ਮੋਹ-ਮੁਹੱਬਤਾਂ ਦਾ ਮੀਂਹ

ਸੰਨ ਸੰਤਾਲੀ ਵਿਚ ਭਾਰਤ ਵੰਡਿਆ ਗਿਆ ਪਰ ਅਸਲ ਵੰਡ ਤਾਂ ਪੰਜਾਬ ਅਤੇ ਬੰਗਾਲ ਦੀ ਹੋਈ ਜਿਥੇ ਦੋ ਕੌਮਾਂ ਟੋਟੇ-ਟੋਟੇ ਹੋ ਗਈਆਂ। ਇਸ ਵੰਡ ਵੇਲੇ ਵਸੋਂ ਦੀ ਅਦਲਾ-ਬਦਲੀ ਦੌਰਾਨ ਪੰਜਾਬ ਲਹੂ-ਲੁਹਾਣ ਹੋ ਗਿਆ। ਬਾਅਦ ਵਿਚ ਦੋਹਾਂ ਮੁਲਕਾਂ ਦੇ ਸਿਆਸਤਦਾਨ ਭਾਵੇਂ ਇਕ-ਦੂਜੇ ਖਿਲਾਫ ਨਫਰਤ ਵਾਲੀ ਸਿਆਸਤ ਕਰਦੇ ਰਹੇ ਪਰ ਦੋਹਾਂ ਪਾਸਿਆਂ ਦੇ ਲੋਕ ਇਕ-ਦੂਜੇ ਨੂੰ ਧਾਹ ਗਲਵੱਕੜੀ ਪਾਉਂਦੇ ਹਨ। ‘ਪੰਜਾਬ ਟਾਈਮਜ਼’ ਨਾਲ ਚਿਰਾਂ ਤੋਂ ਜੁੜੇ ਰਹੇ ਅਤੇ ਅੱਜਕੱਲ੍ਹ ਅਮਰੀਕਾ ਵੱਸਦੇ ਜਸਵੰਤ ਸਿੰਘ ਸੰਧੂ ਨੇ ਪਾਕਿਸਤਾਨ ਫੇਰੀ ਬਾਰੇ ਲੰਮਾ ਲੇਖ ਸਾਨੂੰ ਲਿਖ ਭੇਜਿਆ ਹੈ। ਇਸ ਦੀ ਚੌਥੀ ਅਤੇ ਆਖਰੀ ਕਿਸ਼ਤ ਹਾਜ਼ਰ ਹੈ।

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-909-8204

ਫਿਰ ਪ੍ਰੋਗਰਾਮ ਬਣਿਆ ਡਾ. ਤਾਹਿਰ ਮਹਿਮੂਦ ਨੂੰ ਉਨ੍ਹਾਂ ਦੇ ਚੱਕ ਨੰਬਰ 97 ਆਰ.ਬੀ. ਜੌਹਲ ਜੜ੍ਹਾਂ ਵਾਲਾ ਜ਼ਿਲ੍ਹਾ ਲਾਇਲਪੁਰ ਨੂੰ ਮਿਲਣ ਦਾ। ਮੈਂ ਫੋਨ ‘ਤੇ ਆਪਣੇ ਆਉਣ ਦੀ ਸੂਚਨਾ ਦੇ ਦਿੱਤੀ ਸੀ। ਡਾ. ਸਾਹਿਬ ਪੇਸ਼ੇ ਵਜੋਂ ਵੈਟਰਨਰੀ ਡਾਕਟਰ ਨੇ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬੜੇ ਵੱਡੇ ਮਦਾਹ ਨੇ। ਤਿੰਨ ਦਹਾਕਿਆਂ ਤੋਂ ਉਨ੍ਹਾਂ ਦੇ ਲੇਖ ‘ਅਜੀਤ’ ਛਪਦੇ ਰਹੇ ਨੇ। ਚੜ੍ਹਦੇ ਪੰਜਾਬ ਵਿਚ ਉਨ੍ਹਾਂ ਦੇ ਲੇਖ ਪੜ੍ਹੇ ਅਤੇ ਸਲਾਹੇ ਜਾਂਦੇ ਨੇ। ਸ. ਅਮੋਲਕ ਸਿੰਘ ਜੰਮੂ ਆਪਣੇ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼’ ਵਿਚ ਵੀ ਛਾਪਦੇ ਨੇ।
ਦੋ-ਢਾਈ ਘੰਟੇ ਦੇ ਸਫਰ ਬਾਅਦ ਅਸੀਂ ਉਨ੍ਹਾਂ ਦੇ ਨਿਵਾਸ ‘ਤੇ ਪਹੁੰਚ ਗਏ। ਚਾਹ-ਪਾਣੀ ਦੇ ਨਾਲ ਹੀ ਗੱਲਾਂ-ਬਾਤਾਂ ਦਾ ਸਿਲਸਿਲਾ ਚੱਲ ਪਿਆ। ਉਨ੍ਹਾਂ ਦੱਸਿਆ, “ਜਦ ਮੈਂ ਗੁਰਮੁਖੀ ਲਿਪੀ ਸਿੱਖ ਕੇ ਰੋਜ਼ਾਨਾ ਅਜੀਤ ਵਿਚ ਛਪਣਾ ਸ਼ੁਰੂ ਕੀਤਾ ਤਾਂ ਚੜ੍ਹਦੇ ਪੰਜਾਬ ਵਿਚੋਂ ਕਾਫੀ ਤਾਦਾਦ ਵਿਚ ਰੋਜ਼ ਚਿੱਠੀਆਂ ਆਉਣ ਲੱਗ ਪਈਆਂ। ਮੈਨੂੰ ਡਾਕੀਆ ਕਹਿੰਦਾ- ‘ਡਾਕਟਰ ਸਾਹਬ, ਤੁਸੀਂ ਚੜ੍ਹਦੇ ਪੰਜਾਬ ਵਿਚ ਕੀ ਅੱਗ ਲਾ ਦਿੱਤੀ ਜੇ, ਡਾਕ ਵਿਚ ਅੱਧੀਆਂ ਚਿੱਠੀਆਂ ਤੁਹਾਡੀਆਂ ਹੀ ਹੁੰਦੀਆਂ’। ਜਦ ਮੈਂ ਵੀਜ਼ਾ ਲਵਾ ਕੇ ਚੜ੍ਹਦੇ ਪੰਜਾਬ ਗਿਆ ਤਾਂ ਮੇਰੇ ਪ੍ਰਸ਼ੰਸਕਾਂ ਨੇ ਮੇਰਾ ਬੜਾ ਆਦਰ-ਮਾਣ ਕੀਤਾ। ਕਈਆਂ ਨੇ ਤਾਂ ਆਪਣੇ ਘਰਾਂ ਵਿਚ ਮੇਰੀਆਂ ਫੋਟੋਆਂ ਵੀ ਲਾਈਆਂ ਹੋਈਆਂ ਨੇ। ਡਾ. ਨਿਰਮਲ ਸਿੰਘ, ਪੰਜਾਬੀ ਸੱਥ ਲਾਂਬੜਾ ਵਾਲਿਆਂ ਨੇ ਸੱਦ ਕੇ ਸਨਮਾਨਿਤ ਕੀਤਾ। ਉਨ੍ਹਾਂ ਮੈਨੂੰ ਪੰਜਾਬ ਦੇ ਨਕਸ਼ੇ ਵਿਚ ਲਾਲ ਲਕੀਰ ਦੇ ਸਾਹਮਣੇ ਖੜ੍ਹਾ ਕਰਕੇ ਕਿਹਾ- ‘ਡਾਕਟਰ ਸਾਹਬ! ਕਿਸੇ ਦਿਨ ਇਹ ਲਾਲ ਲਕੀਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਾਹਮਣੇ ਬੇਅਰਥ ਹੋ ਜਾਵੇਗੀ, ਬਿਨਾ ਸ਼ੱਕ ਸਰਹੱਦਾਂ ਭਾਵੇਂ ਰਹਿਣਗੀਆਂ’।”
ਕੁਝ ਦੇਰ ਚੁੱਪ ਰਹਿ ਕੇ ਫਿਰ ਬੋਲੇ, “ਜਦ ਮੈਂ ਵਿਹੜੇ ਵਿਚ ਬੈਠਾ ਚੰਦਰਮਾ ਨੂੰ ਦੇਖ ਰਿਹਾ ਹੁੰਦਾ ਹਾਂ ਤਾਂ ਮੈਂ ਆਖਦਾ ਹੁੰਦਾ- ਤੂੰ ਚੜ੍ਹਦੇ ਤੇ ਲਹਿੰਦੇ ਵਾਲੇ ਸਭ ਪੰਜਾਬੀਆਂ ਨੂੰ ਦੇਖ ਰਿਹਾ ਹੈਂ। ਜਦ ਸਾਂਦਲ ਬਾਰ ਵੀਹਵੀਂ ਸਦੀ ਦੇ ਅਖੀਰ ਵਿਚ ਵਸੀ ਤਾਂ ਸਾਡੇ ਸਿੱਖ ਭਰਾ ਕੁਝ ਘੱਟ ਗਿਣਤੀ ਵਿਚ ਸਨ ਤਾਂ ਜਾਗਲੀਆਂ ਨੇ ਉਨ੍ਹਾਂ ਦੇ ਕਤਲ, ਵੱਢ-ਕੱਟ ਕਰ ਕੇ ਡੰਗਰ ਵੀ ਲੈ ਜਾਣੇ ਆਮ ਜਿਹੀ ਗੱਲ ਸੀ। ਜਦ ਜੱਟ ਸਿੱਖਾਂ ਦੀ ਇਥੇ ਕਾਫੀ ਗਿਣਤੀ ਹੋ ਗਈ ਤਾਂ ਸਰਦਾਰਾਂ ਨੇ ਉਲਟੀ ਗੰਗਾ ਵਹਾ ਦਿੱਤੀ। ਉਨ੍ਹਾਂ ਨੂੰ ਮਾਰ-ਕੁੱਟ ਕੇ, ਲੁੱਟ-ਮਾਰ ਕੇ ਮੱਝਾਂ ਵੀ ਖੋਲ੍ਹ ਲਿਆਉਣੀਆਂ। ਫਿਰ ਇਨ੍ਹਾਂ ਤੋਂ ਜਾਂਗਲੀ ਡਰਨ ਲੱਗ ਪਏ। ਕਈਆਂ ਨੇ ਤਾਂ ਦੋਸਤੀਆਂ ਗੰਢ ਲਈਆਂ। ਲਾਇਲਪੁਰ ਸ਼ਹਿਰ ਸਿੱਖਾਂ ਦੇ ਖੂਨ ਪਸੀਨੇ ਨਾਲ ਬਣਿਆ ਸੀ ਪਰ 47 ਦੀ ਹਿਜਰਤ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਘਰ ਅਤੇ ਮਿਹਨਤ ਨਾਲ ਬਣਾਈਆਂ ਜ਼ਮੀਨਾਂ ਦੇ ਮੁਰੱਬੇ ਦੇਖਣੇ ਨਸੀਬ ਨਾ ਹੋਏ। ਓਧਰ, ਮਸੀਤਾਂ ਮੁਸਲਮਾਨਾਂ ਨੂੰ ਉਡੀਕਦੀਆਂ ਤੇ ਇਧਰ ਸਿੱਖਾਂ ਨੂੰ ਗੁਰਦੁਆਰੇ ਉਡੀਕਦੇ ਢੱਠ ਗਏ ਨੇ।
ਬੇਸ਼ਕ ਪੰਜਾਬ ਵੰਡਿਆ ਗਿਆ ਸੀ। ਕੀ ਭਰਾ ਭਰਾ ਅੱਡ ਨਹੀਂ ਹੁੰਦੇ। ਕੀ ਉਹ ਮਿਲਣਾ ਜੁਲਣਾ ਛੱਡ ਦਿੰਦੇ ਨੇ? ਕੀ ਉਹ ਦੁੱਖ-ਸੁੱਖ ਦੇ ਭਾਈਵਾਲ ਨਹੀਂ ਹੁੰਦੇ? ਜਦ ਜਨਰਲ ਕਮਰ ਜਾਵੇਦ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਦੀ ਜੱਫੀ ਪਈ ਤਾਂ ਹਿੰਦੁਸਤਾਨ ਵਿਚ ਬੜਾ ਰੌਲਾ ਪਿਆ। ਸਿੱਧੂ ਗੱਦਾਰ ਹੈ। ਦੇਸ਼ ਧ੍ਰੋਹੀ ਹੈ। ਇਹਨੂੰ ਫਾਂਸੀ ਲਾ ਦਿਓ। ਉਦੋਂ ਮੈਂ ਅਜੀਤ ਵਿਚ ਇਸ ਬਾਬਤ ਲਿਖਿਆ ਸੀ, ਮੈਂ ਕਿਹਾ ਸੀ- ‘ਇਹ ਜੱਫੀ ਦੋ ਇਨਸਾਨਾਂ ਦੀ, ਦੋ ਪੰਜਾਬੀਆਂ ਦੀ ਤੇ ਦੋ ਜੱਟਾਂ ਦੀ ਜੱਫੀ ਹੈ! ਦੋਹਾਂ ਦਾ ਇਹੋ ਜਿਹਾ ਜੱਟ-ਜੱਫਾ ਪਿਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ।”
ਉਨ੍ਹਾਂ ਹੋਰ ਦੱਸਿਆ, “ਜਦ ਮੈਂ ਚੜ੍ਹਦੇ ਪੰਜਾਬ ਤੋਂ ਵਾਪਸ ਆਉਣਾ ਸੀ ਤਾਂ ਮੈਂ ਆਪਣੇ ਇਕ ਕਰਨਲ ਦੋਸਤ ਕੋਲ ਠਹਿਰਿਆ ਹੋਇਆ ਸੀ। ਜਦ ਮੈਂ ਸਵੇਰੇ ਵਾਪਸ ਆਪਣੇ ਵਤਨ ਜਾਣਾ ਸੀ, ਸਵੇਰੇ ਉਠਿਆ ਤਾਂ ਕਰਨਲ ਸਾਹਿਬ ਮਸ਼ੀਨ ਵਿਚ ਪਾ ਕੇ ਮੇਰੇ ਕੱਪੜੇ ਧੋ ਰਹੇ ਸਨ। ਮੈਂ ਪੁੱਛਿਆ- ‘ਕਰਨਲ ਸਾਹਿਬ! ਇਹ ਕੀ ਕਰ ਰਹੇ ਜੇ?’ ਉਨ੍ਹਾਂ ਦਾ ਜਵਾਬ ਸੀ- ‘ਤੇਰੇ ਕੱਪੜੇ ਧੋ ਰਿਹਾ ਹਾਂ।’ ਮੈਂ ਕਿਹਾ- ‘ਕਰਨਲ ਸਾਹਿਬ! ਮੈਂ ਆਪ ਧੋ ਲੈਂਦਾ। ਤੁਸੀਂ ਮੈਥੋਂ ਉਮਰ ਵਿਚ ਵੱਡੇ ਹੋਣ ਦੇ ਬਾਵਜੂਦ ਮੇਰੇ ਕੱਪੜੇ ਧੋ ਰਹੇ ਹੋ।’ ਉਨ੍ਹਾਂ ਦਾ ਜਵਾਬ ਸੀ- ‘ਯਾਰ! ਫਿਰ ਤੂੰ ਮੇਰੇ ਤੇ ਆਪਣੇ ਵਿਚ ਫਰਕ ਸਮਝਿਆ ਨਾ’। … ਸਰਦਾਰ ਜੀ! ਉਸ ਸਰਦਾਰ ਕਰਨਲ ਨੇ ਮੈਨੂੰ ਬਿਨਾ ਮੁੱਲ ਤੋਂ ਖਰੀਦ ਲਿਆ। ਕਿਥੇ ਉਹ ਕਰਨਲ ਜਿਥੇ ਦੋਹੀਂ ਪਾਸੀਂ ਆਰਮੀ ਨੂੰ ਦੁਸ਼ਮਣੀ ਦਾ ਹੀ ਸਬਕ ਪੜ੍ਹਾਇਆ ਜਾਂਦਾ ਹੈ।…”
ਜੇ ਦੋਹਾਂ ਪਾਸਿਆਂ ਦੇ ਪੰਜਾਬੀਆਂ ਦੀ ਸੋਚ ਡਾ. ਸਾਹਿਬ ਵਰਗੀ ਹੋ ਜਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੋਹਾਂ ਪੰਜਾਬਾਂ ਵਾਲੇ ਲੋਕ ਭਰਾਵਾਂ ਵਾਂਗ, ਚੰਗੇ ਗਵਾਂਢੀਆਂ ਵਾਂਗ ਰਹਿਣ ਲੱਗ ਪੈਣਗੇ ਤੇ ਸਰਹੱਦਾਂ ‘ਤੇ ਮਾਵਾਂ ਦੇ ਪੁੱਤ ਅਣਿਆਈ ਮੌਤ ਨਹੀਂ ਮਰਨਗੇ। ਨਾਨਕ ਸਿੰਘ ਨਾਵਲਿਸਟ ਦੇ ਕਹਿਣ ਮੁਤਾਬਕ- ‘ਮੈਨੂੰ ਕੋਈ ਦੱਸ ਦੇਵੇ ਕਿ ਮੁਸਲਮਾਨ, ਸਿੱਖ ਤੇ ਹਿੰਦੂ ਮਾਂ ਦੇ ਅੱਥਰੂਆਂ ਵਿਚ ਕਿੰਨਾ ਕੁ ਫਰਕ ਹੁੰਦਾ?’
000
ਸਾਜਦ ਅੰਬਰਸਰੀਆ ਵੀ ਮੇਰਾ ਫੇਸਬੁੱਕ ਫਰੈਂਡ ਹੈ। ਉਹ ਲਾਹੌਰ ਦੇ ਐਸ.ਐਸ.ਪੀ. ਦਾ ਡਰਾਇਵਰ ਹੈ। ਉਸ ਦੇ ਬਜ਼ੁਰਗਾਂ ਦਾ ਪਿਛਲਾ ਪਿੰਡ ਬੋਹਲੀਆਂ (ਨੇੜੇ ਅਜਨਾਲਾ) ਅੰਮ੍ਰਿਤਸਰ ਹੈ। ਅੱਜ ਕੱਲ੍ਹ ਉਹ ਚੱਕ 55 ਕਿਲ੍ਹਾ ਬਲਾਕਾ ਸਿੰਘ ਪਿੰਡ ਵਿਚ ਆਬਾਦ ਨੇ। ਉਹ ਮੈਨੂੰ ਆਪਣਾ ਪਿੰਡ ਦਿਖਾਉਣਾ ਚਾਹੁੰਦਾ ਸੀ। ਅਸੀਂ ਸਵਖਤੇ ਪੀ.ਸੀ. ਹੋਟਲ ਤੋਂ ਕਾਰ ‘ਤੇ ਫੀਰੋਜ਼ਪੁਰ ਮੋਟਰਵੇਅ ‘ਤੇ ਤਰਦੇ ਜਾ ਰਹੇ ਸਾਂ। ਫੀਰੋਜ਼ਪੁਰ ਰੋਡ ਪਾਕਿਸਤਾਨ ਦੀ ਸਰਹੱਦੀ ਚੌਕੀ ਗੰਡਾ ਸਿੰਘ ਵਾਲਾ ਤੱਕ ਜਾਂਦੀ ਹੈ। ਰਾਹ ਵਿਚ ਕਾਨਾ-ਕਾਛਾ, ਅਮਰ ਸਿੱਧੂ, ਹੁਡਿਆਰਾ ਆਦਿ ਵੱਡੇ ਵੱਡੇ ਪਿੰਡ ਲਾਹੌਰ ਸ਼ਹਿਰ ਨੇ ਨਵੀਆਂ ਨਵੀਆਂ ਕਲੋਨੀਆਂ ਦੇ ਰੂਪ ਵਿਚ ਆਪਣੇ ਕਲਾਵੇ ਵਿਚ ਲੈ ਲਏ ਨੇ।
000
11 ਕੁ ਵਜੇ ਅਸੀਂ ਕਿਲ੍ਹਾ ਬਲਾਕਾ ਸਿੰਘ ਪਹੁੰਚ ਗਏ। ਸਾਜਦ ਦਾ ਪਰਿਵਾਰ ਬੜੇ ਮੁਹੱਬਤ-ਪਿਆਰ ਨਾਲ ਮਿਲਿਆ। ਚਾਹ-ਪਾਣੀ ਪੀਣ ਤੋਂ ਬਾਅਦ ਉਸ ਨੇ ਮੈਨੂੰ ਆਪਣਾ ਸਾਰਾ ਪਿੰਡ ਘੁਮਾਇਆ। ਪਿੰਡ ਦੀਆਂ ਗਲੀਆਂ ਨਾਲੀਆਂ ਚੜ੍ਹਦੇ ਪੰਜਾਬ ਵਾਂਗ ਪੱਕੀਆਂ ਨੇ। ਪਿੰਡ ਦੇ ਆਲੇ-ਦੁਆਲੇ ਕਮਾਦ ਦੇ ਕਾਫੀ ਖੇਤ ਸਨ। ਲੋਕ ਵੇਲਣਿਆਂ ‘ਤੇ ਆਪ ਗੁੜ ਬਣਾਉਂਦੇ ਹਨ। ਲਾਗੇ ਇਕ ਵੇਲਣੇ ਤੋਂ ਅਸੀਂ ਰਹੁ ਪੀਤੀ ਅਤੇ ਤੱਤਾ-ਤੱਤਾ ਗੁੜ ਖਾਧਾ। ਕੁਦਰਤੀ ਵੇਲਣੇ ਵਾਲੇ ਮੇਰੇ ਪਿੰਡ ਘਰਿੰਡੇ ਦੇ ਨਿਕਲ ਆਏ ਜੋ ਹਿਜਰਤ ਤੋਂ ਬਾਅਦ ਇਸ ਪਿੰਡ ਵਿਚ ਆਣ ਵਸੇ ਸਨ। ਪਿੰਡ ਦਾ ਹੋਣ ਕਰਕੇ ਉਹ ਬੜੇ ਖੁਸ਼ ਹੋਏ ਤੇ ਮੈਨੂੰ ਉਨ੍ਹਾਂ ਪੰਜ ਕਿਲੋ ਗੁੜ ਲਿਫਾਫੇ ਵਿਚ ਪਾ ਕੇ ਬਦੋ-ਬਦੀ ਦੇ ਦਿੱਤਾ। ਚੜ੍ਹਦੇ ਪੰਜਾਬ ਵਾਂਗ ਹੀ ਸਾਜਦ ਨੇ ਮੈਨੂੰ ਪੀਰ ਦੀ ਜਗ੍ਹਾ ਦਿਖਾਈ ਜਿਥੇ ਲੋਕ ਹਰ ਵੀਰਵਾਰ ਚਿਰਾਗ ਜਗਾਉਂਦੇ ਨੇ ਤੇ ਮੰਨਤਾਂ ਮੰਨਦੇ ਨੇ।
ਵੇਲਣੇ ਵਾਲਿਆਂ ਦੀ ਅੰਮਾਂ (ਹਨੀਫਾ ਬੀਬੀ) ਮੇਰੇ ਪਿੰਡ ਘਰਿੰਡੇ ਦੀ ਧੀ ਸੀ। ਮੈਂ ਉਸ ਨੂੰ ਮਿਲਣ ਦੀ ਖਾਹਸ਼ ਜਾਹਿਰ ਕੀਤੀ। ਉਹ ਮੈਨੂੰ ਆਪਣੇ ਘਰ ਲੈ ਗਏ ਤੇ ਆਪਣੀ ਅੰਮਾਂ ਨੂੰ ਮਿਲਾਇਆ ਕਿ ਇਹ ਡੁਹਾਡੇ ਪਿੰਡ ਘਰੰਡਿਓਂ ਆਏ ਨੇ। ਸਲਾਮ-ਦੁਆ ਤੋਂ ਬਾਅਦ ਉਸ ਭੈਣ ਨੇ ਦੱਸਿਆ, “ਉਜੜਨ ਵੇਲੇ ਮੇਰੀ ਉਮਰ 14 ਸਾਲ ਦੀ ਸੀ। ਸਾਡਾ ਘਰ ਮਸੀਤ ਲਾਗੇ ਹੁੰਦਾ ਸੀ। ਮਸੀਤ ਹੈਗੀ ਐ ਕਿ ਢਠ ਗਈ ਐ?” ਮੈਂ ਕਿਹਾ, “ਢੱਠ ਗਈ ਐ।” ਉਹਨੇ ਫਿਰ ਦੱਸਣਾ ਸ਼ੁਰੂ ਕੀਤਾ, “ਘਰਿੰਡੇ ਮੁਸਲਮਾਨਾਂ ਦੇ ਘਰ ਪੰਜ ਸੌ, ਤੇ ਸਿੱਖਾਂ ਹਿੰਦੂਆਂ ਦੇ ਤਿੰਨ ਸੌ ਸਨ (ਵੰਡ ਵੇਲੇ ਮੇਰੇ ਪਿਤਾ ਜੀ ਵੀ ਇੰਨੇ ਹੀ ਦੱਸਦੇ ਹੁੰਦੇ ਸਨ)। ਮੇਰੀ ਦਾਦੀ ਦਾ ਨਾਂ ਕਰਮ ਬੀਬੀ, ਦਾਦੇ ਨਾ ਨਾਂ ਸ਼ਾਦੀ, ਅੱਬਾ ਜਮਾਲਦੀ ਥੇਹਵਾਲੀਆ, ਚਾਚਾ ਫੱਜ਼ਾ, ਸਰਾਜ ਖੂਹੀ ਵਾਲਾ, ਇਮਾਮਦੀਨ, ਗੁਲਾਮਦੀਨ ਤੇ ਸ਼ਰੀਫ ਖੁੱਡੂ ਦਾ ਸਰਾਂ ਵਾਲਾ ਮੈਨੂੰ ਅੱਜ ਵੀ ਯਾਦ ਨੇ। ਸੋਹਣ ਸਿੰਘ ਨੰਬਰਦਾਰ, ਤੇਜ ਭਾਨ ਬਾਹਮਣ ਤੇ ਬਸੰਤ ਕੌਰ ਮਹਿਰੀ ਜਿਸ ਤੋਂ ਮੈਂ ਦਾਣੇ ਭੁਨਾ ਕੇ ਲਿਆਉਂਦੀ ਹੁੰਦੀ ਸੀ। ਖੂਹਾਂ ਦੇ ਨਾਂ ਸਨ- ਥੇਹ ਵਾਲਾ, ਬੋੜੇ ਵਾਲਾ, ਵਰੀਏ ਵਾਲਾ, ਐਵੇ ਵਾਲਾ ਤੇ ਪਿੱਪਲ ਵਾਲਾ। ਮੈਨੂੰ ਸਭ ਯਾਦ ਨੇ।”
ਜਦ ਉਹ ਗੱਲਾਂ ਕਰ ਰਹੀ ਸੀ ਤਾਂ 47 ਤੋਂ ਪਹਿਲਾਂ ਦੇ ਘਰਿੰਡੇ ਦੀ ਗੱਲਾਂ ਸੁਣ ਕੇ ਮਨ ਨੂੰ ਬੜਾ ਸਕੂਨ ਮਿਲ ਰਿਹਾ ਸੀ, ਕਿਵੇਂ ਉਸ ਨੂੰ ਉਸ ਵਕਤ ਦੇ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਅਤੇ ਖੂਹਾਂ ਦੇ ਨਾਂ ਉਂਗਲਾਂ ‘ਤੇ ਯਾਦ ਨੇ। ਉਹ ਮੈਨੂੰ ਰਾਤ ਰਹਿਣ ਵਾਸਤੇ ਬੜਾ ਜ਼ੋਰ ਲਾ ਰਹੇ ਸਨ ਪਰ ਨਾ ਰਹਿ ਸਕਣ ਦੀ ਮੇਰੀ ਮਜਬੂਰੀ ਸੀ। ਮੈਂ ਆਪਣੀ ਉਸ ਪਿੰਡ-ਭੈਣ ਨੂੰ ਯਥਾ-ਸ਼ਕਤੀ ਮਾਇਆ ਦਾ ਪਿਆਰ ਦਿੱਤਾ।
ਉਥੇ ਹੀ ਮੇਰੇ ਪਿੰਡ ਦਾ ਅਬਦੁਰ ਰਹਿਮਾਨ ਮਿਲ ਪਿਆ ਜਿਸ ਦੀ ਮੈਂ ਫੇਸਬੁਕ ‘ਤੇ ਇੰਟਰਵਿਊ ਦੀ ਵੀਡੀਓ ਦੇਖੀ ਸੀ ਜਿਸ ਵਿਚ ਉਸ ਨੇ ਕਿਹਾ ਸੀ, “ਮੈਨੂੰ ਵਾਹਗੇ ਬਾਡਰ ‘ਤੇ ਛੱਡ ਆਓ, ਮੈਂ ਤਿੰਨ ਛਾਲਾਂ ਮਾਰ ਕੇ ਘਰਿੰਡੇ ਚਲਾ ਜਾਵਾਂਗਾ। ਉਸ ਵਿਚ ਉਸ ਨੇ ਪਿੰਡ ਦੇ ਮਸ਼ਹੂਰ ਮਸ਼ਹੂਰ ਬੰਦਿਆਂ ਤੇ ਆਪਣੇ ਜਮਾਤੀਆਂ ਦੇ ਨਾਂ ਵੀ ਦੱਸੇ।
ਸਾਜਦ ਦੇ ਘਰ ਆ ਕੇ ਦੁਪਹਿਰ ਦਾ ਖਾਣਾ ਖਾਧਾ। ਉਸ ਦੇ ਪਰਿਵਾਰ ਨਾਲ ਗੱਲਾਂ ਕਰਦੇ ਰਹੇ। ਗੱਲਾਂ-ਗੱਲਾਂ ਵਿਚ ਸਾਜਦ ਦੀ ਅੰਮਾਂ ਨੇ ਦੱਸਿਆ, “ਸਾਜਦ ਦੇ ਵਿਆਹ ਨੂੰ ਅੱਠ ਸਾਲ ਹੋ ਗਏ ਪਰ ਬੱਚਾ ਕੋਈ ਨਹੀਂ। ਸਰਦਾਰ ਜੀ! ਤੁਸੀਂ ਵੀ ਇਹਦੇ ਘਰ ਬੱਚਾ ਹੋਣ ਦੀ ਦੁਆ ਅੰਮ੍ਰਿਤਸਰ ਕਰਿਓ।” ਮੈਂ ਸੋਚ ਰਿਹਾ ਸਾਂ ਕਿ ਆਪਣੇ ਪੋਤਰੇ-ਪੋਤਰੀਆਂ ਦਾ ਕਿੰਨਾ ਮੋਹ ਹੁੰਦਾ ਹੈ ਕਿ ਉਹ ਦੂਸਰੇ ਮਜ਼੍ਹਬ ਦੇ ਬੰਦੇ ਨੂੰ ਆਪਣੇ ਧਰਮ ਸਥਾਨ ‘ਤੇ ਦੁਆ ਕਰਨ ਨੂੰ ਕਹਿ ਰਹੀ ਹੈ।
ਖਾਣਾ ਖਾਣ ਤੋਂ ਬਾਅਦ ਮੈਂ ਸਾਜਦ ਨੂੰ ਵਾਰਿਸ ਸ਼ਾਹ ਦਾ ਮਜ਼ਾਰ ਦਿਖਾਉਣ ਲਈ ਆਖਿਆ ਤਾਂ ਉਸ ਨੇ ਕਾਰ ਵਾਰਿਸ ਦੇ ਪਿੰਡ ਜੰਡਿਆਲਾ ਸ਼ੇਰ ਖਾਂ (ਸ਼ੇਖੂਪੁਰਾ) ਵੱਲ ਮੋੜ ਲਈ। ਥੋੜ੍ਹੇ ਚਿਰ ਬਾਅਦ ਅਸੀਂ ਵਾਰਿਸ ਸ਼ਾਹ ਦੇ ਮਜ਼ਾਰ ਪਹੁੰਚ ਗਏ।
ਵਾਰਿਸ ਸ਼ਾਹ ਨੇ ਜਿਥੇ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਆਪਣੀ ਲਿਖਤ ‘ਹੀਰ ਵਾਰਿਸ ਸ਼ਾਹ’ ਰਾਹੀਂ ਬਿਆਨ ਕੀਤੀ ਹੈ, ਉਥੇ ਉਸ ਵਕਤ ਦੇ ਸਮਾਜਕ, ਧਾਰਮਿਕ, ਸਿਆਸੀ ਆਮ ਹਾਲਾਤ ‘ਤੇ ਵੀ ਬੜੀ ਬਰੀਕੀ ਨਾਲ ਚਾਨਣਾ ਪਾਇਆ। ਦੋਹਾਂ ਪੰਜਾਬਾਂ ਵਿਚ ਉਸ ਦੀ ਇਹ ਲਿਖਤ ਬੜੇ ਅਕੀਦਤ ਨਾਲ ਪੜ੍ਹੀ ਜਾਂਦੀ ਹੈ। ਉਸ ਦੇ ਮਜ਼ਾਰ ਦੇ ਸਾਲਾਨਾ ਉਰਸ ‘ਤੇ ਸੁਰੀਲੀ ਆਵਾਜ਼ ਵਿਚ ਹੀਰ ਪੜ੍ਹਨ ਦੇ ਮੁਕਾਬਲੇ ਹੁੰਦੇ ਨੇ। ਮਜ਼ਾਰ ਅੰਦਰ ਜਾ ਕੇ ਵਾਰਿਸ ਸ਼ਾਹ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਉਨ੍ਹਾਂ ਦੀਆਂ ਉਸ ਵਕਤ ਦੀਆਂ ਨਿਸ਼ਾਨੀਆਂ ਜੋ ਬੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ, ਦੇ ਦਰਸ਼ਨ ਕੀਤੇ। ਬਾਹਰ ਵਿਹੜੇ ਵਿਚ ਮਜ਼ਾਰ ਦੇ ਦਰਸ਼ਨ ਕਰਨ ਵਾਲਿਆਂ ਦੀ ਕਾਫੀ ਭੀੜ ਸੀ। ਮਜ਼ਾਰ ਦੇ ਮੁੱਖ ਗੇਟ ‘ਤੇ ਸ਼ਾਹਮੁਖੀ ਵਿਚ ਵਾਰਿਸ ਸ਼ਾਹ ਦੀ ਹੀਰ ਦੀਆਂ ਇਹ ਸਤਰਾਂ ਲਿਖੀਆਂ ਹੋਈਆਂ ਨੇ:
ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ,
ਫੁੱਲ ਅੱਗ ਦੇ ਵਿਚ ਨਾ ਸਾੜੀਏ ਜੀ।
ਮਜ਼ਾਰ ਦੇ ਮਜੌਰ (ਪੁਜਾਰੀ) ਨੇ ਮੇਰੇ ਗਲ ਵਿਚ ਗੁਲਾਬ ਦੇ ਫੁੱਲਾਂ ਦਾ ਹਾਰ ਪਾ ਕੇ ਮੇਰਾ ਆਦਰ-ਮਾਣ ਕੀਤਾ ਤੇ ਮੇਰੇ ਨਾਲ ਫੋਟੋ ਲੁਹਾਈ। ਕਾਫੀ ਸਮਾਂ ਹੋ ਚੁੱਕਾ ਸੀ। ਲਾਹੌਰ ਪਹੁੰਚਣ ਦੀ ਕਾਹਲ ਕਰਕੇ ਅਸੀਂ ਉਸ ਅਜ਼ੀਮ ਸ਼ਖਸੀਅਤ ਦੇ ਮਜ਼ਾਰ ਨੂੰ ਅਲਵਿਦਾ ਕਹੀ ਅਤੇ ਕਾਰ ਲਾਹੌਰ ਵੱਲ ਮੋੜ ਲਈ।
000
ਅਗਲੇ ਦਿਨ ਮੈਂ ਲਾਹੌਰ ਵਿਚ ਦਰਗਾਹ ਦਾਤਾ ਗੰਜ ਹਜ਼ਰਤ ਅਲੀ ਹਜਵੇਰੀ, ਆਪਣੇ ਪਿੰਡ ਦੇ ਸਾਬਕਾ ਵਜ਼ੀਰ ਦੇ ਲੜਕੇ ਅਬਦੁਲ ਰਸ਼ੀਦ ਅਤੇ ਰੇਡੀਓ ਪਾਕਿਸਤਾਨ, ਲਾਹੌਰ ਦੇ ਮਸ਼ਹੂਰ ਕਲਾਕਾਰ ਚੌਧਰੀ ਨਿਜ਼ਾਮੁਦੀਨ ਦੀ ਨੂੰਹ ਗਜ਼ਾਲਾ ਨਿਜ਼ਾਮੁਦੀਨ ਜੋ ਟੀ.ਵੀ. ਸੰਚਾਲਕਾ ਹੈ, ਨੂੰ ਮਿਲਣਾ ਚਾਹੁੰਦਾ ਸੀ। ਸਾਜਦ ਅੰਬਰਸਰੀਏ ਨੇ ਟੈਕਸੀ ਦਾ ਪ੍ਰਬੰਧ ਕਰ ਦਿੱਤਾ ਸੀ।
ਇਸ ਦਰਗਾਹ ਨੂੰ ਅੱਲ੍ਹਾ ਤਾਲਾ ਦਾ ਘਰ ਸਮਝਿਆ ਜਾਂਦਾ ਹੈ। ਇਥੇ ਹਜ਼ਾਰਾਂ ਮੁਸਲਮਾਨ ਰੋਜ਼ਾਨਾ ਆਪਣੀ ਅਕੀਦਤ ਦੇ ਫੁੱਲ ਭੇਟ ਕਰਨ ਆਉਂਦੇ ਨੇ। ਮੱਥਾ ਟੇਕ ਕੇ ਮਨ ਦੀਆਂ ਮੁਰਾਦਾ ਪੂਰੀਆਂ ਕਰਦੇ ਨੇ। ਇਹ ਲਾਹੌਰ ਦਾ ਸਭ ਤੋਂ ਵੱਧ ਰੌਣਕ ਵਾਲਾ ਤੇ ਪੂਜਿਆ ਜਾਣ ਵਾਲਾ ਮੁਕੱਦਸ (ਪਵਿੱਤਰ) ਸਥਾਨ ਮੰਨਿਆ ਜਾਂਦਾ ਹੈ। ਇਹ ਅੰਦਰੂਨੀ ਲਾਹੌਰ ਤੋਂ ਬਾਹਰ ਪੂਰਬ-ਦੱਖਣ ਵਿਚ ਵਾਕਿਆ ਹੈ। ਦਾਤਾਗੰਜ ਅਲੀ ਹਜਵੇਰੀ ਇਸ ਮਕਬਰੇ ਦੇ ਨਜ਼ਦੀਕ ਦਫਨਾਇਆ ਗਿਆ ਸੀ ਜੋ ਉਸ ਨੇ ਆਪ ਆਪਣੀ ਜ਼ਿੰਦਗੀ ਵਿਚ ਪਹਿਲਾਂ ਹੀ ਬਣਵਾ ਦਿੱਤਾ ਸੀ। ਲਾਹੌਰ ਨੂੰ ਆਮ ਲੋਕ ਦਾਤਾ ਸਾਹਿਬ ਦੀ ਨਗਰੀ ਕਹਿੰਦੇ ਨੇ।
ਦਰਗਾਹ ਵਿਚ ਦਾਖਲ ਹੋਣ ਤੋਂ ਪਹਿਲਾਂ ਸਕਿਓਰਿਟੀ ਵਾਲਿਆਂ ਦੀ ਬੜੀ ਸਖਤ ਚੈਕਿੰਗ ਹੁੰਦੀ ਹੈ। ਕਾਰਨ ਇਹ ਕਿ ਕੁਝ ਸਾਲ ਪਹਿਲਾਂ ਇਸ ਸਥਾਨ ‘ਤੇ ਦਹਿਸ਼ਤਗਰਦਾਂ ਨੇ ਹਮਲਾ ਕਰਕੇ ਸਜਦਾ ਕਰਨ ਆਏ ਸ਼ਰਧਾਲੂ ਹਲਾਕ ਕਰ ਦਿੱਤੇ ਸਨ। ਉਸ ਦਿਨ ਜੁਮਾ (ਸ਼ੁੱਕਰਵਾਰ) ਹੋਣ ਕਾਰਨ ਮਜ਼ਾਰ ਅੰਦਰ ਕਾਰਨ ਕਾਫੀ ਭੀੜ ਸੀ। ਦਹਿਸ਼ਤਗਰਦ ਮਸੀਤਾਂ ਵਿਚ ਨਮਾਜ਼ੀਆਂ, ਜਨਾਜ਼ੇ ਵੇਲੇ ਕਬਰਸਤਾਨਾਂ ਤੇ ਆਮ ਜਗ੍ਹਾ ‘ਤੇ ਹਮਲੇ ਕਰਕੇ ਬੇਗੁਨਾਹ ਲੋਕਾਂ ਨੂੰ ਹਲਾਕ ਕਰ ਦਿੰਦੇ ਸਨ। ਜਦੋਂ ਖੈਬਰ ਪਖਤੂਨਖਵਾ (ਪਿਸ਼ਾਵਰ) ਵਿਚ ਇਕ ਸਕੂਲ ‘ਤੇ ਹਮਲਾ ਕਰਕੇ ਤਕਰੀਬਨ ਡੇਢ ਸੌ ਬੱਚਿਆਂ ਦਾ ਕਤਲੇਆਮ ਕਰ ਦਿੱਤਾ ਸੀ ਤਾਂ ਪਾਕਿਸਤਾਨ ਵਿਚ ਕਾਫੀ ਲੋਕ ਇਨ੍ਹਾਂ ਦੇ ਵਿਰੁਧ ਹੋ ਗਏ ਨੇ। ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਵਿਚ ਅਜੇ ਵੀ ਕਈ ਥਾਈਂ ਵਾਰਦਾਤਾਂ ਕਰਕੇ ਰਹਿੰਦੇ ਨੇ ਪਰ ਪੰਜਾਬ ਵਿਚ ਹੁਣ ਅਮਨ-ਅਮਾਨ ਹੈ।
ਦਰਗਾਹ ਅੰਦਰ ਜਾ ਕੇ ਸਜਦਾ ਕੀਤਾ। ਦਰਗਾਹ ਦੇ ਮੁਖੀ ਨੇ ਮੇਰੇ ਗਲ ਫੁਲਾਂ ਦਾ ਹਾਰ ਪਾ ਕੇ ਆਦਰ-ਮਾਣ ਕੀਤਾ ਤੇ ਆਪਣੇ ਨਾਲ ਫੋਟੋ ਖਿਚਵਾਈ। ਮੈਂ ਵੀ ਦਰਗਾਹ ‘ਤੇ ਕੁਝ ਮਾਇਆ ਭੇਟ ਕੀਤੀ ਤੇ ਬਾਹਰ ਵਿਹੜੇ ਵਿਚ ਆ ਗਿਆ। ਕਾਫੀ ਲੋਕਾਂ ਨੇ ਮੇਰੇ ਨਾਲ ਫੋਟੋਆਂ ਖਿਚਵਾਈਆਂ। ਲੋਕ ਆਪਣੇ ਪਿੰਡਾਂ ਬਾਰੇ ਪੁੱਛ ਰਹੇ ਸਨ। ਲੋਕਾਂ ਦੇ ਮਨ ਵਿਚ ਅੱਜ ਵੀ ਆਪਣੇ ਪੁਰਾਣੇ ਪਿੰਡ ਦੇਖਣ ਦੀ ਪ੍ਰਬਲ ਇੱਛਾ ਹੈ। ਦਰਗਾਹ ਦੇ ਬਾਹਰ ਆਇਆ ਤਾਂ ਮੰਗਤੇ ਕਤਾਰਾਂ ਬੰਨ੍ਹ ਕੇ ਖਲੋਤੇ ਸਨ ਤੇ ਹਰ ਸ਼ਰਧਾਲੂ ਤੋਂ ਦਾਨ ਮੰਗ ਰਹੇ ਸਨ।
000
ਹੁਣ ਮੈਂ ਆਪਣੇ ਪਿੰਡ ਦੇ ਵਜ਼ੀਰ ਰਹਿ ਚੁੱਕੇ ਚੌਧਰੀ ਅਨਾਇਤ ਉਲ੍ਹਾ ਦੇ ਲੜਕੇ ਅਬਦੁਲ ਰਸ਼ੀਦ ਨੂੰ ਮਿਲਣ ਗੜ੍ਹੀ ਸ਼ਾਹੂ ਪਹੁੰਚ ਗਿਆ ਸਾਂ। ਉਸ ਦੇ ਲੜਕੇ ਨੇ ਦੱਸਿਆ ਕਿ ਉਹ ਮਸਜਿਦ ਵਿਚ ਨਮਾਜ਼ ਪੜ੍ਹਨ ਗਏ ਨੇ। ਉਹਨੇ ਮੈਨੂੰ ਡਰਾਇੰਗ ਰੂਮ ਵਿਚ ਬਿਠਾ ਦਿੱਤਾ। ਥੋੜ੍ਹੀ ਦੇਰ ਬਾਅਦ ਰਸ਼ੀਦ ਆ ਗਿਆ। ਮਿਲ ਕੇ ਬੜਾ ਖੁਸ਼ ਹੋਇਆ। ਘਰਿੰਡੇ ਸਕੂਲ ਵਿਚ ਆਪਣੇ ਨਾਲ ਪੜ੍ਹਦੇ ਜਮਾਤੀਆਂ ਅਤੇ ਪਿੰਡ ਬਾਰੇ ਪੁੱਛਣ ਲੱਗਾ। ਉਸ ਨੇ ਦੱਸਿਆ ਕਿ ਸਕੂਲੋਂ ਛੁੱਟੀ ਹੋਣ ‘ਤੇ ਅਸੀਂ ਮਲ੍ਹਿਆਂ ਦੇ ਬੇਰ ਖਾਂਦੇ ਹੁੰਦੇ ਸੀ।
ਅਬਦੁਲ ਰਸ਼ੀਦ ਦਾ ਬਾਪ ਚੌਧਰੀ ਅਨਾਇਤ ਉਲ੍ਹਾ ਸਾਡੇ ਪਿੰਡ ਦਾ ਅਮੀਰ ਮੁਸਲਮਾਨ ਸੀ। ਉਹ ਘਰਿੰਡੇ ਦਾ ਵਸਨੀਕ ਹੋਣ ਦੇ ਨਾਲ-ਨਾਲ ਲਾਹੌਰ ਗੜ੍ਹੀ ਸ਼ਾਹੂ ਵਿਚ ਵੀ ਰਹਿੰਦਾ ਸੀ। ਪਿੰਡ ਦੇ ਲੋਕ ਉਸ ਨੂੰ ‘ਲਾਹੌਰੀਆ’ ਵੀ ਕਹਿੰਦੇ ਸਨ। ਸਰਕਾਰੇ-ਦਰਬਾਰੇ ਉਸ ਦੀ ਵਾਹਵਾ ਚੱਲਦੀ ਸੀ। ਉਦੋਂ ਹਰ ਸ਼ੈਅ ਰਾਸ਼ਨ ਡੀਪੂਆਂ ਤੋਂ ਮਿਲਦੀ ਸੀ। ਜਦੋਂ ਪਿੰਡ ਦੀ ਕਿਸੇ ਵੀ ਧੀ ਦੀ ਸ਼ਾਦੀ ‘ਤੇ ਖੰਡ ਦੀ ਲੋੜ ਪੈਣੀ ਤਾਂ ਉਹ ਨੇਕ ਦਿਲ ਆਦਮੀ ਬਿਨਾ ਕਿਸੇ ਮਜ਼੍ਹਬੀ ਵਿਤਕਰੇ ਤੋਂ ਹਰ ਭਾਈਚਾਰੇ ਦੀ ਮਦਦ ਕਰਦਾ ਸੀ। ਅੱਜ ਵੀ ਪਿੰਡ ਦੇ ਲੋਕ ਉਸ ਦੇ ਨੇਕ ਕੰਮ ਨੂੰ ਯਾਦ ਕਰਦੇ ਨੇ। ਵਜ਼ੀਰ ਬਣਨ ਤੋਂ ਬਾਅਦ ਉਹ ਸਾਡੇ ਪਿੰਡ ਵੀ ਆਏ ਸਨ।
ਰਸ਼ੀਦ ਕਹਿ ਰਿਹਾ ਸੀ, “ਮੇਰੇ ਹੁੰਦਿਆਂ ਤੈਨੂੰ ਹੋਟਲ ਵਿਚ ਠਹਿਰਨ ਦੀ ਕੀ ਲੋੜ ਸੀ। ਤੂੰ ਸਿੱਧਾ ਮੇਰੇ ਘਰ ਆ ਕੇ ਜਿੰਨੇ ਦਿਨ ਮਰਜ਼ੀ ਰਹਿ ਲੈਂਦਾ। ਇਹ ਤੇਰਾ ਘਰ ਹੈ। ਅੱਗੇ ਤੋਂ ਇਹ ਗਲਤੀ ਨਹੀਂ ਕਰਨੀ।” ਮੈਂ ਕਿਹਾ, “ਮੇਰੇ ਪਾਸ ਨਾ ਘਰ ਦਾ ਪਤਾ ਤੇ ਫੋਨ ਸੀ, ਇਸ ਲਈ ਰਾਬਤਾ ਨਾ ਕਰ ਸਕਿਆ।” ਅੱਗੇ ਤੋਂ ਉਸ ਦੇ ਘਰ ਠਹਿਰਨ ਦਾ ਵਾਅਦਾ ਕਰਕੇ ਮੈਂ ਉਸ ਤੋਂ ਵਿਦਾਈ ਲਈ।
000
ਰਸ਼ੀਦ ਦੇ ਘਰੋਂ ਨਿਕਲ ਕੇ ਮੈਂ ਡਰਾਈਵਰ ਨੂੰ ਟੈਕਸੀ ਗਜ਼ਾਲਾ ਨਿਜ਼ਾਮੁਦੀਨ ਦੇ ਘਰ ਵੱਲ ਮੋੜਨ ਨੂੰ ਕਿਹਾ ਜੋ ਮੁਲਤਾਨ ਰੋਡ ‘ਤੇ ਪੈਂਦਾ ਹੈ। ਗਜ਼ਾਲਾ ਨਿਜ਼ਾਮੁਦੀਨ ਪਾਕਿਸਤਾਨ ਰੇਡੀਓ ਲਾਹੌਰ ਦੇ ਮਸ਼ਹੂਰ ਕਲਾਕਾਰ ਮਰਹੂਮ ਚੌਧਰੀ ਨਿਜ਼ਾਮੁਦੀਨ ਦੀ ਨੂੰਹ ਹੈ। ਮੇਰਾ ਉਸ ਨਾਲ ਫੇਸਬੁੱਕ ਰਾਹੀਂ ਰਾਬਤਾ ਕਾਇਮ ਹੋਇਆ ਸੀ। ਚੌਧਰੀ ਨਿਜ਼ਾਮੁਦੀਨ ਦਾ ਅਸਲ ਨਾਂ ਸੁਲਤਾਨ ਬੇਗ ਸੀ ਤੇ ਉਹ ਮੇਰੇ ਪਿੰਡ ਦੇ ਲਾਗਲੇ ਪਿੰਡ ਮੋਦੇ ਵਿਚ ਪੈਦਾ ਹੋਇਆ ਸੀ। ਦਸਵੀਂ ਜਮਾਤ ਉਸ ਨੇ ਗੌਰਮਿੰਟ ਹਾਈ ਸਕੂਲ, ਅਟਾਰੀ (ਅੰਮ੍ਰਿਤਸਰ) ਤੋਂ ਕੀਤੀ ਅਤੇ 27 ਜਨਵਰੀ, 1945 ਨੂੰ ਉਹ ਆਲ ਇੰਡੀਆ ਰੇਡੀਓ ਲਾਹੌਰ ਵਿਚ 75 ਰੁਪਏ ਮਹੀਨੇ ‘ਤੇ ਭਰਤੀ ਹੋ ਗਿਆ। ਪਾਕਿਸਤਾਨ ਬਣਨ ‘ਤੇ ਉਹ ਆਪਣੇ ਜੱਦੀ ਪਿੰਡ ਤੋਂ ਹਿਜਰਤ ਕਰਕੇ ਲਾਹੌਰ ਚਲਾ ਗਿਆ ਸੀ।
ਵੰਡ ਤੋਂ ਬਾਅਦ ਨਿਜ਼ਾਮੁਦੀਨ ਲਾਹੌਰ ਰੇਡੀਓ ਤੋਂ ਪੇਂਡੂ ਭਰਾਵਾਂ ਲਈ ਸ਼ਾਮ ਨੂੰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ‘ਸੋਹਣੀ ਧਰਤੀ’ ਵਿਚ ਦਹਾਕਿਆਂ ਤੱਕ ਆਪਣੀ ਬੋਲ-ਕਲਾ ਦੇ ਜ਼ੌਹਰ ਦਿਖਾਉਂਦਾ ਰਿਹਾ। ਉਸ ਦੇ ਹਾਸੇ ਵਿਚ ਲਪੇਟੇ ਬੋਲਾਂ ਵਿਚ ਆਮ ਲੋਕਾਂ ਲਈ ਡੂੰਘੀ ਸਿਖਿਆ ਹੁੰਦੀ ਸੀ। ਰੇਡੀਓ ‘ਤੇ ਗੱਲਾਂ ਕਰਦਿਆਂ ਉਹ ਆਪਣੇ ਪੁਰਾਣੇ ਪਿੰਡ ਮੋਦੇ ਅਤੇ ਆਪਣੇ ਜਾਣ-ਪਛਾਣ ਵਾਲੇ ਲੋਕਾਂ ਦਾ ਜ਼ਿਕਰ ਬੜੇ ਤਿਹੁ-ਮੋਹ ਨਾਲ ਕਰਦਾ। ਆਪਣੇ ਪਿੰਡ ਨੂੰ ਯਾਦ ਕਰਦਿਆਂ ਉਹ ਕਈ ਵਾਰ ਰੇਡੀਓ ਤੋਂ ਕਹਿ ਜਾਂਦਾ, “ਮੈਂ ਸੱਤਾਂ ਵਲੈਤਾਂ ਨੂੰ ਵਾਰ ਸੁੱਟਾਂ ਆਪਣੇ ਪਿੰਡ ਦੀ ਇੱਕ ਨਿੱਕੀ ਜਿਹੀ ਗਲੀ ਉਤੋਂ।” ਪਿੰਡ ਬਾਰਡਰ ‘ਤੇ ਹੋਣ ਕਰਕੇ ਮੈਂ ‘ਸੋਹਣੀ ਧਰਤੀ’ ਪ੍ਰੋਗਰਾਮ ਬਾਕਾਇਦਾ ਸੁਣਦਾ ਸਾਂ ਤੇ ਉਸ ਦੇ ਠੇਠ ਪੰਜਾਬੀ ਦੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਪ੍ਰਸ਼ੰਸਕ ਬਣ ਗਿਆ ਸਾਂ।
1965 ਦੀ ਲੜਾਈ ਲੱਗ ਗਈ। ਪਿੰਡਾਂ ਵਿਚ ਅਖਬਾਰ ਆਉਣੀ ਬੰਦ ਹੋ ਗਈ। ਮੈਂ ਖਬਰਾਂ ਸੁਣਨ ਲਈ ਟ੍ਰਾਂਜਿਸਟਰ ਲੈ ਆਂਦਾ। ਉਹ ਲਾਹੌਰ ਰੇਡੀਓ ਤੋਂ ਆਪਣੇ ਬਾਰਡਰ ਦੇ ਲੋਕਾਂ ਅਤੇ ਫੌਜਾਂ ਦੇ ਹੌਂਸਲੇ ਬੁਲੰਦ ਰੱਖਣ ਲਈ ਧੜੱਲੇਦਾਰ ਪ੍ਰਚਾਰ ਕਰਦਾ। ਉਹਦੇ ਪ੍ਰਚਾਰ ਵਿਚ ਬੜਾ ਕੁਝ ਛੁਪਿਆ ਹੁੰਦਾ। ਉਹ ਸਿੱਖਾਂ ਨੂੰ ਬੜਾ ਸਲਾਹੁੰਦਾ। ਇਕ ਵਾਰ ਰੇਡੀਓ ਤੋਂ ਕਹਿ ਰਿਹਾ ਸੀ, “ਚੌਧਰੀ ਜੀ! ਆਹ ਸਾਨੂੰ ਵਾਹਗੇ ਤੋਂ ਲੈ ਕੇ ਅੰਬਾਲੇ ਤੱਕ ਹੀ ਥੋੜ੍ਹੀ ਜਿਹੀ ਰੁਕਾਵਟ ਪੈਣੀ ਆਂ। ਅੱਗੇ ਤਾਂ ਭਾਵੇਂ ਡੀ.ਡੀ.ਟੀ. ਛਿੜਕੀ ਜਾਈਏ, ਹਥਿਆਰਾਂ ਦੀ ਲੋੜ ਈ ਨਹੀਂ ਪੈਣੀ। ਅੱਗਿਓਂ ਚੌਧਰੀ ਨੇ ਕਿਹਾ, “ਉਹ ਕਿਉਂ?” ਕਹਿੰਦਾ, “ਓ ਜੀ! ਇਥੇ ਬਹਾਦਰ ਸਿੱਖ ਕੌਮ ਵਸਦੀ ਆ। ਅਸੀਂ ਆਹਨੇ ਆਂ … ਭਾਵੇਂ ਦੁਸ਼ਮਣ ਹੀ ਹੋਵੇ ਪਰ ਹੋਵੇ ਬਹਾਦਰ।” ਮੇਰੀ ਬੜੀ ਰੀਝ ਸੀ ਕਿ ਮੈਂ ਉਨ੍ਹਾਂ ਨੂੰ ਲਾਹੌਰ ਜਾ ਕੇ ਮਿਲਾਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 3 ਜੁਲਾਈ, 1991 ਨੂੰ ਦਿਲ ਦੀ ਹਰਕਤ ਬੰਦ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ- “ਪੰਜਾਬੀ ਦਾ ਸੱਚਾ ਸਪੂਤ ਚਲ ਵਸਿਆ।”
ਉਨ੍ਹਾਂ ਦੀ ਨੂੰਹ ਟੀ.ਵੀ. ਸੰਚਾਲਕਾ ਹੈ ਅਤੇ ਹੋਰ ਪੰਜਾਬੀ ਸਮਰਥਕ ਸੰਸਥਾਵਾਂ ਨਾਲ ਰਲ ਕੇ ਪੰਜਾਬੀ ਨੂੰ ਪਹਿਲੀ ਜਮਾਤ ਤੋਂ ਬੀ.ਏ. ਤੱਕ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਜਦੋਜਹਿਦ ਕਰ ਰਹੀ ਹੈ।
ਜਲਦੀ ਹੀ ਮੈਂ ਉਨ੍ਹਾਂ ਦੀ ਕੋਠੀ ਪਹੁੰਚ ਗਿਆ। ਉਨ੍ਹਾਂ ਮੇਰੇ ਗਲ ਫੁੱਲਾਂ ਦਾ ਹਾਰ ਪਾ ਕੇ ਮੇਰਾ ਇਸਤਕਬਾਲ ਕੀਤਾ। ਮਹਿਮਾਨ ਨਵਾਜ਼ੀ ਤਾਂ ਕੋਈ ਪਾਕਿਸਤਾਨੀ ਪੰਜਾਬੀਆਂ ਤੋਂ ਸਿੱਖੇ! ਸਾਰਾ ਮੇਜ਼ ਫਲਾਂ ਅਤੇ ਮਠਿਆਈਆਂ ਨਾਲ ਭਰਿਆ ਪਿਆ ਸੀ। ਉਸੇ ਵੇਲੇ ਤਾਜ਼ੇ ਪਕੌੜੇ ਕਢਵਾਏ। ਚਾਹ ਦਾ ਆਨੰਦ ਮਾਨਣ ਤੋਂ ਬਾਅਦ ਚੌਧਰੀ ਨਿਜ਼ਾਮੁਦੀਨ ਦੀਆਂ ਰੇਡੀਓ ਤੋਂ ਸੁਣੀਆਂ ਗੱਲਾਂ ਮੈਂ ਗਜ਼ਾਲਾ ਨਾਲ ਸਾਂਝੀਆਂ ਕੀਤੀਆਂ, ਜਿਵੇਂ ਉਹ ਕਹਿੰਦੇ ਹੁੰਦੇ ਸਨ- ‘ਓਨੇ ਲੋਕ ਭੁੱਖ ਨਾਲ ਨਹੀਂ ਮਰੇ, ਜਿੰਨੇ ਬਹੁਤਾ ਖਾ ਕੇ ਮਰੇ ਨੇ … ਮਾਇਆ ਪੱਗ ਨੂੰ ਲੱਗ ਜਾਏ ਤਾਂ ਉਹ ਆਕੜ ਜਾਂਦੀ ਹੈ, ਤੇ ਜੇ ਆਦਮੀ ਕੋਲ ਆਏ ਤਾਂ ਕਿਉਂ ਨਾ ਆਕੜੇ? … ਸਾਰੀ ਉਮਰ ਰੋਟੀ ਤੇ ਵਹੁਟੀ ਤੋਂ ਡਰਦਾ ਰਿਹਾ।’ ਕਸ਼ਮੀਰ ਬਾਰੇ ਕਹਿਣਾ- ‘ਧਰੇਕ ਸਾਡੇ ਵਿਹੜੇ ‘ਚ ਉਗੀ ਹੈ ਤੇ ਸੂਰਜ ਢਲਣ ਨਾਲ ਧਰੇਕ ਦੀ ਛਾਂ ਇਨ੍ਹਾਂ ਦੇ ਵਿਹੜੇ ਵਿਚ ਚਲੇ ਗਈ ਹੈ ਤੇ ਇਹ ਕਹਿੰਦੇ ਨੇ, ਧਰੇਕ ਸਾਡੀ ਹੈ।’ ਇਨਸਾਨੀਅਤ ਦੇ ਇਕ ਹੋਣ ਬਾਰੇ ਕਹਿੰਦੇ ਹੁੰਦੇ ਸੀ, ‘ਚੌਦਾਂ ਤਬੱਕਾ ਤੌਣ ਗੁਨਾਈ ਤੇ ਦੁੱਖਾਂ ਕੀਤੇ ਪੇੜੇ। ਮੁੱਢੋਂ ਇਕੋ ਜਿਣਸ ਮੁਹੰਮਦ, ਹੁਣ ਅੱਗੋਂ ਪਏ ਨਿਖੇੜੇ।’ ਉਨ੍ਹਾਂ ਮੇਰੀਆਂ ਕੀਤੀਆਂ ਗੱਲਾਂ ਦੀ ਵੀਡੀਓ ਬਣਾ ਲਈ; ਕਿਹਾ ਕਿ ‘ਮਿਰਜ਼ਾ ਸਾਹਿਬ ਬਾਰੇ ਤੁਹਾਡੀਆਂ ਕੀਤੀਆਂ ਇਹ ਗੱਲਾਂ ਯਾਦ ਵਜੋਂ ਰਿਕਾਰਡ ਕਰ ਲਈਆਂ ਹਨ।’
ਗਜ਼ਾਲਾ ਨੇ ਮੈਨੂੰ ਉਨ੍ਹਾਂ ਦੇ ਸਟੇਟ ਅਤੇ ਨੈਸ਼ਨਲ ਪੱਧਰ ਦੇ ਸਨਮਾਨਾਂ ਦੀਆਂ ਆਨਰ ਬੋਰਡ ‘ਤੇ ਤਸਵੀਰਾਂ ਦਿਖਾਈਆਂ। ਇਕ ਇਨਾਮ ਜਨਰਲ ਜ਼ਿਆ-ਉਲ-ਹੱਕ ਤੋਂ ਪ੍ਰਾਪਤ ਕਰਨ ਦੀ ਫੋਟੋ ਵੀ ਹੈ। ਮੇਰੀ ਉਮਰ ਦੇ ਲੋਕ ਅੱਜ ਵੀ ਉਨ੍ਹਾਂ ਦੀਆਂ ਕੀਮਤੀ ਗੱਲਾਂ ਯਾਦ ਕਰਕੇ ਆਨੰਦ ਮਾਣਦੇ ਨੇ। ਮੈਂ ਉਸ ਮਹਾਨ ਹਸਤੀ ਦਾ ਘਰ ਦੇਖ ਕੇ ਅਤੇ ਗਜ਼ਾਲਾ ਨੂੰ ਮਿਲ ਕੇ ਮਾਨਸਿਕ ਤੌਰ ‘ਤੇ ਸੰਤੁਸ਼ਟ ਸਾਂ। ਗਜ਼ਾਲਾ ਵੀ ਉਨ੍ਹਾਂ ਦੇ ਚੜ੍ਹਦੇ ਪੰਜਾਬ ਦੇ ਪ੍ਰਸ਼ੰਸਕਾਂ ਬਾਰੇ ਗੱਲਾਂ ਸੁਣ ਕੇ ਬੜੇ ਖੁਸ਼ ਹੋਏ।
000
ਬੜੇ ਪਿਆਰੇ ਮਿੱਤਰ, ਨੇਕ ਦਿਲ ਇਨਸਾਨ ਅਤੇ ਫੇਸਬੁੱਕ ਫਰੈਂਡ ਸਈਅਦ ਦਿਲਦਾਰ ਹੁਸੈਨ ਸ਼ਾਹ ਨੇ ਰਾਤ ਦੇ ਖਾਣੇ ‘ਤੇ ਆਪਣੇ ਘਰ ਬੁਲਾਇਆ ਸੀ। ਉਹ ਮੈਨੂੰ ਆਪਣੀ ਕਾਰ ‘ਤੇ ਪੀ.ਸੀ. ਹੋਟਲ ਤੋਂ ਆਪਣੇ ਨਿਵਾਸ ਸਥਾਨ ਗੁਲਸ਼ਨ-ਏ-ਰਾਵੀ ਸਥਿਤ ਕੋਠੀ ‘ਤੇ ਲੈ ਗਏ। ਸਾਰੇ ਪਰਿਵਾਰ ਨੂੰ ਬੜੇ ਚਾਅ ਨਾਲ ਨਾਲ ਮਿਲਾਇਆ। ਉਸ ਦਾ ਛੋਟਾ ਪੁੱਤਰ ਮੇਰੇ ਬੁਲਾਉਣ ‘ਤੇ ਮੇਰੀ ਗੋਦ ਵਿਚ ਆਣ ਬੈਠਾ ਹਾਲਾਂਕਿ ਮੇਰੀ ਪਹਿਰਾਵਾ ਅਤੇ ਸ਼ਕਲ ਉਸ ਦੇ ਅੱਬੂ ਨਾਲੋਂ ਮੁਖਤਲਿਫ ਸੀ। ਸਾਰੇ ਪਰਿਵਾਰ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ।
ਦਿਲਦਾਰ ਹੁਸੈਨ ਸ਼ਾਹ ਨੇ ਆਪਣੇ ਦੋ ਨਜ਼ਦੀਕੀ ਦੋਸਤਾਂ ਅਮਾਨਤ ਅਲੀ ਗੁੱਜਰ ਤੇ ਮਲਕ ਰਫਾਕਤ ਅਵਾਣ ਨੂੰ ਵੀ ਖਾਣੇ ‘ਤੇ ਬੁਲਾਇਆ ਸੀ ਜੋ ਕਾਫੀ ਮੈਂਬਰ ਰਲ ਕੇ ਫੇਸਬੁੱਕ ‘ਤੇ ‘ਦਿਲ ਦੀ ਅਵਾਜ਼’ ਅਤੇ ‘ਮੇਰਾ ਵਸਦਾ ਰਹੇ ਪੰਜਾਬ’ ਨਾਮਕ ਪ੍ਰੋਗਰਾਮ ਚਲਾ ਰਹੇ ਨੇ। ਇਸ ਵਿਚ ਚੜ੍ਹਦੇ ਪੰਜਾਬ ਤੋਂ ਵੀ ਕਾਫੀਮੈਂਬਰ ਨੇ। ਦਿਲਦਾਰ ਹੁਸੈਨ ਸ਼ਾਹ ਦਾ ਜੱਦੀ ਪਿੰਡ ਮਸਾਨੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਅਮਾਨਤ ਅਲੀ ਗੁੱਜਰ ਦਾ ਨਾਨਕਾ ਪਿੰਡ ਕੋਹਲੀਆਂ ਜ਼ਿਲ੍ਹਾ ਪਠਾਨਕੋਟ ਵਿਚ ਹੈ। ਇਹ ਫੇਸਬੁੱਕ ਸੰਸਥਾ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਨੇੜੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਖਾਣੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਬਣਦੇ ਵਿਗੜਦੇ ਸਬੰਧਾਂ ਬਾਰੇ ਗਲਾਂ ਹੁੰਦੀਆਂ ਰਹੀਆਂ ਕਿ ਜੇ ਸਰਕਾਰਾਂ ਚਾਹੁਣ ਤਾਂ ਕਸ਼ਮੀਰ ਦਾ ਮਸਲਾ ਹੱਲ ਹੋ ਸਕਦਾ ਹੈ, ਇਕ ਦੂਜੇ ਦੇ ਬਰਖਲਾਫ ਕੂੜ ਪ੍ਰਚਾਰ ਬੰਦ ਹੋ ਜਾਵੇ, ਬਜ਼ੁਰਗਾਂ ਨੂੰ ਦੋਹਾਂ ਪਾਸਿਆਂ ਤੋਂ ਵੀਜ਼ੇ ਜਾਰੀ ਕੀਤੇ ਜਾਣ, ਇਕ ਦੂਜੇ ਨੂੰ ਮਿਲਣ-ਗਿਲਣ ਨਾਲ ਮੁਹੱਬਤ ਪਿਆਰ ਪੈਦਾ ਹੋਵੇਗਾ, ਵਪਾਰ ਹੋਵੇਗਾ ਜਿਸ ਨਾਲ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਚੀਜ਼ਾਂ ਸਸਤੀਆਂ ਮਿਲਣਗੀਆਂ, ਸਿਆਸਤਦਾਨਾਂ ਦਾ ਅਸਲ ਮਕਸਦ ਦੋਹਾਂ ਪਾਸੀਂ ਰੋਟੀ, ਕੱਪੜਾ, ਮਕਾਨ ਤੇ ਵਿਦਿਆ ਦੇਣਾ ਹੋਣਾ ਚਾਹੀਦਾ ਹੈ, ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ, ਕਸ਼ਮੀਰ ਮਸਲਾ ਦੋਹੀਂ ਪਾਸੀਂ ਆਪਣੀਆਂ ਕੁਰਸੀਆਂ ਕਾਇਮ ਲਈ ਬਰਕਰਾਰ ਰੱਖਿਆ ਜਾ ਰਿਹਾ ਹੈ ਅਤੇ ਗਰੀਬੀ, ਰਿਸ਼ਵਤ, ਮਿਲਾਵਟ, ਬੇਰੁਜ਼ਗਾਰੀ ਦੋਹੀਂ ਪਾਸੀਂ ਹੈ, ਆਦਿ।
ਪੰਜਾਬ ਦੀ ਵੰਡ ਨੇ ਪੰਜਾਬ ਦਾ ਬੜਾ ਨੁਕਸਾਨ ਕੀਤਾ। ਵੰਡ ਤੋਂ ਬਾਅਦ ਦੋਹਾਂ ਮੁਲਕਾਂ ਵਿਚ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋਇਆ ਹੈ। ਗੁਰਭਜਨ ਸਿੰਘ ਗਿੱਲ ਦੇ ਕਹਿਣ ਮੁਤਾਬਕ, ‘ਮੇਰੇ ਪਾਕਿਸਤਾਨ ਵਾਲੇ ਪਿੰਡ ਦੀ ਗਰੀਬ ਔਰਤ ਅਤੇ ਮੇਰੇ ਨਵੇਂ ਬਣੇ ਭਾਰਤੀ ਪਿੰਡ ਦੀ ਗਰੀਬ ਔਰਤ ਦੇ ਗਰੀਬੀ ਵੇਸ ਵਾਲੇ ਕੱਪੜਿਆਂ ਵਿਚ 73 ਸਾਲ ਵਿਚ ਕੋਈ ਫਰਕ ਨਹੀਂ ਪਿਆ। ਗੋਰੇ ਸਰਮਾਏਦਾਰ ਜਾਣ ਤੋਂ ਬਾਅਦ ਕਾਲੇ ਸਰਮਾਏਦਾਰ ਆ ਗਏ। ਵੰਡ ਦੇ ਦੁਖਾਂਤ ਬਾਰੇ ਲੇਖਕਾਂ ਨੇ ਕਹਾਣੀਆਂ, ਨਾਵਲ, ਕਵਿਤਾਵਾਂ ਤੇ ਲੇਖ ਲਿਖੇ ਜਿਸ ਵਿਚ ਪੰਜਾਬੀਆਂ ਦੇ ਦਰਦ ਦਾ ਜ਼ਿਕਰ ਕੀਤਾ ਗਿਆ ਹੈ। ਮੇਰੇ ਛੋਟੇ ਵੀਰ ਅਤੇ ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਵਿਤਾ ਲਿਖੀ ਹੈ ਜੋ ਮੈਂ ਆਪਣੇ ਮੇਜ਼ਬਾਨ ਦੇ ਘਰ ਸੁਣਾਈ। ਇਸ ਕਵਿਤਾ ਦੀਆਂ ਸਤਰਾਂ ਕੁਝ ਇਸ ਤਰ੍ਹਾਂ ਨੇ:
ਦਿਲ ਸੀ ਦਿੱਲੀ ਧੜਕਦਾ, ਮੈਨੂੰ ਪੁੱਛਾਂ ਪੁੱਛੇ ਪਸ਼ੌਰ।
ਇਕ ਬਾਂਹ ਅੰਬਰਸਰ ਸੀ ਤੇ ਦੂਜੀ ਬਾਂਹ ਲਾਹੌਰ।
ਮੇਰੇ ਪਾਣੀ ਬਾਣੀ ਬੋਲਦੇ, ਕਲਮਾਂ ਪੜ੍ਹਨ ਪਹਾੜ।
ਹਿਰਨ ਸੀ ਭਰਦਾ ਚੁੰਗੀਆਂ, ਰਾਹ ਵਿਚ ਵੱਟ ਨਾ ਵਾੜ।
ਅੱਖਰ ਪਾਕ ਕੁਰਾਨ ਦੇ, ਮਸਜਿਦ ਵਿਚ ਆਜ਼ਾਨ।
ਹਰ ਮੰਦਰ ਹਰ ਵੱਸਦਾ, ਗੀਤਾ ਵਿਚ ਭਗਵਾਨ।
ਭਾਈ, ਪੰਡਤ, ਮੌਲਵੀ, ਬੋਲ ਹੋਏ ਹਲਕਾਨ।
ਜ਼ੋਰ ਲਾ ਲਿਆ ਦੁਸ਼ਮਣਾਂ, ਮਰਿਆ ਨਾ ਇਨਸਾਨ।
ਹੋਣੀ ਮੇਰੇ ਨਾਲ ਪਰ, ਕੀਤਾ ਕੀ ਖਿਲਵਾੜ।
ਸਾਉਣ ਸੌਂ ਗਏ ਸੁੱਤਿਆ, ਬਲਦੇ ਰਹਿ ਗਏ ਹਾੜ੍ਹ।
ਦੁਸ਼ਮਣ ਅੰਗ-ਅੰਗ ਕੱਟਿਆ, ਜਾਮਾ ਲਹੂ-ਲੁਹਾਣ।
ਇਕ ਦੂਜੇ ਗਲ ਮਿਲਣ ਲਈ, ਮੇਰੇ ਟੋਟੇ ਤੜਫੀ ਜਾਣ।
(ਮੇਰੇ) ਖੰਭ ਕੁਤਰ ਲਏ ਉਤਲਿਆਂ, (ਮੇਰਾ) ਖੁੱਸ ਗਿਆ ਅਸਮਾਨ।
ਕੀ ਹਾਂ ਪਤਾ ਨਾ ਚਲਿਆ, ਮਿੱਟੀ ਕਿ ਇਨਸਾਨ।
ਉਚੇ ਬੁਰਜ ਲਾਹੌਰ ਦੇ, ਡਿੱਗ ਪਏ ਗਸ਼ ਖਾ।
ਭਰ-ਭਰ ਅੱਖਾਂ ਡੁਲ੍ਹੀਆਂ, ਸਭ ਸੁੱਕ ਗਏ ਦਰਿਆ।
ਧਰਮ ਦਿਲਾਂ ਵਿਚੋਂ ਨਿਕਲ ਕੇ, ਸਿਰਾਂ ‘ਤੇ ਹੋਇਆ ਸਵਾਰ।
ਉਠ ਗਈ ਸਭਾ ਮਲੇਸ਼ ਦੀ, ਫਿਰ ਵੀ ਕੂੜ ਪਸਾਰ।
ਕੁਰਖੇਤਰ ਵਿਚ ਭਟਕਦਾ, ਮੇਰਾ ਜਾਮਾ ਲਹੂ-ਲੁਹਾਣ।
ਮੈਂ ‘ਕੱਲਾ ਭੋਗਾਂ ਹੋਣੀਆਂ, ਮੇਰਾ ਕੋਈ ਨਹੀਂ ਰਥਵਾਨ।
ਦਿੱਲੀ ਦੁੱਲੇ ਮਾਰਦੀ, ਮੱਚਿਆ ਪਿਆ ਕੁਹਰਾਮ।
ਬਾਹਵਾਂ ਵੱਢਣ ਆਪ ਨੂੰ, ਸੌਂ ਗਈ ਲਾਲ ਸਲਾਮ।
(ਮੇਰੀ) ਚੌੜੀ ਛਾਤੀ ਖੋਖਲੀ, (ਵਿਚ) ਹੈ ਨਹੀਂ ਜਾਨ-ਪਰਾਣ।
ਸਭ ਸੁਪਨੇ ਮੇਰੇ ਰਾਂਗਲੇ, ਜਾਇ ਸੁੱਤੇ ਜੀਰਾਣ।
ਵਰਿਆਮ ਸਿੰਘ ਸੰਧੂ ਦੀ ਕਵਿਤਾ ਪੜ੍ਹ ਕੇ ਪਸ਼ੌਰਾ ਸਿੰਘ ਢਿੱਲੋਂ ਨੇ ਹੁਣ ਨਵੀਂ ਲੱਗੀ ਵਾੜ ਬਾਰੇ ਲਿਖੀ ਕਵਿਤਾ ਦੀਆਂ ਸਤਰਾਂ ਵੀ ਮੈਂ ਸੁਣਾਈਆਂ:
ਕੱਲ੍ਹ ਤੱਕ ਸਾਂਝੀ ਜੂਹ ਸੀ, ਨਾ ਵੱਟ ਨਾ ਵਾੜ।
ਦੋਹੀਂ ਪਾਸੀਂ ਬਹਿ ਗਏ, ਗੱਡ ਬੰਦੇ ਖਾਣੀ ਤਾਰ।
(ਤੈਨੂੰ) ਸੁਘੜ ਸਿਆਣਾ ਜਾਣ ਕੇ, ਪੁੱਛਾਂ ਮੈਂ ਵਰਿਆਮ!
ਕੀ ਇਹਦੇ ਨਾਲੋਂ ਭੈੜ ਸੀ, ਜੇ ਰਹਿੰਦਾ ਦੇਸ਼ ਗੁਲਾਮ।
ਇਨ੍ਹਾਂ ਦੋਹਾਂ ਕਵਿਤਾਵਾਂ ਨੂੰ ਸੁਣ ਕੇ ਸਰੋਤੇ ਬੜੇ ਪ੍ਰਭਾਵਿਤ ਹੋਏ।
ਹੁਣ ਸਮਾਂ ਕਾਫੀ ਹੋ ਚੁੱਕਾ ਸੀ। ਸਵੇਰੇ ਵਾਹਗਾ ਬਾਰਡਰ ‘ਤੇ ਅਲਵਿਦਾ ਕਰਨ ਦਾ ਵਾਅਦਾ ਕਰਕੇ ਦਿਲਦਾਰ ਹੁਸੈਨ ਸ਼ਾਹ ਅਤੇ ਅਮਾਨਤ ਅਲੀ ਗੁਜਰ ਮੈਨੂੰ ਪੀ.ਸੀ. ਹੋਟਲ ਛੱਡ ਗਏ।
000
ਮੈਂ ਸਵਖਤੇ ਨਹਾ-ਧੋ ਕੇ ਤਿਆਰ ਹੋ ਕੇ ਨਾਸ਼ਤਾ ਕੀਤਾ। ਕਾਊਂਟਰ ‘ਤੇ ਜਾ ਕੇ ਹੋਟਲ ਦਾ ਬਿੱਲ ਅਦਾ ਕੀਤਾ। ਕਮਰੇ ਵਿਚ ਆ ਕੇ ਲਾਹੌਰੋਂ ਖਰੀਦੇ ਸੁੱਕੇ ਮੇਵੇ ਅਤੇ ਹੋਰ ਸਮਾਨ ਅਟੈਚੀ ਵਿਚ ਪੈਕ ਕੀਤਾ। ਹੋਟਲ ਤੋਂ ਬਾਹਰ ਆ ਕੇ ਮੈਂ ਦਿਲਦਾਰ ਹੁਸੈਨ ਸ਼ਾਹ ਅਤੇ ਅਮਾਨਤ ਅਲੀ ਗੁੱਜਰ ਦੀ ਉਡੀਕ ਕਰਨ ਲੱਗਾ।
ਹੋਟਲ ਦੇ ਬਾਹਰ ਲਾਹੌਰ ਪੁਲਿਸ ਦੀ ਗਾਰਦ ਲੱਗੀ ਹੋਈ ਹੈ ਜਿਸ ਦਾ ਇੰਚਾਰਜ ਛੋਟਾ ਥਾਣੇਦਾਰ ਸੀ। ਇਕ ਸਿਪਾਹੀ ਦੀ ਛਾਤੀ ‘ਤੇ ਜਮਸ਼ੇਦ ਸੰਧੂ ਦੀ ਨਾਮ ਪਲੇਟ ਲੱਗੀ ਹੋਈ ਸੀ ਜਿਸ ਨੂੰ ਦੇਖ ਕੇ ਮੈਂ ਕਿਹਾ, “ਪਢਾਣੇ ਪਿੰਡ ਦੇ ਸਾਰੇ ਮੁਸਲਮਾਨ ਅਤੇ ਸਿੱਖ ਵਸਨੀਕਾਂ ਦੀ ਗੋਤ ਸੰਧੂ ਹੈ ਤੇ ਮੈਂ ਵੀ ਸੰਧੂ ਹਾਂ।” ਉਸ ਨੇ ਦੱਸਿਆ ਕਿ ਉਹਦਾ ਪਿੰਡ ਵੀ ਪਢਾਣਾ ਹੈ। ਉਸ ਨੇ ਮੇਰੇ ਨਾਲ ਫੋਟੋ ਵੀ ਲੁਹਾਈ। ਗਾਰਦ ਦੇ ਸਾਰੇ ਸਿਪਾਹੀ ਬੜੀ ਮੁਹੱਬਤ ਨਾਲ ਗੱਲਾਂ ਕਰ ਰਹੇ ਸਨ ਪਰ ਉਸ ਥਾਣੇਦਾਰ ਦਾ ਮੂੰਹ ਕਿਸੇ ਕੁਨੈਨ ਖਾਧੀ ਬੰਦੇ ਵਾਂਗ ਹੀ ਬਣਿਆ ਰਿਹਾ। ਮੈਂ ਵੀ ਉਸ ਨੂੰ ਕਵਾਉਣਾ ਮੁਨਾਸਬ ਨਾ ਸਮਝਿਆ। ਸਾਰੀ ਯਾਤਰਾ ਦੌਰਾਨ ਮੈਂ ਇਹ ਪਹਿਲਾ ਆਦਮੀ ਦੇਖਿਆ ਜਿਸ ਨੇ ਸਿੱਖ ਸ਼ਕਲ ਵਾਲੇ ਆਦਮੀ ਨੂੰ ਨਹੀਂ ਸੀ ਬੁਲਾਇਆ; ਸੋਚਦਾ ਸਾਂ, ਹੋ ਸਕਦਾ ਹੈ ਕਿ ਉਸ ਨੇ ਆਪਣੇ ਬਜ਼ੁਰਗਾਂ ਤੋਂ ਸੰਤਾਲੀ ਦੀ ਕੱਟ-ਵੱਢ ਵਿਚ ਆਪਣੇ ਵਡੇਰਿਆਂ ਦੇ ਕਤਲੇਆਮ ਦੀ ਗਲਾਂ ਸੁਣੀਆਂ ਹੋਣ। ਇਹ ਵੀ ਹੋ ਸਕਦਾ ਕਿ ਉਹ ਜਨੂਨੀ ਹੋਵੇ।
ਥੋੜ੍ਹੇ ਚਿਰ ਬਾਅਦ ਦਿਲਦਾਰ ਹੁਸੈਨ ਸ਼ਾਹ ਅਤੇ ਅਮਾਨਤ ਅਲੀ ਗੁਜਰ ਸ਼ਾਹ ਕਾਰ ਲੈ ਕੇ ਆ ਗਏ। ਅੱਧੇ ਪੌਣੇ ਘੰਟੇ ਵਿਚ ਅਸੀਂ ਵਾਹਗਾ ਬਾਰਡਰ ‘ਤੇ ਪਹੁੰਚ ਗਏ। ਮੈਂ ਆਪਣਾ ਅਟੈਚੀ ਅਤੇ ਹੈਂਡਬੈਗ ਟਰਾਲੀ ‘ਤੇ ਰੱਖ ਕੇ ਉਨ੍ਹਾਂ ਤੋਂ ਵਿਦਾਈ ਲਈ। ਦੋਹਾਂ ਪਾਸਿਆਂ ਦੀ ਇਮੀਗਰੇਸ਼ਨ ਅਤੇ ਕਸਟਮ ਦੀ ਪ੍ਰਕਿਰਿਆ ‘ਚੋਂ ਲੰਘ ਕੇ ਮੈਂ ਅਟਾਰੀ ਬਾਰਡਰ ਦੀ ਜੀ.ਟੀ. ਰੋਡ ‘ਤੇ ਆ ਗਿਆ ਜਿਥੇ ਮੇਰਾ ਪੁੱਤਰ ਜਸਜੀਤ ਸਿੰਘ ਅਤੇ ਪੋਤਰਾ-ਪੋਤਰੀ ਮੈਨੂੰ ਉਡੀਕ ਰਹੇ ਸਨ। ਕਾਰ ਵਿਚ ਬੈਠ ਕੇ ਅਸੀਂ ਪੰਦਰਾਂ ਮਿੰਟਾਂ ਵਿਚ ਘਰਿੰਡੇ ਆਪਣੇ ਘਰ ਪਹੁੰਚ ਗਏ। (ਸਮਾਪਤ)

ਕੈਪਸ਼ਨਾਂ:
1. ਲੇਖਕ ਜਸਵੰਤ ਸਿੰਘ ਸੰਧੂ ਉਘੇ ਰੇਡੀਓ ਕਲਾਕਾਰ ਚੌਧਰੀ ਨਿਜ਼ਾਮੁਦੀਨ ਦੀ ਨੂੰਹ ਗਜ਼ਾਲਾ ਨਿਜ਼ਾਮੁਦੀਨ ਨਾਲ।
2. ਜਸਵੰਤ ਸਿੰਘ ਸੰਧੂ (ਵਿਚਕਾਰ) ਦਿਲਦਾਰ ਹੁਸੈਨ ਸ਼ਾਹ ਅਤੇ ਅਮਾਨਤ ਅਲੀ ਗੁੱਜਰ (ਜੈਕਟ ਵਾਲੇ) ਨਾਲ।
3. ਜਸਵੰਤ ਸਿੰਘ ਸੰਧੂ ਜੰਡਿਆਲਾ ਸ਼ੇਰ ਖਾਨ ਵਿਚ ਵਾਰਿਸ ਸ਼ਾਹ ਦੀ ਮਜ਼ਾਰ ਅੱਗੇ।
4. ਜਸਵੰਤ ਸਿੰਘ ਸੰਧੂ ਲਾਹੌਰ ਦੇ ਪੀ.ਸੀ. ਹੋਟਲ ਦੇ 8 ਫੁੱਟ ਉਚੇ ਸਕਿਓਰਿਟੀ ਗਾਰਡ ਬਾਬੂ ਪਾਕਿਸਤਾਨੀ ਨਾਲ।
5. ਜਸਵੰਤ ਸਿੰਘ ਸੰਧੂ ਲਾਹੌਰ ਦੇ ਪੀ.ਸੀ. ਹੋਟਲ ਵਿਚ।