ਨਵੀਂ ਦਿੱਲੀ: ‘ਦਿ ਵਾਇਰ` ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ 40 ਤੋਂ ਵੱਧ ਪੱਤਰਕਾਰਾਂ ਦੀ ਪੈਗਾਸਸ ਸਪਾਈਵੇਅਰ ਦੀ ਵਰਤੋਂ ਕਰਕੇ ਜਾਸੂਸੀ ਕੀਤੀ ਗਈ ਹੈ। ਇਹ ਪੱਤਰਕਾਰ ਭਾਰਤ ਦੀਆਂ ਨਾਮੀ ਅਖਬਾਰਾਂ ਤੇ ਵੱਡੇ ਮੀਡੀਆ ਅਦਾਰਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਉਧਰ ਕੇਂਦਰ ਸਰਕਾਰ ਇਸ ਰਿਪੋਰਟ ਸਬੰਧੀ ਦਾਅਵਾ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਗਾਸਸ ਨਾਲ ਜਿਨ੍ਹਾਂ ਪੱਤਰਕਾਰਾਂ ਦੀ ਜਾਸੂਸੀ ਕੀਤੀ ਗਈ ਹੈ, ਉਸ ਸੂਚੀ ‘ਚ ‘ਦਿ ਵਾਇਰ‘ ਦੇ ਦੋ ਬਾਨੀ ਸੰਪਾਦਕਾਂ ਦੇ ਫੋਨ ਨੰਬਰ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਰੋਹਿਨੀ ਸਿੰਘ ਦਾ ਨੰਬਰ ਵੀ ਇਸ ਸੂਚੀ ‘ਚ ਸ਼ਾਮਲ ਹੈ ਜਿਨ੍ਹਾਂ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜਦੀਕੀ ਕਾਰੋਬਾਰੀ ਨਿਖਿਲ ਮਰਚੈਂਟ ਅਤੇ ਕਾਰੋਬਾਰੀ ਅਜੈ ਪੀਰਾਮਲ ਤੇ ਪਿਊਸ਼ ਗੋਇਲ ਬਾਰੇ ਖ਼ਬਰਾਂ ਬਾਹਰ ਕੱਢੀਆਂ ਸਨ। ਇਸ ਸੂਚੀ ‘ਚ ਇੰਡੀਅਨ ਐਕਸਪ੍ਰੈੱਸ ਦੇ ਸਾਬਕਾ ਪੱਤਰਕਾਰ ਸੁਸ਼ਾਂਤ ਸਿੰਘ ਦਾ ਨੰਬਰ ਵੀ ਸ਼ਾਮਲ ਹੈ ਜਿਨ੍ਹਾਂ 2018 ਦੌਰਾਨ ਫਰਾਂਸ ਨਾਲ ਹੋਏ ਰਾਫਾਲ ਸਮਝੌਤੇ ਬਾਰੇ ਜਾਂਚ ਪੜਤਾਲ ਕੀਤੀ ਸੀ।
ਇਸੇ ਦੌਰਾਨ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਜਰਾਇਲੀ ਕੰਪਨੀ ਜਿਸ ਨੇ ਸਰਕਾਰਾਂ ਨੂੰ ਸਪਾਈਵੇਅਰ ਵੇਚਿਆ, ਦਾ ਸਬੰਧ ਫਰਜੀ ‘ਬਲੈਕ ਲਾਈਵਜ ਮੈਟਰ‘ ਤੇ ਐਮਨੈਸਟੀ ਇੰਟਰਨੈਸ਼ਨਲ ਦੀਆਂ ਵੈੱਬਸਾਈਟਾਂ ਨਾਲ ਜੁੜਿਆ ਨਿਕਲਿਆ ਹੈ। ਤਲ ਅਵੀਵ ਅਧਾਰਿਤ ਸਪਾਈਵੇਅਰ ਫਰਮ ‘ਸੈਂਡੀਰੂ‘ ਨੇ ਇਹ ਸਪਾਈਵੇਅਰ (ਸਾਫਟਵੇਅਰ) ਖਾਸ ਕਰਕੇ ਸਰਕਾਰਾਂ ਨੂੰ ਵੇਚਿਆ ਹੈ। ਇਸ ਸਾਫਟਵੇਅਰ ਦੀ ਵਰਤੋਂ ਕਰਕੇ ਆਈਫੋਨ, ਐਂਡਰੌਇਡ, ਮੈਕ, ਪੀਸੀ ਤੇ ਕਲਾਊਡ ਅਕਾਊਂਟ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਇਨ੍ਹਾਂ ਦੀ ਨਿਗਰਾਨੀ ਵੀ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਆਫ ਟੋਰਾਂਟੋ ਦੀ ਸਿਟੀਜਨ ਲੈਬ ਤੇ ਮਾਈਕਰੋਸਾਫਟ ਦੇ ਖੋਜੀਆਂ ਦੀ ਟੀਮ ਨੇ ਇੰਟਰਨੈੱਟ ਸਕੈਨਿੰਗ ਦੀ ਵਰਤੋਂ ਕਰਕੇ ਪਤਾ ਲਾਇਆ ਹੈ ਕਿ ਤਕਰੀਬਨ 750 ਤੋਂ ਵੱਧ ਵੈਬਸਾਈਟਾਂ ‘ਤੇ ਸੈਂਡੀਰੂ ਦਾ ਪ੍ਰਭਾਵ ਹੈ।
ਟੀਮ ਮੈਂਬਰ ਬਿੱਲ ਮਾਰਕਜੈਕ ਨੇ ਕਿਹਾ, ‘ਉਨ੍ਹਾਂ ਪਾਇਆ ਕਿ ਐਮਨੈਸਟੀ ਇੰਟਰਨੈਸ਼ਨਲ, ਬਲੈਕ ਲਾਈਵਜ ਮੈਟਰ ਮੁਹਿੰਮ ਦੇ ਨਾਲ ਨਾਲ ਕਈ ਮੀਡੀਆ ਕੰਪਨੀਆਂ ਤੇ ਹੋਰ ਸਿਵਲ ਸੁਸਾਇਟੀਆਂ ਸਮੇਤ ਕਈ ਵਕਾਲਤੀ ਸੰਸਥਾਵਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।` ਉਨ੍ਹਾਂ ਕਿਹਾ ਕਿ ਉਨ੍ਹਾਂ ਪੱਛਮੀ ਯੂਰਪ `ਚ ਇਕ ਸਿਆਸੀ ਪੀੜਤ ਦੀ ਪਛਾਣ ਕੀਤੀ ਹੈ ਅਤੇ ਸੈਂਡੀਰੂ ਦੇ ਵਿੰਡੋਜ ਸਪਾਈਵੇਅਰ ਦੀ ਕਾਪੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮਾਈਕਰੋਸਾਫਟ ਨੇ ਫਲਸਤੀਨ, ਇਜਰਾਈਲ, ਇਰਾਨ, ਲੈਬਨਾਨ, ਯਮਨ, ਸਪੇਨ, ਯੂਕੇ, ਤੁਰਕੀ, ਅਰਮੀਨੀਆ ਤੇ ਸਿੰਗਾਪੁਰ `ਚ 100 ਦੇ ਕਰੀਬ ਪੀੜਤ ਪਤਾ ਲਾਏ ਜਿਨ੍ਹਾਂ ਦੀ ਨਿਗਰਾਨੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੀੜਤਾਂ `ਚ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਸਰਕਾਰੀ ਨੀਤੀਆਂ ਦੇ ਵਿਰੋਧੀ ਤੇ ਸਿਆਸਤਦਾਨ ਸ਼ਾਮਲ ਹਨ। ਉਨ੍ਹਾਂ ਕਿਹਾ ਇਸ ਫਰਮ ਦਾ ਸਾਫਟਵੇਅਰ ਖਰੀਦਣ ਵਾਲੇ, ਯੂਰਪ, ਪੁਰਾਣੀ ਸੋਵੀਅਤ ਯੂਨੀਅਨ, ਫਾਰਸ ਦੀ ਖਾੜੀ, ਏਸ਼ੀਆ ਤੇ ਲੈਟਿਨ ਅਮਰੀਕਾ ਵਿਚ ਹਨ।