ਚੋਣਾਂ ਨੇੜੇ ਕੈਪਟਨ ਸਰਕਾਰ ਨੂੰ ਮਜ਼ਦੂਰਾਂ ਦੀ ਕਰਜ਼ ਮੁਆਫੀ ਯਾਦ ਆਈ

ਚੰਡੀਗੜ੍ਹ: ਪੰਜਾਬ ਸਰਕਾਰ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਲਈ 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਕਰੇਗੀ, ਜਿਸ ਵਿਚ ਕਰਜ਼ਾ ਮੁਆਫੀ ਦੇ ਚੈੱਕ ਜਾਰੀ ਕੀਤੇ ਜਾਣਗੇ। ਕਰਜ਼ਾ ਮੁਆਫੀ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ 18 ਨੁਕਾਤੀ ਏਜੰਡੇ ਵਿਚ ਵੀ ਸ਼ਾਮਲ ਸੀ। ਖੇਤ ਮਜ਼ਦੂਰ ਪਿਛਲੇ ਕਈ ਸਾਲਾਂ ਤੋਂ ਕਰਜ਼ਾ ਮੁਆਫੀ ਲਈ ਲੜ ਰਹੇ ਸਨ ਤੇ ਉਨ੍ਹਾਂ ਨੂੰ ਹੁਣ ਆਸ ਬੱਝੀ ਹੈ। ਸਰਕਾਰ ਨੇ ਇਹ ਵਾਅਦਾ ਸਾਢੇ ਚਾਰ ਸਾਲ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤਾ ਸੀ। ਹੁਣ ਚੋਣਾਂ ਤੋਂ ਕਰੀਬ 6-7 ਮਹੀਨੇ ਪਹਿਲਾਂ ਸਰਕਾਰ ਨੂੰ ਆਪਣਾ ਵਾਅਦਾ ਯਾਦ ਆਇਆ ਹੈ।

ਫੈਸਲੇ ਨਾਲ 2 ਲੱਖ 85 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੂੰ 590 ਕਰੋੜ ਰੁਪਏ ਦੀ ਰਾਹਤ ਮਿਲਣ ਦਾ ਅਨੁਮਾਨ ਹੈ। ਇਸ ਐਲਾਨ ਅਨੁਸਾਰ ਸਬੰਧਤ ਮਜ਼ਦੂਰ ਪਰਿਵਾਰ ਦਾ 20,000 ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਮੰਤਰੀ ਮੰਡਲ ਨੇ ਕਰਜ਼ਾ ਮੁਆਫੀ ਦਾ ਸਿਧਾਂਤਕ ਫੈਸਲਾ ਮਾਰਚ 2019 ਵਿਚ ਕਰਕੇ ਅਤੇ 6 ਮਾਰਚ 2019 ਨੂੰ ਮੁਆਫੀ ਸਬੰਧੀ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਕਾਂਗਰਸ ਨੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵੀ ਐਲਾਨ ਕੀਤਾ ਸੀ। ਸਰਕਾਰ ਦੇ ਤੱਥਾਂ ਅਨੁਸਾਰ 31 ਮਾਰਚ 2017 ਤੱਕ ਸੂਬੇ ਦੇ ਕਿਸਾਨਾਂ ਸਿਰ 73770 ਕਰੋੜ ਰੁਪਏ ਸੰਸਥਾਗਤ ਕਰਜ਼ਾ ਸੀ। ਵਿੱਤੀ ਮੁਸ਼ਕਲਾਂ ਕਾਰਨ ਸਰਕਾਰ ਲਈ ਕਰਜ਼ਾ ਮੁਆਫੀ ਮੁਸ਼ਕਲ ਹੋ ਗਈ। ਸਰਕਾਰ ਨੇ ਮਾਰਕਿਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਦੋਹਾਂ ਨੂੰ ਇਕ ਫੀਸਦੀ ਵਧਾ ਦਿੱਤਾ। ਇਸ ਦੇ ਅਧਾਰ ਉਤੇ ਕਰੀਬ 9500 ਕਰੋੜ ਰੁਪਏ ਕਰਜ਼ਾ ਲੈ ਲਿਆ ਗਿਆ। ਇਸ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਦਾ ਲਗਭਗ 4624 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ। ਇਸੇ ਦੌਰਾਨ ਜੂਨ 2017 ਦੀ ਵਿਧਾਨ ਸਭਾ ਵਿਚ ਮੁੱਖ ਮੰਤਰੀ ਦਾ ਇਹ ਬਿਆਨ ਕਿ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਬਾਰੇ ਅੰਕੜੇ ਨਾ ਹੋਣ ਕਰ ਕੇ ਉਨ੍ਹਾਂ ਦੀ ਕਰਜ਼ਾ ਮੁਆਫੀ ਬਾਰੇ ਫੈਸਲਾ ਨਹੀਂ ਹੋ ਸਕਿਆ, ਚਰਚਾ ਦਾ ਵਿਸ਼ਾ ਬਣਿਆ। ਮੁੱਖ ਮੰਤਰੀ ਦੇ ਆਦੇਸ਼ ‘ਤੇ ਪੰਜਾਬ ਵਿਧਾਨ ਸਭਾ ਦੀ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ।
ਖੇਤ ਮਜ਼ਦੂਰਾਂ ਦੇ ਕਰਜ਼ਿਆਂ ਬਾਰੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਆਪਣੇ ਪੱਧਰ ਉਤੇ ਸਰਵੇਖਣ ਕੀਤਾ ਅਤੇ ਉਘੇ ਅਰਥਸ਼ਾਸਤਰੀ ਡਾ. ਗਿਆਨ ਸਿੰਘ ਦੀ ਅਗਵਾਈ ਵਾਲੇ ਗਰੁੱਪ ਨੇ ਇਕ ਹੋਰ ਅਧਿਐਨ। ਇਨ੍ਹਾਂ ਦੋਹਾਂ ਸਰਵੇਖਣਾਂ ਅਨੁਸਾਰ ਪ੍ਰਤੀ ਮਜ਼ਦੂਰ ਪਰਿਵਾਰ ਔਸਤਨ ਕਰਜ਼ਾ 77000 ਰੁਪਏ ਸੀ/ਹੈ। ਸਰਕਾਰੀ ਅੰਕੜਾਸਾਰ ਵਿਚ ਖੇਤ ਮਜ਼ਦੂਰ ਪਰਿਵਾਰਾਂ ਦੀ ਸੰਖਿਆ ਲਗਭਗ 7 ਲੱਖ ਦੱਸੀ ਗਈ ਹੈ। ਸਰਕਾਰ ਨੇ ਲਗਭਗ ਦੋ ਵਰ੍ਹੇ ਪਹਿਲਾਂ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀਆਂ ਦੀਆਂ ਦੋ ਕਾਰਪੋਰੇਸ਼ਨਾਂ ਤੋਂ ਲਏ ਗਏ ਲਗਭਗ 79 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਸਨ।
ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਸਹਿਕਾਰੀ ਬੈਂਕ ਅਤੇ ਸਭਾਵਾਂ ਦੇ ਕਰਜ਼ੇ ਦਾ ਵੱਡਾ ਹਿੱਸਾ ਵਾਪਸ ਆਉਣਾ ਬੰਦ ਹੋ ਗਿਆ ਸੀ। ਮੌਜੂਦਾ ਫੈਸਲੇ ਨਾਲ ਜ਼ਿਲ੍ਹਾ ਸਹਿਕਾਰੀ ਬੈਂਕ ਅਤੇ ਸੁਸਾਇਟੀਆਂ ਨੂੰ ਰਾਹਤ ਮਿਲੇਗੀ। ਜਾਣਕਾਰੀ ਅਨੁਸਾਰ ਪੰਜਾਬ ਮੰਡੀ ਬੋਰਡ ਨੇ ਕਰਜ਼ਾ ਮੁਆਫੀ ਰਾਹਤ ਲਈ ਕਰੀਬ 700 ਕਰੋੜ ਰੁਪਏ ਮਾਰਚ 2020 ਵਿਚ ਹੀ ਪੰਜਾਬ ਸਰਕਾਰ ਨੂੰ ਦੇ ਦਿੱਤੇ ਸਨ, ਪਰ ਸਰਕਾਰ ਨੇ ਇਸ ਰਾਹਤ ਨੂੰ ਲਟਕਾਈ ਰੱਖਿਆ। ਸੂਤਰਾਂ ਅਨੁਸਾਰ ਕਰਜ਼ਾ ਮੁਆਫੀ ਲਈ ਪੰਜਾਬ ਮੰਡੀ ਬੋਰਡ ਅਤੇ ਦਿਹਾਤੀ ਵਿਕਾਸ ਬੋਰਡ ਨੇ ਵੱਖੋ ਵੱਖਰੇ ਅਦਾਰਿਆਂ ਤੋਂ ਕਰਜ਼ਾ ਚੁੱਕਿਆ ਹੈ। ਪੰਜਾਬ ਸਰਕਾਰ ਦੀ ਉਚ ਪੱਧਰੀ ਮੀਟਿੰਗ ਵਿਚ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ 2,85,325 ਮੈਂਬਰਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਸ ਨਾਲ ਪ੍ਰਤੀ ਮੈਂਬਰ 20,000 ਰੁਪਏ ਦੀ ਰਾਹਤ ਮੁਹੱਈਆ ਹੋਵੇਗੀ। ਉਨ੍ਹਾਂ ਵਿੱਤ ਅਤੇ ਸਹਿਕਾਰਤਾ ਵਿਭਾਗਾਂ ਨੂੰ ਇਸ ਫੈਸਲੇ ਨੂੰ ਜ਼ਮੀਨੀ ਪੱਧਰ ਉਤੇ ਕਾਰਗਰ ਢੰਗ ਨਾਲ ਅਮਲ ਵਿਚ ਲਿਆਉਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ-2019 ਤਹਿਤ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰ ਮੈਂਬਰਾਂ ਲਈ ਕਰਜ਼ਾ ਰਾਹਤ ਸਕੀਮ ਉਲੀਕੀ ਸੀ।
ਕਰਜ਼ਾ ਮੁਆਫੀ ਦਾ ਐਲਾਨ ਮਜ਼ਦੂਰ ਸੰਘਰਸ਼ ਦੀ ਅੰਸ਼ਕ ਜਿੱਤ ਕਰਾਰ: ਪੰਜਾਬ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਤੇ ਬੇਜ਼ਮੀਨਿਆਂ ਦੇ 590 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦੇ ਐਲਾਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਨਿਗੂਣੀ ਰਾਹਤ ਕਰਾਰ ਦਿੰਦਿਆਂ ਇਸ ਨੂੰ ਖੇਤ ਮਜ਼ਦੂਰਾਂ ਦੇ ਲੰਮੇ ਸੰਘਰਸ਼ ਦੀ ਅੰਸ਼ਕ ਜਿੱਤ ਕਰਾਰ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਮਾਈਕਰੋਫਾਇਨਾਂਸ ਕੰਪਨੀਆਂ ਸਮੇਤ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਮਜ਼ਦੂਰਾਂ ਦੇ ਕੀਤੇ ਸਰਵੇਖਣ ਅਨੁਸਾਰ 84 ਫੀਸਦੀ ਮਜ਼ਦੂਰ ਪਰਿਵਾਰ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ, ਜਿਨ੍ਹਾਂ ਸਿਰ ਪ੍ਰਤੀ ਪਰਿਵਾਰ 91,437 ਰੁਪਏ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਕਰਜ਼ਾ ਮੁਆਫੀ ਦੇ ਐਲਾਨ ਮਗਰੋਂ ਵੀ ਦਲਿਤ ਪਰਿਵਾਰਾਂ ਨੂੰ ਨਾਮਾਤਰ ਰਾਹਤ ਹੀ ਮਿਲੇਗੀ।
__________________________________________
ਕੈਪਟਨ ਨੇ ਕਾਂਗਰਸੀਆਂ ਦੇ ਕਰਜ਼ੇ ਮੁਆਫ ਕੀਤੇ: ਸੰਧਵਾਂ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਨੇ ਸਾਢੇ ਚਾਰ ਸਾਲਾਂ ਦੌਰਾਨ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੀ ਥਾਂ ਕਾਂਗਰਸੀਆਂ ਦੇ ਹੀ ਕਰਜ਼ੇ ਮੁਆਫ ਕੀਤੇ ਹਨ। ਸ੍ਰੀ ਸੰਧਵਾਂ ਕਿਹਾ ਕਿ ਇਕ ਸਰਵੇਖਣ ਅਨੁਸਾਰ ਸੂਬੇ ਵਿਚ ਇਕ ਖੇਤ ਮਜ਼ਦੂਰ ਪਰਿਵਾਰ ਦੇ ਸਿਰ 77,000 ਰੁਪਏ ਦਾ ਕਰਜ਼ਾ ਹੈ ਪਰ ਕਾਂਗਰਸ ਸਰਕਾਰ ਨੇ ਸਿਰਫ 20,000 ਰੁਪਏ ਦਾ ਕਰਜ਼ਾ ਹੀ ਮੁਆਫ ਕੀਤਾ, ਜਿਸ ਨਾਲ ਪਰਿਵਾਰ ਦੇ ਸਿਰ ‘ਤੇ ਕਰੀਬ 57,000 ਰੁਪਏ ਦੇ ਕਰਜ਼ੇ ਦੀ ਤਲਵਾਰ ਲਟਕੀ ਰਹੇਗੀ। ਕਿਸਾਨ ਵਿੰਗ ਦੇ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਉਹ ਆਪਣੇ ਵਾਅਦੇ ਅਨੁਸਾਰ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਪੂਰੀ ਤਰ੍ਹਾਂ ਮੁਆਫ ਕਰਨ।
__________________________________________
ਰਹਿ ਗਏ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਉਡੀਕ
ਪੰਜਾਬ ਸਰਕਾਰ ਨੇ ਮੁੱਢਲੇ ਪੜਾਅ ‘ਤੇ 10.25 ਲੱਖ ਕਿਸਾਨਾਂ ਦਾ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਕੀਤਾ ਸੀ। ਇਸ ਸਕੀਮ ਤਹਿਤ ਹੁਣ ਤੱਕ 5.64 ਲੱਖ ਕਿਸਾਨਾਂ ਦਾ 4624 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਤੋਂ ਇਲਾਵਾ 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਏ ਦਾ ਹੋਰ ਕਰਜ਼ਾ ਮੁਆਫ ਹੋਣਾ ਸੀ। ਪੰਜਾਬ ਸਰਕਾਰ ਵੱਲੋਂ ਇਸ ਬਾਰੇ ਅਜੇ ਫੈਸਲਾ ਲੈਣਾ ਬਾਕੀ ਹੈ। ਕਿਸਾਨ ਲੰਮੇ ਸਮੇਂ ਤੋਂ ਕਰਜ਼ਾ ਮੁਆਫੀ ਨੂੰ ਉਡੀਕ ਰਹੇ ਹਨ।