ਸੁਖਦੇਵ ਮਾਦਪੁਰੀ ਦੀਆਂ ਵਿਰਾਸਤੀ ਖੇਡਾਂ

ਪ੍ਰਿੰ. ਸਰਵਣ ਸਿੰਘ
ਸੁਖਦੇਵ ਮਾਦਪੁਰੀ ਨੈਣਾਂ ਦਾ ਵਣਜਾਰਾ, ਜ਼ਰੀ ਦਾ ਟੋਟਾ ਤੇ ਫੁੱਲਾਂ ਭਰੀ ਚੰਗੇਰ ਸੀ। ਉਹਦੀਆਂ ਰਚਨਾਵਾਂ ਖੰਡ ਮਿਸ਼ਰੀ ਦੀਆਂ ਡਲੀਆਂ ਹਨ। ਉਸ ਨੇ ਪੰਜਾਬ ਦੀ ਲੋਕਧਾਰਾ ‘ਤੇ ਦਰਜਨ ਤੋਂ ਵੱਧ ਕਿਤਾਬਾਂ ਲਿਖ ਕੇ ਇਕ ਸੰਸਥਾ ਜਿੰਨਾ ਕੰਮ ਕੀਤਾ। ਸਾਹਿਤ ਅਕਾਦਮੀ ਦਿੱਲੀ ਨੇ ਉਸ ਨੂੰ ਬਾਲ ਲੇਖਕ ਅਵਾਰਡ ਨਾਲ ਸਨਮਾਨਿਆ ਤੇ ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਲੇਖਕ ਦਾ ਪੁਰਸਕਾਰ ਦਿੱਤਾ। ਉਹ ਬਹੁਪੱਖੀ ਸਾਹਿਤਕਾਰ ਸੀ। ਕਵੀ ਸੀ, ਕਹਾਣੀਕਾਰ ਸੀ, ਵਾਰਤਕਕਾਰ ਸੀ, ਸੰਪਾਦਕ ਸੀ, ਅਨੁਵਾਦਕ ਸੀ, ਖੋਜਾਰਥੀ ਸੀ ਅਤੇ ਬੜਾ ਸਨਿਮਰ ਤੇ ਮਿਲਣਸਾਰ ਜਿਊੜਾ ਸੀ।

ਸਦਾ ਚੜ੍ਹਦੀ ਕਲ ਵਿਚ ਵਿਚਰਨ ਵਾਲਾ ਤੇ ਹਰ ਵੇਲੇ ਕਿਸੇ ਨਾ ਕਿਸੇ ਆਹਰੇ ਲੱਗੇ ਰਹਿਣ ਵਾਲਾ। ਉਸ ਨੇ ਕਰੀਬ ਸੱਠ-ਸੱਤਰ ਸਾਲ ਲਗਾਤਾਰ ਕਲਮ ਵਾਹੀ। ਲੋਕ ਖੇਡਾਂ, ਲੋਕ ਗੀਤ, ਲੋਕ ਕਹਾਣੀਆਂ, ਲੋਕ ਬੁਝਾਰਤਾਂ, ਪੰਜਾਬੀ ਸਭਿਆਚਾਰ, ਬਾਲ ਸਾਹਿਤ, ਇਕ ਨਾਟਕ ਤੇ ਜੀਵਨੀ ਲਿਖਣ ਦੇ ਨਾਲ ਤਿੰਨ ਪੁਸਤਕਾਂ ਦੇ ਅਨੁਵਾਦ ਵੀ ਕੀਤੇ। ਉਸ ਦੀਆਂ ਵੱਖ ਵੱਖ ਵਿਸਿ਼ਆਂ ਬਾਰੇ ਤੀਹ ਕੁ ਪੁਸਤਕਾਂ ਪ੍ਰਕਾਸਿ਼ਤ ਹੋਈਆਂ, ਜਿਨ੍ਹਾਂ ਵਿਚ ‘ਪੰਜਾਬ ਦੀਆਂ ਲੋਕ ਖੇਡਾਂ’ ਤੇ ‘ਪੰਜਾਬ ਦੀਆਂ ਵਿਰਾਸਤੀ ਖੇਡਾਂ’ ਵੀ ਸ਼ਾਮਲ ਹਨ। ਉਸ ਦੇ ਨਾਟਕ ਦਾ ਨਾਂ ‘ਪਰਾਇਆ ਧਨ’ ਤੇ ਜੀਵਨੀ ‘ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰ ਰਾਮ ਸਿੰਘ’ ਹੈ। ਉਹ 12 ਜੂਨ 1925 ਤੋਂ 26 ਅਪਰੈਲ 2020 ਤਕ ਲਗਭਗ 85 ਸਾਲ ਜੀਵਿਆ।
ਉਹਦਾ ਜਨਮ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜਿਲਾ ਲੁਧਿਆਣਾ ਵਿਚ ਸ. ਦਿਆ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ ਸੀ। ਪ੍ਰਾਇਮਰੀ ਦੀ ਪੜ੍ਹਾਈ ਆਪਣੇ ਪਿੰਡੋਂ, ਮੈਟ੍ਰਿਕ ਜਸਪਾਲੋਂ ਤੇ ਜੇ. ਬੀ. ਟੀ. ਕੁਰਾਲੀ ਤੋਂ ਕਰ ਕੇ ਉਹ 1954 ਤੋਂ 78 ਤੱਕ ਸਕੂਲ ਅਧਿਆਪਕ ਰਿਹਾ। ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਵਿਸ਼ਾ ਮਾਹਿਰ ਬਣਿਆ ਅਤੇ ‘ਪੰਖੜੀਆਂ’ ਤੇ ‘ਪ੍ਰਾਇਮਰੀ ਸਿੱਖਿਆ’ ਰਸਾਲਿਆਂ ਦਾ ਸੰਪਾਦਕ ਰਿਹਾ। ਨਾਲ ਦੀ ਨਾਲ ਉਹ ਪੰਜਾਬ ਦੇ ਸਭਿਆਚਾਰ ਬਾਰੇ ਪੁਸਤਕਾਂ ਲਿਖੀ ਗਿਆ। ਮਸਲਨ ਗਾਉਂਦਾ ਪੰਜਾਬ, ਫੁੱਲਾਂ ਭਰੀ ਚੰਗੇਰ, ਖੰਡ ਮਿਸ਼ਰੀ ਦੀਆਂ ਡਲੀਆਂ, ਲੋਕ ਗੀਤਾਂ ਦੀ ਸਮਾਜਿਕ ਵਿਆਖਿਆ, ਨੈਣੀਂ ਨੀਂਦ ਨਾ ਆਵੇ, ਜ਼ਰੀ ਦਾ ਟੋਟਾ, ਨੈਣਾਂ ਦੇ ਵਣਜਾਰੇ, ਭਾਰਤੀ ਲੋਕ ਕਹਾਣੀਆਂ, ਬਾਤਾਂ ਦੇਸ਼ ਪੰਜਾਬ ਦੀਆਂ, ਲੋਕ ਬੁਝਾਰਤਾਂ, ਪੰਜਾਬੀ ਬੁਝਾਰਤਾਂ, ਪੰਜਾਬ ਦੇ ਮੇਲੇ ਅਤੇ ਤਿਓਹਾਰ, ਆਓ ਨੱਚੀਏ, ਮਹਿਕ ਪੰਜਾਬ ਦੀ, ਪੰਜਾਬ ਦੇ ਲੋਕ ਨਾਇਕ, ਜਾਦੂ ਦਾ ਸ਼ੀਸ਼ਾ, ਕੇਸੂ ਦੇ ਫੁੱਲ, ਸੋਨੇ ਦਾ ਬੱਕਰਾ, ਬਾਲ ਕਹਾਣੀਆਂ, ਆਓ ਗਾਈਏ, ਮਹਾਂਬਲੀ ਰਣਜੀਤ ਸਿੰਘ ਅਤੇ ਅਨੁਵਾਦਤ ਪੁਸਤਕਾਂ ਵਰਖਾ ਦੀ ਉਡੀਕ, ਟੋਡਾ ਤੇ ਟਾਹਰ, ਤਿਤਲੀ ਤੇ ਸੂਰਮੁਖੀਆਂ। 1993 ਵਿਚ ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਉਹ ਖੰਨੇ ਵਸ ਗਿਆ ਸੀ ਤੇ ਕੁਲ ਵਕਤੀ ਲੇਖਕ ਬਣ ਗਿਆ ਸੀ। ਸਮੱਧਰ ਕੱਦ ਦੇ ਗੱਠੇ ਹੋਏ ਨਰੋਏ ਜੁੱਸੇ ਨੂੰ ਕਦੇ ਕੋਈ ਬਿਮਾਰੀ ਨਹੀਂ ਸੀ ਲੱਗੀ, ਪਰ 26 ਅਪਰੈਲ 2020 ਨੂੰ ਬਾਅਦ ਦੁਪਹਿਰ ਅਚਾਨਕ ਬਰੇਨ ਸਟਰੋਕ ਹੋਇਆ, ਜਿਸ ਨਾਲ ਉਹਦਾ ਦੇਹਾਂਤ ਹੋ ਗਿਆ। ਉਹ ਇਕੋ ਜੀਵਨ ਵਿਚ ਕਈ ਜੀਵਨ ਜਿਉਂ ਗਿਆ। ਉਸ ਦੀ ਪੁਸਤਕ ‘ਪੰਜਾਬ ਦੀਆਂ ਵਿਰਾਸਤੀ ਖੇਡਾਂ’ ਦੇ ਮੁਖਬੰਦ ਵਿਚ ਬਲਬੀਰ ਸਿੰਘ ਕੰਵਲ ਨੇ ਲਿਖਿਆ:
ਮੁਢਲੇ ਸ਼ਬਦ
ਭੂਗੋਲਿਕ ਤੌਰ ‘ਤੇ ਪੰਜਾਬ ਦੀ ਸਥਿਤੀ ਕੁਝ ਇਹੋ ਜਿਹੀ ਹੈ ਕਿ ਖੈਬਰ ਪਾਰ ਕਰ ਕੇ ਹਮਲਾਵਰ ਹਮੇਸ਼ਾ ਏਧਰ ਦੀ ਆ ਕੇ ਹੀ ਸੋਨੇ ਦੀ ਚਿੜੀ ਕਹਾਉਣ ਵਾਲੇ ਹਿੰਦੁਸਤਾਨ ਦੀ ਲੁੱਟ-ਖਸੁੱਟ ਮਚਾਉਂਦੇ ਰਹੇ। ਇਸ ਦੇ ਮੈਦਾਨਾਂ ਵਿਚ ਗਹਿਗੱਚ ਲੜਾਈਆਂ ਹੁੰਦੀਆਂ ਰਹਿੰਦੀਆਂ। ਕਾਫੀ ਕੁਸ਼ਤੋਖੂਨ ਹੁੰਦਾ। ਘਮਸਾਨ ਦੀ ਲੜਾਈ (ਕੁਸ਼ਤੋਖੂਨ) ਕਈ ਵੇਰ ਇਕ ਦੂਜੇ ਨੂੰ ਮਰਨ-ਮਾਰਨ ਤਕ ਵੀ ਜਾਂਦੀ। ਇਸੇ ਕੁਸ਼ਤੋਖੂਨ `ਚੋਂ ‘ਕੁਸ਼ਤੀ’ ਨਿਕਲੀ ਜਿਹੜੀ ਜਰਾਸੰਧੀ ਅਖਵਾਈ। ਸਮੇਂ ਦੇ ਨਾਲ ਨਾਲ ਇਸ ਦਾ ਮੁਖੜਾ ਨਿਖੜਦਾ ਗਿਆ ਅਤੇ ਹੌਲੀ ਹੌਲੀ ਇਸ ਦੀ ਅਜੋਕੀ ਵਿਗਿਆਨਕ ਸੂਰਤ ਬਣ ਗਈ।
ਪਹਿਲਵਾਨ ਲਈ ਸਾਡੇ ਕੋਲ ਪੰਜਾਬੀ ਦੇ ਹੋਰ ਸ਼ਬਦ ਮੱਲ ਤੇ ਭਲਵਾਨ ਵੀ ਹਨ। ਸਾਡੀ ਪੁਰਾਤਨ ਰਹਿਤਲ ‘ਚ ਪਹਿਲਵਾਨ ਨੂੰ ਸਤਿਕਾਰ ਵਜੋਂ ਕਿਉਂਕਿ ਪਹਿਲੀ ਪੋਜ਼ੀਸ਼ਨ ਦਿੱਤੀ ਜਾਂਦੀ ਸੀ, ਇਸੇ ਲਈ ਇਹ ਲੋਕ ‘ਪਹਿਲਵਾਨ’ ਅਖਵਾਏ। ਭੱਲ (ਇੱਜ਼ਤ) ਦੇ ਮਾਲਕ ‘ਭੱਲਵਾਨ’ ਜੋ ਬੋਲ ਚਾਲ ‘ਚ ਭਲਵਾਨ ਕਹਾਏ। ਇਥੋਂ ਤਕ ਕਿ ਦੁਨੀਆਂ ਦੇ ਕੁਝ ਹੋਰ ਹਿੱਸਿਆਂ ਵਿਚ ਵੀ ਕਈ ਵੇਰ ਫੌਜ ਦੇ ਪੂਰੇ ਦੇ ਪੂਰੇ ਲਸ਼ਕਰ ਦੀ ਸਰਦਾਰੀ ਕਿਸੇ ਸ਼ਾਹਜ਼ੋਰ ਭਲਵਾਨ ਨੂੰ ਹੀ ਸੌਂਪੀ ਜਾਂਦੀ ਸੀ ਜਿਵੇਂ ਈਰਾਨੀ ਪਹਿਲਵਾਨ ਰੁਸਤਮ ਤੇ ਸੋਹਰਾਬ ਨੂੰ ਸੌਂਪੀ ਗਈ ਸੀ। ਆਮ ਤੌਰ ‘ਤੇ ਇੰਜ ਵੀ ਹੁੰਦਾ, ਬਜਾਏ ਇਸ ਦੇ ਕਿ ਸਾਰੀ ਫੌਜ ਲੜ ਭਿੜ ਕੇ ਇਕ ਦੂਜੇ ਦਾ ਖੂਨ ਵਹਾਏ, ਦੋਹਾਂ ਦੇਸ਼ਾਂ ਜਾਂ ਫੌਜਾਂ ਦੀ ਹਾਰ ਜਿੱਤ ਦਾ ਫੈਸਲਾ, ਇਕ ਦੂਜੇ ਦਾ ਪਹਿਲਵਾਨ ਢਹਿਣ-ਢਾਹੁਣ ‘ਤੇ ਹੀ ਹੋ ਜਾਂਦਾ ਸੀ।
ਇਹ ਰਿਵਾਜ ਸਾਡੇ ਇਸ ਖਿੱਤੇ ਵਿਚ ਵੀ ਪ੍ਰਚੱਲਤ ਰਿਹਾ। ਅਜੇ ਕੱਲ੍ਹ ਦੀ ਗੱਲ ਹੈ ਕਿ ਛੇਵੀਂ ਪਾਤਸ਼ਾਹੀ ਸਮੇਂ ਵੀ ਪੈਂਦੇ ਖਾਂ (ਪਾਇੰਦੇ ਖਾਨ) ਦੀ ਫੌਜ ਦਾ ਫੈਸਲਾ ਇਸੇ ਨੇਮ ਅਨੁਸਾਰ ਹੀ ਹੋਇਆ ਸੀ। ਯਾਦ ਰਹੇ, ਪੈਂਦੇ ਖਾਂ ਪਿੰਡ ਮੀਰ, ਇਲਾਕਾ ਕਰਤਾਰਪੁਰ ਦਾ ਉਹ ਪਠਾਣ ਸੀ, ਜਿਹੜਾ ਗੁਰੂ ਸਾਹਿਬ ਨੇ ਆਪ ਪਾਲਿਆ ਸੀ। ਉਹ ਐਨਾ ਤਾਕਤਵਰ ਸੀ ਕਿ ਉਸ ਸਮੇਂ ਦੇ ਸਿੱਕੇ ‘ਅਸ਼ਰਫੀ’ ਨੂੰ ਆਪਣੇ ਹੱਥ `ਤੇ ਰੱਖ ਕੇ ਉਸ ਉਤੇ ਠਾਪੇ ਗਏ ਅੱਖਰਾਂ ਨੂੰ ਅੰਗੂਠੇ ਨਾਲ ਮਲ ਕੇ ਮਿਟਾ ਦਿੰਦਾ ਸੀ। ਉਸ ਦੀ ਖੁਰਾਕ ਬਾਰੇ ਕਿਹਾ ਜਾਂਦਾ ਸੀ ਕਿ ਉਹ ਰੋਜ਼ ਦਾ ਇਕ ਚੌਟੰਗਾ ਖਾ ਜਾਂਦਾ ਸੀ। ਲੰਡਨ ਦੀ ਪ੍ਰਸਿੱਧ ਮਿਊਜ਼ੀਅਮ ਦੀਆਂ ਕੁਝ ਦਸਤਾਵੇਜ਼ਾਂ (ਔਰ 7592) ਦੇ ਸਫਾ 178 `ਤੇ ਇਸ ਗੱਲ ਦਾ ਜਿ਼ਕਰ ਮਿਲਦਾ ਹੈ ਕਿ ਮੁਨਸ਼ੀ ਰਾਮਜਸ ਸਾਕਨ ਜਵਾਲਾਪੁਰ ਕਰਤਾ ‘ਮੁਹੀਤ ਆਜ਼ਮ’ ਨੇ ਗੁਰੂ ਸਾਹਿਬ ਦੀਆਂ ਜਿੱਤਾਂ ਦੇ ਅੱਖੀਂ ਡਿੱਠੇ ਹਾਲ ਹਵਾਲ ਆਪਣੀ ਕਿਤਾਬ ਵਿਚ ਲਿਖੇ ਹਨ। ਉਸ ਲੜਾਈ ਦਾ ਫੈਸਲਾ ਵੀ ਇਨ੍ਹਾਂ ਦੋਹਾਂ ਬਲਕਾਰੀ ਯੋਧਿਆਂ ਦੀ ਹਾਰ-ਜਿੱਤ ਦੇ ਨਤੀਜੇ ਵਜੋਂ ਹੀ ਹੋ ਗਿਆ ਸੀ ਅਤੇ ਸਾਰੀ ਫੌਜ ਲੜਾਈ ਵਿਚ ਨਹੀਂ ਸੀ ਗੁੱਥੀ।
ਪੰਜਾਬ ਦੀ ਧਰਤੀ ਹੀ ਉਹ ਪਵਿੱਤਰ ਧਰਤੀ ਹੈ, ਜਿਸ ‘ਤੇ ਫਿਰ ਤਿੰਨ ਪ੍ਰਸਿੱਧ ਦਫਾਂ ਚੱਲੀਆਂ, ਨੂਰੇ ਵਾਲੇ, ਕੋਟ ਵਾਲੇ ਅਤੇ ਕਾਲੂ ਵਾਲੇ, ਜਿਨ੍ਹਾਂ ਤਿੰਨਾਂ ਦੇ ਹੀ ਲੜਨ ਢੰਗ ਆਪੋ ਆਪਣੇ ਸਨ। ਯਾਦ ਰਹੇ, ਇਹ ਦਫਾਂ ਅੱਜ ਵੀ ਚਲੀਆਂ ਆ ਰਹੀਆਂ ਹਨ। ਅੱਜ ਦੁਨੀਆਂ ਭਰ ਦੇ ਵੱਡੇ ਇਤਿਹਾਸਕਾਰ ਇਸ ਤੱਥ ਨੂੰ ਮੰਨਦੇ ਹਨ ਕਿ ਕੁਸ਼ਤੀ ਆਈ ਭਾਵੇਂ ਕਿਧਰੋਂ ਵੀ ਹੋਵੇ, ਪਰ ਸਹੀ ਅਰਥਾਂ ਵਿਚ ਇਹ ਪੰਜਾਬ ਦੀ ਧਰਤੀ ‘ਤੇ ਹੀ ਪਰਵਾਨ ਚੜ੍ਹੀ। ਕੁਸ਼ਤੀ ਤੋਂ ਛੁੱਟ, ਪੰਜਾਬੀਆਂ ਦੀ ਦੂਜੀ ਮਨਭਾਉਂਦੀ ਖੇਡ ਕੌਡੀ ਜਾਂ ਕਬੱਡੀ ਹੈ, ਜਿਸ ਨੂੰ ਮਾਂ ਖੇਡ ਦਾ ਰੁਤਬਾ ਹਾਸਲ ਹੈ। ਇਨ੍ਹਾਂ ਤੋਂ ਬਿਨਾ ਭਾਰ ਚੁੱਕਣ ਦੀਆਂ ਖੇਡਾਂ ਦੀ ਪਿਰਤ ਵੀ ਦੁਨੀਆਂ ਦੀ ਸਭ ਤੋਂ ਪੁਰਾਣੀ ਸਭਿਅਤਾ ਵਾਲੀ ਇਸ ਵਾਦੀ ਵਿਚ ਹੀ ਸਭ ਤੋਂ ਪਹਿਲਾਂ ਪਈ। ਆਰੀਆ ਲੋਕ ਧਰਤੀ ਦੇ ਇਸ ਖਿੱਤੇ ਦੀਆਂ ਲੰਮੀਆਂ ਚੌੜੀਆਂ ਚਰਾਂਦਾਂ ਵੇਖ ਕੇ ਇਥੇ ਆਬਾਦ ਹੋ ਗਏ ਸਨ। ਮਾਲ-ਢਾਂਡੇ ਰੱਖਣਾ ਅਤੇ ਫਿਰ ਸਿਰਾਂ ‘ਤੇ ਪੱਠਾ ਦੱਥਾ ਢੋਣਾ ਸਮੇਂ ਦੀ ਲੋੜ ਸੀ। ਔਰਤਾਂ ਘਰਾਂ ਦੀਆਂ ਲੋੜਾਂ ਲਈ ਪਾਣੀ ਦੇ ਘੜੇ ਢੋਂਦੀਆਂ। ਪੱਠਿਆਂ ਦੀਆਂ ਪੰਡਾਂ ਚੁੱਕਣ ਵਿਚੋਂ ਹੀ ਬੋਰੀ ਚੁੱਕਣ, ਮੂੰਗਲੀਆਂ ਫੇਰਨ, ਮੁਗਦਰ ਚੁੱਕਣ ਤੇ ਅਹਿਰਨਾਂ ਦੇ ਬਾਲੇ ਕੱਢਣ ਦੇ ਮੁਕਾਬਲੇ ਤੁਰੇ। ਲੋਕ ਖੇਡਾਂ ਇਸ ਤਰ੍ਹਾਂ ਹੀ ਵਿਗਸਦੀਆਂ ਹਨ। ਇਸ ਪੁਸਤਕ ਵਿਚ ਪੰਜਾਬ ਦੇ ਪੇਂਡੂ ਜੀਵਨ ਵਿਚੋਂ ਅਲੋਪ ਹੋ ਰਹੀਆਂ 77 ਵਿਰਾਸਤੀ ਖੇਡਾਂ ਨੂੰ ਸਾਂਭਣ ਦਾ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ। ਇਉਂ ਇਨ੍ਹਾਂ ਖੇਡਾਂ ਨਾਲ ਸੰਬੰਧਿਤ ਸ਼ਬਦਾਵਲੀ ਵੀ ਅਲੋਪ ਹੋਣੋਂ ਬਚਾ ਲਈ ਗਈ ਹੈ।
ਸੁਖਦੇਵ ਮਾਦਪੁਰੀ ਦੀ ਆਦਿਕਾ
ਖੇਡ ਖੇਡ ਕੇ ਖੇਹਨੂੰ ਗੀਟੇ, ਖੇਡ ਖੇਡ ਕੇ ਟਾਹਣਾਂ
ਖੇਡ ਖੇਡ ਕੇ ਲੁਕਣ ਮੀਟੀ, ਲੱਭਣਾ ਤੇ ਲੁਕ ਜਾਣਾ
ਖੇਡਣ ਦੇ ਦਿਨ ਚਾਰ ਨੀ ਜਿੰਦੇ, ਪੰਜਵਾਂ ਦਿਨ ਜਦ ਆਵੇ
ਗੀਟੇ ਟਾਹਣਾਂ ਤੇ ਲੁਕਣ ਮੀਟੀ, ਤਦ ਤ੍ਰਿੰਜਣ ਬਣ ਜਾਵੇ।
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿਤ ਤੇ ਸੁਭਾਓ ਅਨੁਸਾਰ ਜੀਵਾਂ ਨੇ ਆਪੋ ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਇਕ ਸਹਿਜ ਕਰਮ ਹੈ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹੈ। ਬੱਚੇ ਦੇ ਜੰਮਦਿਆਂ ਸਾਰ ਹੀ ਖੇਡ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਉਹ ਹੱਥ ਪੈਰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਪੇਂਡੂ ਸੁਆਣੀਆਂ ਬੱਚਿਆਂ ਨੂੰ ਗੋਦੀ ਚੁੱਕਣੋਂ ਵਰਜਦੀਆਂ ਹਨ ਤਾਂ ਜੋ ਉਹ ਧਰਤੀ ‘ਤੇ ਖੇਡਦੇ ਸ਼ਕਤੀ ਪ੍ਰਾਪਤ ਕਰ ਸਕਣ। ਆਮ ਵੇਖਣ ਵਿਚ ਆਇਆ ਹੈ ਕਿ ਬੱਚੇ ਪੰਜ-ਸੱਤ ਵਰ੍ਹਿਆਂ ਦੀ ਉਮਰ ਵਿਚ ਖੇਡਣ ਵਿਚ ਐਨੇ ਮਗਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਖਾਣ-ਪੀਣ ਦੀ ਵੀ ਸੁਰਤ ਨਹੀਂ ਰਹਿੰਦੀ। ਉਨ੍ਹਾਂ ਦੀਆਂ ਮਾਂਵਾਂ ਧੱਕੇ ਨਾਲ ਉਨ੍ਹਾਂ ਨੂੰ ਕੁਝ ਖੁਆਂਦੀਆਂ ਪਿਆਂਦੀਆਂ ਹਨ। ਇਹ ਖੇਡ ਰੁਚੀਆਂ ਹੀ ਮਨੁੱਖ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹੁੰਦੀਆਂ ਹਨ।
ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ, ਸਗੋਂ ਇਹ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਬਣੀਆਂ ਆ ਰਹੀਆਂ ਹਨ। ਖੇਡਾਂ ਜਿਥੇ ਸਰੀਰਕ ਬਲ ਬਖਸ਼ਦੀਆਂ ਹਨ, ਉਥੇ ਰੂਹ ਨੂੰ ਆਗਾਮੀ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਆਤਮਾ ਬਲਵਾਨ ਹੁੰਦੀ ਹੈ ਅਤੇ ਜੀਵਨ ਵਿਚ ਵਿਸ਼ਵਾਸ ਪਕੇਰਾ ਹੁੰਦਾ ਹੈ। ਇਸ ਤੋਂ ਬਿਨਾ ਖੇਡਾਂ ਨਾਲ ਜਿ਼ੰਦਗੀ ਦੀ ਦੌੜ ਵਿਚ ਹਰ ਪ੍ਰਕਾਰ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਭਾਵਨਾ ਵਿਕਸਿਤ ਹੁੰਦੀ ਹੈ। ਇਹ ਮਨੁੱਖ ਨੂੰ ਹਰ ਪ੍ਰਕਾਰ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਕਰਦੀਆਂ ਹਨ ਤੇ ਹਾਰਨ ਦੀ ਸੂਰਤ ਵਿਚ ਹਾਰ ਖਿੜੇ ਮੱਥੇ ਸਹਿਣ ਦਾ ਮਾਦਾ ਵੀ ਬਖਸ਼ਦੀਆਂ ਹਨ। ਇਸ ਤਰ੍ਹਾਂ ਹਰ ਪ੍ਰਾਣੀ ਦੇ ਸਰੀਰ ਨੂੰ ਰਿਸ਼ਟ-ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਖੇਡਾਂ ਸਿਰਫ ਗੱਭਰੂਆਂ ਦੀ ਵਾਫਰ ਸਰੀਰਕ ਸ਼ਕਤੀ ਦਾ ਸਦਉਪਯੋਗ ਹੀ ਨਹੀਂ ਕਰਦੀਆਂ, ਸਗੋਂ ਕਮਜ਼ੋਰ ਸਰੀਰਾਂ ਵਾਲਿਆਂ ਦੀ ਸਰੀਰਕ ਸ਼ਕਤੀ ਵਧਾਉਣ ਵਿਚ ਵੀ ਸਹਾਇਕ ਸਿੱਧ ਹੁੰਦੀਆਂ ਹਨ।
ਭਾਵੇਂ ਖੇਡਾਂ ਨੂੰ ਮਨੁੱਖ ਦੇ ਪ੍ਰਮੁੱਖ ਮਨੋਰੰਜਨੀ ਸਾਧਨ ਆਖਿਆ ਜਾਂਦਾ ਹੈ, ਪਰ ਖੇਡਾਂ ਤੋਂ ਬਿਨਾ ਵੀ ਮਨੁੱਖ ਦੇ ਅਨੇਕਾਂ ਮਨੋਰੰਜਨ ਦੇ ਸਾਧਨ ਹਨ, ਜਿਹਾ ਕਿ ਸੈਰ ਸਪਾਟਾ, ਪੁਸਤਕਾਂ ਪੜ੍ਹਨਾ, ਗੀਤ-ਸੰਗੀਤ, ਚਿਤਰਕਾਰੀ, ਸਿ਼ਲਪਕਾਰੀ, ਰਾਸਾਂ, ਨਕਲਾਂ, ਸਵਾਂਗ, ਬਾਜ਼ੀਗਰਾਂ ਦੇ ਮੇਲਿਆਂ ਮਸਾਵਿਆਂ ‘ਤੇ ਵਿਖਾਏ ਜਾਂਦੇ ਕਰਤੱਬ, ਪੁਤਲੀਆਂ ਦੇ ਨਾਚ, ਪਸ਼ੂ ਪੰਛੀਆਂ ਦੀਆਂ ਲੜਾਈਆਂ ਦੇ ਮੁਕਾਬਲੇ ਤੇ ਬੈਲ ਗੱਡੀਆਂ ਦੀਆਂ ਦੌੜਾਂ ਆਦਿ ਸਾਰੇ ਦਰਸ਼ਕਾਂ ਦੇ ਮਨੋਰੰਜਨੀ ਸ਼ੁਗਲ ਹਨ। ਲੋਕ ਖੇਡਾਂ ਭਾਵੇਂ ਮਨੋਰੰਜਨ ਦੇ ਸਾਧਨ ਤਾਂ ਹਨ, ਪਰ ਹੋਰਨਾਂ ਮਨੋਰੰਜਨੀ ਸਾਧਨਾਂ ਨੂੰ ਅਸੀਂ ਲੋਕ ਖੇਡਾਂ ਨਹੀਂ ਆਖ ਸਕਦੇ। ਲੋਕ ਖੇਡਾਂ ਤਾਂ ਉਹ ਹਨ, ਜਿਨ੍ਹਾਂ ਨੂੰ ਲੋਕਾਂ ਦੀ ਸਮੂਹਕ ਪ੍ਰਵਾਨਗੀ ਮਿਲਦੀ ਹੈ ਤੇ ਜਿਨ੍ਹਾਂ ਨੂੰ ਸਾਰੇ ਰਲ-ਮਿਲ ਕੇ ਖੇਡਦੇ ਹਨ ਅਤੇ ਖੇਡਣ ਦਾ ਅਨੰਦ ਮਾਣਦੇ ਹਨ।
ਲੋਕਯਾਨੀ ਡਾ. ਕਰਨੈਲ ਸਿੰਘ ਥਿੰਦ ਨੇ ਲਿਖਿਆ: ਲੋਕਯਾਨ ਦੇ ਮਨੋਰੰਜਨ ਖੇਤਰ ਵਿਚ ਪਰੰਪਰਾਗਤ ਖੇਡਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਕਬੱਡੀ, ਕੁਸ਼ਤੀ, ਲੁਕਣਮੀਟੀ, ਗੁੱਲੀ ਡੰਡਾ, ਖਿੱਦੋ ਖੂੰਡੀ, ਰੱਸਾ-ਕਸ਼ੀ, ਕਾਂਵਾਂ ਘੋੜੀ, ਗਤਕਾਬਾਜ਼ੀ ਆਦਿ ਲੋਕ ਮਨਪਰਚਾਵੇ ਦੇ ਸ਼ੁਗਲ ਹਨ। ਇਨ੍ਹਾਂ ਤੋਂ ਛੁੱਟ ਲੋਕ ਪਸ਼ੂ ਪੰਛੀਆਂ ਦੀਆਂ ਲੜਾਈਆਂ ਵੇਖ ਕੇ ਵੀ ਅਨੰਦ ਮਾਣਦੇ ਹਨ। ਮੁਜਰੇ, ਨਾਟਕ, ਚੇਟਕ, ਰਾਸਾਂ ਆਦਿ ਰਾਹੀਂ ਵੀ ਉਹ ਮਨਪਰਚਾਉਂਦੇ ਹਨ। ਇਸ ਤਰ੍ਹਾਂ ਲੋਕ ਜੀਵਨ ਵਿਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤਕ ਉਨ੍ਹਾਂ ਦੇ ਵੱਖੋ ਵੱਖ ਸ਼ੁਗਲ ਹਨ।
ਖੇਡ ਇਕ ਇੱਛਤ ਕਾਰਜ ਹੈ, ਇਸ ਕਾਰਜ ਤੋਂ ਕਿਸੇ ਪ੍ਰਕਾਰ ਦੇ ਮਾਇਕ ਇਵਜ਼ਾਨੇ ਦੀ ਇੱਛਾ ਨਹੀਂ ਕੀਤੀ ਜਾਂਦੀ। ਖੇਡ ਗੀਤਾਂ, ਕਾਰਜ ਵਿਧੀ ਤੇ ਸਮਾਨ ਤੋਂ ਪਛਾਣੀਆਂ ਜਾਣ ਵਾਲੀਆਂ ਵਿਰਾਸਤੀ ਖੇਡਾਂ ਨੂੰ ਲੋਕ ਖੇਡਾਂ ਕਿਹਾ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਦਾ ਸੰਚਾਰ ਪੁਸ਼ਤ-ਦਰ-ਪੁਸ਼ਤ ਹੁੰਦਾ ਹੋਇਆ ਸਾਡੇ ਸਮਿਆਂ ਤਕ ਪੁੱਜਿਆ ਹੈ। ਇਹ ਸਹਿਜ ਰੂਪ ਵਿਚ ਨਿਗਮਦੀਆਂ ਤੇ ਵਿਗਸਦੀਆਂ ਹਨ। ਲੋਕ ਖੇਡਾਂ ਦੇ ਪ੍ਰਵਾਹ ਵਿਚ ਪਰੰਪਰਾ ਦੇ ਨਿੱਗਰ ਯੋਗਦਾਨ ਤੋਂ ਛੁੱਟ ਇਨ੍ਹਾਂ ਦੇ ਪ੍ਰਚਲਣ ਵਿਚ ਲੋਕ ਮਾਣਸ ਦੀ ਪ੍ਰਵਾਨਗੀ ਅਤਿ ਅਵੱਸ਼ਕ ਹੁੰਦੀ ਹੈ। ਜਿਸ ਦੇ ਅਭਾਵ ਦੀ ਸਥਿਤੀ ਵਿਚ ਕੋਈ ਖੇਡ ਲੋਕ ਖੇਡ ਦਾ ਰੂਪ ਨਹੀਂ ਧਾਰਨ ਕਰ ਸਕਦੀ। ਪੰਜਾਬ ਦੀਆਂ ਸਰੀਰਕ ਤੇ ਮਾਨਸਿਕ ਖੇਡਾਂ ਨੂੰ ਪੰਜਾਬੀਆਂ ਨੇ ਸਦਾ ਹੀ ਮਾਨਤਾ ਦੇ ਰੱਖੀ ਹੈ।
ਡਾ. ਨਾਹਰ ਸਿੰਘ ਪੰਜਾਬ ਦੀਆਂ ਵਿਰਾਸਤੀ ਧੱਕੜ ਖੇਡਾਂ ਨੇਜ਼ਾ ਬਾਜ਼ੀ, ਘੋੜ ਸਵਾਰੀ, ਗੱਤਕਾ ਬਾਜ਼ੀ ਅਤੇ ਖਿੱਦੋ ਖੂੰਡੀ ਆਦਿ ਨੂੰ ਸਾਡੇ ਧਾੜਵੀ ਤੇ ਲੋਟੂ ਸਮਾਜ ਦੀਆਂ ਰੂੜ੍ਹੀਆਂ ਵਜੋਂ ਪੇਸ਼ ਕਰਦਾ ਹੈ। ਇਨ੍ਹਾਂ ਲੋਕ ਖੇਡਾਂ ਦਾ ਇਤਿਹਾਸਕ ਮਹੱਤਵ ਹੈ, ਜੋ ਸਾਡੇ ਬੀਤੇ ਸਮਾਜ ਦੀਆਂ ਬਾਤਾਂ ਪਾਉਂਦੀਆਂ ਹਨ। ਵਿਰਾਸਤੀ ਖੇਡਾਂ ਵਿਚ ਵਾਧਾ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਸਮਾਂ ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਹਿਰਾਂ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆਂ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ ‘ਤੇ ਇਹ ਖੇਡਾਂ ਖੇਡੀਆਂ ਜਾਂਦੀਆਂ ਹਨ। ਖੇਡਾਂ ਲਈ ਸਮਾਨ ਖਰੀਦਣ ਦੀ ਲੋੜ ਨਹੀਂ ਪੈਂਦੀ। ਸਥਾਨਕ ਉਪਲਬਧ ਸਮੱਗਰੀ ਤੋਂ ਕੰਮ ਸਾਰ ਲਿਆ ਜਾਂਦਾ ਹੈ। ਸਣ ਦੇ ਰੱਸੇ, ਕੋਲੇ, ਬੰਟੇ, ਗੀਟੇ, ਕੌਡੀਆਂ, ਅਖਰੋਟ, ਫੁੱਟੇ ਭਾਂਡਿਆਂ ਦੇ ਠੀਕਰੇ, ਇੱਟਾਂ ਦੇ ਰੋੜੇ, ਖੂਹ ਦੀਆਂ ਨਿਸਾਰਾਂ, ਤਖਤੇ, ਬਾਰੀਆਂ, ਬੇਰੀਆਂ, ਟਾਹਲੀਆਂ ਤੇ ਕਿੱਕਰਾਂ ਦੇ ਅਣਘੜ ਖੂੰਡੇ ਖੂੰਡੀਆਂ, ਲੀਰਾਂ ਤੇ ਧਾਗੇ ਨਾਲ ਮੜ੍ਹੀਆਂ ਖਿੱਦੋਆਂ, ਟੁੱਟੇ ਛਿੱਤਰ, ਪਿੱਪਲਾਂ ਬਰੋਟਿਆਂ ਦੇ ਪੱਤੇ, ਕਣਕ ਦੀਆਂ ਪੀਪਣੀਆਂ, ਨੜਿਆਂ ਤੇ ਸਰਕੰਡਿਆਂ ਦੀਆਂ ਪੋਰੀਆਂ, ਕਣਕ ਦਾ ਸੁੱਕਾ ਨਾੜ, ਇਮਲੀ ਦੀਆਂ ਗਿਟਕਾਂ ਆਦਿ ਹੋਰ ਸਥਾਨਕ ਵਸਤਾਂ ਹਨ, ਜੋ ਇਨ੍ਹਾਂ ਖੇਡਾਂ ਦੀ ਸਮੱਗਰੀ ਦੇ ਰੂਪ ਵਿਚ ਵਰਤੋਂ ਵਿਚ ਆਉਂਦੀਆਂ ਹਨ।
…ਆਧੁਨਿਕ ਮਸ਼ੀਨੀ ਸਭਿਅਤਾ ਦਾ ਪ੍ਰਭਾਵ ਸਾਡੇ ਜੀਵਨ ਦੇ ਹਰ ਖੇਤਰ ‘ਤੇ ਪਿਆ ਹੈ, ਜਿਸ ਦੇ ਫਲਸਰੂਪ ਪੰਜਾਬ ਦੇ ਆਰਥਕ ਤੇ ਸਭਿਆਚਾਰਕ ਜੀਵਨ ਵਿਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ। ਸਾਰੇ ਪੰਜਾਬ ਵਿਚ ਸੜਕਾਂ ਦਾ ਜਾਲ ਵਿਛ ਗਿਆ ਹੈ। ਅੱਜ ਕਿਸੇ ਪੇਂਡੂ ਲਈ ਸ਼ਹਿਰ ਜਾਣਾ ਦੂਰ-ਦੁਰਾਡੇ ਦੀ ਗੱਲ ਨਹੀਂ ਰਹੀ। ਪਿੰਡ ਸ਼ਹਿਰਾਂ ਨਾਲ ਜੁੜ ਗਏ ਹਨ, ਜਿਸ ਕਰਕੇ ਸ਼ਹਿਰੀ ਜਿ਼ੰਦਗੀ ਦਾ ਪ੍ਰਭਾਵ ਪੇਂਡੂ ਜੀਵਨ ਉਤੇ ਆਏ ਦਿਨ ਵਧ ਰਿਹਾ ਹੈ। ਖੇਤੀ ਦੇ ਧੰਦੇ ਵਿਚ ਮਸ਼ੀਨਾਂ ਹਾਵੀ ਹੋ ਗਈਆਂ ਹਨ, ਖੂਹਾਂ ਦੀ ਥਾਂ ਟਿਊਬਵੈਲਾਂ ਨੇ ਲੈ ਲਈ ਹੈ। ਖੇਤਾਂ ਵਿਚ ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਦੀ ਥਾਂ ਟਰੈਕਟਰ ਧੁਕ-ਧੁਕ ਕਰ ਰਹੇ ਹਨ। ਕਿਸਾਨੀ ਜੀਵਨ ਨਾਲ ਜੁੜਿਆ ਲੋਕ ਸਾਹਿਤ ਲੋਕ ਮਨਾਂ ਤੋਂ ਵਿਸਰ ਰਿਹਾ ਹੈ। ਮੇਲਿਆਂ ਮੁਸਾਵਿਆਂ ਦੀਆਂ ਰੌਣਕਾਂ ਘਟ ਰਹੀਆਂ ਹਨ। ਪੁਰਾਣੇ ਰਸਮੋ ਰਿਵਾਜ ਅਲੋਪ ਹੋ ਰਹੇ ਹਨ। ਪੇਂਡੂ ਖੇਡਾਂ ਵੀ ਮਸ਼ੀਨੀ ਸਭਿਆਚਾਰ ਦੇ ਪ੍ਰਭਾਵ ਤੋਂ ਨਹੀਂ ਬਚੀਆਂ।
ਪਹਿਲਾਂ ਖੇਡਾਂ ਹਰ ਪਿੰਡ ਦਾ ਵਿਸ਼ੇਸ਼ ਭਾਗ ਹੋਇਆ ਕਰਦੀਆਂ ਸਨ। ਖੇਡਾਂ ਦੇ ਪਿੜ ਹਰੇਕ ਪਿੰਡ ਦੀ ਜੂਹ ਵਿਚ ਜੁੜਿਆ ਕਰਦੇ ਸਨ। ਸਾਰੇ ਪਿੰਡ ਦੇ ਗੱਭਰੂਆਂ ਨੇ ਰਲ ਕੇ ਖੇਡਣਾ, ਕੋਈ ਜਾਤ-ਪਾਤ ਨਹੀਂ, ਊਚ-ਨੀਚ ਨਹੀਂ। ਅਮੀਰੀ-ਗਰੀਬੀ ਦਾ ਪਾੜਾ ਨਹੀਂ। ਸਾਰੇ ਰਲ ਕੇ ਅਨੰਦ ਮਾਣਦੇ ਸਨ। ਭਾਈਚਾਰਕ ਸਾਂਝ ਐਨੀ ਹੋਣੀ ਕਿ ਸਾਰੇ ਪਿੰਡ ਨੇ ਰਲ ਕੇ ਗੱਭਰੂਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਉ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ। ਸਾਂਝੀਆਂ ਖੁਰਾਕਾਂ ਖਾ ਕੇ ਪਲੇ ਗੱਭਰੂ ਪਿੰਡ ਦਾ ਮਾਣ ਹੋਇਆ ਕਰਦੇ ਸਨ। ਮੇਲਿਆਂ ਮੁਸਾਵਿਆਂ ‘ਤੇ ਕਿਸੇ ਨੇ ਪਹਿਲਵਾਨੀ ਵਿਚ ਆਪਣੇ ਪਿੰਡ ਦਾ ਨਾਂ ਕੱਢਣਾ, ਕਿਸੇ ਨੇ ਬੋਰੀ ਚੁੱਕਣ ਵਿਚ ਨਾਂ ਚਮਕਾਉਣਾ, ਤੇ ਕਿਸੇ ਨੇ ਮੂੰਗਲੀਆਂ ਫੇਰਨ ਵਿਚ ਬਾਜ਼ੀ ਜਿੱਤਣੀ। ਰੱਸਾ-ਕਸ਼ੀ ਤੇ ਕਬੱਡੀ ਦੀਆਂ ਟੀਮਾਂ ਨੇ ਪਿੰਡ ਨੂੰ ਪ੍ਰਸਿੱਧੀ ਦਵਾਉਣੀ। ਇਹ ਗੱਭਰੂ ਆਪਣੇ ਜੁਸਿਆਂ ਨੂੰ ਨਰੋਆ ਰੱਖਣ ਲਈ ਨਸਿ਼ਆਂ ਨੂੰ ਨੇੜੇ ਨਹੀਂ ਸਨ ਢੁੱਕਣ ਦਿੰਦੇ। ਸਾਫ-ਸੁਥਰੀ ਖੇਡ ਖੇਡਣਾ ਹੀ ਇਨ੍ਹਾਂ ਦਾ ਮਨੋਰਥ ਹੋਇਆ ਕਰਦਾ ਸੀ। ਇਹ ਖੇਡਾਂ ਹੀ ਸਨ, ਜਿਹੜੀਆਂ ਪਿੰਡਾਂ ਦੇ ਗੱਭਰੂਆਂ ਨੂੰ ਆਹਰੇ ਲਾਈ ਰੱਖਦੀਆਂ ਸਨ ਤੇ ਕੁਰਾਹੇ ਪੈਣ ਤੋਂ ਰੋਕਦੀਆਂ ਸਨ।
ਪੇਂਡੂ ਮੁੰਡੇ-ਕੁੜੀਆਂ ਦੀਆਂ ਖੇਡਾਂ ਬੜੀਆਂ ਮਨਮੋਹਕ ਤੇ ਕਾਵਿਕ ਹੁੰਦੀਆਂ ਹਨ। ਉਹ ਆਮ ਕਰ ਕੇ ਬੁੱਢੀ ਮਾਈ, ਭੰਡਾ ਭੰਡਾਰੀਆ, ਊਠਤ ਬੈਠਤ, ਊਚ ਨੀਚ, ਕੋਟਲਾ ਛਪਾਕੀ, ਦਾਈਆਂ ਦੂਹਕੜੇ, ਬਾਂਦਰ ਕੀਲਾ, ਕਿਣ ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ ਕਾਠ, ਖਾਨ ਘੋੜੀ, ਅੰਨਾਂ ਝੋਟਾ, ਪੂਛ ਪੂਛ, ਪਿੱਠੂ, ਪੀਚੋ ਬੱਕਰੀ, ਅੱਡੀ ਛੜੱਪਾ, ਕੂਕਾਂ ਕਾਂਗੜੇ, ਰੋੜੇ ਅਤੇ ਸ਼ੱਕਰ ਭਿੱਜੀ ਆਦਿ ਖੇਡਾਂ ਖੇਡ ਕੇ ਆਨੰਦ ਮਾਣਦੇ ਰਹੇ ਹਨ।
ਕਬੱਡੀ ਪੰਜਾਬੀ ਦੀ ਮਾਂ ਖੇਡ ਹੈ, ਜਿਸ ਰਾਹੀਂ ਇਨ੍ਹਾਂ ਦੇ ਸੁਭਾਅ ਦਾ ਅਤੇ ਮਰਦਊਪੁਣੇ ਤੇ ਬਲ ਦਾ ਪਤਾ ਲੱਗਦਾ ਹੈ। ਲੰਬੀ ਕੌਡੀ, ਗੁੰਗੀ ਕੌਡੀ ਅਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਕਿਸਮਾਂ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਸੌਂਚੀ ਪੱਕੀ ਮਾਲਵੇ ‘ਚ ਬੜੀ ਮਕਬੂਲ ਰਹੀ ਹੈ, ਜਿਸ ਨੂੰ ਖੇਡ ਚੜ੍ਹਨਾ ਵੀ ਕਿਹਾ ਜਾਂਦਾ ਸੀ। ਖਿਡਾਰੀਆਂ ਨੇ ਆਪਣੇ ਸਰੀਰਾਂ ‘ਤੇ ਤੇਲ ਮਲ ਕੇ ਪਿੰਡੇ ਲਿਸ਼ਕਾਏ ਹੁੰਦੇ। ਪਾੜੇ ਵਿਚ ਦੋ ਖਿਡਾਰੀ ਆਪੋ ਆਪਣਾ ਪਾਸਾ ਮੱਲ ਕੇ ਖੇਡ ਸ਼ੁਰੂ ਕਰਦੇ ਸਨ। ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਜਾਂਦਾ ਤੇ ਦੂਜੇ ਖਿਡਾਰੀ ਦੀ ਛਾਤੀ ਵਿਚ ਪੂਰੇ ਜ਼ੋਰ ਨਾਲ ਧੱਫੇ ਮਾਰਦਾ। ਧੱਫੇ ਕੇਵਲ ਛਾਤੀ ‘ਤੇ ਹੀ ਮਾਰਨੇ ਜਾਇਜ਼ ਸਨ। ਧੱਫੇ ਖਾਣ ਵਾਲਾ ਖਿਡਾਰੀ ਵਿਰੋਧੀ ਦੀ ਵੀਣੀ ਫੜਦਾ ਤੇ ਜਾਣ ਵਾਲਾ ਵੀਣੀ ਛੁਡਾਉਣ ਦੇ ਯਤਨ ਕਰਦਾ। ਇਉਂ ਸਾਰੀ ਜ਼ੋਰ ਅਜ਼ਮਾਈ ਵੀਣੀ ਪਕੜਨ ਤੇ ਛੁਡਾਉਣ ‘ਤੇ ਹੁੰਦੀ ਰਹਿੰਦੀ। ਇਸ ਖੇਡ ਵਿਚ ਕੁਸ਼ਤੀ ਵਾਂਗ ਇਕ ਦੂਜੇ ਦੇ ਬਲ ਦੀ ਪ੍ਰੀਖਿਆ ਹੁੰਦੀ। ਜਿਹੜਾ ਵੀਣੀ ਛੁਡਾ ਕੇ ਦੂਜਿਆਂ ਨੂੰ ਜਿੱਤ ਜਾਂਦਾ, ਉਸ ਨੂੰ ਬੱਧੀ ਮਾਲੀ ਮਿਲਦੀ।
ਖੁੱਦੋ ਖੂੰਡੀ ਅਤੇ ਲੂਣ ਤੇਲ ਲੱਲ੍ਹੇ, ਬੜੀਆਂ ਰੌਚਿਕ ਖੇਡਾਂ ਰਹੀਆਂ ਹਨ। ਲੀਰਾਂ ਦੀਆਂ ਖੁੱਦੋਆਂ ਅਤੇ ਕਿੱਕਰਾਂ ਬੇਰੀਆਂ ਦੀਆਂ ਖੂੰਡੀਆਂ ਨਾਲ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ। ਖੁੱਦੋ ਖੂੰਡੀ ਦੀ ਥਾਂ ਹੁਣ ਹਾਕੀ ਨੇ ਮੱਲ ਲਈ ਹੈ ਤੇ ਲੂਣ ਤੇਲ ਲੱਲ੍ਹੇ ਕ੍ਰਿਕਟ ਵਿਚ ਜਾ ਸਮੋਏ ਹਨ। ਲੱਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲੀ ਥਾਂ ‘ਤੇ ਖੇਡੀ ਜਾਂਦੀ ਸੀ। ਇਸ ਦੇ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਸੀ ਹੁੰਦੀ। ਇਹ ਬੜੀ ਫੁਰਤੀ ਨਾਲ ਅਤੇ ਚੌਕੰਨਾ ਹੋ ਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ, ਚਾਰ-ਚਾਰ ਮੀਟਰ ਫਾਸਲੇ ‘ਤੇ ਤਿੰਨ-ਚਾਰ ਇੰਚ ਗੁਲਾਈ ਦੇ ਡੂੰਘੇ ਟੋਏ ਪੁੱਟਦੇ, ਜਿਨ੍ਹਾਂ ਨੂੰ ਲੱਲ੍ਹੇ ਆਖਦੇ। ਇਨ੍ਹਾਂ ਲੱਲ੍ਹਿਆਂ ਵਿਚ ਉਹ ਆਪਣੀਆਂ ਖੂੰਡੀਆਂ ਦੇ ਖੂੰਡ ਟਿਕਾਅ ਕੇ ਖੜੋ ਜਾਂਦੇ। ਦਾਈ ਵਾਲਾ ਲੀਰਾਂ ਦੀ ਬਣੀ ਖੁੱਦੋ ਨੂੰ ਨੱਸ ਕੇ ਫੜਦਾ ਤੇ ਨੇੜੇ ਦੇ ਖਿਡਾਰੀ ਦੇ ਜ਼ੋਰ ਦੀ ਮਾਰਦਾ। ਜੇ ਕਿਸੇ ਖਿਡਾਰੀ ਨੂੰ ਖੁੱਦੋ ਛੋਹ ਜਾਂਦੀ ਤਾਂ ਉਹਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣੀ ਖੂੰਡੀ ਤੇ ਲੱਲ੍ਹਾ ਪਹਿਲੇ ਦਾਈ ਵਾਲੇ ਨੂੰ ਫੜਾ ਕੇ ਦਾਈ ਦਿੰਦਾ। ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛੱਡ ਕੇ ਖੁੱਦੋ ਨੂੰ ਹੋਰ ਦੂਰ ਭੇਜਣ ਲਈ ਟੱਲੇ ਮਾਰਦੇ। ਦਾਈ ਵਾਲਾ ਕਦੇ ਲੱਲ੍ਹਿਆਂ ਵੱਲ ਭੱਜਦਾ, ਕਦੇ ਖੁੱਦੋ ਵੱਲ ਦੌੜਦਾ ਜੇ ਉਹ ਕਿਸੇ ਖਾਲੀ ਲੱਲ੍ਹੇ ਵਿਚ ਪੈਰ ਪਾ ਦਿੰਦਾ ਤਾਂ ਲੱਲ੍ਹੇ ਵਾਲੇ ਸਿਰ ਦਾਈ ਆ ਜਾਂਦੀ ਤੇ ਉਹ ਉਸ ਦੀ ਖੂੰਡੀ ਫੜ ਕੇ ਖੇਡਣ ਲੱਗ ਜਾਂਦਾ।
ਡੰਡਾ ਡੁਕ, ਡੰਡ ਪਲਾਂਘੜਾ ਜਾਂ ਪੀਲ ਪਲੀਂਗਣ ਨਾਂ ਦੀ ਖੇਡ ਵੀ ਬੜੀ ਰੌਚਿਕ ਹੈ। ਗਰਮੀਆਂ ਦੀ ਰੁੱਤੇ ਦੁਪਹਿਰ ਸਮ ਆਮ ਤੌਰ ‘ਤੇ ਪਿੱਪਲਾਂ ਬਰੋਟਿਆਂ ਦੇ ਦਰੱਖਤਾਂ ‘ਤੇ ਖੇਡੀ ਜਾਂਦੀ ਸੀ। ਖਿਡਾਰੀ ਦਰੱਖਤ ਉਤੇ ਚੜ੍ਹ ਜਾਂਦੇ, ਪੁੱਗ ਕੇ ਬਣਿਆ ਦਾਈ ਵਾਲਾ ਦਾਈ ਦਿੰਦਾ। ਦਰੱਖਤ ਦੇ ਥੱਲੇ ਇਕ ਗੋਲ ਚੱਕਰ ਵਿਚ ਡੇਢ-ਦੋ ਫੁੱਟ ਦਾ ਡੰਡਾ ਰੱਖਿਆ ਜਾਂਦਾ। ਦਰੱਖਤ ‘ਤੇ ਚੜ੍ਹੇ ਖਿਡਾਰੀਆਂ ਵਿਚੋਂ ਇਕ ਜਣਾ ਥੱਲੇ ਉੱਤਰ ਕੇ, ਦਾਇਰੇ ਵਿਚੋਂ ਡੰਡਾ ਚੁੱਕ ਕੇ ਆਪਣੀ ਖੱਬੀ ਲੱਤ ਥਲਿਓਂ ਘੁਮਾ ਕੇ ਦੂਰ ਸੁੱਟਦਾ, ਫਿਰ ਦਰੱਖਤ ‘ਤੇ ਚੜ੍ਹ ਜਾਂਦਾ ਤੇ ਖੇਡ ਸ਼ੁਰੂ ਹੋ ਜਾਂਦੀ। ਦਾਈ ਵਾਲਾ ਡੰਡੇ ਨੂੰ ਚੁੱਕ ਕੇ, ਦਾਇਰੇ ਵਿਚ ਡੰਡਾ ਦੁਬਾਰਾ ਰੱਖ ਕੇ, ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦਰੱਖਤ ‘ਤੇ ਚੜ੍ਹਦਾ, ਜਦੋਂ ਕਿ ਦੂਜੇ ਖਿਡਾਰੀ ਦਰੱਖਤ ਦੀਆਂ ਟਾਹਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਤੇ ਨੱਸ ਕੇ ਡੰਡਾ ਚੁੱਕ ਕੇ ਚੁੰਮਦੇ। ਜਿਸ ਖਿਡਾਰੀ ਨੂੰ ਦਾਈ ਵਾਲਾ, ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦਿੰਦਾ, ਉਹਦੇ ਸਿਰ ਦਾਈ ਆ ਜਾਂਦੀ। ਇਸ ਪ੍ਰਕਾਰ ਇਹ ਖੇਡ ਪਹਿਲਾਂ ਵਾਂਗ ਚਾਲੂ ਰਹਿੰਦੀ।
ਗੁੱਲੀ ਡੰਡਾ, ਨੂਣ ਮਿਆਣੀ, ਸੱ਼ਕਰ ਭਿੱਜੀ, ਟਿਬਲਾ ਟਿਬਲੀ ਆਦਿ ਵੀ ਬੜੀਆਂ ਦਿਲਚਸਪ ਖੇਡਾਂ ਸਨ। ਬਾਰਾਂ ਬੀਕਰੀ, ਬਾਰਾਂ ਟਾਹਣੀ, ਸ਼ਤਰੰਜ, ਚੌਪੜ, ਬੋੜਾ ਖੂਹ ਅਤੇ ਖੱਡਾ ਆਦਿ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ, ਜਿਨ੍ਹਾਂ ਨੂੰ ਸਾਡੇ ਵੱਡ-ਵਡੇਰੇ ਬੜੇ ਸ਼ੌਕ ਨਾਲ ਖੇਡਿਆ ਕਰਦੇ ਸਨ। ਇਹ ਖੇਡਾਂ ਸਾਡੇ ਲੋਕ ਜੀਵਨ ਵਿਚੋਂ ਅਲੋਪ ਹੋ ਰਹੀਆਂ ਹਨ। ਨਾ ਹੁਣ ਪਿੰਡਾਂ ਵਿਚ ਉਹ ਖੁੱਲ੍ਹੀਆਂ ਜੂਹਾਂ ਰਹੀਆਂ ਹਨ, ਜਿਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਹੁਣ ਕਿਸੇ ਕੋਲ ਖੇਡਣ ਦੀ ਵਿਹਲ ਹੈ। ਬੱਸ ਖੇਡਾਂ ਦੇ ਨਾਂ ਹੀ ਚੇਤੇ ਰਹਿ ਗਏ ਹਨ। ਸਿਆਣੇ ਸੱਚ ਆਖਦੇ ਹਨ ਕਿ ਖੇਡਾਂ ਤੇ ਮਾਂਵਾਂ ਮੁੱਕਣ ‘ਤੇ ਹੀ ਚੇਤੇ ਆਉਂਦੀਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਅਤਿਅੰਤ ਜ਼ਰੂਰੀ ਹੈ।