ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬੀਚ ਦੀਆਂ ਲਹਿਰਾਂ ਬਾਰੇ ਬਚਨ-ਬਿਲਾਸ ਕੀਤੇ ਸਨ, “ਬੀਚ ਨੂੰ ਪਤਾ ਹੈ ਕਿ ਕੁਦਰਤ ਪ੍ਰੇਮੀ ਹੀ ਬੀਚ ਦੇ ਕੋਲ ਆਪਣਾ ਰੈਣ-ਬਸੇਰਾ ਬਣਾਉਂਦੇ ਜਾਂ ਕਦੇ ਕਦਾਈ ਬੀਚ ਦੇ ਦਰੀਂ ਫੇਰਾ ਪਾਉਂਦੇ ਤੇ ਜਿ਼ੰਦਗੀ ਦੀਆਂ ਲਹਿਰਾਂ-ਬਹਿਰਾਂ ਸਿਰਜਣ ਲਈ ਯਤਨਸ਼ੀਲ ਹੁੰਦੇ।”
ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਮੇਂ ਤੋਂ ਸਬਕ ਸਿੱਖਣ ਦੀ ਨਸੀਹਤ ਕੀਤੀ ਹੈ ਅਤੇ ਕਿਹਾ ਹੈ ਕਿ ਸਮੇਂ ਦੀ ਕੋਈ ਵੀ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ। ਉਹ ਕਹਿੰਦੇ ਹਨ, “ਸਮੇਂ ਨੂੰ ਸਮਝੋ, ਇਸ ਦੀ ਸਾਰਥਿਕਤਾ ਨੂੰ ਪਛਾਣੋ, ਇਸ ਦੀ ਸਦੀਵਤਾ ਅਤੇ ਸੁਹੱਪਣ ਲਈ ਉਦਮ ਕਰੋ।…ਸਮਾਂ ਬਹੁਤ ਕੁਝ ਸਿਖਾਉਂਦਾ ਏ-ਸਾਵਧਾਨ ਹੋਣ ਦੀਆਂ ਜੁਗਤਾਂ ਅਤੇ ਜਿ਼ੰਦਗੀ ਨੂੰ ਨਵੀਂ ਦਿਸ਼ਾ-ਨਿਰਦੇਸ਼ ਦੇਣ ਦੀ ਤਮੰਨਾ; ਇਹ ਤਲਖੀਆਂ, ਤੰਗੀਆਂ-ਤੁਰਸ਼ੀਆਂ ਵਿਚੋਂ ਪਾਰ ਲੰਘਣ ਦੀ ਸੂਹ ਵੀ ਦਿੰਦਾ।” ਡਾ. ਭੰਡਾਲ ਅਨੁਸਾਰ ਆਉਣ ਵਾਲਾ ਸਮਾਂ ਸਾਡੀਆਂ ਪਹਿਲਕਦਮੀਆਂ, ਪੇਸ਼ਕਦਮੀਆਂ, ਵਿਉਂਤਬੰਦੀਆਂ ਅਤੇ ਸੁਪਨਿਆਂ ਦੀ ਪਰਵਾਜ਼ ਦਾ ਬਿੰਬ ਹੁੰਦਾ।
ਡਾ. ਗੁਰਬਖਸ਼ ਸਿੰਘ ਭੰਡਾਲ
ਸਮਾਂ ਨਿਰੰਤਰ ਪ੍ਰਵਾਹ, ਆਪਣੇ ਤੋਰੇ ਮਸਤ, ਆਪਣੇ ਰੰਗ ਵਿਚ ਰੰਗਿਆ, ਤਹਿਜ਼ੀਬ ਦੇ ਸਫੇ ‘ਤੇ ਆਪਣੀ ਪਛਾਣ ਦੇ ਨਕਸ਼ ਸਿਰਜਦਾ।
ਸਮਾਂ ਕਦੇ ਪਿੱਛਲਖੁਰੀ ਨਹੀਂ ਜਾਂਦਾ ਅਤੇ ਨਾ ਹੀ ਇਸ ਦੀ ਤੋਰ ਨੂੰ ਬੰਦੇ ਦੀ ਮਰਜ਼ੀ ਨਾਲ ਨਿਰਧਾਰਤ ਕੀਤਾ ਜਾ ਸਕਦਾ। ਵਿਅਕਤੀ ਨੂੰ ਹੀ ਆਪਣੀ ਤੋਰ ਸਮੇਂ ਅਨੁਸਾਰ ਨਿਰਧਾਰਤ ਕਰਨੀ ਪੈਣੀ।
ਸਮਾਂ ਸਮਰੱਥ, ਸੰਭਾਵਨਾ ਭਰਪੂਰ, ਸੰਭਾਵੀ ਸਫਲਤਾ ਦਾ ਮੰਜ਼ਰ, ਸੁਰਖ ਰਾਹਾਂ ਦੀ ਪਛਾਣ ਅਤੇ ਸੂਹੇ ਸਿਰਨਾਵਿਆਂ ਦੀ ਮਸਤਕ-ਰੇਖਾ।
ਸਮਾਂ ਸੁਹਜ, ਸਿਆਣਪ, ਸੁਘੜਤਾ ਅਤੇ ਸਦੀਵੀ ਰਹਿਤਲਾਂ ਨੂੰ ਆਪਣੀ ਕਰਮ-ਭੂਮੀ ਬਣਾਵੇ ਤਾਂ ਇਸ ਦੀ ਤਸਦੀਕ ਕਰਦਿਆਂ ਸਦੀਆਂ ਲੱਗ ਜਾਦੀਆਂ।
ਸਮੇਂ ਨੂੰ ਸਦੀਆਂ, ਸਾਲਾਂ, ਸੈਕਿੰਡਾਂ ਵਿਚ ਮਿੱਥਣ ਵਾਲੇ ਸਮੇਂ ਦੇ ਪਾਬੰਦ। ਦਰਅਸਲ ਸਮੇਂ ਦੀ ਕੋਈ ਵੀ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ।
ਸਮਾਂ ਦੀ ਕਦੇ ਮਟਕਣੀ ਤੋਰ, ਕਦੇ ਮਸਤਾਨੀ ਲੋਰ ਤੇ ਕਦੇ ਕਾਲੇ ਵਕਤਾਂ ਦੀ ਘਣਘੋਰ। ਕਦੇ ਸਰਘੀ ਵਰਗੇ ਪਲਾਂ ਦੀ ਦਾਸਤਾਨ ਤੇ ਕਦੇ ਸਿਖਰ ਦੁਪਹਿਰਾਂ ਦਾ ਵਰਤਾਰਾ। ਕਦੇ ਢਲਦੀਆਂ ਸ਼ਾਮਾਂ ਦਾ ਪ੍ਰਤੀਕ ਤੇ ਕਦੇ ਸ਼ਾਮ ਦੇ ਘੁਸਮੁਸੇ ਦਾ ਗੀਤ।
ਬਹੁਤ ਰੰਗ, ਰੂਪ ਤੇ ਪਰਤਾਂ ਨੇ ਸਮੇਂ ਦੀਆਂ। ਸਮੇਂ ਨੂੰ ਉਸ ਦੀ ਤਾਸੀਰ, ਤਕਦੀਰ, ਤਾਰੀਫ ਤੇ ਤਹਿਜ਼ੀਬ ਵਿਚੋਂ ਦੇਖਿਆਂ ਹੀ ਇਸ ਦੀਆਂ ਪਰਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ।
ਸਮਾਂ ਕਦੇ ਭੂਤ, ਭਵਿੱਖ ਅਤੇ ਵਰਤਮਾਨ। ਕਦੇ ਅੱਜ, ਕੱਲ ਤੇ ਭਲਕ। ਕਦੇ ਪਲ ਪਲ ਵਰਗਾ, ਕਦੇ ਬੀਤੀਆਂ ਸਦੀਆਂ। ਕਦੇ ਉਮਰ ਵੀ ਕੁਝ ਪਲ ਲੱਗਦੇ। ਕਈ ਵਾਰ ਪਲਾਂ ਵਿਚ ਹੀ ਬੀਤ ਜਾਂਦਾ ਸਮਾਂ ਅਤੇ ਅਸੀਂ ਸਮੇਂ ਨੂੰ ਠਹਿਰ ਜਾਣ ਲਈ ਕਹਿੰਦੇ।
ਸਮਾਂ, ਬਹੁਤ ਕੁਝ ਪੜ੍ਹਾਉਂਦਾ ਤੇ ਸਿਖਾਉਂਦਾ ਅਤੇ ਬਦਲਦਾ ਤੇ ਬਦਲਾਉਂਦਾ। ਤਲਖੀਆਂ, ਤੰਗੀਆਂ ਤੇ ਤੁਰਸ਼ੀਆਂ ਵਿਚੋਂ ਪਾਰ ਲੰਘਣ ਦੀ ਸੂਹ ਵੀ ਦਿੰਦਾ। ਮਨੁੱਖੀ ਰਾਹਾਂ ਵਿਚ ਵਿਛ ਕੇ, ਮਨੁੱਖ ਨੂੰ ਉਸ ਦੀਆਂ ਮਾਨਸਿਕ ਅਤੇ ਸਰੀਰਕ ਤਕੜਾਈ ਲਈ ਪਰਖ ਵੀ ਬਣਦਾ।
ਸਮੇਂ ਤੋਂ ਸਿੱਖਣਾ ਅਤੇ ਇਸ ਨੂੰ ਜੀਵਨ-ਜਾਚ ਬਣਾਉਣਾ, ਮਨੁੱਖ ਦੇ ਹੱਥ ਵੱਸ। ਬਹੁਤ ਘੱਟ ਲੋਕ ਜਿਹੜੇ ਸਮੇਂ ਕੋਲੋਂ ਸਿੱਖ ਕੇ ਆਪਣੀਆਂ ਕਮੀਆਂ, ਕਮੀਨੀਆਂ ਤੇ ਕੁਤਾਹੀਆਂ ਨੂੰ ਦੂਰ ਕਰਕੇ, ਸੰਪੂਰਨਤਾ ਲਈ ਪਹਿਲਕਦਮੀ ਕਰਦੇ। ਜਿ਼ਆਦਾਤਰ ਲੋਕ ਤਾਂ ਸਮੇਂ ਦੀ ਸਾਰਥਿਕਤਾ ਤੇ ਸਦਉਪਯੋਗਤਾ ਦੇ ਰੰਗਾਂ ਨੂੰ ਸਮਝਣ ਤੋਂ ਅਸਮਰਥ।
ਸਮੇਂ ਨੂੰ ਯਾਰ ਬਣਾਉਣ ਵਾਲੇ ਤੇ ਇਸ ਦੀਆਂ ਪੈੜਾਂ ਵਿਚ ਪੈਰ ਧਰਨ ਵਾਲੇ ਅਤੇ ਇਸ ਦੀ ਮੁਹਾਰ ਚਾਨਣ ਵੰਨੀਂ ਮੋੜਨ ਵਾਲੇ, ਸਮੇਂ ਦੇ ਸ਼ਾਹ-ਅਸਵਾਰ। ਅਜਿਹੇ ਲੋਕ ਹੀ ਇਤਿਹਾਸ ਲਿਖਦੇ, ਇਤਿਹਾਸ ਬਣਾਉਂਦੇ ਅਤੇ ਇਤਿਹਾਸ ਹੁੰਦੇ।
ਸਮਾਂ ਸੰਦਲੀ ਸਾਹਾਂ ਵਰਗਾ, ਨਾ ਲਿਫਣ ਵਾਲੀਆਂ ਬਾਹਾਂ ਵਰਗਾ, ਅੰਬਰ ਨੂੰ ਜਾਂਦੀਆਂ ਰਾਹਾਂ ਵਰਗਾ, ਮੁਸ਼ਕਿਲ ਦੌਰਾਨ ਭਰਾਵਾਂ ਵਰਗਾ, ਰਾਹ ਬਣਾਉਂਦੇ ਦਰਿਆਵਾਂ ਵਰਗਾ, ਧੁੱਪੇ ਹੁੰਦੀਆਂ ਛਾਂਵਾਂ ਵਰਗਾ, ਸਿਰ ਪਲੋਸਦੀਆਂ ਮਾਂਵਾਂ ਵਰਗਾ ਅਤੇ ਚਾਨਣ ਦਾ ਸਿਰਨਾਵਾਂ ਵਰਗਾ।
ਸਮਾਂ ਹਰਫਾਂ ਵਿਚ ਲੋਅ ਧਰਦਾ, ਸ਼ਬਦਾਂ ਦੇ ਨਾਮ ਰੋਹ ਕਰਦਾ। ਸਫੇ ‘ਤੇ ਉਕਰਿਆ ਮੋਹ ਹੁੰਦਾ, ਗਿਆਨ ਦੀ ਪੈਂਦੀ ਖੋਹ ਹੁੰਦਾ। ਕਿਤਾਬਾਂ ਵਿਚੋਂ ਉਦੈ ਚਿਰਾਗ ਵੀ ਤੇ ਸਾਹਾਂ ਵਿਚ ਉਪਜਿਆ ਰਾਗ ਵੀ। ਕਾਇਨਾਤ ਦੀ ਖੁੱਲ੍ਹੀ ਜਾਗ ਵੀ ਤੇ ਮਨ-ਝੀਤ ਦਾ ਸੁਰਾਗ ਵੀ।
ਸਮਾਂ ਕਦੇ ਕਿਸੇ ਨੂੰ ਮੁਆਫ ਨਹੀਂ ਕਰਦਾ ਅਤੇ ਨਾ ਹੀ ਕੀਤੇ ਗੁਨਾਹਾਂ ਤੋਂ ਰਾਹਤ। ਨਹੀਂ ਮਿਲਣੀ ਨਿਜ਼ਾਤ। ਭੁਗਤਣੇ ਪੈਂਦੇ ਦੂਰ-ਰਸੀ ਸਿੱਟੇ। ਇਹ ਤਾਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਵੱਲ ਵੀ ਸਿਖਾਉਂਦਾ।
ਬੀਤਿਆ ਸਮਾਂ ਸਾਡੇ ਕੀਤੇ ਕਾਰਜਾਂ ਦੀ ਪਰਖ-ਪੜਚੋਲ ਕਰਕੇ, ਸਾਡੀ ਦਿਆਨਤਦਾਰੀ, ਫਿਕਰਮੰਦੀ, ਸਿਆਣਪ ਜਾਂ ਲੋਭ, ਲਾਲਚ, ਬੇਕਦਰੀ, ਬੇਦਰਦੀ, ਨਾਦਰਦੀ ਲਾਪ੍ਰਵਾਹੀ ਆਦਿ ਰੁਬਰੂ ਕਰਦਾ। ਇਨ੍ਹਾਂ ਨੂੰ ਸਮਝਣ, ਸੁਚੇਤ ਹੋਣ ਅਤੇ ਤਰੁੱਟੀਆਂ ਨੂੰ ਦੂਰ ਕਰਕੇ, ਨਵੇਂ ਸਿਰਿਉਂ ਸਫਰਾਂ ਨੂੰ ਨਵੀਂ ਸੇਧ ਤੇ ਸਿਰਨਾਵਾਂ ਦੇਣ ਵੰਨੀਂ ਪ੍ਰੇਰਿਤ ਕਰਦਾ। ਯਾਦ ਰਹੇ, ਆਉਣ ਵਾਲਾ ਸਮਾਂ ਸਾਡੀਆਂ ਪਹਿਲਕਦਮੀਆਂ, ਪੇਸ਼ਕਦਮੀਆਂ, ਵਿਉਂਤਬੰਦੀ ਅਤੇ ਸੁਪਨਿਆਂ ਦੀ ਪਰਵਾਜ਼ ਦਾ ਬਿੰਬ ਹੁੰਦਾ।
ਬਹੁਤ ਕੁਝ ਸਿਖਾਉਂਦਾ ਏ ਸਮਾਂ, ਹਾਲਾਤ, ਸਾਵਧਾਨ ਹੋਣ ਦੀਆਂ ਜੁਗਤਾਂ ਅਤੇ ਜਿ਼ੰਦਗੀ ਨੂੰ ਨਵੀਂ ਦਿਸ਼ਾ-ਨਿਰਦੇਸ਼ ਦੇਣ ਦੀ ਤਮੰਨਾ।
ਅਜੋਕੇ ਸਮੇਂ ਨੇ ਬਹੁਤ ਕੁਝ ਸਿਖਾਇਆ ਏ ਵਿਅਕਤੀ ਨੂੰ। ਸਾਹਮਣੇ ਆਈ ਉਸ ਦੀ ਔਕਾਤ, ਮਨ ਵਿਚ ਛੁਪੀ ਕਾਲਖ, ਕੋਹਝ, ਕਪਟ, ਕਮੀਨਗੀਆਂ, ਕੁਤਾਹੀਆਂ ਅਤੇ ਕਰਤੂਤਾਂ। ਇਹ ਤਾਂ ਮਨੁੱਖ ਨੇ ਹੀ ਦੇਖਣਾ ਸੀ ਕਿ ਕਿਵੇਂ ਮਾਂ-ਬਾਪ ਦੇ ਸਸਕਾਰ ਤੋਂ ਮੁਨਕਰ ਹੋ ਜਾਂਦੇ ਨੇ ਬੱਚੇ? ਕਿਵੇਂ ਸ੍ਰੋਮਣੀ ਰਾਗੀ ਨੂੰ ਦੋ ਗਜ਼ ਜਮੀਨ ਵੀ ਨਾ ਮਿਲੀ? ਕਿਵੇਂ ਆਪਣੇ ਹੀ ਪਰਾਏ ਹੋ ਕੇ ਮੌਤ ਦੀਆਂ ਦੁਆਵਾਂ ਮੰਗਦੇ? ਕਿਵੇਂ ਮਨੁੱਖ ਵਿਚੋਂ ਮਾਨਵਤਾ ਹੀ ਮਰ ਗਈ? ਮਨੁੱਖ ਨੂੰ ਮਨੁੱਖ ਤੋਂ ਹੀ ਕਿਉਂ ਭੈਅ ਆਉਣ ਲੱਗ ਪਿਆ? ਕਿਵੇਂ ਰੋਟੀ ਦੇ ਟੁੱਕ ਲਈ ਵੀ ਤਰਸ ਗਏ ਸੀ ਭਰੇ ਭੜੋਲਿਆਂ ਵਾਲੇ?
ਇਹ ਵੀ ਸਮੇਂ ਨੇ ਹੀ ਦੱਸਿਆ ਕਿ ਮਨੁੱਖ ਨੇ ਕੁਦਰਤ ਤੋਂ ਦੂਰ ਹੋ ਕੇ ਕਿੰਨਾ ਕੁਝ ਗਵਾਇਆ ਏ? ਪਾਇਆ ਤਾਂ ਕੁਝ ਵੀ ਨਹੀਂ। ਕਿਵੇਂ ਦਿਨ ਰਾਤ ਧੜਕਦੀ ਜਿ਼ੰਦਗੀ ਨੂੰ ਠਹਿਰ ਜਾਣ ਲਈ ਮਜਬੂਰ ਹੋਣਾ ਪਿਆ? ਕਿਵੇਂ ਫੈਕਟਰੀਆਂ, ਮਹਾਂ-ਨਗਰਾਂ, ਨਗਰਾਂ ਅਤੇ ਦੇਸ਼-ਦੇਸ਼ਾਂਤਰਾਂ ਨੇ ਰੁਕ ਕੇ, ਗੁੰਮਸੁ਼ਦਾ ਜੀਵਨ ਨੂੰ ਫਿਰ ਤੋਂ ਨੇੜਿਉਂ ਦੇਖਿਆ? ਕਿਵੇਂ ਬੰਦਿਆਂ ਨੂੰ ਘਰ ਵਿਚ ਕੈਦੀ ਹੋਣ ਲਈ ਮਜਬੂਰ ਹੋਣਾ ਪਿਆ? ਤੇ ਕੁਦਰਤੀ ਜੀਵ-ਜੰਤੂਆਂ ਨੂੰ ਆਪਣੀ ਖੁਸੀ ਸਲਤਨਤ ਨੂੰ ਗਾਹੁਣ ਦਾ ਮੌਕਾ ਮਿਲਿਆ?
ਇਸ ਸਮੇਂ ਦੌਰਾਨ ਇਹ ਵੀ ਪਤਾ ਲੱਗਾ ਕਿ ਘਰ ਦੇ ਕੀ ਮਾਅਨੇ ਨੇ? ਪਰਿਵਾਰ ਦੇ ਕੀ ਅਰਥ ਨੇ? ਸੱਜਣਾਂ-ਮਿੱਤਰਾਂ ਨਾਲ ਮਿਲਣੀ ਵਿਚੋਂ ਕੀ ਮਿਲਦਾ? ਇਕੱਲ ਤੇ ਇਕਾਂਤ ਵਿਚ ਕਿੰਨਾ ਫਰਕ? ਬੰਦੇ ਨੂੰ ਆਪਣੇ ਅੰਦਰ ਝਾਕਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਾ ਕਿ ਉਹ ਤਾਂ ਕਦੇ ਵੀ ਖੁਦ ਨੂੰ ਨਹੀਂ ਸੀ ਮਿਲਿਆ। ਪਰਿਵਾਰ ਜਾਂ ਘਰ ਨੂੰ ਕਿਵੇਂ ਮਿਲਣਾ ਸੀ? ਨਿੱਕੇ ਨਿੱਕੇ ਹੁੰਗਾਰਿਆਂ, ਗੱਲਬਾਤ ਅਤੇ ਪਰਿਵਾਰਕ ਨਿੱਘ ਨੂੰ ਮਾਣਨ ਦਾ ਸਬੱਬ ਮਿਲਿਆ। ਇਨ੍ਹਾਂ ਦਿਨਾਂ ਵਿਚ ਹੀ ਕੰਧਾਂ ਘਰ ਬਣੀਆਂ, ਕਮਰਿਆਂ ਵਿਚ ਜਿ਼ੰਦਗੀ ਨੂੰ ਧੜਕਣ ਮਿਲੀ ਅਤੇ ਵਿਹੜਿਆਂ ਨੂੰ ਰੱਸਣ-ਵੱਸਣ ਦਾ ਵਰਦਾਨ ਮਿਲਿਆ। ਸਮੇਂ ਨੇ ਹੀ ਮਿਟਾਇਆ ਘਰ ਤੋਂ ਘਰ ਤੀਕ ਦਾ ਫਾਸਲਾ, ਬੰਦੇ ਤੋਂ ਬੰਦੇ ਤੀਕ ਦੀ ਦੂਰੀ ਅਤੇ ਆਪੇ ਤੋਂ ਅੰਤਰੀਵ ਤੀਕ ਦੀ ਵਾਟ।
ਸਮੇਂ ਨੇ ਇਹ ਵੀ ਦਰਸਾ ਦਿੱਤਾ ਕਿ ਕੁਦਰਤ ਤੋਂ ਵੱਡਾ ਕੋਈ ਨਹੀਂ। ਮਹਾਂ-ਸ਼ਕਤੀਆਂ ਅਤੇ ਧਨੀ ਲੋਕਾਂ ਨੂੰ ਆਪਣੀ ਖਾਮੋਸ਼ੀ ਵਿਚ ਉਤਰਨ ਅਤੇ ਚੁੱਪ ਨੂੰ ਮੁਖਾਤਬ ਹੋਣ ਦਾ ਮੌਕਾ ਮਿਲਿਆ। ਕੁਦਰਤ ਨਾਲ ਇਕਸੁਰਤਾ ਵਿਚੋਂ ਹੀ ਸਾਵੀਂ ਪੱਧਰੀ ਜਿ਼ੰਦਗੀ ਨੂੰ ਕਿਆਸਿਆ ਜਾ ਸਕਦਾ।
ਇਸ ਸਮੇਂ ਦੌਰਾਨ ਜਿਥੇ ਰਾਜਸੀ ਰੋਟੀਆਂ ਸੇਕਣ ਵਾਲਿਆਂ ਦੇ ਕੋਝੇ ਮਨਸੂਬੇ ਬੇਆਬਰੂ ਹੋਏ, ਉਥੇ ਰਾਜਨੀਤਕ ਨੇਤਾਵਾਂ ਨੂੰ ਆਪਣੀ ਔਕਾਤ ਦੇ ਰੂਬਰੂ ਹੋਣਾ ਵੀ ਸਮੇਂ ਦਾ ਵੱਡਾ ਸਬਕ ਹੋ ਨਿਬੜਿਆ। ਰਾਜਸੀ ਧੌਂਸ ਨੂੰ ਵੰਗਾਰਨਾ ਅਤੇ ਥੋਥੀਆਂ ਬੜ੍ਹਕਾਂ ਨੂੰ ਉਸ ਦੀ ਅਸਲੀਅਤ ਦੇ ਰੂਬਰੂ ਕਰਨ ਲਈ ਕਿਸਾਨ ਮੋਰਚਾ, ਇਕ ਅਜਿਹਾ ਮੁਹਾਜ ਸਿਰਜਿਆ ਜਿਸ ਨੇ ਇਤਿਹਾਸ ਨੂੰ ਪਿੱਛਲਖੁਰੀ ਮੋੜਾ ਜਰੂਰ ਦਿੱਤਾ ਅਤੇ ਦਰਸਾਅ ਦਿੱਤਾ ਕਿ ਪੰਜਾਬ ਦੀ ਵਿਰਾਸਤ ਕੀ ਏ? ਇਸ ਦੀ ਮਿੱਟੀ ਦੀ ਕੈਫੀਅਤ ਕੈਸੀ ਆ? ਇਸ ਦੇ ਜਾਇਆਂ ਨੂੰ ਮਿਲੀ ਅਣਖ, ਸਿਦਕ ਅਤੇ ਸਿਰੜ ਦੀ ਗੁੜ੍ਹਤੀ ਸਦਾ ਜਿੰਦਾ ਏ ਤੇ ਜਿਉਂਦੀ ਰਹਿਣੀ। ਇਸ ਅੰਦੋਲਨ ਨੇ ਰਾਜਸੀ ਧਿਰਾਂ ਨੂੰ ਧਕੇਲ ਕੇ ਖੂੰਜੇ ਲਾ ਦਿੱਤਾ ਏ। ਲੋਕ-ਰੋਹ ਨੇ ਮੌਜੂਦਾ ਹਾਕਮਾਂ ਦੀਆਂ ਰੁਕਾਵਟਾਂ ਅਤੇ ਫੋਹੜ ਚਾਲਾਂ ਤੋਂ ਉਪਰ ਉਠ ਕੇ ਇਕਮੁੱਠਤਾ, ਸਾਂਝੀ ਲੀਡਰਸਿ਼ਪ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਏਡਾ ਪੀਡਾ ਕਰ ਦਿੱਤਾ ਕਿ ਆਉਣ ਵਾਲੀਆਂ ਨਸਲਾਂ ਇਸ ਦੇ ਇਤਿਹਾਸ ਨੂੰ ਪੜ੍ਹ, ਇਸ ਦੀਆਂ ਪਰਤਾਂ ਵਿਚੋਂ ਜੀਵਨ-ਸੇਧ ਨੂੰ ਤਲਾਸਿ਼ਆ ਕਰਨਗੀਆਂ। ਸ਼ਾਂਤ ਚਿੱਤ ਰਹਿ ਕੇ ਜੁਲਮ ਤੇ ਜ਼ਬਰ ਨੂੰ ਸਿਦਕ, ਸਬਰ ਅਤੇ ਸ਼ਾਂਤੀ ਨਾਲ ਝੱਲਦਿਆਂ, ਪੋਹ-ਮਾਘ ਦੀਆਂ ਠਰੀਆਂ ਰਾਤਾਂ ਵਿਚ ਸੋਚਾਂ ਦੇ ਨਿੱਘ ਨਾਲ ਜਿਊਂਦੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਪਲੋਸਦੀਆਂ, ਅਚੇਤ ਤੇ ਸੁਚੇਤ ਰੂਪ ਵਿਚ ਬਹੁਤ ਕੁਝ ਉਨ੍ਹਾਂ ਦੀ ਚੇਤਨਾ ਵਿਚ ਧਰ ਰਹੀਆਂ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮਿਆਂ ਦੀ ਤਹਿਜ਼ੀਬ ਲਿਖਣੀ ਏ।
ਇਹ ਵੀ ਸਮੇਂ ਨੇ ਹੀ ਦੇਖਣਾ ਸੀ ਕਿ ਨਸਿ਼ਆਂ ਵਿਚ ਗਰਕੀ ਜਵਾਨੀ ਦੇ ਦਾਗ ਨੂੰ ਧੋਣ ਲਈ, ਇਹ ਦਰਸਾ ਦਿੱਤਾ ਕਿ ਪੰਜਾਬ ਸਦਾ ਗੁਰਾਂ ਦੇ ਨਾਮ `ਤੇ ਜਿਉਂਦਾ ਏ। ਇਸ ਦੀ ਜਵਾਨੀ ਨੇ ਮੁਹਰੈਲ ਬਣ ਕੇ, ਆਪਣੇ ਹੱਕਾਂ ਦੀ ਰਾਖੀ ਕਰਨ ਅਤੇ ਬਜ਼ੁਰਗਾਂ ਦੀ ਰਹਿਨੁਮਾਈ ਹੇਠ, ਰਾਹ ਦੀਆਂ ਰੁਕਾਵਟਾਂ ਨੂੰ ਹਵਾ ਵਿਚ ਉਛਾਲ ਕੇ ਨਵੀਆਂ ਪੈੜਾਂ ਦੀ ਸਿਰਜਣਾ ਕੀਤੀ। ਇਤਿਹਾਸ ਦੇ ਪੰਨਿਆਂ ਦੀ ਜਦ ਪੁਨਰ ਸਿਰਜਣਾ ਹੁੰਦੀ ਤਾਂ ਬੀਤੇ ਨੂੰ ਵਰਤਮਾਨ ‘ਤੇ ਬਹੁਤ ਮਾਣ ਹੁੰਦਾ, ਕਿਉਂਕਿ ਇਸ ਨੇ ਹੀ ਭਵਿੱਖ ਨੂੂੰ ਵਿਊਂਤਣਾ ਤੇ ਇਸ ਦੀ ਨੁਹਾਰ ਨੂੰ ਤਾਜਗੀ, ਨਰੋਇਆਪਣ ਅਤੇ ਨਵੀਨਤਾ ਬਖਸ਼ਣੀ ਹੁੰਦੀ। ਨੌਜਵਾਨ ਸੋਚ ਵਿਚ ਆਇਆ ਬਦਲਾਅ, ਕਈ ਦਹਾਕਿਆਂ ਤੀਕ ਮਸ਼ਾਲ ਬਣ ਕੇ, ਜੀਵਨ-ਰਾਹਾਂ ਵਿਚ ਚਾਨਣ ਦਾ ਛਿੜਕਾਅ ਕਰੇਗਾ। ਹੱਕ-ਸੱਚ ਦੀ ਬੁਲੰਦ ਆਵਾਜ਼ ਦੇ ਅਲੰਬਰਦਾਰ ਕਿਸਾਨ ਨੇ ਰਾਜਸੀ ਨੇਤਾਵਾਂ ਨੂੰ ਇਹ ਦਰਸਾ ਦਿੱਤਾ ਕਿ ਕਿਸਾਨ ਉਜੱਡ ਜਾਂ ਅਨਪੜ੍ਹ ਨਹੀਂ। ਉਹ ਰਾਜਸੀ ਮੋਹਰਿਆਂ ਤੋਂ ਜਿ਼ਆਦਾ ਸਿਆਣਾ ਅਤੇ ਉਨ੍ਹਾਂ ਦੀ ਹਰ ਚਾਲ ਨੂੰ ਬਾਖੂਬੀ ਸਮਝਦਾ ਏ। ਸਮੇਂ ਦੀ ਇਸ ਸਿਖਿਆ ਨੇ ਹੀ ਵਰਕਿਆਂ ‘ਤੇ ਜੁਗਨੂੰਆਂ ਦੀ ਬਾਰਸ਼ ਬਣਨਾ ਏ।
ਇਹ ਵੀ ਅਜੋਕੇ ਸਮੇਂ ਦੀ ਕਿੰਨੀ ਵੱਡੀ ਪ੍ਰਾਪਤੀ ਹੈ ਕਿ ਨਸਿ਼ਆਂ, ਗੋਲੀਆਂ, ਗੰਡਾਸਿਆਂ ਜਾਂ ਜੱਟਵਾਦ ਦੇ ਆਲੇ-ਦੁਆਲੇ ਘੁੰਮਦੀ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਤੋਂ ਦੂਰ ਕਰ ਰਹੀ ਪੰਜਾਬੀ ਗਾਇਕੀ ਨੇ ਕੂਹਣੀ ਮੋਟ ਕੱਟਦਿਆਂ, ਉਸ ਨੂੰ ਆਪਣੀ ਅਮੀਰ ਵਿਰਾਸਤ ਤੇ ਵਿਰਸੇ ਪ੍ਰਤੀ ਪ੍ਰਤੀਬੱਧ ਕੀਤਾ। ਕੌਣ ਸੋਚ ਸਕਦਾ ਸੀ ਕਿ ਏਡਾ ਵੱਡਾ ਬਦਲਾਅ ਇਕ ਦਮ ਆ ਸਕਦਾ ਏ? ਭਾਈਚਾਰਿਆਂ ਨੂੰ ਧਰਮ ਜਾਂ ਖਿੱਤਿਆਂ ਵਿਚ ਵੰਡ ਕੇ ਕੁਰਸੀਆਂ ਦੇ ਪਾਵੇ ਬਣਨ ਵਾਲੇ ਲੋਕ ਇਕਮੁੱਠ ਹੋ ਜਾਣਗੇ ਅਤੇ ਰਾਜਸੀ ਚੌਧਰੀਆਂ ਨੂੰ ਉਨ੍ਹਾਂ ਦੇ ਕਮੀਨੇਪਣ ਦੇ ਸਨਮੁੱਖ ਕਰਨਗੇ?
ਸਮੇਂ ਦੀ ਹਿੱਕ ਤੇ ਖੁਣੀਆਂ ਪੈੜਾਂ ਹੀ ਹੁੰਦੀਆਂ, ਜਿਨ੍ਹਾਂ ਨੇ ਨਵੇਂ ਦਿਸਹੱਦਿਆਂ ਨੂੰ ਆਪਣਾ ਸਿਰਨਾਂਵਾਂ ਬਣਾਉਣਾ ਹੁੰਦਾ, ਜਿਨ੍ਹਾਂ ਵਿਚੋਂ ਸੂਰਬੀਰਾਂ, ਕਿਰਤੀਆਂ, ਕਰਮਧਰਮੀਆਂ ਅਤੇ ਕਰਮਯੋਗੀਆਂ ਨੇ ਕੀਰਤੀਮਾਨ ਸਥਾਪਤ ਕਰਨੇ ਹੁੰਦੇ। ਕੋਵਿਡ ਦੀ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਸਿੱਲੀਆਂ ਅੱਖਾਂ ਵਿਚ ਉਤਰੀ ਹੋਈ ਹਮਦਰਦੀ ਤੇ ਸੇਵਾ ਭਾਵਨਾ ਨੇ ਇਹ ਦਰਸਾ ਦਿੱਤਾ ਕਿ ਮਨੁੱਖਤਾ ਸਦਾ ਜਿਉਂਦੀ ਏ। ਅਤੁੱਟ ਚੱਲਦੇ ਲੰਗਰਾਂ ਅਤੇ ਲੋੜਵੰਦਾਂ ਲਈ ਦਾਨੀਆਂ ਦੀ ਕਦੇ ਵੀ ਕਮੀ ਨਹੀਂ ਹੁੰਦੀ। ਇਹ ਵੀ ਦਰਸਾ ਦਿੱਤਾ ਕਿ ਲੱਖਾਂ ਲੋਕਾਂ ਦੇ ਸ਼ਾਂਤਮਈ ਧਰਨੇ ਦੌਰਾਨ ਮੁਢਲੀਆਂ ਸਹੂਲਤਾਂ ਦੀ ਘਾਟ ਕਦੇ ਨਹੀਂ ਆ ਸਕਦੀ, ਕਿਉਂਕਿ ਥਾਲੀ ਵਿਚ ਪਈ ਕਣਕ ਦੀ ਰੋਟੀ ਦੀ ਕਸਮ ਖਾਣ ਵਾਲੇ ਕੁਝ ਕੁ ਅਜਿਹੇ ਵੀ ਹੁੰਦੇ, ਜਿਨ੍ਹਾਂ ਲਈ ਅਨਾਜ ਪੈਦਾ ਕਰਨ ਵਾਲੇ ਰੱਬ ਤੋਂ ਵੱਧ ਹੁੰਦੇ। ਉਹ ਆਪਣਿਆਂ ਤੋਂ ਜਿ਼ਆਦਾ ਅਪਣੱਤ ਪਾਲਦੇ, ਉਨ੍ਹਾਂ ਲਈ ਆਪਣੇ ਘਰਾਂ, ਦਰਾਂ, ਗਰਾਂ ਅਤੇ ਦਿਲਾਂ ਦੇ ਦਰਵਾਜੇ ਖੋਲ੍ਹ ਦਿੰਦੇ। ਜਦ ਦਿਲਾਂ ਦੇ ਦਰਵਾਜੇ ਖੁੱਲ੍ਹ ਜਾਂਦੇ ਤਾਂ ਕਿਸੇ ਵੀ ਚੀਜ਼ ਜਾਂ ਸਹੂਲਤ ਦੀ ਕਮੀ ਕਿੰਜ ਆ ਸਕਦੀ ਏ?
ਸਮੇਂ ਨੇ ਇਹ ਵੀ ਪ੍ਰਤੱਖ ਕਰ ਦਿੱਤਾ ਕਿ ਰਾਜਸੀ ਧੱਕੇਸ਼ਾਹੀ, ਜ਼ਬਰ ਜਾਂ ਕੱਟੜਤਾ ਨਾਲ ਲੋਕ-ਮਨਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ। ਲੋਕਾਂ ਨੂੰ ਭਾਸ਼ਣਾਂ, ਵਾਅਦਿਆਂ ਜਾਂ ਵੰਡਣ ਦੀਆਂ ਕੁਚਾਲਾਂ ਵਿਚੋਂ ਕੁਝ ਵੀ ਸੁਚਾਰੂ ਜਾਂ ਸਾਰਥਿਕ ਪ੍ਰਾਪਤ ਨਹੀਂ ਹੁੰਦਾ। ਡੋਬ ਦਿੰਦੇ ਨੇ ਲੋਕ ਆਪਣੀ ਕੌਮ, ਦੇਸ਼ ਅਤੇ ਫਿਰ ਖੁਦ ਵੀ ਡੁੱਬ ਜਾਂਦੇ। ਵਿਕਾਊ ਬਿਰਤੀ ਵਾਲੇ ਚੌਧਰੀਆਂ ਦੇ ਉਜਾੜੇ ਲੋਕ ਕਦ ਤਾਪ ਆਉਂਦੇ? 47 ਦਾ ਦਰਦ, ਪੰਜਾਬ ਦੀ ਵੰਡ ਜਾਂ 84 ਦੀ ਤ੍ਰਾਸਦੀ ਵਿਚੋਂ ਕੁਰਸੀਆਂ ਦੀ ਸਲਾਮਤੀ ਚਾਹੁਣ ਵਾਲਿਆਂ ਨੇ ਹੀ ਪੰਜਾਬ ਨੂੰ ਇਸ ਮੋੜ `ਤੇ ਲਿਆ ਖਲਿਆਰਿਆ ਏ। ਨਿੱਜੀ ਸਲਤਨਤਾਂ ਵਿਚੋਂ ਪੰਜਾਬ ਦੀ ਤਬਾਹੀ ਦੇ ਮੰਜ਼ਰ ਸਿਰਜਣਾ ਵਾਲਿਆਂ ਦੀ ਪਛਾਣ ਵੀ ਸਮੇਂ ਨੇ ਹੀ ਕਰਵਾ ਦਿੱਤੀ। ਮੌਜੂਦਾ ਰਾਜਸੀ ਧਿਰਾਂ ਦੀ ਨਾ-ਅਹਿਲੀਅਤ ਅਤੇ ਲੋਕ ਮਨਾਂ ਵਿਚੋਂ ਗੈਰ-ਹਾਜਰੀ ਵਿਚੋਂ ਸਮੇਂ ਨੇ ਨਵੀਂ ਕਰਵਟ ਜਰੂਰ ਲੈਣੀ ਆ।
ਸਮੇਂ ਦੀ ਨਜ਼ਾਕਤ, ਸਦਾਕਤ, ਹਿਰਾਕਤ, ਨਫਾਸਤ, ਕਿਆਫਤ ਦੀ ਜਿ਼ਆਰਤ ਕਰਦਿਆਂ ਇਸ ਦੀਆਂ ਅਣਮੁੱਲੀਆਂ ਦਾਤਾਂ ਅਤੇ ਖਜਾਨਿਆਂ ਨੂੰ ਹਾਸਲ ਕੀਤਾ ਜਾ ਸਕਦਾ ਅਤੇ ਭਵਿੱਖ ਨੂੰ ਰੁਸ਼ਨਾਇਆ ਜਾ ਸਕਦਾ।
ਸਮਾਂ ਕਦੇ ਦੁੱਖ, ਕਦੇ ਸੁੱਖ, ਕਦੇ ਰੁੱਖ ਅਤੇ ਕਦੇ ਕੁੱਖ ਹੁੰਦਾ। ਸਮਾਂ ਮੰਡਾਸਾ, ਕਦੇ ਗੰਡਾਸਾ, ਕਦੇ ਚੌਮਾਸਾ ਅਤੇ ਕਦੇ ਹੁਲਾਸਾ ਹੁੰਦਾ। ਸਮਾਂ ਕਾਸ਼ਨੀ, ਕਦੇ ਚਾਸ਼ਨੀ, ਕਦੇ ਨਾਗਣੀ ਅਤੇ ਕਦੇ ਰਾਗਣੀ ਵੀ ਹੁੰਦਾ। ਸਮਾਂ ਹਾੜਾ, ਕਦੇ ਹਉਕਾ, ਕਦੇ ਝਕਾਨੀ ਅਤੇ ਕਦੇ ਮੌਕਾ ਵੀ ਹੁੰਦਾ। ਸਮਾਂ ਤਰਲਾ ਵੀ, ਲੇਰ ਵੀ, ਕਦੇ ਕਾਹਲ ਅਤੇ ਕਦੇ ਦੇਰ ਵੀ ਹੁੰਦਾ। ਸਮਾਂ ਕਦੇ ਸ਼ਾਮ, ਕਦੇ ਸਵੇਰ, ਕਦੇ ਚਾਨਣ ਅਤੇ ਕਦੇ ਅੰਧੇਰ ਵੀ ਹੁੰਦਾ। ਸਮਾਂ ਪਾਣੀਆਂ ਤੇ ਮਾਰੀਆਂ ਲੀਕਾਂ ਵੀ ਅਤੇ ਕਦੇ ਦਰਾਂ `ਤੇ ਉਕਰੀਆਂ ਉਡੀਕਾਂ ਵੀ ਹੁੰਦਾ। ਸਮਾਂ ਜੰਗਲ ‘ਚ ਉਗੀਆਂ ਚੀਖਾਂ ਵੀ ਅਤੇ ਕਦੇ ਮਨ ਦੀਆਂ ਬੰਦ ਝੀਤਾਂ ਵੀ ਹੁੰਦਾ। ਸਮਾਂ ਸ਼ਬਦ ਤੇ ਅਰਥ ਵੀ ਹੁੰਦਾ। ਕਦੇ ਪੁੰਨ ਅਤੇ ਕਦੇ ਅਨਰਥ ਵੀ ਹੁੰਦਾ। ਸਮਾਂ ਅੱਜ ਵੀ ਤੇ ਬੀਤਿਆਂ ਕੱਲ ਵੀ ਅਤੇ ਕਦੇ ਭਵਿੱਖ ‘ਚ ਉਗਿਆ ਸੱਲ ਵੀ ਹੁੰਦਾ। ਸਮਾਂ ਚਾਨਣ ਦੀ ਅੱਖ ਦਾ ਟੀਰ ਵੀ ਅਤੇ ਕਦੇ ਖੇਤਾਂ ਵਿਚ ਰੁਲਦੀ ਸੀਰ ਵੀ ਹੁੰਦਾ। ਸਮਾਂ ਪਾਟੀ ਹੋਈ ਤਕਦੀਰ ਵੀ ਅਤੇ ਕਦੇ ਬੁਰਸ਼ ਤੋਂ ਰੁੱਸੀ ਤਸਵੀਰ ਵੀ ਹੁੰਦਾ।
ਸਮਾਂ ਚੁੱਪ ਵੀ ਹੁੰਦਾ ਤੇ ਗੁਫਤਗੂ ਵੀ। ਬਹੁਤ ਰੰਗ ਅਤੇ ਅਸੀਮ ਪਰਤਾਂ ਨੇ ਇਸ ਦੀਆਂ। ਇਨ੍ਹਾਂ ਨੂੰ ਫਰੋਲਣ ਵਾਲੇ ਹੀ ਇਸ ਦੀਆਂ ਸਾਰਾਂ ਜਾਣਦੇ।
ਸਮੇਂ ਦੇ ਰੰਗ ਨੇ ਡਾਢੇ
ਇਹ ਤਕਦੀਰਾਂ ਘੜਦਾ ਏ,
ਕਦੇ ਇਹ ਮੂਰਤਾਂ ਬਣਾਵੇ
ਕਦੇ ਤਿੱਤਲੀਆਂ ਫੜਦਾ ਏ।
ਕਦੇ ਇਹ ਸਾਹ ਬਣਦਾ
ਕਦੇ ਮੌਤ ਦਾ ਦਰ ਹੁੰਦਾ,
ਕਦੇ ਹੌਂਸਲਾ ਵਧਾਵੇ
ਕਦੇ ਹਿੰਮਤਾਂ ਨੂੰ ਢਾਹੁੰਦਾ।
ਸਮਾਂ ਕਮਜੋਰ ਨਹੀਂ ਹੁੰਦਾ
ਸਦਾ ਬਲਵਾਨ ਹੁੰਦਾ ਏ,
ਕਦੇ ਸਿਰ ਦਾ ਤਾਜ ਬਣਦਾ
ਕਦੇ ਅਪਮਾਨ ਹੁੰਦਾ ਏ।
ਕਦੇ ਤਾਜੋ-ਤਖਤ ਬਣਦਾ
ਕਦੇ ਸ਼ਮਸ਼ਾਨ ਹੁੰਦਾ ਏ,
ਕਦੇ ਧਰਤੀ `ਤੇ ਵਿਛਦਾ
ਤੇ ਕਦੇ ਅਸਮਾਨ ਹੁੰਦਾ ਏ।
ਸਮੇਂ ਦੀ ਬਦਨੀਤੀ ਨੂੰ
ਦੇਖ ਕੇ ਹਯਾ ਰੋਂਦੀ ਏ,
ਕਿਧਰੇ ਧੀ ਪਈ ਸਿਸਕੇ
ਕਿਧਰੇ ਮਾਂ ਰੋਂਦੀ ਏ।
ਕਿਧਰੇ ਧੁੱਪ ਹੈ ਸੜਦੀ
ਕਿਧਰੇ ਛਾਂ ਰੋਂਦੀ ਏ,
ਕਿਧਰੇ ਵੱਸੇ ਖਾਮੋਸ਼ੀ
ਤੇ ਕਿਤੇ ਪਨਾਹ ਰੋਂਦੀ ਏ।
ਸੁੰਨ ਹੋ ਗਿਆ ਵਕਤ
ਦੇਖ ਕੇ, ਨਾਂਹ ਰੋਂਦੀ ਏ,
ਕਿਸੇ ਨੇ ਹੁੰਗਾਰਾ ਨਹੀਂ ਭਰਿਆ
ਤਾਂ ਹੀ ਹਾਂ ਰੋਂਦੀ ਏ।
ਰੋਂਦੀ ਕਲਮ ਦੀ ਕੁੱਖ ਤੇ
ਸ਼ਬਦ ਦੀ ਹਿੱਕ ਵਿਚ ਲੇਰ,
ਕੌਣ ਮਾਸੂਮੀਅਤ ਦੇ ਵਿਹੜੇ
ਹੌਕੇ ਗਿਆ ਏ ਕੇਰ।
ਭੁੱਖੇ ਬੋਟ ਲਈ ਜਦ
ਚੋਗ ਲਈ ਹੋ ਗਈ ਅਵੇਰ,
ਤਦ ਉਮੀਦ ਦੇ ਨੈਣਾਂ ਵਿਚ
ਉਤਰਿਆ ਹਨੇਰ।
ਸਮਾਂ ਜਦ ਹੱਸਦਾ ਵੀ ਰੋਵੇ
ਤਾਂ ਕਾਹਦਾ ਜੀਣ ਦਾ ਚੱਜ,
ਸਮੇਂ ਦੀ ਤੰਦੀ `ਤੇ ਤਾਂ
ਅੱਜ ਕੱਲ੍ਹ ਮੌਤ ਦਾ ਹੀ ਹੱਜ।
ਸਮੇਂ ਦੇ ਮੁੱਖ `ਤੇ ਘਰਾਲਾਂ ਦੀ
ਖੇਤੀ ਕਰਨ ਵਾਲਿਓ,
ਸੁੱਚੀਆਂ ਸੋਚਾਂ ਦੀ
ਸ਼ੱਰੇ-ਬਾਜ਼ਾਰ ਹੇਠੀ ਕਰਨ ਵਾਲਿਓ।
ਸਮੇਂ ਨੇ ਬੀਤ ਜਾਣਾ ਏ
ਲੈ ਕੇ ਸਿੱਲੇ ਨੈਣਾਂ ਦੀ ਜਾਗ,
ਤੇ ਭਵਿੱਖ ਦੀ ਕੁੱਖ ਵਿਚ
ਉਗਣੇ ਨੇ ਨਵੇਂ ਨਵੇਲੇ ਭਾਗ।
ਉਮੀਦ ਸੀ ਸੰਘੀ ਘੁੱਟ ਕੇ
ਭਾਲਦੇ ਕਿਥੋਂ ਉਮਾਹ,
ਆਸਥਾ ਤੇ ਅਰਾਧਨਾ ਤੋਂ ਵੱਡੀ
ਕਿਹੜੀ ਸਿਫਿਤ-ਸਾਲਾਹ।
ਕਹਿੰਦੇ ਨੇ ਕਿ ਸਮਾਂ ਆਪਣਿਆਂ ਵਲੋਂ ਦਿੱਤੇ ਜਖਮ ਹੌਲੀ ਹੌਲੀ ਭਰ ਦਿੰਦਾ ਏ, ਪਰ ਅਜਿਹਾ ਨਹੀਂ ਹੁੰਦਾ। ਦਰਅਸਲ ਅਸੀਂ ਜ਼ਖਮਾਂ ਦੀ ਚੀਸ ਨਾਲ ਜਿਊਣ ਦੀ ਆਦਤ ਪਾ ਲੈਂਦੇ। ਕਦ ਭਰਦੇ ਨੇ ਆਪਣਿਆਂ ਦੇ ਲਾਏ ਹੋਏ ਡੂੰਘੇ ਫੱਟ?
ਸਮਾਂ ਕਦੇ ਵੀ ਦਿਖਾਈ ਨਹੀਂ ਦਿੰਦਾ, ਪਰ ਦਿਖਾ ਦਿੰਦਾ ਤੇ ਆਪਣਿਆਂ ਤੇ ਪਰਾਇਆਂ ਦੀ ਔਕਾਤ, ਮਨੁੱਖ ਦੀ ਜਾਤ, ਦਿਨ ਦੀਵੀਂ ਜੀਵਨ-ਰਾਹਾਂ ‘ਚ ਉਤਰੀ ਰਾਤ, ਬੋਲਦਿਆਂ ਵੀ ਚੁੱਪ ਨਾਲ ਮੁਲਾਕਾਤ ਅਤੇ ਮਨ ਦੇ ਵਿਹੜੇ ਵਿਚ ਹੰਝੂਆਂ ਦੀ ਬਰਸਾਤ।
ਸਮਾਂ ਦੀ ਸੁਚਜੱਤਾ ਬਾਰੇ ਗੁਰਬਾਣੀ ਦਾ ਫੁਰਮਾਨ “ਵਖਤੁ ਵੀਚਾਰੇ ਸੁ ਬੰਦਾ ਹੋਇ” ਜਾਂ
“ਵੇਲਾ ਵਖਤ ਸਭਿ ਸੁਹਾਇਆ। ਜਿਤੁ ਸਚਾ ਮੇਰੇ ਮਨਿ ਭਾਇਆ।” ਬੰਦੇ ਮੰਨ ਲਵੇ ਤਾਂ ਬੰਦਿਆਈ, ਉਸਦਾ ਧਰਮ ਬਣ ਜਾਂਦੀ।
ਸਮੇਂ ਨੂੰ ਸੁਚੱਜ, ਸੁਲੱਗ, ਸੁਮੱਤ ਨਾਲ ਬਿਤਾਓ, ਕਿਉਂਕਿ ਜੱਗ `ਤੇ ਕੋਈ ਵੀ ਐਸੀ ਦੁਕਾਨ ਨਹੀਂ, ਜੋ ਤੁਹਾਡਾ ‘ਅੱਜ’ ਲੈ ਕੇ ਬੀਤਿਆ ਹੋਇਆ ‘ਕੱਲ੍ਹ’ ਵਿਆਜ ਸਮੇਤ ਵਾਪਸ ਕਰ ਦੇਵੇ। ਇਸ ਲਈ ‘ਅੱਜ’ ਵਿਚ ਜੀਵੋ। ਬੀਤਿਆ ‘ਕੱਲ’ ਵਾਪਸ ਨਹੀਂ ਆਉਣਾ ਅਤੇ ਆਉਣ ਵਾਲੇ ‘ਕੱਲ੍ਹ’ ਦੀ ਕੁੱਖ ਵੀ ਕੀ ਏ, ਕਿਸੇ ਨੂੰ ਕੁਝ ਨਹੀਂ ਪਤਾ।
ਵੇ ਸਮਿਆਂ!
ਦੱਸ ਤਾਂ ਸਹੀ
ਜੇ ਤੈਨੂੰ ਸਿਸਕੀ ਬਣਾ ਕੇ
ਹੱਸਿਆ ਤਾਂ ਕੀ ਹੱਸਿਆ?
ਜੇ ਤੈਨੂੰ ਹੀ ਲਿਤਾੜ ਕੇ
ਮੈਂ ਵੱਸਿਆ ਤਾਂ ਕੀ ਵੱਸਿਆ?
ਜੇ ਤੇਰੇ ਤੋਂ ਕੁਝ ਲੁਕਾ ਕੇ
ਗੈਰ ਨੂੰ ਦੱਸਿਆ ਤਾਂ ਕੀ ਦੱਸਿਆ?
ਜੇ ਤੇਰੇ ਪੈਰੀਂ ਜੰਜੀਰਾਂ ਪਾ ਕੇ
ਮੈਂ ਨੱਸਿਆ ਤਾਂ ਕੀ ਨੱਸਿਆ?
ਜੇ ਤੇਰੀਆਂ ਜੁਲਫਾਂ ਨੂੰ ਉਲਝਾ ਕੇ
ਮੈਂ ਜੱਚਿਆ ਤਾਂ ਕੀ ਜੱਚਿਆ?
ਜੇ ਤੇਰੀਆਂ ਬਦ-ਦੁਆਵਾਂ ਦੀ ਤਸਬੀ ਲੈ
ਘੰੁਗਰੂ ਬੰਨ ਨੱਚਿਆ ਤਾਂ ਕੀ ਨੱਚਿਆ?
ਸਮੇਂ ਨੂੰ ਸਮਝੋ, ਇਸ ਦੀ ਸਾਰਥਿਕਤਾ ਨੂੰ ਪਛਾਣੋ, ਇਸ ਦੀ ਸਦੀਵਤਾ ਅਤੇ ਸੁਹੱਪਣ ਲਈ ਉਦਮ ਕਰੋ। ਇਸ ਦੀਆਂ ਸਦ-ਦੁਆਵਾਂ ਨੂੰ ਆਪਣੀ ਅਸੀਸ ਬਣਾਓ ਤਾਂ ਹੀ ਸਮਾਂ ਤੁਹਾਡੀ ਲੰਮੀ ਉਮਰ ਦੀਆਂ ਦੁਆਵਾਂ ਕਰੇਗਾ। ਤੁਹਾਡੇ ਲਈ ਮਾਂ ਵਰਗੀ ਜਨਤ ਵੀ ਬਣੇਗਾ, ਦਰਿਆਵਾਂ ਜਿਹੀ ਰਵਾਨਗੀ, ਪਰਬਤਾਂ ਜਿਹੀ ਉਚਾਈ, ਅੰਬਰ ਜਿਹੀ ਵਿਸ਼ਾਲਤਾ ਅਤੇ ‘ਵਾ-ਰੁਮਕਣੀ ਜਿਹਾ ਸਾਹ ਸੰਗੀਤ ਵੀ। ਸਮੇਂ ਦੀਆਂ ਸੰਦਲੀ ਪੈੜਾਂ ਬਣਨ ਲਈ ਸਾਨੂੰ ਸੁਗੰਧੀਆਂ ਦਾ ਵਪਾਰੀ ਬਣਨਾ ਪਵੇਗਾ। ਸੂਹੀਆਂ ਸੋਚਾਂ ਦੀ ਕਲਮ ਮਨ ਵਿਚ ਲਾਉਣੀ ਪਵੇਗੀ ਅਤੇ ਮਨ-ਮਸਤਕ `ਤੇ ਕਰਮ ਰੇਖਾਵਾਂ ਦੇ ਨਕਸ਼ ਉਲੀਕਣੇ ਪੈਣਗੇ। ਫਿਰ ਸਮਾਂ ਸਾਡਾ ਹੀ ਹੋਵੇਗਾ। ਅਸੀਂ ਸਮੇਂ ਦੇ ਹਾਣੀ ਬਣ, ਇਸ ਦੇ ਮੋਢੇ `ਤੇ ਸਿਰ ਰੱਖ ਕੇ ਹੱਸ ਵੀ ਸਕਾਂਗੇ, ਸੁਸਤਾਅ ਵੀ ਸਕਾਂਗੇ ਅਤੇ ਕਦੇ ਕਦਾਈਂ ਆਪਣੀ ਗਮ/ਪੀੜਾ ਨੂੰ ਇਸ ਨਾਲ ਸਾਂਝਾ ਕਰਕੇ ਮਨ ਦਾ ਭਾਰ ਵੀ ਹਲਕਾ ਕਰ ਸਕਾਂਗੇ।
ਸਮੇਂ ਦੀ ਸਰਦਲ `ਤੇ ਖੜ੍ਹ, ਆਉਣ ਵਾਲੇ ਸਮੇਂ ਵਾਸਤੇ ਦਹਿਲੀਜ਼ਾਂ `ਤੇ ਤੇਲ ਚੋਈਏ। ਬੀਤੇ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਨੂੰ ਆਪਣੀ ਕਰਮ-ਜਾਚਨਾ ਬਣਾਈਏ। ਇਸੇ ਕਰਕੇ ਵਰਤਮਾਨ ਬੋਲਦਾ ਹੈ;
ਮੈਂ ‘ਅੱਜ’ ਹਾਂ
ਮੈਂ ‘ਅੱਜ’ `ਚੋਂ
ਬੀਤੇ ‘ਕੱਲ’ ਦੀ ਨਿਸ਼ਾਨਦੇਹੀ
ਤਾਂ ਕਰ ਸਕਦਾਂ, ਪਰ
‘ਕੱਲ’ ਨੂੰ ‘ਅੱਜ’ ਨਹੀਂ ਬਣਾ ਸਕਦਾ।
ਮੈਂ ‘ਅੱਜ’ ਹਾਂ
ਮੈਂ ਆਉਣ ਵਾਲੇ ‘ਕੱਲ’ ਨੂੰ
ਚਿੱਤਵ ਸਕਦਾਂ, ਪਰ
ਆਉਣ ਵਾਲਾ ‘ਕੱਲ’
‘ਕੱਲ’ ਹੀ ਹੋਵੇਗਾ
‘ਅੱਜ’ ਨਹੀਂ ਹੋ ਸਕਦਾ
ਕਿਉਂਕਿ ‘ਕੱਲ’ ਕਦੇ ਵੀ
ਵਤਰਮਾਨ ਨਹੀਂ ਹੁੰਦਾ
ਇਸ ਲਈ ‘ਅੱਜ’ ਨੂੰ
‘ਅੱਜ’ ਸਮਝ ਕੇ ਹੀ ਮਾਣੋ।