ਮੌਤਾਂ ਦੇ ਮਾਮਲੇ ਵਿਚ ਭੁੱਖਮਰੀ ਕਰੋਨਾ ਮਹਾਮਾਰੀ ਤੋਂ ਵੀ ਵੱਧ ਖਤਰਨਾਕ

ਨਵੀਂ ਦਿੱਲੀ: ਔਕਸਫੈਮ ਦੀ ਰਿਪੋਰਟ ਨੇ ਕੋਵਿਡ-19 ਦੌਰਾਨ ਵਧੀ ਭੁੱਖਮਰੀ ਅਤੇ ਹੋਰ ਰੁਝਾਨਾਂ ਬਾਰੇ ਨਵੇਂ ਖੁਲਾਸੇ ਕੀਤੇ ਹਨ। ਹਾਲੀਆ ਰਿਪੋਰਟ ਮੁਤਾਬਕ ਭੁੱਖਮਰੀ ਨਾਲ ਦੁਨੀਆਂ ਵਿਚ ਪ੍ਰਤੀ ਮਿੰਟ 11 ਲੋਕਾਂ ਦੀ ਮੌਤ ਹੋ ਜਾਂਦੀ ਹੈ, ਭਾਵ 24 ਘੰਟਿਆਂ ਅੰਦਰ 15840 ਬੰਦੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਭੁੱਖਮਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਕੋਵਿਡ-19 ਨਾਲ ਹੋਈਆਂ ਮੌਤਾਂ ਤੋਂ ਵੱਧ ਹੈ। ਇਸ ਮੌਕੇ 15.50 ਕਰੋੜ ਲੋਕ ਖੁਰਾਕ ਅਸੁਰੱਖਿਆ ਦੇ ਬਦਤਰ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਭੁੱਖਮਰੀ ਦਾ ਸ਼ਿਕਾਰ ਹਰ ਤਿੰਨ ਵਿਅਕਤੀਆਂ ਵਿਚੋਂ ਦੋ ਇਸ ਲਈ ਭੁੱਖੇ ਹਨ ਕਿ ਉਨ੍ਹਾਂ ਦੇ ਦੇਸ਼ ਅੰਦਰੂਨੀ ਜੰਗਾਂ ਜਾਂ ਲੜਾਈ ਝਗੜਿਆਂ ਵਿਚ ਫਸੇ ਹੋਏ ਹਨ। ਕੋਵਿਡ-19 ਕਰਕੇ ਭਾਰਤ ਵਰਗੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਵੀ ਭੁੱਖਮਰੀ ਤੇਜੀ ਨਾਲ ਵਧੀ ਹੈ।

ਦੇਸ਼ ਦੇ 12 ਸੂਬਿਆਂ ਦੇ ਕੀਤੇ ਸਰਵੇਖਣ ਵਿਚ 70 ਫੀਸਦੀ ਲੋਕਾਂ ਦੀ ਖੁਰਾਕ ਵਿਚ ਕਮੀਆਂ ਉਨ੍ਹਾਂ ਦੀ ਖਰੀਦ ਸ਼ਕਤੀ ਘਟਣ ਕਾਰਨ ਆਈਆਂ ਹਨ। ਸਕੂਲ ਬੰਦ ਹੋਣ ਕਰ ਕੇ 12 ਕਰੋੜ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਨਾ ਮਿਲਣ ਕਰ ਕੇ ਕੁਪੋਸ਼ਣ ਵਧਿਆ ਹੈ। ਰਿਪੋਰਟ ਸਮਾਨਾਂਤਰ ਅਨੁਸਾਰ ਕੋਵਿਡ-19 ਦੇ ਸੰਕਟ ਦੇ ਬਾਵਜੂਦ ਸਰਕਾਰਾਂ ਦਾ ਹਥਿਆਰਾਂ ਅਤੇ ਫੌਜੀ ਸਾਜੋ-ਸਾਮਾਨ ‘ਤੇ ਖਰਚ ਲਗਾਤਾਰ ਵਧਿਆ ਹੈ। ਇਸ ਸਮੇਂ ਦੌਰਾਨ ਫੌਜੀ ਖਰਚ 51 ਅਰਬ ਡਾਲਰ ਵਧਿਆ ਜੋ ਸੰਯੁਕਤ ਰਾਸ਼ਟਰ ਸੰਘ ਵੱਲੋਂ ਭੁੱਖ ਨੂੰ ਮਿਟਾਉਣ ਲਈ ਲੋੜੀਂਦੇ ਬਜਟ ਨਾਲੋਂ 6.5 ਗੁਣਾ ਜ਼ਿਆਦਾ ਹੈ। ਇਸੇ ਸਮੇਂ ਦੌਰਾਨ ਸੰਸਾਰ ਦੇ ਸਭ ਤੋਂ ਅਮੀਰ 10 ਵਿਅਕਤੀਆਂ (ਇਨ੍ਹਾਂ ਵਿਚੋਂ 9 ਮਰਦ ਹਨ) ਦੀ ਦੌਲਤ ਵਿਚ 413 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਕੋਵਿਡ-19 ਦੀ ਬਹਿਸ ਦੇ ਦੌਰਾਨ ਘੱਟ ਸਾਧਨਾਂ ਵਾਲੇ ਲੋਕਾਂ ਦੀ ਬਾਂਹ ਫੜਨ ਵਾਲੀਆਂ ਨੀਤੀਆਂ ਬਾਰੇ ਚਰਚਾ ਬਹੁਤ ਘੱਟ ਹੋਈ ਹੈ। ਬੇਰੁਜ਼ਗਾਰੀ ਅਹਿਮ ਮੁੱਦਾ ਹੈ ਪਰ ਇਸ ਉਤੇ ਗੰਭੀਰਤਾ ਨਾਲ ਚਰਚਾ ਕਰਨ ਦੀ ਲੋੜ ਨਹੀਂ ਸਮਝੀ ਜਾ ਰਹੀ। ਔਕਸਫੈਮ ਜਾਂ ਹੋਰ ਸੰਸਥਾਵਾਂ ਦੀਆਂ ਰਿਪੋਰਟਾਂ ਸੰਸਾਰ ਭਰ ਲਈ ਦੋ ਰਣਨੀਤਕ ਚੁਣੌਤੀਆਂ ਵਾਤਾਵਰਨਕ ਸੰਕਟ ਅਤੇ ਗਰੀਬੀ-ਅਮੀਰੀ ਦਰਮਿਆਨ ਵਧ ਰਹੇ ਪਾੜੇ ਬਾਰੇ ਸੁਚੇਤ ਕਰ ਰਹੀਆਂ ਹਨ। ਔਕਸਫੈਮ ਦੀ ਰਿਪੋਰਟ ਹਮੇਸ਼ਾ ਫੌਜੀ ਬਜਟ ਉਤੇ ਸਵਾਲ ਖੜ੍ਹੇ ਕਰਦੀ ਆ ਰਹੀ ਹੈ ਪਰ ਇਹ ਅਜੇ ਤੱਕ ਦੁਨੀਆਂ ਦੇ ਸਿਆਸੀ ਅਤੇ ਅਵਾਮੀ ਏਜੰਡੇ ਦਾ ਹਿੱਸਾ ਨਹੀਂ ਬਣਿਆ ਹੈ।
__________________________________
ਸ਼ਰਾਬ ਪੀਣ ਕਾਰਨ 62 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੈਂਸਰ ਹੋਇਆ
ਨਵੀਂ ਦਿੱਲੀ: ਪਿਛਲੇ ਸਾਲ ਭਾਰਤ ਵਿਚ ਕੈਂਸਰ ਦੇ ਕੁੱਲ ਮਾਮਲਿਆਂ ਵਿਚੋਂ 62,100 ਸ਼ਰਾਬ ਨਾਲ ਸਬੰਧਤ ਸਨ। ਇਹ ਕੁੱਲ ਕੇਸਾਂ ਦਾ 5% ਹੈ। ਇਕ ਰਸਾਲੇ ‘ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਦੇਸ਼ ਵਿਚ ਸ਼ਰਾਬ ਦੀ ਖਪਤ ਵਧ ਰਹੀ ਹੈ।
ਖੋਜੀਆਂ ਨੇ ਆਪਣੇ ਅਧਿਐਨ ਵਿਚ ਸਿੱਟਾ ਕੱਢਿਆ ਹੈ ਕਿ ਸਾਲ 2020 ਵਿਚ ਦੁਨੀਆਂ ਭਰ ਵਿਚ ਕੈਂਸਰ ਦੇ ਕੁੱਲ ਕੇਸਾਂ ਵਿਚੋਂ 740,000 ਮਾਮਲਿਆਂ ਵਿਚ ਸ਼ਰਾਬ ਜਿੰਮੇਵਾਰ ਸੀ। ਅਧਿਐਨ ਵਿਚ ਦੱਸਿਆ ਗਿਆ ਹੈ ਕਿ ਮਰਦਾਂ ਵਿਚ ਸ਼ਰਾਬ ਪੀਣ ਨਾਲ ਸਬੰਧਤ ਕੈਂਸਰ ਦੇ 77 ਪ੍ਰਤੀਸ਼ਤ, ਜਦਕਿ ਔਰਤਾਂ ਵਿਚ ਅੰਦਾਜਨ 23 ਪ੍ਰਤੀਸ਼ਤ (1,72,600) ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਧ ਮਾਮਲੇ ਫੂਡ ਪਾਈਪ, ਜਿਗਰ ਅਤੇ ਛਾਤੀ ਦੇ ਕੈਂਸਰ ਦੇ ਸਨ। ਪਿਛਲੇ ਸਾਲਾਂ ਦੇ ਅੰਕੜਿਆਂ ਦੇ ਅਧਾਰ ‘ਤੇ ਇਹ ਪਾਇਆ ਗਿਆ ਕਿ 2020 ਵਿਚ ਮੂੰਹ, ਗਲੇ, ਫੂਡ ਪਾਈਪ, ਵੱਡੀ ਅੰਤੜੀ, ਗੁਦਾ, ਜਿਗਰ ਅਤੇ ਛਾਤੀ ਦੇ ਕੈਂਸਰ ਦੇ 63 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸ਼ਰਾਬ ਨਾਲ ਕੈਂਸਰ ਹੋਣ ਸਬੰਧੀ ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ। ਅਧਿਐਨ ਮੁਤਾਬਕ ਯੂਰਪ ਵਿਚ ਸ਼ਰਾਬ ਦਾ ਰੁਝਾਨ ਘਟਿਆ ਹੈ ਪਰ ਚੀਨ ਤੇ ਭਾਰਤ ਸਣੇ ਉਪ ਸਹਾਰਾ ਅਫਰੀਕਾ ਦੇ ਲੋਕ ਵੱਧ ਸ਼ਰਾਬ ਪੀ ਰਹੇ ਹਨ।