ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਰਮਿਆਨ ਦਿਲਾਂ ਦੀ ਦੂਰੀ ਬਣੀ ਰਹੀ ਜਦੋਂਕਿ ਬਾਹਰੋਂ ਸਿਆਸੀ ਵਿੱਥਾਂ ਮਿਟਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਤਾਜਪੋਸ਼ੀ ਸਮਾਗਮ ਜਿਥੇ ਕਾਂਗਰਸ ਪਾਰਟੀ ਦੀ ਅੰਦਰਲੀ ਪਾਟੋਧਾੜ ਨੂੰ ਬਾਹਰੋਂ ‘ਸਭ ਅੱਛਾ` ਹੋਣ ਦਾ ਸੰਕੇਤ ਦੇ ਗਏ, ਉਥੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ `ਚ ਅੰਦਰਲੀ ਖਿੱਚੋਤਾਣ ਵੀ ਢਕੀ ਨਹੀਂ ਰਹਿ ਸਕੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿਆਸੀ ਸੂਝ ਦਿਖਾਉਂਦੇ ਹੋਏ ਹਾਈਕਮਾਨ ਸਾਹਮਣੇ ਆਪਣਾ ਪੱਲਾ ਬੋਚ ਲਿਆ ਹੈ। ਸਮਾਗਮਾਂ ਨੂੰ ਸਮੁੱਚਤਾ ‘ਚ ਦੇਖੀਏ ਤਾਂ ਨਵਜੋਤ ਸਿੱਧੂ ਸਮਾਰੋਹਾਂ ਵਿਚ ਤਾਂ ਛਾਏ ਰਹੇ ਪਰ ਸਿਆਸੀ ਪੈਂਤੜੇ ਤੇ ਨਜ਼ਾਕਤ ਦੇ ਮਾਮਲੇ ‘ਚ ਮਾਰ ਖਾ ਗਏ। ਜਦੋਂ ਘਟਨਾਵਾਂ ਨੂੰ ਤਰਤੀਬ ‘ਚ ਦੇਖਦੇ ਹਾਂ ਤਾਂ ਚਾਹ ਪਾਰਟੀ ‘ਤੇ ਜਦੋਂ ਨਵਜੋਤ ਸਿੱਧੂ ਪੁੱਜੇ ਤਾਂ ਉਨ੍ਹਾਂ ਮੁੱਖ ਮੰਤਰੀ ਨੂੰ ਦੂਰੋਂ ਦੁਆ ਸਲਾਮ ਕੀਤੀ। ਜਦੋਂ ਅਮਰਿੰਦਰ ਨੇ ਕੋਲ ਆਉਣ ਲਈ ਆਖਿਆ ਤਾਂ ਉਹ ਟਲਦੇ ਨਜ਼ਰ ਆਏ। ਜਦੋਂ ਦੂਸਰੇ ਆਗੂਆਂ ਨੇ ਦਬਾਅ ਪਾਇਆ ਤਾਂ ਉਹ ਅਮਰਿੰਦਰ ਦੇ ਕੋਲ ਆ ਕੇ ਬੈਠ ਗਏ। ਮੁੱਖ ਮੰਤਰੀ ਦੇ ਪੈਰੀਂ ਹੱਥ ਲਾਉਣ ਵਾਲੇ ਨਵਜੋਤ ਸਿੱਧੂ ਅਮਰਿੰਦਰ ਦੇ ਕੋਲ ਬੈਠਣ ਨੂੰ ਤਿਆਰ ਨਹੀਂ ਜਾਪਦੇ ਸਨ। ਮਤਲਬ ਕਿ ਸਿੱਧੂ ਇਸ ਮੌਕੇ ਸਿਆਸੀ ਵਡੱਪਣ ਨਹੀਂ ਦਿਖਾ ਸਕੇ। ਪੰਜਾਬ ਭਵਨ ‘ਚ ਚਾਹ ਪਾਰਟੀ ਦੇ ਚੱਲਦਿਆਂ ਹੀ ਨਵਜੋਤ ਸਿੱਧੂ ਇਕੱਲੇ ਹੀ ਕਾਂਗਰਸ ਭਵਨ ਵੱਲ ਰਵਾਨਾ ਹੋ ਗਏ। ਜਦੋਂ ਸੀਨੀਅਰ ਲੀਡਰਸ਼ਿੱਪ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਿੱਧੂ ਵਾਪਸ ਪੰਜਾਬ ਭਵਨ ਬੁਲਾਇਆ। ਸਿਆਸੀ ਹਲਕੇ ਆਖਦੇ ਹਨ ਕਿ ਨਵਜੋਤ ਸਿੱਧੂ ਅਮਰਿੰਦਰ ਦੇ ਕੋਲ ਬੈਠਣ ਨੂੰ ਤਿਆਰ ਨਹੀਂ ਸੀ ਜਿਸ ਵਿਚੋਂ ਪ੍ਰਧਾਨਗੀ ਦੀ ਹੈਂਕੜ ਦਾ ਮੁਢਲਾ ਪਰਛਾਵਾਂ ਦਿਸਿਆ। ਸਿਆਸੀ ਸਟੇਜ ‘ਤੇ ਦੋਵੇਂ ਆਗੂ ਇਕੱਠੇ ਬੈਠੇ ਤਾਂ ਨਜ਼ਰ ਆਏ ਪਰ ਨਾ ਉਨ੍ਹਾਂ ਦੇ ਹੱਥ ਮਿਲੇ ਅਤੇ ਨਾ ਹੀ ਦਿਲ। ਅਮਰਿੰਦਰ ਨੇ ਸਟੇਜ ਤੋਂ ਨਵਜੋਤ ਸਿੱਧੂ ਨਾਲ ਗੱਲਬਾਤ ਕਰਨ ਵਿਚ ਥੋੜ੍ਹੀ ਦਿਲਚਸਪੀ ਦਿਖਾਈ।
ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨ ‘ਚ ਵਾਰ-ਵਾਰ ਨਵਜੋਤ ਸਿੱਧੂ ਅਤੇ ਉਸ ਦੇ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਜਦੋਂ ਕਿ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦਾ ਇਕ ਵਾਰ ਵੀ ਨਾਮ ਨਹੀਂ ਲਿਆ। ਇਥੋਂ ਤੱਕ ਕਿ ਭਾਸ਼ਨ ਦੌਰਾਨ ਸਿੱਧੂ ਨੇ ਸੁੱਖੀ ਰੰਧਾਵਾ, ਸੁਖ ਸਰਕਾਰੀਆ, ਸੁਨੀਲ ਜਾਖੜ ਆਦਿ ਦਾ ਨਾਮ ਤਾਂ ਲਿਆ ਪ੍ਰੰਤੂ ਅਮਰਿੰਦਰ ਸਿੰਘ ਦਾ ਨਾਮ ਜੁਬਾਨ ‘ਤੇ ਨਹੀਂ ਲਿਆਂਦਾ। ਅਮਰਿੰਦਰ ਨੇ ਭਾਸ਼ਨ ਵਿਚ ਨਵਜੋਤ ਸਿੱਧੂ ਪ੍ਰਤੀ ਅਪਣੱਤ ਦਿਖਾਈ। ਸਿਆਸੀ ਮਾਹਿਰ ਆਖਦੇ ਹਨ ਕਿ ਨਵਜੋਤ ਸਿੱਧੂ ਨਵੇਂ ਅਹੁਦੇ ਦੀ ਮਰਿਆਦਾ ਰੱਖਣ ਵਿਚ ਖਤਾ ਖਾ ਗਿਆ। ਦੂਸਰੀ ਤਰਫ ਅਮਰਿੰਦਰ ਨੇ ਇਨ੍ਹਾਂ ਸਮਾਰੋਹਾਂ ਵਿਚ ਆ ਕੇ ਜਿਥੇ ਹਾਈਕਮਾਨ ਕੋਲ ਆਪਣੀ ਹਾਜਰੀ ਲਵਾ ਲਈ, ਉਥੇ ਬਹੁਗਿਣਤੀ ਵਿਧਾਇਕਾਂ ਦੇ ਨਵਜੋਤ ਸਿੱਧੂ ਦੇ ਪਾਲੇ ਵਿਚ ਖੜ੍ਹੇ ਹੋਣ ਕਰਕੇ ਅਮਰਿੰਦਰ ਨੇ ਆਪਣੀ ਸਿਆਸੀ ਭੱਲ ਵੀ ਇਸੇ ਸੂਝ ਨਾਲ ਬਚਾ ਲਈ। ਅਮਰਿੰਦਰ ਏਨਾ ਜਾਣਦੇ ਸਨ ਕਿ ਅਗਰ ਉਹ ਸਮਾਗਮਾਂ ‘ਚ ਨਾ ਜਾਂਦੇ ਤਾਂ ਹਾਈਕਮਾਨ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਣਾ ਸੀ ਜਿਸ ਦਾ ਨਤੀਜਾ ਕੁਝ ਵੀ ਹੋ ਸਕਦਾ ਸੀ। ਸਭ ਜਾਣੂ ਹਨ ਕਿ ਪੰਜਾਬ ਦੀ ਸਾਢੇ ਚਾਰ ਵਰ੍ਹਿਆਂ ਦੀ ਕਾਰਗੁਜ਼ਾਰੀ ‘ਤੇ ਵੱਡੇ ਸੁਆਲ ਖੜ੍ਹੇ ਹਨ ਪਰ ਬਤੌਰ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਪਾਰਟੀ ਨੂੰ ਹੀ ਰਗੜੇ ਲਾਏ ਹਨ।
ਇਸੇ ਦੌਰਾਨ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੀ ਪੰਜਾਬ ਇਕਾਈ ਦਾ ਕਲੇਸ਼ ਹੁਣ ਮੁੱਕ ਗਿਆ ਹੈ। ਸੰਸਦ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘’ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਪ੍ਰਧਾਨ ਵਜੋਂ ਤਾਜਪੋਸ਼ੀ ਲਈ ਰੱਖੇ ਸਮਾਗਮ ਵਿਚ ਸ਼ਿਰਕਤ ਕੀਤੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਵਿਵਾਦ ਹੁਣ ਖਤਮ ਗਿਆ ਹੈ।“
_____________________________________________
ਸੁਨੀਲ ਜਾਖੜ ਨੇ ਲਾਏ ਅਫਸਰਾਂ ਨੂੰ ਰਗੜੇ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਦਿਲ ਹੌਲਾ ਕਰਦਿਆਂ ਭਾਵੁਕ ਰੌਂਅ ਵਿਚ ਬੇਬਾਕੀ ਨਾਲ ਗੱਲ ਰੱਖੀ ਜਿਸ ਨੇ ਪੰਡਾਲ ‘ਤੇ ਗਹਿਰਾ ਅਸਰ ਛੱਡਿਆ। ਜਾਖੜ ਨੇ ਅਫ਼ਸਰਸ਼ਾਹੀ ‘ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ, “ਅਕਾਲੀਆਂ ਨੂੰ ਰੈੱਡ ਕਾਰਪੈਟ ਨੇ ਮਾਰਿਆ ਅਤੇ ਕਾਂਗਰਸ ਨੂੰ ਨੌਕਰਸ਼ਾਹੀ ਮਾਰ ਗਈ। ਹੁਣ ਜਦੋਂ ਤੱਕ ਵਰਕਰਾਂ ਨੂੰ ਪਤਾ ਨਹੀਂ ਲੱਗੂ ਕਿ ਪੰਜਾਬ ਵਿਚ ਅਫ਼ਸਰਸ਼ਾਹੀ ਦੀ ਨਹੀਂ ਬਲਕਿ ਉਨ੍ਹਾਂ ਦੀ ਆਪਣੀ ਸਰਕਾਰ ਹੈ, ਉਦੋਂ ਤੱਕ ਗੱਲ ਨਹੀਓਂ ਬਣਨੀ।” ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਫ਼ਸਰਸ਼ਾਹੀ ਨੇ ਬਹੁਤ ਅੜਿੱਕੇ ਖੜ੍ਹੇ ਕੀਤੇ ਹਨ। ਉਨ੍ਹਾਂ ਹਾਈਕਮਾਨ ਨੂੰ ਕਿਹਾ ਕਿ ਜੇਕਰ ਕਾਂਗਰਸ ਨੇ ਮੁੜ ਉੱਠਣਾ ਹੈ ਤਾਂ ਇਸ ਦਾ ਰਸਤਾ ਪੰਜਾਬ ਵਿਚੋਂ ਦੀ ਜਾਂਦਾ ਹੈ ਅਤੇ ਕੋਟਕਪੂਰਾ/ਬਹਿਬਲ ਕਲਾਂ ਦੇ ਮੁੱਦੇ ਹੱਲ ਕਰਕੇ ਕਾਂਗਰਸ ਮੁੜ ਸੱਤਾ ‘ਤੇ ਕਾਬਜ਼ ਹੋ ਸਕਦੀ ਹੈ।