ਬਾਗੀ ਦੀ ਧੀ

‘ਬਾਗੀ ਦੀ ਧੀ’ ਗੁਰਮੁਖ ਸਿੰਘ ਮੁਸਾਫ਼ਿਰ (15 ਜਨਵਰੀ 1899-18 ਜਨਵਰੀ 1976) ਦੀਆਂ ਯਾਦਗਾਰੀ ਕਹਾਣੀ ਵਿਚੋਂ ਇਕ ਹੈ। ਬਹੁਤ ਸਾਧਾਰਨ ਬਿਰਤਾਂਤ ਨਾਲ ਬਹੁਤ ਭਾਵਪੂਰਤ ਗੱਲਾਂ ਇਸ ਕਹਾਣੀ ਵਿਚ ਪਰੋਈਆਂ ਪਈਆਂ ਹਨ। ਕਹਾਣੀ ਪਾਠਕ ਨੂੰ ਵਾਰ-ਵਾਰ ਭਾਵੁਕ ਕਰਦੀ ਹੈ ਪਰ ਇਸ ਕਹਾਣੀ ਦਾ ਸੁਨੇਹਾ ਇੰਨਾ ਜ਼ੋਰਦਾਰ ਅਤੇ ਜਾਨਦਾਰ ਹੈ ਕਿ ਪਾਠਕ ਛੇਤੀ ਹੀ ਭਾਵੁਕਤਾ ਦੀ ਕੰਧ ਪਾੜ ਕੇ, ਦ੍ਰਿੜਤਾ ਦਾ ਚੁਬਾਰਾ ਉਸਾਰ ਲੈਂਦਾ ਹੈ। -ਸੰਪਾਦਕ

ਗੁਰਮੁਖ ਸਿੰਘ ਮੁਸਾਫ਼ਿਰ
ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਦਿੱਤਾ, “ਲਓ, ਖਾਲਸਾ ਤਿਆਰ-ਬਰ-ਤਿਆਰ ਹੈ।” ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖਲੇ ਨੂੰ ਲੁਕਾ ਨਾ ਸਕਿਆ।
“ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿਚ ਕੱਟਣੀ ਪਏਗੀ। ਜੇਲ੍ਹ ਅਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ ਤਾਂ ਤੁਸੀਂ ਜਾਣੂ ਹੀ ਹੋ।” ਪੁਲਿਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ, “ਮੇਰੇ ਲਈ ਗੱਲ ਇਕੋ ਹੈ। ਥਾਣਿਆਂ ਦੀਆਂ ਹਵਾਲਾਤਾਂ ਵਿਚ ਵੀ ਬਥੇਰੀਆਂ ਪੱਸਲੀਆਂ ਘਸਾਈਆਂ ਹਨ।”
“ਨਹੀਂ ਨਹੀਂ, ਮੇਰਾ ਮਤਲਬæææ।”
ਕਿਸ਼ਨ ਸਿੰਘ ਨੇ ਵਿਚੋਂ ਹੀ ਕਿਹਾ, “ਤੁਹਾਡਾ ਮਤਲਬ ਛੇਤੀ ਤੋਂ ਹੈ ਨਾ? ਚੱਲੋ, ਮੇਰੇ ਵੱਲੋਂ ਕੋਈ ਢਿੱਲ ਨਹੀਂ।”
ਜ਼ੁਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ। ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੀ ਕੋਈ ਚੀਜ਼ ਗੁਆਚ ਗਈ ਹੈ। ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਉਹ ਵਧੀਕ ਤਸੱਲੀ ਨਾਲ ਇਸ ਸਫ਼ਰ ਵਿਚ ਪੇਸ਼ ਆ ਸਕਦਾ ਹੈ।
“ਸ਼ਰਨ!” ਕਿਸ਼ਨ ਸਿੰਘ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਵੀਰਾਂਵਾਲੀ ਨੇ ਅੰਦਰੋਂ ਕਿਹਾ, “ਭਰਾ ਜੀ, ਭਰਜਾਈ ਤਾਂ ਮੀਟਿੰਗ ਵਿਚ ਗਈ ਹੋਈ ਹੈ।”
ਇੰਸਪੈਕਟਰ ਦੇ ਕੰਨ ਖੜ੍ਹੇ ਹੋ ਗਏ।
ਕਿਸ਼ਨ ਸਿੰਘ ਨੇ ਕਿਹਾ, “ਵੀਰਾਂ, ਲਾਜ ਦੇ ਬੁਖਾਰ ਵਾਲਾ ਕਾਗਜ਼ ਚੁੱਕ ਲਿਆ।”
ਵੀਰਾਂਵਾਲੀ ਨੇ ਕਾਗਜ਼ (ਚਾਰਟ) ਕਿਸ਼ਨ ਸਿੰਘ ਦੇ ਹੱਥ ਫੜਾਂਦਿਆਂ ਕਿਹਾ, “ਭਰਜਾਈ ਜਾਣ ਲੱਗੀ ਆਖਦੀ ਸੀ ਕਿ ਇਸ ਵੇਲੇ 102 ਹੈ, ਜੇ ਵਧ ਜਾਏ ਤਾਂ ਬਰਫ ਦੀ ਪੱਟੀ ਰੱਖਣੀ।”
ਕਿਸ਼ਨ ਸਿੰਘ ਪਹਿਲੀ ਵਾਰ ਜੇਲ੍ਹ ਨਹੀਂ ਜਾਣ ਲੱਗਾ। ਇੰਸਪੈਕਟਰ ਇਸ ਦੀ ਦ੍ਰਿੜ੍ਹਤਾ ਤੋਂ ਅਨਜਾਣ ਨਹੀਂ। ਇੰਸਪੈਕਟਰ ਨੂੰ ਕਿਸ਼ਨ ਸਿੰਘ ਦੀ ਥੋੜ੍ਹੀ ਜਿਹੀ ਪ੍ਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ ਹੈ। ਮੀਟਿੰਗ ਲਫਜ਼ ਇੰਸਪੈਕਟਰ ਦੇ ਕੰਨਾਂ ਵਿਚ ਕੱਚ ਕੇ ਟੁਕੜੇ ਵਾਂਗ ਰੜਕਿਆ। ਸਾਈਕਲ ਉਤੇ ਲੱਤ ਧਰਦਿਆਂ ਹੀ ਉਸ ਨੇ ਨਾਲ ਦੇ ਸਿਪਾਹੀਆਂ ਨੂੰ ਅੱਖ ਨਾਲ ਕੁਝ ਸਮਝਾਇਆ ਅਤੇ ਨਾਲ ਕਿਹਾ, “ਸਰਦਾਰ ਜੀ, ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲਵੋ, ਮੈਂ ਆਉਂਦਾ ਹਾਂ।”
ਇੰਸਪੈਕਟਰ ਸੜਕੋਂ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜ਼ਿਉਂ ਅੰਦਰ ਵੜ ਗਿਆ। ਬੈਠੇ ਸਿਪਾਹੀਆਂ ਵਿਚੋਂ ਇਕ ਨੇ ਕਿਹਾ, “ਇੰਸਪੈਕਟਰ ਸਾਹਿਬ ਸ਼ਾਇਦ ਕਿਧਰੇ ਟੈਲੀਫੋਨ ਕਰਨ ਗਏ ਹਨ।”
ਵੀਰਾਂਵਾਲੀ ਦੀਆਂ ਅੱਖਾਂ ਦੇ ਸੋਮੇ ਫੁੱਟਣ ਹੀ ਵਾਲੇ ਸਨ। ਕਿਸ਼ਨ ਸਿੰਘ ਦੀ ਕੁਝ ਘੂਰ-ਭਰੀ ਸੈਨਤ ਨੂੰ ਪਛਾਣ ਕੇ ਉਹ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਚੌਕੀ ਉਤੇ ਬੈਠ ਗਈ। ਕਿਸ਼ਨ ਸਿਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸੰਵਾਰਦਿਆਂ ਕਿਹਾ, “ਪੁੱਤਰ! ਹੁਣ ਤੂੰ ਠੀਕ ਹੈਂ। ਅੱਜ ਤਾਂ ਬੁਖ਼ਾਰ ਘੱਟ ਹੈ, ਕੱਲ੍ਹ ਸ਼ਾਇਦ ਟੁੱਟ ਹੀ ਜਾਵੇ। ਜੇ ਤੈਨੂੰ ਬੁਖਾਰ ਨਾ ਹੁੰਦਾ ਤਾਂ ਮੈਂ ਹੁਣ ਤੱਕ ਜੇਲ੍ਹ ਚਲੇ ਜਾਣਾ ਸੀ। ਸਾਥੀ ਤਾਂ ਸਾਰੇ ਚਲੇ ਹੀ ਗਏ ਹਨ।”
ਲਾਡਲੀ ਲਾਜ ਨੇ ਮੱਧਮ ਜਿਹੀ ਆਵਾਜ਼ ਵਿਚ ਕਿਹਾ, “ਮੈਂ ਤਾਂ ਫਿਰ ਮਾੜੀ ਕੁੜੀ ਹੋਈ ਜਿਸ ਨੇ ਤੁਹਾਡੇ ਚੰਗੇ ਕੰਮ ਵਿਚ ਰੋਕ ਪਾਈ ਹੈ।”
“ਨਹੀਂ ਮੇਰੀ ਲਾਜ ਬੇਟੀ, ਤੇਰਾ ਇਸ ਵਿਚ ਕੀ ਕਸੂਰ ਹੈ। ਬੁਖਾਰ ਕੋਈ ਤੇਰੇ ਵੱਸ ਦੀ ਗੱਲ ਤਾਂ ਨਹੀਂ ਨਾ। ਤੈਨੂੰ ਇਸ ਤਰ੍ਹਾਂ ਛੱਡ ਕੇ ਜਾਣ ਦਾ ਤਾਂ ਮੇਰਾ ਪਹਿਲਾਂ ਹੌਸਲਾ ਹੀ ਨਹੀਂ ਪਿਆ। ਜਿਸ ਦਿਨ ਬੰਬਈ ਸਾਡੇ ਆਗੂ ਫੜੇ ਗਏ ਸਨ, ਉਸ ਦਿਨ ਮੈਂ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਮਤੇ ਉਤੇ ਪੰਜ ਮਿੰਟ ਬੋਲਿਆ ਸਾਂ। ਫਿਰ ਮੈਂ ਤੇਰੇ ਦਵਾਈ-ਦਾਰੂ ਵਿਚ ਹੀ ਲੱਗਾ ਰਿਹਾ। ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ। ਉਂਜ ਵੀ ਪਹਿਲਾਂ ਲੀਡਰਾਂ ਨੂੰ ਹੀ ਫੜਨਗੇ। ਅਸਾਂ ਸੇਵਾਦਾਰਾਂ ਦੀ ਵਾਰੀ ਪਿਛੋਂ ਹੀ ਆਉਣੀ ਹੈ, ਪਰ ਸਾਨੂੰ ਉਜਰ ਵੀ ਕੀ ਹੈ। ਭਾਵੇਂ ਹੁਣ ਫੜ ਲੈਣ।” ਕਿਸ਼ਨ ਸਿੰਘ ਦੇ ਮੂੰਹੋਂ ਇਹ ਅਖੀਰਲਾ ਫਿਕਰਾ ਅਜੇ ਨਿਕਲਿਆ ਹੀ ਸੀ ਕਿ ਲਾਜ ਨੇ ਨਾਲ ਹੀ ਆਖ ਦਿੱਤਾ, “ਬੇਸ਼ੱਕ ਫੜ ਲੈਣ।”
ਕਿਸ਼ਨ ਸਿੰਘ ਆਪਣੀ ਇਕਲੌਤੀ ਲਾਡਲੀ ਨਾਲ ਜਿਉਂ-ਜਿਉਂ ਗੱਲਾਂ ਕਰਦਾ ਗਿਆ, ਉਸ ਦਾ ਮਨ ਹੌਲਾ ਹੁੰਦਾ ਗਿਆ। ਹੁਣ ਉਹ ਬੇਸਬਰੀ ਨਾਲ ਆਪਣੀ ਘਰਵਾਲੀ ਸ਼ਰਨ ਕੌਰ ਨੂੰ ਉਡੀਕ ਰਿਹਾ ਹੈ। ਬਰਾਂਡੇ ਵੱਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇੰਸਪੈਕਟਰ ਵੀ ਅਜੇ ਨਹੀਂ ਪਰਤਿਆ।
ਪਾਸ ਬੈਠੀ ਵੀਰਾਂਵਾਲੀ ਤਾਂ ਗਲੇਡੂ ਭਰ ਆਉਣ ਦੇ ਡਰ ਤੋਂ ਨਹੀਂ ਸੀ ਬੋਲਦੀ, ਪਰ ਹੁਣ ਉਸ ਨੂੰ ਵੀ ਕੁਝ ਹੌਸਲਾ ਜਿਹਾ ਹੋ ਗਿਆ। ਉਸ ਨੇ ਕਿਹਾ, “ਲਾਜ! ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾ-ਦਾਰੂ ਕੌਣ ਕਰੇਗਾ? ਤੂੰ ਉਦਾਸ ਨਾ ਹੋ ਜਾਵੇਂਗੀ?”
“ਭੂਆ ਜੀ, ਦਵਾ-ਦਾਰੂ ਲਈ ਤੁਸੀਂ ਜੁ ਮੇਰੇ ਪਾਸ ਹੋ, ਮਾਤਾ ਜੀ ਜੁ ਹਨ। ਬਾਕੀ ਰਹੀ ਉਦਾਸੀ ਦੀ ਗੱਲ, ਮੈਂ ਤਾਂ ਰਾਜ਼ੀ ਹੋ ਕੇ ਆਪ ਵੀ ਇਸ ਵੇਰਾਂ ਪਿਤਾ ਜੀ ਪਾਸ ਜੇਲ੍ਹ ਵਿਚ ਚਲੀ ਜਾਵਾਂਗੀ।”
ਲਾਜ ਦੀ ਗੱਲ ਸੁਣ ਕੇ ਵੀਰਾਂਵਾਲੀ ਦਾ ਬੇਇਖਤਿਆਰ ਹਾਸਾ ਨਿਕਲ ਗਿਆ।
ਲਾਜ ਨੇ ਕਿਹਾ, “ਨਹੀਂ ਭੂਆ ਜੀ ਹਾਸੇ ਦੀ ਗੱਲ ਨਹੀਂ। ਆਪਣੇ ਮੁਲਕ ਵਾਸਤੇ ਜੇਲ੍ਹ ਵਿਚ ਜਾਣਾ ਕੋਈ ਮਾੜੀ ਗੱਲ ਨਹੀਂ। ਮੈਂ ਇਸ ਵੇਰਾਂ ਜ਼ਰੂਰ ਜਾਣਾ ਹੈ।”
“ਲਾਜ! ਤੂੰ ਤਾਂ ਅਜੇ ਬਾਰ੍ਹਾਂ ਵਰ੍ਹਿਆਂ ਦੀ ਵੀ ਨਹੀਂ ਹੋਈ।”
ਭੂਆ ਦੀ ਗੱਲ ਸੁਣ ਕੇ ਲਾਜ ਨੇ ਕਿਹਾ, “ਪਿਤਾ ਜੀ, ਸੁਣੋ ਭੂਆ ਜੀ ਦੀ ਗੱਲ। ਮਲੂਮ ਹੁੰਦਾ ਹੈ, ਭੂਆ ਜੀ ਕਦੇ ਗੁਰਦੁਆਰੇ ਨਹੀਂ ਗਏ। ਇਨ੍ਹਾਂ ਨੇ ਕਦੇ ਕਥਾ ਨਹੀਂ ਸੁਣੀ। ਪਿਤਾ ਜੀ, ਭੂਆ ਜੀ ਨੂੰ ਦੱਸਣਾ, ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ। ਉਹ ਤਾਂ ਇਸ ਉਮਰ ਵਿਚ ਸ਼ਹੀਦ ਵੀ ਹੋ ਗਏ ਸਨ। ਮੈਂ ਜੇਲ੍ਹ ਨਹੀਂ ਜਾ ਸਕਦੀ?”
ਵੀਰਾਂਵਾਲੀ ਦੀ ਤਾਂ ਗੱਲ ਹੀ ਕੀ, ਹੁਣ ਤਾਂ ਕਿਸ਼ਨ ਸਿੰਘ ਦੀਆਂ ਅੱਖਾਂ ਵੀ ਬੇਕਾਬੂ ਹੋ ਗਈਆਂ। ਇਹ ਤਸੱਲੀ-ਭਰੀ ਖੁਸ਼ੀ ਦੇ ਅੱਥਰੂ ਸਨ।
ਕਿਸ਼ਨ ਸਿੰਘ ਨੇ ਲਾਜ ਦੇ ਸਰ੍ਹਾਣਿਉਂ ਚਾਬੀਆਂ ਚੁੱਕੀਆਂ। ਸਾਮਾਨ ਵਾਲੇ ਕਮਰੇ ਵਿਚ ਹੀ ਉਸ ਨੇ ਕੱਪੜੇ ਬਦਲੇ ਅਤੇ ਮੁੜ ਲਾਜ ਪਾਸ ਆ ਗਿਆ। ਲਾਜ ਦੇ ਇਸ ਸਵਾਲ ਨੇ ਕਿ “ਪਿਤਾ ਜੀ, ਇਸ ਵੇਲੇ ਕਿਉਂ ਕੱਪੜੇ ਬਦਲੇ ਨੇ? ਕਿਧਰੇ ਚਲੋ ਹੋ?”, ਕਿਸ਼ਨ ਸਿੰਘ ਦਾ ਬਹੁਤ ਸਾਰਾ ਕੰਮ ਸੌਖਾ ਕਰ ਦਿੱਤਾ। ਕਿਸ਼ਨ ਸਿੰਘ ਨੂੰ ਹੁਣ ਇਹੋ ਸੋਚ ਸੀ ਕਿ ਆਪਣੇ ਹੁਣੇ ਗ੍ਰਿਫਤਾਰ ਹੋਣ ਦੀ ਖਬਰ ਬਿਮਾਰ ਲਾਜ ਨੂੰ ਕਿਹੜੇ ਲਫਜ਼ਾਂ ਵਿਚ ਦੱਸੇ। ਵੀਰਾਂਵਾਲੀ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ। ਕਿਸ਼ਨ ਸਿੰਘ ਨੇ ‘ਸ਼ਬਦਾਰਥ’ ਦੀਆਂ ਪੋਥੀਆਂ ਅਤੇ ਨਿੱਤਨੇਮ ਦਾ ਗੁਟਕਾ ਲਾਜ ਦੇ ਕਮਰੇ ਦੀ ਅਲਮਾਰੀ ਵਿਚੋਂ ਕੱਢ ਕੇ ਆਪਣੇ ਨਿੱਕੇ ਜਿਹੇ ਬਕਸੇ ਵਿਚ ਪਾ ਲਏ। ਬਰਾਂਡੇ ਵਿਚ ਬੂਟਾਂ ਦਾ ਖੜਕਾਰ ਹੋਇਆ। ਕਿਸ਼ਨ ਸਿੰਘ ਨੇ ਤਾਪ ਨਾਲ ਭਖ ਰਹੇ ਲਾਜ ਦੇ ਮੱਥੇ ਨੂੰ ਚੁੰਮਿਆ। “ਮੇਰੀ ਲਾਜ” ਦਾ ਭਾਵਪੂਰਤ ਸ਼ਬਦ ਉਸ ਦੇ ਮੂੰਹ ਵਿਚੋਂ ਨਿਕਲਿਆ। ਉਸ ਦੀਆਂ ਅੱਖਾਂ ਵਿਚ ਜੰਮੇ ਹੋਏ ਮੋਤੀ ਇਕ ਵੇਰ ਫੇਰ ਪਿਘਲ ਪਏ। ਅੰਞਾਣੀ ਲਾਜ ਨੇ ਬੜੀ ਸਿਆਣਪ ਭਰੀ ਆਵਾਜ਼ ਵਿਚ ਕਿਹਾ, “ਪਿਤਾ ਜੀ, ਮੇਰਾ ਫਿਕਰ ਨਾ ਕਰੋ।”
ਘਰ ਦੇ ਗਲੀ ਵਾਲੇ ਦਰਵਾਜ਼ਿਉਂ ਇਕ ਨੌਜਵਾਨ ਅੰਦਰ ਵੜਿਆ ਅਤੇ ਪੁਲਿਸ ਦੀ ਅੱਖ ਬਚਾ ਕੇ ਉਸ ਨੇ ਕਿਸ਼ਨ ਸਿੰਘ ਦੇ ਕੰਨ ਵਿਚ ਕੋਈ ਗੱਲ ਕੀਤੀ। ਨੌਜਵਾਨ ਵਾਪਸ ਚਲਾ ਗਿਆ। ਕਿਸ਼ਨ ਸਿੰਘ ਦੇ ਚਿਹਰੇ ਉਤੇ ਫਿਰ ਡੂੰਘੀ ਗੰਭੀਰਤਾ ਛਾ ਗਈ। ਇਸੇ ਹਾਲਤ ਵਿਚ ਲਾਜ ਸਬੰਧੀ ਵੀਰਾਂਵਾਲੀ ਨੂੰ ਕੁਝ ਗੱਲਾਂ ਸਮਝਾ ਕੇ ਉਹ ਪੁਲਿਸ ਦੇ ਟਾਂਗੇ ਵਿਚ ਬੈਠ ਗਿਆ।
(2)
ਸ਼ਹਿਰ ਦੀ ਕੋਤਵਾਲੀ ਵਿਚ ਟੈਲੀਫੋਨ ਦੀ ਘੰਟੀ ਖੜਕਣ ਨਾਲ ਹੀ ਗਾਰਦ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ ਪਰ ਤੁਰਨ ਦਾ ਆਰਡਰ ਇਕ ਘੰਟੇ ਦੀ ਉਡੀਕ ਪਿਛੋਂ ਮਿਲਿਆ। ਛੋਟੇ ਬਾਜ਼ਾਰ ਦੇ ਨਾਲ ਲਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਦੇ ਘੇਰਾ ਪਾਉਣ ਦੀ ਢਿੱਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੇ ਗਲੀ ਵੱਲ ਖੁੱਲ੍ਹਣ ਵਾਲੇ ਦਰਵਾਜ਼ੇ ਵਿਚੋਂ ਇਕ ਖੱਦਰ ਪੋਸ਼ ਬੀਬੀ ਦੌੜ ਕੇ ਬਾਹਰ ਨਿਕਲੀ। ਇਸ ਦੇ ਹੱਥ ਵਿਚ ਕੌਮੀ ਝੰਡਾ ਅਤੇ ਗਾਤਰੇ ਵਾਲੀ ਕਿਰਪਾਨ ਹੈ। ਤੁਰੰਤ ਹੀ ਇਸ ਦੇ ਪਿਛੇ ਪਿਛੇ ਕੌਮੀ ਨਾਅਰੇ ਲਾਂਦੀਆਂ ਖੱਦਰ ਦੀਆਂ ਸਾੜੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ। ਗਲੀ ਵਾਲੇ ਦਰਵਾਜ਼ੇ ਅੱਗੇ ਖੜ੍ਹਾ ਸਿਪਾਹੀ ਵੇਖਦਾ ਹੀ ਰਹਿ ਗਿਆ ਅਤੇ ਇਹ ਬੀਬੀਆਂ ਬਾਜ਼ਾਰ ਵਿਚ ਪੁੱਜ ਗਈਆਂ। “ਭਾਰਤ ਮਾਤਾ ਦੀ ਜੈ” ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਗਾ। ਥੋੜ੍ਹੇ ਚਿਰ ਵਿਚ ਇੰਨੀ ਭੀੜ ਹੋ ਗਈ ਕਿ ਛੋਟੇ ਬਾਜ਼ਾਰ ਦਾ ਰਸਤਾ ਹੀ ਬੰਦ ਹੋ ਗਿਆ।
ਕੌਮੀ ਝੰਡੇ ਵਾਲੀ ਬੀਬੀ ਨੇ ਝੰਡਾ ਉਚਾ ਚੁੱਕ ਰੱਖਿਆ ਸੀ। ਇਕ ਪੁਲਸੀਏ ਨੇ ਅੱਗੇ ਵਧ ਕੇ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ। ਝੰਡੇ ਵਾਲੀ ਬੀਬੀ ਅੱਗੇ ਵਧਦੀ ਜਾ ਰਹੀ ਸੀ। ਪੁਲਿਸ ਵਾਲੇ ਦਾ ਹੱਥ ਗਾਤਰੇ ਦੀ ਕਿਰਪਾਨ ਉਤੇ ਜਾ ਪਿਆ ਅਤੇ ਖਿੱਚਾ-ਖਿੱਚੀ ਵਿਚ ਮਿਆਨ ਉਤਰ ਗਿਆ ਤੇ ਪੁਲਸੀਏ ਦੇ ਹੱਥ ਨੂੰ ਝਰੀਟ ਆ ਗਈ। ਥੋੜ੍ਹਾ ਖੂਨ ਵੀ ਨਿਕਲ ਆਇਆ। ਪੁਲਿਸ ਨੇ ਘਬਰਾ ਕੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਬਹੁਤ ਸਾਰੀ ਭੀੜ ਖਿੰਡ-ਪੁੰਡ ਗਈ ਅਤੇ ਝੰਡੇ ਵਾਲੀ ਬੀਬੀ ਨੇ ਕੌਮੀ ਝੰਡੇ ਨੂੰ ਦੋਹਾਂ ਹੱਥਾਂ ਨਾਲ ਘੁੱਟ ਕੇ ਫੜ ਲਿਆ ਤੇ ਉਹ ਇਕ ਦੁਕਾਨ ਦੇ ਸਾਹਮਣੇ ਫੱਟੇ ਉਤੇ ਧਰਨਾ ਮਾਰ ਕੇ ਬਹਿ ਗਈ। ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਉਤੇ ਬਹਿ ਗਈਆਂ। ਬਹੁਤ ਸਾਰੀ ਭੀੜ ਖਿੰਡ-ਪੁੰਡ ਜਾਣ ਮਗਰੋਂ ਪੁਲਿਸ ਦੇ ਗਾਰਦ-ਇੰਚਾਰਜ ਨੇ ਪਹਿਲਾਂ ਬੜੇ ਰੋਹਬ ਨਾਲ, ਫਿਰ ਨਰਮੀ ਨਾਲ ਝੰਡੇ ਵਾਲੀ ਬੀਬੀ ਤੋਂ ਝੰਡਾ ਲੈਣ ਦੀ ਕੋਸ਼ਿਸ਼ ਕੀਤੀ।
“ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ।”
ਅਖੀਰ ਬੀਬੀਆਂ ਦੇ ਸਾਰੇ ਜਥੇ ਨੂੰ ਗ੍ਰਿਫਤਾਰ ਕਰ ਕੇ ਟਾਂਗਿਆਂ ਵਿਚ ਬਿਠਾ ਲਿਆ ਗਿਆ। ਜੇਲ੍ਹ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛਿੜ ਪਿਆ। ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਲ੍ਹ ਦੀ ਬੈਰਕ ਉਤੇ ਕੌਮੀ ਝੰਡਾ ਲਾਉਣ ਲਈ ਅੰਦਰ ਲੈ ਜਾਵਾਂਗੀਆਂ।
ਇਹ ਝਗੜਾ ਹੋ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਵੀ ਲੈ ਕੇ ਪੁਲਿਸ ਜੇਲ੍ਹ ਦੇ ਦਰਵਾਜ਼ੇ ਅੱਗੇ ਪਹੁੰਚ ਗਈ। ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿਚ ਫੜੀ ਬੈਠੀ ਆਪਣੀ ਸੁਪਤਨੀ ਸ਼ਰਨ ਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਇਉਂ ਜਾਪਦਾ ਹੈ ਕਿ ਕਿਸ਼ਨ ਸਿੰਘ ਨੂੰ ਪਹਿਲਾਂ ਈ ਇਸ ਘਟਨਾ ਦਾ ਪਤਾ ਲੱਗ ਚੁੱਕਾ ਸੀ। ਕਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ, “ਤੁਸੀਂ ਝੰਡੇ ਸਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ। ਖੁੱਲ੍ਹ ਦੀ ਹਾਲਤ ਵਿਚ ਤੁਸਾਂ ਇਸ ਦੀ ਬੇ-ਅਦਬੀ ਨਹੀਂ ਹੋਣ ਦਿੱਤੀ। ਹੁਣ ਤੁਸੀਂ ਕੈਦ ਹੋ। ਜੇ ਇਕ ਵਾਰੀ ਤੁਸਾਂ ਬੈਰਕ ਉਤੇ ਝੰਡਾ ਲਾ ਵੀ ਲਿਆ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਰਕ ਦੇ ਅੰਦਰ ਬੰਦ ਕਰ ਕੇ ਝੰਡਾ ਪਾੜ ਦੇਣਗੇ। ਇਸ ਲਈ ਇਸ ਦਾ ਲਾਭ ਨਹੀਂ।”
ਅਖੀਰ ਫੈਸਲਾ ਹੋਇਆ ਕਿ ਝੰਡਾ ਅਦਬ ਨਾਲ ਕਾਂਗਰਸ ਦੇ ਦਫਤਰ ਵਿਚ ਪਹੁੰਚਾ ਦਿੱਤਾ ਜਾਵੇ। ਜੇਲ੍ਹ ਦੇ ਅੰਦਰ ਦਾਖਲ ਹੋ ਕੇ ਸ਼ਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁੱਛਿਆ, ਪਰ ਕੋਈ ਜੁਆਬ ਸੁਣਨ ਤੋਂ ਪਹਿਲਾਂ ਹੀ ਜ਼ਨਾਨਾ ਵਾਰਡ ਦਾ ਬੂਹਾ ਖੁੱਲ੍ਹ ਕੇ ਬੰਦ ਹੋ ਗਿਆ।
(3)
ਵੱਡਾ ਤਾਪ ਅਤੇ ਮਾਤਾ-ਪਿਤਾ ਦਾ ਫੜਿਆ ਜਾਣਾ ਸਾਰੇ ਦੁੱਖਾਂ ਦੇ ਬਾਵਜੂਦ ਦੇਸ-ਸੇਵਾ ਲਈ ਲਾਜ ਦੇ ਮਨ ਵਿਚ ਜੇਲ੍ਹ ਦੀ ਜ਼ਬਰਦਸਤ ਇੱਛਾ ਪ੍ਰਬਲ ਹੋ ਆਈ। ਲਾਜ ਦਿਨਾਂ ਵਿਚ ਹੀ ਤੁਰਨ-ਫਿਰਨ ਲੱਗ ਪਈ। ਭੂਆ ਨੇ ਲਾਜ ਦੀ ਸੇਵਾ ਵਿਚ ਕਸਰ ਨਾ ਰੱਖੀ। ਲਾਜ ਨੂੰ ਚੁਕਵਾ ਕੇ ਉਹ ਘਰ ਹੀ ਲੈ ਗਈ ਸੀ। ਵੀਰਾਂਵਾਲੀ ਦੇ ਘਰਵਾਲੇ ਜਮਾਂਦਾਰ ਹੁਸ਼ਨਾਕ ਸਿੰਘ ਨੂੰ ਆਪਣੇ ਸਾਲੇ ਅਤੇ ਸਾਲੇਹਾਰ ਦੇ ਫੜੇ ਜਾਣ ਦੀ ਖਬਰ ਗੱਡੀ ਵਿਚ ਕਿਸੇ ਵਾਕਫ ਤੋਂ ਮਿਲੀ, ਜਦ ਉਹ ਘਰ ਛੁੱਟੀ ਆ ਰਿਹਾ ਸੀ। ਛਾਉਣੀ ਵਿਚ ਕੋਈ ਅਖਬਾਰ ਨਹੀਂ ਸੀ ਜਾਂਦਾ।
ਹੁਸ਼ਨਾਕ ਸਿੰਘ ਦਾ ਟਾਂਗਾ ਜਦ ਬੂਹੇ ਅੱਗੇ ਪੁੱਜਾ ਤਾਂ ਲਾਜ ਦਰਵਾਜ਼ੇ ਵਿਚ ਖੜ੍ਹੀ ਸੀ। ਉਹਨੇ ਪਹਿਲਾਂ ਫੁੱਫੜ ਦੇ ਆਉਣ ਦੀ ਖਬਰ ਦੌੜ ਕੇ ਭੂਆ ਨੂੰ ਦੱਸੀ, ਫਿਰ ਪਰਤ ਕੇ ਟਾਂਗੇ ਵਿਚੋਂ ਉਤਰ ਰਹੇ ਫੁੱਫੜ ਦੇ ਗਲ ਆਣ ਲੱਗੀ। ਵੀਰਾਂਵਾਲੀ ਨੇ ਪਹਿਲਾਂ ਦਰਵਾਜ਼ੇ ਅੱਗੇ ਆਣ ਕੇ ਆਪ ਪਤੀ ਨੂੰ ਸਤਿ ਸ੍ਰੀ ਅਕਾਲ ਆਖੀ, ਫਿਰ ਝੱਟ ਅੰਦਰ ਵੜ ਕੇ ਸ਼ੀਸ਼ੇ ਅੱਗੇ ਆਪਣੇ ਵਾਲ ਸੁਆਰੇ, ਦੁਪੱਟਾ ਬਦਲਿਆ ਅਤੇ ਮੁੜ ਚਾਈਂ-ਚਾਈਂ ਬਾਹਰ ਆਣ ਕੇ ਸਾਮਾਨ ਸੰਭਾਲਣ ਦੇ ਆਹਰ ਵਿਚ ਲੱਗ ਗਈ। ਲਾਜ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸੰਭਾਲਣ ਵਿਚ ਆਪਣੀ ਭੂਆ ਨੂੰ ਮਦਦ ਦੇਣ ਲੱਗ ਪਈ।
ਗੁਆਂਢ ਤੋਂ ਸੱਜਣ ਮਿੱਤਰ ਹੁਸ਼ਨਾਕ ਸਿੰਘ ਨੂੰ ਪੁੱਛਣ ਭਾਲਣ ਆ ਗਏ। ਵੀਰਾਂਵਾਲੀ ਨੇ ਚੁੱਲ੍ਹੇ ਉਤੇ ਚਾਹ ਰੱਖ ਦਿੱਤੀ। ਗੁਆਂਢੀਆਂ ਦੇ ਚਲੇ ਜਾਣ ਮਗਰੋਂ ਚਾਹ ਪਿਆਉਣ ਲਗਿਆਂ ਹੀ ਵੀਰਾਂਵਾਲੀ ਨੂੰ ਆਪਣੇ ਪਤੀ ਪਾਸੋਂ ਸੁੱਖ-ਸਾਂਦ ਪੁੱਛਣ ਦਾ ਮੌਕਾ ਮਿਲਿਆ, “ਜੀ, ਵੱਲ ਰਾਜੀ-ਬਾਜੀ ਰਹੇ ਹੋ?”
“ਅੱਗੇ ਤਾਂ ਵੱਲ ਹੀ ਰਹੇ ਹਾਂ ਪਰ ਮਾਲੂਮ ਹੁੰਦਾ ਹੈ ਤੂੰ ਵੱਲ ਰਹਿਣ ਨਹੀਂ ਦੇਣਾ।”
ਵੀਰਾਂਵਾਲੀ ਦੇ ਕੰਨਾਂ ਨੂੰ ਅਜਿਹੇ ਉਤਰ ਦੀ ਆਸ ਨਹੀਂ ਸੀ। ਉਹ ਆਪਣੇ ਪਤੀ ਦੇ ਚਿਹਰੇ ਤੋਂ ਉਸ ਦੇ ਮਨ ਦੀ ਅਵਸਥਾ ਨੂੰ ਤਾਂ ਪੜ੍ਹ ਚੁੱਕੀ ਸੀ, ਪਰ ਨਾਰਾਜ਼ਗੀ ਦੇ ਕਾਰਨ ਦੀ ਪੂਰੀ ਸਮਝ ਉਸ ਨੂੰ ਅਜੇ ਨਹੀਂ ਸੀ ਆਈ। ਵੀਰਾਂਵਾਲੀ ਨੇ ਗੱਲ ਨੂੰ ਇੱਥੇ ਹੀ ਠੱਪ ਦਿੱਤਾ। ਹੁਸ਼ਨਾਕ ਸਿੰਘ ਨੇ ਨਾਂਹ-ਨੁੱਕਰ ਕਰਦਿਆਂ ਚਾਹ ਦੀ ਪਿਆਲੀ ਪੀ ਲਈ। ਰਾਤ ਦੀ ਰੋਟੀ ਤੱਕ ਵੀਰਾਂਵਾਲੀ ਨੇ ਕੋਈ ਗੱਲ ਛੇੜਨ ਦਾ ਮੌਕਾ ਨਾ ਦਿੱਤਾ। ਹੁਸ਼ਨਾਕ ਸਿੰਘ ਨੇ ਭਰਿਆਂ-ਪੀਤਿਆਂ ਹੀ ਦੋ ਰੋਟੀਆਂ ਸੰਘੋਂ ਹੇਠਾਂ ਉਤਾਰੀਆਂ। ਵੀਰਾਂਵਾਲੀ ਨੇ ਤਾਂ ਖਾਣਾ ਹੀ ਕੀ ਸੀ!
ਸੌਣ ਦੇ ਕੱਪੜੇ ਬਦਲ ਕੇ ਹੁਸ਼ਨਾਕ ਸਿੰਘ ਲੰਮਾ ਪੈ ਗਿਆ। ਵੀਰਾਂਵਾਲੀ ਲਾਜ ਨੂੰ ਰੋਟੀ ਖੁਆ ਕੇ ਭਾਂਡਾ-ਟਿੰਡਰ ਸਾਂਭਣ ਪਿਛੋਂ ਲੱਤਾਂ ਦੱਬਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਉਤੇ ਆਣ ਬੈਠੀ। ਦਸ-ਪੰਦਰਾਂ ਮਿੰਟ ਦੋਹਾਂ ਪਾਸਿਆਂ ਤੋਂ ਚੁੱਪ ਰਹੀ। ਹੁਸ਼ਨਾਕ ਸਿੰਘ ਨੇ ਪਾਸਾ ਪਰਤਦਿਆਂ ਇਉਂ ਉਬਾਸੀ ਲਈ ਜਿਵੇਂ ਉਹ ਪਹਿਲਾਂ ਸੌਂ ਗਿਆ ਸੀ ਅਤੇ ਹੁਣ ਹੀ ਉਸ ਨੂੰ ਵੀਰਾਂਵਾਲੀ ਦੇ ਪਾਸੇ ਬੈਠੇ ਹੋਣ ਦਾ ਪਤਾ ਲੱਗਾ ਹੈ।
ਵੀਰਾਂਵਾਲੀ ਨੇ ਕਿਹਾ, “ਜੀ, ਇਧਰ ਮੂੰਹ ਤਾਂ ਕਰੋ। ਤੁਹਾਨੂੰ ਤਾਂ ਜੱਗ ਰੱਖਣਾ ਵੀ ਨਹੀਂ ਆਉਂਦਾ। ਉਡੀਕ-ਉਡੀਕ ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਹਨ ਤੇ ਇਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ। ਛੁੱਟੀ ਕਿੰਨੀ ਮਿਲੀ ਜੇ?”
ਹੁਸ਼ਨਾਕ ਸਿੰਘ ਨੇ ਫਿਰ ਪਾਸਾ ਪਰਤਿਆ ਅਤੇ ਅੱਖਾਂ ਉਤੇ ਹੱਥ ਰੱਖ ਕੇ ਆਖਣ ਲੱਗਾ, “ਤੂੰ ਲੰਮੀ ਛੁੱਟੀ ਹੀ ਸਮਝ। ਸੁੱਖ ਤੈਨੂੰ ਪਚਦਾ ਨਹੀਂ। ਹੁਣ ਹੀ ਤਰੱਕੀ ਦੇ ਦਿਨ ਸਨ ਪਰ ਤੂੰ ਮੈਨੂੰ ਕੁਝ ਬਣਨ ਨਹੀਂ ਦੇਣਾ।”
“ਜੀ ਗੱਲ ਤਾਂ ਦਸੋ?”
“ਗੱਲ ਕੀ ਦੱਸਾਂ। ਤੈਨੂੰ ਪਤਾ ਨਹੀਂ? ਅੱਜਕੱਲ੍ਹ ਲੜਾਈ ਦੇ ਦਿਨ ਹਨ। ਕਿਸੇ ਫੌਜੀ ਦੇ ਬਾਗੀਆਂ ਨਾਲ ਮੇਲ-ਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ। ਅੱਵਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਚਾਹੀਦਾ ਕਿ ਕੋਈ ਬਾਗੀ ਸਾਡੇ ਸਬੰਧੀ ਹਨ। ਜੇ ਪਤਾ ਲੱਗ ਹੀ ਜਾਵੇ ਤਾਂ ਅਸੀਂ ਆਖ ਵੀ ਸਕਦੇ ਹਾਂ ਕਿ ਉਹ ਸਾਡੇ ਆਖੇ ਤੋਂ ਬਾਹਰ ਹਨ, ਪਰ ਤੂੰ ਇਹ ਬਲਾ ਕਿਉਂ ਜਾਣ-ਬੁੱਝ ਕੇ ਆਪ ਗਲ ਪਾ ਲਈ? ਬਾਗੀ ਦੀ ਧੀ ਨੂੰ ਰੱਖਣਾ ਤੂੰ ਨਹੀਂ ਜਾਣਦੀ ਕਿੰਨਾ ਜੁਰਮ ਹੈ?”
ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਂਵਾਲੀ ਨੂੰ ਕੰਬਣੀ ਜਿਹੀ ਆ ਗਈ। ਉਸ ਨੂੰ ਇਹ ਖਿਆਲ ਨਹੀਂ ਸੀ ਕਿ ਲਾਜ ਨੂੰ ਐਸੇ ਹਾਲਤ ਵਿਚ ਇਥੇ ਲਿਆਉਣਾ ਪਤੀ ਲਈ ਕਿੰਨਾ ਜ਼ਿਆਦਾ ਦੁਖਦਾਈ ਹੋ ਸਕਦਾ ਹੈ। ਉਸ ਦੀ ਜਾਨ ਪਸੀਨਾ ਹੋ ਗਈ।
ਹੁਸ਼ਨਾਕ ਸਿੰਘ ਨੇ ਫਿਰ ਦੰਦ ਕਰੀਚ ਕੇ ਕਿਹਾ, “ਤੂੰ ਕੁੜੀ ਨੂੰ ਕਿਉਂ ਮੇਰੇ ਘਰ ਲਿਆਂਦਾ?”
ਵੀਰਾਂਵਾਲੀ ਨੇ ਭਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪੁਜਾਰਨ ਦੇਵੀ ਪਾਸੋਂ ਕਿਸੇ ਮਨ ਭਾਉਂਦੇ ਵਰ ਦਾ ਤਰਲਾ ਲੈ ਰਹੀ ਹੈ, ਪਰ ਤੁਰੰਤ ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ-ਦੇਵ ਤਾਂ ਪੱਥਰ ਦੀ ਮੂਰਤ ਹਨ। ਉਸ ਦੇ ਮਨ ਵਿਚ ਪਤੀ ਦੇ ਛੁੱਟੀ ਆਉਣ ਦੀਆਂ ਕਿੰਨੀਆਂ ਉਮੰਗਾਂ ਸਨ। ਉਸ ਦੇ ਸਾਰੇ ਵਲਵਲੇ ਅਤੇ ਚਾਉ ਖਿੰਡ-ਪੁੰਡ ਕੇ ਉਸ ਦੀਆਂ ਅੱਖਾਂ ਸਾਹਮਣੇ ਪਰਛਾਵੇਂ ਜਿਹੇ ਬਣ ਕੇ ਖਿਲਰ ਗਏ। ਪੁਆਂਦੀ ਪਿਆਂ ਹੀ ਉਸ ਨੇ ਰਾਤ ਕੱਟ ਲਈ। ਹੰਝੂਆਂ ਦੇ ਕੀਮਤੀ ਮੋਤੀਆਂ ਦੀ ਭੇਟਾ ਨਾਲ ਵੀ ਪੱਥਰ ਦੀ ਮੂਰਤੀ ਵਿਚ ਕੋਈ ਅਨੁਭਵਤਾ ਨਾ ਸੀ। ਪਤੀ ਦੇ ਹਠ ਨੇ ਵੀਰਾਂਵਾਲੀ ਨੂੰ ਆਪਣੇ ਅਪਰਾਧੀ ਹੋਣ ਦਾ ਸ਼ੱਕ ਜਿਹਾ ਕਰਾ ਦਿੱਤਾ।
ਘਬਰਾਇਆ ਹੋਇਆ ਆਦਮੀ ਆਪਣੀ ਘਬਰਾਹਟ ਦੇ ਕਾਰਨ ਨੂੰ ਲੁਕਾਣ ਲਈ ਸੌ ਸਾਧਨ ਵਰਤਦਾ ਹੈ ਪਰ ਉਹ ਉਸ ਦੀ ਘਬਰਾਹਟ ਨੂੰ ਵਧੀਕ ਪ੍ਰਗਟਾਂਦੇ ਹਨ। ਸੱਜਣਾਂ-ਮਿੱਤਰਾਂ ਤੱਕ ਗੱਲ ਪੁੱਜ ਗਈ। ਸਿਆਣਿਆਂ ਦੀਆਂ ਦਲੀਲਾਂ ਅਤੇ ਮਿਸਾਲਾਂ ਹੁਸ਼ਨਾਕ ਸਿੰਘ ਨੂੰ ਕਾਇਲ ਨਾ ਕਰਵਾ ਸਕੀਆਂ ਕਿ ਤੇਰੇ ਸਾਲੇ ਅਤੇ ਸਾਲੇਹਾਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਉਤੇ ਨਹੀਂ ਆਉਂਦੀ। ਲਾਜ ਨੂੰ ਆਪਣੇ ਪਾਸ ਰੱਖਣਾ ਉਹ ਆਪਣੀਆਂ ਸਭ ਆਸਾਂ ਦੇ ਖਾਤਮੇ ਦਾ ਪ੍ਰਵਾਨਾ ਸਮਝਦਾ ਸੀ। ਵਧੀਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸ ਇਸ ਜੰਗ ਵਿਚ ਹੀ ਬਣਨਾ ਹੈ। ਲਾਜ ਦੇ ਕੰਨਾਂ ਵਿਚ ਕੋਈ ਨਾ ਕੋਈ ਗੱਲ ਪੈ ਜਾਂਦੀ ਰਹੀ। ਛੁੱਟੀ ਪੂਰੀ ਹੋ ਗਈ। ਹੁਸ਼ਨਾਕ ਸਿੰਘ ਨੇ ਟਾਂਗਾ ਬੂਹੇ ਅੱਗੇ ਖੜ੍ਹਾ ਕੀਤਾ। ਵੀਰਾਂਵਾਲੀ ਨੂੰ ਬਾਹੋਂ ਫੜ ਕੇ ਉਸ ਵਿਚ ਬਿਠਾਇਆ ਅਤੇ ਮਕਾਨ ਦੀਆਂ ਚਾਬੀਆਂ ਜੇਬ ਵਿਚ ਪਾ ਲਈਆਂ। ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿਚ ਬੈਠੀ ਬੇਵੱਸ ਭੂਆ ਵੱਲ ਹੰਝੂ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ। ਟਾਂਗਾ ਉਹਲੇ ਹੋ ਗਿਆ।
(4)
“ਭਰਾ ਜੀ, ਲਾਜ ਦਾ ਕੀ ਬਣਿਆ?”
“ਵੀਰਾਂ, ਅਸੀਂ ਤਾਂ ਤੇਰੇ ਪਾਸ ਅਮਾਨਤ ਛੱਡ ਆਏ ਸਾਂ।”
ਇਕ ਸਾਲ ਅਤੇ ਦੋ ਮਹੀਨੇ ਗੁਜ਼ਰ ਜਾਣ ਪਿਛੋਂ ਸੈਂਟਰਲ ਜੇਲ੍ਹ ਮੁਲਤਾਨ ਦੇ ਮੁਲਾਕਾਤੀ ਕਮਰੇ ਵਿਚ ਭੈਣ ਵੀਰਾਂਵਾਲੀ ਦਾ ਇਹ ਸੁਆਲ ਤੇ ਭਰਾ ਕਿਸ਼ਨ ਸਿੰਘ ਦਾ ਇਹ ਇਕੋ ਜੁਆਬ, ਬੱਸ ਦੋ ਹੀ ਗੱਲਾਂ ਸਨ ਜੋ ਉਨ੍ਹਾਂ ਇਕ ਘੰਟੇ ਦੀ ਮੁਲਾਕਾਤ ਵਿਚ ਜ਼ੁਬਾਨ ਨਾਲ ਕੀਤੀਆਂ। ਇਨ੍ਹਾਂ ਦੋਹਾਂ ਗੱਲਾਂ ਪਿਛੋਂ ਦੁਵੱਲੀ ਚੁੱਪ ਅਤੇ ਕਿਸੇ ਵੇਲੇ ਤਰ ਅੱਖਾਂ ਨਾਲ ਇਕ ਦੂਜੇ ਵੱਲ ਤੱਕਣਾ ਦਿਲ ਦੀਆਂ ਗੱਲਾਂ ਹਨ, ਜਿਨ੍ਹਾਂ ਨੂੰ ਬੇਜ਼ੁਬਾਨੀ ਦਾ ਕੋਈ ਪੰਡਤ ਹੀ ਦੱਸ ਸਕਦਾ ਹੈ। ਮੁਲਾਕਾਤ ਕਰਵਾਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵਜਾਈ। ਦੋਵੇਂ ਭੈਣ-ਭਰਾ ਇਕ ਦੂਜੇ ਨੂੰ ਵੇਖਦੇ ਅੱਡੇ ਹੋ ਗਏ। ਮਾਂ-ਪਿਉ ਜਾਈ ਨਾਲ ਇਹ ਆਖਰੀ ਮਿਲਣੀ ਹੈ-ਕਿਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ।
ਜੇਲ੍ਹਾਂ ਵਿਚ ਕੈਦੀਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਕਿਸ਼ਨ ਸਿੰਘ ਨੂੰ ਇਹ ਤਾਂ ਪਤਾ ਲੱਗ ਚੁੱਕਾ ਹੈ ਕਿ ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿਚ ਹੈ, ਪਰ ਵੀਰਾਂਵਾਲੀ ਉਸ ਨਾਲੋਂ ਵੀ ਸਖਤ ਕੈਦ ਵਿਚ ਹੈ, ਕਿਸ਼ਨ ਸਿੰਘ ਨੂੰ ਇਹ ਗੱਲ ਕਿਸੇ ਨੇ ਨਹੀਂ ਸੀ ਦੱਸੀ। ਛਾਉਣੀ ਵਿਚ ਤਾਂ ਪੰਖੇਰੂ ਪਰ ਨਹੀਂ ਸੀ ਮਾਰ ਸਕਦਾ, ਬਾਗੀ ਭਰਾ-ਭਰਜਾਈ ਅਤੇ ਬਾਗੀਆਂ ਦੀ ਧੀ ਬਾਬਤ ਵੀਰਾਂਵਾਲੀ ਨੂੰ ਕੌਣ ਖਬਰ ਦੱਸਦਾ।
ਵੀਰਾਂਵਾਲੀ ਮੁਲਾਕਾਤ ਲਈ ਜੇਲ੍ਹ ਤੱਕ ਕਿਵੇਂ ਪੁੱਜ ਗਈ, ਇਸ ਭੇਤ ਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਉਸ ਨੇ ਆਪਣੀ ਜਾਨ ਖਤਰੇ ਵਿਚ ਪਾਈ। ਆਪਣੇ ਪਤੀ ਹੁਸ਼ਨਾਕ ਸਿੰਘ ਤੋਂ ਇਹ ਭੇਤ ਲੁਕਾਣ ਵਿਚ ਉਸ ਨੂੰ ਸਫਲਤਾ ਹੋਈ ਪਰ ਭਰਾ ਦੀ ਅਮਾਨਤ ਵਿਚ ਮਜਬੂਰੀ ਖਿਆਨਤ ਹੋ ਜਾਣ ਦਾ ਖਤਰਾ ਉਹ ਨਾ ਸਹਾਰ ਸਕੀ। ਹੁਸ਼ਨਾਕ ਸਿੰਘ ਨੇ ਅਸਲ ਮਰਜ਼ ਵੱਲ ਤਾਂ ਧਿਆਨ ਨਾ ਕੀਤਾ, ਹੋਰ ਦੁਆਈਆਂ ਨੇ ਕੀ ਸੁਆਰਨਾ ਸੀ? ਸ਼ਰਨ ਕੌਰ ਦੀ ਕੈਦ ਪੂਰੀ ਹੋ ਗਈ। ਵੀਰਾਂਵਾਲੀ ਨੇ ਅਮਾਨਤ ਵਿਚ ਖਿਆਨਤ ਕਰਨ ਦੀ ਦੋਸ਼ੀ ਹੋ ਕੇ ਭਰਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀਵੀ ਰਿਹਾਈ ਪਾ ਲਈ।
ਸ਼ਰਨ ਕੌਰ ਸਿੱਧੀ ਲਾਹੌਰ ਹਸਪਤਾਲ ਵਿਚ ਪੁੱਜੀ। ਵੱਡਾ ਦਰਵਾਜ਼ਾ ਬੰਦ ਸੀ। ਦਰਬਾਨ ਨੇ ਕਿਹਾ, “ਮਰੀਜ਼ਾਂ ਦੇ ਆਰਾਮ ਕਰਨ ਦਾ ਵਕਤ ਹੈ।”
ਦਰਵਾਜ਼ੇ ਦੀ ਖੱਬੀ ਨੁੱਕਰ ਵਿਚ ਭੰਗੀਆਂ ਦਾ ਘਰ ਸੀ। ਓਪਰੀ ਖੱਦਰਪੋਸ਼ ਜ਼ਨਾਨੀ ਨੂੰ ਵੇਖ ਕੇ ਜਮਾਂਦਾਰਨੀ ਨੇੜੇ ਆ ਗਈ। ਉਸ ਨੇ ਪੁੱਛਿਆ, “ਤੁਸੀਂ ਕਿਸ ਨੂੰ ਮਿਲਣਾ ਹੈ?”
ਸ਼ਰਨ ਕੌਰ ਨੇ ਕਿਹਾ, “ਮੇਰੀ ਲੜਕੀ ਇੱਥੇ ਬਿਮਾਰ ਹੈæææਲਾਜ।”
ਜਮਾਂਦਾਰਨੀ ਨੇ ਵਾਰਡ ਅਤੇ ਕਮਰੇ ਦਾ ਨੰਬਰ ਪੁੱਛਿਆ ਅਤੇ ਨਾਲ ਹੀ ਕਿਹਾ, “ਅਸਾਂ ਤਾਂ ਇਸ ਨਾਂ ਦੀ ਕੋਈ ਬਿਮਾਰ ਨਹੀਂ ਸੁਣੀ। ਮੈਂ ਰੋਜ਼ ਹਰ ਇਕ ਵਾਰਡ ਵਿਚ ਸਫਾਈ ਲਈ ਜਾਂਦੀ ਹਾਂ।”
ਸ਼ਰਨ ਕੌਰ ਨੇ ਕਿਹਾ, “ਮੈਨੂੰ ਤਾਂ ਵਾਰਡ ਦਾ ਪਤਾ ਨਹੀਂ। ਨਾ ਹੀ ਕਮਰੇ ਦੇ ਨੰਬਰ ਦਾ ਪਤਾ ਹੈ। ਸੁਣਿਆ ਹੈ ਕਿ ਮੇਰੀ ਲਾਜ ਇਸ ਹਸਪਤਾਲ ਵਿਚ ਹੈ।”
“ਸੁਣਿਆ ਹੈ?” ਜਮਾਂਦਾਰਨੀ ਨੇ ਹੈਰਾਨ ਹੋ ਕੇ ਪੁੱਛਿਆ, “ਤੁਸਾਂ ਆਪ ਉਸ ਨੂੰ ਇੱਥੇ ਦਾਖਲ ਨਹੀਂ ਕਰਵਾਇਆ?”
“ਨਹੀਂ, ਅਸੀਂ ਜੇਲ੍ਹ ਵਿਚ ਸਾਂ, ਪਿਛੋਂ ਹੀ ਉਹ ਬਿਮਾਰ ਹੋ ਗਈ।”
“ਉਹ ਬਾਗੀ ਦੀ ਧੀ ਹੋਵੇਗੀ”, ਜੇਲ੍ਹ ਦਾ ਨਾਂ ਸੁਣ ਕੇ ਜਮਾਂਦਾਰਨੀ ਨੇ ਕਿਹਾ, “ਇਥੇ ਉਸ ਦਾ ਨਾਂ ਕਿਸੇ ਨੂੰ ਵੀ ਪਤਾ ਨਹੀਂ। ਪਤਲੀ, ਗੋਰੀ ਜਿਹੀ, ਬਾਰਾਂ-ਤੇਰਾਂ ਸਾਲਾਂ ਦੀ ਕੁੜੀ ਹੈ। ਬੜੀਆਂ ਮਿੱਠੀਆਂ ਗੱਲਾਂ ਕਰਦੀ ਹੈ। ਉਸ ਦੀਆਂ ਗੱਲਾਂ ਸੁਣ ਕੇ ਕਦੇ ਹਾਸਾ ਆ ਜਾਂਦਾ ਹੈ, ਕਦੇ ਰੋਣਾ। ਉਹ ਆਪਣੀ ਭੂਆ ਪਾਸ ਸੀ?” ਸ਼ਰਨ ਕੌਰ ਨੇ ‘ਹਾਂ’ ਵਿਚ ਸਿਰ ਹਿਲਾਇਆ।
“ਬਸ ਉਹੋ ਹੈ। ਜਦ ਉਹ ਪਹਿਲਾਂ ਇਥੇ ਆਈ ਤਾਂ ਉਸ ਨੇ ਕਿਸੇ ਕੁੜੀ ਤੋਂ ਪੁੱਛਿਆ, ‘ਬਾਗੀ ਕਿਸ ਨੂੰ ਆਖਦੇ ਹਨ?’ ਤੇ ਫਿਰ ਆਪ ਹੀ ਦੱਸਿਆ ਕਿ ਮੇਰਾ ਫੁੱਫੜ ਮੇਰੀ ਭੁਆ ਨੂੰ ਆਖਦਾ ਸੀ ਕਿ ਤੂੰ ਬਾਗੀ ਦੀ ਧੀ ਨੂੰ ਘਰ ਕਿਉਂ ਲਿਆਂਦਾ? ਉਸ ਦਿਨ ਤੋਂ ਉਸ ਦਾ ਨਾਂ ਬਾਗੀ ਦੀ ਧੀ ਪੈ ਗਿਆ। ਜਦ ਵੀ ਡਾਕਟਰ ਆਉਂਦਾ ਏ, ਉਹ ਆਖਦੀ ਹੈ, ਮੈਨੂੰ ਮੇਰੇ ਪਿਤਾ ਜੀ ਤੇ ਮਾਤਾ ਜੀ ਪਾਸ ਜੇਲ੍ਹ ਵਿਚ ਲੈ ਚੱਲੋ। ਡਾਕਟਰ ਹੱਸ ਛੱਡਦਾ ਹੈ।” ਜਮਾਂਦਾਰਨੀ ਦੀ ਗੱਲ ਨੂੰ ਸ਼ਰਨ ਕੌਰ ਬੁੱਤ ਬਣੀ ਸੁਣਦੀ ਗਈ। ਜਮਾਂਦਾਰਨੀ ਨੇ ਕਿਹਾ, “ਸਰਦਾਰ ਜੀ ਨਹੀਂ ਆਏ?”
“ਉਨ੍ਹਾਂ ਦੀ ਕੈਦ ਅਜੇ ਅੱਧੀ ਵੀ ਨਹੀਂ ਗੁਜ਼ਰੀ। ਉਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਮਿਲੀ ਸੀ।”
ਸ਼ਰਨ ਕੌਰ ਦੀ ਗੱਲ ਸੁਣ ਕੇ ਜਮਾਂਦਾਰਨੀ ਨੇ ਠੰਢਾ ਹੌਕਾ ਭਰਿਆ ਤੇ ਕਿਹਾ, “ਕੁੜੀ ਬੜੀ ਸਿਆਣੀ ਹੈ। ਦੱਸਦੀ ਹੈ ਕਿ ਮੇਰਾ ਫੁੱਫੜ ਭੂਆ ਨੂੰ ਲੈ ਕੇ ਚਲਾ ਗਿਆ। ਮੈਂ ਬਾਹਰ ਬੂਹੇ ਅੱਗੇ ਬੈਠੀ ਸਰਦਲ ਉਤੇ ਹੀ ਸੌਂ ਗਈ। ਸਰਦੀ ਨਾਲ ਮੈਨੂੰ ਤਾਪ ਚੜ੍ਹ ਗਿਆ। ਫਿਰ ਮੇਰੇ ਪਿਤਾ ਜੀ ਦਾ ਇਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ। ਜਦ ਮੈਂ ਬਹੁਤ ਬਿਮਾਰ ਹੋ ਗਈ ਤਾਂ ਉਹ ਇਥੇ ਛੱਡ ਗਏ। ਮੈਂ ਬਥੇਰਾ ਕਿਹਾ, ਮੈਨੂੰ ਜੇਲ੍ਹ ਲੈ ਚੱਲੋ ਪਰ ਉਹ ਨਹੀਂ ਲੈ ਗਏ।” ਇੰਨੀ ਗੱਲ ਦੱਸਣ ਪਿਛੋਂ ਜਮਾਂਦਾਰਨੀ ਨੇ ਕਿਹਾ, “ਹੁਣ ਤਾਂ ਜੀ ਉਹ ਤੁਹਾਨੂੰ ਹੀ ਉਡੀਕਦੀ ਹੈ।”
ਜਮਾਂਦਾਰਨੀ ਦੇ ਆਖਰੀ ਫਿਕਰੇ ਦਾ ਭਾਵ ਸ਼ਰਨ ਕੌਰ ਸਮਝ ਗਈ ਸੀ। ਲਾਜ ਦੇ ਕਮਰੇ ਵਿਚ ਪੁੱਜਣ ਤੱਕ ਉਸ ਦੇ ਸਾਰੇ ਅੱਥਰੂ ਵਗ ਚੁੱਕੇ ਸਨ। ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ। ਸਵੇਰ ਦੇ ਦੀਵੇ ਦੀ ਇਹ ਆਖਰੀ ਝਲਕ ਸੀ।

1 Comment

Leave a Reply

Your email address will not be published.