ਇਕਬਾਲ ਸਿੰਘ ਜੱਬੋਵਾਲੀਆ
ਯਾਰ ਸੁਲੱਖਣੇ ਭਾਗਾਂ ਨਾਲ ਮਿਲ ਜਾਂਦੇ ਨੇ।
ਵਿਚ ਮਹਿਫਿਲਾਂ, ਵਾਂਗ ਫੁੱਲਾਂ ਖਿਲ ਜਾਂਦੇ ਨੇ।
ਯਾਰਾਂ ਦੀ ਖੁਸ਼ਬੋ ਮਾਣਨ ‘ਜੱਬੋਵਾਲੀਆ`
ਵਾਂਗ ਸ਼ਰਬਤਾਂ ਪਾਣੀ ਵਿਚ ਘੁੱਲ ਜਾਂਦੇ ਨੇ।
ਯਾਰੀਆਂ-ਮੁਹੱਬਤਾਂ ਪਾਲਣ ਵਾਲੇ ਦੁਨੀਆਂ ਦੇ ਕਿਸੇ ਵੀ ਖਿੱਤੇ ਚਲੇ ਜਾਣ, ਸੁਭਾਅ ਮੁਤਾਬਿਕ ਮਹਿਫਿਲਾਂ ਸਜਾਉਂਦੇ ਰਹਿੰਦੇ ਤੇ ਖੁਸ਼ੀਆਂ ਦੇ ਪਾਤਰ ਬਣਦੇ ਰਹਿੰਦੇ ਨੇ। ਖੁਸ਼ਾਮਦਾਂ ਕਰਕੇ ਅਨੰਦ ਲੈਂਦੇ ਨੇ। ਵੈਸੇ ਵੀ ਪੰਜਾਬੀ ਮਹਿਮਾਨ-ਨਿਵਾਜੀ ਵਿਚ ਕਿਸੇ ਗੱਲੋਂ ਘੱਟ ਨਹੀਂ ਰਹਿੰਦੇ। ਦਿਲ ਦੇ ਬਾਦਸ਼ਾਹ ਦਲੇਰ ਸੱਜਣ ਤੇ ਪਰਮ-ਮਿੱਤਰਾਂ ਦੀ ਖੁਸ਼ਆਮਦੀਦ ਕਰਨ ਵਾਲਾ ਅਵਤਾਰ ਸਿੰਘ ਅਮਰੀਕੀ ਸੂਬੇ ਓਹਾਇਓ `ਚ ਪੈਂਦੇ ਸਪਰਿੰਗਫੀਲਡ ਰਹਿੰਦੈ ਤੇ ਗੋਰਿਆਂ `ਚ ਵਿਚਰਦਾ ਵੱਖਰਾ ਵਿਖਾਈ ਦਿੰਦੈ। ਸਪਰਿੰਗਫੀਲਡ ਦੇ ਲਾਗੇ ਹੀ ਡੇਅਟਨ ਸ਼ਹਿਰ ਹੈ। ਅੱਧੇ-ਪੌਣੇ ਘੰਟੇ ਦਾ ਸਫਰ। ਇਥੋਂ ਦੇ ਔਰੀਵਲ ਤੇ ਵਿਲਵਰ ਰਾਈਟ-ਭਰਾਵਾਂ ਨੇ ਹਵਾਈ ਜਹਾਜ਼ ਦੀ ਕਾਢ ਕੱਢੀ ਸੀ। ਛੋਟਾ ਜਿਹਾ ਸ਼ਹਿਰ ਅੱਜ ਦੁਨੀਆਂ ਦਾ ਅਜੂਬਾ ਬਣਿਆ ਹੋਇਐ, ਜਿਥੇ ਬੇਸ਼ੁਮਾਰ ਸੈਲਾਨੀ ਰਾਈਟ ਭਰਾਵਾਂ ਦੀ ਜਗ੍ਹਾ ਵੇਖਣ ਆਉਂਦੇ ਨੇ।
ਅਵਤਾਰ ਸਿੰਘ ਵੀ ਉਸੇ ਸ਼ਹਿਰ ਦਾ ਗੁਆਂਢੀ ਹੋਣ ਦਾ ਮਾਣ ਮਹਿਸੂਸ ਕਰਦੈ ਤੇ ਮਿਲਣ-ਗਿਲਣ ਆਏ ਮਿੱਤਰਾਂ-ਪਿਆਰਿਆਂ ਨੂੰ ਰਾਈਟ ਭਰਾਵਾਂ ਦੀ ਜਗ੍ਹਾ ਵਿਖਾਉਣ ਜਰੂਰ ਲਿਜਾਂਦੈ। ਅਠਾਈ ਸਾਲਾਂ ਤੋਂ ਉਹ ਉਸੇ ਸ਼ਹਿਰ `ਚ ਰਹਿ ਰਿਹੈ। 1998 `ਚ ਪਹਿਲੀ ਵਾਰ ਸਪਰਿੰਗਫੀਲਡ ਦੀ ਮੈਮੋਰੀਅਲ ਡੇਅ ਪ੍ਰੇਡ `ਚ ਸ਼ਾਮਲ ਹੋਇਆ ਸੀ। ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਚਾਲੀ-ਪੰਜਾਹ ਹਜ਼ਾਰ ਦੇ ਕਰੀਬ ਗੋਰੇ-ਗੋਰੀਆਂ `ਕੱਠੇ ਹੋਏ ਸਨ। ਉਸ ਸ਼ਹਿਰ ਵਿਚ ਸਿਰਫ ਦੋ ਹੀ ਪੰਜਾਬੀ ਹਨ। ਇਕ ਉਹ ਤੇ ਇਕ ਹੋਰ ਸਿੱਖ ਪਰਿਵਾਰ। ਤੇਈ ਸਾਲਾਂ ਤੋਂ ਹੁਣ ਉਹ ਉਸ ਪ੍ਰੇਡ ਦਾ ਹਿੱਸਾ ਬਣਦਾ ਆ ਰਿਹੈ।
1999 ਦੇ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ `ਤੇ ਉਹਨੇ ਕੇਸ ਰੱਖ ਲਏ ਸਨ। ਦੋ ਸਾਲਾਂ ਬਾਅਦ 2001 ਨੂੰ ਨਿਊ ਯਾਰਕ ਵਿਖੇ ਨਾਈਨ-ਅਲੈਵਨ ਹਮਲੇ ਤਹਿਤ ਅਤਿਵਾਦੀਆਂ ਨੇ ਦੋ ਵੱਡੀਆਂ ਬਿਲਡਿੰਗਾਂ ਢਾਹ ਦਿੱਤੀਆਂ ਸਨ। ਹੁਣ ਉਹਦੇ ਮਸਲਾ ਵੱਡਾ ਖੜ੍ਹ ਗਿਆ ਸੀ, ਕਿਉਂਕਿ ਉਸ ਸ਼ਹਿਰ ਵਿਚ ਰਹਿੰਦਾ `ਕੱਲਾ ਸਰਦਾਰ ਕਰਕੇ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਕਈ ਵਾਰ ਉਸ ਉਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੁੰਦਾ ਰਿਹਾ। ਕੋਈ ਤਾਲਿਵਾਨ ਕਹੇ, ਕੋਈ ਮੁਸਲਮਾਨ। ਇੰਗਲੈਂਡ, ਕੈਨੇਡਾ, ਅਫਰੀਕਾ ਅਤੇ ਹੋਰ ਮੁਲਕਾਂ ਤੋਂ ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗੇ, ‘ਕਿਹੜੇ ਪੰਗੇ `ਚ ਪੈ ਗਿਆਂ, ਕੇਸ ਰੱਖ ਕੇ। ਸਿੱਖਾਂ `ਤੇ ਹਮਲੇ ਹੋ ਰਹੇ ਨੇ, ਕੇਸ ਕਟਾ ਦੇ। ਮੁਸਲਮਾਨਾਂ ਦੇ ਭੁਲੇਖੇ ਮਾਰਿਆ ਜਾਵੇਂਗਾ।’ ਪਰ ਉਹ ਟੱਸ ਤੋਂ ਮੱਸ ਨਾ ਹੋਇਐ। ਗੁਰੂ ਦੀ ਮੋਹਰ ਲੱਗ ਚੁਕੀ ਸੀ, ਹੁਣ ਉਸ ਨਾਲ ਹੀ ਜਾਵੇਗੀ। ਉਹਨੂੰ ਆਪਣੇ ਗੁਰੂ `ਤੇ ਪੂਰਾ ਭਰੋਸਾ ਸੀ ਤੇ ਹੁਣ ਵੀ ਆਪਣੇ ਉਤੇ ਗੁਰੂ ਦੀ ਮਿਹਰ ਸਮਝਦੈ।
ਅਗਲੇ ਸਾਲ ਮੈਮੋਰੀਅਲ ਡੇਅ ਪ੍ਰੇਡ ਮੌਕੇ ਕਿਰਾਏ `ਤੇ ਬੱਗੀ ਲੈ ਕੇ ਤਿੰਨੇ ਬੱਚੇ, ਮਾਤਾ ਤੇ ਆਪ ਬੈਠ ਕੇ ਪ੍ਰੇਡ ਵਿਚ ਸ਼ਾਮਲ ਹੋਏ। ਗੋਰਿਆਂ ਨੇ ਟਰੱਕਾਂ `ਤੇ ਵੱਖ ਵੱਖ ਤਰ੍ਹਾਂ ਦੀਆਂ ਝਲਕੀਆਂ ਦੇ ਸਲੋਗਨ ਲਾਏ ਹੋਏ ਸਨ। ਉਹਨੇ ਵੀ ਕਿਰਾਏ ਦੀ ਬੱਗੀ `ਤੇ ਸਿੱਖ ਇਤਿਹਾਸ ਦੇ ਯੋਧਿਆਂ, ਸੂਰਵੀਰਾਂ ਦੀਆਂ ਤਸਵੀਰਾਂ ਲਾ ਕੇ ‘ਹੈਪੀ ਮੈਮੋਰੀਅਲ ਡੇਅ’, ‘ਗੌਡ ਬਲੈਸ ਅਮੈਰਿਕਾ’ ਦੇ ਬੈਨਰ ਲਾਏ ਹੋਏ ਸਨ। ਨਾਈਨ-ਅਲੈਵਨ ਘਟਨਾ ਕਰਕੇ ਗੋਰੇ ਅੱਖਾਂ ਪਾੜ ਪਾੜ ਵੇਖ ਰਹੇ ਸਨ। ਉਚੀਆਂ ਨੀਵੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਸਨ। ਬੱਘੀ ਦੇ ਕੋਚਵਾਨ ਨੂੰ ਵੀ ਉਨ੍ਹਾਂ ਘਟੀਆ ਲੋਕਾਂ ਦੀਆਂ ਗੱਲਾਂ ਦਾ ਪੈਰ ਪੈਰ `ਤੇ ਸ਼ਿਕਾਰ ਹੋਣਾ ਪੈ ਰਿਹਾ ਸੀ।
ਬੰਨ੍ਹੀ ਹੋਵੇ ਦਸਤਾਰ,
ਲੱਖਾਂ ਵਿਚੋਂ ਵੱਖਰਾ ਸਰਦਾਰ ਦਿਸਦੈ।
ਭਾਈ ਘਨੱਈਏ ਦੇ ਸੇਵਕਾਂ ਦਾ
ਸੇਵਾ `ਚ ਹੁੰਦਾ ਕਿਰਦਾਰ ਦਿਸਦੈ।
ਨਾਮ ਬਾਣੀ `ਚ ਰੰਗੇ ਗੁਰੂ ਦੇ ਸਿੰਘਾਂ ਦਾ
ਠਾਠਾਂ ਮਾਰਦਾ ਪਿਆਰ ਦਿਸਦੈ।
ਇਕ ਦਿਨ ਸ਼ਹਿਰ ਵਿਚ ਸਾਰੇ ਗੋਰਿਆਂ ਦੀ ਕਰੀਮ `ਕੱਠੀ ਹੋਣ ਜਾ ਰਹੀ ਸੀ। ਸਾਰੇ ਸ਼ਹਿਰ ਦੇ ਨਾਮਵਰ ਸੱਜਣਾਂ ਦਾ ਪ੍ਰੋਗਰਾਮ ਸੀ। ਉਹਨੂੰ ਵੀ ਪਤਾ ਲੱਗ ਗਿਆ। ਹੁਣ ਉਹਨੂੰ ਮੌਕਾ ਸੀ ਆਪਣੇ ਦੁੱਖੜੇ ਦੱਸਣ ਦਾ। ਉਹ ਆਪਣੇ ਨਿਆਣੇ, ਘਰ ਵਾਲੀ ਤੇ ਮਾਤਾ ਜੀ ਨੂੰ ਲੈ ਕੇ ਉਥੇ ਜਾ ਪਹੁੰਚਿਆ। ਆਪ ਤੇ ਦੋਵੇਂ ਬੇਟਿਆਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ। ਉਥੇ ਇਕ ਪਾਗਲ ਕਿਸਮ ਦਾ ਗੋਰਾ ਉਨ੍ਹਾਂ `ਤੇ ਹਮਲਾ ਕਰਨ ਨੂੰ ਮੌਕਾ ਭਾਲ ਰਿਹਾ ਸੀ। ਅਵਤਾਰ ਸਿੰਘ ਨੇ ਵੀ ਭਾਂਪ ਲਿਆ ਕਿ ਕੋਈ ਗੜਬੜ ਜਰੂਰ ਕਰੇਗਾ। ਡਿਊਟੀ `ਤੇ ਖੜ੍ਹੀ ਉਥੇ ਇਕ ਲੇਡੀ ਪੁਲਿਸ ਵਾਲੀ ਦੀ ਮਦਦ ਨਾਲ ਉਸ ਪਾਗਲ ਗੋਰੇ ਨੂੰ ਫੜਾਇਆ। ਸਟੇਜ `ਤੇ ਬੋਲਣ ਲਈ ਸਮਾਂ ਮੰਗਿਆ ਤਾਂ ਤਾਲਿਬਾਨ ਦੇ ਭੁਲੇਖੇ ਉਹਨੂੰ ਸਟੇਜ `ਤੇ ਸਮਾਂ ਨਾ ਦੇਣ। ਸਾਦੇ ਕੱਪੜਿਆਂ `ਚ ਘੁੰਮਦੇ ਉਥੇ ਮੇਅਰ ਨੇ ਕੁਦਰਤੀ ਉਹਨੂੰ ਪਛਾਣ ਲਿਆ। ਫਿਰ ਉਸ ਦੇ ਕਹਿਣ `ਤੇ ਉਸ ਨੂੰ ਸਟੇਜ `ਤੇ ਬੋਲਣ ਦਾ ਸਮਾਂ ਦਿੱਤਾ ਗਿਆ। ਸਟੇਜ `ਤੇ ਜਾਂਦੇ ਨੇ ‘ਗੌਡ ਬਲੈਸ ਅਮੈਰਿਕਾ` ਦੇ ਵਾਰ ਵਾਰ ਨਾਅਰੇ ਲਾਏ ਤੇ ਲੋਕਾਂ ਨੇ ਵੀ ਸਾਥ ਦਿਤਾ। ਫਿਰ ਉਸ ਨੇ ਖੁੱਲ੍ਹ ਕੇ ਦੱਸਿਆ, ਉਹ ਕੌਣ ਹੈ? ਉਸ ਦਾ ਧਰਮ ਕੀ ਹੈ? ਫਿਰ ਲੋਕਾਂ ਨੂੰ ਸਮਝ ਲੱਗੀ ਤੇ ਉਹਦੇ ਪ੍ਰਤੀ ਨਫਰਤ ਜਾਂਦੀ ਰਹੀ ਤੇ ਉਹਦੇ ਲਈ ਸਭ ਦੀ ਹਮਦਰਦੀ ਵਧ ਗਈ। ਗਲਤਫਹਿਮੀ ਦੇ ਸ਼ਿਕਾਰ ਘਟੀਆ ਲੋਕਾਂ ਦੇ ਸਾਰੇ ਸ਼ੰਕੇ ਦੂਰ ਹੋ ਗਏ। ਪੁਲਿਸ ਵਲੋਂ ਫੜੇ ਉਸ ਪਾਗਲ ਕਿਸਮ ਦੇ ਗੋਰੇ ਨੂੰ ਫਿਰ ਛੁਡਾ ਦਿੱਤਾ ਗਿਆ।
ਉਸ ਨੇ ਦਸਵੇਂ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ `ਚ ਅਰਦਾਸ ਕੀਤੀ। ਹੇ ਸੱਚੇ ਪਾਤਸ਼ਾਹ! ਲਾਜ ਰੱਖੀਂ ਹੁਣ ਕੇਸ ਨ੍ਹੀਂ ਕਟਾਉਣੇ, ਜੋ ਮਰਜ਼ੀ ਹੋ ਜਾਏ। ਸਿੱਖ ਕੌਮ ਦੇ ਜਰਨੈਲਾਂ ਨੂੰ ਯਾਦ ਕੀਤਾ, ਕਿਵੇਂ ਖੋਪੜੀਆਂ ਲੁਹਾਈਆਂ, ਬੰਦ ਬੰਦ ਕਟਾਏ। ਸਿਦਕ ਨ੍ਹੀਂ ਹਾਰਿਆ। ਹੁਣ ਗੋਲੀ ਖਾਣੀ ਮਨਜ਼ੂਰ ਐ, ਕੇਸ ਕਤਲ ਨਹੀਂ ਕਰਾਉਣੇ। ਫਿਰ ਹਰ ਸਾਲ ਉਹ ਵੱਧ ਚੜ੍ਹ ਕੇ ਪਰਿਵਾਰ ਸਮੇਤ ਪਰੇਡਾਂ `ਚ ਸ਼ਾਮਲ ਹੋਣ ਲੱਗਾ।
ਪ੍ਰਸਿੱਧ ਗੀਤਕਾਰ ਮੱਖਣ ਲੋਹਾਰ ਦਾ ਉਹ ਪੇਂਡੂ ਅਤੇ ਨਿੱਘਾ ਮਿੱਤਰ ਹੋਣ ਕਰਕੇ ਕੁਝ ਨਾ ਕੁਝ ਲਿਖਣ ਦਾ ਸ਼ੌਕ ਰੱਖਦੈ ਤੇ ਸਟੇਜਾਂ `ਤੇ ਬੋਲ ਵੀ ਲੈਂਦੈ। ਅਮਰੀਕਾ ਦੇ ਪ੍ਰਸਿੱਧ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼` ਨਾਲ ਪੱਕੇ ਤੌਰ `ਤੇ ਜੁੜਿਆ ਹੋਇਐ ਤੇ ਹਰ ਸਾਲ ਸਟੇਜ `ਤੇ ਕੁਝ ਨਾ ਕੁਝ ਆਪਣੀ ਕਲਮ ਦੇ ਰੰਗ ਜਰੂਰ ਵਿਖਾਉਂਦੈ।
ਸਾਡੀ ਮੁਹੱਬਤ ਦੀਆਂ ਤੰਦਾਂ ਵੀ ‘ਪੰਜਾਬ ਟਾਈਮਜ਼` ਜ਼ਰੀਏ ਪੀਡੀਆਂ ਹੋਈਆਂ ਸਨ। ਫਿਰ ਤਾਂ ਮੇਲ-ਮਿਲਾਪ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਲ 2014 ਦੀ ‘ਪੰਜਾਬ ਟਾਈਮਜ਼ ਨਾਈਟ’ ਖਤਮ ਹੁੰਦੇ ਹੀ ਪਹਿਲਾਂ ਤੋਂ ਬਣੇ ਪ੍ਰੋਗਰਾਮ ਮੁਤਾਬਕ ਸਿਨਸਿਨੈਟੀ ਦੇ ਕਬੱਡੀ ਟੂਰਨਾਮੈਂਟਾਂ ਦੇ ਨਜ਼ਾਰੇ ਦੇਖਣ ਅਤੇ ਅਵਤਾਰ ਸਿੰਘ ਦੇ ਘਰ ਸਪਰਿੰਗਫੀਲਡ ਜਾਣ ਦਾ ਪ੍ਰੋਗਰਾਮ ਬਣ ਚੁਕਾ ਸੀ। ਅਵਤਾਰ ਸਿੰਘ, ਅਸ਼ੋਕ ਭੌਰਾ, ਮੈਂ, ਮੇਰੇ ਦੋਵੇਂ ਬੇਟੇ-ਨਵਜੋਤ ਤੇ ਮਨਜੋਤ, ਮੱਖਣ ਲੋਹਾਰ, ਬਾਬ ਖਹਿਰਾ, ਨਿੰਮਾ ਡੱਲੇਵਾਲ ਤੇ ਸਰਬਣ ਸਿੰਘ ਟਿਵਾਣਾ ਸਾਰੇ ਦੋ ਗੱਡੀਆਂ `ਚ ਸਵਾਰ ਹੋ ਕੇ ਰਾਤੋ ਰਾਤ ਸਰਬਣ ਸਿੰਘ ਟਿਵਾਣਾ ਦੇ ਘਰ ਜਾ ਪਹੁੰਚੇ। ਥੋੜ੍ਹੇ ਘੰਟੇ ਅਰਾਮ ਕਰਕੇ ਫਿਰ ਸਿਨਸਿਨੈਟੀ ਜਾਣ ਦੀ ਤਿਆਰੀ ਕਰ ਲਈ। ਦੁਪਹਿਰ ਕੁ ਵੇਲੇ ਸਿਨਸਿਨੈਟੀ ਕਬੱਡੀ ਮੈਚਾਂ `ਤੇ ਜਾ ਪਹੁੰਚੇ। ਪ੍ਰੋ. ਮੱਖਣ ਸਿੰਘ ਹਕੀਮਪੁਰੀਆ ਕੁਮੈਂਟਰੀ ਕਰ ਰਿਹਾ ਸੀ। ਸਾਨੂੰ ਵੇਖਦੇ ਹੀ ਖੁਸ਼ ਹੋ ਗਿਆ। ਸਾਡੀ ਸਾਰਿਆਂ ਦੀ ਟੂਰਨਾਮੈਂਟ ਵਿਚ ਹਾਜ਼ਰੀ ਲਵਾਈ। ਮੈਚ ਵਧੀਆ ਹੋਏ। ਪਹਿਲਵਾਨ ਬੁੱਧ ਸਿੰਘ ਮਿਲਿਆ। ਦਰਸ਼ਨ ਸਿੰਘ ਦਰੜ, ਪ੍ਰਿਤਪਾਲ ਸਿੰਘ ਘੋਤੜਾ, ਹਰਵਿੰਦਰ ਸਿੰਘ ਵਾਲੀਆ, ਸੁਰਜੀਤ ਸਿੰਘ ਮਾਵੀ, ਹਰਬੰਸ ਸਿੰਘ ਗਿੱਲ, ਗੁਰਿੰਦਰ ਢਿੱਲੋਂ, ਮੁਖਤਿਆਰ ਸਿੰਘ ਸੇਖੋਂ, ਗਰੇਵਾਲ ਪਰਿਵਾਰ ਤੇ ਕਈ ਹੋਰ ਸੱਜਣ ਮਿਲੇ। ਕਈ ਕਿਤਾਬਾਂ ਦੇ ਰਚਣਹਾਰ ਤੇ ਵਿਦਵਾਨ ਡਾ. ਚਰਨਜੀਤ ਸਿੰਘ ਗੁੰਮਟਾਲਾ ਬੜੇ ਨਿੱਘ ਨਾਲ ਮਿਲੇ। ਨਿਊ ਯਾਰਕ ਤੋਂ ਗਏ ਕਈ ਹੋਰ ਮਿੱਤਰਾਂ ਤੇ ‘ਪੰਜਾਬ ਟਾਈਮਜ਼` ਨਾਲ ਜੁੜੇ ਕਈ ਪਾਠਕਾਂ ਦੇ ਦਰਸ਼ਨ ਹੋਏ।
ਲੋਕ ਖੁਸ਼ਬੂ ਫੁੱਲਾਂ ਦੀ ਮਾਣਦੇ ਨੇ
ਅਸਾਂ ਖੁਸ਼ਬੂ ਯਾਰਾਂ ਦੀ ਮਾਣ ਲਈ।
ਪਿਆਰ ਮੁਹੱਬਤ ਨਿਭਦਾ ਕਿਵੇਂ
ਏਹ ਗੱਲ ਯਾਰਾਂ ਤੋਂ ਜਾਣ ਲਈ।
ਬੇਫਿਕਰਾ ਹੋ ਮੌਜਾਂ ਮਾਣ ‘ਇਕਬਾਲ ਸਿੰਹਾਂ`
ਹੁਣ ਹਿੱਕ ਤੇਰੇ ਪਿਛੇ ਤਾਣ ਲਈ।
ਕਬੱਡੀ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਮਿਸ ਪੂਜਾ ਤੇ ਰੌਸ਼ਨ ਪਿ੍ਰੰਸ ਦਾ ਅਖਾੜਾ ਸੀ। ਬੜੀ ਰੌਣਕ ਸੀ। ਰੌਸ਼ਨ ਪ੍ਰਿੰਸ ਤੇ ਮਿਸ ਪੂਜਾ ਨੇ ਸਟੇਜ `ਤੇ ਬੜਾ ਰੰਗ ਬੰਨ੍ਹਿਆ। ਸ਼ਾਮ ਨੂੰ ਬੁੱਧ ਸਿੰਘ ਆਪਣੇ ਘਰ ਲੈ ਜਾਣ ਲਈ ਜੋਰ ਪਾਉਣ ਲੱਗਾ। ਹੁਣ ਮੇਰੀ ਇਕ ਬਾਂਹ ਬੁੱਧ ਸਿੰਘ ਵੱਲ ਤੇ ਦੂਜੀ ਅਵਤਾਰ ਸਿੰਘ ਵੱਲ। ਦੋਵੇਂ ਪੱਕੇ ਮਿੱਤਰ। ਪਿਛਿਉਂ ਅਵਤਾਰ ਸਿੰਘ ਦੇ ਘਰ ਜਾਣ ਦਾ ਵਾਅਦਾ ਕਰਕੇ ਆਏ ਹੋਣ ਕਾਰਨ ਸਪਰਿੰਗਫੀਲਡ ਜਾਣ ਦਾ ਪੱਲੜਾ ਭਾਰੀ ਹੋ ਗਿਆ। ਅਗਲੀ ਵਾਰ ਬੁੱਧ ਸਿੰਘ ਦੇ ਘਰ ਜਾਣ ਦਾ ਵਾਅਦਾ ਕਰਕੇ ਮੈਂ, ਮੇਰੇ ਦੋਵੇਂ ਬੇਟੇ, ਅਸ਼ੋਕ ਭੌਰਾ ਤੇ ਮੱਖਣ ਲੋਹਾਰ ਸਪਰਿੰਗਫੀਲਡ ਜਾਣ ਲਈ ਅਵਤਾਰ ਸਿੰਘ ਦੀ ਗੱਡੀ `ਚ ਜਾ ਬੈਠੇ।
ਅਵਤਾਰ ਸਿੰਘ ਦੇ ਘਰ ਪਹੁੰਚਦਿਆਂ ਘੁਸਮੁਸਾ ਜਿਹਾ ਹੋ ਗਿਆ ਸੀ। ਕੁੱਲੂ-ਮਨਾਲੀ ਵਾਂਗ ਹੀ ਪਹਾੜੀ ਨਾਲ ਲੱਗਦਾ ਉਹਦਾ ਘਰ ਹੈ। ਸੰਘਣੇ ਦਰਖਤ, ਹਰੀਆਂ-ਭਰੀਆਂ ਪਹਾੜੀਆਂ ਵਿਚ ਘੁੰਮਦੇ ਹਿਰਨ, ਮੋਰ, ਕਬੂਤਰ ਤੇ ਹੋਰ ਜਾਨਵਰ ਆਮ ਦਿਸਦੇ ਹਨ। ਮਹਿਲ ਵਰਗਾ ਖੁੱਲ੍ਹਾ-ਡੁੱਲ੍ਹਾ ਵਧੀਆ ਘਰ। ਸਾਡੇ ਜਾਣ ਨਾਲ ਉਹਨੂੰ ਚਾਅ ਜਿਹਾ ਚੜ੍ਹਿਆ ਹੋਇਆ ਸੀ।
ਦੂਜੇ ਦਿਨ ਸਵੱਖਤੇ ਉਠਦਿਆਂ ਨਾਲ ਲੱਗਦੀ ਉਹੀ ਉਚੀ ਪਹਾੜੀ `ਚ ਫਿਰ ਉਹੀ ਹਿਰਨ, ਘੁੱਗੀਆਂ, ਕਬੂਤਰ, ਮੋਰ ਤੇ ਹੋਰ ਜਾਨਵਰ ਘੰੁਮਦੇ ਚੁਗਦੇ ਨਜ਼ਰੀਂ ਪਏ। ਵੇਖਣ ਦਾ ਵਾਹਵਾ ਵੱਖਰਾ ਅਨੰਦ ਸੀ। ਚਾਹ-ਪਾਣੀ ਪੀਣ ਤੋਂ ਬਾਅਦ ਤਿਆਰ ਹੋ ਕੇ ਨਾਲ ਲੱਗਦੇ ਡੇਅਟਨ ਸ਼ਹਿਰ `ਚ ਹਵਾਈ ਜਹਾਜ਼ ਦੇ ਖੋਜਕਾਰ ਔਰਵਿਲ ਤੇ ਵਿਲਵਰ ਰਾਈਟ ਭਰਾਵਾਂ ਦੀ ਜਗ੍ਹਾ ਵੇਖਣ ਚੱਲ ਪਏ। ਅੱਧੇ-ਪੌਣੇ ਘੰਟੇ `ਚ ਉਥੇ ਜਾ ਪਹੁੰਚੇ। ਰਾਈਟ ਭਰਾ ਸਾਈਕਲਾਂ ਦੀ ਰਿਪੇਅਰ ਤੇ ਪੈਂਚਰ ਲਾਉਣ ਦਾ ਕੰਮ ਕਰਦੇ ਸਨ। ਉਹ ਅਸਮਾਨ ਵਿਚ ਉਡਦੇ ਪੰਛੀਆਂ ਵੱਲ ਵੇਖਦੇ। ਹਵਾ `ਚ ਉਡਦੇ ਪਤੰਗਾਂ ਵੱਲ ਵੇਖਦੇ ਤੇ ਸੋਚਦੇ। ਜਦੋਂ ਏਹ ਹੋ ਸਕਦੈ ਤਾਂ ਬੰਦਾ ਕਿਉਂ ਨਹੀਂ ਹਵਾ `ਚ ਉਡ ਸਕਦਾ? ਉਚੀ ਪਹਾੜੀ ਤੋਂ ਖੜ੍ਹ ਕੇ ਉਹ ਥੱਲੇ ਲੋਹੇ ਦੀ ਚਾਦਰ ਰੱਖ ਕੇ ਪਤੰਗ ਵਾਂਗ ਉਡਦੇ। ਪੰਛੀਆਂ ਵਾਂਗ ਉਡਣ ਦੀ ਕੋਸਿ਼ਸ਼ ਕਰਦੇ। ਹੌਲੀ ਹੌਲੀ ਕਾਮਯਾਬੀ ਹੋਣੀ ਸ਼ੁਰੂ ਹੋ ਗਈ। ਆਖਰਕਾਰ ਸਫਲ ਹੋ ਹੀ ਗਏ। ਹੁਣ ਦੁਨੀਆਂ ਬਿਲਕੁਲ ਛੋਟੀ ਹੋ ਗਈ ਐ। ਮਹੀਨਿਆਂ ਦਾ ਸਫਰ ਦਿਨਾਂ `ਚ, ਦਿਨਾਂ ਦਾ ਘੰਟਿਆਂ `ਚ ਤੇ ਘੰਟਿਆਂ ਦਾ ਮਿੰਟਾਂ `ਚ ਹੋ ਗਿਆ ਹੈ। ਉਹੀ ਛੋਟਾ ਜਿਹਾ ਡੇਅਟਨ ਸ਼ਹਿਰ ਅੱਜ ਦੁਨੀਆਂ ਦੇ ਨਕਸ਼ੇ `ਤੇ ਹੈ। ਸੈਲਾਨੀਆਂ ਦੀ ਸੈਰਗਾਹ ਬਣਿਆ ਹੋਇਐ। ਬੇਸ਼ੁਮਾਰ ਸੈਲਾਨੀ ਉਸ ਸ਼ਹਿਰ ਨੂੰ ਵੇਖਣ ਆਉਂਦੇ ਨੇ। ਰਾਈਟ ਭਰਾਵਾਂ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ। ਅੰਦਰ ਵੜਦਿਆਂ ਨੂੰ ਉਨ੍ਹਾਂ ਵਲੋਂ ਤਿਆਰ ਕੀਤਾ ਪਹਿਲਾ ਹਵਾਈ ਜਹਾਜ਼ ਸੈਲਾਨੀਆਂ ਦੇ ਵੇਖਣ ਵਾਸਤੇ ਸਾਂਭਿਆ ਹੋਇਐ। ਹੋਰ ਬੜੀਆਂ ਚੀਜ਼ਾਂ ਵੇਖਣਯੋਗ ਸਨ। ਕਈ ਘੰਟੇ ਉਥੇ ਰਹੇ। ਅਵਤਾਰ ਸਿੰਘ ਨੇ ਸਾਨੂੰ ਔਰਵਿਲ ਤੇ ਵਿਲਵਰ ਭਰਾਵਾਂ ਦੀਆਂ ਕਿਤਾਬਾਂ ਤੋਹਫੇ ਵਜੋਂ ਭੇਟ ਕੀਤੀਆਂ।
ਉਧਰੋਂ ਘੁੰਮ ਫਿਰ ਕੇ ਆਏ ਤਾਂ ਸ਼ਾਮ ਨੂੰ ਨਿੰਮਾ ਡੱਲੇ ਵਾਲਾ ਤੇ ਉਹਦੇ ਘਰ ਵਾਲੀ ਅਵਤਾਰ ਸਿੰਘ ਦੇ ਘਰ ਆ ਪਹੁੰਚੇ। ਰਾਤ ਨੂੰ ਫਿਰ ਮਹਿਫਿਲ ਸਜ ਗਈ। ਮੱਖਣ ਲੋਹਾਰ ਨੇ ਆਪਣੇ ਕੁਝ ਪ੍ਰਸਿੱਧ ਗੀਤਾਂ ਦੀ ਸਾਂਝ ਪਾਈ। ਅਸ਼ੋਕ ਭੌਰੇ ਨੇ ਕੁਝ ਹਾਸਰਸ ਗੱਲਾਂ ਸੁਣਾਈਆਂ ਤੇ ਨਿੰਮੇ ਨੇ ਆਪਣੇ ਲਿਖੇ ਗੀਤ ਪੇਸ਼ ਕੀਤੇ। ਅਵਤਾਰ ਸਿੰਘ ਨੇ ਵੀ ਕੁਝ ਸੁਣਾ ਕੇ ਆਪਣੀ ਹਾਜ਼ਰੀ ਲੁਆਈ। ਉਹ ਗੀਤਕਾਰਾਂ, ਕਲਾਕਾਰਾਂ, ਸਾਹਿਤਕਾਰਾਂ, ਖੇਡ ਲੇਖਕਾਂ, ਖਿਡਾਰੀਆਂ ਤੇ ਪਹਿਲਵਾਨਾਂ ਦਾ ਬੜਾ ਕਦਰਦਾਨ ਹੈ। ਪਹਿਲਵਾਨਾਂ ਦੀ ਗੱਲ ਕਰਦੇ ਕਰਦੇ ਪਹਿਲਵਾਨ ਬੁੱਧ ਸਿੰਘ ਨੂੰ ਯਾਦ ਕੀਤਾ। ਭਾਰਤ ਦੇ ਤਕੜੇ ਮੱਲਾਂ ਵਿਚੋਂ ਹੋਣ ਕਰਕੇ ਬੁੱਧ ਸਿੰਘ ਬਾਰੇ ਅਖਬਾਰਾਂ ਵਿਚ ਬੜਾ ਕੁਝ ਪੜ੍ਹਿਆ ਹੋਇਆ ਸੀ ਤੇ ਲੋਕਾਂ ਕੋਲੋਂ ਉਸ ਬਾਰੇ ਬੜਾ ਕੁਝ ਸੁਣਿਆ ਹੋਇਆ ਸੀ। ਉਸ ਨੂੰ ਮਿਲਣ ਦੀ ਖਾਹਿਸ਼ ਸੀ। ਫਿਰ 2017 `ਚ ਬੁੱਧ ਸਿੰਘ ਨੂੰ ਉਸ ਦੇ ਘਰ ਲਿਜਾ ਕੇ ਖਾਹਿਸ਼ ਪੂਰੀ ਕੀਤੀ। ਬੌਬ ਖਹਿਰੇ ਨੂੰ ਮਿਲਣ ਗਿਆ ਸਾਂ। ਬੁੱਧ ਸਿੰਘ ਦੇ ਸ਼ਹਿਰ ਵਿਚੀਂ ਹੋ ਕੇ ਉਸ ਨੂੰ ਨਾਲ ਲੈ ਕੇ ਅਵਤਾਰ ਸਿੰਘ ਦੇ ਘਰ ਰਾਤ ਜਾ ਠਹਿਰੇ। ਬੜਾ ਚਾਅ ਕੀਤਾ ਸਾਰੇ ਪਰਿਵਾਰ ਨੇ। ਸਾਥੋਂ ਇਕ ਸਾਲ ਪਹਿਲਾਂ ਉਸੇ ਘਰ ਵਿਚ ਪਿ੍ਰੰਸੀਪਲ ਸਰਵਣ ਸਿੰਘ ਵੀ ਜਾ ਆਏ ਹਨ। ਪ੍ਰਿੰਸੀਪਲ ਸਾਹਿਬ ਦੀ ਲੇਖਣੀ ਦੀਆਂ ਗੱਲਾਂ ਹੋਈਆਂ।
ਮੈਮੋਰੀਅਲ ਡੇਅ ਪ੍ਰੇਡ, 4 ਜੁਲਾਈ (ਅਮਰੀਕਾ ਦੀ ਆਜ਼ਾਦੀ ਦਾ ਦਿਨ), ਗੋਰਿਆਂ ਦਾ ਕਲਚਰ ਫੈਸਟੀਵਲ, ਸਿੱਖਾਂ ਦੀ ਵਿਸਾਖੀ ਪ੍ਰੇਡ ਜਾਂ ਹੋਰ ਕੋਈ ਪ੍ਰੋਗਰਾਮ ਹੋਵੇ-ਉਹ ਹਮੇਸ਼ਾ ਮੂਹਰੇ ਹੋ ਕੇ ਮੋਰਚਾ ਜਾ ਸਾਂਭਦੈ। ਪਹਿਲਾਂ ਉਹ ਕਿਰਾਏ ਦੇ ਟਰੱਕਾਂ `ਤੇ ਫਲੋਟ ਲੈ ਕੇ ਜਾਂਦਾ ਰਿਹੈ। ਫਿਰ ਵੱਡੀ ਵੈਨ ਖਰੀਦੀ। ਹੁਣ ਆਪਣਾ ਵੱਡਾ ਟਰੇਲਰ ਖਰੀਦ ਲਿਐ, ਕਿਉਂਕਿ ਸਰਦਾਰ ਵੇਖ ਕੇ ਕਿਰਾਏ ਦੇ ਟਰੱਕਾਂ ਵਾਲੇ ਬਹਾਨੇ ਜਿਹੇ ਬਣਾਉਣ ਲੱਗ ਪੈਂਦੇ ਸਨ। ਉਸ ਟਰੇਲਰ ਨੂੰ ਡਿਜ਼ਾਈਨ ਕਰਕੇ ਸਿੱਖ ਧਰਮ ਦਾ ਵਧੀਆ ਫਲੋਟ ਬਣਾਇਆ ਹੋਇਐ। ਸਾਈਨ-ਸਲੋਗਨ ਲਾ ਕੇ ਹੁਣ ਛੇਆਂ-ਸੱਤਾਂ ਸਾਲਾਂ ਤੋਂ ਆਲੇ-ਦੁਆਲੇ ਦੇ ਸ਼ਹਿਰਾਂ `ਚ ਉਸੇ ਟਰੇਲਰ `ਚ ਆਪਣਾ ਪਰਿਵਾਰ ਲੈ ਕੇ ਸ਼ਾਮਲ ਹੁੰਦੈ। ਸ਼ਹਿਰ ਦੇ ਵੱਡੇ ਕਲਚਰ ਫੈਸਟੀਵਲਾਂ ਵਿਚ ਮੁਸਲਮਾਨਾਂ, ਯਹੂਦੀਆਂ, ਕ੍ਰਿਸ਼ਚਨਾਂ ਅਤੇ ਹੋਰ ਧਰਮਾਂ ਦੇ ਵੱਖੋ ਵੱਖ ਬੂਥ ਹੁੰਦੇ ਹਨ, ਪਰ ਉਨ੍ਹਾਂ ਸਭਨਾਂ ਵਿਚੋਂ ਸਿੱਖਾਂ ਦਾ ਬੂਥ ਵੱਧ ਖਿੱਚ ਦਾ ਕੇਂਦਰ ਹੁੰਦੈ। ਸਿੱਖ ਧਰਮ ਬਾਰੇ ਲਿਟਰੇਚਰ ਵੰਡਿਆ ਜਾਂਦੈ। ਉਹਦੇ ਬੱਚੇ ਆਪਣਾ ਢੋਲ, ਹਾਰਮੋਨੀਅਮ ਲੈ ਜਾਂਦੇ ਹਨ। ਖਾਣ-ਪੀਣ ਦਾ ਸਾਮਾਨ ਹੁੰਦੈ। ਪੰਜਾਬਣਾਂ ਦੇ ਗਿੱਧੇ ਦੀਆਂ ਧਮਾਲਾਂ ਪੈਂਦੀਆਂ ਨੇ। ਨਿਵੇਕਲੀ ਕਿਸਮ ਦੀ ਦਿਲਚਸਪ ਆਈਟਮ ਕਰਕੇ ਗੋਰੇ ਖੜ੍ਹ ਖੜ੍ਹ ਗਿੱਧਾ ਵੇਖਦੇ ਹਨ। ਗਿੱਧੇ ਵਿਚੋਂ ਇਕ ਵਾਰ ਉਹ ਇਨਾਮ ਵੀ ਪ੍ਰਾਪਤ ਕਰ ਚੁਕੇ ਹਨ।
ਆਲੇ-ਦੁਆਲੇ ਦੇ ਕਬੱਡੀ ਟੂਰਨਾਮੈਂਟ, ਸਭਿਆਚਾਰਕ ਮੇਲੇ, ਗੋਰਿਆਂ ਜਾਂ ਪੰਜਾਬੀਆਂ ਦੇ ਕਲਚਰਲ ਪ੍ਰੋਗਰਾਮਾਂ ਤੇ ਖੇਡ ਮੇਲਿਆਂ `ਚ ਵੱਧ ਚੜ੍ਹ ਕੇ ਹਿੱਸਾ ਪਾਉਂਦੈ। ਸਿਰ ਭਾਰ ਖੜ੍ਹਨੇ ਦਾ ਉਹਦਾ ਰਿਕਾਰਡ ਹੈ। ਉਹ ਪੰਜਾਬ ਦੇ ਸਕੂਲਾਂ ਤੋਂ ਖੇਡਦਾ ਆਇਐ। ਲੋਹਾਰਾਂ ਪਿੰਡ ਤੋਂ ਮੁਢਲੀ ਪੜ੍ਹਾਈ ਕਰਨ ਉਪਰੰਤ ਲੁਧਿਆਣੇ ਤੋਂ ਹਾਇਰ ਸੈਕੰਡਰੀ ਕੀਤੀ। ਤੇਤੀ ਕਿਲੋਗ੍ਰਾਮ ਦਾ ਕਬੱਡੀ ਦਾ ਤਕੜਾ ਖਿਡਾਰੀ ਅਤੇ ਜਿਲਾ ਲੈਵਲ ਦਾ ਹਾਕੀ ਖਿਡਾਰੀ ਬਣਿਆ। 200 ਮੀਟਰ, 400 ਮੀਟਰ ਪਹਿਲੀਆਂ ਪੁਜੀਸ਼ਨਾਂ `ਚ ਦੌੜਾਂ ਲਾਈਆਂ। ਰੁਮਾਲ, ਬੁਨੈਣਾਂ, ਪਲਾਸਟਿਕ ਦੇ ਰੋਟੀ ਵਾਲੇ ਡੱਬੇ ਬਗੈਰਾ ਇਨਾਮ ਵਿਚ ਮਿਲੇ। ਚੰਗਾ ਖਿਡਾਰੀ ਹੋਣ ਕਰਕੇ ਡੀ. ਸੀ. ਤੋਂ ਇਕ ਵਾਰ ਇਨਾਮ ਵੀ ਪ੍ਰਾਪਤ ਕੀਤਾ। ਖੇਡਾਂ ਦੇ ਨਾਲ ਨਾਲ ਪੜ੍ਹਾਈ ਵੀ ਪਹਿਲੇ ਨੰਬਰਾਂ `ਤੇ ਪਾਸ ਕਰਦਾ। ਪਿਤਾ ਦਾ ਵੱਡੇ ਪੱਧਰ `ਤੇ ਠੇਕੇਦਾਰੀ ਦਾ ਕਾਰੋਬਾਰ ਸੀ। ਚੰਗੇ ਖਾਂਦੇ-ਪੀਂਦੇ ਘਰ ਦਾ ਪੁੱਤ ਸੀ। ਤਿੰਨ ਭਰਾ ਸਨ। ਇਕ ਭਰਾ ਪੂਰਾ ਹੋ ਗਿਆ ਸੀ ਤੇ ਤੀਜੇ ਭਰਾ ਗੁਰਚਰਨ ਸਿੰਘ ਦਾ ਲੁਧਿਆਣੇ ਕਾਰੋਬਾਰ ਹੈ। ਅਵਤਾਰ ਸਿੰਘ ਨੂੰ ਪਿਆਰ ਨਾਲ ਸਾਰੇ ‘ਬੱਬੂ` ਨਾਂ ਨਾਲ ਪੁਕਾਰਦੇ ਹਨ।
ਪਿਤਾ ਸ. ਸੇਵਾ ਸਿੰਘ ਤੇ ਮਾਤਾ ਸਰਦਾਰਨੀ ਹਰਜੀਤ ਕੌਰ ਦਾ ਲਾਡਲਾ ਪੁੱਤ ਅਵਤਾਰ ਸਿੰਘ ਬੱਬੂ ਹਰ ਇਕ ਦੀ ਮਦਦ ਲਈ ਜਾ ਖੜ੍ਹਦੈ। ਉਹ ਰਹਿੰਦਾ ਭਾਵੇਂ ਕਿਤੇ ਹੋਵੇ, ਪਰ ਦਿਲ ਹਮੇਸ਼ਾ ਪਿੰਡ ਵਿਚ ਰਹਿੰਦੈ। ਪਿੰਡ ਦੇ ਵਿਕਾਸ ਕੰਮਾਂ, ਗੁਰੂ-ਘਰਾਂ ਜਾਂ ਪਿੰਡ ਦੀਆਂ ਖੇਡਾਂ ਵਿਚ ਯੋਗਦਾਨ ਜਰੂਰ ਪਾਉਂਦੈ। ਪਿੰਡ ਦੇ ਚੌਕੀਦਾਰ ਬਾਵਾ ਸਿੰਘ ਬਾਜ਼ੀਗਰ ਨੂੰ ਕਦੇ ਨਹੀਂ ਭੁੱਲਦਾ। ਬਾਵਾ ਸਿੰਘ ਬਾਜ਼ੀਗਰ ਸਰੀਰ ਪੱਖੋਂ ਬੜਾ ਤਕੜਾ ਸੀ। ਉਚੀ ਛਾਲ ਦਾ ਬੜਾ ਮਾਹਰ ਸੀ। ਉਹਦੇ ਘਰ ਦੇ ਹਾਲਾਤ ਮਾੜੇ ਸਨ, ਜੇ ਚੰਗੇ ਹੁੰਦੇ ਤਾਂ ਉਚੀ ਛਾਲ ਦਾ ਉਲੰਪਿਕਸ ਵਿਚੋਂ ਆਸਾਨੀ ਨਾਲ ਮੈਡਲ ਜਿੱਤ ਸਕਦਾ ਸੀ। ਦੋ ਮੰਜਿਆਂ ਨੂੰ ਜੋੜ ਕੇ ਉਹ ਉਚੀਆਂ ਉਚੀਆਂ ਛਾਲਾਂ ਮਾਰ ਜਾਂਦਾ ਸੀ। ਉਸ ਨੇ ਹੀ ਅਵਤਾਰ ਸਿੰਘ ਨੂੰ ਖੇਡਾਂ ਲਈ ਹੱਲਾਸ਼ੇਰੀ ਦਿੱਤੀ ਸੀ। ਪਿੰਡ ਮੌਲੀ ਦੇ ਟੂਰਨਾਮੈਂਟਾਂ ਵਿਚ ਤੇਤੀ ਕਿਲੋਗ੍ਰਾਮ ਭਾਰ ਵਿਚੋਂ ਜਦੋਂ ਅਵਤਾਰ ਸਿੰਘ ਨੇ ਪਹਿਲਾ ਇਨਾਮ ਜਿੱਤਿਆ ਤਾਂ ਕੁਦਰਤੀ ਚੌਕੀਦਾਰ ਬਾਵਾ ਸਿੰਘ ਬਾਜ਼ੀਗਰ ਵੀ ਟੂਰਨਾਮੈਂਟ ਵੇਖਣ ਗਿਆ ਹੋਇਆ ਸੀ। ਮੈਚ ਜਿੱਤਦੇ ਸਾਰ ਹੀ ਉਹ ਗਰਾਊਂਡ ਵਿਚ ਜਾ ਵੜਿਆ ਅਤੇ ਉਹਨੂੰ ਮੋਢਿਆਂ `ਤੇ ਚੁੱਕ ਕੇ ਗਰਾਊਂਡ ਦਾ ਗੇੜਾ ਕੱਢਿਆ ਤੇ ਮਾਣ ਨਾਲ ਕਹੀ ਜਾਵੇ, ‘ਬੱਲੇ ਓ ਜੁਆਨਾਂ, ਪਿੰਡ ਦੀ ਲਾਜ ਰੱਖ ਲਈ।’ ਉਹ ਬਾਜ਼ੀਗਰ ਜਿਉਂਦਾ ਤਾਂ ਭਾਵੇਂ ਹੁਣ ਨਹੀਂ ਰਿਹਾ, ਪਰ ਉਹਦੇ ਅਪਾਹਜ ਪੁੱਤ ਦਾ ਅਵਤਾਰ ਸਿੰਘ ਹਰ ਤਰ੍ਹਾਂ ਨਾਲ ਖਿਆਲ ਰੱਖ ਰਿਹੈ।
ਤੇਈ ਸਾਲਾਂ ਦੀ ਉਮਰੇ 1981 `ਚ ਵਿਦੇਸ਼ਾਂ `ਚ ਸੈਟਲ ਹੋਣ ਦੀ ਖਾਹਿਸ਼ ਨਾਲ ਅਵਤਾਰ ਸਿੰਘ ਭਾਰਤ ਤੋਂ ਤੁਰਕੀ ਇਸਤੰਬੋਲ, ਲੀਬੀਆ ਤੇ ਤਿੰਨ ਸਾਲ ਇੰਗਲੈਂਡ ਰਿਹਾ। ਇੰਗਲੈਂਡ ਰਹਿੰਦੇ ਨੇ ਇਟਲੀ, ਨਾਰਵੇ, ਫਰਾਂਸ, ਹਾਲੈਂਡ, ਜਰਮਨ ਤੇ ਲਾਗੇ ਲਾਗੇ ਯੂਰਪ ਦੇ ਕਈ ਹੋਰ ਮੁਲਕ ਘੰੁਮੇ। ਫਿਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਆ ਗਿਆ। ਢਾਈ ਕੁ ਸਾਲ ਕੈਨੇਡਾ ਰਹਿ ਕੇ ਵੈਨਕੂਵਰ ਚਲਾ ਗਿਆ। ਵੈਨਕੂਵਰ ਤੋਂ ਸਿਆਟਲ, ਕੈਲੀਫੋਰਨੀਆ, ਮਿਸ਼ੀਗਨ, ਡਿਟਰਾਇਟ ਤੇ ਫਿਰ ਓਹਾਇਓ। ਅੱਧੀ ਦੁਨੀਆਂ ਘੁੰਮ ਕੇ ਪੱਕੇ ਤੌਰ `ਤੇ ਝੰਡੇ ਹੁਣ ਸਪਰਿੰਗਫੀਲਡ ਗੱਡੇ ਹੋਏ ਨੇ। ਅਰਾਮ ਨਾਲ ਫਿਰ ਵੀ ਨਹੀਂ ਬਹਿੰਦਾ। ਘੁੰਮਣ-ਫਿਰਨ ਦਾ ਸ਼ੌਕੀਨ ਐ। ਅਮਰੀਕਾ ਰਹਿੰਦਾ ਹੋਇਆ ਵੀ ਅਫਰੀਕਾ ਦੇ ਕੀਨੀਆ, ਯੁਗਾਂਡਾ, ਤਨਜਾਨੀਆ, ਨੈਰੋਬੀ ਸ਼ਹਿਰਾਂ `ਚ ਘੁੰਮ ਆਇਐ।
ਸਪਰਿੰਗਫੀਲਡ ਵਿਚ ਸਿਰਫ ਦੋ ਹੀ ਸਿੱਖ ਪਰਿਵਾਰ ਰਹਿੰਦੇ ਹਨ। ਇਕ ਉਹ ਤੇ ਇਕ ਹੋਰ। ਉਹ `ਕੱਲਾ ਹੀ ਸਵਾ ਲੱਖ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸ਼ਰਧਾਵਾਨ ਹੈ। ਡੇਅਟਨ ਦੇ ਗੁਰੂ ਘਰ ਦੇ ਮੁੱਖ ਸੇਵਾਦਾਰ ਵਜੋਂ ਉਸ ਨੇ ਸੇਵਾ ਸੰਭਾਲੀ ਹੋਈ ਹੈ। ਬਾਬੇ ਨਾਨਕ ਦੀ ਬੜੀ ਕ੍ਰਿਪਾ ਹੈ। ਜਿ਼ੰਦਗੀ `ਚ ਖੁਸ਼ੀਆਂ ਹੀ ਖੁਸ਼ੀਆਂ ਹਨ। ਉਸ ਸ਼ਹਿਰ `ਚ ਸੈਟਲ ਹੋਣ ਲਈ ਪਹਿਲਾਂ ਪਹਿਲ ਉਸ ਨੇ ਬੜੀ ਜਦੋ-ਜਹਿਦ ਕੀਤੀ। ਹੁਣ ਉਸ ਦੀ ਪਛਾਣ ਪੂਰਨ ਰੂਪ ਵਿਚ ਬਣ ਚੁਕੀ ਹੈ। ਗੋਰੇ-ਗੋਰੀਆਂ ਉਸ ਦੀ ਬੜੀ ਇੱਜ਼ਤ ਕਰਦੇ ਹਨ। ਉਸ ਸ਼ਹਿਰ ਦਾ ਮੇਅਰ, ਉਥੋਂ ਦੇ ਦੋ ਕਮਿਸ਼ਨਰ, ਪੁਲਿਸ ਅਫਸਰ, ਰਾਜਨੀਤਕ ਲੋਕ ਤੇ ਸ਼ਹਿਰ ਦੀ ਹੋਰ ਕਰੀਮ ਉਸ ਦੇ ਘਰ ਆ ਕੇ ਖਾਣੇ ਦਾ ਲੁਤਫ ਲੈਂਦੇ ਨੇ। ਪੂਰੀ ਟਹਿਲ ਸੇਵਾ ਹੁੰਦੀ ਐ।
ਕਰਨਵੀਰ ਸਿੰਘ ਤੇ ਮਨਪ੍ਰੀਤ ਸਿੰਘ ਦੋ ਬੇਟੇ ਅਤੇ ਰਵਜੋਤ ਕੌਰ ਬੇਟੀ ਤੇ ਪਤਨੀ ਸਰਬਜੀਤ ਕੌਰ ਬੜਾ ਸਾਥ ਦਿੰਦੇ ਨੇ। ਬੱਚੇ ਸਿੱਖੀ-ਸਰੂਪ ਵਿਚ ਨੇ। ਹਾਰਮੋਨੀਅਮ `ਤੇ ਵਧੀਆ ਕੀਰਤਨ ਕਰ ਲੈਂਦੇ ਨੇ। ਘਰ ਵਿਚ ਸਿੱਖ ਇਤਿਹਾਸ ਦੀਆਂ ਕਿਤਾਬਾਂ ਮੌਜੂਦ ਨੇ। ਪਰਿਵਾਰ ਵੱਲੋਂ ਖੁਸ਼ ਹੈ। ਬੱਚੇ ਪੜ੍ਹਾਈ ਵਿਚ ਵਧੀਆ ਨੇ। ਲਹਿਰਾਂ-ਬਹਿਰਾਂ ਲੱਗੀਆਂ ਹੋਈਆਂ ਨੇ। ਮੋਟਲਾਂ ਦਾ ਆਪਣਾ ਬਿਜਨਸ ਹੈ। ਬੰਦੇ ਕੰਮ ਸੰਭਾਲਦੇ ਨੇ, ਆਪ ਵਿਹਲਿਆਂ ਵਾਂਗ ਰਹਿੰਦੈ। ਯਾਰਾਂ-ਬੇਲੀਆਂ ਦਾ ਪੂਰਾ ਅਦਬ ਸਤਿਕਾਰ ਕਰਦੈ ਤੇ ਆਏ-ਗਏ ਦੀ ਦੱਬ ਕੇ ਆਓ ਭਗਤ ਕਰਦੈ। ਜਿੰਦਾ-ਦਿਲੀ ਦੀ ਪੂਰੀ ਮਿਸਾਲ ਹੈ।
ਜਾਣ ਵਾਲੇ ਵੇ ਸੋਹਣੇ ਸੱਜਣਾ
ਯਾਰ ਨੂੰ ਇਕ ਸੁਨੇਹਾ ਲੈ ਜਾਈਂ।
ਸਮਾਂ ਲੱਗੇ ਤਾਂ ਜਾਂਦਾ ਜਾਂਦਾ
ਸਪਰਿੰਗਫੀਲਡ ਨੂੰ ਛੇਤੀ ਜਾ ਆਈਂ।
ਘਰ ਅਵਤਾਰ ਸਿੰਘ ਦੇ ਜਾ ਕੇ ਕਹਿਣਾ
ਜਾ ‘ਇਕਬਾਲ` ਦੇ ਚੱਕਰ ਮਾਰੇ।
‘ਜੱਬੋਵਾਲ` ਹੈ ਚੇਤੇ ਕਰਦਾ
ਤੱਕ ਲੈ ਜਾ ਕੇ ਨਿਊ ਯਾਰਕ ਦੇ ਨਜ਼ਾਰੇ।