ਕਿਸਾਨ ਸੰਸਦ ਨੇ ਸੰਘਰਸ਼ੀ ਅਖਾੜਿਆਂ ਵਿਚ ਨਵੀਂ ਰੂਹ ਫੂਕੀ

ਨਵੀਂ ਦਿੱਲੀ: ਪੰਜਾਬ ਵਿਚ ਪਿਛਲੇ ਸਾਢੇ ਦਸ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ੀ ਅਖਾੜਿਆਂ ‘ਚ ਸੰਸਦ ਭਵਨ ਅੱਗੇ ਸ਼ੁਰੂ ਕੀਤੀ ਗਈ ‘ਕਿਸਾਨ ਸੰਸਦ‘ ਨੇ ਨਵੀਂ ਰੂਹ ਫੂਕੀ ਹੈ। ਕਿਸਾਨਾਂ ਨੇ ਇਥੇ ਜੰਤਰ-ਮੰਤਰ ‘ਤੇ ਕਿਸਾਨ ਸੰਸਦ ਦਾ ਪ੍ਰਬੰਧ ਕਰਕੇ ਕੇਂਦਰੀ ਹਕੂਮਤ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਦਿੱਲੀ ਦੇ ਬਾਰਡਰਾਂ ਤੋਂ ਆਪਣਾ ਅੰਦੋਲਨ ਖਤਮ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸੰਸਦ ਦੇ ਐਨ ਨਜ਼ਦੀਕ ਜੰਤਰ-ਮੰਤਰ ‘ਤੇ ਕਿਸਾਨ ਸੰਸਦ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਦੇ ਕਾਨੂੰਨਾਂ ਬਾਰੇ ਖੋਖਲੇ ਦਾਅਵਿਆਂ ਨੂੰ ਨਕਾਰਿਆ।

ਕਿਸਾਨ ਸੰਸਦ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਏ.ਪੀ.ਐਮ.ਸੀ. (ਮੰਡੀਆਂ) ਸਬੰਧੀ ਐਕਟ ਬਾਰੇ ਵਿਚਾਰ ਵਟਾਂਦਰੇ ਦੌਰਾਨ ਕਈ ਨੁਕਤੇ ਉਠਾਏ ਅਤੇ ਕਿਹਾ ਕਿ ਇਹ ਗੈਰਲੋਕਤੰਤਰੀ ਹੈ। ਕਿਸਾਨਾਂ ਨੇ ਇਸ ਕਾਲੇ ਕਾਨੂੰਨ ਬਾਰੇ ਆਪਣੇ ਗੂੜ੍ਹੇ ਗਿਆਨ ਰਾਹੀਂ ਦੁਨੀਆਂ ਨੂੰ ਦੱਸਿਆ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਦੀ ਕਿਉਂ ਮੰਗ ਕਰ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਦੋਂ 200 ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਲਈ ਰਵਾਨਾ ਹੋਏ ਤਾਂ ਰਸਤੇ ਵਿਚ ਪੁਲਿਸ ਨੇ ਉਨ੍ਹਾਂ ਨੂੰ ਸ਼ਨਾਖ਼ਤ ਕਰਨ ਦੇ ਨਾਮ ਹੇਠ ਰੋਕ ਲਿਆ। ਕਿਸਾਨ ਆਗੂਆਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਅਤੇ ਹੋਰਾਂ ਵੱਲੋਂ ਵਿਰੋਧ ਕੀਤੇ ਜਾਣ ‘ਤੇ ਉਨ੍ਹਾਂ ਦਾ ਕਾਫਲਾ ਭਾਰੀ ਸੁਰੱਖਿਆ ਹੇਠ ਪਾਰਲੀਮੈਂਟ ਸਟਰੀਟ ਪਹੁੰਚਿਆ ਅਤੇ ਜੰਤਰ-ਮੰਤਰ ‘ਤੇ ਕਿਸਾਨ ਸੰਸਦ ਆਰੰਭ ਕੀਤੀ। ਜੰਤਰ-ਮੰਤਰ ‘ਤੇ ਬਹੁ-ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਦੀ ਸ਼ੁਰੂਆਤ ਹਨਨ ਮੌਲਾ ਨੇ ਕਰਵਾਈ ਜਿਸ ਦੌਰਾਨ ਏ.ਪੀ.ਐਮ.ਸੀ. ਮੰਡੀਆਂ ਤੋੜਨ ਲਈ ਲਿਆਂਦੇ ਕਾਨੂੰਨ ‘ਤੇ ਬਹਿਸ ਹੋਈ।
‘ਕਿਸਾਨ ਸੰਸਦ` ਦੇ ਦੂਜੇ ਦਿਨ ਕਿਸਾਨਾਂ ਦੇ 200 ਨੁਮਾਇੰਦਿਆਂ ਵੱਲੋਂ ਇਸ ਸੰਸਦ ਦੇ ਥਾਪੇ ਗਏ ਖੇਤੀ ਮੰਤਰੀ ਰਵਨੀਤ ਸਿੰਘ ਬਰਾੜ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਉਹ ਪ੍ਰਾਈਵੇਟ ਮੰਡੀਆਂ ਅਤੇ ‘ਏ.ਪੀ.ਐਮ.ਸੀ. ਮੰਡੀਆਂ` ਭੰਗ ਕਰਨ ਵਾਲੇ ‘ਫਾਰਮਰਜ ਪ੍ਰੋਡਿਊਸ ਟਰੇਡ ਐਂਡ ਕਾਮਰਸ ਕਾਨੂੰਨ` ਤਹਿਤ ਤਸੱਲੀਬਖਸ਼ ਜਵਾਬ ਨਾ ਦੇ ਸਕੇ। ਕਿਸਾਨ ਸੰਸਦ ਦੀ ਇਸ ਸੰਕੇਤਕ ਕਾਰਵਾਈ ਰਾਹੀਂ ਕੇਂਦਰ ਸਰਕਾਰ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨਾਂ ਦੀ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਮੰਨੀ ਜਾਵੇ। ਕਿਸਾਨ ਸੰਸਦ ਨੇ ‘ਪੀਪਲਜ਼ ਵ੍ਹਿਪ` ਦੀ ਉਲੰਘਣਾ ਕਰਕੇ ਸੰਸਦ ਵਿਚੋਂ ਗੈਰਹਾਜ਼ਰ ਰਹਿ ਕੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਜਾਣ ਖਿਲਾਫ ‘ਨਿਖੇਧੀ ਮਤਾ` ਵੀ ਪਾਸ ਕੀਤਾ ਗਿਆ।
_____________________________________________
ਚੁੱਪ ਛਾਈ ਹੈ, ਕੋਈ ਹਰਕਤ ਹੋਣ ਵਾਲੀ ਹੈ: ਟਿਕੈਤ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਦਿੱਲੀ ਦਾ ਸ਼ੇਰ ਚੁੱਪ ਬੈਠਾ ਹੈ, ਵੱਡੀ ਹਰਕਤ ਹੋਣ ਵਾਲੀ ਹੈ। ਇਸ ਲਈ ਪਿੰਡਾਂ ਵਾਲੇ ਸਾਵਧਾਨ ਰਹਿਣ।` ਉਨ੍ਹਾਂ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸੰਦਰਭ ਵਿਚ ਕੀਤੀ ਅਤੇ ਕਿਹਾ ਕਿ ਸਰਕਾਰ ਨਰਮ ਹੈ ਤਾਂ ਜ਼ਰੂਰ ਕੋਈ ਨਵੀਂ ਚਾਲ ਚੱਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤਿਆਰ ਰਹਿਣ ਦੀ ਲੋੜ ਹੈ। ਜੇਕਰ ਸ਼ੇਰ ਸ਼ਿਕਾਰ ਦੇਖ ਕੇ ਦੁਬਕ ਗਿਆ ਤਾਂ ਇਹ ਨਾ ਸਮਝੋ ਕਿ ਸ਼ਾਂਤੀ ਹੈ ਬਲਕਿ ਉਹ ਕੋਈ ਨਾ ਕੋਈ ਦਾਅ ਚਲਾਉਣ ਦੀ ਤਿਆਰੀ ਹੈ।