ਚੰਡੀਗੜ੍ਹ: ਪੰਜਾਬ ਵਿਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਸਮੇਤ ਸਵਾ ਸੌ ਤੋਂ ਵੱਧ ਥਾਵਾਂ ‘ਤੇ ਜਾਰੀ ਧਰਨਿਆਂ ਦੌਰਾਨ ਬੁਲਾਰਿਆਂ ਦੇ ਨਿਸ਼ਾਨੇ ‘ਤੇ ਭਾਜਪਾ ਅਤੇ ਕਾਂਗਰਸ ਦੇ ਆਗੂ ਰਹੇ।
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹੱਠਧਰਮੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਦਾ ਕੋਈ ਅੰਕੜਾ ਨਾ ਹੋਣਾ ਮਨੁੱਖਤਾ ਅਤੇ ਸੰਵਿਧਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉਤਰ ਪ੍ਰਦੇਸ਼ ਨਾਲ ਸਬੰਧਤ 600 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਅੰਦੋਲਨ ਦੇ ਲੇਖੇ ਲਾ ਚੁੱਕੇ ਹਨ ਪਰ ਕੇਂਦਰੀ ਮੰਤਰੀ ਵੱਲੋਂ ਕਿਸਾਨਾਂ ਦੀਆਂ ਕੁਰਬਾਨੀਆਂ ਪ੍ਰਤੀ ਅੱਖਾਂ ਮੀਚਣ ਤੋਂ ਸਾਬਤ ਹੁੰਦਾ ਹੈ ਕਿ ਇਹ ਪਾਰਟੀ ਭਾਰਤ ਵਰਗੇ ਮੁਲਕ ‘ਤੇ ਰਾਜ ਕਰਨ ਦੇ ਕਾਬਲ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਮੇਤ ਭਾਜਪਾ ਆਗੂਆਂ ਦਾ ਰਵੱਈਆ ਤਾਨਾਸ਼ਾਹ ਵਾਲਾ ਬਣਿਆ ਹੋਇਆ ਹੈ। ਖੇਤੀ ਮੰਤਰੀ ਦਾ ਬਿਆਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਜਖਮਾਂ ਉਪਰ ਲੂਣ ਛਿੜਕਣ ਤੋਂ ਘੱਟ ਨਹੀਂ ਹੈ। ਸ਼ਹੀਦ ਹੋਏ ਕਿਸਾਨਾਂ ਬਾਰੇ ਅੰਕੜੇ, ਸੰਯੁਕਤ ਕਿਸਾਨ ਮੋਰਚੇ ਦੇ ਬਲੌਗ ਸਮੇਤ, ਕਈ ਸਰੋਤਾਂ ਤੋਂ ਲਏ ਜਾ ਸਕਦੇ ਸਨ ਪਰ ਸਰਕਾਰ ਦੀ ਨੀਅਤ ਸਾਫ ਨਹੀਂ।
ਆਗੂਆਂ ਨੇ ਕਿਹਾ ਕਿ ਜੇਕਰ ਲੋਕ ਕੁਰਸੀ ‘ਤੇ ਬਿਠਾ ਸਕਦੇ ਹਨ ਤਾਂ ਕੁਰਸੀ ਤੋਂ ਲਾਹ ਵੀ ਸਕਦੇ ਹਨ ਤੇ ਦੁਨੀਆਂ ਦੇ ਵੱਡੇ ਤੋਂ ਵੱਡੇ ਤਾਨਾਸ਼ਾਹ ਦਾ ਹਸ਼ਰ ਵੀ ਅੰਤ ਨੂੰ ਮਾੜਾ ਹੀ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਜਾਰੀ ‘ਲੋਕ ਵ੍ਹਿਪ‘ ਨੂੰ ਨਜ਼ਰਅੰਦਾਜ਼ ਕਰਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਨੂੰ ਤਰਜੀਹ ਦਿੱਤੀ, ਜਿਸ ਤੋਂ ਕਾਂਗਰਸ ਦੀ ਕਿਸਾਨ ਵਿਰੋਧੀ ਸੋਚ ਸਪੱਸ਼ਟ ਹੋ ਗਈ ਹੈ।
_________________________________
ਭਾਜਪਾ ਆਗੂ ਵਿਜੈ ਸਾਂਪਲਾ ਦਾ ਵਿਰੋਧ
ਫਗਵਾੜਾ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂ ਵੱਲੋਂ ਖੋਲ੍ਹੇ ਜਾ ਰਹੇ ਸ਼ੋਅਰੂਮ ਦੇ ਉਦਘਾਟਨ ਮੌਕੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਸਾਬਕਾ ਕੇਂਦਰੀ ਮੰਤਰੀ ਤੇ ਕੌਮੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਇਥੇ ਪੁੱਜਣ ਦੀ ਭਿਣਕ ਕਿਸਾਨਾਂ ਦੇ ਕੰਨੀਂ ਪੈ ਗਈ। ਕਿਸਾਨਾਂ ਨੇ ਇਕੱਠੇ ਹੋ ਕੇ ਭਾਜਪਾ ਆਗੂ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ, ਜਿਸ ਮਗਰੋਂ ਭਾਜਪਾ ਆਗੂ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਜਾਣਕਾਰੀ ਮੁਤਾਬਕ ਭਾਜਪਾ ਯੁਵਾ ਮੋਰਚਾ ਦੇ ਆਗੂ ਅਸ਼ੋਕ ਦੁੱਗਲ ਦੇ ਨਵੇਂ ਸੈਨੇਟਰੀ ਸ਼ੋਅਰੂਮ ਦਾ ਵਿਜੈ ਸਾਂਪਲਾ ਤੇ ਸੋਮ ਪ੍ਰਕਾਸ਼ ਨੇ ਉਦਘਾਟਨ ਕਰਨਾ ਸੀ। ਸੂਹ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਬੈਨਰ ਹੇਠ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।