ਪੰਜਾਬ: ਤੀਆਂ ਤੋਂ ਰੱਖੜੀ ਤੱਕ

ਡਾ. ਆਸਾ ਸਿੰਘ ਘੁੰਮਣ
(ਨਡਾਲਾ, ਕਪੂਰਥਲਾ)
ਫੋਨ: 91-98152-53245
ਪੰਜਾਬ ਦੇ ਦੇਸੀ ਮਹੀਨਿਆਂ ਵਿਚ ਸਾਵਣ ਦਾ ਮਹੀਨਾ ਵੱਖਰੀ ਤਬੀਅਤ ਦਾ ਮਹੀਨਾ ਹੁੰਦਾ ਹੈ। ਇਸ ਨਾਲ ਪੰਜਾਬੀਆਂ ਦੇ ਬਹੁ-ਅਨੁਭਵੀ ਚਾਅ-ਮਲ੍ਹਾਰ ਜੁੜੇ ਹੋਏ ਹਨ। ਜੇਠ-ਹਾੜ ਦੀਆਂ ਤਪਦੀਆਂ ਲੂਆਂ ਅਤੇ ਭਖਦੇ ਤੰਦੂਰ ਵਰਗੇ ਤਪਸ਼ੀ ਦਿਨਾਂ ਤੋਂ ਬਾਅਦ ਜਦ ਬੱਦਲਾਂ ਦੀਆਂ ਠੰਡੀਆਂ ਮਿੱਠੀਆਂ ਫੁਹਾਰਾਂ ਧਰਤੀ ਤੱਕ ਪਹੁੰਚਦੀਆਂ ਹਨ ਤਾਂ ਇੱਕ ਅਲੌਕਿਕ ਸੁਖਾਵਾਂ ਵਾਤਾਵਰਣ ਸਿਰਜਿਆ ਜਾਂਦਾ ਹੈ। ਵਰਖਾ ਦੀਆਂ ਇਹ ਰਹਿਮਤਾਂ ਜਿਸਮਾਂ ਨੂੰ ਤਾਂ ਧੁਰ ਅੰਦਰ ਤੱਕ ਤ੍ਰਿਪਤੀ ਬਖਸ਼ਦੀਆਂ ਹੀ ਹਨ, ਇਹ ਉਪਜੀਵਕਾ ਦੇ ਸਾਧਨਾਂ `ਚ ਵੀ ਵੱਡਾ ਰੋਲ ਅਦਾ ਕਰਦੀਆਂ ਹਨ।

ਪੰਜਾਬ ਦੀ ਸੰਭਾਵਨਾਵਾਂ-ਭਰਪੂਰ ਜਰਖੇਜ਼ ਧਰਤੀ ਇੰਜ ਮੌਲਦੀ ਹੈ, ਜਿਵੇਂ ਨਵ-ਵਿਆਹੀ ਨਵੇਂ ਵਸਤਰਾਂ ਵਿਚ, ਗਹਿਣਿਆਂ-ਲੱਦੀ, ਮਹਿਕਦੀ-ਚਹਿਕਦੀ-ਟਹਿਕਦੀ, ਪੱਬ ਭੁੰਜੇ ਨਹੀਂ ਲਾਉਂਦੀ। ਜਿਵੇਂ ਸਿਰਜਣਾ-ਪ੍ਰਕਿਰਿਆ ਵਿਚ ਸੁਆਣੀ ਦਾ ਮੱਥਾ ਨੂਰੋ-ਨੂਰ ਹੁੰਦਾ ਹੈ। ਧਰਤੀ ਹੀ ਨਹੀਂ, ਅਸਮਾਨ ਵੀ ਪੁਰ-ਜਲੌਅ ਹੁੰਦਾ ਹੈ। ਉਹ ਅਕਾਸ਼ ਜਿੱਥੇ ਪੰਜਾਬੀਆਂ ਦਾ ਰੱਬ ਵੱਸਦੈ, ਸਵੇਰ ਤੋਂ ਸ਼ਾਮ ਤੱਕ ਕਈ ਰੰਗ-ਰੂਪ ਬਦਲਦੈ ਅਤੇ ਦ੍ਰਿਸ਼ਟ-ਇੰਦਰੀਆਂ ਨੂੰ ਤ੍ਰਿਪਤ ਕਰਦੈ। ਕਾਲੇ-ਸਿਆਹ ਬੱਦਲਾਂ ਵਿਚ ਚਮਕਦੀਆਂ ਚਾਂਦੀ-ਰੰਗੀ ਬਿਜਲੀ ਦੀਆਂ ਤਾਰਾਂ ਕਿਆ ਇਲਾਹੀ ਨਜ਼ਾਰਾ ਬੰਨ੍ਹਦੀਆਂ ਹਨ! ਚਮਕ ਦੇ ਤਲਿਸਮੀ ਝਲਕਾਰਿਆਂ ਦੇ ਨਾਲ ਜਦ ਗੜ-ਗੜ ਕਰਦੀ ਗਰਜਾਹਟ ਰਲਦੀ ਹੈ ਤਾਂ ਮਨ-ਮਸਤਕ ਵਿਸਮਾਦੀ ਹੋ ਉਠਦੈ। ਅਕਾਸ਼ੋਂ ਵਰ੍ਹਦੀਆਂ ਕਣੀਆਂ ਜਦ ਧਰਤੀ `ਤੇ ਡਿੱਗਦੀਆਂ ਹਨ, ਡਿੱਗਣ ਵਾਲੀ ਵਸਤੂ ਦੇ ਅਨੁਸਾਰ ਕਈ ਕਿਸਮ ਦੀਆਂ ਸੰਗੀਤਕ ਲੈਆਂ ਪੈਦਾ ਕਰਦੀਆਂ ਹਨ। ਸਹਿਜ-ਭਾਅ ਡਿੱਗਦੀਆਂ ਫੁਹਾਰਾਂ ਦੀ ਲੈਅ ਹੋਰ ਹੁੰਦੀ ਹੈ ਅਤੇ ਤਾਬੜ-ਤੋੜ ਮੂਸਲਾਧਾਰ ਬਾਰਸ਼ ਦੀ ਹੋਰ। ਕਣੀਆਂ ਦਾ ਆਪਣਾ ਰਾਗ ਹੁੰਦਾ ਹੈ, ਪਰਨਾਲਿਆਂ ਦਾ ਆਪਣਾ। ਖਾਣ-ਪੀਣ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਦੀਆਂ ਸੱਭੋ ਇੰਦਰੀਆਂ ਤ੍ਰਿਪਤ ਹੋ ਜਾਂਦੀਆਂ ਹਨ।
ਇਸ ਸਮੇਂ ਦੌਰਾਨ ਜਿੱਥੇ ਕੁਦਰਤ ਆਪਣੇ ਰਹੱਸਮਈ ਸੰਸਾਰ ਵਿਚੋਂ ਕਈ ਨੇਹਮਤਾਂ ਪ੍ਰਦਾਨ ਕਰਦੀ ਹੈ, ਉਥੇ ਪੰਜਾਬੀ ਵੀ ਕੁਦਰਤ ਸੰਗ ਹੇਲ-ਮੇਲ ਹੋਣ ਵਿਚ ਪਿੱਛੇ ਨਹੀਂ ਰਹਿੰਦੇ, ਖਾਸ ਤੌਰ `ਤੇ ਪੰਜਾਬਣਾਂ। ਪੰਜਾਬਣਾਂ ਨੇ ਸਾਉਣ ਮਹੀਨੇ ਵਿਚ ਰਲ ਬੈਠਣ ਅਤੇ ਖੁਸ਼ੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਦੇ ਮੋਹ-ਮੱਤੇ ਮੌਕੇ ਸੰਜੋਅ ਰੱਖੇ ਹਨ। ਅੱਜ ਦੇ ਕਾਰੋਬਰੀ-ਕੇਂਦਰਤ, ਗਲੋਬਲ ਸੰਸਾਰ ਨੂੰ ਦੇਣ ਲਈ ਜੇ ਪੰਜਾਬੀ ਵਿਰਾਸਤ ਕੋਲ ਕੁਝ ਹੈ ਤਾਂ ਉਹ ਹੈ ਪਰਿਵਾਰ-ਪ੍ਰਤੀਬੱਧਤਾ ਅਤੇ ਰਿਸ਼ਤੇਦਾਰੀਆਂ ਕਾਇਮ ਰੱਖਣ ਅਤੇ ਨਿਭਾਉਣ ਦੀ ਪਰੰਪਰਾ; ਆਪਸੀ ਮੋਹ-ਪਿਆਰ ਦੀਆਂ ਪੀਡੀਆਂ ਗੰਢਾਂ ਅਤੇ ਨਰੋਈਆਂ ਤੰਦਾਂ। ਇਸ ਦੀ ਮਿਸਾਲ ਹੈ, ਸਾਉਣ ਮਹੀਨੇ ਵਿਚ ਮਨਾਏ ਜਾਂਦੇ ਦੋ ਤਿਉਹਾਰ, ਜੋ ਮੁੱਖ ਤੌਰ ਤੇ ਔਰਤਾਂ ਨਾਲ ਸੰਬੰਧਤ ਹਨ: ਤੀਆਂ ਅਤੇ ਰੱਖੜੀ।
ਔਰਤ ਹਰ ਸਮਾਜ ਵਿਚ ਹੀ ਆਪਸੀ ਸੰਬੰਧਾਂ ਦੀ ਮਹਿਕ ਕਾਇਮ ਰੱਖਣ ਵਿਚ ਅਹਿਮ ਰੋਲ ਅਦਾ ਕਰਦੀ ਰਹੀ ਹੈ। ਸਮਾਜ ਵਿਚਲੇ ਖੂਨ ਦੇ ਸਾਰੇ ਰਿਸ਼ਤੇ ਜਨਨੀ ਤੋਂ ਹੀ ਬਣਦੇ-ਵਿਗਸਦੇ ਹਨ। ਜਨਮ ਦਾਤੀ ਹੀ ਰਿਸ਼ਤਿਆਂ ਦਾ ਪੰਘੂੜਾ ਅਤੇ ਪ੍ਰਤੀ-ਪਾਲਕ ਹੈ। ਪੰਜਾਬੀਆਂ ਨੇ ਹਮੇਸ਼ਾ ਹੀ ਧੀ-ਭੈਣ ਦੇ ਰਿਸ਼ਤੇ ਨੂੰ ਪਾਕ-ਪਵਿੱਤਰ ਰਿਸ਼ਤਾ ਗਿਣਿਆ ਹੈ। ਰਿਸ਼ਤਿਆਂ ਪੱਖੋਂ ਅਜੋਕੇ ਧੁੰਦੂਕਾਰੇ ਵਾਲੇ ਵਰਤਾਰਿਆਂ ਨੂੰ ਫੋਕਸ ਵਿਚ ਰੱਖ ਕੇ ਵੇਖਦਿਆਂ, ਇਹ ਅਹਿਸਾਸ ਨਿੱਤਰ ਆਉਂਦੇ ਹਨ ਕਿ ਪੰਜਾਬੀ ਸਮਾਜ ਮੁੱਖ ਤੌਰ `ਤੇ ਹਯਾਈ ਮਰਿਆਦਾਵਾਂ ਕਾਇਮ ਰੱਖਣ ਵਾਲਾ ਸਮਾਜ ਹੈ। ਇਹ ਅਜਿਹਾ ਸਮਾਜ ਹੈ, ਜਿਸ ਵਿਚ ਕੇਂਦਰੀ ਧੁਰੇ `ਤੇ ਫਰਾਇਡੀਅਨ ਮਨੋ-ਵੇਗ ਅਤੇ ਮਨੋ-ਬਿਰਤੀਆਂ ਨਹੀਂ, ਸਗੋਂ ਸਮਰਪਣ ਅਤੇ ਸ਼ਰਹ; ਪਾਕੀਜ਼ਗੀ ਅਤੇ ਪਵਿੱਤਰਤਾ; ਉੱਚਤਮ ਅਤੇ ਸੁੱਚਤਮ ਦੇ ਅਹਿਸਾਸ ਵਿਦਮਾਨ ਹਨ। ਪੰਜਾਬਣ ਦੇ ਮਨ ਵਿਚ ਵੀ ਸਾਉਣ ਮਹੀਨੇ ਵਿਚ ਕੰਤ-ਕਲੋਲ ਅਤੇ ਮਾਹੀ-ਮਿਲਣ ਦੇ ਅਨੇਕਾਂ ਚਾਵ-ਭਾਵ ਉੱਸਲਵੱਟੇ ਤਾਂ ਲੈਂਦੇ ਹਨ, ਪਰ ਉਸ ਲਈ ਬਾਬਲ ਦੀ ਇੱਜ਼ਤ, ਅੰਬੜੀ ਦਾ ਵਿਹੜਾ, ਚਾਚੇ-ਤਾਏ ਦੀਆਂ ਮੋਹ-ਪਿਆਰ ਦੀਆਂ ਤੰਦਾਂ, ਆਪਣੇ ਖੇਤਾਂ ਦੀ ਖੁਸ਼ਹਾਲੀ ਅਤੇ ਆਪਣੇ ਪਿੰਡ ਦੇ ਜੂਹਾਂ-ਬੇਲਿਆਂ ਦੀਆਂ ਅਦੁਭੁਤ ਖਿੱਚਾਂ ਵੱਧ ਮਹੱਤਵਪੂਰਨ ਹਨ। ਇਹੀ ਵਜ੍ਹਾ ਹੈ ਕਿ ਪਹਿਲੇ ਸਮਿਆਂ ਵਿਚ ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ, ਚਾਚੀਆਂ-ਤਾਈਆਂ, ਭਰਾ-ਭਰਜਾਈਆਂ ਇਥੋਂ ਤੱਕ ਕਿ ਮੱਝੀਆਂ-ਗਾਈਆਂ ਯਾਦਾਂ ਵਿਚ ਵਾਰ ਵਾਰ ਆਉਂਦੀਆਂ ਸਨ ਅਤੇ ਪੇਕਾ ਪਿੰਡ ਸੈਨਤਾਂ ਹੀ ਨਹੀਂ ਸੀ ਮਾਰਦਾ, ਸਗੋਂ ਕੂਕ ਕੂਕ ਕੇ ਪੁਕਾਰਦਾ ਅਤੇ ਖਿੱਚਾਂ ਪਾਉਂਦਾ ਸੀ; ਖਾਸ ਤੌਰ `ਤੇ ਸਾਵਣ ਦੇ ਦਿਨਾਂ ਵਿਚ।
ਸਾਉਣ ਮਹੀਨਾ ਆਉਣ ਤੋਂ ਪਹਿਲਾਂ ਪਿੰਡ ਦੀ ਕੀ ਕੁਆਰੀ ਤੇ ਕੀ ਵਿਆਹੀ, ਕੀ ਬੇਬੇ ਤੇ ਕੀ ਬੀਬੀ-ਸਭ ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ, ਹਵਾ-ਵਾਰੇ, ਪਿੰਡ ਦੇ ਬਾਹਰ ਵੱਲ, ਕਿਸੇ ਰੁੱਖ ਦੀ ਝੰਗੀ ਥੱਲੇ ਆ ਡੇਰੇ ਲਾਉਂਦੀਆਂ ਸਨ। ਕੋਈ ਚਰਖਾ ਡਾਹ ਲੈਂਦੀ, ਕੋਈ ਅਟੇਰਨ ‘ਤੇ ਕੰਮ ਕਰਨ ਲੱਗਦੀ, ਕੋਈ ਪੱਖੀ ਬੁਣਨ ਲੱਗਦੀ, ਕੋਈ ਛੱਜ ਛੱਟਣ ਲੱਗਦੀ, ਕੋਈ ਫੁੱਲਕਾਰੀ ‘ਤੇ ਫੁੱਲ-ਬੂਟੇ ਪਾਉਣ ਲੱਗਦੀ। ਵਿਚੇ ਹੀ ਦੁੱਖ-ਸੁੱਖ ਫੋਲੇ ਜਾਂਦੇ, ਚੁਗਲੀ-ਬੁਖਾਲੀ ਵੀ ਹੋ ਜਾਂਦੀ। ਅਚਾਨਕ ਹੀ ਕੋਈ ਜਣੀ ਗੀਤ ਗੁਨਗੁਨਾਉਣ ਲੱਗਦੀ, ਕੋਈ ਹੋਰ ਆਵਾਜ਼ ਨਾਲ ਆਵਾਜ਼ ਰਲਾ ਦਿੰਦੀ। ਕੋਈ ਮਾਂਗ੍ਹਾ ਮਾਰਨ ਲੱਗਦੀ ਅਤੇ ਕੋਈ ਉੱਠ ਕੇ ਗਿੱਧਾ ਪਾਉਣ ਲੱਗਦੀ। ਹੌਲੀ ਹੌਲੀ ਪਿੜ ਬੱਝ ਜਾਂਦਾ। ਚਰਖੇ ਦੀ ਘੂਕਰ ਰੁੱਕ ਜਾਂਦੀ, ਸੂਈ ਫੁਲਕਾਰੀ ਦੇ ਵਿਚੇ ਖੁੱਭੀ ਰਹਿ ਜਾਂਦੀ। ਗਿੱਧਾ ਮਘ ਉੱਠਦਾ। ਗੋਡਿਆਂ-ਗਿਟਿਆਂ ਤੱਕ ਜਿਸਮ ਪਸੀਨੋ-ਪਸੀਨੀ ਹੋ ਜਾਂਦਾ। ਕੋਈ ਹਿੰਮਤੀ ਕੁੜੀ ਪਿੰਡ ਦੇ ਕਿਸੇ ਲੰਘਦੇ-ਜਾਂਦੇ ਨੂੰ ਪੀਂਘ ਪਾਉਣ ਦਾ ਤਰਲਾ ਕਰਦੀ। ਅਗਲਾ ਤਾਂ ਦੌੜਿਆ ਆਉਂਦਾ ਅਤੇ ਕਿਸੇ ਮਜ਼ਬੂਤ ਟਾਹਣੇ ‘ਤੇ ਪੀਂਘ ਪਾ ਦਿੰਦਾ। ਕਿਆ ਨਜ਼ਾਰਾ ਬੱਝਦਾ! ਕੁਦਰਤ ਦੀ ਗੋਦ ਵਿਚ ਪੀਂਘ ਝੂਟਣਾ ਕਿਸੇ ਮਾੜੀ-ਮੋਟੀ ਦਾ ਕੰਮ ਥੋੜ੍ਹਾ ਹੁੰਦੈ! ਟਾਹਣੀਆਂ ਨੂੰ ਪੈਰ ਲਾਉਣ, ਮੂੰਹ ਨਾਲ ਜਾਂ ਇਕ ਹੱਥ ਨਾਲ ਪੱਤੇ ਤੋੜ ਲਿਆਉਣ ਦੇ ਮੁਕਾਬਲੇ ਚੱਲ ਪੈਂਦੇ। ਚੁੰਨੀਆਂ ਉੱਡ-ਪੁੱਡ ਜਾਂਦੀਆਂ, ਗੁੱਤਾਂ ਨਾਗਣਾਂ ਬਣ ਜਾਂਦੀਆਂ। ਮਨ ਹੋਰ ਉੱਚਾ, ਹੋਰ ਉੱਚਾ, ਕਿਤੇ ਦੂਰ-ਦੁਰੇਡੇ ਪਹੁੰਚ ਜਾਣਾ ਲੋਚਦਾ। ਸਿਆਣੀ ਉਮਰ ਦੀਆਂ ਔਰਤਾਂ ਉੱਚੀ ਆਵਾਜ਼ ਵਿਚ ਡਰਾਵੇ ਦਿੰਦੀਆਂ, ਜੁਆਨੀ ਹੋਰ ਚਾਂਭਲਦੀ। ਉਧਰੋਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ। ਪੀਂਘਾਂ ਝੂਟਣ ਵਾਲੀਆਂ ਦੀਆਂ ਵਾਰੀਆਂ ਨਾ ਟੁੱਟਦੀਆਂ। ਉਪਰੋਂ ਫੂਹਰ ਆਣ ਲੱਥਦੀ। ਸਿਆਣੀ ਉਮਰ ਦੀਆਂ ਆਪਣਾ ਸਾਜੋ਼-ਸਾਮਾਨ ਲੈ ਘਰੀਂ ਪਹੁੰਚਦੀਆਂ। ਅੱਲ੍ਹੜਾਂ ਨੂੰ ਪਹਿਲੇ-ਪਹਿਲੇ ਮੀਂਹ ਵਿਚ ਭਿੱਜਣਾ-ਸਿਜਣਾ ਸਗੋਂ ਚੰਗਾ-ਚੰਗਾ ਲੱਗਦਾ।
ਸਹੁਰੇ ਪਿੰਡ ਜਾ ਕੇ ਅਜਿਹੀਆਂ ਯਾਦਾਂ ਆਉਂਦੀਆਂ ਵੀ ਤੇ ਸਤਾਉਂਦੀਆਂ ਵੀ। ਖਾਸ ਤੌਰ `ਤੇ ਸ਼ੁਰੂ ਸ਼ੁਰੂ ਵਿਚ। ਇਸ ਲਈ ਮਾਪੇ ਕੁੜੀ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪਿੰਡ ਲੈ ਆਉਂਦੇ। ਤੀਆਂ ਦੇ ਦਿਨਾਂ ਵਿਚ ਤਾਂ ਉਚੇਚੇ ਤੌਰ `ਤੇ ਪਿਤਾ ਜਾਂ ਭਰਾ ਕੁੜੀ ਨੂੰ ਲੈਣ ਜਾਂਦਾ। ਖਾਲੀ ਹੱਥੀਂ ਤਾਂ ਧੀ-ਭੈਣ ਕੋਲ ਕਦੀ ਵੀ ਨਹੀਂ ਸੀ ਜਾਣਾ ਹੁੰਦਾ। ਬਾਪ ਜਾਂ ਭਰਾ ਕੱਪੜਾ-ਲੱਤਾ, ਫਲ ਅਤੇ ਮਠਿਆਈ ਵਗੈਰਾ ਜ਼ਰੂਰ ਲੈ ਕੇ ਜਾਂਦਾ। ਸਹੁਰਿਓਂ ਜਦੋਂ ਕੋਈ ਲੈਣ ਆਉਂਦਾ, ਉਹ ਵੀ ਘੱਟ ਨਾ ਕਰਦੇ। ਖਾਸ ਤੌਰ `ਤੇ ਪਹਿਲੀ ਵਾਰ ਤਾਂ ਕਿੰਨਾ ਕੁਝ ਲੈ ਕੇ ਆਉਂਦੇ, ਜਿਸ ਨੂੰ ਪੜ੍ਹੇ-ਲਿਖੇ ਲੋਕ “ਸੰਧਾਰਾ” ਆਖਦੇ ਹਨ। ਪੁਰਾਣੀਆਂ ਬੀਬੀਆਂ ਉਨ੍ਹਾਂ ਨੂੰ ਸਾਉਣ ਦੇ ਨਾਂ ਤੇ “ਸਾਵੇਂ” ਹੀ ਕਹਿੰਦੀਆਂ ਸਨ। ਇਨ੍ਹਾਂ ਸਾਵਿਆਂ ਦਾ ਖਾਸ ਤੌਰ `ਤੇ ਛੋਟੇ ਪਿੰਡਾਂ ਵਿਚ ਬੜਾ ਚਾਅ ਚੜ੍ਹਿਆ ਹੁੰਦਾ ਸੀ। ਸਹੁਰਿਆਂ ਨੇ ਕੁੜੀ ਲਈ ਅਤੇ ਉਸ ਦੇ ਪਰਿਵਾਰ ਲਈ ਤਾਂ ਕੱਪੜਾ-ਟਾਕੀ, ਗਹਿਣਾ-ਗੱਟਾ, ਫਲ, ਮਠਿਆਈ ਵਗੈਰਾ ਲਿਆਉਣੀ ਹੀ ਹੁੰਦੀ ਸੀ, ਸਾਰੇ ਪਿੰਡ ਵਿਚ ਜਾਂ ਭਾਈਚਾਰੇ ਵਿਚ ਵੰਡਣ ਲਈ ਵੀ ਕੁਝ ਨਾ ਕੁਝ ਲੈ ਕੇ ਆਉਂਦੇ।
“ਸਾਵੇਂ” ਕਈ ਵਾਰੀ ਪ੍ਰਾਹੁਣਾ ਲੈ ਕੇ ਆਉਂਦਾ, ਪਰ ਬਹੁਤੀ ਵਾਰ ਉਹਦੇ ਮਾਂ-ਪਿਉ ਵੀ ਆਣ ਢੁੱਕਦੇ। ਨਵੇਂ ਨਵੇਂ ਸਾਕਾਂ ਦੀ ਪ੍ਰਾਹੁਣਾਚਾਰੀ ਦਾ ਚਾਅ ਚੜ੍ਹ ਜਾਂਦਾ। ਸਾਉਣ ਵਿਚ ਘਾਹ-ਪੱਠਾ ਵਾਧੂ ਹੋਣ ਕਰਕੇ ਮੱਝੀਂ-ਗਾਈਂਆਂ ਵੱਲੋਂ ਚੋਖੇ ਦਿੱਤੇ ਦੁੱਧ ਦੀਆਂ ਖੀਰਾਂ ਬਣਨ ਲੱਗਦੀਆਂ; ਘਰ ਦੇ ਗੁੜ ਦੇ ਪੂੜੇ ਬਣਨ ਲੱਗਦੇ; ਗਰਮੀਆਂ ਵਿਚ ਦੁਪਹਿਰੇ ਆਪਣੇ ਹੱਥੀਂ ਵੱਟੀਆਂ ਸੇਵੀਆਂ ਰਿੱਝਣ ਲੱਗਦੀਆਂ। ਖੂਬ ਮਹਿਮਾਨ ਨਿਵਾਜੀ ਹੁੰਦੀ। ਪ੍ਰਾਹੁਣੇ ਬੜੇ ਹੱਕ ਨਾਲ ਪਿੰਡ ਵਿਚ ਘੁੰਮਦੇ-ਫਿਰਦੇ, ਖੇਤਾਂ ਵਿਚ ਜਾਂਦੇ, ਹਰ ਕਿਸੇ ਦੇ ਵਾਕਫ ਬਣ ਬਣ ਬਹਿੰਦੇ।
ਤੀਆਂ ਦੇ ਮੌਕੇ ਉਚੇਚੇ ਤੌਰ ‘ਤੇ ਪੇਕੇ-ਪਿੰਡ ਆਈਆਂ ਨਵ-ਵਿਆਹੀਆਂ ਮੁਟਿਆਰਾਂ ਇਕ ਦੂਜੀ ਨੂੰ ਘੁੱਟ ਘੁੱਟ ਕੇ ਮਿਲਦੀਆਂ। ਰਲ ਮਿਲ ਖੁੱਲੇ੍ਹ ਪਿੜਾਂ ਵਿਚ ਖੂਬ ਧਮੱਚੜ ਪਾਂਦੀਆਂ; ਰੁੱਖਾਂ ਉੱਤੇ ਪੀਘਾਂ ਝੂਟਦੀਆਂ, ਗਿੱਧੇ ਪਾਂਦੀਆਂ, ਗੀਤ ਗਾਉਂਦੀਆਂ, ਮਸ਼ਖਰੀਆਂ ਕਰਦੀਆਂ, ਇਕ ਦੂਜੀ ਦੇ ਘਰ ਵਾਲੇ ਦਾ ਨਾਂ ਲੈ ਲੈ ਮਖੌਲਾਂ ਕਰਦੀਆਂ, ਇਸ਼ਾਰਿਆਂ ‘ਚ ਕਈ ਕੁਝ ਕਹਿੰਦੀਆਂ ਤੇ ਲੋਟ-ਪੋਟ ਹੋਈ ਜਾਂਦੀਆਂ। ਕੁਝ ਦਿਨਾਂ ‘ਚ ਹੀ ਪੁੰਨਿਆਂ ਆ ਜਾਂਦੀ। ਸਵੇਰੇ ਸਵੇਰੇ ਨਹਾ-ਧੋ ਕੇ, ਵਾਗ੍ਹਰੂ-ਵਾਗ੍ਹਰੂ ਕਰਦੀਆਂ, ਸੁੱਚੇ ਮੂੰਹ ਆਪਣੇ ਵੀਰਾਂ ਨੂੰ ਰੱਖੜੀ ਬੰਨਦੀਆਂ ਤੇ ਮੂੰਹ ਮਿੱਠਾ ਕਰਾਉਂਦੀਆਂ। ਆਪਣੇ ਪਿਉ ਅਤੇ ਚਾਚੇ-ਤਾਇਆਂ ਨੂੰ ਵੀ ਰੱਖੜੀ ਬੰਨਦੀਆਂ, ਹੋਰ ਤਾਂ ਹੋਰ ਵੀਰ ਦੇ ਬਲਦਾਂ ਦੇ ਸਿੰਗਾਂ ਨੂੰ ਵੀ ਮੌਲੀ ਬੰਨ ਦਿੰਦੀਆਂ। ਸੁੱਖਣਾਂ ਸੁੱਖਦੀਆਂ, ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੀਆਂ, ਬਦਲੇ ਵਿਚ ਅਸੀਸਾਂ ਤੇ “ਪਿਆਰ” ਪ੍ਰਾਪਤ ਕਰਦੀਆਂ। ਤੁਰਨ ਲੱਗਿਆਂ ਫਿਰ ਦੌੜ ਕੇ ਆਪਦੀਆਂ ਸਹੇਲੀਆਂ ਨੂੰ ਮਿਲਣ ਜਾਂਦੀਆਂ। ਕਈ ਸਹੇਲੀਆਂ ਤਾਂ ਉਨ੍ਹਾਂ ਨੂੰ ਪਿੰਡ ਦੀ ਜੂਹ ਤੱਕ ਤੋਰਨ ਆਉਂਦੀਆਂ। ਬੜੀ ਹਸਰਤ ਨਾਲ ਪਿਛਾਂਹ ਨੂੰ ਵੇਖਦੀਆਂ, ਹਉਕਾ ਜਿਹਾ ਭਰਦੀਆਂ ਅਤੇ ਮੂੰਹੋਂ ਬਿਰਕਦੀਆਂ, “ਮੁੜ ਪਿੰਡ ਆਵਾਂਗੇ, ਵਰ੍ਹੇ ਦਿਨਾਂ ਨੂੰ ਫੇਰ।”
ਉਨ੍ਹਾਂ ਦੀ ਜਾਣੇ ਬਲਾ ਸੁਦੀਆਂ ਕੀ ਹੁੰਦੀਆਂ ਨੇ ਤੇ ਵਦੀਆਂ ਕੀ ਹੁੰਦੀਆਂ ਨੇ। ਉਹ ਤਾਂ ਬੱਸ ਇਹ ਜਾਣਦੀਆਂ ਸਨ, “ਕੁੜੀਓ ਆ ਜਾਓ ਨੀ, ਸਾਉਣ ਸੈਨਤਾਂ ਮਾਰੇ।” ਉਹ ਤਾਂ ਇਹ ਜਾਣਦੀਆਂ ਸਨ ਕਿ ਸਾਉਣ ਸਾਂਝਾਂ ਦਾ ਮਹੀਨਾ ਹੈ। ਆਪਣਿਆਂ ਮੁੱਢਾਂ ਨਾਲ ਜੁੜਨ ਦਾ ਮਹੀਨੈ। ਕਈ ਵਾਰ ਟਾਈਮ ਹੋਵੇ ਤਾਂ ਸਾਰਾ ਸਾਉਣ ਹੀ ਰਹਿ ਜਾਂਦੀਆਂ ਤੇ ਕਈ ਵਾਰੀ ਜੇ ਟਾਈਮ ਨਾ ਹੋਵੇ ਤਾਂ ਵੀਰ ਨੂੰ ਪਹਿਲਾਂ ਹੀ ਰੱਖੜੀ ਬੰਨ੍ਹ ਵਿਦਿਆ ਹੋ ਜਾਂਦੀਆਂ। ਉਨ੍ਹਾਂ ਦੀਆਂ ਤਾਂ ਮਾਂਵਾਂ-ਦਾਦੀਆਂ-ਨਾਨੀਆਂ ਨੂੰ ਵੀ ਨਹੀਂ ਸੀ ਪਤਾ ਕਿ ਸੁੱਖਣਾਂ ਲੱਧਾ ਧਾਗਾ ਜੋ ਉਹ ਬੰਨ੍ਹਦੀਆਂ ਸਨ, ਉਸ ਨੂੰ “ਰਾਖੀ” ਜਾਂ “ਰਕਸ਼ਾ-ਬੰਧਨ” ਕਹਿੰਦੇ ਨੇ। ਅਖੇ ਜੀ ਰਾਖੀ ਬੰਨਣ ਦਾ ਮਤਲਬ ਹੈ ਕਿ ਵੀਰ ਭੈਣਾਂ ਦੀ ਰਾਖੀ ਕਰਨਗੇ। ਬੰਦਾ ਪੁੱਛੇ ਭਰਾਵਾਂ, ਮਾਂ-ਪਿਉ, ਚਾਚੇ-ਤਾਇਆਂ ਨੇ ਰਾਖੀ ਭਲਾ ਰੱਖੜੀ ਬੰਨਿਆਂ ਹੀ ਕਰਨੀ ਸੀ! ਤੁਰਨ ਲੱਗਿਆਂ ਆਪਣੇ ਮੁੱਢ ਨੂੰ “ਰੱਬ ਦੀਆਂ ਰੱਖਾਂ” ਦਾ ਧਾਗਾ ਬੰਨ੍ਹਣਾ ਤਾਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਸਥੂਲ ਵਸਤੂ ਰਾਹੀਂ ਦਰਸਾਉਣ ਬਰੋਬਰ ਸੀ। ਮਹੱਤਵਪੂਰਨ ਤਾਂ ਆਪਦੀ ਪੇਕੇ-ਭੌਇੰ ਲਈ ਕੀਤੀਆਂ ਜਾਂਦੀਆਂ ਅਰਦਾਸਾਂ ਹੀ ਸਨ।
ਰੱਬ ਖੈਰ ਕਰੇ! ਤੀਆਂ ਲੱਗਦੀਆਂ ਰਹਿਣ। ਖੀਰ-ਪੂੜੇ ਪੱਕਦੇ ਰਹਿਣ! ਧੀਆਂ ਹੱਸਦੀਆਂ ਰਹਿਣ! ਭੈਣਾਂ ਵੱਸਦੀਆਂ ਰਹਿਣ! ਪੇਕੀਂ ਆਉਂਦੀਆਂ ਰਹਿਣ! ਖੌਰੇ ਉਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਬਾਬਲ-ਭਾਈ, ਚਾਚੇ-ਤਾਏ, ਪਿੰਡ ਦੇ ਜਾਏ, ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਬਣੇ ਰਹਿਣ!!