ਮੋਦੀ ਇਜ਼ ਅ ਸ਼ੇਮਲੈੱਸ ਪ੍ਰਾਈਮ ਮਨਿਸਟਰ…

ਤਿੱਖੇ ਤੇਵਰਾਂ ਲਈ ਮਸ਼ਹੂਰ ਅਤੇ ਬੇਬਾਕ ਪੱਤਰਕਾਰ ਸ਼ਿਆਮ ਮੀਰਾ ਸਿੰਘ ਨੂੰ ਉਸ ਵਕਤ ਪੱਤਰਕਾਰੀ ਦਾ ਖਮਿਆਜ਼ਾ ਭੁਗਤਣਾ ਪਿਆ ਜਦੋਂ ਨਿਊਜ਼ ਚੈਨਲ ‘ਆਜਤਕ` ਨੇ ਉਸ ਨੂੰ ਪ੍ਰਧਾਨ ਮੰਤਰੀ ਦੇ ਖਿਲਾਫ ਲਿਖੇ ਟਵੀਟਾਂ ਲਈ ਬਰਖਾਸਤ ਕਰ ਦਿੱਤਾ। ਸ਼ਿਆਮ ਮੀਰਾ ਸਿੰਘ ਸੋਸ਼ਲ ਮੀਡੀਆ ਉਪਰ ਬੇਹੱਦ ਹਰਮਨਪਿਆਰੇ ਹਨ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੱਚੀ ਪੱਤਰਕਾਰੀ ਅਤੇ ਨਾਗਰਿਕ ਧਰਮ ਨਿਭਾਉਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ। ਬਰਖਾਸਤਗੀ ਦੀ ਕਹਾਣੀ ਨੂੰ ਉਨ੍ਹਾਂ ਨੇ ਆਪਣੇ ਸ਼ਬਦਾਂ `ਚ ਬਿਆਨ ਕੀਤਾ ਹੈ ਜਿਸ ਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਸ਼ਿਆਮ ਮੀਰਾ ਸਿੰਘ
ਅਨੁਵਾਦ: ਬੂਟਾ ਸਿੰਘ

‘ਆਜਤਕ’ ਨਾਲ ਪੱਤਰਕਾਰੀ ਦਾ ਮੇਰਾ ਸਫਰ ਖਤਮ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਲਿਖੇ ਮੇਰੇ ਦੋ ਟਵੀਟਾਂ ਦੀ ਵਜ੍ਹਾ ਨਾਲ ਮੈਨੂੰ ‘ਆਜਤਕ’ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ, ਇਸ ਲਈ ਤੁਸੀਂ ਵੀ ਦੁਖੀ ਨਾ ਹੋਵੋ। ਜਿਨ੍ਹਾਂ ਦੋ ਟਵੀਟ ਦਾ ਹਵਾਲਾ ਦਿੰਦੇ ਹੋਏ ਮੈਨੂੰ ਕੱਢਿਆ ਗਿਆ ਹੈ, ਉਹ ਦੋ ਟਵੀਟ ਇਹ ਹਨ:
‘ਜੋ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦਾ ਸਨਮਾਨ ਕਰੋ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮੋਦੀ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਕਰੇ।` … ‘ਟਵਿੱਟਰ ਉਪਰ ਕੁਝ ਲਿਖਦਾ ਹਾਂ ਤਾਂ ਲੋਕ ਮੇਰੀ ਕੰਪਨੀ ਨੂੰ ਟੈਗ ਕਰਨ ਲੱਗ ਪੈਂਦੇ ਹਨ। ਕਹਿੰਦੇ ਹਨ ਕਿ ਇਸ ਨੂੰ ਹਟਾਓ, ਇਸ ਨੂੰ ਹਟਾਉਂਦੇ ਕਿਉਂ ਨਹੀਂ… ਮੈਂ ਅਗਲਾ ਟਵੀਟ ਹੋਰ ਵਧੇਰੇ ਜ਼ੋਰ ਲਗਾ ਕੇ ਲਿਖਦਾ ਹਾਂ ਪਰ ਇਹ ਲਿਖਣ ਤੋਂ ਪਿੱਛੇ ਨਹੀਂ ਹਟਾਂਗਾ ਕਿ “ਮੋਦੀ ਇਜ਼ ਅ ਸ਼ੇਮਲੈੱਸ ਪ੍ਰਾਈਮ ਮਨਿਸਟਰ” (ਮੋਦੀ ਬੇਸ਼ਰਮ ਪ੍ਰਧਾਨ ਮੰਤਰੀ ਹੈ)।’
ਇਹ ਦੋ ਗੱਲਾਂ ਹਨ ਜਿਨ੍ਹਾਂ ਕਰਕੇ ਮੈਨੂੰ ਕੱਢਿਆ ਜਾਂ ਕਢਵਾਇਆ ਗਿਆ। ਸੱਤ ਮਹੀਨੇ ਪਹਿਲਾਂ ਜਦੋਂ ਮੈਂ ‘ਆਜਤਕ’ ਜੁਆਇਨ ਕੀਤਾ, ਉਦੋਂ ਵੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਮੈਂ ਕੀ ਲਿਖਣਾ ਹੈ, ਕਿਨ੍ਹਾਂ ਲੋਕਾਂ ਲਈ ਬੋਲਣਾ ਹੈ। ਉਦੋਂ ਤੋਂ ਹੀ ਹੁਕਮਰਾਨ ਪਾਰਟੀ ਦੇ ਹਮਾਇਤੀਆਂ ਵੱਲੋਂ ਕੰਪਨੀ ਨੂੰ ਟੈਗ ਕਰ-ਕਰ ਕੇ ਲਿਖਿਆ ਜਾਣ ਲੱਗਿਆ ਸੀ ਕਿ ‘ਇਸ ਆਦਮੀ (ਮੈਨੂੰ) ਨੂੰ ‘ਆਜਤਕ’ ਤੋਂ ਕੱਢਿਆ ਜਾਵੇ, ਕਿਉਂਕਿ ਇਹ ਮੋਦੀ ਦੇ ਖਿਲਾਫ ਲਿਖਦਾ ਹੈ`। ਬੀਤੇ ਕੁਝ ਦਿਨਾਂ ਤੋਂ ਕੰਪਨੀ ਉਪਰ ਸੋਸ਼ਲ ਮੀਡੀਆ ਦੇ ਮਾਧਿਅਮ ਜ਼ਰੀਏ ਇਕ ਵਰਗ ਵੱਲੋਂ ਇਹ ਦਬਾਓ ਬਣਾਇਆ ਜਾ ਰਿਹਾ ਸੀ। ਆਖਰਕਾਰ ਇਨ੍ਹਾਂ ਦੋ ਟਵੀਟ ਤੋਂ ਬਾਅਦ ਮੈਨੂੰ ‘ਆਜਤਕ’ ਤੋਂ ਕੱਢ ਦਿੱਤਾ ਗਿਆ। ਮੈਨੂੰ ਕਿਸੇ ਨਾਲ ਸ਼ਿਕਾਇਤ ਨਹੀਂ ਹੈ। ਜੋ ਮੈਂ ਲਿਖਿਆ, ਮੈਂ ਉਸ ‘ਤੇ ਖੜ੍ਹਾ ਹਾਂ। ਇਹ ਉਹ ਗੱਲਾਂ ਹਨ ਜੋ ਪੱਤਰਕਾਰ ਦੇ ਰੂਪ `ਚ ਹੀ ਨਹੀਂ, ਨਾਗਰਿਕ ਦੇ ਰੂਪ ਵਿਚ ਮੇਰੇ ਕੋਲੋਂ ਉਮੀਦ ਕੀਤੀ ਜਾਂਦੀ ਸੀ ਕਿ ਮੈਂ ਇਕ ਐਸੇ ਸ਼ੇਮਲੈੱਸ (ਬੇਸ਼ਰਮ) ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ ਜੋ ਕਿਸੇ ਖਿਡਾਰੀ ਦੇ ਅੰਗੂਠੇ ਦੀ ਸੱਟ ਉਪਰ ਟਵੀਟ ਕਰ ਸਕਦਾ ਹੈ ਪਰ ਵਿਦੇਸ਼ `ਚ ਸ਼ਹੀਦ ਹੋਏ ਇਮਾਨਦਾਰ ਪੱਤਰਕਾਰ ਉਪਰ ਇਕ ਸ਼ਬਦ ਤੱਕ ਨਹੀਂ ਬੋਲਦਾ। ਮੇਰੇ ਕੋਲੋਂ ਨਾਗਰਿਕ ਦੇ ਰੂਪ `ਚ ਇਹ ਉਮੀਦ ਸੀ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ‘ਸ਼ੇਮਲੈੱਸ` ਕਹਾਂ ਜਿਸ ਦੀ ਲੱਫਾਜ਼ੀ ਅਤੇ ਭਾਸ਼ਣਬਾਜ਼ੀ ਨੇ ਮੇਰੇ ਦੇਸ਼ ਦੇ ਲੱਖਾਂ ਨਾਗਰਿਕਾਂ ਨੂੰ ਕਰੋਨਾ ਦੋਰਾਨ ਮਰਨ ਲਈ ਇਕੱਲੇ ਛੱਡ ਦਿੱਤਾ।
ਮੇਰੇ ਕੋਲੋਂ ਇਹੀ ਉਮੀਦ ਸੀ ਕਿ ਐਸੇ ਪ੍ਰਧਾਨ ਮੰਤਰੀ ਅਤੇ ਉਸ ਦੀ ਸਰਕਾਰ ਨੂੰ ਬੇਸ਼ਰਮ ਕਹਾਂ ਜਿਸ ਦੀ ਵਜ੍ਹਾ ਨਾਲ ਇਸ ਦੇਸ਼ ਦਾ ਇਕ ਘੱਟਗਿਣਤੀ ਵਰਗ ਹਰ ਰੋਜ਼ ਭੈਅ `ਚ ਜਿਊਂਦਾ ਹੈ, ਜਿਸ ਨੂੰ ਹਰ ਰੋਜ਼ ਡਰ ਲੱਗਦਾ ਹੈ ਕਿ ਸ਼ਾਮ ਨੂੰ ਸਬਜ਼ੀ ਲੈਣ ਜਾਵਾਂਗਾ ਤਾਂ ਘਰ ਵਾਪਸ ਵੀ ਮੁੜ ਸਕਾਂਗਾ ਜਾਂ ਨਹੀਂ, ਜਾਂ ਦਾੜ੍ਹੀ ਅਤੇ ਮੁਸਲਮਾਨ ਹੋਣ ਕਾਰਨ ਮਾਰਿਆ ਜਾਵਾਂਗਾ! ਮੇਰੇ ਕੋਲੋਂ ਇਹ ਉਮੀਦ ਕੀਤੀ ਗਈ ਸੀ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ ਜੋ ਲਦਾਖ ਵਿਚ ਸ਼ਹੀਦ ਹੋਏ 21 ਸੈਨਿਕਾਂ ਦੀ ਸ਼ਹਾਦਤ ਦੀ ਖਬਰ ਨੂੰ ਦਬਾ ਦੇਵੇ, ਤੇ ਆਪਣੀ ਗੱਦੀ ਬਚਾਉਣ ਲਈ ਇਹ ਕਹਿ ਕੇ ਦੁਸ਼ਮਣ ਦੇਸ਼ ਨੂੰ ਕਲੀਨ ਚਿੱਟ ਦੇ ਦੇਵੇ ਕਿ ਸੀਮਾ ਵਿਚ ਕੋਈ ਨਹੀਂ ਵੜਿਆ, ਨਾ ਕੋਈ ਝਗੜਾ ਹੋਇਆ ਹੈ। ਦੇਸ਼ ਨੂੰ ਬਾਕੀ ਲੋਕਾਂ ਤੋਂ ਪਤਾ ਲੱਗੇ ਕਿ ਸਾਡੇ ਜਵਾਨਾਂ ਦੀ ਹੱਤਿਆ ਕੀਤੀ ਗਈ ਹੈ। ਕੋਈ ਵੀ ਪਾਰਟੀ, ਵਿਦਿਆਰਥੀ, ਮਜ਼ਦੂਰ, ਅਧਿਆਪਕ, ਸਿੱਖਿਆ ਹਿਤੈਸ਼ੀ, ਦਲਿਤਾਂ ਦੀਆਂ ਜਥੇਬੰਦੀਆਂ ਆਪਣਾ ਵਿਰੋਧ ਕਰਨ ਲਈ ਸੜਕ ਉਪਰ ਆਉਣ ਅਤੇ ਪੁਲਿਸ ਲਾਠੀਆਂ ਨਾਲ ਉਨ੍ਹਾਂ ਦਾ ਲੱਕ ਤੋੜ ਦੇਵੇ। ਤਦ ਮੇਰੇ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਪੁਲਿਸ ਜ਼ੁਲਮ ਦੇ ਸਿਖਰ `ਤੇ ਬੈਠੇ ਪ੍ਰਧਾਨ ਮੰਤਰੀ ਨੂੰ ਕਹਾਂ ਕਿ ਉਹ ‘ਸ਼ੇਮਲੈੱਸ` ਹੈ। ਹਜ਼ਾਰਾਂ ਕਿਸਾਨ ਦਿੱਲੀ ਦੀਆਂ ਹੱਦਾਂ ਉਪਰ ਅੱਠ ਮਹੀਨੇ ਤੋਂ ਸੜਕਾਂ ਉਪਰ ਪਏ ਹੋਣ, ਉਨ੍ਹਾਂ ਵਿਚੋਂ ਸੈਂਕੜੇ ਬਜ਼ੁਰਗ ਧਰਨੇ ਵਾਲੀ ਜਗਾ੍ਹ `ਤੇ ਹੀ ਦਮ ਤੋੜ ਦੇਣ, ਤੇ ਪ੍ਰਧਾਨ ਮੰਤਰੀ ਕਹੇ ਕਿ ਮੈਂ ਉਨ੍ਹਾਂ ਤੋਂ ਸਿਰਫ ਇਕ ਕਾਲ ਦੂਰ ਹਾਂ, ਤਾਂ ਨਾਗਰਿਕ ਦੇ ਰੂਪ `ਚ ਮੇਰੇ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ।
ਐਸੀਆਂ ਹਜ਼ਾਰ ਗੱਲਾਂ ਅਤੇ ਸੈਂਕੜੇ ਘਟਨਾਵਾਂ ਹਨ ਜਿਨ੍ਹਾਂ ਉਪਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਹੀ ਨਹੀਂ, ਮੱਕਾਰ, ਚੋਰ ਅਤੇ ਨਿਰਦੋਸ਼ ਨਾਗਰਿਕਾਂ ਦੇ ਹੱਕਾਂ ਨੂੰ ਕੁਚਲਣ ਵਾਲਾ ਬੁਜ਼ਦਿਲ ਤਾਨਾਸ਼ਾਹ ਕਿਹਾ ਜਾਣਾ ਚਾਹੀਦਾ ਹੈ। ਇਸ ਲਈ ਮੈਨੂੰ ਆਪਣੇ ਆਪਣੇ ਕਹੇ ਦਾ ਕੋਈ ਦੁੱਖ ਨਹੀਂ ਹੈ। ਇਸ ਗੱਲ ਦੀ ਸਮਝ ਮੈਨੂੰ ਨੌਕਰੀ ਦੇ ਪਹਿਲੇ ਦਿਨ ਤੋਂ ਹੀ ਸੀ ਕਿ ਦੇਰ ਸਵੇਰ ਮੇਰੇ ਕੋਲੋਂ ਅਸਤੀਫਾ ਮੰਗਿਆ ਜਾਵੇਗਾ, ਜਾਂ ਕਿਸੇ ਵੀ ਮਿੰਟ ਪੀ.ਐਮ.ਓ. ਦਫਤਰ ਦੇ ਫੋਨ `ਤੇ ਮੈਨੂੰ ਕੱਢ ਦਿੱਤਾ ਜਾਵੇਗਾ। ਹਰ ਟਵੀਟ ਕਰਦੇ ਹੋਏ ਜ਼ਿਹਨ `ਚ ਇਹ ਗੱਲ ਆਉਂਦੀ ਸੀ ਕਿ ਇਸ ਤੋਂ ਬਾਅਦ ਕਿਤੇ ਐਫ.ਆਈ.ਆਰ. ਦਰਜ ਨਾ ਹੋ ਜਾਵੇ, ਕਿਤੇ ਨੋਟਿਸ ਨਾ ਭੇਜ ਦਿੱਤਾ ਜਾਵੇ … ਕਿਵੇਂ ਨਜਿੱਠਾਂਗਾਂ ਉਸ ਨਾਲ? ਇਹ ਜ਼ੋਖਮ ਮਨ `ਚ ਸੋਚ ਕੇ ਵੀ ਲਿਖ ਦਿੰਦਾ ਸੀ…।
ਮੈਂ ਉਹੀ ਗੱਲਾਂ ਕਹੀਆਂ ਜੋ ਮੇਰੇ ਕੋਲੋਂ ਪੱਤਰਕਾਰ ਦੇ ਰੂਪ `ਚ ਨਹੀਂ, ਨਾਗਰਿਕ ਦੇ ਰੂਪ `ਚ ਵੀ ਉਮੀਦ ਕੀਤੀ ਗਈ ਸੀ; ਜਿਸ ਦੀ ਉਮੀਦ ਸਿਰਫ ਮੇਰੇ ਕੋਲੋਂ ਨਹੀਂ ਕੀਤੀ ਜਾਂਦੀ ਸਗੋਂ ਇਕ ਦਰਜੀ ਤੋਂ ਵੀ ਕੀਤੀ ਜਾਂਦੀ ਹੈ ਕਿ ਵਰ੍ਹਿਆਂ ਤੋਂ ਕਮਾਈ ਇਸ ਦੇਸ਼ ਦੀ ਸੁਤੰਤਰਤਾ ਨੂੰ ਲੁੱਟਣ `ਤੇ ਤੁਸੀਂ ਬੋਲੋਗੇ। ਇਹ ਉਮੀਦ ਮੇਰੇ ਕੋਲੋਂ ਹੀ ਨਹੀਂ ਕੀਤੀ ਜਾਂਦੀ, ਪ੍ਰਾਇਮਰੀ ਸਕੂਲ `ਚ ਪੜ੍ਹਾਉਣ ਵਾਲੇ ਟੀਚਰ ਕੋਲੋਂ ਵੀ ਕੀਤੀ ਜਾਂਦੀ ਹੈ; ਯੂਨੀਵਰਸਿਟੀਆਂ ਦੇ ਕੁਲਪਤੀ, ਮਕਾਨ ਬਣਾਉਣ ਵਾਲੇ ਰਾਜ ਮਿਸਤਰੀ, ਸੜਕ ਉਪਰ ਟੈਂਪੂ ਚਲਾਉਣ ਵਾਲੇ ਡਰਾਈਵਰ, ਪੜ੍ਹਨ ਵਾਲੇ ਵਿਦਿਆਰਥੀਆਂ, ਕੰਪਨੀਆਂ `ਚ ਕੰਮ ਕਰਨ ਵਾਲੇ ਹਰ ਕਰਮਚਾਰੀ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਹਰ ਰੋਜ਼ ਹੋ ਰਹੇ ਹਜੂਮੀ ਕਤਲਾਂ ਉਪਰ ਉਹ ਬੋਲਣਗੇ। ਮੈਂ ਆਪਣਾ ਕਰਜ਼ ਚੁਕਾਇਆ; ਮੈਂ ਜਿੱਥੇ ਵੀ ਰਿਹਾ, ਹਰ ਜਗ੍ਹਾ ਕੋਸ਼ਿਸ਼ ਕੀਤੀ ਕਿ ਆਮ ਇਨਸਾਨਾਂ ਦੀ ਬਿਹਤਰੀ ਲਈ ਕੁਝ ਲਿਖ ਸਕਾਂ।
ਕਿਉਂਕਿ ਉਮਰ ਅਤੇ ਤਜਰਬਿਆਂ ਵਿਚ ਮੈਂ ਬੱਚਾ ਹਾਂ, ਕਰੀਅਰ ਦੇ ਸ਼ੁਰੂਆਤੀ ਪੜਾਅ `ਤੇ ਹਾਂ, ਜਿੱਥੇ ਅੱਗੇ ਦਾ ਮੈਨੂੰ ਪਤਾ ਨਹੀਂ … ਸ਼ੁਰੂਆਤ `ਚ ਹੀ ਮੇਰੇ ਲਿਖੇ ਦੇ ਬਦਲੇ ਮੇਰਾ ਰੁਜ਼ਗਾਰ ਖੋਹ ਲਿਆ ਗਿਆ ਤਾਂ ਅੰਦਰੋਂ ਕਦੇ-ਕਦੇ ਭਾਵੁਕ ਹੋ ਜਾਂਦਾ ਹਾਂ। ਇਉਂ ਲੱਗਦਾ ਹੈ, ਜਿਵੇਂ ਕੋਈ ਨਿੱਕੀ ਜਿਹੀ ਚਿੜੀ ਕਿਸੇ ਜੰਗਲ `ਚ ਆਈ ਅਤੇ ਉਡਣ ਤੋਂ ਪਹਿਲਾਂ ਹੀ ਉਸ ਦੇ ਖੰਭ ਕੁਤਰ ਦਿੱਤੇ ਗਏ ਹੋਣ ਪਰ ਇਹ ਵੀ ਜ਼ਰੂਰੀ ਹੈ। ਉਸ ਨੰਨ੍ਹੀ ਚਿੜੀ ਕੋਲ ਇਹ ਬਦਲ ਸੀ ਕਿ ਕੁਝ ਦਿਨ ਬਿਨਾ ਉਡੇ ਹੀ ਆਪਣੇ ਆਲ੍ਹਣੇ `ਚ ਰਹੇ, ਚੁੱਪ ਬੈਠੇ, ਕਿਤੇ ਵੀ ਉਡਣ ਨਾ ਜਾਵੇ ਪਰ ਉਸ ਚਿੜੀ ਨੇ ਆਪਣੇ ਖੰਭ ਕੁਤਰੇ ਜਾਣਾ ਸਵੀਕਾਰ ਕਰ ਲਿਆ, ਲੇਕਿਨ ਇਹ ਨਹੀਂ ਕਿ ਉਹ ਉਡਣਾ ਛੱਡ ਦੇਵੇਗੀ। ਜ਼ਮੀਨ `ਤੇ ਪਏ ਉਸ ਦੇ ਖੰਭ ਇਸ ਗੱਲ ਦੇ ਰੂਪ `ਚ ਦਰਜ ਕੀਤੇ ਜਾਣਗੇ ਕਿ ਕੋਈ ਐਸਾ ਰਾਜ ਸੀ ਜਿਸ ਵਿਚ ਪੰਛੀਆਂ ਦੇ ਖੰਭ ਕੁਤਰ ਦਿੱਤੇ ਜਾਂਦੇ ਸਨ। ਜੇ ਉਹ ਚਿੜੀ ਉਡਣਾ ਬੰਦ ਕਰਕੇ ਆਲ੍ਹਣੇ `ਚ ਹੀ ਬੈਠੀ ਰਹਿੰਦੀ ਤਾਂ ਇਹ ਖੰਭ ਕਦੇ ਦਰਜ ਨਾ ਹੁੰਦੇ ਅਤੇ ਖੰਭ ਕੁਤਰਨ ਵਾਲੇ ਰਾਜ ਦਾ ਨੰਗਾ ਚਿਹਰਾ ਕਦੇ ਨਜ਼ਰ ਨਾ ਆਉਂਦਾ। ਐਸੀਆਂ ਨੰਨ੍ਹੀਆਂ ਚਿੜੀਆਂ ਦੇ ਕੁਤਰੇ ਹੋਏ ਖੰਭ, ਉਸ ਜੰਗਲ ਉਪਰ ਰਾਜ ਕਰਨ ਵਾਲੇ ਰਾਜਾ ਦੇ ਚਿਹਰਾ ਦਰਜ ਕਰਨ ਦੇ ਦਸਤਾਵੇਜ਼ ਹਨ। ਇਸ ਲਈ ਮੈਨੂੰ ਦੁੱਖ ਨਹੀਂ, ਅਫਸੋਸ ਨਹੀਂ … ਸੰਤੁਸ਼ਟੀ ਜ਼ਰੂਰ ਹੈ ਕਿ ਮੈਂ ਆਪਣਾ ਹਿੱਸਾ ਚੁਕਾ ਕੇ ਜਾ ਰਿਹਾ ਹਾਂ। ਬਾਕੀ ਆਪਣੇ ਹਰ ਚੰਗੇ ਮਾੜੇ `ਚ (ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀਆਂ) ਇਨ੍ਹਾਂ ਸਤਰਾਂ ਤੋਂ ਹਿੰਮਤ ਮਿਲਦੀ ਰਹਿੰਦੀ ਹੈ:
ਹਜ਼ਾਰ ਬਰਕ ਗਿਰੇ ਲਾਖ ਆਂਧੀਆਂ ਉਠੇਂ
ਵੋ ਫੂਲ ਖਿਲ ਕੇ ਰਹੇਂਗੇ ਜੋ ਖਿਲਨੇ ਵਾਲੇ ਹੈ।