ਨਵੀਂ ਸਿਆਸੀ ਸਫਬੰਦੀ

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਤੋਂ ਬਾਅਦ ਸੂਬੇ ਅੰਦਰ ਨਵੀਂ ਸਫਬੰਦੀ ਦੇ ਆਸਾਰ ਬਣ ਗਏ ਹਨ। ਇਸ ਸਫਬੰਦੀ ਦੀਆਂ ਵੀ ਵੱਖ-ਵੱਖ ਪਰਤਾਂ ਹਨ। ਨਵਜੋਤ ਸਿੱਧੂ 13 ਸਾਲ ਭਾਰਤੀ ਜਨਤਾ ਪਾਰਟੀ ਵਿਚ ਰਿਹਾ ਹੈ ਅਤੇ ਕਾਂਗਰਸ ਵਿਚ ਉਹ 2017 ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਆਇਆ ਸੀ। ਕਾਂਗਰਸ ਵਿਚ ਆਉਣ ਤੋਂ ਪਹਿਲਾਂ ਉਸ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦੇ ਚਰਚੇ ਸਨ। ਇਹ ਸੱਚ ਹੈ ਕਿ 2017 ਵਾਲੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਮ ‘ਤੇ ਲੜੀਆਂ ਸਨ ਅਤੇ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵੀ ਉਸ ਦੀ ਅਗਵਾਈ ਹੇਠ ਪਾਰਟੀ ਨੇ ਕੁੱਲ 13 ਵਿਚੋਂ 8 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ।

ਉਸ ਵਕਤ ਨਵਜੋਤ ਸਿੱਧੂ ਦੀ ਦੌੜ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਲੋਕ ਸਭਾ ਸੀਟ ਦਿਵਾਉਣ ਦੀ ਸੀ। ਇਸ ਦੌਰਾਨ ਉਹ ਕੈਪਟਨ ਵਜ਼ਾਰਤ ਵਿਚ ਮੰਤਰੀ ਵੀ ਰਿਹਾ ਪਰ ਉਸ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਦੀ ਨਹੀਂ ਸੀ ਜਿਸ ਦੀ ਹੁੱਬ ਕੇ ਮਿਸਾਲ ਦਿੱਤੀ ਜਾ ਸਕੇ। ਉਹ ਤਾਂ ਸਗੋਂ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ ਵੀ ਕੁਝ ਨਹੀਂ ਕਰ ਸਕਿਆ। ਸਿਆਸੀ ਕਾਰਕੁਨ ਵਜੋਂ ਵੀ ਉਸ ਦੀ ਕਾਰਕਰਦਗੀ ਅਜੇ ਤੱਕ ਸਿਫਰ ਹੈ ਅਤੇ ਲੋਕਾਂ ਦੀ ਸੇਵਾ ਕਰਨ ਵਾਲਾ ਪੱਖ ਵੀ ਕਮਜ਼ੋਰ ਹੀ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਉਸ ਦੀ ਸਿਆਸਤ ਵਿਚ ਕੋਈ ਬੰਨ੍ਹਵੀਂ ਲਗਾਤਾਰਤਾ ਵੀ ਕਿਧਰੇ ਨਜ਼ਰੀਂ ਨਹੀਂ ਪੈਂਦੀ। ਇਹੀ ਨਹੀਂ, ਕਾਂਗਰਸ ਨਾਲ ਡੂੰਘੀ ਵਿਚਾਰਧਾਰਕ ਸਾਂਝ ਵਾਲੀ ਕੋਈ ਗੱਲ ਵੀ ਨਹੀਂ ਹਾਲਾਂਕਿ ਹੁਣ ਉਹਨੇ ਆਪਣੇ ਬਾਪ ਦੇ ਪੱਕਾ ਕਾਂਗਰਸੀ ਹੋਣ ਦੇ ਸਬੂਤ ਦੇਣੇ ਸ਼ੁਰੂ ਕਰ ਦਿੱਤੇ ਹਨ। ਉਂਜ, ਹੁਣ ਜਦੋਂ ਚੋਣਾਂ ਨੇੜੇ ਢੁੱਕਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਮਸਲਾ ਉਭਰਨਾ ਸ਼ੁਰੂ ਹੋਇਆ ਤਾਂ ਨਵਜੋਤ ਸਿੱਧੂ ਦਾ ਨਾਂ ਕੁਝ ਵਧੇਰੇ ਅੱਗੇ ਆਉਣਾ ਸ਼ੁਰੂ ਹੋ ਗਿਆ ਹਾਲਾਂਕਿ ਇਹ ਸ਼ੁਰੂਆਤ ਵੀ ਪਰਗਟ ਸਿੰਘ ਵਰਗੇ ਵਿਧਾਇਕਾਂ ਅਤੇ ਪਾਰਟੀ ਦੇ ਕੁਝ ਲੀਡਰਾਂ ਨੇ ਕੀਤੀ ਸੀ। ਇਸ ਪ੍ਰਸੰਗ ਵਿਚ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਤੱਕ ਆਪਣੀ ਨਿੱਜੀ ਪਹੁੰਚ ਨੂੰ ਪੂਰੀ ਤਰ੍ਹਾਂ ਵਰਤਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਤਿੱਖੇ ਵਿਰੋਧ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ।
ਕਾਂਗਰਸ ਹਾਈਕਮਾਨ ਦੇ ਇਸ ਫੈਸਲੇ ਨਾਲ ਜ਼ਖਮੀ ਹੋਇਆ ਕੈਪਟਨ ਅਮਰਿੰਦਰ ਸਿੰਘ ਫਿਲਹਾਲ ਬੇਵੱਸ ਨਜ਼ਰ ਆ ਰਿਹਾ ਹੈ। ਛੇ ਮਹੀਨੇ ਪਹਿਲਾਂ ਤੱਕ ਉਸ ਨੂੰ ਯਕੀਨ ਸੀ ਕਿ 2022 ਵਾਲੀਆਂ ਚੋਣਾਂ ਦੇ ਨਤੀਜੇ ਉਸ ਦੀ ਝੋਲੀ ਹੀ ਪੈਣੇ ਹਨ ਪਰ ਛੇਤੀ ਹੀ ਉਸ ਦੀ ਸਰਕਾਰ ਦੀ ਮਾੜੀ ਕਰਗੁਜ਼ਾਰੀ ਦਾ ਪ੍ਰਛਾਵਾਂ ਉਸ ਉਤੇ ਪੈਣਾ ਸ਼ੁਰੂ ਹੋ ਗਿਆ। ਪਹਿਲਾਂ-ਪਹਿਲ ਉਸ ਨੂੰ ਜਾਪਦਾ ਸੀ ਕਿਸਾਨ ਅੰਦੋਲਨ ਦੇ ਰੌਲੇ-ਰੱਪੇ ਵਿਚ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਉਸ ਦੀ ਝੰਡੀ ਹੋ ਜਾਣੀ ਹੈ ਪਰ ਉਸ ਦੇ ਵਿਰੋਧੀ ਉਸ ਖਿਲਾਫ ਲਗਾਤਾਰ ਲਾਮਬੰਦੀ ਕਰਨ ਵਿਚ ਕਾਮਯਾਬ ਹੋ ਗਏ। ਉਂਜ, ਉਸ ਨੇ ਆਪਣੇ ਪੱਤੇ ਅਜੇ ਤੱਕ ਖੋਲ੍ਹੇ ਨਹੀਂ ਹਨ। ਇਹ ਕਿਆਸ-ਆਰਾਈਆਂ ਵੀ ਹਨ ਕਿ ਉਸ ਦਾ ਤਾਲਮੇਲ ਨਵਜੋਤ ਸਿੱਧੂ ਨਾਲ ਜੇਕਰ ਨਾ ਬੈਠਿਆ ਤਾਂ ਉਹ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਦੀ ਅਗਵਾਈ ਹੇਠ ਚੋਣ ਮੈਦਾਨ ਵਿਚ ਡਟ ਸਕਦਾ ਹੈ। ਇਸ ਸੂਰਤ ਵਿਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨਾਰਾਜ਼ ਆਗੂ ਉਸ ਦੀ ਕਮਾਨ ਹੇਠ ਆ ਸਕਦੇ ਹਨ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ, ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਵੀ ਸਿੱਧੇ-ਅਸਿੱਧੇ ਢੰਗ ਨਾਲ ਉਸ ਦੀ ਹਮਾਇਤ ‘ਤੇ ਆ ਸਕਦੀ ਹੈ। ਪਿਛਲੀ ਵਿਧਾਨ ਸਭਾ ਚੋਣ ਵਿਚ ਵੀ ਜਦੋਂ ਪਾਰਟੀ ਹਾਈਕਮਾਨ ਕੈਪਟਨ ਨੂੰ ਕੋਈ ਰਾਹ ਨਹੀਂ ਸੀ ਦੇ ਰਹੀ ਤਾਂ ਉਹ ਆਪਣੀ ਵੱਖਰੀ ਪਾਰਟੀ ਦੀ ਕਮਾਨ ਹੇਠ ਚੋਣਾਂ ਲੜਨ ਲਈ ਤਿਆਰ ਹੋ ਗਿਆ ਸੀ। ਉਸ ਵਕਤ ਰਾਹੁਲ ਗਾਂਧੀ ਨੂੰ ਖੁਦ ਪੰਜਾਬ ਆ ਕੇ ਐਲਾਨ ਕਰਨਾ ਪਿਆ ਸੀ ਕਿ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਅਸਲ ਵਿਚ ਮੌਜੂਦਾ ਸੰਕਟ ਪੰਜਾਬ ਕਾਂਗਰਸ ਦੇ ਸੰਕਟ ਨਾਲੋਂ ਮੁਲਕ ਪੱਧਰ ‘ਤੇ ਕਾਂਗਰਸ ਦਾ ਸੰਕਟ ਵਧੇਰੇ ਹੈ। ਪਾਰਟੀ ਦੀ ਕੌਮੀ ਸਿਆਸਤ ‘ਤੇ ਪਕੜ ਲਗਾਤਾਰ ਢਿੱਲੀ ਪੈ ਰਹੀ ਹੈ। ਸੂਬਾ ਪੱਧਰ ‘ਤੇ ਲੀਡਰਾਂ ਨਾਲ ਕਲੇਸ਼ ਦਾ ਖਮਿਆਜ਼ਾ ਕਾਂਗਰਸ ਪਹਿਲਾਂ ਹੀ ਭੁਗਤ ਰਹੀ ਹੈ ਪਰ ਇਸ ਨੇ ਅਜੇ ਤੱਕ ਕੋਈ ਸਬਕ ਨਹੀਂ ਸਿੱਖਿਆ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਕਾਂਗਰਸ ਤੋਂ ਵੱਖ ਹੋਈ ਤਾਂ ਅੱਜ ਕਾਂਗਰਸ ਉਥੇ ਕਿਸੇ ਗਿਣਤੀ ਵਿਚ ਨਹੀਂ। ਇਸ ਦਾ ਇਹੀ ਹਾਲ ਆਂਧਰਾ ਪ੍ਰਦੇਸ਼ ਅਤੇ ਅਸਾਮ ਵਿਚ ਹੋਇਆ ਹੈ। ਇਸ ਸੂਰਤ ਵਿਚ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਕੀ ਸੰਵਾਰ ਸਕਦਾ, ਇਹ ਵੱਡਾ ਸਵਾਲ ਹੈ। ਉਸ ਦੀ ਮੌਕਾਪ੍ਰਸਤੀ ਸਦਾ ਚਰਚਾ ਦਾ ਵਿਸ਼ਾ ਰਹੀ ਹੈ। ਉਂਜ ਵੀ, ਦੂਜੀਆਂ ਸਿਆਸੀ ਪਾਰਟੀਆਂ ਅਜਿਹੀਆਂ ਸ਼ਖਸੀਅਤਾਂ ਨੂੰ ਚੋਣਾਂ ਤਾਂ ਲੜਾਉਂਦੀਆਂ ਰਹੀਆਂ ਹਨ ਪਰ ਸਮੁੱਚੇ ਸੂਬੇ ਦੀ ਸਿਆਸਤ ਦੀ ਕਮਾਨ ਹੀ ਸੰਭਾਲ ਦਿੱਤੀ ਹੋਵੇ, ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ। ਹੋਰ ਤਾਂ ਹੋਰ, ਉਹ ਅਜੇ ਤੱਕ ਖੁਦ ਨੂੰ ਸੰਜੀਦਾ ਸਿਆਸੀ ਆਗੂ ਵਜੋਂ ਸਾਬਤ ਅਤੇ ਸਥਾਪਿਤ ਵੀ ਨਹੀਂ ਕਰ ਸਕਿਆ ਹੈ। ਇਸ ਸੂਰਤ-ਏ-ਹਾਲ ਵਿਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਕੋਈ ਵੀ ਧਿਰ ਪੰਜਾਬ ਦੇ ਮਸਲਿਆਂ ਨੂੰ ਆਪਣੀ ਸਿਆਸਤ ਦਾ ਏਜੰਡਾ ਨਹੀਂ ਬਣਾ ਰਹੀ। ਉਂਜ ਵੀ ਇਹ ਸਾਰੀ ਕਵਾਇਦ ਚੋਣਾਂ ਨੂੰ ਟੀਚਾ ਮਿਥ ਕੇ ਕੀਤੀ ਜਾ ਰਹੀ ਹੈ। ਇਸੇ ਕਰਕੇ ਜਿੰਨਾ ਚਿਰ ਲੋਕ ਚੋਣਾਂ ਦੇ ਇਸ ਮੱਕੜ ਜਾਲ ਬਾਰੇ ਚੇਤਨ ਨਹੀਂ ਹੁੰਦੇ ਅਤੇ ਇਸ ਵਿਚੋਂ ਬਾਹਰ ਨਹੀਂ ਆਉਂਦੇ, ਉਦੋਂ ਤੱਕ ਸਿਆਸੀ ਲੀਡਰ ਅਤੇ ਪਾਰਟੀਆਂ ਸੱਤਾ ਦਾ ਸੁਖ ਮਾਣ ਕੇ ਅਗਾਂਹ ਤੁਰਦੇ ਰਹਿਣਗੇ ਅਤੇ ਆਮ ਲੋਕ ਉਨ੍ਹਾਂ ਵੱਲ ਦੇਖਦੇ ਰਹਿਣਗੇ। ਤਕੜੇ ਕਿਸਾਨ ਅੰਦੋਲਨ ਦੇ ਬਾਵਜੂਦ ਪੰਜਾਬ ਦੀ ਸਿਆਸਤ ਉਥੇ ਦੀ ਉਥੇ ਖੜ੍ਹੀ ਜਾਪਦੀ ਹੈ।