ਬੰਦਾ ਸਿੰਘ ਬਹਾਦਰ ਨੇ ਘਰ ਕਿਉਂ ਛੱਡਿਆ?

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-8
ਹਰਪਾਲ ਸਿੰਘ
ਫੋਨ: 916-236-8830
ਬੰਦਾ ਸਿੰਘ ਬਹਾਦਰ ਨੇ ਆਪਣੀ ਚੜ੍ਹਦੀ ਜਵਾਨੀ ਵਿਚ ਹੀ ਘਰ ਕਿਉਂ ਤਿਆਗ ਦਿੱਤਾ? ਇਹ ਗੱਲ ਵਿਚਾਰਨ ਦੀ ਲੋੜ ਹੈ। ਕੀ ਉਸ ਦੇ ਜੀਵਨ ਵਿਚ ਕੋਈ ਅਜਿਹੀ ਘਟਨਾ ਵਾਪਰੀ ਜਿਸ ਨੇ ਉਸ ਦੀਆਂ ਅੰਤਰੀਵ ਭਾਵਨਾਵਾਂ ਝੰਜੋੜ ਸੁੱਟੀਆਂ ਅਤੇ ਉਸ ਨੂੰ ਸਾਧੂ ਬਣਨ ਲਈ ਪ੍ਰੇਰਿਆ? ਅਜਿਹੇ ਕਿਹੜੇ ਹਾਲਾਤ ਸਨ ਜਿਨ੍ਹਾਂ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ? ਡਾæ ਗੰਡਾ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਡਾæ ਹਰਜਿੰਦਰ ਸਿੰਘ ਦਿਲਗੀਰ, ਖੁਸ਼ਵੰਤ ਸਿੰਘ, ਮੈਕਾਲਿਫ ਅਤੇ ਹੋਰ ਵਿਦਵਾਨਾਂ ਨੇ ਪ੍ਰਚੱਲਤ ਲੋਕ ਕਥਾ ਨੂੰ ਹੀ ਇਸ ਦਾ ਕਾਰਨ ਦੱਸਿਆ ਹੈ।
ਲੋਕ ਕਥਾ ਮੁਤਾਬਕ ਚੜ੍ਹਦੀ ਜਵਾਨੀ ਵਿਚ ਲਛਮਣ ਦੇਵ ਨੇ ਸ਼ਿਕਾਰ ਖੇਡਦੇ ਹੋਏ ਹਿਰਨੀ ਦਾ ਸ਼ਿਕਾਰ ਕੀਤਾ ਜੋ ਗਰਭਵਤੀ ਸੀ। ਜਦੋਂ ਹਿਰਨੀ ਦਾ ਪੇਟ ਚਾਕ ਕੀਤਾ ਤਾਂ ਉਸ ਦੇ ਦੋ ਬੱਚੇ ਤੜਫਦੇ ਹੋਏ ਬਾਹਰ ਆ ਗਏ ਅਤੇ ਉਹ ਵੀ ਹਿਰਨੀ ਦੇ ਨਾਲ ਹੀ ਤੜਫ ਤੜਫ ਕੇ ਮਰ ਗਏ। ਇਹ ਮੰਜ਼ਰ ਦੇਖ ਕੇ ਬੰਦੇ ਦਾ ਮਨ ਉਚਾਟ ਹੋ ਗਿਆ ਤੇ ਉਸ ਦੀ ਅੰਤਰ ਆਤਮਾ ਝੰਜੋੜੀ ਗਈ। ਉਸ ਨੇ ਆਪਣੇ ਇਸ ਪਾਪ ਦਾ ਪਛਤਾਵਾ ਕਰਨ ਦਾ ਫੈਸਲਾ ਕਰ ਲਿਆ। ਉਸ ਦਾ ਮਨ ਸਾਧ ਹੋ ਗਿਆ, ਮੀਟ ਖਾਣਾ ਤਿਆਗ ਦਿੱਤਾ ਅਤੇ ਕਿਸੇ ਸਾਧੂ ਮਹਾਤਮਾ ਦੀ ਸੰਗਤ ਕਰਨ ਦਾ ਮਨ ਬਣਾ ਲਿਆ। ਜਲਦੀ ਹੀ ਫਕੀਰ ਜਾਨਕੀ ਪ੍ਰਸਾਦ ਨਾਲ ਉਸ ਦਾ ਮੇਲ ਹੋ ਗਿਆ ਅਤੇ ਉਸ ਦੀ ਸੰਗਤ ਵਿਚ ਉਹ ਘਰ-ਬਾਰ ਛੱਡ ਕੇ ਬੈਰਾਗੀ ਬਣ ਗਿਆ। ਕੁਝ ਸਿੱਖ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਰਾਜੌਰੀ ਤੋਂ 50 ਕਿਲੋਮੀਟਰ ਦੂਰ ਤੱਛਕ ਦੇ ਸਥਾਨ ‘ਤੇ ਵਾਪਰੀ। ਮੈਕਾਲਿਫ ਅਨੁਸਾਰ ਇਹ ਘਟਨਾ ਰਾਜੌਰੀ ਨੇੜੇ ਵਾਪਰੀ ਜਿਹੜਾ ਪੁਣਛ ਵਿਚ ਮੇਂਧੜ ਦੇ ਨੇੜੇ ਹੈ। ਜਿਸ ਤਰ੍ਹਾਂ ਮਹਾਤਮਾ ਬੁੱਧ ਦੁਨੀਆਂ ਦੇ ਦੁੱਖਾਂ ਨੂੰ ਦੇਖ ਕੇ ਸੰਨਿਆਸੀ ਬਣ ਗਿਆ, ਉਸੇ ਤਰ੍ਹਾਂ ਆਪਣੇ ਕੀਤੇ ਦਾ ਪਛਤਾਵਾ ਕਰਨ ਲਈ ਬੰਦਾ ਬਹਾਦਰ ਬੈਰਾਗੀ ਬਣ ਗਿਆ।
ਇਸ ਕਹਾਣੀ ਦੀ ਚੀਰ-ਫਾੜ ਕਰਦਿਆਂ ਡਾæ ਸੁਖਦਿਆਲ ਸਿੰਘ ਲਿਖਦੇ ਹਨ, “ਬੰਦਾ ਸਿੰਘ ਬਹਾਦਰ ਦਾ ਜੋ ਮੁੱਢਲਾ ਜੀਵਨ ਹਿਰਨੀ ਮਾਰਨ ਵਾਲਾ ਅਤੇ ਹੰਕਾਰੀ ਤੇ ਸ਼ਰਾਰਤੀ ਸਾਧ ਵਾਲਾ ਸਾਡੇ ਸਾਹਮਣੇ ਪ੍ਰਚਲਤ ਹੈ, ਇਸ ਤਰ੍ਹਾਂ ਦੀ ਜਾਣਕਾਰੀ ਨਾ ਹੀ ਕਿਸੇ ਸਮਕਾਲੀ ਫਾਰਸੀ ਲਿਖਤ ਵਿਚ ਹੈ ਅਤੇ ਨਾ ਹੀ ਅੰਗਰੇਜ਼ੀ ਦੀ ਕਿਸੇ ਮੁਢਲੀ ਲਿਖਤ ਵਿਚ। ਇਥੋਂ ਤੱਕ ਕਿ ਪੰਜਾਬੀ ਦੀ ਉਸ ਪਹਿਲੀ ਲਿਖਤ ‘ਬੰਸਾਵਲੀਨਾਵਾ’ ਵਿਚ ਵੀ ਨਹੀਂ ਹੈ ਜਿਹੜੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਸਿਰਫ 53 ਸਾਲ ਪਿੱਛੋਂ ਹੀ ਲਿਖੀ ਗਈ ਸੀ। ਜੇ ਹਿਰਨੀ ਦੇ ਤੜਫਦੇ ਬੱਚੇ ਦੇਖ ਕੇ ਉਹ ਸਾਧ ਬਣਿਆ ਸੀ, ਤਾਂ ਫਿਰ ਉਸ ਨੂੰ ਬਹੁਤ ਹੀ ਤਿਆਗੀ ਬਿਰਤੀ ਵਾਲਾ ਪਰਉਪਕਾਰੀ ਸਾਧ ਬਣਨਾ ਚਾਹੀਦਾ ਸੀ, ਪਰ ਬਣ ਗਿਆ ਹੰਕਾਰੀ ਅਤੇ ਸ਼ਰਾਰਤੀ ਸਾਧੂ। ਉਹ ਹਰ ਕਿਸੇ ਦੀ ਬੇਇੱਜ਼ਤੀ ਕਰ ਦਿੰਦਾ ਸੀ ਅਤੇ ਲੋਕਾਂ ਦਾ ਇਕੱਠ ਵੀ ਹੋਇਆ ਰਹਿੰਦਾ ਸੀ। ਇਹ ਸਭ ਆਪਾ-ਵਿਰੋਧੀ ਗੱਲਾਂ ਹਨ ਜਿਨ੍ਹਾਂ ਵਿਚ ਕੋਈ ਹਕੀਕਤ ਨਹੀਂ ਹੈ।”
ਦਰਅਸਲ, ਬੰਦਾ ਬਹਾਦਰ ਦੇ ਘਰ ਤਿਆਗਣ ਬਾਰੇ ਕੁਝ ਲਿਖਾਰੀਆਂ ਨੇ ਹਿਰਨੀ ਮਾਰਨ ਦੀ ਮਨਘੜਤ ਕਹਾਣੀ ਘੜ ਲਈ ਹੈ ਜਿਨ੍ਹਾਂ ਵਿਚ ਰਤਨ ਸਿੰਘ ਭੰਗੂ ਮੋਢੀ ਹੈ। ਰਤਨ ਸਿੰਘ ਭੰਗੂ ਨੇ ਆਪਣੇ ਗ੍ਰੰਥ ‘ਪ੍ਰਾਚੀਨ ਪੰਥ ਪ੍ਰਕਾਸ਼’ (1846) ਵਿਚ ਉਸ ਨੇ ਇਸ ਕਹਾਣੀ ਨੂੰ ਅੰਜ਼ਾਮ ਦਿੱਤਾ। ਇਹ ਗ੍ਰੰਥ ਬੰਦੇ ਦੀ ਮੌਤ ਤੋਂ 125 ਸਾਲਾਂ ਬਾਅਦ ਲਿਖਿਆ ਗਿਆ। ਬਾਕੀ ਦੇ ਬਹੁਤੇ ਇਤਿਹਾਸਕਾਰਾਂ ਨੇ ਇਸ ਕਹਾਣੀ ਦੀ ਚੀਰ-ਫਾੜ ਕਰਨ ਦਾ ਕੋਈ ਯਤਨ ਨਹੀਂ ਕੀਤਾ ਅਤੇ ਇਸੇ ਦਾ ਹੂ-ਬ-ਹੂ ਉਤਾਰਾ ਆਪਣੀਆਂ ਲਿਖਤਾਂ ਵਿਚ ਕਰ ਦਿੱਤਾ। ਗਿਆਨੀ ਗਿਆਨ ਸਿੰਘ ਦੀ ਲਿਖਤ ‘ਤਵਾਰੀਖ ਸ਼ਮਸ਼ੇਰ ਖਾਲਸਾ’ 176 ਸਾਲ ਬਾਅਦ ਦੀ ਲਿਖਤ ਹੈ ਜਿਸ ਵਿਚ ਰਤਨ ਸਿੰਘ ਭੰਗੂ ਦੀ ਨਕਲ ਕੀਤੀ ਗਈ ਹੈ।
ਭਾਈ ਸੰਤੋਖ ਸਿੰਘ ਰਚਿਤ ‘ਗੁਰ ਪ੍ਰਤਾਪ ਸੂਰਜ ਗ੍ਰੰਥ’ (ਸੂਰਜ ਪ੍ਰਕਾਸ਼) ਵਿਚ ਵੀ ਹਿਰਨੀ ਦੀ ਕਹਾਣੀ ਦਾ ਵਰਣਨ ਮਿਲਦਾ ਹੈ। ਵੀਹਵੀਂ ਸਦੀ ਵਿਚ ਕਰਮ ਸਿੰਘ ਹਿਸਟੋਰੀਅਨ ਨੇ ‘ਬੰਦਾ ਕੌਨ ਥਾ’ ਲਿਖ ਕੇ ਰਤਨ ਸਿੰਘ ਭੰਗੂ ਦੀ ਲਿਖਤ ਨੂੰ ਪ੍ਰਮਾਣਤ ਸਿੱਧ ਕਰਨ ਦਾ ਯਤਨ ਕੀਤਾ ਹੈ। ਡਾæ ਗੰਡਾ ਸਿੰਘ ਨੇ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ’ ਵਿਚ ਵੀ ਇਸ ਕਹਾਣੀ ਨੂੰ ਉਸੇ ਰੂਪ ਵਿਚ ਪੇਸ਼ ਕੀਤਾ ਹੈ। ਡਾæ ਹਰਜਿੰਦਰ ਸਿੰਘ ਦਿਲਗੀਰ ਨੇ ਵੀ ‘ਮਹਾਨ ਜਰਨੈਲ ਬੰਦਾ ਸਿੰਘ ਬਹਾਦਰ’ ਵਿਚ ਉਹੀ ਲਕੀਰ ਪਿੱਟਣ ਦੀ ਕੋਸ਼ਿਸ਼ ਕੀਤੀ ਹੈ।
ਇਸ ਸਬੰਧੀ ਗੌਲਣ ਵਾਲੀ ਦੂਜੀ ਗੱਲ ਵੀ ਹੈ। ਹਿਰਨੀ ਅਤੇ ਉਸ ਦੇ ਬੱਚੇ ਮਰਨ ਨਾਲ ਉਸ ਦਾ ਮਨ ਉਚਾਟ ਹੋ ਗਿਆ ਤੇ ਉਹ ਬੈਰਾਗੀ ਬਣ ਗਿਆ। ਜਦੋਂ ਸਰਹਿੰਦ, ਲੋਹਗੜ੍ਹ ਅਤੇ ਬਾਕੀ ਸਥਾਨਾਂ ‘ਤੇ ਭਿਆਨਕ ਜੰਗ ਹੋ ਰਹੀ ਸੀ ਜਿਸ ਵਿਚ ਹਜ਼ਾਰਾਂ ਮਰਦ, ਔਰਤਾਂ ਤੇ ਬੱਚੇ ਮਰ ਰਹੇ ਹਨ, ਉਨ੍ਹਾਂ ਦੀਆਂ ਚੀਕਾਂ, ਔਰਤਾਂ ਦੇ ਵੈਣ ਤੇ ਮਰਦਾਂ ਦੇ ਤਰਲਿਆਂ ਦਾ ਉਸ ਦੇ ਮਨ ‘ਤੇ ਕੋਈ ਅਸਰ ਕਿਉਂ ਨਾ ਹੋਇਆ! ਉਸ ਸਮਂੇ ਉਸ ਦੇ ਮਨ ਦੀ ਸੰਵੇਦਨਸ਼ੀਲਤਾ ਕਿੱਥੇ ਚਲੀ ਗਈ? ਉਸ ਦਾ ਮਨ ਪੱਥਰ ਕਿਵੇਂ ਹੋ ਗਿਆ? ਡਾæ ਹਰੀ ਰਾਮ ਗੁਪਤਾ ਅਨੁਸਾਰ ਉਸ ਨੇ ਪੰਜਾਹ ਹਜ਼ਾਰ ਔਰਤਾਂ, ਮਰਦਾਂ ਅਤੇ ਬੱਚਿਆਂ ਦਾ ਕਤਲ ਕੀਤਾ। ਮਿਰਜ਼ਾ ਮੁਹੰਮਦ ਹਾਰਿਸੀ ਅਨੁਸਾਰ (ਚਾਹੇ ਇਸ ਵਿਚ ਸੱਚ ਨਹੀਂ ਹੈ) “ਬਦੀ ਕਰਨ ਵਾਲੇ ਕਾਫਿਰਾਂ ਨੇ ਮੁਸਲਮਾਨਾਂ ਨੂੰ ਕਤਲ ਕਰਨ ਵਿਚ ਇੰਨੀ ਜ਼ਿਆਦਤੀ ਕੀਤੀ ਕਿ ਬੱਚਿਆਂ ਨੂੰ ਭੀ ਨਾ ਛੱਡਿਆ, ਬਲਕਿ ਗਰਭਵਤੀ ਔਰਤਾਂ ਦੇ ਢਿੱਡ ਪਾੜ ਕੇ ਅੰਦਰਲੇ ਬੱਚਿਆਂ ਨੂੰ ਤਲਵਾਰ ਦੀ ਭੇਟ ਚੜ੍ਹਾ ਦਿੰਦਾ ਸੀ।”
ਮੁਹੰਮਦ ਸਫੀ ਵਾਰਿਦ (ਮੀਰਾਤਿ ਵਾਰਿਦਤ 1734 ਈæ) ਅਨੁਸਾਰ ‘ਉਸ ਸ਼ਿਕਾਰੀ ਕੁੱਤੇ ਦੀ ਬਗਾਵਤ ਨਾਲ ਮੁਸਲਮਾਨ ਦਾ ਖੂਨ ਸ਼ਹਿਰ ਸ਼ਹਿਰ ਤੇ ਜੰਗਲ ਜੰਗਲ ਵਿਚ ਧਰਤੀ ਉਤੇ ਡੁੱਲ੍ਹਿਆ।’ ਅਸਰਾਰਿ-ਸਮਦੀ (1728-29 ਈæ) ਅਨੁਸਾਰ ‘ਕਿਸੇ ਵਿਅਕਤੀ ਨੇ ਉਸ ਦੇ ਪੰਜੇ ਵਿਚੋਂ ਰਿਹਾਈ ਨਾ ਦੇਖੀ ਅਤੇ ਸੰਸਾਰ ਵਿਚ ਪਰਲੋ ਪ੍ਰਗਟ ਹੋ ਗਈ। ਉਸ ਨੇ ਫਸਾਦ ਨਾਲ ਜਹਾਨ ਨੂੰ ਐਨਾ ਤਬਾਹ ਕਰ ਦਿੱਤਾ ਕਿ ਧਰਤੀ ਹੇਠਲਾ ਸ਼ੇਸ਼ਨਾਗ ਭੀ ਬੇਚੈਨ ਹੋ ਗਿਆ।’
ਹਿਰਨੀ ਦੀ ਮੌਤ ਕਾਰਨ ਘਰ ਦਾ ਸੁੱਖ-ਆਰਾਮ ਅਤੇ ਭੈਣਾਂ-ਭਰਾਵਾਂ ਦਾ ਪਿਆਰ ਤਿਆਗ ਕੇ ਬੈਰਾਗੀ ਸਾਧੂ ਬਣ ਜਾਣ ਦਾ ਫੈਸਲਾ ਕਰ ਲੈਣਾ ਮੰਨਣ ਵਿਚ ਨਹੀਂ ਆਉਂਦਾ ਅਤੇ ਇਸ ਗੱਲ ਦੀ ਪ੍ਰੋੜਤਾ ਉਸ ਦੇ ਬਾਕੀ ਜੀਵਨ ਦੀਆਂ ਘਟਨਾਵਾਂ ਨਾਲ ਮੇਲ ਨਹੀਂ ਖਾਂਦੀ।
ਫਾਰਸੀ ਦੇ ਵਿਦਵਾਨ ਬੁੱਧ ਸਿੰਘ ਅਰੋੜਾ ਅਤੇ ਅਜੈਬ ਸਿੰਘ (ਮਾਲੇਰਕੋਟਲਾ ਵਾਸੀ) ਨੇ ਮਿਲ ਕੇ ‘ਰਿਸਾਲਾ ਦਰ ਅਹਿਵਾਲ ਨਾਨਕ ਸ਼ਾਹ ਦਰਵੇਸ਼’ ਨਾਂ ਦੀ ਕਿਤਾਬ 1783 ਵਿਚ ਲਿਖੀ। ਇਹ ਦੋਨੋਂ ਲਿਖਾਰੀ ਪੰਜਾਬ ਦੇ ਰਹਿਣ ਵਾਲੇ ਸਨ। ਬੁੱਧ ਸਿੰਘ ਅਨੁਸਾਰ ਬੰਦੇ ਬਹਾਦਰ ਦਾ ਜਨਮ ਪੁਣਛ ਦੇ ਪਿੰਡ ਰਾਜੌਰੀ ਦੀ ਬਜਾਇ ਜਲੰਧਰ ਦੁਆਬੇ ਵਿਚ ਕਰਤਾਰਪੁਰ ਦੇ ਨੇੜੇ ਪਿੰਡ ਪੰਡੋਰੀ ਵਿਚ ਹੋਇਆ। ਉਸ ਦਾ ਪਰਿਵਾਰ ਬਾਜ਼ੀਗਰ ਬਰਾਦਰੀ ਨਾਲ ਸਬੰਧਤ ਸੀ। ਬੰਦਾ ਸਿੰਘ ਬਹਾਦਰ ਦੇ ਮਾਂ-ਬਾਪ ਉਸ ਦੇ ਛੋਟੇ ਹੁੰਦਿਆਂ ਹੀ ਮਰ ਚੁੱਕੇ ਸਨ ਅਤੇ ਉਸ ਨੂੰ ਆਪਣੇ ਰਿਸ਼ਤੇਦਾਰਾਂ ਦਾ ਹੀ ਆਸਰਾ ਸੀ ਪਰ ਜਦੋਂ ਬਾਲਕ ਲਈ ਆਪਣੇ ਤਾਏ-ਚਾਚੇ ਤੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਹੁੰਦਾ ਨਾ-ਇਨਸਾਫ਼ੀ ਤੇ ਜਲਾਲਤ ਭਰਿਆ ਵਿਹਾਰ ਨਾ-ਸਹਾਰਨਯੋਗ ਹੋ ਗਿਆ ਤਾਂ ਉਸ ਨੇ ਇਸ ਜਲਾਲਤ ਭਰੀ ਜ਼ਿੰਦਗੀ ਨਾਲੋਂ ਭੁੱਖਾ ਮਰਨਾ ਬਿਹਤਰ ਸਮਝਦੇ ਹੋਏ ਘਰ ਤਿਆਗ ਦਿੱਤਾ। ਆਪਣੇ ਦੁੱਖਦਾਇਕ ਜੀਵਨ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਅਜਿਹੇ ਸਹਾਰੇ ਦੀ ਲੋੜ ਸੀ ਜੋ ਉਸ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰਾ ਕਰ ਸਕੇ। ਭੁੱਖ ਤੋਂ ਲਾਚਾਰ ਅਤੇ ਵਕਤ ਦਾ ਮਾਰਿਆ ਬੰਦਾ, ਕਰਤਾਰਪੁਰ ਵਿਚ ਗੁਰੂ ਦੇ ਦਰ ‘ਤੇ ਜਾ ਖਲੋਤਾ। ਬੰਦੇ ਦੀ ਸਰੀਰਕ ਬਣਤਰ ਬਾਜ਼ੀਗਰਾਂ ਨਾਲ ਮਿਲਦੀ-ਜੁਲਦੀ ਸੀ। ਉਸ ਦਾ ਰੰਗ ਕਣਕ-ਭਿੰਨਾ ਸੀ। ਉਹ ਦਰਮਿਆਨੇ ਕੱਦ ਦਾ ਅਤੇ ਪਤਲੇ ਸਰੀਰ ਦਾ ਸੀ ਪਰ ਉਹ ਇੰਨਾ ਚੁਸਤ ਅਤੇ ਫੁਰਤੀਲਾ ਸੀ ਕਿ ਲੜਾਈ ਦੇ ਮੈਦਾਨ ਵਿਚ ਆਪਣੇ ਤੋਂ ਤਕੜੇ ਨੂੰ ਵੀ ਆਪਣੇ ਨੇੜੇ ਫਟਕਣ ਨਹੀਂ ਸੀ ਦਿੰਦਾ। ਉਹ ਚੰਗਾ ਘੋੜ ਸਵਾਰ ਸੀ ਅਤੇ ਦਿਨਾਂ ਤੱਕ ਬਿਨਾਂ ਥੱਕਿਆਂ ਘੋੜੇ ‘ਤੇ ਸਵਾਰੀ ਕਰ ਸਕਦਾ ਸੀ। ਉਸ ਦੀਆਂ ਤੇਜ਼ ਅਤੇ ਚਮਕਦਾਰ ਅੱਖਾਂ ਦੁਸ਼ਮਣ ਉਤੇ ਵੀ ਉਸ ਦੀ ਮਹਾਨਤਾ ਦਾ ਪ੍ਰਭਾਵ ਪਾਉਂਦੀਆਂ ਸਨ। ਉਹ ਬੜੇ ਤਕੜੇ ਦਿਲ ਵਾਲਾ ਜਵਾਨ ਮਰਦ ਸੀ। ਰਫ਼ਤਾਰ ਪੱਖੋਂ ਬੜਾ ਹੀ ਫੁਰਤੀਲਾ ਸੀ ਕਿ ਵੀਹ ਵੀਹ ਕੋਹਾਂ ਦਾ ਪੈਦਲ ਪੈਂਡਾ ਉਹ ਕੁਝ ਹੀ ਪਹਿਰਾਂ ਵਿਚ ਮਾਰ ਲੈਂਦਾ ਸੀ।
ਗੁਰੂ ਘਰ ਵਿਚ ਉਸ ਨੂੰ ਇੱਜ਼ਤ, ਸਤਿਕਾਰ ਅਤੇ ਮਾਣ ਮਿਲਿਆ, ਤੇ ਉਹ ਕਰਤਾਰਪੁਰ ਦਾ ਹੀ ਹੋ ਕੇ ਰਹਿ ਗਿਆ। ਗੁਰਦੁਆਰੇ ਦੇ ਭਾਈ ਜੀ ਨੇ ਬੰਦੇ ਨੂੰ ਗੁਰੂ ਦੇ ਲੜ ਲਾਇਆ ਅਤੇ ਸਿੱਖੀ ਦੇ ਮੁੱਢਲੇ ਅਸੂਲਾਂ ਦੀ ਭਰਪੂਰ ਜਾਣਕਾਰੀ ਦਿੱਤੀ। ਭਾਈ ਜੀ ਕੋਲੋਂ ਬਾਣੀ ਸਰਵਣ ਕਰਨੀ ਅਤੇ ਗੁਰੂ ਘਰ ਦੀ ਸੇਵਾ ਕਰਨੀ ਉਸ ਦੇ ਜੀਵਨ ਦਾ ਨਿੱਤ ਨੇਮ ਬਣ ਗਿਆ।
ਜਿਤੁ ਸੇਵਿਐ ਸੁਖੁ ਪਾਈਐ
ਸੋ ਸਾਹਿਬੁ ਸਦਾ ਸਮਾਲੀਐ॥
ਜਿਤੁ ਕੀਤਾ ਪਾਇਐ ਆਪਣਾ
ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨਾ ਕੀਚਈ
ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਬ ਨਾਲਿ ਨ ਹਾਰੀਐ
ਤੇਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ॥ (ਆਸਾ ਦੀ ਵਾਰ)
ਕਰਤਾਰਪੁਰ ਵਸੇਬੇ ਸਮੇਂ ਉਸ ਨੂੰ ਭਾਈ ਜੀ ਤੋਂ ਇਹ ਪਤਾ ਲੱਗ ਗਿਆ ਸੀ ਕਿ ਸਿੱਖੀ ਦੇ ਦਸਵੇਂ ਜਾਮੇ ਵਿਚ ਗੁਰੂ ਗੋਬਿੰਦ ਸਿੰਘ ਅਨੰਦਪੁਰ ਦੇ ਸਥਾਨ ‘ਤੇ ਸਸ਼ੋਭਿਤ ਹਨ। ਉਸ ਦਾ ਮਨ ਗੁਰੂ ਦੇ ਦਰਸ਼ਨਾਂ ਦੀ ਖਿੱਚ ਪਾਉਂਦਾ। ਅਕਸਰ ਉਹ ਆਪਣੇ ਮਨ ਦੀ ਗੱਲ ਭਾਈ ਜੀ ਨਾਲ ਕਰਦਾ। ਗਾਹੇ-ਬਗਾਹੇ ਉਸ ਨੂੰ ਇੰਜ ਲਗਦਾ ਕਿ ਕੋਈ ਉਸ ਨੂੰ ਬੁਲਾ ਰਿਹਾ ਹੈ। ਭਾਈ ਜੀ ਉਸ ਦੇ ਮਨ ਦੀ ਬਿਰਤੀ ਨੂੰ ਜਾਣਦੇ ਹੋਏ ਅਕਸਰ ਉਸ ਨੂੰ ਦਿਲਾਸਾ ਦਿੰਦੇ ਕਿ ਜਦੋਂ ਗੁਰੂ ਜੀ ਦੀ ਕ੍ਰਿਪਾ ਦ੍ਰਿਸ਼ਟੀ ਹੋਵੇਗੀ, ਖੁਦ-ਬ-ਖੁਦ ਰਸਤਾ ਵੀ ਬਣ ਜਾਵੇਗਾ। ਉਸ ਦਾ ਮਨ ਬੇਚੈਨ ਰਹਿੰਦਾ ਅਤੇ ਉਹ ਉਸ ਘੜੀ ਦਾ ਇੰਤਜ਼ਾਰ ਕਰਦਾ ਕਿ ਕਦੋਂ ਉਹ ਗੁਰੂ ਜੀ ਦੇ ਦਰਸ਼ਨ ਦੀਦਾਰ ਕਰੇਗਾ।
1590 ਈæ ਵਿਚ ਗੁਰੂ ਅਰਜਨ ਦੇਵ ਜੀ ਨੇ ਨਵਾਂ ਨਗਰ ਤਰਨ ਤਾਰਨ ਵਸਾਇਆ। ਤਰਨ ਤਾਰਨ ਵਸਾਉਣ ਵੇਲੇ ਗੁਰੂ ਜੀ ਨੇੜਲੇ ਪਿੰਡਾਂ ਵਿਚ ਪ੍ਰਚਾਰ ਲਈ ਵੀ ਜਾਂਦੇ ਰਹੇ ਜਿਨ੍ਹਾਂ ਵਿਚ ਖਡੂਰ ਸਾਹਿਬ, ਗੋਇੰਦਵਾਲ ਤੇ ਖਾਨਪੁਰ ਸ਼ਾਮਲ ਸਨ। ਤਰਨ ਤਾਰਨ ਦੀ ਉਸਾਰੀ ਤੋਂ ਵਿਹਲੇ ਹੋ ਕੇ ਗੁਰੂ ਜੀ ਸਿੱਖੀ ਦੇ ਪ੍ਰਚਾਰ ਹਿੱਤ ਦੁਆਬੇ ਵੱਲ ਗਏ। ਦੁਆਬੇ ਵਿਚ ਸਿੱਖੀ ਦਾ ਪ੍ਰਚਾਰ ਨਾ ਹੋਣ ਕਰ ਕੇ ਅਤੇ ਪਹਿਲਾਂ ਤੋਂ ਚਲੀਆਂ ਆ ਰਹੀਆਂ ਧਾਰਮਿਕ ਭਾਵਨਾਵਾਂ ਕਾਰਨ ਬਹੁਤ ਸਾਰੀਆਂ ਨੀਵੀਆਂ ਜਾਤਾਂ ਨੇ ਇਸਲਾਮ ਅਪਨਾ ਲਿਆ ਸੀ। ਸੰਨ 1893 ਵਿਚ ਗੁਰੂ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀ। ਕਰਤਾਰਪੁਰ ਹੀ ਮਾਤਾ ਗੰਗਾ ਦੇ ਨਾਂ ਦਾ ਖੂਹ ਲਗਵਾਇਆ ਜਿਸ ਨੂੰ ਗੰਗਸਰ ਕਹਿੰਦੇ ਹਨ। ਹਿੰਦੂਆਂ ਵਿਚ ਆਮ ਧਾਰਨਾ ਸੀ ਕਿ ਜੋ ਵੀ ਪ੍ਰਾਣੀ ਗੰਗਾ (ਹਰਦੁਆਰ) ਵਿਚ ਇਸ਼ਨਾਨ ਕਰਦਾ ਹੈ, ਉਸ ਦੀ ਮੁਕਤੀ ਹੋ ਜਾਂਦੀ ਹੈ। ਗੁਰੂ ਜੀ ਨੇ ਇਸ ਵਹਿਮ ਨੂੰ ਤੋੜਨ ਲਈ ਇਹ ਖੂਹ ਲਵਾਇਆ ਕਿ ਪਾਣੀ ਹੀ ਪ੍ਰਾਣੀ ਦੀ ਅਸਲ ਮੁਕਤੀ ਹੈ। ਇਸ ਦੇ ਨਾਲ ਹੀ ਲੋਕਾਂ ਦੀ ਲੋੜ ਵੀ ਸਾਹਮਣੇ ਸੀ ਕਿਉਂਕਿ ਉਸ ਸਮੇਂ ਕਰਤਾਰਪੁਰ ਵਿਚ ਟਿੱਬੇ ਹੋਣ ਕਰ ਕੇ ਪਾਣੀ ਦੀ ਕਿੱਲਤ ਸੀ।
ਗੁਰੂ ਹਰਿਗੋਬਿੰਦ ਜੀ ਦੁਆਬੇ ਦੇ ਪਿੰਡਾਂ ਵਿਚ ਪ੍ਰਚਾਰ ਹਿੱਤ ਭ੍ਰਮਣ ਕਰਦੇ ਅਤੇ ਸੰਨ 1632 ਈæ ਨੂੰ ਮੁੜ ਕਰਤਾਰਪੁਰ ਆ ਟਿਕੇ। ਚੌਥੀ ਜੰਗ 1639 ਈæ ਵਿਚ ਕਰਤਾਰਪੁਰ ਵਿਚ ਹੋਈ ਜਿਸ ਵਿਚ ਪੈਂਦੇ ਖਾਂ ਅਤੇ ਮੁਗਲ ਸੈਨਾ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਸਬੱਬੀਂ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਅਤੇ ਗੋਇੰਦਵਾਲ ਦੀ ਕੁਝ ਸੰਗਤ ਆਣ ਪਹੁੰਚੀ। ਉਨ੍ਹਾਂ ਦੀ ਸੇਵਾ ਵਿਚ ਬੰਦੇ ਨੇ ਕੋਈ ਕਸਰ ਨਾ ਛੱਡੀ। ਗੱਲੀਂ-ਬਾਤੀਂ ਉਸ ਨੂੰ ਇਹ ਪਤਾ ਲੱਗਿਆ ਕਿ ਇਹ ਸੰਗਤ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਕਰਨ ਲਈ ਅਨੰਦਪੁਰ ਜਾ ਰਹੀ ਹੈ। ਬੰਦੇ ਨੂੰ ਇੰਜ ਮਹਿਸੂਸ ਹੋਇਆ ਕਿ ਜਿਸ ਘੜੀ ਦਾ ਉਹ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ, ਉਹ ਸੁਭਾਗੀ ਘੜੀ ਆਣ ਪਹੁੰਚੀ ਹੈ। ਉਹ ਹੁਣ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰੀ ਭਰ ਸਕੇਗਾ। ਉਸ ਨੇ ਅਨੰਦਪੁਰ ਜਾਣ ਲਈ ਭਾਈ ਜੀ ਤੋਂ ਆਗਿਆ ਮੰਗੀ ਅਤੇ ਸੰਗਤ ਨਾਲ ਅਨੰਦਪੁਰ ਜਾਣ ਲਈ ਤਿਆਰ ਹੋ ਗਿਆ।
ਇਹ ਜਥਾ ਕਰਤਾਰਪੁਰ ਤੋਂ ਪੈਦਲ ਚਲ ਕੇ ਰੋਪੜ ਪਹੁੰਚ ਗਿਆ। ਕੁਝ ਦਿਨ ਆਰਾਮ ਕਰਨ ਪਿੱਛੋਂ ਸੰਗਤ ਨੇ ਰੋਪੜ ਤੋਂ ਸਤਲੁਜ ਨਦੀ ਪਾਰ ਕੀਤੀ ਅਤੇ ਸਰਸਾ ਨਦੀ ਦੇ ਮੁਹਾਣੇ ‘ਤੇ ਆ ਪਹੁੰਚਾ। ਬਰਸਾਤ ਦਾ ਮੌਸਮ ਹੋਣ ਕਾਰਨ ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਸੰਗਤ ਨੇ ਪਿੰਡ ਵਿਚ ਬਣਾਈ ਧਰਮਸ਼ਾਲਾ ਵਿਚ ਡੇਰਾ ਲਾ ਲਿਆ। ਸੰਗਤਾਂ ਦੇ ਆਉਣ ਨਾਲ ਪਿੰਡ ਵਾਲਿਆਂ ਨੂੰ ਅਤਿਅੰਤ ਖੁਸ਼ੀ ਹੋਈ ਅਤੇ ਉਨ੍ਹਾਂ ਨੇ ਸੰਗਤ ਦੀ ਦੇਖ ਭਾਲ ਕੀਤੀ। ਮਾਧੋ ਦਾਸ ਸੰਗਤ ਅਤੇ ਪਿੰਡ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਸੀ। ਤਕੜਾ ਜੁੱਸਾ, ਤਿੱਖੇ ਨੈਣ-ਨਕਸ਼ ਅਤੇ ਸੰਗਤ ਦੀ ਸੇਵਾ ਪ੍ਰਤੀ ਉਸ ਦੀ ਲਗਨ ਉਸ ਦੀ ਵਿਲੱਖਣ ਸ਼ਖ਼ਸੀਅਤ ਦਾ ਕੇਂਦਰ ਬਿੰਦੂ ਸੀ। ਬਰਸਾਤ ਦਾ ਮੌਸਮ ਹੋਣ ਕਾਰਨ ਸੰਗਤ ਨੂੰ ਪਿੰਡ ਵਿਚ ਇਕ ਮਹੀਨੇ ਤੱਕ ਰੁਕਣਾ ਪਿਆ। ਇਸ ਦੌਰਾਨ ਮਾਧੋ ਦਾਸ ਨੇ ਵੱਖ ਵੱਖ ਸ਼ਖ਼ਸੀਅਤਾਂ ਕੋਲੋਂ ਬਹੁਤ ਕੁਝ ਸਿਖਿਆ। ਸੁਬ੍ਹਾ ਸਵੇਰੇ ਉਠ ਕੇ ਵਰਜਿਸ ਕਰਨੀ ਅਤੇ ਆਪਣੇ ਸਰੀਰ ਨੂੰ ਤਿਆਰ-ਬਰ-ਤਿਆਰ ਰੱਖਣਾ ਉਸ ਦਾ ਨਿੱਤ ਨੇਮ ਸੀ। ਇਕ ਮਹੀਨੇ ਪਿੱਛੋਂ ਬਰਸਾਤ ਦਾ ਮੌਸਮ ਖਤਮ ਹੋਣ ਪਿੱਛੋਂ ਸੰਗਤਾਂ ਨੇ ਕੂਚ ਦੇ ਨਗਾਰੇ ਵਜਾਏ। ਸੰਗਤ ਵਿਚ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਜੋਸ਼ ਸੀ। ਆਪਣੇ ਅੰਦਰ ਸੁਲਗਦੀ ਚੰਗਿਆੜੀ ਨੂੰ ਮਾਧੋ ਦਾਸ ਕਿਸੇ ਸਾਹਮਣੇ ਪ੍ਰਗਟ ਨਾ ਕਰਦਾ ਪਰ ਉਸ ਦਾ ਹਿਰਦਾ ਹਮੇਸ਼ਾ ਗੁਰੂ ਦੇ ਚਰਨਾਂ ਵਿਚ ਲੱਗਿਆ ਰਹਿੰਦਾ।
ਸਰਸਾ ਨਦੀ ਪਾਰ ਕਰ ਕੇ ਸੰਗਤ ਭਰਤਪੁਰ ਜਾ ਰੁਕੀ। ਇਕ ਰਾਤ ਭਰਤਪੁਰ ਠਹਿਰ ਕੇ ਅਗਲੇ ਦਿਨ ਅਰਦਾਸਾ ਸੋਧ ਕੇ ਸੰਗਤ ਕੀਰਤਪੁਰ ਰਵਾਨਾ ਹੋਈ। ਕੀਰਤਪੁਰ ਉਹ ਸਥਾਨ ਹੈ ਜਿਥੇ ਛੇਵੇਂ ਅਤੇ ਸੱਤਵੇਂ ਗੁਰੂ ਨੇ ਲੰਬੇ ਸਮੇਂ ਤੱਕ ਮੁਕਾਮ ਕੀਤਾ। ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਲਈ ਕੀਰਤਪੁਰ ਹੀ ਯੋਗ ਜਾਨਸ਼ੀਨ ਦੀ ਭਾਲ ਅਰੰਭ ਕਰ ਦਿੱਤੀ ਸੀ। ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹਰਿ ਰਾਇ ਵਿਚ ਗੁਣ ਦੇਖ ਕੇ ਉਨ੍ਹਾਂ ਨੂੰ ਹਰ ਪਾਸਿਉਂ ਯੋਗ ਸਮਝ ਕੇ 1644 ਵਿਚ ਗੁਰਗੱਦੀ ਬਖ਼ਸ਼ੀ ਗਈ।
3 ਮਾਰਚ 1644 ਨੂੰ ਗੁਰੂ ਹਰਿਗੋਬਿੰਦ ਜੀ ਕੀਰਤਪੁਰ ਹੀ ਜੋਤੀ ਜੋਤ ਸਮਾਏ। ਕੀਰਤਪੁਰ (ਗੁਰਦੁਆਰਾ ਪਤਾਲਪੁਰੀ) ਹੀ ਆਪ ਜੀ ਦਾ ਅੰਤਮ ਸਸਕਾਰ ਕੀਤਾ ਗਿਆ। ਗੁਰੂ ਹਰਿ ਰਾਇ ਨੇ 17 ਸਾਲ ਕੀਰਤਪੁਰ ਵਿਚ ਰਹਿੰਦੇ ਹੋਏ ਸਿੱਖੀ ਦੀ ਸੇਵਾ ਕੀਤੀ ਅਤੇ ਉਹ 6 ਅਕਤੂਬਰ 1661 ਨੂੰ ਕੀਰਤਪੁਰ ਵਿਚ ਹੀ ਜੋਤੀ ਜੋਤ ਸਮਾਏ। ਸੰਗਤ ਦੀ ਯੋਗ ਅਗਵਾਈ ਹੇਠ ਮਾਧੋ ਦਾਸ ਨੇ ਉਨ੍ਹਾਂ ਸਾਰੇ ਗੁਰਧਾਮਾਂ ਦੀ ਯਾਤਰਾ ਕੀਤੀ ਜਿਨ੍ਹਾਂ ਨੂੰ ਗੁਰ ਚਰਨਾਂ ਦੀ ਛੋਹ ਪ੍ਰਾਪਤ ਸੀ। ਕੁਝ ਦਿਨ ਆਰਾਮ ਕਰਨ ਪਿੱਛੋਂ ਸਾਰੀ ਸੰਗਤ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਵੱਲ ਚਾਲੇ ਪਾ ਦਿੱਤੇ।
ਕਰਤਾਰਪੁਰ ਤੋਂ ਅਨੰਦਪੁਰ ਗਈ ਸੰਗਤ ਕਈ ਮਹੀਨੇ ਗੁਰੂ ਦੇ ਦਰਬਾਰ ਦੀ ਹਾਜ਼ਰੀ ਭਰਦੀ ਰਹੀ। ਜਦੋਂ ਵਾਪਸੀ ਦਾ ਸਮਾਂ ਆਇਆ ਤਾਂ ਸੰਗਤ ਨੇ ਗੁਰੂ ਜੀ ਕੋਲੋਂ ਵਾਪਸ ਜਾਣ ਦੀ ਆਗਿਆ ਮੰਗੀ। ਸੰਗਤ ਨੇ ਮਾਧੋ ਦਾਸ ਜੋ ਉਸ ਵੇਲੇ ਗੁਰੂ ਦੇ ਚਰਨਾਂ ਵਿਚ ਹਾਜ਼ਰ ਸੀ, ਨੂੰ ਵੀ ਵਾਪਸ ਜਾਣ ਦੀ ਬੇਨਤੀ ਕੀਤੀ ਤਾਂ ਜੋ ਉਹ ਵਾਪਸ ਪਹੁੰਚ ਕੇ ਕਰਤਾਰਪੁਰ ਦੇ ਗੁਰਦੁਆਰੇ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੰਭਾਲੇ। ਮਾਧੋ ਦਾਸ ਨੇ ਸੰਗਤ ਕੋਲੋਂ ਖ਼ਿਮਾ ਮੰਗਦੇ ਹੋਏ ਕਿਹਾ ਕਿ ‘ਮੈਂ ਤਾਂ ਗੁਰੂ ਦਾ ਬੰਦਾ ਹਾਂ, ਜੀਵਨ ਭਰ ਮੈਂ ਜਿਸ ਸੱਚ ਦੀ ਖੋਜ ਕਰਦਾ ਰਿਹਾ ਹਾਂ, ਉਸ ਨੂੰ ਛੱਡ ਕੇ ਮੈਂ ਕਿਵੇਂ ਜਾ ਸਕਦਾ ਹਾਂ। ਮੇਰਾ ਜੀਣਾ-ਮਰਨਾ ਤਾਂ ਹੁਣ ਗੁਰੂ ਜੀ ਦੇ ਚਰਨਾਂ ਵਿਚ ਹੈ। ਮੈਂ ਤਾਂ ਗੁਰੂ ਦਾ ਬੰਦਾ ਹਾਂ।’ ਸੰਗਤ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਬੰਦੇ ਨੂੰ ਵਾਪਸ ਜਾਣ ਦੀ ਆਗਿਆ ਦੇਣ। ਗੁਰੂ ਜੀ ਸੰਗਤਾਂ ਨੂੰ ਮੁਖਾਤਿਬ ਹੋਏ ਕਿ ‘ਇਹ ਹੁਣ ਅਸਾਡਾ ਬੰਦਾ ਹੈ ਅਤੇ ਹੁਣ ਇਹ ਸਾਡੇ ਪਾਸ ਹੀ ਰਹੇਗਾ। ਇਹ ਉਸ ਤਰ੍ਹਾਂ ਦੇ ਖਾਲਸਾ ਰਾਜ ਦੀ ਸਥਾਪਨਾ ਕਰੇਗਾ ਜਿਸ ਵਿਚ ਸੱਚ ਸੁਣਨਾ, ਸੱਚ ਕਹਿਣਾ ਅਤੇ ਸੱਚ ‘ਤੇ ਚੱਲਣ ਦਾ ਸੰਕਲਪ ਹੋਵੇਗਾ।’
(ਚਲਦਾ)

Be the first to comment

Leave a Reply

Your email address will not be published.