ਸਰਕਾਰ ਦੇ ਆਲੋਚਕ ਮੀਡੀਆ ਅਦਾਰਿਆਂ ਉਤੇ ਛਾਪਿਆਂ ਦਾ ਮਾਮਲਾ ਭਖਿਆ

ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਵੱਡੇ ਮੀਡੀਆ ਘਰਾਣੇ ਦੈਨਿਕ ਭਾਸਕਰ ਦੇ ਕਈ ਸੂਬਿਆਂ ‘ਚ ਪੈਂਦੇ ਦਫਤਰਾਂ ਅਤੇ ਉਤਰ ਪ੍ਰਦੇਸ਼ ਆਧਾਰਿਤ ਟੀਵੀ ਚੈਨਲ ਭਾਰਤ ਸਮਾਚਾਰ ‘ਤੇ ਟੈਕਸ ਚੋਰੀ ਦੇ ਦੋਸ਼ਾਂ ਹੇਠ ਛਾਪੇ ਮਾਰੇ। ਛਾਪਿਆਂ ਦੀ ਕਈ ਆਗੂਆਂ ਨੇ ਤਿੱਖੀ ਆਲੋਚਨਾ ਕੀਤੀ ਹੈ।

ਉਧਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਕੰਮ ‘ਚ ਸਰਕਾਰ ਦੀ ਕੋਈ ਦਖਲਅੰਦਾਜੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਲੋਚਨਾ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਨ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੁਝ ਮੁੱਦੇ ਸਚਾਈ ਤੋਂ ਵੀ ਪਰ੍ਹਾਂ ਹੁੰਦੇ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਲੋਕ-ਤੰਤਰ ਦੀ ਆਵਾਜ਼ ਦਬਾਉਣ ਦੇ ਇਰਾਦੇ ਨਾਲ ਇਹ ਛਾਪੇ ਮਾਰੇ ਗਏ ਹਨ। ਜਿਕਰਯੋਗ ਹੈ ਕਿ ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਨੇ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਮੁਸ਼ਕਲ ‘ਚ ਘਿਰੇ ਲੋਕਾਂ ਅਤੇ ਸਰਕਾਰਾਂ ਦੀ ਨਾਕਾਮੀ ਬਾਰੇ ਕਈ ਆਲੋਚਨਾਤਮਕ ਖਬਰਾਂ ਛਾਪੀਆਂ ਸਨ।
ਮਲਟੀ-ਮੀਡੀਆ ਦੈਨਿਕ ਭਾਸਕਰ ਗਰੁੱਪ ਦੇ ਭੁਪਾਲ, ਜੈਪੁਰ, ਅਹਿਮਦਾਬਾਦ ਅਤੇ ਨੋਇਡਾ ਸਮੇਤ 30 ਥਾਵਾਂ ‘ਤੇ ਛਾਪੇ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਮਾਰੇ ਗਏ ਜੋ ਦੇਰ ਸ਼ਾਮ ਤੱਕ ਜਾਰੀ ਰਹੇ। ਦੈਨਿਕ ਭਾਸਕਰ ਦੀ 12 ਸੂਬਿਆਂ ‘ਚ ਮੌਜੂਦਗੀ ਹੈ ਅਤੇ ਇਸ ਦੇ ਅਖਬਾਰ ਦੇ ਨਾਲ ਨਾਲ ਰੇਡੀਓ ਸਟੇਸ਼ਨ, ਵੈੱਬ ਪੋਰਟਲ ਅਤੇ ਮੋਬਾਈਲ ਫੋਨ ਐਪ ਵੀ ਹਨ। ਗਰੁੱਪ ਟੈਕਸਟਾਈਲਜ ਅਤੇ ਮਾਈਨਿੰਗ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਅਤੇ ਇਕ ਅਧਿਕਾਰੀ ਨੇ ਕਿਹਾ ਕਿ ਆਮਦਨ ਕਰ ਵਿਭਾਗ ਇਨ੍ਹਾਂ ਕਾਰੋਬਾਰ ‘ਚ ਹੋਏ ਲੈਣ-ਦੇਣ ਨੂੰ ਵੀ ਘੋਖ ਰਿਹਾ ਹੈ।
ਮੀਡੀਆ ਘਰਾਣਿਆਂ ‘ਤੇ ਪਏ ਛਾਪੇ ਦਾ ਮੁੱਦਾ ਰਾਜ ਸਭਾ ‘ਚ ਵੀ ਉੱਠਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂਆਂ ਨੇ ਛਾਪਿਆਂ ਦੀ ਨਿਖੇਧੀ ਕੀਤੀ ਹੈ। ਮਮਤਾ ਨੇ ਮੀਡੀਆ ਨੂੰ ਮਜ਼ਬੂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਕਜੁੱਟ ਰਹਿ ਕੇ ਤਾਨਾਸ਼ਾਹੀ ਤਾਕਤਾਂ ਨੂੰ ਅਸਫਲ ਬਣਾਇਆ ਜਾ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਗਹਿਲੋਤ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਆਲੋਚਨਾ ਸਹਿਣ ਨਹੀਂ ਕਰ ਸਕਦੀ ਹੈ ਅਤੇ ਇਹ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲ ਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
___________________________________________
ਐਡੀਟਰਜ਼ ਗਿਲਡ ਛਾਪਿਆਂ ਤੋਂ ਫਿਕਰਮੰਦ
ਨਵੀਂ ਦਿੱਲੀ: ‘ਦਿ ਐਡੀਟਰਜ਼ ਗਿਲਡ ਆਫ ਇੰਡੀਆ` ਨੇ ਕਿਹਾ ਕਿ ਉਹ ਸਰਕਾਰੀ ਏਜੰਸੀਆਂ ਨੂੰ ਆਜ਼ਾਦ ਤੇ ਖੁਦਮੁਖਤਾਰ ਪੱਤਰਕਾਰੀ ਖਿਲਾਫ ‘ਸਖਤੀ ਦੇ ਸੰਦ ਵਜੋਂ ਵਰਤੇ ਜਾਣ` ਤੋਂ ਫਿਕਰਮੰਦ ਹਨ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਕੁਝ ਵੱਡੇ ਮੀਡੀਆ ਅਦਾਰਿਆਂ ਦੇ ਦਫਤਰਾਂ ਉਤੇ ਛਾਪੇ ਮਾਰੇ ਸਨ। ਗਿਲਡ ਨੇ ਕਿਹਾ ਕਿ ਦੇਸ਼ ਦੀ ਮੋਹਰੀ ਅਖਬਾਰ ‘ਦੈਨਿਕ ਭਾਸਕਰ` ਤੇ ਲਖਨਊ ਦੇ ਨਿਊਜ਼ ਚੈਨਲ ‘ਭਾਰਤ ਸਮਾਚਾਰ` ਦੇ ਦਫਤਰਾਂ ਉਤੇ ਛਾਪੇ ਫਿਕਰਮੰਦ ਕਰਨ ਵਾਲੇ ਹਨ। ਗਿਲਡ ਨੇ ਕਿਹਾ ਕਿ ਇਹ ਛਾਪੇ ‘ਦੈਨਿਕ ਭਾਸਕਰ` ਵੱਲੋਂ ਕੋਵਿਡ ਮਹਾਮਾਰੀ ਬਾਰੇ ਗਹਿਰਾਈ ਨਾਲ ਕੀਤੀ ਗਈ ਰਿਪੋਰਟਿੰਗ ਤੋਂ ਬਾਅਦ ਮਾਰੇ ਗਏ ਹਨ ਤੇ ਇਨ੍ਹਾਂ ਰਿਪੋਰਟਾਂ ਨੇ ਸਰਕਾਰੀ ਤੇ ਪ੍ਰਸ਼ਾਸਕੀ ਪੱਧਰ ਉਤੇ ਵੱਡੀਆਂ ਖਾਮੀਆਂ ਨੂੰ ਸਾਹਮਣੇ ਲਿਆਂਦਾ ਸੀ।