ਸੀ ਇਥੇ ਦੀ ਬਰਸਾਤ। ਉਸ ਨੂੰ ਬੱਸ ਇਹੀ ਦੁਖ ਸੀ ਕਿ ਭਾਰੀ ਮੀਹਾਂ ਨਾਲ ਤੀਰ ਕਮਾਨ ਸਿੱਲ੍ਹਾ ਹੋ ਜਾਂਦਾ ਸੀ ਜਿਸ ਕਾਰਨ ਬਾਬਰ ਜਿਹੇ ਯੋਧੇ ਦੀਆਂ ਮੁਹਿੰਮਾਂ ‘ਤੇ ਪਾਣੀ ਫਿਰ ਜਾਂਦਾ ਸੀ। ਇਹ ਹਰਿਆਲੀ ਦਾ ਮਹੀਨਾ ਹੈ। ਕਹਿੰਦੇ ਹਨ, ਸੌਣ ਦੇ ਅੰਨੇ ਨੂੰ ਸਭ ਹਰਾ ਹਰਾ ਹੀ ਦਿਖਾਈ ਦਿੰਦਾ ਹੈ। ਕਿਸੇ ਨੇ ਆਪਣੀ ਲਗਾਤਾਰ ਇਕ-ਰਸ ਜ਼ਿੰਦਗਾਨੀ ਬਿਆਨ ਕਰਨੀ ਹੋਵੇ ਤਾਂ ‘ਨਾ ਸੌਣ ਸੁੱਕੇ ਨਾ ਹਾੜ ਹਰੇ’ ਤੋਂ ਵਧੀਆ ਕਹਾਵਤ ਕਿਹੜੀ ਹੋ ਸਕਦੀ ਹੈ? ਸਾਵਣ ਭਾਵੇਂ ਇਕ ਰੰਗ ਨਾਲ ਹੀ ਜੁੜਿਆ ਹੋਇਆ ਹੈ ਪਰ ਇਸ ਮਹੀਨੇ ਮਨ ਸੱਤਾਂ ਰੰਗਾਂ ਵਿਚ ਰੰਗਿਆ ਜਾਂਦਾ ਹੈ। ਬੇਮਤਲਬ ਹੀ ਹਿਰਦਾ ਝੂਮਦਾ ਰਹਿੰਦਾ ਹੈ, ਉਚੀਆਂ ਉਡਾਰੀਆਂ ਲਾਉਣ ਲਈ ਮਨ ਉਤਾਵਲਾ ਹੁੰਦਾ ਹੈ। ਐਵੇਂ ਨਹੀਂ ਇਸ ਮਹੀਨੇ ਪੀਂਘਾਂ ਪਾਈਆਂ ਜਾਂਦੀਆਂ। ਕੁਦਰਤ ਵੀ ਸਤਰੰਗੀ ਪੀਂਘ ਦੀ ਝਲਕ ਦਿਖਾ ਕੇ ਮਾਨੋ ਝੂਮਣ ਦਾ ਸੁਨੇਹਾ ਦਿੰਦੀ ਹੈ। ਇਸੇ ਮਹੀਨੇ ਮੋਰ ਵੀ ਪੈਲਾਂ ਪਾਉਂਦੇ ਦਿਸ ਪੈਂਦੇ ਹਨ। ਅੰਬਾਂ ਦੇ ਬਾਗਾਂ ਵਿਚ ਕੋਇਲ ਦੀ ਕੂ ਕੂ ਗੂੰਜਦੀ ਹੈ।
ਇਸ ਮਹੀਨੇ ਬਨਸਪਤੀ ਸਾਵੇ ਰੰਗ ਦੇ ਵੇਸ ਵਿਚ ਆਪਣੇ ਆਪ ਨੂੰ ਕੱਜ ਲੈਂਦੀ ਹੈ। ਹਰ ਕਿਸੇ ਨੂੰ ਜ਼ਰੂਰ ਖਿਆਲ ਆਉਂਦਾ ਹੋਵੇਗਾ ਕਿ ਹਰੇ ਦੇ ਅਰਥਾਂ ਵਾਲਾ ਸਾਵਾ ਸ਼ਬਦ ਸ਼ਾਇਦ ਇਸੇ ਸਾਵਣ ਸ਼ਬਦ ਤੋਂ ਹੀ ਬਣਿਆ ਹੋਵੇ। ਪਰ ਅਕਸਰ ਨਿਰੁਕਤ ਸ਼ਾਸਤਰ ਤੁਹਾਡਾ ਸਾਥ ਨਹੀਂ ਦਿੰਦਾ। ਤੁਹਾਡਾ ਖਿਆਲ ਇਕ ਭੁਲਾਂਦਰਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਾਵਲ ਸ਼ਬਦ ਤਿੰਨ ਵਾਰੀ ਆਇਆ ਹੈ। ਭਗਤ ਕਬੀਰ ਦੇ ਸ਼ਬਦਾਂ ਵਿਚ, “ਸਾਵਲ ਸੁੰਦਰ ਰਮਅਈਆ।” ਇਥੇ ਸਾਵਲ ਦਾ ਅਰਥ ਹਰਾ ਕਰੀਏ ਤਾਂ ਗੜਬੜ ਹੋ ਜਾਂਦੀ ਹੈ। ਪਰਮਾਤਮਾ, ਪ੍ਰੇਮੀ ਜਾਂ ਪਤੀ ਨੂੰ ਹਰੇ ਰੰਗ ਵਿਚ ਕਲਪਣਾ ਅਟਪਟਾ ਜਿਹਾ ਲਗਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਹੁਤੀ ਥਾਂਵੀਂ ਪਰਮਾਤਮਾ ਨੂੰ ਕ੍ਰਿਸ਼ਨ ਦੇ ਰੂਪ ਵਿਚ ਕਲਪਿਆ ਗਿਆ ਹੈ। ਕ੍ਰਿਸ਼ਨ ਨੂੰ ਕਾਲੇ ਰੰਗ ਕਾਰਨ ਸ਼ਾਮ ਵੀ ਕਿਹਾ ਜਾਂਦਾ ਹੈ। ਇਸ ਲਈ ਇਥੇ ਸਾਵਲ ਰੰਗ ਅਸਲ ਵਿਚ ਸਾਂਵਲਾ ਹੈ ਅਰਥਾਤ ਸ਼ਾਮ ਦੇ ਕਾਲੇ ਰੰਗ ਜਿਹਾ। ਉਂਜ ਹਰਾ, ਖਾਸ ਤੌਰ ‘ਤੇ ਗੂੜ੍ਹਾ ਹਰਾ ਰੰਗ ਨੀਲੇ ਦੀ ਤਰ੍ਹਾਂ ਕਾਲੇ ਰੰਗ ਦਾ ਅਰਥਾਵਾਂ ਹੋ ਸਕਦਾ ਹੈ ਕਿਉਂਕਿ ਦੋਵੇਂ ਕਾਲੋਂ ਦੇ ਨੇੜੇ-ਤੇੜੇ ਲਗਦੇ ਹਨ। ਗੁਰਬਾਣੀ ਦਾ ਸਾਵਲ ਵੀ ਸਾਂਵਲ ਹੀ ਹੈ ਪਰ ਕਿਉਂਕਿ ਗੁਰਬਾਣੀ ਵਿਚ ਅਨੁਨਾਸਕ ਚਿੰਨ੍ਹਾਂ ਦੀ ਵਰਤੋਂ ਤੋਂ ਸੰਕੋਚ ਕੀਤਾ ਗਿਆ ਹੈ ਇਸ ਲਈ ਇਹ ਸ਼ਬਦ-ਜੋੜ ਹਨ। ਐਪਰ ਸਾਵਲ ਦਾ ਮਤਲਬ ਹਰਿਆਵਲ ਵੀ ਹੁੰਦਾ ਹੈ ਪਰ ਇਹ ਕਿਸੇ ਹੋਰ ਮਾਰਗ ਰਾਹੀਂ ਆਇਆ ਹੈ। ਸਾਵਾ ਸ਼ਬਦ ਅਸਲ ਵਿਚ ਇਸ ਸਾਵਲ ਤੋਂ ਬਣਿਆ। ਇਸ ਸ਼ਬਦ ਦਾ ਸੰਸਕ੍ਰਿਤ ਰੂਪ ‘ਸ਼ਾਦਵਲ’ ਹੈ ਜਿਸ ਦਾ ਮਤਲਬ ਹਰਾ ਭਰਾ ਜਾਂ ਘਾਹੀ ਮੈਦਾਨ ਹੁੰਦਾ ਹੈ। ਸ਼ਾਦ ਦਾ ਅਰਥ ਵੈਦਿਕੀ ਵਿਚ ਨਵੀਂ ਫੁੱਟੀ ਲਗਰ ਹੈ। ਇਸ ਮਹੀਨੇ ਨਵੀਆਂ ਲਗਰਾਂ ਹੀ ਤਾਂ ਫੁੱਟਦੀਆਂ ਹਨ। ਰਿਗ ਵੇਦ ਵਿਚ ਇਹ ਸ਼ਬਦ ਮਿਲਦਾ ਹੈ। ਸਾਵਾ ਤੋਂ ਹੀ ਅੱਗੇ ਬਣੇ ਸਾਵੀ ਦਾ ਅਰਥ ਸਬਜ਼ੀ ਜਾਂ ਭੰਗ ਵੀ ਹੈ। ਸਿੰਘ ਬੋਲਿਆਂ ਵਿਚ ਮੂੰਗੀ ਨੂੰ ਸਾਵੀ ਕਿਹਾ ਜਾਂਦਾ ਹੈ।
ਸਾਵਣ ਦਾ ਮਹੀਨਾ ਪ੍ਰੇਮ ਭਾਵਨਾਵਾਂ ਜਗਾਉਂਦਾ ਹੈ। ਸ਼ਿਵ ਕੁਮਾਰ ਤੋਂ ਬਿਨਾ ਅਜਿਹੀ ਸਥਿਤੀ ਨੂੰ ਹੋਰ ਕਿਹੜਾ ਕਵੀ ਇੰਨੀ ਸ਼ਿਦਤ ਨਾਲ ਬਿਆਨ ਕਰ ਸਕਦਾ ਹੈ,
ਸਾਵੀ ਸਾਵੀ ਪੱਤਿਆਂ ਦੀ ਭਾ
ਰੁੱਤਾਂ ਦਾ ਸਪੇਰਾ ਅੱਜ
ਭੌਰਿਆ ਦੀ ਜੀਭ ਉਤੇ
ਗਿਆ ਈ ਸਪੋਲੀਆ ਲੜਾ।

ਸਾਵਣ ਮੇਰੇ ਨੈਣੀਂ ਧੁਖਦਾ
ਸੱਜਣਾਂ ਦੀ ਛੁਹ ਨੂੰ ਤਰਸੇ।
ਹਿਜਰਾਂ ਦੇ ਬੁੱਲਾਂ ਨੂੰ ਜੋ ਚੁੰਮੇ
ਉਹ ਨਾ ਧਾਰਾ ਬਰਸੇ।
ਜਿਹੜੀ ਰੁੱਤੇ ਸੱਜਣ ਮਿਲਦੇ
ਉਹ ਰੰਗਲੀ ਰੁੱਤ ਕਦ ਆਏ।
ਪਰ ਪੰਜਾਬੀ ਸਭਿਆਚਾਰ ਦੀ ਸਿਤਮਜ਼ਰੀਫੀ ਦੇਖੋ, ਇਸ ਮਹੀਨੇ ਆਉਂਦੀਆਂ ਤੀਆਂ ਨੂੰ ਹੀ ਪਤਨੀ ਪਤੀ ਤੋਂ ਵੱਖ ਹੋ ਕੇ ਤੀਆਂ ਮਨਾਉਣ ਆਪਣੇ ਪੇਕੇ ਚਲੇ ਜਾਂਦੀ ਹੈ। ਅਖੇ ਜੀ ਇਨ੍ਹਾਂ ਦਿਨਾਂ ਵਿਚ ਨੂੰਹ ਦਾ ਸੱਸ ਦੇ ਮੱਥੇ ਲੱਗਣਾ ਯੋਗ ਨਹੀਂ ਹੁੰਦਾ। ਗੱਲ ਤਾਂ ਵਿਚੋਂ ਇਹ ਹੈ ਕਿ ਸੰਧਾਰੇ ਦੇ ਰੂਪ ਵਿਚ ਨੂੰਹ ਖਾਣ-ਪੀਣ ਦੀਆਂ ਮਠਿਆਈਆਂ ਤੇ ਹੋਰ ਉਰਾ-ਪਰਾ ਵੀ ਪੇਕਿਆਂ ਤੋਂ ਲੈ ਕੇ ਆਵੇਗੀ। ਖੈਰ, ਪੀਆ ਤੋਂ ਬਿਨਾ ਹੀ ਕੁੜੀਆਂ-ਚਿੜੀਆਂ ਤੇ ਵਿਆਹੁਤਾ ਨਾਰਾਂ ਪਿੜ ਵਿਚ ਪੀਂਘਾਂ ਝੂਟਦੀਆਂ ਤੇ ਨੱਚਦੀਆਂ ਗਾਉਂਦੀਆਂ ਹਨ। ਮਨਦੀਪ ਮਾਨ ਦੇ ਸ਼ਬਦਾਂ ਵਿਚ ਉਹ ਇੰਨੇ ਨਾਲ ਹੀ ਗੁਜ਼ਾਰਾ ਕਰ ਲੈਂਦੀਆਂ ਹਨ,
ਸਾਉਣ ਦੀ ਫੁਹਾਰ
ਚੁਟਕੀ ਨਾਲ ਖਣਕਾਈ ਉਸ ਨੇ
ਵੀਣੀ ਦੀ ਵੰਗ।
ਹੁਣ ਤੀਆਂ ਦੀ ਉਹ ਗੱਲ ਨਹੀਂ ਰਹੀ। ਜ਼ਮਾਨਾ ਬਦਲ ਗਿਆ ਹੈ, ਸਾਡੇ ਸੰਸਕਾਰ ਬਦਲ ਗਏ ਹਨ। ਹੁਣ ਤੀਆਂ ਵਿਸ਼ੇਸ਼ ਉਪਰਾਲੇ ਨਾਲ ਹੀ ਮਨਾਈਆਂ ਜਾਂਦੀਆਂ ਹਨ।
ਸਾਵਣ ਮਹੀਨੇ ਦਾ ਧਾਰਮਕ ਮਹੱਤਵ ਵੀ ਘਟ ਨਹੀਂ। ਬਰਸਾਤਾਂ ਵਿਚ ਬ੍ਰਾਹਮਣ ਵੇਦਾਂ ਤੇ ਹੋਰ ਧਾਰਮਕ ਗ੍ਰੰਥਾਂ ਦਾ ਅਧਿਅਨ ਕਰਦੇ ਹਨ। ਸਾਵਣ ਮਹੀਨਾ ਬੰਮ ਬੰਮ ਭੋਲੇ ਨਾਥ ਯਾਨਿ ਸ਼ਿਵ ਦਾ ਸਭ ਤੋਂ ਲੋਕਪ੍ਰਿਅ ਮਹੀਨਾ ਮੰਨਿਆ ਜਾਂਦਾ ਹੈ। ਸ਼ਿਵ ਦੇ ਭੰਡਾਰੇ ਆਯੋਜਤ ਕੀਤੇ ਜਾਂਦੇ ਹਨ। ਪੂਰਾ ਮਹੀਨਾ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਇਕ ਮਾਨਤਾ ਅਨੁਸਾਰ ਸਾਵਣ ਦੇ ਸੋਮਵਾਰ ਅਤੇ ਸ਼ਿਵਰਾਤਰੀ ਨੂੰ ਜੋ ਵਰਤ ਰੱਖਦਾ ਹੈ, ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸੇ ਮਹੀਨੇ ਨਾਗ ਪੰਚਮੀ, ਜਨਮ ਅਸ਼ਟਮੀ, ਵਿਜੇ ਦਸਮੀ, ਰੱਖੜੀਆਂ ਆਦਿ ਤਿਉਹਾਰ ਆਉਂਦੇ ਹਨ। ਇਸ ਮਹੀਨੇ ਦਬੱਲ ਕੇ ਖੀਰਾਂ, ਮਾਲ-ਪੂੜੇ ਖਾਧੇ ਜਾਂਦੇ ਹਨ। ਗੱਲ ਕੀ ਇਹ ਮਹੀਨਾ ਖਾਣ ਪੀਣ ਤੇ ਮੌਜ ਮੇਲੇ ਦਾ ਹੈ।
ਭਾਰਤ ਦੇ ਪੁਰਾਤਨ ਸਾਹਿਤ ਵਿਚ ਜੇ ਸਭ ਤੋਂ ਸੁਹਾਵਣਾ ਚਿਤਰ ਕਿਸੇ ਮਹੀਨੇ ਦਾ ਹੈ ਤਾਂ ਉਹ ਸਾਵਣ ਹੀ ਹੈ ਜਿਸ ਨੂੰ ਆਮ ਬੋਲਚਾਲ ਦੀ ਭਾਸ਼ਾ ਵਿਚ ਸਾਉਣ ਜਾਂ ਸੌਣ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇ ਬਾਰਾ ਮਾਹ ਵਿਚ ਸਾਵਣ ਮਹੀਨੇ ਦਾ ਬੜਾ ਮਨਮੋਹਕ ਚਿਤਰ ਉਲੀਕਿਆ ਗਿਆ ਹੈ,
ਮੋਰੀ ਰੁਣ ਝੁਣ ਲਾਇਆ
ਭੈਣੇ ਸਾਵਣੁ ਆਇਆ॥
ਤੇਰੇ ਮੁੰਧ ਕਟਾਰੇ ਜੇਵਡਾ
ਜਿਨ ਲੋਭੀ ਲੋਭੁ ਲੁਭਾਇਆ॥
ਗੁਰੂ ਅਰਜਨ ਦੇਵ ਨੇ ਇਸ ਮਹੀਨੇ ਲਗਦੀ ਬਿਰਹਾ ਦਾ ਕੇਹਾ ਵਰਣਨ ਕੀਤਾ ਹੈ,
ਵਣੁ ਤਿਣੁ ਪ੍ਰਭ ਸੰਗਿ ਮਉਲਿਆ
ਸੰਮ੍ਰਥ ਪੁਰਖ ਅਪਾਰੁ॥
ਹਰਿ ਮਿਲਣੈ ਨੋ ਮਨੁ ਲੋਚਦਾ
ਕਰਮਿ ਮਿਲਾਵਣਹਾਰੁ॥æææ
ਸਾਵਣੁ ਤਿਨਾ ਸੁਹਾਗਣੀ
ਜਿਨ ਰਾਮ ਨਾਮੁ ਉਰਿ ਹਾਰ॥
ਬਾਬਾ ਸ਼ੇਖ ਫਰੀਦ ਫਰਮਾਉਂਦੇ ਹਨ,
ਕਤਿਕ ਕੂੰਜਾਂ ਚੇਤਿ ਡਉ
ਸਾਵਣਿ ਬਿਜੁਲੀਆਂ॥
ਸੀਆਲੇ ਸੋਹੰਦੀਆਂ
ਪਿਰ ਗਲਿ ਬਾਹੜੀਆਂ॥
ਸਾਵਣ ਦੇਸੀ ਕੈਲੰਡਰ ਦਾ ਪੰਜਵਾਂ ਮਹੀਨਾ ਹੈ। ਇਸ ਦਾ ਸੰਸਕ੍ਰਿਤ ਰੂਪ ਸ਼੍ਰਾਵਣ ਜਾਂ ਸ਼੍ਰਵਣਾ ਹੈ। ਹੋਰ ਮਹੀਨਿਆਂ ਦੇ ਨਾਂਵਾਂ ਦੀ ਤਰ੍ਹਾਂ ਹੀ ਸ਼੍ਰਾਵਣ ਅਸਲ ਵਿਚ ਇਕ ਨਛੱਤਰ ਦਾ ਨਾਂ ਹੈ। ਸਾਵਣ ਮਹੀਨੇ ਦੀ ਪੁੰਨਿਆ ਨੂੰ ਚੰਦ ਇਸ ਨਛੱਤਰ ਦੇ ਕੋਲ ਹੁੰਦਾ ਹੈ। ਸੰਸਕ੍ਰਿਤ ਵਿਚ ਇਕ ਸ਼ਬਦ ਹੁੰਦਾ ਹੈ ‘ਸ਼ਰਵਣ’ ਜਿਸ ਦਾ ਅਰਥ ਸੁਣਨਾ ਹੁੰਦਾ ਹੈ। ਪੰਜਾਬੀ ਸ਼ਬਦ ‘ਸਰਵਣ’ ਵਿਚ ਵੀ ਸੁਣਨ ਦਾ ਭਾਵ ਹੈ ਜਿਵੇਂ ‘ਕੀਰਤਨ ਸਰਵਣ ਕਰੋ।’ ਸਰਵਣ ਸ਼ਬਦ ਖਾਸ ਨਾਂ ਰੱਖਣ ਲਈ ਵੀ ਵਰਤਿਆ ਜਾਂਦਾ ਹੈ। ਪੰਜਾਬੀ ਦੇ ਇਕ ਮਸ਼ਹੂਰ ਖੇਡ ਲੇਖਕ ਦਾ ਨਾਂ ਸਰਵਣ ਸਿੰਘ ਹੈ। ਇਕ ਪ੍ਰਸਿਧ ਕਥਾ ਵਿਚ ਸਰਵਣ ਦਾ ਜ਼ਿਕਰ ਆਉਂਦਾ ਹੈ ਜੋ ਆਪਣੇ ਮਾਂ-ਪਿਉ ਦਾ ਏਨਾ ਆਗਿਆਕਾਰ ਸੀ ਕਿ ਉਨ੍ਹਾਂ ਨੂੰ ਵਹਿੰਗੀ ਵਿਚ ਬੈਠਾ ਕੇ ਤੀਰਥ ਯਾਤਰਾਵਾਂ ਕਰਾਉਂਦਾ ਸੀ। ਇਕ ਵਾਰੀ ਦਸ਼ਰਥ ਨੇ ਹਨੇਰੇ ਵਿਚ ਇਸ ਨੂੰ ਕੋਈ ਜਾਨਵਰ ਸਮਝ ਕੇ ਤੀਰ ਚਲਾ ਕੇ ਮਾਰ ਦਿੱਤਾ ਸੀ। ਇਸ ਤਰ੍ਹਾਂ ‘ਸਰਵਣ’ ਦਾ ਅਰਥ ਉਹ ਹੈ ਜੋ ਦੂਜਿਆਂ ਦੀ ਸੁਣਦਾ ਹੈ ਤੇ ਸਮਾਂ ਪਾ ਕੇ ਇਸ ਦਾ ਅਰਥ ਆਗਿਆਕਾਰੀ ਬਣ ਗਿਆ।
ਕੁਝ ਸ੍ਰੋਤਾਂ ਅਨੁਸਾਰ ਇਹ ਸੰਸਕ੍ਰਿਤ ਸ਼੍ਰਾਵਣ, ਜਿਸ ਦਾ ਪੰਜਾਬੀ ਰੂਪ ਸਾਵਣ ਹੈ ਇਸੇ ਸੁਣਨ ਵਾਲੇ ਅਰਥਾਂ ਵਾਲੇ ਸ਼੍ਰਵਣ ਨਾਲ ਸਬੰਧਤ ਹੈ। ਉਨ੍ਹਾਂ ਅਨੁਸਾਰ ਕਿਉਂਕਿ ਇਸ ਮਹੀਨੇ ਸ਼ਿਵ ਜੀ ਆਪਣੇ ਉਪਾਸ਼ਕਾਂ ਤੋਂ ਆਪਣੀ ਸਿਫਤ ਸਰਵਣ ਕਰਨਾ ਚਾਹੁੰਦਾ ਹੈ, ਇਸ ਲਈ ਇਸ ਮਹੀਨੇ ਦਾ ਇਹ ਨਾਂ ਪਿਆ। ਪਰ ਇਹ ਅਟਕਲ ਮਨ ਨੂੰ ਨਹੀਂ ਲਗਦੀ। ਅਜਿਹੀਆਂ ਦਲੀਲਾਂ ਬਾਅਦ ਵਿਚ ਘੜ ਲਈਆਂ ਜਾਂਦੀਆਂ ਹਨ। ਖਾਸ ਤੌਰ ‘ਤੇ ਪੰਡਿਤ ਲੋਕ ਅਜਿਹਾ ਕੰਮ ਕਰਦੇ ਹਨ। ਸੰਸਕ੍ਰਿਤ ਦੇ ਸ੍ਰੋਤ ਇਨ੍ਹਾਂ ਦੋਵਾਂ ਸ਼ਬਦਾਂ ਨੂੰ ਅਲੱਗ ਅਲੱਗ ਦਸਦੇ ਹਨ। ਸ਼੍ਰਾਵਣ ਦੇ ਨਾ ਹੋਰ ਬਹੁਤੇ ਅਰਥ ਮਿਲਦੇ ਹਨ ਤੇ ਨਾ ਹੀ ਸੁਜਾਤੀ ਸ਼ਬਦ। ਖੈਰ, ਸਰਵਣ ਸ਼ਬਦ ਆਇਆ ਹੈ ਤਾਂ ਇਸ ਦਾ ਵੀ ਖੁਰਾ ਲੱਭਦੇ ਹਾਂ। ਇਸ ਦਾ ਧਾਤੂ ‘ਸ਼ਰੂ’ ਹੈ ਜਿਸ ਵਿਚ ਸੁਣਨ ਦਾ ਭਾਵ ਹੈ। ਇਸੇ ਤੋਂ ਸੁਣਨਾ ਸ਼ਬਦ ਬਣਿਆ। ਸੁਣਨ ਵਾਲੇ ਲੋਕਾਂ ਦੇ ਅਰਥਾਂ ਵਾਲਾ ਸਰੋਤਾ ਸ਼ਬਦ ਵੀ ਇਸੇ ਧਾਤੂ ਦੀ ਪੈਦਾਵਾਰ ਹੈ। ਪਾਲੀ ਤੇ ਪਰਾਕ੍ਰਿਤ ਵਿਚ ਇਸ ਦਾ ਰੂਪ ਸਵਨ ਹੋ ਗਿਆ ਸੀ। ਇਸ ਸ਼ਬਦ ਦੇ ਭਾਈਬੰਦ ਹਿੰਦ-ਯੂਰਪੀ ਭਾਸ਼ਾਵਾਂ ਜਿਵੇਂ ਜਰਮਨ, ਲਿਥੂਏਨੀਅਨ, ਫਾਰਸੀ, ਲਾਤੀਨੀ, ਗਰੀਕ, ਸਲੈਵੌਨਿਕ ਆਦਿ ਵਿਚ ਵੀ ਮਿਲ ਜਾਂਦੇ ਹਨ ਤੇ ਇਸ ਦਾ ਭਾਰੋਪੀ ਮੂਲ ‘ਕਲਿਯੂ’ ਕਲਪਿਤ ਕੀਤਾ ਗਿਆ ਹੈ। ਇਸ ਤੋਂ ਅੰਗਰੇਜ਼ੀ ਦਾ ਜਾਣਿਆ-ਪਛਾਣਿਆ ਸ਼ਬਦ ਲੁਦ ਬਣਿਆ ਹੈ। ਇਸ ਵਿਚ ਪਹਿਲਾਂ ਮੁਖ ਭਾਵ ‘ਬਹੁਤ ਸੁਣਿਆ ਗਿਆ’ ਸੀ। ਜੋ ਆਵਾਜ਼ ਬਹੁਤ ਸੁਣੀ ਗਈ ਉਹ ਸ਼ੋਰ ਹੁੰਦਾ ਹੈ ਤੇ ਸ਼ੋਰ ਉਚਾ ਹੁੰਦਾ ਹੈ। ਅੰਗਰੇਜ਼ੀ ਲਸਿਟeਨ ਸ਼ਬਦ ਵੀ ਇਸੇ ਮੂਲ ਨਾਲ ਜੁੜਿਆ ਹੋਇਆ ਹੈ। ਅਵੇਸਤਾ ਵਿਚ ਇਸ ਨਾਲ ਸਬੰਧਤ ਸ਼ਬਦ ਹੈ ‘ਸਰੋਥਰਾ’ ਜਿਸ ਦਾ ਮਤਲਬ ਕੰਨ ਹੁੰਦਾ ਹੈ। ਇਸ ਤੋਂ ਫਾਰਸੀ ਦਾ ਸ਼ਬਦ ਸਰੋਦ ਬਣਿਆ ਜੋ ਪੰਜਾਬੀ ਵਿਚ ਵੀ ਆਣ ਵੜਿਆ ਹੈ।

Be the first to comment

Leave a Reply

Your email address will not be published.