ਸੰਸਦ ਅੱਗੇ ਰੋਸ ਮੁਜਾਹਰਿਆਂ ਲਈ ਕਿਸਾਨਾਂ ਦੇ ਹੌਸਲੇ ਬੁਲੰਦ

ਚੰਡੀਗੜ੍ਹ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰੋਸ ਮੁਜ਼ਾਹਰਿਆਂ ਲਈ ਤਿਆਰੀ ਖਿੱਚ ਲਈ ਹੈ। ਕਿਸਾਨ ਜਥੇਬੰਦੀਆਂ ਰੋਸ ਪ੍ਰਦਰਸ਼ਨ ‘ਚ ਨਿੱਤ ਸ਼ਾਮਲ ਹੋਣ ਵਾਲੇ ਜਥਿਆਂ ਦਾ ਵੇਰਵਾ ਤਿਆਰ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪ ਰਹੀਆਂ ਹਨ। ਸੰਸਦ ਦੇ ਬਾਹਰ ਰੋਸ ਮੁਜ਼ਾਹਰੇ ਲਈ ਪੰਜਾਬ ਦੀ ਹਰੇਕ ਕਿਸਾਨ ਜਥੇਬੰਦੀ ਵਿਚੋਂ 5-5 ਕਿਸਾਨ ਆਗੂ ਸ਼ਮੂਲੀਅਤ ਕਰਨਗੇ।

ਆਗੂਆਂ ਨੇ ਕਿਹਾ ਕਿ ਸੰਸਦ ਮੂਹਰੇ ਰੋਸ ਪ੍ਰਦਰਸ਼ਨ ਬਿਲਕੁਲ ਸ਼ਾਂਤਮਈ, ਅਨੁਸ਼ਾਸਨੀ ਅਤੇ ਜਥੇਬੰਦਕ ਹੋਵੇਗਾ। ਸੰਸਦ ਦੇ ਬਾਹਰ ਕਿਸਾਨ ਰੋਸ ਪ੍ਰਗਟਾਉਣਗੇ ਅਤੇ ਅੰਦਰ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕਰਦਿਆਂ ਕਿਸਾਨਾਂ ਦੇ ਪੱਖ ‘ਚ ਖੜ੍ਹਨ ਦੀ ਅਪੀਲ ਕੀਤੀ ਹੈ। ਸੰਸਦ ਸੈਸ਼ਨ ਮੂਹਰੇ ਰੋਸ ਮੁਜ਼ਾਹਰਿਆਂ ਦੌਰਾਨ ਦਿੱਲੀ ਮੋਰਚਿਆਂ ਦੀ ਮਜ਼ਬੂਤੀ ਲਈ ਵੀ ਕਿਸਾਨ ਜਥੇਬੰਦੀਆਂ ਪਿੰਡ-ਪਿੰਡ ਨੁੱਕੜ ਮੀਟਿੰਗਾਂ ਕਰ ਰਹੀਆਂ ਹਨ। ਇਸ ਮੌਕੇ ਦਿੱਲੀ ਮੋਰਚਿਆਂ ਵਿਚ ਇਕੱਠ ਨੂੰ ਵਧਾਉਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਸੰਸਦ ਸੈਸ਼ਨ ਦੌਰਾਨ ਰੋਜ਼ ਪੰਜਾਬ ਭਰ ਤੋਂ ਕਿਸਾਨਾਂ ਦੇ ਵੱਡੇ-ਵੱਡੇ ਕਾਫਲੇ ਦਿੱਲੀ ਪਹੁੰਚ ਸਕਣ। ਇਸੇ ਦੌਰਾਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਵਿਚ ਟੌਲ ਪਲਾਜਿਆਂ, ਰੇਲਵੇ ਪਾਰਕਾਂ, ਕਾਰਪੋਰੇਟ ਘਰਾਣਿਆਂ ਦੇ ਮਾਲਜ ਅਤੇ ਭਾਜਪਾ ਆਗੂਆਂ ਦੇ ਘਰਾਂ/ਦਫਤਰਾਂ ਮੂਹਰੇ ਰੋਸ ਧਰਨੇ ਜਾਰੀ ਰਹੇ। ਆਗੂਆਂ ਨੇ ਕਿਹਾ ਕਿ ਕੇਂਦਰ ਨੇ ਪਹਿਲਾਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਮਹਿੰਗਾਈ ਰਾਹੀਂ ਦੇਸ਼ ਦੇ ਹਰ ਨਾਗਰਿਕ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਵਿਰੋਧੀ ਨੀਤੀਆਂ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਸਿੰਘੂ ਬਾਰਡਰ ‘ਤੇ ਮੰਤਰਮ ਬੈਂਕੁਇਟ ਹਾਲ ਵਿਚ ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਨਾਲ ਹੋਈ ਬੈਠਕ ਵਿਚ ਮੋਰਚੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਸੰਸਦ ਦਾ ਘਿਰਾਓ ਕਰਨ ਜਾਂ ਇਸ ਦੇ ਅੰਦਰ ਧੱਕੇ ਨਾਲ ਦਾਖਲ ਨਹੀਂ ਹੋਣ ਦੀ ਕੋਈ ਮਨਸ਼ਾ ਨਹੀਂ ਹੈ। ਇਸੇ ਦੌਰਾਨ ਮੋਰਚੇ ਨੇ ਤਿੰਨਾਂ ਖੇਤੀ ਕਾਨੂੰਨਾਂ ਖਿਲਾਫ ਸੰਸਦ ਨੇੜੇ ਇਕੱਠੇ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਘਟਾਉਣ ਸਬੰਧੀ ਦਿੱਲੀ ਪੁਲਿਸ ਦੀ ਅਪੀਲ ਵੀ ਖਾਰਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਰਚੇ ਵੱਲੋਂ ਰੋਜ਼ਾਨਾ ਪਛਾਣ ਪੱਤਰ ਨਾਲ 200 ਕਿਸਾਨਾਂ ਨੂੰ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਭੇਜਣ ਦਾ ਐਲਾਨ ਕੀਤਾ ਹੋਇਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਇਹ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ ਤੇ ਪ੍ਰਦਰਸ਼ਨਕਾਰੀਆਂ ਕੋਲ ਪਛਾਣ ਵਾਲੇ ‘ਬੈਜ‘ ਵੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹਰੇਕ ਪ੍ਰਦਰਸ਼ਨਕਾਰੀ ਬਾਰੇ ਪੂਰਾ ਵੇਰਵਾ ਪੁਲਿਸ ਨੂੰ ਦਿੱਤਾ ਜਾਵੇਗਾ, ਜਿਸ ਵਿਚ ਪ੍ਰਦਰਸ਼ਨਕਾਰੀ ਦਾ ਆਧਾਰ ਕਾਰਡ ਤੇ ਮੋਬਾਈਲ ਫੋਨ ਨੰਬਰ ਵੀ ਸ਼ਾਮਲ ਹੈ।
ਸੰਸਦ ਦੇ ਹਰੇਕ ਕੰਮ ਵਾਲੇ ਦਿਨ ਵੱਖ-ਵੱਖ ਰਾਜਾਂ ਦੇ 200 ਕਿਸਾਨਾਂ ਦਾ ਜਥਾ ਰੋਸ ਪ੍ਰਦਰਸ਼ਨ ਕਰੇਗਾ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਾਲੇ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਮੋਰਚੇ ਨੇ ਇਸ ਲਈ ਇਕ ਕਮੇਟੀ ਵੀ ਬਣਾਈ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਤਾਮਿਲਨਾਡੂ, ਬਿਹਾਰ, ਮੱਧ ਪ੍ਰਦੇਸ਼ ਆਦਿ ਰਾਜਾਂ ਤੋਂ ਵੱਧ ਤੋਂ ਵੱਧ ਕਿਸਾਨ ਮੋਰਚੇ ‘ਤੇ ਪਹੁੰਚ ਰਹੇ ਹਨ। ਕਿਸਾਨ ਅੰਦੋਲਨ ਨਾਲ ਜੁੜੇ ਵਫਦ ਵੱਖ-ਵੱਖ ਸੂਬਿਆਂ ਵਿਚ ਸੰਸਦ ਮੈਂਬਰਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਮੋਰਚੇ ਵੱਲੋਂ ਜਾਰੀ ਕੀਤਾ ਗਿਆ ਵ੍ਹਿਪ ਸੌਂਪਿਆ ਜਾ ਰਿਹਾ ਹੈ। ਪੰਜਾਬ ਤੋਂ ਵਕੀਲਾਂ ਅਤੇ ਕਲਾਕਾਰਾਂ ਦੀ ਇਕ ਵੱਡੀ ਮੰਡਲੀ ਟਿਕਰੀ ਬਾਰਡਰ ‘ਤੇ ਪਹੁੰਚੀ, ਜਿਸ ਨੇ ਕਿਸਾਨੀ ਅੰਦੋਲਨ ਪ੍ਰਤੀ ਆਪਣੀ ਇਕਜੁੱਟਤਾ ਅਤੇ ਹਮਾਇਤ ਦਾ ਪ੍ਰਗਟਾਵਾ ਕੀਤਾ ਹੈ।
______________________________________________
ਕਿਸਾਨ ਸਰਕਾਰ ਦੇ ਖੇਤੀ ਸੁਧਾਰਾਂ ਦਾ ਲਾਹਾ ਲੈਣ: ਤੋਮਰ
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਸਰਕਾਰ ਦੇ ਖੇਤੀ ਸੁਧਾਰਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਜੋ ਨਾ ਸਿਰਫ ਉਨ੍ਹਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ, ਬਲਕਿ ਖੇਤੀਬਾੜੀ ਸੈਕਟਰ ਨੂੰ ਵੀ ਹੁਲਾਰਾ ਦੇਣ ਦੇ ਉਦੇਸ਼ਾਂ ਨਾਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਖੇਤੀਬਾੜੀ ਸੈਕਟਰ ਦੀ ਨੀਂਹ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ, ਜਿਹੜੀ ਪਿਛਲੀ ਸਰਕਾਰ ਦੀਆਂ ਅਣਗਹਿਲੀ ਨੀਤੀਆਂ ਕਾਰਨ ਖੋਖਲੀ ਹੋ ਰਹੀ ਸੀ। ਸ੍ਰੀ ਤੋਮਰ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈ.ਸੀ.ਏ.ਆਰ.) ਦੇ 93ਵੇਂ ਸਥਾਪਨਾ ਦਿਵਸ ਅਤੇ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਖੇਤੀ ਸੁਧਾਰ ਕਿਸਾਨਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਹਨ। ਇਸ ਮੌਕੇ ਮੰਤਰੀ ਨੇ ਕਿਸਾਨਾਂ ਦੀ ਸਹਾਇਤਾ ਲਈ ਕਿਸਾਨ ਸਾਰਥੀ ਐਪ ਵੀ ਲਾਂਚ ਕੀਤੀ।