ਅਕਾਲ ਤਖਤ ਨੇੜੇ ਮਿਲੇ ਪੁਰਾਤਨ ਇਮਾਰਤੀ ਢਾਂਚੇ ਬਾਰੇ ਭੰਬਲਭੂਸਾ ਬਰਕਰਾਰ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਨੇੜੇ ਬਣਨ ਵਾਲੇ ਜੋੜਾ ਘਰ ਅਤੇ ਦੋਪਹੀਆ ਵਾਹਨਾਂ ਵਾਸਤੇ ਸਟੈਂਡ ਦੀ ਇਮਾਰਤ ਲਈ ਖੁਦਾਈ ਦੌਰਾਨ ਪੁਰਾਤਨ ਇਮਾਰਤੀ ਢਾਂਚਾ ਮਿਲਣ ‘ਤੇ ਸ਼੍ਰੋਮਣੀ ਕਮੇਟੀ ਨੇ ਸਬੰਧਤ ਸਥਾਨ ‘ਤੇ ਖੁਦਾਈ ਦਾ ਕੰਮ ਰੋਕ ਦਿੱਤਾ ਹੈ ਪਰ ਬਾਕੀ ਕੰਮ ਜਾਰੀ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਜੇਕਰ ਇਹ ਇਮਾਰਤੀ ਢਾਂਚਾ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਹੋਇਆ ਤਾਂ ਇਸ ਨੂੰ ਜਰੂਰ ਸੁਰੱਖਿਅਤ ਰੱਖਿਆ ਜਾਵੇਗਾ।

ਸੁਰੰਗਨੁਮਾ ਪੁਰਾਤਨ ਇਮਾਰਤੀ ਢਾਂਚਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਹੈ। ਇਹ ਢਾਂਚਾ ਬਿਹਤਰ ਹਾਲਤ ਵਿਚ ਹੈ ਅਤੇ ਇਸ ਵਿਚ ਸੁੰਦਰ ਤੇ ਗੋਲਾਕਾਰ ‘ਆਰਚ` ਬਣੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਦੇ ਅੰਦਰ ਪਾਣੀ ਵੀ ਦਿਖਾਈ ਦਿੱਤਾ ਹੈ। ਇਸ ਤੋਂ ਇਲਾਵਾ ਨਾਨਕਸ਼ਾਹੀ ਇੱਟ ਦਾ ਹੋਰ ਮਲਬਾ ਵੀ ਨਿਕਲਿਆ ਹੈ ਪਰ ਹੁਣ ਇਸ ਨੂੰ ਢੱਕ ਦਿੱਤਾ ਗਿਆ ਹੈ।
ਇਸ ਇਲਾਕੇ ਨੂੰ ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਤੋਂ ਬਾਅਦ ਢਹਿ-ਢੇਰੀ ਕਰ ਦਿੱਤਾ ਗਿਆ ਸੀ ਅਤੇ ਕੇਂਦਰ ਸਰਕਾਰ ਵੱਲੋਂ ਭਵਿੱਖ ਵਿਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਆਲੇ-ਦੁਆਲੇ ਗਲਿਆਰਾ ਬਣਾ ਦਿੱਤਾ ਗਿਆ ਸੀ। ਇਸ ਯੋਜਨਾ ਤਹਿਤ ਇਥੋਂ ਦੇ ਕਈ ਪੁਰਾਤਨ ਬਾਜ਼ਾਰ ਅਤੇ ਇਮਾਰਤਾਂ ਖਤਮ ਹੋ ਗਈਆਂ ਸਨ, ਜਿਨ੍ਹਾਂ ਵਿਚ ਮੁਨਿਆਰਾ ਵਾਲਾ ਬਾਜਾਰ, ਝੂਠਾ ਬਾਜਾਰ, ਥੜ੍ਹਾ ਸਾਹਿਬ ਬਾਜਾਰ, ਆਟਾ ਮੰਡੀ ਬਾਜਾਰ ਤੇ ਹੋਰ ਕਈ ਇਮਾਰਤਾਂ ਸ਼ਾਮਲ ਸਨ।
ਇਸ ਤੋਂ ਪਹਿਲਾਂ ਇਥੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਬੁੰਗੇ ਹੁੰਦੇ ਸਨ, ਜੋ ਸਿੱਖ ਭਾਈਚਾਰੇ ਦੇ ਕਈ ਫਿਰਕਿਆਂ ਵੱਲੋਂ ਇਥੇ ਆਉਣ ਸਮੇਂ ਆਪਣੇ ਠਹਿਰਾਅ ਵਾਸਤੇ ਬਣਾਏ ਹੋਏ ਸਨ। ਇਨ੍ਹਾਂ ਵਿਚੋਂ ਰਾਮਗੜ੍ਹੀਆ ਬੁੰਗਿਆਂ ਦੀ ਇਮਾਰਤ ਅੱਜ ਵੀ ਪੁਰਾਤਨ ਤੇ ਇਤਿਹਾਸਕ ਨਿਸ਼ਾਨੀ ਵਜੋਂ ਮੌਜੂਦ ਹੈ।
ਸਿੱਖ ਸੰਸਥਾ ਵਿਚ 1956 ਤੋਂ ਦਸੰਬਰ, 1999 ਤੱਕ ਸੇਵਾਵਾਂ ਨਿਭਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ 1943 ਵਿਚ ਪਰਿਕਰਮਾ ਨੂੰ ਚੌੜਾ ਕਰਨ ਵਾਸਤੇ ਕਈ ਇਮਾਰਤਾਂ ਖਰੀਦੀਆਂ ਸਨ ਅਤੇ ਇਨ੍ਹਾਂ ਵਿਚ ਕਈ ਬੁੰਗਿਆਂ ਦੀਆਂ ਇਮਾਰਤਾਂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਇਮਾਰਤੀ ਢਾਂਚਾ ਵੀ ਉਸ ਵੇਲੇ ਦੀਆਂ ਇਮਾਰਤਾਂ ਵਿਚੋਂ ਹੋ ਸਕਦਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਆਪਣੀ ਨੌਕਰੀ ਦੌਰਾਨ ਉਨ੍ਹਾਂ ਅਜਿਹੀ ਕੋਈ ਇਮਾਰਤ ਇਥੇ ਅਕਾਲ ਤਖਤ ਦੇ ਨੇੜੇ ਨਹੀਂ ਦੇਖੀ, ਜਿਸ ਤੋਂ ਲੱਗਦਾ ਹੈ ਕਿ ਇਹ ਇਮਾਰਤ 1956 ਤੋਂ ਪਹਿਲਾਂ ਹੀ ਹੇਠਾਂ ਦੱਬੀ ਜਾ ਚੁੱਕੀ ਹੋਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸਾਬਕਾ ਮੁਖੀ ਅਤੇ ਇੰਡੀਅਨ ਹੈਰੀਟੇਜ ਸਿਟੀ ਸੰਸਥਾ ਦੇ ਸਲਾਹਕਾਰ ਡਾ. ਬਲਵਿੰਦਰ ਸਿੰਘ ਨੇ ਆਖਿਆ ਕਿ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੋਵੇਗੀ ਕਿਉਂਕਿ ਇਥੋਂ ਕੁਝ ਦੂਰੀ ‘ਤੇ ਗਿਆਨੀ ਸੰਤ ਸਿੰਘ ਦਾ ਬੁੰਗਾ ਹੁੰਦਾ ਸੀ, ਜਿਸ ਨੂੰ ਬੁੰਗਾ ਗਿਆਨੀਆਂ ਵਜੋਂ ਜਾਣਿਆ ਜਾਂਦਾ ਸੀ ਅਤੇ ਉਸ ਨੂੰ ਢਾਹ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਕੋਈ ਸੁਰੰਗ ਹੈ ਤਾਂ ਇਸ ਦਾ ਆਧੁਨਿਕ ਤਕਨਾਲੋਜੀ ਨਾਲ ਪਤਾ ਲਾਇਆ ਜਾ ਸਕਦਾ ਹੈ।
______________________________________________
ਇਮਾਰਤ ਬਾਰੇ ਮਾਹਿਰਾਂ ਦੀਆਂ ਸੇਵਾਵਾਂ ਲਵਾਂਗੇ: ਜਗੀਰ ਕੌਰ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਮਾਰਤ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹੋਰ ਮਾਹਿਰਾਂ ਅਤੇ ਇਤਿਹਾਸਕਾਰਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪੁਰਾਤੱਤਵ ਵਿਭਾਗ ਰਾਹੀਂ ਪਤਾ ਲਗਾਉਣ ਲਈ ਵੀ ਕਿਹਾ ਗਿਆ ਹੈ। ਜੇਕਰ ਇਹ ਇਮਾਰਤੀ ਢਾਂਚਾ ਵਿਰਾਸਤੀ ਅਤੇ ਇਤਿਹਾਸਕ ਹੋਇਆ ਤਾਂ ਇਸ ਦੀ ਸਾਂਭ-ਸੰਭਾਲ ਕੀਤੀ ਜਾਵੇਗੀ।
__________________________________________
ਦਾਅਵੇਦਾਰ ਵਜੋਂ ਸਾਹਮਣੇ ਆਇਆ ਪਰਿਵਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਨੇੜੇ ਖੁਦਾਈ ਦੌਰਾਨ ਮਿਲੇ ਪੁਰਾਤਨ ਇਮਾਰਤੀ ਢਾਂਚੇ ਸਬੰਧੀ ਯਾਦਇੰਦਰ ਸਿੰਘ ਗਿਆਨੀ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਇਹ ਇਮਾਰਤ ਉਨ੍ਹਾਂ ਦੇ ਪਰਿਵਾਰ ਦੀ ਹੈ ਜਿਸ ਨੂੰ ਬੁੰਗਾ ਗਿਆਨੀਆਂ ਵਜੋਂ ਜਾਣਿਆ ਜਾਂਦਾ ਸੀ। ਇਹ ਪਰਿਵਾਰ ਗਿਆਨੀ ਸੰਤ ਸਿੰਘ ਨਾਲ ਸਬੰਧਤ ਹੈ। ਲਗਭਗ 80 ਵਰ੍ਹਿਆਂ ਦੇ ਯਾਦਇੰਦਰ ਸਿੰਘ ਗਿਆਨੀ ਅਤੇ ਉਨ੍ਹਾਂ ਦੇ ਪੁੱਤਰ ਦੀਪਇੰਦਰ ਸਿੰਘ ਗਿਆਨੀ ਨੇ ਦੱਸਿਆ ਕਿ ਇਹ ਪੁਰਾਤਨ ਥਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਹੈ, ਜੋ ਉਨ੍ਹਾਂ ਨੇ ਪਰਿਵਾਰ ਦੇ ਵੱਡੇ-ਵਡੇਰੇ ਗਿਆਨੀ ਸੰਤ ਸਿੰਘ ਨੂੰ ਦਿੱਤੀ ਸੀ। ਉਹ ਇਸੇ ਥਾਂ ਦੇ ਜੰਮਪਲ ਹਨ ਅਤੇ ਇਹ ਇਮਾਰਤ 1988 ਵਿਚ ਗਲਿਆਰਾ ਉਸਾਰਨ ਵੇਲੇ ਕੇਂਦਰੀ ਯੋਜਨਾ ਹੇਠ ਆ ਗਈ ਸੀ। ਸਰਕਾਰ ਨੇ ਉਨ੍ਹਾਂ ਨੂੰ ਮੁਆਵਜ਼ਾ ਦੇ ਕੇ ਜਗ੍ਹਾ ਆਪਣੇ ਕਬਜ਼ੇ ਵਿਚ ਲੈ ਲਈ ਸੀ।