ਪੰਜਾਬ ਸਰਕਾਰ ਦਾ ਖਜ਼ਾਨਾ ਭਰਨ ਦੀਆਂ ਸਭ ਸਕੀਮਾਂ ਫੇਲ੍ਹ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਲਈ ਚਲੰਤ ਵਿੱਤੀ ਵਰ੍ਹੇ ਦੀ ਕਮਾਈ ਪੱਖੋਂ ਸ਼ੁਰੂਆਤ ਆਸ ਨਾਲੋਂ ਕਿਤੇ ਉਲਟ ਰਹੀ। ਸਾਲ ਦੀ ਪਹਿਲੀ ਤਿਮਾਹੀ ਨੇ ਹੀ ਸਰਕਾਰੀ ਖ਼ਜ਼ਾਨੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਰਕਾਰ ਨੇ ਭਾਵੇਂ ਪਿਛਲੇ ਵਰ੍ਹੇ ਆਮ ਲੋਕਾਂ ‘ਤੇ ਮੋਟੇ ਟੈਕਸ ਲੈ ਕੇ ਆਰਥਿਕ ਮੰਦਹਾਲੀ ਦੇ ਦੌਰ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਜੁਗਾੜਬੰਦੀ ਆਸਾਂ ‘ਤੇ ਖਰੀ ਨਹੀਂ ਉੱਤਰੀ।
ਸਰਕਾਰ ਲਈ ਅਪਰੈਲ ਤੇ ਮਈ ਮਹੀਨੇ ਮੋਟੀ ਕਮਾਈ ਦੇ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੌਰਾਨ ਕਣਕ ਦੀ ਖਰੀਦ ਤੋਂ ਹੋਣ ਵਾਲੀ ਵੈਟ ਦੀ ਕਮਾਈ ਨਾਲ ਸਰਕਾਰ ਦੇ ਖ਼ਜ਼ਾਨੇ ਭਰਦੇ ਹਨ। ਇਸ ਵਾਰੀ ਕਣਕ ਦਾ ਝਾੜ ਘਟਣ ਨਾਲ ਵੈਟ ਪਿਛਲੇ ਸਾਲ ਦੇ ਮੁਕਾਬਲੇ ਸੱਤ ਫੀਸਦੀ ਘੱਟ ਆਇਆ।
ਸੂਬੇ ਵਿਚ ਨਵੀਆਂ ਕਾਰਾਂ ਖਰੀਦਣ ਦੇ ਸ਼ੌਕੀਨਾਂ ਦੀ ਗਿਣਤੀ ਵਿਚ ਵੀ ਵੱਡੀ ਕਮੀ ਆਈ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਫਿਕਰਮੰਦੀ ਇਸ ਕਰ ਕੇ ਵਧੀ ਹੈ ਕਿ ਖਰਚਿਆਂ ਵਿਚ 13 ਤੋਂ 15 ਫੀਸਦੀ ਤੱਕ ਦਾ ਵਾਧਾ ਹੋਣ ਦਾ ਅਨੁਮਾਨ ਹੈ ਜਦੋਂਕਿ ਟੈਕਸ ਵਸੂਲੀ 11 ਫੀਸਦੀ ਦੀ ਦਰ ਨਾਲ ਹੀ ਵਧ ਰਹੀ ਹੈ।
ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਇਸ ਸਾਲ ਕਣਕ ਤੋਂ ਵੈਟ ਦੀ ਵਸੂਲੀ 721 ਕਰੋੜ ਰੁਪਏ ਹੋਈ ਜੋ ਪਿਛਲੇ ਸਾਲ 779æ22 ਕਰੋੜ ਰੁਪਏ ਸੀ। ਇਹ ਘਾਟਾ ਸੱਤ ਫੀਸਦੀ ਤੱਕ ਦਾ ਹੈ। ਅਹਿਮ ਤੱਥ ਇਹ ਹੈ ਕਿ ਸਾਲ 2011-12 ਦੌਰਾਨ ਕਣਕ ਤੋਂ ਵੈਟ ਦੀ ਵਸੂਲੀ 551æ7 ਕਰੋੜ ਦੇ ਮੁਕਾਬਲੇ ਸਾਲ 2012-13 ਵਿਚ 779æ22 ਕਰੋੜ ਰੁਪਏ ਹੋਈ ਸੀ ਜੋ 41æ4 ਫੀਸਦੀ ਵੱਧ ਮੰਨੀ ਗਈ ਸੀ।
ਪੰਜਾਬ ਵਿਚ ਵਾਹਨਾਂ ਦੀ ਬਹੁਤਾਤ ਹੋਣ ਕਾਰਨ ਪੈਟਰੋਲ ਤੇ ਡੀਜ਼ਲ ਦੀ ਖ਼ਪਤ ਵਿਚ ਵੀ ਹਰ ਸਾਲ ਰਿਕਾਰਡ ਵਾਧਾ ਹੋਣ ਨਾਲ ਵੈਟ ਦੀ ਵੱਡੀ ਵਸੂਲੀ ਹੁੰਦੀ ਸੀ। ਇਸ ਵਾਰ ਇਸ ਖੇਤਰ ਨੇ ਵੀ ਸਰਕਾਰ ਨੂੰ ਨਿਰਾਸ਼ ਹੀ ਕੀਤਾ ਹੈ। ਪੈਟਰੋਲ ਤੇ ਡੀਜ਼ਲ ਤੋਂ ਸਾਲ 2011-12 ਦੌਰਾਨ 506æ54 ਕਰੋੜ, ਸਾਲ 2012-13 ਦੌਰਾਨ 35æ8 ਫੀਸਦੀ ਦੇ ਵਾਧੇ ਨਾਲ 687æ82 ਕਰੋੜ ਰੁਪਏ ਦੀ ਕਮਾਈ ਹੋਈ ਜਦੋਂਕਿ ਚਲੰਤ ਮਾਲੀ ਸਾਲ ਦੇ ਪਹਿਲੇ ਤਿੰਨਾਂ ਮਹੀਨਿਆਂ ਦੌਰਾਨ ਇਸ ਖੇਤਰ ਵਿਚੋਂ 828æ43 ਕਰੋੜ ਰੁਪਏ ਆਏ ਜੋ ਮਹਿਜ਼ 20æ4 ਫੀਸਦੀ ਦਾ ਵਾਧਾ ਹੈ।
ਇਸੇ ਤਰ੍ਹਾਂ ਐਂਟਰੀ ਟੈਕਸ ਦੀ ਵਸੂਲੀ ਵਿਚ ਵੀ ਛੇ ਫੀਸਦੀ ਦੀ ਗਿਰਾਵਟ ਆਈ ਹੈ। ਪੰਜਾਬ ਵਿਚ ਕਾਰਾਂ ਦੀ ਵਿਕਰੀ ਤੋਂ 2011-12 ਦੌਰਾਨ 301æ38 ਕਰੋੜ ਤੇ 2012-13 ਦੌਰਾਨ 31æ4 ਫੀਸਦੀ ਵਾਧੇ ਨਾਲ 396æ11 ਕਰੋੜ ਰੁਪਏ ਮਿਲੇ। ਇਸ ਸਾਲ ਕਾਰਾਂ ਦੀ ਖਰੀਦ ਤੋਂ ਕਰ 374æ81 ਕਰੋੜ ਰੁਪਏ ਆਇਆ ਜੋ 5æ4 ਫੀਸਦੀ ਦਾ ਘਾਟਾ ਦਿਖਾ ਰਿਹਾ ਹੈ। ਇਸ ਤਰ੍ਹਾਂ ਨਾਲ ਕਾਰਾਂ ਦੀ ਖਰੀਦ ਵਿਚ ਵੀ ਵੱਡੀ ਕਮੀ ਦੇਖਣ ਨੂੰ ਮਿਲ ਰਹੀ ਹੈ।
ਸਰਕਾਰ ਨੇ ਕਈ ਤਰ੍ਹਾਂ ਦੇ ਟੈਕਸਾਂ ਤੇ ਰਜਿਸਟਰੀ ਫੀਸ, ਕੁਲੈਕਟਰ ਰੇਟਾਂ ਵਿਚ ਵਾਧਾ ਵੀ ਕੀਤਾ ਪਰ ਰਜਿਸਟਰੀਆਂ ਤੋਂ ਕਮਾਈ ਪਿਛਲੇ ਸਾਲ ਨਾਲੋਂ ਵਧ ਨਹੀਂ ਸਕੀ। ਸਰਕਾਰ ਨੂੰ ਪਿਛਲੇ ਸਾਲ ਪਹਿਲੀ ਤਿਮਾਹੀ ਦੌਰਾਨ 800æ23 ਕਰੋੜ ਰੁਪਏ ਦੀ ਕਮਾਈ ਹੋਈ ਤਾਂ ਇਸ ਸਾਲ ਵੀ 806æ34 ਕਰੋੜ ਰੁਪਏ ਦੀ ਕਮਾਈ ਹੋ ਸਕੀ ਹੈ। ਮਾਲ ਵਿਭਾਗ ਦੇ ਤੱਥਾਂ ਮੁਤਾਬਕ ਲੁਧਿਆਣਾ ਜ਼ਿਲ੍ਹੇ ਸਮੇਤ 12 ਜ਼ਿਲ੍ਹਿਆਂ ਵਿਚ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਪਿਛਲੇ ਸਾਲ ਨਾਲੋਂ ਵੀ ਘਟ ਗਈ ਹੈ।
ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹਿਆਂ ਵਿਚੋਂ ਜ਼ਿਆਦਾ ਮਾਲੀਆ ਆਇਆ ਹੈ ਜਿਸ ਸਦਕਾ ਅੰਕੜਾ ਪਿਛਲੇ ਸਾਲ ਦੇ ਬਰਾਬਰ ਹੋ ਗਿਆ ਮੰਨਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕਰ ਤੇ ਆਬਕਾਰੀ ਵਿਭਾਗ ਨੂੰ 17 ਫੀਸਦੀ ਤੱਕ ਵੈਟ ਦੇ ਵਾਧੇ ਦਾ ਟੀਚਾ ਦਿੱਤਾ ਸੀ ਪਰ ਵਿਭਾਗ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਬਰਾਬਰ ਵੀ ਨਹੀਂ ਪਹੁੰਚ ਸਕਿਆ। ਪਿਛਲੇ ਮਾਲੀ ਸਾਲ ਦੌਰਾਨ ਇਨ੍ਹਾਂ ਮਹੀਨਿਆਂ ਦੌਰਾਨ ਵੈਟ ਵਿਚ 12 ਫੀਸਦੀ ਦਾ ਵਾਧਾ ਹੋਇਆ ਸੀ ਪਰ ਇਸ ਸਾਲ 11 ਫੀਸਦੀ ਦਾ ਵਾਧਾ ਹੋਇਆ ਹੈ।
ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿਆਪੀ ਮੰਦਵਾੜੇ ਕਾਰਨ ਆਰਥਿਕ ਝਟਕੇ ਮਹਿਸੂਸ ਹੋ ਰਹੇ ਹਨ। ਵਿੱਤ ਵਿਭਾਗ ਨੂੰ ਇਹ ਹਾਲਤ ਕੁਝ ਮਹੀਨਿਆਂ ਤੱਕ ਸੁਧਰਨ ਦੀ ਉਮੀਦ ਹੈ। ਉਧਰ, ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਾਲ ਸਰਕਾਰ ਲਈ ਵਿੱਤੀ ਸੰਕਟ ਵਾਲਾ ਰਹੇਗਾ ਜਿਸ ਕਾਰਨ ਸਰਕਾਰ ਨੂੰ ਖਰਚਿਆਂ ਵਿਚ ਕਟੌਤੀ ਕਰਨੀ ਚਾਹੀਦੀ ਹੈ। ਗ਼ੌਰਤਲਬ ਹੈ ਕਿ ਸਰਕਾਰ ਨੇ 38 ਕਰੋੜ ਰੁਪਏ ਦਾ ਨਵਾਂ ਹੈਲੀਕਾਪਟਰ ਪਿਛਲੇ ਮਹੀਨਿਆਂ ਦੌਰਾਨ ਖਰੀਦਿਆ ਹੈ ਤੇ ਹੁਣ ਸਰਕਾਰ ਵੱਲੋਂ ਜਹਾਜ਼ ਖ਼ਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ।
________________________________
ਹੋਰ ਟੈਕਸ ਲਾਉਣ ਦੀ ਤਿਆਰੀ
ਪੰਜਾਬ ਸਰਕਾਰ ਨੇ ਮਾਲੀ ਘਾਟੇ ਨੂੰ ਦੂਰ ਕਰਨ ਲਈ ਜਨਤਾ ‘ਤੇ ਟੈਕਸਾਂ ਦਾ ਬੋਝ ਪਾਉਣ ਦਾ ਮਨ ਬਣਾ ਲਿਆ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਡੀਜ਼ਲ ‘ਤੇ ਵੈਟ 8æ8 ਫੀਸਦੀ ਤੋਂ ਵਧਾ ਕੇ 13 ਫੀਸਦੀ ਕਰ ਕੇ 500 ਰੁਪਏ ਸਾਲਾਨਾ ਆਮਦਨ ਵਧਾਉਣ ਤੇ ਪ੍ਰੋਫੈਸ਼ਨਲ ਟੈਕਸ ਲਾ ਕੇ 500 ਕਰੋੜ ਹੋਰ ਜੁਟਾਉਣ ਦੀ ਤਜਵੀਜ਼ ਬਣਾਈ ਹੈ। ਸਰਕਾਰ ਨੇ ਮੁਲਾਜ਼ਮਾਂ ਨੂੰ 58 ਸਾਲ ਦੀ ਸੇਵਾ ਮੁਕਤੀ ਤੋਂ ਸੇਵਾ ਕਾਲ ਵਿਚ ਇਕ ਸਾਲ ਦਾ ਵਾਧਾ ਕੀਤਾ ਸੀ ਜਿਸ ਨਾਲ 1000 ਕਰੋੜ ਦੀਆਂ ਦੇਣਦਾਰੀਆਂ ਟਲ ਗਈਆਂ ਸਨ। ਇਸੇ ਤਰ੍ਹਾਂ ਇਸ ਵਾਰੀ ਫਿਰ ਸੇਵਾ ਕਾਲ ਵਿਚ ਇਕ ਸਾਲ  ਦਾ ਵਾਧਾ ਹੋਣ ਦੀ ਸੰਭਾਵਨਾ ਹੈ।

Be the first to comment

Leave a Reply

Your email address will not be published.