ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128
ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਵਾਤਾਵਰਣ ਵਿਗੜ ਰਿਹਾ ਹੈ ਅਤੇ ਇਸ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ‘ਗਲੋਬਲ ਵਾਰਮਿੰਗ’ ਦਾ ਨਾਂ ਦਿੱਤਾ ਗਿਆ ਹੈ। ਇਹ ਧਰਤੀ ਦੇ ਧਰਾਤਲ ਉਪਰ, ਵਾਤਾਵਰਣ ਵਿਚ ਹੌਲੀ-ਹੌਲੀ ਹੋ ਰਿਹਾ ਔਸਤਨ ਵਾਧਾ ਹੈ, ਜਿਸ ਦੇ ਦੂਰ-ਗਾਮੀ ਬੁਰੇ ਪ੍ਰਭਾਵ ਬੜੀ ਦੇਰ ਨਾਲ ਸਾਹਮਣੇ ਆਉਂਦੇ ਹਨ। ਮੌਸਮ ਦੇ ਮਾਹਿਰ-ਵਿਗਿਆਨੀਆਂ ਅਨੁਸਾਰ ਪਿਛਲੀ ਸਦੀ ਵਿਚ ਇਹ ਤਾਪਮਾਨ 1 ਤੋਂ 2 ਡਿਗਰੀ ਸੈਂਟੀਗਰੇਡ ਤੱਕ ਵਧਿਆ ਹੈ ਅਤੇ ਜੇ ਇਹ ਸਿਲਸਿਲਾ ਇੰਜ ਹੀ ਚੱਲਦਾ ਰਿਹਾ ਤਾਂ ਇਸ ਸਦੀ ਦੇ ਅਖੀਰ ਤੱਕ ਇਹ ਵਾਧਾ 2 ਤੋਂ ਲੈ ਕੇ 6 ਡਿਗਰੀ ਸੈਂਟੀਗਰੇਡ ਤੱਕ ਹੋ ਸਕਦਾ ਹੈ।
ਇੱਥੇ ਇਹ ਜਿ਼ਕਰਯੋਗ ਹੈ ਕਿ 1905 ਤੋਂ 2005 ਦੇ ਵਿਚਕਾਰ ਇਹ ਵਾਧਾ ਸਿਰਫ 0.6 ਤੋਂ 0.9 ਡਿਗਰੀ ਸੈਂਟੀਗਰੇਡ, ਭਾਵ 1.1 ਤੋਂ 1.6 ਡਿਗਰੀ ਫਾਰਨਹੀਟ ਦੇ ਵਿਚਕਾਰ ਸੀ ਅਤੇ ਇਸ ਤੋਂ ਉੱਪਰਲਾ ਦੁੱਗਣਾ ਵਾਧਾ 2005 ਤੋਂ ਬਾਅਦ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ‘ਬਰਫ ਦੇ ਯੁੱਗ’ (ੀਚੲ ੳਗੲ) ਵਿਚ ਧਰਤੀ ਦਾ ਔਸਤ ਤਾਪਮਾਨ ਅੱਜ ਦੇ ਔਸਤ ਤਾਪਮਾਨ ਨਾਲੋਂ 6 ਡਿਗਰੀ ਸੈਂਟੀਗਰੇਡ ਘੱਟ ਸੀ। ਇਸ ਤੋਂ ਅਗਲੇੇ ‘ਡਾਇਨੋਸਾਰਸ ਯੁੱਗ’ (ਧਨਿੋਸਅੁਰਸ ੳਗੲ) ਵਿਚ ਇਹ ਅੱਜ ਨਾਲੋਂ 4 ਡਿਗਰੀ ਸੈਂਟੀਗਰੇਡ ਵੱਧ ਹੋ ਗਿਆ, ਜਿਸ ਕਰਕੇ ਲੱਗਭੱਗ ਸੱਤ ਕਰੋੜ ਸਾਲ ਪਹਿਲਾਂ ਧਰਤੀ ‘ਤੇ ਬੜੀ ਉਥਲ-ਪੁਥਲ ਹੋਈ ਸੀ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਤਾਪਮਾਨ ਦੇ ਅਜੋਕੇ ਵਾਧੇ ਲਈ ਮਨੁੱਖ ਹੀ ਜਿ਼ੰਮੇਵਾਰ ਹੈ। ਉਸ ਦੁਆਰਾ ਕੀਤੀ ਗਈਆਂ ਨਵੀਆਂ ਨਵੀਆਂ ਖੋਜਾਂ ਅਤੇ ਕਾਢਾਂ ਹੀ ਤਾਪਮਾਨ ਦੇ ਇਸ ਵਾਧੇ ਨੂੰ ਜਨਮ ਦੇ ਰਹੀਆਂ ਹਨ। ਅਜੋਕੇ ਸਮੇਂ ਵਿਚ ਮਨੁੱਖ ‘ਫੌਸਿਲ ਫਿਊਲ’ (ਾਂੋਸਸਲਿ ਾਂੁੲਲ) ਦੀ ਵਰਤੋਂ ਧੜਾਧੜ ਕਰ ਰਿਹਾ ਹੈ, ਜਿਸ ਵਿਚ ਕੋਇਲਾ, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਕੁਦਰਤੀ ਗੈਸ, ਆਦਿ ਸਭ ਆ ਜਾਂਦੇ ਹਨ ਅਤੇ ਇਹ ਸਾਰੇ ਹੀ ਬਲਣ ਸਮੇਂ ਵੱਡੀ ਮਾਤਰਾ ਵਿਚ ਗਰੀਨਹਾਊਸ ਗੈਸਾਂ ਨੂੰ ਜਨਮ ਦਿੰਦੇ ਹਨ। ਤਾਪ-ਬਿਜਲੀਘਰਾਂ ਵਿਚ ਬਿਜਲੀ ਬਣਾਉਣ ਲਈ ਕੋਇਲੇ ਦੀ ਭਾਰੀ ਵਰਤੋਂ ਹੋ ਰਹੀ ਹੈ। ਇਸ ਸਮੇਂ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੁਲ ਗਰੀਨਹਾਊਸ ਗੈਸਾਂ ਦਾ 25 ਫੀਸਦੀ ਹਿੱਸਾ ਵਾਯੂਮੰਡਲ ਵਿਚ ਭੇਜ ਰਿਹਾ ਹੈ ਅਤੇ ਚੀਨ ਵੀ ਇਸ ਦੌੜ ਵਿਚ ਉਸ ਤੋਂ ਪਿੱਛੇ ਨਹੀਂ ਹੈ। ਭਾਰਤ ਸਮੇਤ ਤੀਸਰੀ ਦੁਨੀਆਂ ਦੇ ਦੇਸ਼ਾਂ ਲਈ ਵਾਤਾਵਰਣ ਡੂੰਘੀ ਅਤੇ ਗੁੰਝਲਦਾਰ ਸਮੱਸਿਆ ਬਣਦੀ ਜਾ ਰਹੀ ਹੈ। ਕੁਦਰਤੀ ਪ੍ਰਕਿਰਿਆਵਾਂ ਵਿਚ ਵਿਗਾੜ ਪਾ ਕੇ ਮਨੁੱਖ ਆਪਣੇ ਲਈ ਕੁਦਰਤੀ ਕਰੋਪੀਆਂ ਸਹੇੜ ਰਿਹਾ ਹੈ ਅਤੇ ਆਪਣੇ ਜੀਵਨ ਨੂੰ ਖਤਰੇ ਵਿਚ ਪਾ ਰਿਹਾ ਹੈ।
ਸੰਸਾਰਕ ਪੱਧਰ ‘ਤੇ ਵਧੇ ਹੋਏ ਤਾਪਮਾਨ ਨਾਲ ਵਾਤਾਵਰਣ ਵਿਚ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਵੱਡੇ-ਵੱਡੇ ਗਲੇਸ਼ੀਅਰ ਹੌਲੀ-ਹੌਲੀ ਪਿਘਲ ਰਹੇ ਹਨ ਅਤੇ ਜਦੋਂ ਇਹ ਵੱਡੇ ਪੱਧਰ ‘ਤੇ ਪਿਘਲਣਗੇ ਤਾਂ ਨਦੀਆਂ ਅਤੇ ਦਰਿਆਵਾਂ ਵਿਚ ਹੜ੍ਹ ਆ ਸਕਦੇ ਹਨ। ਹਿਮਾਲੀਆ ਪਰਬਤ ਦੀ ਲੰਮੀ ਲੜੀ ਵਿਚ ਲੱਗਭੱਗ ਦੋ ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਵਿਚ ਗਲੇਸ਼ੀਅਰ ਹਨ ਅਤੇ ਇਨ੍ਹਾਂ ਦੇ ਪਿਘਲਣ ਨਾਲ ਭਾਰਤ ਦੇ ਦਰਿਆਵਾਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਦਰਿਆਵਾਂ ਦੇ ਇਸ ਵਾਧੂ ਪਾਣੀ ਦੇ ਨਾਲ ਸਮੁੰਦਰ ਦੀ ਸਤਹ ਹੌਲੀ-ਹੌਲੀ ਉੱਚੀ ਹੁੰਦੀ ਜਾਏਗੀ ਅਤੇ ਨੇੜ-ਭਵਿੱਖ ਵਿਚ ਵੱਖ-ਵੱਖ ਸਮੁੰਦਰਾਂ ਦੇ ਕੰਢਿਆਂ ‘ਤੇ ਵੱਸੇ ਸ਼ਹਿਰਾਂ ਤੇ ਹੋਰ ਇਲਾਕਿਆਂ ਦੇ ਸਮੁੰਦਰ ਵਿਚ ਡੁੱਬਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਨ੍ਹਾਂ ਵਿਚ ਭਾਰਤ ਦੇ ਗਵਾਂਢੀ ਬੰਗਲਾ ਦੇਸ਼ ਤੇ ਕਈ ਹੋਰ ਦੇਸ਼ਾਂ ਦੇ ਡੁੱਬਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਅਮਰੀਕਾ ਵਿਚ ਸੈਲਾਨੀਆਂ ਦੇ ਬੇਹੱਦ ਮਨਪਸੰਦ ਸ਼ਹਿਰ ਮਿਆਮੀ ਦੀ ਹੋਂਦ ਵੀ ਖਤਰੇ ਵਿਚ ਦਸੀ ਜਾ ਰਹੀ ਹੈ।
ਮੌਸਮ ਵਿਗਿਆਨੀਆਂ ਦੀ ਧਾਰਨਾ ਹੈ ਕਿ 1850 ਤੋਂ ਅਰੰਭ ਹੋਈ ‘ਉਦਯੋਗਿਕ-ਕ੍ਰਾਂਤੀ’ (ੀਨਦੁਸਟਰਅਿਲ ੍ਰੲਵੋਲੁਟੋਿਨ) ਦੌਰਾਨ ਹੋਏ ਮਸ਼ੀਨੀਕਰਨ ਨਾਲ ਵਾਤਾਵਰਣ ਵਿਚ ‘ਗਰੀਨਹਾਊਸ ਗੈਸਾਂ’ ਦੀ ਮਿਕਦਾਰ ਵਧਣੀ ਸ਼ੁਰੂ ਹੋ ਗਈ, ਕਿਉਂਕਿ ਮਸ਼ੀਨਾਂ ਨੂੰ ਚਲਾਉਣ ਲਈ ਵਧੇਰੇ ਕਰਕੇ ‘ਫੌਸਿਲ ਫਿਊਲ’ ਦੀ ਹੀ ਵਰਤੋਂ ਕੀਤੀ ਗਈ। ਗਰੀਨਹਾਊਸ ਗੈਸਾਂ ਵਿਚ ਸ਼ਾਮਲ ਕਾਰਬਨ ਡਾਇਆਕਸਾਈਡ ਅਤੇ ਮੀਥੇਨ ਹਵਾ ਵਿਚ ਗਰਮੀ ਛੱਡਦੀਆਂ ਹਨ। ਇਨ੍ਹਾਂ ਵਿਚੋਂ ਕਾਰਬਨ ਡਾਇਆਕਸਈਡ ਦੀ ਮਾਤਰਾ 2009 ਤੱਕ 38 ਫੀਸਦੀ ਵਧੀ, ਜਦ ਕਿ ਮੀਥੇਨ ਦੀ ਮਾਤਰਾ ਵਿਚ 148 ਫੀਸਦੀ ਵਾਧਾ ਹੋਇਆ, ਜੋ ਕਾਰਬਨ ਡਾਇਆਕਸਾਈਡ ਨਾਲੋਂ ਚਾਰ ਗੁਣਾਂ ਵੱਧ ਹੈ ਅਤੇ ਇਹ ਗਰਮੀ ਵੀ ਹਵਾ ਵਿਚ ਕਾਰਬਨ ਡਾਇਆਕਸਾਈਡ ਨਾਲੋਂ 300 ਗੁਣਾਂ ਵਧੇਰੇ ਛੱਡਦੀ ਹੈ। ਇਨ੍ਹਾਂ ਗਰੀਨਹਾਊਸ ਗੈਸਾਂ ਵਿਚ ਸ਼ਾਮਲ ‘ਲਾਫਿੰਗ ਗੈਸ’(ਨਾਈਟਰੱਸ ਆਕਸਾਈਡ) ਵੀ ਇਸ ਗਰਮੀ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੀ ਹੈ। ਇਤਿਹਾਸਕ ਤੱਥ ਬਿਆਨ ਕਰ ਰਹੇ ਹਨ ਕਿ ਪਿਛਲੇ 5000 ਸਾਲਾਂ ਵਿਚ ਧਰਤੀ ਦੇ ਔਸਤ ਤਾਪਮਾਨ ਵਿਚ 5 ਡਿਗਰੀ ਸੈਂਟੀਗਰੇਡ ਵਾਧਾ ਹੋਇਆ ਹੈ ਅਤੇ ਅਗਲੀ ਸਦੀ ਵਿਚ ਤਾਪਮਾਨ ਦਾ ਇਹ ਵਾਧਾ 20 ਗੁਣਾਂ ਹੋਣ ਦੀ ਭਵਿੱਖਵਾਣੀ ਕੀਤੀ ਜਾ ਰਹੀ ਹੈ।
ਦੁਨੀਆਂ ਦੇ 195 ਦੇਸ਼ਾਂ ਦੀ ਸਮੂਹਿਕ ਜਥੇਬੰਦੀ ‘ਸੰਯੁਕਤ ਰਾਸ਼ਟਰ ਸੰਘ’ (ਯੂ. ਐੱਨ. ਓ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੰਸਾਰ ਵਿਚ ਹਰ ਸਾਲ ਲੱਗਭੱਗ 9 ਲੱਖ ਮਿਲੀਅਨ ਹੈਕਟੇਅਰ ਰਕਬੇ ਵਿਚੋਂ ਹਰ ਸਾਲ ਜੰਗਲ ਅਲੋਪ ਹੋ ਰਹੇ ਹਨ ਅਤੇ ਇਸ ਨਾਲ ਵਾਤਾਵਰਣ ਵਿਚ ਵੱਡੀ ਪੱਧਰ ‘ਤੇ ਗੜਬੜ ਹੋ ਰਹੀ ਹੈ। ਆਸਟ੍ਰੇਲੀਆ, ਅਮਰੀਕਾ ਦੇ ਸੂਬੇ ਕੈਲੀਫੋਰਨੀਆ, ਕੈਨੇਡਾ ਦੇ ਸੂਬੇ ਅਲਬਰਟਾ ਅਤੇ ਕਈ ਹੋਰ ਥਾਂਵਾਂ ‘ਤੇ ਜੰਗਲਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਏਕੜ ਰਕਬਾ ਜੰਗਲ ਤੋਂ ਵਿਹਲਾ ਹੋ ਗਿਆ ਹੈ। ਜੰਗਲਾਂ ਦੇ ਇਸ ਤਰ੍ਹਾਂ ਖਤਮ ਹੋਣ ਨਾਲ ਇਨ੍ਹਾਂ ਵਿਚ ਰਹਿਣ ਵਾਲੇ ਜੀਵ-ਜੰਤੂਆਂ ਅਤੇ ਜਾਨਵਰਾਂ ਦਾ ਵੀ ਖਾਤਮਾ ਹੋ ਰਿਹਾ ਹੈ। ਇਨ੍ਹਾਂ ਦੀਆਂ ਕਈ ਪ੍ਰਜਾਤੀਆਂ ਹੌਲੀ-ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਵਾਤਾਵਰਣ ਵਿਚ ਸਮਤੋਲ ਰੱਖਣ ਲਈ ਰੁੱਖਾਂ ਦੀ ਅਹਿਮ ਭੂਮਿਕਾ ਹੈ। ਉਹ ਹਵਾ ਵਿਚੋਂ ਕਾਰਬਨ ਡਾਇਆਕਸਾਈਡ ਲੈ ਕੇ ਆਸਾਨੀ ਨਾਲ ਸਾਹ ਲੈਣ ਲਈ ਸਾਨੂੰ ਆਕਸੀਜਨ ਦਿੰਦੇ ਹਨ। ਪੌਦਾ-ਵਿਗਿਆਨੀਆਂ ਦਾ ਵਿਚਾਰ ਹੈ ਇਕ ਵੱਡੇ ਰੁੱਖ ਵਿਚ 22 ਤੋਂ 25 ਕਿਲੋਗ੍ਰਾਮ ਕਾਰਬਨ ਡਾਇਆਕਸਾਈਡ ਹਵਾ ਵਿਚੋਂ ਜਜ਼ਬ ਕਰਨ ਦੀ ਸਮਰੱਥਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਬਨ ਮੌਨੋਆਕਸਾਈਡ, ਸਲਫਰ ਡਾਇਆਕਸਾਈਡ ਅਤੇ ਨਾਈਟਰੋਜਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਆਪਣੇ ਅੰਦਰ ਲਿਜਾਣ ਦਾ ਵੀ ਵਰਦਾਨ ਪ੍ਰਾਪਤ ਹੈ।
ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 2007 ਵਿਚ 46 ਦੇਸ਼ਾਂ ਦੀ ਵਾਤਾਵਰਣ ਸਬੰਧੀ ਹੋਈ ਕਾਨਫਰੰਸ ਵਿਚ ਵਿਗਿਆਨੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਲੋਕਾਂ ਨੂੰ ਹੁਣ ਵੀ ਗਰੀਨਹਾਊਸ ਗੈਸਾਂ ਤੋਂ ਮੁਕਤ ਨਾ ਕਰਵਾਇਆ ਗਿਆ ਤਾਂ ਫਿਰ ਸਾਡੇ ਲਈ ਪਛਤਾਉਣ ਦਾ ਸਮਾਂ ਵੀ ਨਹੀਂ ਬਚੇਗਾ। ਵਿਗਿਆਨੀਆਂ ਦੀ ਇਸ ਚਿਤਾਵਨੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਅਤੇ 2015 ਵਿਚ ਪੈਰਿਸ ਵਿਚ ਹੀ ਮੁੜ ਹੋਈ ਕਾਨਫਰੰਸ ਵਿਚ 200 ਦੇਸ਼ਾਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਉਪਰ ਦਸਤਖਤ ਕੀਤੇ ਗਏ, ਜਿਸ ਨੂੰ ‘ਪੈਰਿਸ ਵਾਤਾਵਰਣ ਸਮਝੌਤੇ’ ਦਾ ਨਾਂ ਦਿੱਤਾ ਗਿਆ। ਇਹ ਸਮਝੌਤਾ ਅਗਲੇ ਸਾਲ 2016 ਨੂੰ ਲਾਗੂ ਕੀਤਾ ਗਿਆ।
ਇਸ ਸਮਝੌਤੇ ਦਾ ਮੁੱਖ ਉਦੇਸ਼ ਸੰਸਾਰਕ ਪੱਧਰ ‘ਤੇ ਤਾਪਮਾਨ ਵਿਚ ਵਾਧੇ ਨੂੰ ਹਰ ਹਾਲਤ ਵਿਚ 2 ਡਿਗਰੀ ਸੈਂਟੀਗਰੇਡ ਤੋਂ ਹੇਠਾਂ ਰੱਖਣਾ ਹੈ ਅਤੇ ਬੇਹਤਰ ਹੈ ਜੇ ਇਹ 1.5 ਡਿਗਰੀ ਦੇ ਆਸ-ਪਾਸ ਹੀ ਰਹੇ। ਇਸ ਸਮਝੌਤੇ ਅਨੁਸਾਰ ਗਰੀਨਹਾਊਸ ਗੈਸਾਂ ਦੀ ਹਵਾ ਵਿਚ ਮਾਤਰਾ ਓਨੀ ਕੁ ਹੀ ਰਹਿਣੀ ਚਾਹੀਦੀ ਹੈ, ਜਿੰਨੀ ਰੁੱਖ, ਧਰਤੀ ਅਤੇ ਸਮੁੰਦਰ ਆਪਣੇ ਵਿਚ ਆਸਾਨੀ ਨਾਲ ਸਮਾਅ ਸਕਣ। ਇਸ ਦੇ ਲਈ ਹਰੇਕ ਮੈਂਬਰ ਦੇਸ਼ ਇਨ੍ਹਾਂ ਗੈਸਾਂ ਨੂੰ ਘਟਾਉਣ ਦਾ ਆਪਣਾ ‘ਨਿਸ਼ਾਨਾ’ (ਟਾਰਗੈੱਟ) ਤੈਅ ਕਰਦਾ ਹੈ, ਜਿਸ ਨੂੰ ਐੱਨ. ਡੀ. ਸੀ. (ਂਅਟੋਿਨਅਲ ਧੲਟੲਰਮਨਿੲਦ ਛੋਨਟਰਬਿੁਟੋਿਨ) ਦਾ ਨਾਂ ਦਿੱਤਾ ਗਿਆ ਹੈ ਅਤੇ ਉਹ ਉਸ ਨੂੰ ਪੂਰਿਆਂ ਕਰਨ ਦੀ ਕੋਸਿ਼ਸ਼ ਕਰਦਾ ਹੈ। ਵਾਤਾਵਰਣ ਦੀ ਤਬਦੀਲੀ ਅਤੇ ਨਵਿਆਉਣਯੋਗ-ਊਰਜਾ (੍ਰੲਨੲੱਅਬਲੲ ਓਨੲਰਗੇ) ਵਰਗੇ ਪ੍ਰਾਜੈਕਟਾਂ ਨੂੰ ਅਪਨਾਉਣ ਲਈ ਅਮੀਰ ਦੇਸ਼ਾਂ ਵੱਲੋਂ ਗ਼ਰੀਬ ਦੇਸ਼ਾਂ ਦੀ ਮਾਇਕ-ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਵੱਲੋਂ ਮਿਥੇ ਗਏ ਨਿਸ਼ਾਨੇ ਅਨੁਸਾਰ ਦੁਨੀਆਂ ਦੇ ਸਾਰੇ ਦੇਸ਼ 2050 ਤੱਕ ਵਾਤਾਵਰਣ ਪੱਖੋਂ ‘ਨਿਊਟਰਲ’ (ਂੲੁਟਰਅਲ) ਹੋ ਜਾਣਗੇ। ਇਸ ਤੋਂ ਭਾਵ ਹੈ ਕਿ ਵਾਤਾਵਰਣ ਗਰੀਨਗੈਸਾਂ ਦੇ ਵਾਧੂ ਰਿਸਾਅ ਤੋਂ ਮੁਕਤ ਹੋ ਜਾਏਗਾ ਅਤੇ ਹਵਾ ਵਿਚ ਇਹ ਗੈਸਾਂ ਓਨੀ ਹੀ ਮਾਤਰਾ ਵਿਚ ਹੋਣਗੀਆਂ, ਜਿੰਨੀਆਂ ਰੁੱਖ, ਧਰਤੀ ਅਤੇ ਸਮੁੰਦਰਾਂ ਦੇ ਪਾਣੀ ਆਪਣੇ ਵਿਚ ਸਮਾਅ ਲੈਣਗੇ।
ਦੁਨੀਆਂ ਦੇ ਸੱਭ ਤੋਂ ਅਮੀਰ ਮਨੁੱਖ ਅਤੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਕ ਬਿੱਲ ਗੇਟਸ ਨੇ ਮਾਰਚ 2021 ਵਿਚ ਛਪੀ ਆਪਣੀ ਪੁਸਤਕ “੍ਹੋੱ ਟੋ ਅਵੋਦਿ ਅ ਛਲਮਿਅਟੲ ਧਸਿਅਸਟੲਰ” ਵਿਚ ਸਾਰੀ ਦੁਨੀਆਂ ਨੂੰ ਵਾਤਾਵਰਣ ਦੇ ਗੰਭੀਰ ਖਤਰੇ ਤੋਂ ਬਚਣ ਲਈ ਗਰੀਨਹਾਊਸ ਗੈਸਾਂ ਵਿਚ ਸ਼ਾਮਲ ਕਾਰਬਨ ਡਾਇਆਕਸਾਈਡ ਤੇ ਹੋਰ ਹਾਨੀਕਾਰਕ ਗੈਸਾਂ ਦੀ ਹਵਾ ਵਿਚ ਮਾਤਰਾ ਨੂੰ 2030 ਤੀਕ ਅੱਧਾ ਕਰਨ ਅਤੇ 2050 ਤੱਕ ਇਨ੍ਹਾਂ ਨੂੰ ‘ਜ਼ੀਰੋ’ ਪੱਧਰ ਤੱਕ ਲਿਜਾਣ ਦੀ ਗੱਲ ਕੀਤੀ ਹੈ। ਲੇਖਕ ਵੱਲੋਂ ਇਨ੍ਹਾਂ ਗੈਸਾਂ ਨੂੰ ‘ਜ਼ੀਰੋ’ ਤੱਕ ਲਿਜਾਣਾ ਭਾਵੇਂ ‘ਆਦਰਸ਼ਕ’ (ੀਦੲਅਲ) ਹੀ ਜਾਪਦਾ ਹੈ, ਪਰ ਇਸ ਤੋਂ ਉਸ ਦਾ ਭਾਵ ਇਨ੍ਹਾਂ ਦੇ ਹਵਾ ਵਿਚ ਰਿਸਾਅ ਨੂੰ ਘੱਟ ਤੋਂ ਘੱਟ ਕਰਨਾ ਹੈ। ਇਸ ਦੇ ਲਈ ਸਾਰਿਆਂ ਨੂੰ ‘ਫੌਸਿਲ ਫਿਊਲ’ ਦੀ ਵਰਤੋਂ ਘੱਟ ਕਰਨ ਅਤੇ ਬਿਜਲੀ ਦੇ ਉਤਪਾਦਨ ਲਈ ਤੇਜ਼ ਹਵਾਵਾਂ, ਸੂਰਜੀ ਊਰਜਾ, ਐਟਮੀ ਊਰਜਾ ਆਦਿ ਸਾਧਨਾਂ ਉੱਪਰ ਵਧੇਰੇ ਨਿਰਭਰ ਹੋਣ ਲਈ ਕਿਹਾ ਗਿਆ ਹੈ ਅਤੇ ਇਸ ਦੇ ਲਈ ਕਈ ਢੰਗ-ਤਰੀਕੇ ਵੀ ਸੁਝਾਏ ਗਏ ਹਨ। ਗੱਡੀਆਂ, ਮੋਟਰਾਂ, ਕਾਰਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਬਣਾਉਣ ਦੀ ਲੋੜ ਹੈ। ਉਂਜ, ਵੇਖਣ-ਸੁਣਨ ਨੂੰ ਇਹ ਸਭ ਬਹੁਤ ਸੋਹਣਾ, ਸੁਚਾਰੂ ਅਤੇ ਆਦਰਸ਼ਕ ਲੱਗਦਾ ਹੈ, ਪਰ ਅਮਲੀ ਤੌਰ ‘ਤੇ ਕੀ ਇਹ ਸਭ ਸੰਭਵ ਹੋ ਸਕੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
‘ਪੈਰਿਸ ਸਮਝੌਤੇ’ ਦੇ ਮੁੱਖ-ਹਸਤਾਖਰੀ ਅਮਰੀਕਾ ਵੱਲੋਂ 2017 ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਸਮੇਂ ਉਨ੍ਹਾਂ ਵੱਲੋਂ ਇਸ ਸਮਝੌਤੇ ਤੋਂ ਵੱਖ ਹੋਣ ਦੀ ਗੱਲ ਕਰਦਿਆਂ ਕਿਹਾ ਗਿਆ ਸੀ ਕਿ ਭਾਰਤ ਤੇ ਚੀਨ ਵਰਗੇ ਵੱਡੇ ਦੇਸ਼ ਫੌਸਿਲ ਫਿਊਲ ਦੀ ਧੜਾਧੜ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਉੱਪਰ ਇਸ ਬਾਰੇ ਕੋਈ ਜ਼ੋਰ ਨਹੀਂ ਪਾਇਆ ਜਾ ਰਿਹਾ। ਪਾਠਕਾਂ ਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਨਵੰਬਰ 2020 ਵਿਚ ਪੈਰਿਸ ਸਮਝੌਤੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਇਸ ਦੀ ਉਦੋਂ ਦੂਸਰੇ ਦੇਸ਼ਾਂ ਵੱਲੋਂ ਕਾਫੀ ਨੁਕਤਾਚੀਨੀ ਵੀ ਹੋਈ ਸੀ। ਇਸੇ ਮਹੀਨੇ ਹੋਈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਹੋਰ ਕਈ ਮੁੱਦਿਆਂ ਸਮੇਤ ਇਸ ਅਹਿਮ ਮਸਲੇ ਦੇ ਕਾਰਨ ਵੀ ਟਰੰਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਹ ਵੱਖਰੀ ਗੱਲ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਸ ਸਮਝੌਤੇ ਵਿਚ ਮੁੜ ਸ਼ਾਮਲ ਹੋ ਕੇ ਅਮਰੀਕਾ ਦੀ ਇਸ ਗਲਤੀ ਨੂੰ ਸੁਧਾਰ ਲਿਆ ਗਿਆ ਹੈ। ਦੁਨੀਆਂ ਦਾ ਮੋਹਰੀ ਕਹਾਉਣ ਵਾਲਾ ਦੇਸ਼ ਹੀ ਜੇ ਮਨੁੱਖਤਾ ਨਾਲ ਜੁੜੇ ਇਸ ਤਰ੍ਹਾਂ ਦੇ ਅਗਾਂਹ-ਵਧੂ ਸਮਝੌਤਿਆਂ ਤੋਂ ਆਪਣਾ ਹੱਥ ਪਿੱਛੇ ਖਿੱਚੇਗਾ ਤਾਂ ਫਿਰ ਤੀਸਰੀ ਦੁਨੀਆਂ ਦੇ ਗਰੀਬ ਦੇਸ਼ਾਂ ਦਾ ਕੀ ਬਣੇਗਾ!
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਔਸਤ ਤਾਪਮਾਨ ਹੁਣ ਤੀਕ ਪਹਿਲਾਂ ਹੀ 1 ਡਿਗਰੀ ਸੈਂਟੀਗਰੇਡ ਵੱਧ ਚੁੱਕਾ ਹੈ ਅਤੇ ਇਹ ਕਿਸੇ ਵੀ ਹਾਲਤ ਵਿਚ 1.5 ਡਿਗਰੀ ਤੋਂ ਅੱਗੇ ਨਹੀਂ ਵੱਧਣਾ ਚਾਹੀਦਾ। ਅਜਿਹਾ ਨਾ ਹੋਣ ਦੀ ਹਾਲਤ ਵਿਚ ਵਾਤਾਵਾਰਣ ਵਿਚ ਭਾਰੀ ਵਿਗਾੜ ਪੈਦਾ ਹੋ ਸਕਦੇ ਹਨ, ਜਿਨ੍ਹਾਂ ਵਿਚ ਨਿੱਕੇ-ਵੱਡੇ ਟਾਪੂਆਂ ਦਾ ਸਮੁੰਦਰੀ ਲਹਿਰਾਂ ਦੇ ਹੇਠ ਦੱਬੇ ਜਾਣਾ, ਬਰਫ-ਰਹਿਤ ਆਰਕਟਿਕ ਗਰਮੀਆਂ ਦੇ ਸੀਜ਼ਨ ਅਤੇ ਮੌਸਮ ਵਿਚ ਭਾਰੀ ਉਤਰਾਅ-ਚੜ੍ਹਾਅ ਸ਼ਾਮਲ ਹੋ ਸਕਦੇ ਹਨ। ਬੀਤੇ ਦਿਨੀਂ ਉੱਤਰੀ-ਅਮਰੀਕਨ ਖਿੱਤੇ ਦੇ ਕਈ ਸ਼ਹਿਰਾਂ ਵਿਚ ਤਾਪਮਾਨ 49-50 ਡਿਗਰੀ ਸੈਂਟੀਗਰੇਡ ਦੇ ਨੇੜੇ ਹੋ ਚੁਕਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਜਿੱਥੇ ਗਰਮੀਆਂ ਵਿਚ ਇਹ ਤਾਪਮਾਨ ਆਮ ਤੌਰ ‘ਤੇ 25-30 ਡਿਗਰੀ ਤੱਕ ਹੀ ਰਹਿੰਦਾ ਸੀ, ਵਿਚ ਪਿਛਲੇ ਦਿਨੀਂ ਇਹ 49.5 ਡਿਗਰੀ ਹੋ ਗਿਆ ਸੀ ਅਤੇ ਗਰਮੀ ਨਾਲ ਉੱਥੇ ਕਰੀਬ 134 ਮੌਤਾਂ ਹੋ ਚੁਕੀਆਂ ਹਨ। ਅਮਰੀਕਾ ਦੀਆਂ ਦੱਖਣ-ਪੱਛਮੀ ਸਟੇਟਾਂ ਵਿਚ ਭਾਰੀ ਗਰਮੀ ਵੇਖਣ ਨੂੰ ਮਿਲ ਰਹੀ ਹੈ। ਕਈਆਂ ਵਿਚ ਤਾਂ ਗਰਮੀ ਨਾਲ ਸੋਕੇ ਵਾਲੀ ਸਥਿਤੀ ਵੀ ਪੈਦਾ ਹੋ ਰਹੀ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਇਹ ਤਾਪਮਾਨ 50 ਡਿਗਰੀ ਤੋਂ ਵੀ ਉੱਪਰ ਹੋ ਗਿਆ ਹੈ। ਦੂਸਰੇ ਪਾਸੇ ਨਿਊਜ਼ੀਲੈਂਡ ਵਿਚ ਤਾਪਮਾਨ ਮਨਫੀ ਚਾਰ ਡਿਗਰੀ ਸੈਂਟੀਗਰੇਡ ਵੀ ਹੋ ਗਿਆ ਹੈ ਅਤੇ ਉੱਥੇ ਬਰਫ ਪੈਣੀ ਅਰੰਭ ਹੋ ਚੁਕੀ ਹੈ।
ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਹੀ ਆਬਾਦੀ ਵਿਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ਅਖੀਰ ਵਿਚ ਇਸ ਦੇ 10 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤ, ਚੀਨ, ਨਾਈਜ਼ੇਰੀਆ ਆਦਿ ਦੇਸ਼ਾਂ ਵਿਚ ਤਾਂ ਇਸ ਦੇ ਵਾਧੇ ਦੀ ਦਰ ਹੋਰ ਵੀ ਵਧੇਰੇ ਹੋਵੇਗੀ ਅਤੇ ਇਹ ਬਹੁਤਾ ਕਰਕੇ ਸ਼ਹਿਰੀ ਆਬਾਦੀ ਦੀ ਹੋਵੇਗੀ। ਇਹ ਖਿਆਲ ਕੀਤਾ ਜਾ ਰਿਹਾ ਹੈ ਕਿ 2060 ਤੀਕ ਸ਼ਹਿਰਾਂ ਵਿਚ ਘਰਾਂ ਅਤੇ ਹੋਰ ਲੋੜੀਂਦੀਆਂ ਏਅਰ-ਕੰਡੀਸ਼ਨਿੰਗ ਤੇ ਹੀਟਿੰਗ ਵਰਗੀਆਂ ਸੁੱਖ-ਸਹੂਲਤਾਂ ਦੀ ਮੰਗ ਲੱਗਭੱਗ ਦੁੱਗਣੀ ਹੋ ਜਾਏਗੀ। ਇਨ੍ਹਾਂ ਵਿਚੋਂ ਬਿਜਲੀ ਦੀ ਮੰਗ 2050 ਤੱਕ 50 ਫੀਸਦੀ ਵੱਧ ਜਾਏਗੀ ਅਤੇ ਇਸ ਨੂੰ ਪੈਦਾ ਕਰਨ ਲਈ ਇਸ ਸਮੇਂ ਮੌਜੂਦਾ ਢੰਗਾਂ-ਤਰੀਕਿਆਂ ਤੋਂ ਇਲਾਵਾ ਜੇ ਹੋਰ ਸੁਚਾਰੂ ਸਾਧਨਾਂ ਦੀ ਵਰਤੋਂ ਨਾ ਕੀਤੀ ਗਈ ਤਾਂ ਹਵਾ ਵਿਚ ਕਾਰਬਨ ਡਾਇਆਕਸਾਈਡ ਅਤੇ ਹੋਰ ਗਰੀਨਹਾਊਸ ਗੈਸਾਂ ਦੀ ਮਾਤਰਾ ਵੀ 50 ਫੀਸਦੀ ਵੱਧ ਜਾਣ ਦੀ ਸੰਭਾਵਨਾ ਹੈ ਜਿਸ ਨੂੰ ਹਰ ਹਾਲਤ ਵਿਚ ਘੱਟ ਕਰਨ ਦੀ ਸਖਤ ਲੋੜ ਹੈ।
ਜਿ਼ਕਰਯੋਗ ਹੈ ਕਿ ਉਤਪਾਦਨ ਸੈਕਟਰ ਵਿਚ ਸਭ ਤੋਂ ਵੱਧ ਪ੍ਰਦੂਸ਼ਣ ਪੈਦਾ ਹੁੰਦਾ ਹੈ। ਸਿਰਫ ਸਟੀਲ ਅਤੇ ਸੀਮੈਂਟ ਬਣਾਉਣ ਵਿਚ ਹੀ ਹਵਾ-ਪ੍ਰਦੂਸ਼ਣ ਵਿਚ 10 ਫੀਸਦੀ ਵਾਧਾ ਹੋ ਰਿਹਾ ਹੈ ਅਤੇ ਪਲਾਸਟਿਕ ਤੇ ਹੋਰ ਕਈ ਕਿਸਮ ਦੀ ਇੰਡਸਟਰੀ ਇਸ ਪ੍ਰਦੂਸ਼ਣ ਵਿਚ ਹੋਰ ਵਾਧਾ ਕਰਦੀ ਹੈ। ਇਨ੍ਹਾਂ ਨੂੰ ਬਿਜਲੀ ਦੀ ਲੋੜ ਹੈ, ਜਿਸ ਨੂੰ ਬਣਾਉਣ ਲਈ ਕੋਇਲੇ, ਤੇਲ, ਕੁਦਰਤੀ ਗੈਸ, ਹਾਈਡਰੋ ਪਾਵਰ, ਐਟਮੀ ਊਰਜਾ ਆਦਿ ਦੀ ਲੋੜ ਹੈ। ਮਾਹਿਰਾਂ ਦੁਆਰਾ ਇਹ ਮੰਨਿਆ ਗਿਆ ਹੈ ਕਿ ਇਕ ਟਨ ਸਟੀਲ ਬਣਾਉਣ ਵਿਚ 1.8 ਟਨ ਕਾਰਬਨ ਡਾਇਆਕਸਾਈਡ ਹਵਾਈ ਪ੍ਰਦੂਸ਼ਣ ਪੈਦਾ ਹੁੰਦਾ ਹੈ। ਵੱਖ-ਵੱਖ ਕਿਸਮ ਦੀਆਂ ਖਾਦਾਂ ਬਣਾਉਣ ਲਈ 2010 ਤੱਕ 1.3 ਮਿਲੀਅਨ ਟਨ ਗਰੀਨਹਾਊਸ ਗੈਸਾਂ ਹਵਾ ਵਿਚ ਦਾਖਲ ਹੋਈਆਂ ਹਨ ਅਤੇ ਇਸ ਸਦੀ ਦੇ ਅੱਧ ਤੱਕ, ਭਾਵ 2050 ਤੀਕ ਇਹ ਪ੍ਰਦੂਸ਼ਣ 1.7 ਬਿਲੀਅਨ ਟਨ ਤੱਕ ਪਹੁੰਚ ਸਕਦਾ ਹੈ।
ਵਾਤਾਵਰਣ ਦੇ ਵਿਗਾੜ ਦੀ ਗੱਲ ਕਰਦਿਆਂ ਜੇ ਪਾਣੀ ਦੇ ਪ੍ਰਦੂਸ਼ਣ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈ ਜਾਏ ਤਾਂ ਇਹ ਕੁਥਾਂ ਨਹੀਂ ਹੋਵੇਗੀ। ਅਮਰੀਕਾ, ਕੈਨੇਡਾ ਤੇ ਹੋਰ ਵਿਕਸਿਤ ਦੇਸ਼ਾਂ ਨੂੰ ਛੱਡ ਕੇ ਜੇ ਅਸੀਂ ਤੀਸਰੀ ਦੁਨੀਆਂ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਥਾਂਵਾਂ ‘ਤੇ ਇਸ ਸਮੇਂ ਪੀਣ ਦੇ ਪਾਣੀ ਦੀ ਵੀ ਬੜੀ ਸਮੱਸਿਆ ਹੈ। ਭਾਰਤ ਦੇ ਕਈ ਸੂਬਿਆਂ ਵਿਚ ਕਈ ਅਜਿਹੇ ਪਿੰਡ ਹਨ, ਜਿੱਥੇ ਪੀਣ ਦੇ ਪਾਣੀ ਲਈ ਲੋਕਾਂ ਨੂੰ ਕਈ ਕਈ ਮੀਲ ਦੂਰ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ ਜੇ ਪੰਜਾਬ ਦੀ ਗੱਲ ਨਾ ਕੀਤੀ ਜਾਏ ਤਾਂ ਇਹ ਚਰਚਾ ਅਧੂਰੀ ਹੋਵੇਗੀ। ਪੰਜਾਂ ਦਰਿਆਵਾਂ ਦੀ ਧਰਤੀ ‘ਪੰਜਾਬ’ (ਹੁਣ ਇਸ ਸਮੇਂ ਢਾਈ ਦਰਿਆਵਾਂ ਦੀ) ਦੇ ਬਹੁਤ ਸਾਰੇ ਜਿਲਿਆਂ ਵਿਚ ਪਾਣੀ ਦੀ ਥੁੜ੍ਹ ਪੈਦਾ ਹੋ ਗਈ ਹੈ। ਮਾਲਵੇ ਦੇ ਇਲਾਕੇ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਅਤੇ ਇਹ ਕੈਂਸਰ ਦਾ ਮੁੱਖ ਕਾਰਨ ਬਣਿਆ ਹੋਇਆ ਹੈ।
ਹੁਣ ਤਾਂ ਮਾਝੇ ਅਤੇ ਦੁਆਬੇ ਵਿਚ ਵੀ ਪਾਣੀ ਤਿੰਨ-ਚਾਰ ਸੌ ਫੁੱਟ ਤੱਕ ਡੂੰਘਾ ਚਲਾ ਗਿਆ ਹੈ। ਪੰਜਾਬ ਵਿਚ ਝੋਨੇ ਦੀ ਲਗਾਤਾਰ ਬਿਜਾਈ ਨੇ ਪਾਣੀ ਡੂੰਘੇ ਕਰ ਦਿੱਤੇ ਹਨ ਅਤੇ ਖਾਦਾਂ ਤੇ ਕੀੜੇ-ਮਾਰ ਦਵਾਈਆਂ ਦੀ ਅੰਧਾ-ਧੁੰਦ ਵਰਤੋਂ ਨੇ ਪਾਣੀ ਦੇ ਧਰਾਤਲ ਨੂੰ ਜ਼ਹਿਰੀਲਾ ਕਰ ਛੱਡਿਆ ਹੈ। ਪੀਣ ਵਾਲਾ ਪਾਣੀ 300-400 ਫੁੱਟ ਡੂੰਘਾਈ ‘ਤੇ ਜਾ ਕੇ ਮਸਾਂ ਹੀ ਥਿਆਉਂਦਾ ਹੈ। ਫੈਕਟਰੀਆਂ ਵਾਲਿਆਂ ਨੇ ਆਪਣੇ ਜ਼ਹਿਰੀਲੀ ‘ਇੰਡਸਟ੍ਰੀਅਲ ਰਹਿੰਦ-ਖੂੰਹਦ ਨੂੰ ਬਿਨਾ ਸੋਧਿਆਂ 200-300 ਡੂੰਘੇ ਬੋਰ ਕਰਕੇ ਧਰਤੀ ਹੇਠਲੇ ਪਾਣੀ ਵਿਚ ਮਿਲਾ ਛੱਡਿਆ ਹੈ ਅਤੇ ਉਹ ਪੀਣ ਵਾਲੇ ਪਾਣੀ ਤੋਂ ਇਲਾਵਾ ਫਸਲਾਂ ਲਈ ਵੀ ਹਾਨੀਕਾਰਕ ਸਾਬਤ ਹੋ ਰਹੇ ਹਨ। ਪਿਛਲੇ ਦਿਨੀਂ ਭਵਾਨੀਗੜ੍ਹ ਦੇ ਨੇੜੇ ਇਕ ਪਿੰਡ ਦੇ ਟਿਊਬਵੈੱਲ ਵਿਚੋਂ ਨਿਕਲਿਆ ਲਾਲ ਰੰਗ ਦਾ ਪਾਣੀ ਇਸ ਦੀ ਤਾਜ਼ਾ ਮਿਸਾਲ ਹੈ। ਲੁਧਿਆਣੇ ਦਾ ‘ਬੁੱਢਾ ਨਾਲਾ’ ਕਿਸੇ ਵੀ ਪੰਜਾਬੀ ਨੂੰ ਭੁੱਲਿਆ ਨਹੀਂ।
ਬਾਬਾ ਬਲਬੀਰ ਸਿੰਘ ਸੀਚੇਵਾਲ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ‘ਕਾਲੀ ਵੇਈਂ’ ਦੀ ਸਫਾਈ ਕਰਵਾ-ਕਰਵਾ ਕੇ ਥੱਕ ਗਿਆ ਹੈ, ਪਰ ਫੈਕਟਰੀਆਂ ਵਾਲੇ ਫਿਰ ਵੀ ਇਸ ਵਿਚ ਆਪਣੀ ‘ਇੰਡਸਟਰੀਅਲ ਵੇਸਟ’ ਪਾਉਣੋਂ ਨਹੀਂ ਟਲਦੇ। ਇਕ ਹੋਰ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਹੈ, ਜੋ ਸੜਕਾਂ ਦੇ ਕਿਨਾਰਿਆਂ ਅਤੇ ਹੋਰ ਸਾਂਝੀਆਂ ਥਾਂਵਾਂ ‘ਤੇ ਰੁੱਖ ਲਾਉਣ ਦੀ ਵਧੀਆ ਮੁਹਿੰਮ ਛੇੜੀ ਬੈਠਾ ਹੈ, ਪਰ ਉਸ ਦੇ ਸੇਵਾਦਾਰਾਂ ਵੱਲੋਂ ਲਾਏ ਗਏ ਰੁੱਖ ਵੀ ਕਈ ਥਾਂਈਂ ਕਿਸਾਨਾਂ ਦੇ ਟਰੈਕਟਰਾਂ ਦੀ ਭੇਟ ਚੜ੍ਹ ਗਏ ਹਨ। ਇਨ੍ਹਾਂ ‘ਦੋ ਬਾਬਿਆਂ’ ਬਾਰੇ ਮੇਰੇ ਇਕ ਦੋਸਤ ਦਾ ਕਹਿਣਾ ਹੈ ਕਿ ਪੰਜਾਬ ਵਿਚ ਸਿਰਫ ਇਹ ਹੀ ‘ਅਸਲੀ ਬਾਬੇ’ ਹਨ-‘ਸੀਚੇਵਾਲ ਵਾਲਾ’ ਤੇ ‘ਖਡੂਰ ਸਾਹਿਬ ਵਾਲਾ’। ਬਾਕੀ ‘ਕਾਰ-ਸੇਵਾ ਵਾਲੇ’ ਤਾਂ ਗੁਰਦੁਆਰਿਆਂ ਵਿਚ ਸੰਗਮਰਮਰ ਜੜਨ, ਛਕਣ-ਛਕਾਉਣ ਅਤੇ ਲੋਕਾਂ ਨੂੰ ਲੁੱਟਣ ਵਾਲੇ ਹੀ ਹਨ। … ਤੇ ਮੈਨੂੰ ਉਸ ਦਾ ਇਹ ਕਥਨ ਕਾਫੀ ਹੱਦ ਤੀਕ ਸਹੀ ਲੱਗਦਾ ਹੈ।
ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਹਵਾਈ ਪ੍ਰਦੂਸ਼ਣ ਤੇ ਪਾਣੀ ਦਾ ਪ੍ਰਦੂਸ਼ਣ ਇਸ ਸਮੇਂ ਲੱਗਭੱਗ ਸਾਰੀ ਦੁਨੀਆਂ ਲਈ ਹੀ ਚੁਣੌਤੀ ਬਣੇ ਹੋਏ ਹਨ ਅਤੇ ਇਨ੍ਹਾਂ ਦੇ ਯੋਗ ਹੱਲ ਤਲਾਸ਼ ਕਰਨੇ ਸਮੇਂ ਦੀ ਮੁੱਖ ਲੋੜ ਹੈ। ਜੇ ਇੰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਮਨੁੱਖਤਾ ਦੇ ਵਿਨਾਸ਼ ਦਾ ਮੁੱਖ ਕਾਰਨ ਬਣ ਜਾਣਗੇ। ਸੰਸਾਰਕ ਪੱਧਰ ‘ਤੇ ਸਾਨੂੰ ਸਾਰਿਆਂ ਨੂੰ ਇਸ ਸਬੰਧੀ ਸੁਚੇਤ ਹੋਣ ਦੀ ਲੋੜ ਹੈ।