ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਆਏ ਸਿੱਧੂ

ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ਉਤੇ ਆ ਗਏ ਹਨ। ਜਥੇਬੰਦੀਆਂ ਨੇ ਨਵਜੋਤ ਸਿੱਧੂ ਦੇ ਖੁਦ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਕਹਿਣ ਵਾਲੇ ਬਿਆਨ ਨੂੰ ਹੰਕਾਰ ਨਾਲ ਭਰਿਆ ਹੋਇਆ ਕਰਾਰ ਦਿੱਤਾ ਹੈ। ਦੱਸ ਦਈਏ ਕਿ ਤਾਜਪੋਸ਼ੀ ਪਿੱਛੋਂ ਸਿੱਧੂ ਨੇ ਕਿਸਾਨਾਂ ਨੂੰ ਮੁਲਾਕਾਤ ਦਾ ਸੱਦਾ ਦਿੰਦੇ ਹੋਏ ਕਿਹਾ ਸੀ ਕਿ ਪਿਆਸਾ ਖੂਹ ਕੋਲ ਆਉਂਦਾ ਹੈ, ਨਾ ਕਿ ਖੂਹ ਪਿਆਸੇ ਕੋਲ।

ਜਥੇਬੰਦੀਆਂ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਸਿਰਫ ਪਾਰਟੀ ਪ੍ਰਧਾਨ ਬਣੇ ਹਨ ਨਾ ਕਿ ਕਿਸੇ ਸੰਵਿਧਾਨਕ ਅਹੁਦੇ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵੋਟਰਜ ਵ੍ਹਿਪ ਦੀ ਉਲੰਘਣਾ ਕਰਕੇ ਖੁਦ ਨੂੰ ਬੀ.ਜੇ.ਪੀ. ਦੇ ਖੇਮੇ ‘ਚ ਖੜ੍ਹਾ ਕਰ ਲਿਆ ਹੈ ਅਤੇ ਹੁਣ ਕਾਂਗਰਸੀ ਸੰਸਦ ਮੈਂਬਰਾਂ ਦੇ ਵੀ ਘਿਰਾਓ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ ਸਿੱਧੂ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬੱਸ ਸਟੈਂਡ ਨੇੜੇ ਕਿਸਾਨਾਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ। ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਅਜਿਹਾ ਕੋਈ ਫੈਸਲਾ ਨਹੀਂ ਕਿ ਉਹ ਕਾਂਗਰਸੀ ਆਗੂਆਂ ਦਾ ਵਿਰੋਧ ਕਰਨ, ਪਰ ਆਮ ਲੋਕਾਂ ਵਿਚ ਖੇਤੀ ਕਾਨੂੰਨਾਂ ਸਬੰਧੀ ਐਨਾ ਰੋਸ ਹੈ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਪਿੰਡਾਂ ਵਿਚ ਵਿਚਰਨ ਨਹੀਂ ਦੇਣਾ ਚਾਹੁੰਦੇ।
ਕਿਸਾਨ ਆਗੂਆਂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਪ੍ਰਧਾਨਗੀ ਦੀ ਹਵਾ ਬਣਾ ਕੇ ਕਾਂਗਰਸ ਅਤੇ ਪ੍ਰਸ਼ਾਂਤ ਕਿਸ਼ੋਰ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਘਰ ਘਰ ਨੌਕਰੀ ਅਤੇ ਚਾਰ ਹਫਤਿਆਂ ‘ਚ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੈਪਟਨ ਨੇ ਕੀਤਾ ਸੀ ਅਤੇ ਅਹੁਦਾ ਸੁਨੀਲ ਜਾਖੜ ਤੋਂ ਖੋਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਵੀ ਓਹੀ, ਦੁਕਾਨਦਾਰ ਵੀ ਓਹੀ, ਸੌਦਾ ਵੀ ਓੁਹੀ ਅਤੇ ਰੇਟ ਵੀ ਓੁਹੀ। ਫਿਰ ਗਾਹਕ ਦਾ ਭਲਾ ਕਿਵੇਂ ਹੋਵੇਗਾ?“
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਿੱਧੂ ਜਦੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਵੀ ਸਨ ਤਾਂ ਉਸ ਵੇਲੇ ਉਨ੍ਹਾਂ ਦੀ ਕਾਰਗੁਜ਼ਾਰੀ ਨਖਿੱਧ ਰਹੀ ਸੀ।
_________________________________
ਸਿੱਧੂ ਨਸ਼ਾ ਤਸਕਰਾਂ ਸਬੰਧੀ ਰਿਪੋਰਟ ਜਨਤਕ ਕਰਵਾਉਣ: ਆਪ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਪਾਰਟੀ ਨੇ ਕਾਂਗਰਸ ਕੋਲੋਂ ਨਸ਼ਾ ਤਸਕਰੀ ਨਾਲ ਸਬੰਧਤ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐਸ.ਟੀ.ਐਫ. ਦੀ ਸੀਲਬੰਦ ਰਿਪੋਰਟ 1 ਫਰਵਰੀ 2018 ਤੋਂ ਹਾਈ ਕੋਰਟ ‘ਚ ਧੂੜ ਫੱਕ ਰਹੀ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਤੋਂ ਮੰਗ ਕੀਤੀ ਕਿ ਦੋ ਹਫਤਿਆਂ ‘ਚ ਰਿਪੋਰਟ ਜਨਤਕ ਕਰਵਾਈ ਜਾਵੇ।