ਆਰਥਿਕ ਨਿਘਾਰ ਦੇ ਬਾਵਜੂਦ ਧਾਰਮਿਕ ਡੇਰੇ ਮਾਲਾ-ਮਾਲ

ਚੰਡੀਗੜ੍ਹ: ਡੇਰਾ ਸਿਰਸਾ ਦੀ ਵਿਵਾਦਾਂ ਵਿਚ ਰਹਿਣ ਕਰਕੇ ਹੋਰ ਚੜ੍ਹਾਈ ਹੋਈ ਹੈ ਤੇ ਰੋਜ਼ਾਨਾ ਆਮਦਨ 16 ਲੱਖ ਰੁਪਏ ਤੋਂ ਵੀ ਟੱਪ ਗਈ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਦੇਸ਼ ਦੀ ਆਰਥਿਕ ਵਿਕਾਸ ਦਰ ਡਿਕਡੋਲੇ ਖਾ ਰਹੀ ਹੈ ਤੇ ਮਹਿੰਗਾਈ ਕਾਰਨ ਆਮ ਆਦਮੀ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਪਰ ਧਾਰਮਿਕ ਡੇਰੇ ਮਾਲਾਮਾਲ ਹੁੰਦੇ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਤਰ੍ਹਾਂ ਤਰ੍ਹਾਂ ਦੇ ਵਿਵਾਦਾਂ ਵਿਚ ਘਿਰਦੇ ਰਹੇ ਇਥੋਂ ਦੇ ਡੇਰਾ ਸਿਰਸਾ ਦੀ ਆਮਦਨੀ ਬਾਰੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ।
ਪਤਾ ਚੱਲਿਆ ਹੈ ਕਿ ਇਸ ਡੇਰੇ ਦੀ ਇਕ ਦਿਨ ਦੀ ਕਮਾਈ 16 ਲੱਖ 44 ਹਜ਼ਾਰ 833 ਰੁਪਏ ਹੈ। ਇਸ ਦਾ ਮਤਲਬ ਹੈ ਕਿ ਡੇਰੇ ਦੀ ਸਾਲਾਨਾ ਕਮਾਈ 60 ਕਰੋੜ ਤਿੰਨ ਲੱਖ 64 ਹਜ਼ਾਰ 103 ਰੁਪਏ ਹੈ। ਜੇ ਇਸ ਨਾਲ ਜੁੜੀਆਂ ਹੋਰ ਸੰਸਥਾਵਾਂ ਦੀ ਆਮਦਨੀ ਵੀ ਇਸ ਵਿਚ ਜੋੜ ਲਈ ਜਾਵੇ ਤਾਂ ਸਾਲਾਨਾ ਆਮਦਨ ਅਰਬ ਰੁਪਏ ਦੇ ਕਰੀਬ ਪੁੱਜ ਜਾਂਦੀ ਹੈ। ਕੁਝ ਸਾਲ ਪਹਿਲਾਂ ਡੇਰੇ ਦੀ ਕਮਾਈ ਇਸ ਤੋਂ ਅੱਧੀ ਵੀ ਨਹੀਂ ਸੀ।
ਅਸਲ ਵਿਚ ਡੇਰੇ ਤੇ ਇਸ ਨਾਲ ਜੁੜੀ ਸੁਸਾਇਟੀ ਤੇ ਫਾਊਂਡੇਸ਼ਨ ਨੂੰ ਆਮਦਨ ਕਰ ਦੀ ਧਾਰਾ 10 (23) ਤੇ 11 ਤਹਿਤ ਟੈਕਸ ਤੋਂ ਛੋਟ ਮਿਲੀ ਹੋਈ ਹੈ। ਆਮਦਨ ਕਰ ਤੋਂ ਛੋਟ ਬਾਰੇ ਜਾਣਨ ਲਈ ਹੀ ਹਿਸਾਰ ਨਿਵਾਸੀ ਸੂਚਨਾ ਦੇ ਅਧਿਕਾਰ ਕਾਨੂੰਨ ਐਵਾਰਡੀ ਰਮੇਸ਼ ਵਰਮਾ ਨੇ ਪਿਛਲੇ ਦਿਨੀਂ ਆਮਦਨ ਕਰ ਵਿਭਾਗ ਤੋਂ ਸੂਚਨਾ ਮੰਗੀ ਸੀ। ਇਸ ਦੇ ਜਵਾਬ ਵਿਚ ਵਿਭਾਗ ਨੇ ਪਿਛਲੇ ਤਿੰਨ ਸਾਲਾਂ ਦੇ ਵੇਰਵੇ ਮੁਹੱਈਆ ਕਰਵਾਏ ਹਨ।
ਆਮਦਨ ਕਰ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਲ 2010-11 ਵਿਚ ਡੇਰਾ ਸਿਰਸਾ ਵੱਲੋਂ ਆਪਣੀ ਸਾਲਾਨਾ ਆਮਦਨ 29 ਕਰੋੜ 18 ਲੱਖ 68 ਹਜ਼ਾਰ 117 ਰੁਪਏ ਦਰਸਾਈ ਗਈ ਸੀ। ਭਾਵ ਰੋਜ਼ਾਨਾ ਸੱਤ ਲੱਖ 99 ਹਜ਼ਾਰ 638 ਰੁਪਏ ਦੀ ਕਮਾਈ।  ਸਾਲ 2011-12 ਦੌਰਾਨ ਡੇਰੇ ਦੀ ਕਮਾਈ 60 ਫੀਸਦੀ ਦੀ ਦਰ ਨਾਲ ਵਧੀ। ਉਸ ਸਾਲ ਡੇਰੇ ਨੇ ਆਮਦਨ ਕਰ ਵਿਭਾਗ ਨੂੰ 46 ਕਰੋੜ 75 ਲੱਖ 51 ਹਜ਼ਾਰ 288 ਰੁਪਏ ਦੀ ਆਮਦਨੀ ਹੋਣ ਦੀ ਸੂਚਨਾ ਦਿੱਤੀ ਸੀ। ਇਹ ਇਸ ਤੋਂ ਇਕ ਸਾਲ ਪਹਿਲਾਂ ਦੀ ਆਮਦਨੀ ਨਾਲੋਂ 17 ਕਰੋੜ 56 ਲੱਖ, 83 ਹਜ਼ਾਰ 171 ਰੁਪਏ ਵੱਧ ਸੀ। ਆਮਦਨ ਕਰ ਵਿਭਾਗ ਦੇ ਅੰਕੜਿਆਂ ਮੁਤਾਬਕ ਸਾਲ 2012-13 ਦੌਰਾਨ ਡੇਰੇ ਦੀ ਆਮਦਨ ਵਿਚ ਸਾਲਾਨਾ 28æ4 ਫੀਸਦੀ ਵਾਧਾ ਹੋਇਆ ਤੇ ਆਮਦਨ 60 ਕਰੋੜ, ਤਿੰਨ ਲੱਖ 64 ਹਜ਼ਾਰ 103 ਰੁਪਏ ਦਰਜ ਕੀਤੀ ਗਈ। ਪਿਛਲੇ ਤਿੰਨ ਸਾਲਾਂ ਦੌਰਾਨ ਡੇਰੇ ਦੀ ਕਮਾਈ ਦਾ ਜੇ ਹਿਸਾਬ ਲਾਇਆ ਜਾਵੇ ਤਾਂ ਕਮਾਈ ਵਿਚ ਦੁਗਣਾ ਵਾਧਾ ਹੋਇਆ।
ਡੇਰੇ ਨਾਲ ਜੁੜੀ ਸ਼ਾਹ ਸਤਨਾਮ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਆਮਦਨ ਦੋ ਸਾਲਾਂ ਵਿਚ 76 ਫੀਸਦੀ ਵਧੀ ਹੈ। 2010-11 ਵਿਚ ਇਸ ਦੀ ਆਮਦਨ 16 ਕਰੋੜ 52 ਲੱਖ, 48 ਹਜ਼ਾਰ 455 ਰੁਪਏ ਸੀ ਜੋ 2012-13 ਵਿਚ 29 ਕਰੋੜ ਅੱਠ ਲੱਖ 18 ਹਜ਼ਾਰ 760 ਰੁਪਏ ‘ਤੇ ਪੁੱਜ ਗਈ ਸੀ।
ਡੇਰੇ ਨਾਲ ਜੁੜੀ ਇਕ ਹੋਰ ਸੰਸਥਾ ਪਰਮ ਪਿਤਾ ਸ਼ਾਹ ਸਤਨਾਮ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੀ ਆਮਦਨੀ ਤਿੰਨ ਸਾਲਾਂ ਵਿਚ ਤਕਰੀਬਨ 300 ਫੀਸਦੀ ਦੀ ਦਰ ਨਾਲ ਵਧੀ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਇਹ 2010-11 ਵਿਚ ਇਕ ਕਰੋੜ 95 ਲੱਖ 61 ਹਜ਼ਾਰ 729 ਰੁਪਏ ਤੋਂ ਵਧ ਕੇ 2012-13 ਦੌਰਾਨ 8 ਕਰੋੜ 40 ਲੱਖ 59 ਹਜ਼ਾਰ 792 ਰੁਪਏ ਹੋ ਗਈ ਸੀ। ਉਂਜ, ਡੇਰੇ ਦੀ ਗ੍ਰੀਨ ਐਂਡ ਵੈਲਫੇਅਰ ਫੋਰਸ ਦੀ ਆਮਦਨੀ 2010-11 ਵਿਚ 3 ਕਰੋੜ 2 ਲੱਖ 89 ਹਜ਼ਾਰ 600 ਰੁਪਏ ਤੋਂ ਘਟ ਕੇ 2011-12 ਵਿਚ ਇਕ ਕਰੋੜ 72 ਲੱਖ 46 ਹਜ਼ਾਰ 860 ਰੁਪਏ ਰਹਿ ਗਈ ਸੀ।

Be the first to comment

Leave a Reply

Your email address will not be published.