ਵੀਰ ਅਮੋਲਕ ਨਾਲ ਯਾਦਾਂ ਦੀ ਸਾਂਝ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਜਦ ਤੋਂ ਮੈਨੂੰ ਵੀਰ ਅਮੋਲਕ ਮਿਲਿਆ, ਮੇਰੀ ਤਾਂ ਜਿਵੇਂ ਦੁਨੀਆਂ ਹੀ ਬਦਲ ਗਈ। ਉਹ ਇਨਸਾਨ ਕਮਾਲ ਦੀ ਸੋਚ ਅਤੇ ਸੁਘੜਤਾ ਦਾ ਮਾਲਕ ਸੀ, ਉਹਦੀ ਹਰ ਗੱਲ ਵਿਚ ਆਪਣਾਪਨ ਕੁੱਟ ਕੁੱਟ ਕੇ ਭਰਿਆ ਹੁੰਦਾ ਸੀ। ਉਹਦੇ ਕੋਲ ਕੋਈ ਕ੍ਰਿਸ਼ਮਈ ਜਾਦੂ ਹੀ ਸੀ, ਜੋ ਸਭ ਨੂੰ ਆਪਣਾ ਬਣਾਉਣ ਦੀ ਮੁਹਾਰਤ ਰੱਖਦਾ ਸੀ।

ਬਹੁਤ ਸਾਲ ਪਹਿਲਾਂ ‘ਪੰਜਾਬ ਟਾਈਮਜ਼’ ਵਿਚ ਇਕ ਲੇਖ ਪੜ੍ਹਨ ਨੂੰ ਮਿਲਿਆ, ਸ਼ਾਇਦ ਉਸ ਦਿਨ ਕੁਦਰਤ ਮਿਹਰਬਾਨ ਸੀ। ਮੈਂ ਲੇਖ ਪੜ੍ਹਦਿਆਂ ਹੀ ਫੋਨ ਲਾ ਲਿਆ। ਮੈਂ ਕੁਝ ਹੋਰ ਪੁੱਛਣ ਲਈ ਉਤਾਵਲੀ ਸਾਂ, ਪਰ ਕਾਦਰ ਮੈਨੂੰ ਉਹ ਕੁਝ ਦੇ ਰਿਹਾ ਸੀ, ਜਿਸ ਦਾ ਮੈਂ ਕਦੀ ਸੁਪਨਾ ਵੀ ਨਹੀਂ ਸੀ ਲਿਆ ਹੋਇਆ। ਸਤਿ ਸ੍ਰੀ ਅਕਾਲ ਮਗਰੋਂ ਪੁਛਿਆ, ਕੀ ਮੈਂ ਸੰਪਾਦਕ ਸਾਹਿਬ ਨਾਲ ਗੱਲ ਕਰ ਸਕਦੀ ਹਾਂ? ਤਾਂ ਕਹਿਣ ਲੱਗੇ, ਭੈਣ ਜੀ ਤੁਸੀਂ ਸੰਪਾਦਕ ਨਾਲ ਹੀ ਗੱਲ ਕਰ ਰਹੇ ਹੋ।
ਮੈਂ ਇਕ ਪਲ ਰੁਕੀ ਤੇ ਕਿਹਾ, ਇਹ ਲੇਖ ਜੋ ਮੈਂ ਪੜ੍ਹਿਆ ਹੈ, ਕੀ ਇਹ ਹਕੀਕਤ ਹੈ ਜਾਂ ਕਹਾਣੀ ਹੈ? ਕਹਿਣ ਲੱਗੇ, ਜੀ ਇਹ ਓਨਾ ਹੀ ਸੱਚ ਹੈ, ਜਿੰਨਾ ਕਿ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ। ਮੈਂ ਇਹ ਤਲਖ ਹਕੀਕਤ ਸੁਣ ਕੇ ਦਹਿਲ ਗਈ ਕਿ ਕੀ ਏਵੇਂ ਵੀ ਹੋ ਸਕਦਾ ਹੈ! ਪਰ ਗੱਲ ਮੁੱਕੀ ਨਹੀਂ, ਗੱਲ ਤਾਂ ਅਜੇ ਸ਼ੁਰੂ ਹੋਈ ਸੀ।
ਸਤਿਕਾਰ ਨਾਲ ਪੁੱਛਿਆ, ਕੀ ਕਰਦੇ ਹੋ? ਮੈਂ ਕਿਹਾ, ਜੀ ਕੀਰਤਨ ਕਰਦੇ ਹਾਂ, ਅਤੇ ਸਤਿਗੁਰੂ ਪਿਤਾ ਜੀ ਨੇ ਮਿਹਰਾਂ ਕਰਕੇ ਸਿੱਖ ਕੌਮ ਦੀ ਪਹਿਲੀ ਔਰਤ ਗ੍ਰੰਥੀ ਹੋਣ ਦਾ ਸੁਭਾਗ ਵੀ ਮੇਰੀ ਝੋਲੀ ਵਿਚ ਪਾਇਆ ਹੈ। ਉਨ੍ਹਾਂ ਬਹੁਤ ਪਿਆਰ ਸਤਿਕਾਰ ਸਹਿਤ ਮੁਬਾਰਕਬਾਦ ਦਿੱਤੀ। ਵਿਚਾਰਾਂ ਕਰਦੇ-ਕਰਦੇ ਸਮਾਂ ਕਿੰਨਾ ਕੁ ਬੀਤ ਗਿਆ, ਪਤਾ ਨਹੀਂ, ਪਰ ਮੈਨੂੰ ਇੰਜ ਭਾਸ ਰਿਹਾ ਸੀ ਕਿ ਇਹ ਸਾਂਝ ਕੋਈ ਬਹੁਤ ਪੁਰਾਣੀ ਹੈ। ਕਿੰਨੀ ਪੁਰਾਣੀ? ਇਹ ਤਾਂ ਮਾਲਕ ਜਾਣੇ, ਪਰ ਹੈ ਤਾਂ ਸੀ। ਫਿਰ ਪੁੱਛਿਆ, ਹੁਣ ਕਿੱਥੇ ਸੇਵਾ ਨਿਭਾਅ ਰਹੇ ਹੋ? ਉਨ੍ਹੀਂ ਦਿਨੀਂ ਮੈਂ ਸ੍ਰੀ ਗੁਰੂ ਰਵਿਦਾਸ ਟੈਂਪਲ ਪਿਟਸਬਰਗ ਵਿਚ ਸਤਿਗੁਰੂ ਜੀ ਦੇ ਕੀਰਤਨ ਦੀ ਸੇਵਾ ਨਿਭਾਅ ਰਹੀ ਸਾਂ। ਵਿਚਾਰਾਂ ਕਰਦੇ-ਕਰਦੇ ਗੁਰਬਾਣੀ ਦਾ ਜਦ ਵਾਰ ਵਾਰ ਜਿ਼ਕਰ ਆਇਆ ਤਾਂ ਹੁਕਮ ਹੋਇਆ, ਗੁਰਬਾਣੀ ਸ਼ਬਦ ਦੀ ਵਿਆਖਿਆ ਲਿਖ ਕੇ ਭੇਜ ਦਿਆ ਕਰੋ। ਮੈਂ ਅਗਲੇ ਹਫਤੇ ਸ਼ਬਦ ਭੇਜ ਦਿੱਤਾ ਤਾਂ ‘ਗੁਰਬਾਣੀ ਗਿਆਨ’ ਦੇ ਸਿਰਲੇਖ ਥੱਲੇ ਇਹ ਸੇਵਾ ਸ਼ੁਰੂ ਹੋ ਗਈ। ਇਹ ਸੀ ਸ. ਅਮੋਲਕ ਸਿੰਘ ਜੰਮੂ ਵੀਰ ਨਾਲ ਮੇਰੇ ਜੀਵਨ ਦੀ ਪਹਿਲੀ ਮੁਲਾਕਾਤ।
ਹੁਣ ਮੈਂ ਪੰਜਾਬ ਟਾਈਮਜ਼ ਯੂ. ਐਸ. ਏ. ਦੇ ਪਰਿਵਾਰ ਦੀ ਮੈਂਬਰ ਬਣ ਚੁਕੀ ਸਾਂ, ਸ਼ਬਦ ਵਿਆਖਿਆ ਦਾ ਸਿਰਲੇਖ ‘ਗੁਰਬਾਣੀ ਗਿਆਨ’ ਵੀ ਵੀਰ ਅਮੋਲਕ ਨੇ ਆਪ ਥਾਪਿਆ। ਸਾਡੀ ਫੋਨ `ਤੇ ਵਿਚਾਰ-ਚਰਚਾ ਸ਼ੁਰੂ ਹੋ ਚੁਕੀ ਸੀ। ਇਕ ਦਿਨ ਕਹਿਣ ਲੱਗੇ, ਭੈਣ ਜੀ ਤੁਸੀਂ ਬੁੱਧਵਾਰ ਨੂੰ ਫੋਨ ਕਰਿਆ ਕਰੋ। ਸਾਡਾ ਇਹ ਦਿਨ ਪੱਕਾ ਨੀਅਤ ਹੋ ਗਿਆ ਅਤੇ ਫਿਰ ਸਾਡੀਆਂ ਲੰਮੇਰੀਆਂ ਗੱਲਾਂ ਸ਼ੁਰੂ ਹੋ ਜਾਣੀਆਂ-ਕਦੀ ਪਰਿਵਾਰਕ, ਕਦੀ ਧਾਰਮਿਕ, ਕਦੀ ਸਮਾਜਿਕ ਅਤੇ ਕਦੀ ਰਾਜਨੀਤੀ ਦੀ ਚਰਚਾ। ਵਿਚਾਰਾਂ ਵਿਚ ਹੀ ਵੀਰ ਜਾਣ ਚੁਕਾ ਸੀ ਕਿ ਮੇਰੇ ਜੀਵਨ ਵਿਚ ਕੋਈ ਵੀਰ ਜਾਂ ਭੈਣ ਨਹੀਂ ਹੈ, ਮੈਂ ਇਕੱਲੀ ਹਾਂ ਤਾਂ ਮੇਰੇ ਵੀਰ ਨੇ ਮੈਨੂੰ ਆਪਣੇ ਪਰਿਵਾਰ ਵਿਚ ਵੀ ਸ਼ਾਮਲ ਕਰ ਲਿਆ। ਇੰਜ ਅਸੀਂ ਇਕ ਪਰਿਵਾਰ ਬਣ ਗਏ। ਗੁਰਬਾਣੀ ਸ਼ਬਦ ਵਿਆਖਿਆ ਦੇ ਨਾਲ ਨਾਲ ਵਰਤਮਾਨ ਸਮੇਂ `ਤੇ ਵੀ ਮੈਂ ਜੀਅ ਭਰ ਕੇ ਲਿਖਿਆ, ਜਿਸ ਵਿਚ ਮੇਰੇ ਲਿਖੇ ਲੇਖ, ਗੀਤ, ਗਜ਼ਲਾਂ ਅਤੇ ਰੁਬਾਈਆਂ ਸ਼ਾਮਲ ਰਹੇ। ਪੰਜਾਬ ਟਾਈਮਜ਼ ਵਿਚ ਲਿਖਣ ਤੋਂ ਪਹਿਲਾਂ ਮੈਂ ਬੀਬੀ ਸੁਰਜੀਤ ਕੌਰ ਸਾਂ, ਮੇਰੇ ਵੀਰ ਅਮੋਲਕ ਨੇ ਮੇਰੇ ਨਾਮ ਨਾਲ ‘ਸੈਕਰਾਮੈਂਟੋ’ ਤਖੱਲਸ ਲਾ ਕੇ ਮੈਨੂੰ ‘ਬੀਬੀ ਸੁਰਜੀਤ ਕੌਰ ਸੈਕਰਾਮੈਂਟੋ’ ਬਣਾ ਦਿੱਤਾ।
ਮੈਂ ਆਪਣੇ ਵੀਰ ਅਤੇ ‘ਪੰਜਾਬ ਟਾਈਮਜ਼’ ਦੀ ਸਦੀਵ ਰਿਣੀ ਰਹਾਂਗੀ, ਜਿਨ੍ਹਾਂ ਨੇ ਮੇਰੀਆਂ ਲਿਖਤਾਂ ਨੂੰ ਪਾਠਕਾਂ ਤੱਕ ਪਹੁੰਚਾ ਕੇ ਮੈਨੂੰ ਇਕ ਨਵੀਂ ਪਛਾਣ ਦਿੱਤੀ। ਮੈਨੂੰ ਯਾਦ ਹੈ ਕਿ ਪਾਠਕਾਂ ਵਲੋਂ ਜੋ ਪਿਆਰ ਤੇ ਸਤਿਕਾਰ ਮੈਨੂੰ ਮਿਲਿਆ, ਉਹ ਬਿਆਨ ਕਰਨਾ ਅਤਿ ਕਠਿਨ ਹੈ। ਪਾਠਕਾਂ ਵਲੋਂ ਅਣਗਿਣਤ ਫੋਨ ਆਉਣੇ, ਮੈਂ ਝੂਮਦੀ ਫਿਰਨਾ। ਫਿਰ ਸਤਿਗੁਰੂ ਜੀ ਦੇ ਸ਼ੁਕਰਾਨੇ ਕਰਨੇ, ਆਪਣੇ ਵੀਰ ਤੇ ‘ਪੰਜਾਬ ਟਾਈਮਜ’਼ ਦੀਆਂ ਸੁੱਖਾਂ ਮੰਗਣੀਆਂ।
ਹੁਣ ਅਸੀਂ ਆਪਣੇ ਸਾਰੇ ਪਰਿਵਾਰਕ ਮਸਲੇ ਵੀ ਖੁੱਲ੍ਹ ਕੇ ਸਾਂਝੇ ਕਰਦੇ ਸਾਂ। ਮੈਂ ਸਤਿਗੁਰੂ ਦੇ ਸ਼ੁਕਰਾਨੇ ਕਰਦੀ ਥੱਕਦੀ ਨਹੀਂ ਸਾਂ, ਮੇਰੇ ਜੀਵਨ ਦੀ ਵੱਡੀ ਘਾਟ ਪੂਰੀ ਹੋ ਚੁਕੀ ਸੀ।
ਮੇਰਾ ਵੀਰ, ਜੋ ਮੇਰੇ ਕੋਲ ਸੀ, ਸਾਡਾ ਅਟੁੱਟ ਰਿਸ਼ਤਾ ਬਣ ਚੁਕਾ ਸੀ। ਅਸੀਂ ਭੈਣ-ਭਰਾ ਨੇ ਘੰਟਿਆਂ ਬੱਧੀ ਗੱਲਾਂ ਕਰਨੀਆਂ ਅਤੇ ਜਸਪ੍ਰੀਤ ਭਾਬੀ ਜੀ ਨੇ ਕੋਲ ਬੈਠੇ ਹੱਸਣਾ। ਵੀਰ ਨੂੰ ਜਿਸ ਨਾ-ਮੁਰਾਦ ਬੀਮਾਰੀ ਨੇ ਘੇਰਿਆ ਹੋਇਆ ਸੀ, ਉਹ ਬੜੀ ਤਾਕਤਵਰ ਸੀ, ਪਰ ਅਮੋਲਕ ਵੀਰ ਤਾਂ ਉਸ ਨੂੰ ਟਿੱਚ ਨਹੀਂ ਸੀ ਜਾਣਦਾ।
ਜਦ ਵੀ ਮੈਂ ਜ਼ਰਾ ਉਦਾਸ ਹੋ ਕੇ ਕੁਝ ਕਹਿਣਾ ਤਾਂ ਬੜੇ ਜਜ਼ਬੇ ਨਾਲ ਕਹਿਣਾ, ਮੇਰੀ ਭੈਣ ਭਲਾ ਕਮਜ਼ੋਰ ਕਿਵੇਂ ਹੋ ਸਕਦੀ ਹੈ, ਚਲੋ ਗੁਰਬਾਣੀ ਦੀ ਕੋਈ ਗੱਲ ਸੁਣਾਓ।
ਵੀਰ ਅਮੋਲਕ ਤਾਂ ਵੱਡਮੁਲਾ ਅਨਮੋਲ ਇਨਸਾਨ ਸੀ, ਉਸ ਨੇ ਜਿ਼ੰਦਗੀ ਦੀ ਜੰਗ ਸ਼ੇਰ ਮਰਦਾਂ ਵਾਂਗ ਲੜ ਕੇ ਜਿੱਤ ਹਾਸਿਲ ਕੀਤੀ ਹੈ। ਉਹ ਡਰਿਆ ਜਾਂ ਡੋਲਿਆ ਨਹੀਂ, ਉਹ ਅਣਖ ਅਤੇ ਗੈਰਤ ਨਾਲ ਲਬਾ ਲਬ ਭਰਿਆ ਹੋਇਆ ਦਲੇਰ ਮਰਦ ਸੀ, ਬੀਮਾਰੀ ਨਾਲ ਜੂਝਦਿਆਂ ਅਤੇ ਅਣਗਿਣਤ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਵੀ ਉਸ ਨੇ ਆਪਣੇ ਸਵੈ-ਅਭਿਮਾਨ ਨੂੰ ਜੀਅ ਜਾਨ ਨਾਲ ਬਰਕਰਾਰ ਰੱਖਿਆ। ‘ਪੰਜਾਬ ਟਾਈਮਜ’਼ ਨੂੰ ਵੀਰ ਅਮੋਲਕ ਨੇ ਆਪਣੇ ਜੀਵਨ ਦਾ ਟੀਚਾ ਬਣਾ ਕੇ ਮਨੁੱਖਤਾ ਦੀ ਸੇਵਾ ਕੀਤੀ।
ਮੈਂ ਤਾਂ ਕਹਾਂਗੀ ਉਨ੍ਹਾਂ ਨੇ ਆਪਣੀ ਜਿ਼ੰਦਗੀ ਹੀ ‘ਪੰਜਾਬ ਟਾਈਮਜ਼’ ਨੂੰ ਸਮਰਪਿਤ ਕੀਤੀ ਹੋਈ ਸੀ, ਅਣਗਿਣਤ ਤਕਲੀਫਾਂ ਵਿਚ ਵੀ ‘ਪੰਜਾਬ ਟਾਈਮਜ਼’ ਦਾ ਸਿ਼ਕਾਗੋ, ਸੈਨ ਫਰਾਂਸਿਸਕੋ ਅਤੇ ਨਿਊ ਯਾਰਕ ਤੋਂ ਛਪਣਾ ਕੋਈ ਸੁਖਾਲਾ ਕੰਮ ਨਹੀਂ ਸੀ, ਪਰ ਉਨ੍ਹਾਂ ਨੇ ਕਰ ਕੇ ਦਿਖਾਇਆ। ‘ਪੰਜਾਬ ਟਾਈਮਜ’਼ ਨੂੰ ਉਹ ਜਿਹੜੀਆਂ ਬੁਲੰਦੀਆਂ `ਤੇ ਦੇਖਣਾ ਚਾਹੁੰਦੇ ਸੀ, ਉਹ ਵੀ ਦੇਖਿਆ। ‘ਪੰਜਾਬ ਟਾਈਮਜ’਼ ਨੇ ਇੰਨੀ ਲੋਕਪ੍ਰਿਅਤਾ ਹਾਸਲ ਕੀਤੀ ਕਿ ਇਹ ਅਮਰੀਕਾ ਵਿਚ ਪੰਜਾਬੀ ਦਾ ਸਿਰਮੌਰ ਅਖਬਾਰ ਬਣਿਆ ਅਤੇ ਹਰ ਘਰ ਵਿਚ ਪੜ੍ਹਿਆ ਜਾਣ ਲੱਗਾ।
ਇੱਥੇ ਮੈਂ ਭਾਬੀ ਜਸਪ੍ਰੀਤ ਕੌਰ ਬਾਰੇ ਵੀ ਜ਼ਰੂਰ ਲਿਖਾਂਗੀ। ਜੇ ਵੀਰ ਅਮੋਲਕ ਦੁੱਖਾਂ ਦੇ ਪਹਾੜਾਂ ਨਾਲ ਲੜਦਾ ਰਿਹਾ ਤਾਂ ਜਸਪ੍ਰੀਤ ਦੇ ਸਾਥ, ਸਹਿਯੋਗ ਅਤੇ ਸਮਰਪਣ ਨੂੰ ਵੀ ਮੈਂ ਸਿਰ ਝੁਕਾਉਂਦੀ ਹਾਂ। ਜਸਪ੍ਰੀਤ ਨੇ ਵੀ ਆਪਣਾ ਜੀਵਨ ਆਪਣੇ ਪਤੀ ਦੇ ਪਿਆਰ ਨੂੰ ਸਮਰਪਿਤ ਕੀਤਾ ਹੈ, ਉਸ ਦੀਆਂ ਪੀੜਾਂ ਨੂੰ ਹਰਨ ਲਈ ਹਰ ਲਮ੍ਹਾ, ਹਰ ਪਲ ਉਸ ਦਾ ਸਾਥ ਦਿੱਤਾ ਹੈ। ਅੱਖਾਂ ਵਿਚ ਪੀੜਾ ਦੇ ਹੰਝੂ ਹੋਣ ਦੇ ਬਾਵਜੂਦ ਮੁਸਕਰਾ ਕੇ ਆਪਣਾ ਧਰਮ ਨਿਭਾਇਆ ਹੈ। ਆਖੀਰ ਉਹ ਦਿਨ ਤਾਂ ਆਉਣਾ ਹੀ ਸੀ, ਆ ਗਿਆ। ਉਹ ‘ਪੰਜਾਬ ਟਾਈਮਜ’਼ ਦਾ ਬਾਨੀ ਅਤੇ ਦਲੇਰ ਮਰਦ ਸੰਸਾਰ ਤੋਂ ਰੁਖਸਤ ਹੋ ਗਿਆ।
ਇਕ ਸੱਚ ਦਾ ਸੂਰਜ ਸਦਾ ਲਈ ਅਲੋਪ ਹੋ ਗਿਆ। ਵੀਰ ਅਮੋਲਕ ਦੇ ਲੱਖਾਂ ਚਾਹੁਣ ਵਾਲੇ ਉਹਨੂੰ ਜਾਂਦਾ ਵੇਖਦੇ ਰਹੇ, ਰੋਂਦੇ ਕੁਰਲਾਉਂਦੇ ਤੇ ਆਵਾਜ਼ਾਂ ਦਿੰਦੇ ਰਹੇ, ਪਰ ਉਹ ਚਲਾ ਗਿਆ, ਉਥੇ, ਜਿੱਥੇ ਜਾ ਕੇ ਕਦੀ ਕੋਈ ਵਾਪਸ ਨਹੀਂ ਆਇਆ। ਮੈਨੂੰ ਪਤਾ ਹੈ ਜਸਪ੍ਰੀਤ ਬਹੁਤ ਉਦਾਸ ਹੈ, ਉਹ ਟੁੱਟ ਚੁਕੀ ਹੈ, ਬਿਖਰ ਚੁਕੀ ਹੈ, ਪਰ ਜਸਪ੍ਰੀਤ ਵੀ ਅਮੋਲਕ ਵੀਰ ਵਾਂਗ ਬਹਾਦਰ ਹੈ, ਉਹ ਹਿੰਮਤ ਹਾਰਨ ਵਾਲੀ ਨਹੀਂ ਹੈ, ਉਹ ਅੱਗੇ ਵਧੇਗੀ ਅਤੇ ਵੀਰ ਦੇ ਲਾਏ ਇਸ ਬੂਟੇ ਨੂੰ ਆਪਣੀ ਮਮਤਾ ਦਾ ਪਾਣੀ ਪਾ ਕੇ ਹਰਿਆ-ਭਰਿਆ ਰੱਖੇਗੀ।
ਵੀਰ ਅਮੋਲਕ ਅਤੇ ‘ਪੰਜਾਬ ਟਾਈਮਜ਼’ ਦੇ ਚਾਹੁਣ ਵਾਲੇ ਸਦੀਵ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ ਇਹ ਵਾਅਦਾ ਹੈ ਵੀਰ। ਜਦ ਜਸਪ੍ਰੀਤ ਭਾਬੀ ਨੂੰ ਫੋਨ ਕਰਦੀ ਹਾਂ, ਉਨ੍ਹਾਂ ਦੀ ਉਦਾਸ ਆਵਾਜ਼ ਸੁਣਦੀ ਹਾਂ ਤਾਂ ਦਿਲ ਨੂੰ ਹੌਲ ਪੈਂਦੇ ਹਨ। ਭਾਬੀ ਜੀ, ਵੀਰ ਦਾ ਬੈਡ ਉਥੇ ਹੀ ਪਿਆ ਏ? ਤਾਂ ਆਖਦੇ ਹਨ, ਭੈਣ ਜੀ ਮੈਂ ਤੁਹਾਡੇ ਵੀਰ ਦੀ ਕੋਈ ਵੀ ਚੀਜ਼ ਨਹੀਂ ਹਿਲਾਈ, ਸਾਰਾ ਕੁਝ ਜਿਉਂ ਦਾ ਤਿਉਂ ਹੀ ਪਿਆ ਹੈ, ਪਰ ਉਹ ਆਪ ਪਤਾ ਨਹੀਂ ਕਿੱਥੇ ਤੁਰ ਗਏ ਨੇ। ਮੈਂ ਵੀ ਚੁੱਪ ਹੋ ਜਾਂਦੀ ਹਾਂ, ਭਲਾ ਮੈਂ ਕੀ ਦੱਸਾਂ, ਉਹ ਤਾਂ ਕਿਸੇ ਨੂੰ ਵੀ ਪਤਾ ਨਹੀਂ। ਭਾਬੀ ਉਦਾਸ ਹੈ, ਮਨਦੀਪ ਤੇ ਸੰਦੀਪ ਉਦਾਸ ਹਨ, ਵੀਰੇ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਉਦਾਸ ਹਨ।
ਇਸ ਉਦਾਸੀ ਦੇ ਆਲਮ ਵਿਚ ਵੀ ਮੈਂ ਵੀਰ ਅਮੋਲਕ ਅਤੇ ‘ਪੰਜਾਬ ਟਾਈਮਜ਼’ ਦੇ ਸਾਰੇ ਹੀ ਚਾਹੁਣ ਵਾਲਿਆਂ ਨੂੰ ਬੇਨਤੀ ਕਰਾਂਗੀ ਕਿ ਹੁਣ ਵਕਤ ਹੈ, ਆਓ ਸਾਰੇ ਮਿਲ ਕੇ ਵੀਰ ਅਮੋਲਕ ਦੇ ਤੇ ਆਪਣੇ ‘ਪੰਜਾਬ ਟਾਈਮਜ’਼ ਨੂੰ ਲੈ ਕੇ ਅੱਗੇ ਵਧੀਏ ਅਤੇ ਇਸ ਦਾ ਮਾਣ-ਤਾਣ ਬਰਕਰਾਰ ਰੱਖਣ ਵਿਚ ਆਪਣਾ ਸਾਥ ਤੇ ਸਹਿਯੋਗ ਬਣਾਈ ਰੱਖੀਏ।