ਆਕਸੀਜਨ ਦੀ ਕਮੀ ਨਾਲ ਮੌਤਾਂ ਨਾ ਹੋਣ ਦੇ ਦਾਅਵੇ ‘ਤੇ ਘਿਰੀ ਮੋਦੀ ਸਰਕਾਰ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਆਕਸੀਜਨ ਦੀ ਕਮੀ ਨਾਲ ਕੋਈ ਵੀ ਮੌਤ ਨਾ ਹੋਣ ਦੇ ਦਾਅਵੇ ਉਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਸਰਕਾਰ ਦੇ ਕਰੋਨਾ ਦੀ ਦੂਸਰੀ ਲਹਿਰ ਸਮੇਂ ਦੇਸ਼ ਭਰ ਵਿਚ ਆਈ ਆਕਸੀਜਨ ਦੀ ਭਾਰੀ ਕਮੀ ਕਾਰਨ ਕੋਈ ਵੀ ਮੌਤ ਨਾ ਹੋਣ ਦਾਅਵੇ ਪਿੱਛੋਂ ਵਿਰੋਧੀ ਧਿਰਾਂ ਦਾ ਪਾਰਾ ਵੀ ਚੜ੍ਹ ਗਿਆ ਹੈ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਆਕਸੀਜਨ ਦੀ ਘਾਟ ਦਾ ਸੱਚ ਛੁਪਾਉਣ ਲਈ ਦਿੱਲੀ ਸਰਕਾਰ ਨੂੰ ਆਡਿਟ ਕਮੇਟੀ ਨਹੀਂ ਬਣਾਉਣ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਲ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਬਾਰੇ ਕੋਈ ਅੰਕੜਾ ਨਹੀਂ ਹੈ ਕਿਉਂਕਿ ਕੇਂਦਰ ਨੇ ਲੋਕਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਕਮੇਟੀ ਨਹੀਂ ਬਣਾਉਣ ਦਿੱਤੀ ਸੀ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਦੀ ਜਾਂਚ ਸਬੰਧੀ ਕਮੇਟੀ ਦਾ ਗਠਨ ਕਰਨ ਤੇ ਉਨ੍ਹਾਂ ਨੂੰ ਮੁਆਵਜ਼ੇ ਵਜੋਂ ਪੰਜ ਲੱਖ ਰੁਪਏ ਦੇਣ ਦਾ ਫੈਸਲਾ ਲਿਆ ਸੀ ਪਰ ਕੇਂਦਰ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰੀ ਸਚਾਈ ਛੁਪਾਉਣਾ ਚਾਹੁੰਦੀ ਹੈ। ਉਧਰ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਤੇ ਦੇਸ਼ ਭਰ ਵਿਚ ਹੋਰ ਥਾਵਾਂ ‘ਤੇ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ ਅਤੇ ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੈ ਕਿ ਕਿਸੇ ਦੀ ਵੀ ਜਾਨ ਆਕਸੀਜਨ ਦੀ ਘਾਟ ਕਾਰਨ ਨਹੀਂ ਗਈ। ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਾ ਹੋਣ ਸਬੰਧੀ ਬਿਆਨ ‘ਤੇ ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਮਹਾਮਾਰੀ ਵਾਲੇ ਸਾਲ ਵਿਚ ਸਰਕਾਰ ਵੱਲੋਂ ਆਕਸੀਜਨ ਦੀ ਬਰਾਮਦ ਵਧਾਏ ਜਾਣ ਅਤੇ ਇਸ ਦੀ ਢੋਆ-ਢੁਆਈ ਲਈ ਟੈਂਕਰਾਂ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਮੌਤਾਂ ਹੋਈਆਂ ਸਨ। ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ, ”ਮਹਾਮਾਰੀ ਵਾਲੇ ਸਾਲ ਵਿਚ ਮੌਤਾਂ ਇਸ ਕਰ ਕੇ ਹੋਈਆਂ ਸਨ ਕਿਉਂ ਕਿ ਸਰਕਾਰ ਨੇ ਆਕਸੀਜਨ ਦੀ ਬਰਾਮਦ ਕਰੀਬ 700 ਫੀਸਦ ਵਧਾ ਦਿੱਤੀ ਸੀ।“ ਉਨ੍ਹਾਂ ਦੋਸ਼ ਲਾਇਆ ਕਿ ਮੌਤਾਂ ਇਸ ਵਾਸਤੇ ਹੋਈਆਂ ਸਨ ਕਿਉਂਕਿ ਸਰਕਾਰ ਨੇ ਆਕਸੀਜਨ ਦੀ ਢੋਆ-ਢੁਆਈ ਲਈ ਟੈਂਕਰਾਂ ਦਾ ਇੰਤਜ਼ਾਮ ਨਹੀਂ ਸੀ ਕੀਤਾ ਅਤੇ ਉੱਚ ਤਾਕਤੀ ਸਮੂਹਾਂ ਤੇ ਇਕ ਸੰਸਦੀ ਕਮੇਟੀ ਦੀ ਸਲਾਹ ਨੂੰ ਅਣਗੌਲਿਆ ਕੀਤਾ ਗਿਆ। ਹਸਪਤਾਲਾਂ ਵਿਚ ਆਕਸੀਜਨ ਪਲਾਂਟ ਸਥਾਪਤ ਕਰਨ ਦਾ ਉਪਰਾਲਾ ਨਹੀਂ ਕੀਤਾ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਉਹ ਲੋਕ ਜਿਨ੍ਹਾਂ ਦੇ ਸਕੇ-ਸਬੰਧੀਆਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਹੋਈ ਹੈ, ਉਹ ਕੇਂਦਰ ਸਰਕਾਰ ਨੂੰ ਅਦਾਲਤ ਵਿਚ ਲੈ ਕੇ ਜਾਣ।
ਦੱਸ ਦਈਏ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਦੇ ਚੱਲਦਿਆਂ ਅਨੇਕਾਂ ਹੀ ਮੌਤਾਂ ਹੋਈਆਂ, ਜਿਨ੍ਹਾਂ ਦੇ ਵਿਸਥਾਰ ਦੂਜੀ ਲਹਿਰ ਦੌਰਾਨ ਲਗਾਤਾਰ ਅਖਬਾਰਾਂ ਵਿਚ ਅਤੇ ਹੋਰ ਬਿਜਲਈ ਅਤੇ ਡਿਜੀਟਲ ਮੀਡੀਆ ਵਿਚ ਵੀ ਸਾਹਮਣੇ ਆਉਂਦੇ ਰਹੇ ਹਨ, ਪਰ ਇਸ ਸਬੰਧੀ ਕੇਂਦਰ ਸਰਕਾਰ ਵਲੋਂ ਸੰਸਦ ਵਿਚ ਪੇਸ਼ ਕੀਤੇ ਗਏ ਤੱਥ ਬੇਹੱਦ ਹੈਰਾਨ ਕਰਨ ਵਾਲੇ ਹਨ।
ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਦਾ ਸਦਨ ਵਿਚ ਇਹ ਕਹਿਣਾ ਕਿ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਦੇਸ਼ ਵਿਚ ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਜਾਨ ਨਹੀਂ ਗਈ, ਨੇ ਇਕ ਵਾਰ ਫਿਰ ਵੱਡੇ ਵਿਵਾਦਾਂ ਨੂੰ ਜਨਮ ਦਿੱਤਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਾਂਮਾਰੀ ਦੇ ਦੂਜੇ ਹਮਲੇ ਦੌਰਾਨ ਆਕਸੀਜਨ ਦੀ ਮੰਗ ਇੰਨੀ ਵਧ ਗਈ ਸੀ ਕਿ ਉਸ ਨੂੰ ਪੂਰਾ ਕੀਤਾ ਜਾਣਾ ਮੁਸ਼ਕਲ ਸੀ। ਪਹਿਲੀ ਲਹਿਰ ਵਿਚ ਜਿਥੇ 3000 ਮੀਟ੍ਰਿਕ ਟਨ ਰੋਜ਼ਾਨਾ ਆਕਸੀਜਨ ਦੀ ਜ਼ਰੂਰਤ ਪਈ ਸੀ। ਦੂਸਰੀ ਲਹਿਰ ਵਿਚ ਇਹ 9000 ਮੀਟ੍ਰਿਕ ਟਨ ਪ੍ਰਤੀ ਦਿਨ ਉਤੇ ਪਹੁੰਚ ਗਈ ਸੀ। ਉਸ ਸਮੇਂ ਦੇਸ਼ ਵਿਚ ਇਕਦਮ ਅਫਰਾ-ਤਫਰੀ ਫੈਲ ਗਈ ਸੀ। ਬਹੁਤ ਸਾਰੇ ਹਸਪਤਾਲਾਂ ਨੇ ਆਕਸੀਜਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਵੱਖ-ਵੱਖ ਰਾਜਾਂ ਨੇ ਵੀ ਕੇਂਦਰ ਨੂੰ ਇਹ ਮੰਗ ਪੂਰੀ ਕਰਨ ਦੀਆਂ ਅਪੀਲਾਂ ਕੀਤੀਆਂ ਸਨ। ਕੀਤੇ ਗਏ ਵੱਡੇ ਯਤਨਾਂ ਨਾਲ ਜਦੋਂ ਤੱਕ ਇਸ ਦੀ ਪੂਰਤੀ ਕੀਤੀ ਗਈ ਉਦੋਂ ਤੱਕ ਇਸ ਦੀ ਘਾਟ ਕਾਰਨ ਅਨੇਕਾਂ ਹੀ ਜਾਨਾਂ ਜਾਣ ਦੀਆਂ ਸੂਚਨਾਵਾਂ ਸਾਹਮਣੇ ਆ ਚੁੱਕੀਆਂ ਸਨ।
___________________________________________
ਗਲਤ ਫੈਸਲਿਆਂ ਕਾਰਨ 50 ਲੱਖ ਜਾਨਾਂ ਗਈਆਂ: ਰਾਹੁਲ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਸਰਕਾਰ ਦੇ ਗਲਤ ਫੈਸਲਿਆਂ ਕਾਰਨ 50 ਲੱਖ ਜਾਨਾਂ ਚੱਲੀਆਂ ਗਈਆਂ। ਸ੍ਰੀ ਗਾਂਧੀ ਨੇ ਟਵੀਟ ਕੀਤਾ, ”ਸੱਚ ਹੈ, ਕਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਭਾਰਤ ਸਰਕਾਰ ਦੇ ਗਲਤ ਫੈਸਲਿਆਂ ਨੇ ਸਾਡੇ 50 ਲੱਖ ਭਰਾਵਾਂ, ਭੈਣਾਂ, ਮਾਵਾਂ ਤੇ ਪਿਤਾ ਦੀ ਹੱਤਿਆ ਕਰ ਦਿੱਤੀ।“ ਉਨ੍ਹਾਂ ਇਸ ਟਵੀਟ ਦੇ ਨਾਲ ਵਾਸ਼ਿੰਗਟਨ ਆਧਾਰਿਤ ਇਕ ਮਸ਼ਹੂਰ ਸੰਸਥਾ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੀ ਇਕ ਰਿਪੋਰਟ ਵੀ ਨੱਥੀ ਕੀਤੀ।