ਬੀਚ ਦੇ ਬਚਨ-ਬਿਲਾਸ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਉਨ੍ਹਾਂ ਮਾਪਿਆਂ ਦਾ ਦਰਦ ਬਿਆਨ ਕੀਤਾ ਸੀ, ਜੋ ਆਪਣੀ ਔਲਾਦ ਦੇ ਬੇਗਾਨਗੀ ਭਰੇ ਰਵੱਈਏ ਕਾਰਨ ਇਕੱਲ ਹੰਢਾਉਣ ਤੇ ਦੁੱਖ ਭੋਗਣ ਲਈ ਮਜਬੂਰ ਹਨ।…

ਅੱਜ ਕੱਲ੍ਹ ਮਾਪਿਆਂ ਤੇ ਬੱਚਿਆਂ ਦੇ ਘਰ ਦਾ ਪਤਾ ਤਾਂ ਭਾਵੇਂ ਇਕ ਹੋਵੇ, ਪਰ ਉਨ੍ਹਾਂ ਨੂੰ ਇਕ ਦੂਜੇ ਦਾ ਪਤਾ ਹੀ ਨਹੀਂ ਹੁੰਦਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਬੀਚ ਦੀਆਂ ਲਹਿਰਾਂ ਬਾਰੇ ਬਚਨ-ਬਿਲਾਸ ਕੀਤੇ ਹਨ। ਉਹ ਕਹਿੰਦੇ ਹਨ, “ਬੀਚ ਨੂੰ ਪਤਾ ਹੈ ਕਿ ਕੁਦਰਤ ਪ੍ਰੇਮੀ ਹੀ ਬੀਚ ਦੇ ਕੋਲ ਆਪਣਾ ਰੈਣ-ਬਸੇਰਾ ਬਣਾਉਂਦੇ ਜਾਂ ਕਦੇ ਕਦਾਈ ਬੀਚ ਦੇ ਦਰੀਂ ਫੇਰਾ ਪਾਉਂਦੇ ਤੇ ਜਿ਼ੰਦਗੀ ਦੀਆਂ ਲਹਿਰਾਂ-ਬਹਿਰਾਂ ਸਿਰਜਣ ਲਈ ਯਤਨਸ਼ੀਲ ਹੁੰਦੇ।…ਬੀਚ `ਤੇ ਫਿਰਦਿਆਂ, ਸਮੁੰਦਰ ਵਿਚ ਉਠ ਰਹੀਆਂ ਲਹਿਰਾਂ ਦੀ ਤੁਲਨਾ, ਅੰਦਰ ਉਠ ਰਹੀਆਂ ਤਰੰਗਾਂ ਨਾਲ ਤੁਲਨਾ ਕਰਨਾ, ਤੁਹਾਨੂੰ ਪਤਾ ਲੱਗੇਗਾ ਕਿ ਇਨ੍ਹਾਂ ਲਹਿਰਾਂ ਦਾ ਤੁਹਾਡੇ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਹੈ।” ਡਾ. ਭੰਡਾਲ ਦਾ ਮੰਨਣਾ ਹੈ ਕਿ ਸਮੁੰਦਰੀ ਲਹਿਰਾਂ ਸੰਗ ਯਾਰੀਆਂ ਲਾਉਣ ਵਾਲੇ ਅਤੇ ਇਨ੍ਹਾਂ ਦੀ ਹਿੱਕ `ਤੇ ਆਪਣੇ ਹਸਤਾਖਰ ਉਕਰਨ ਵਾਲੇ ਕਦੇ ਵੀ ਜੀਵਨ ਦੁਸ਼ਵਾਰੀਆਂ ਤੋਂ ਹਾਰ ਨਹੀਂ ਮੰਨਦੇ।

ਡਾ. ਗੁਰਬਖਸ਼ ਸਿੰਘ ਭੰਡਾਲ

ਸੁੰਦਰ ਬੀਚ। ਸਰਘੀ ਦਾ ਵੇਲਾ। ਸੂਰਜ, ਧਰਤੀ ਨੂੰ ਰੁਸ਼ਨਾਉਣ ਲਈ ਤਿਆਰ। ਸਮੁੰਦਰ ਵਿਚ ਝਾਤ ਪਾਉਣ ਲਈ ਕਾਹਲਾ। ਅੰਬਰ ਦੀ ਲਾਲੀ ਸਮੁੰਦਰ ਦੇ ਪਾਣੀਆਂ ਵਿਚ ਘੁੱਲ ਰਹੀ। ਬੀਚ ਦੀ ਠੰਢੀ ਠੰਢੀ ਰੇਤ ਤੇ ਨੰਗੇ ਪੈਰੀ ਤੁਰਨ ਦਾ ਅਨੂਠਾ ਵਿਸਮਾਦ। ਬਾਹਰਲੀ ਤਾਜਗੀ ਤੋਂ ਅੰਦਰ ਨੂੰ ਤੁਰ ਰਹੀ ਰੂਹ-ਰੇਜ਼ਤਾ ਵਿਚ ਰੰਗਿਆ ਹਰ ਸ਼ਖਸ। ਪ੍ਰਾਈਵੇਟ ਬੀਚ ਹੋਣ ਕਾਰਨ ਨੇੜੇ ਦੇ ਬਾਸਿ਼ੰਦੇ ਹੀ ਇਸ ਬੀਚ `ਤੇ ਸਵੇਰ ਦੀ ਸੈਰ ਕਰ ਰਹੇ ਅਤੇ ਮਨ ਨੂੰ ਸਕੂਨ ਨਾਲ ਭਰ ਰਹੇ। ਕੋਈ ਨਹੀਂ ਹੱਲਾ-ਗੁੱਲਾ। ਸ਼ਾਂਤ ਚਿੱਤ ਲੋਕ ਆਪਣੇ ਆਪ ਨਾਲ ਇਕ ਸੁਰ ਹੋਏ, ਕੁਦਰਤ ਦੇ ਸੁਹੱਪਣ ਨੂੰ ਆਤਮਾ ਦੇ ਨਾਮ ਕਰ ਰਹੇ।
ਨਵੇਂ ਸਾਲ ਦੀ ਪ੍ਰਭਾਤ। ਨਵਾਂ ਦਿਨ ਤੇ ਨਵੇਂ ਸਾਲ ਦੇ ਨਵੇਂ ਵਕਤ ਦਾ ਆਗਾਜ਼। ਭਾਵੇਂ ਕਿ ਹਰ ਦਿਨ ਹੀ ਨਵਾਂ ਅਤੇ ਨਵੇਂ ਸਮਿਆਂ ਦਾ ਸੰਦੇਸ਼। ਛੁੱਟੀਆਂ ਦੌਰਾਨ ਬੱਚਿਆਂ ਨਾਲ ਇਸ ਵਿਕੋਲਿਤਰੀ ਤੇ ਨਿਵੇਕਲੀ ਬੀਚ ਦੇ ਕਿਨਾਰੇ ਕੁਝ ਦਿਨ, ਜਿ਼ੰਦਗੀ ਨੂੰ ਬੇਫਿਕਰੀ ਦੇ ਆਲਮ ਵਿਚ ਜਿਊਣ ਦਾ ਹੁਨਰ ਤੇ ਹਾਸਲ। ਨਿੱਤ ਦੇ ਰੁਝੇਵਿਆਂ ਤੋਂ ਮੁਕਤੀ। ਬੀਚ ‘ਤੇ ਟਹਿਲਣਾ, ਇਕ ਨਵਾਂ ਤੇ ਅਲੋਕਾਰੀ ਅਨੁਭਵ।
ਹਰ ਕੋਈ ਆਪਣੇ ਰੰਗ ਵਿਚ ਮਸਤ। ਕੋਈ ਕੁੱਤੇ ਨਾਲ ਸੈਰ ਕਰ ਰਿਹਾ, ਕੋਈ ਸਾਈਕਲ ਚਲਾ ਰਿਹਾ ਤੇ ਕੋਈ ਜਾਗਿੰਗ। ਹਰ ਮਿਲਣ ਵਾਲਾ ਮੁਸਕਰਾਹਟਾਂ ਵੰਡਦਾ, ਜਿੰ਼ਦਗੀ ਦੀ ਤਰੋ-ਤਾਜ਼ਗੀ ਅਰਪਿਤ ਕਰਦਾ।
ਦੂਰ ਤੀਕ ਫੈਲੀ ਹੋਈ ਬੀਚ। ਇਕ ਪਾਸੇ ਉਚੀਆਂ ਉਚੀਆਂ ਬਿਲਡਿੰਗਾਂ ਤੇ ਘਰਾਂ ਦੀਆਂ ਲਾਈਨਾਂ ਅਤੇ ਦੂਸਰੇ ਪਾਸੇ ਅਸੀਮ ਫੈਲਿਆ ਹੋਇਆ ਐਟਲਾਂਟਿਕ ਸਾਗਰ। ਟਾਵਾਂ-ਟਾਵਾਂ ਨੌਜਵਾਨ ਕਿਸ਼ਤੀ ਲੈ ਕੇ ਸਾਗਰ ਦੀਆਂ ਲਹਿਰਾਂ ਨਾਲ ਹਠਖੇਲੀਆਂ ਕਰਦਾ। ਲਹਿਰਾਂ ਵਿਚ ਇਕਸੁਰ ਹੋਣ ਲਈ ਖੁਦ ਨੂੰ ਭਿਉਂਦਾ ਅਤੇ ਪਾਣੀ ਦੇ ਛਿੱਟਿਆਂ ਵਿਚੋਂ ਮੋਤੀਆਂ ਦੀ ਵਰਣਮਾਲਾ ਪਿੰਡੇ `ਤੇ ਲਿਸ਼ਕਾਉਂਦਾ।
ਬੀਚ ਨੂੰ ਹੀ ਸਰਫ ਹੈ ਪੈਰਾਂ ਹੇਠ ਵਿਛਣ ਦਾ। ਨੰਗੇ ਪੈਰਾਂ ਨੂੰ ਸਹਿਲਾਉਣ ਦਾ। ਪੋਲੀ ਪੋਲੀ ਟਕੋਰ ਕਰਨ ਦਾ। ਮਾਲਸ਼ ਕਰਕੇ ਪੈਰਾਂ ਦੀਆਂ ਤਲੀਆਂ ਨੂੰ ਧਰਤੀ ਨਾਲ ਜੁੜੇ ਰਹਿਣ ਅਤੇ ਇਸ ਦੀਆਂ ਨਿਆਮਤਾਂ ਨੂੰ ਝੋਲੀ ਵਿਚ ਪਾਉਣ ਦਾ ਸੰਦੇਸ਼। ਬੀਚ ਤਾਂ ਚਾਹੁੰਦੀ ਹੈ ਕਿ ਮਨੁੱਖ ਉਸ ਨਾਲ ਜੀਵਨੀ ਸਾਂਝ ਪਾਵੇ। ਸਾਥ ਵਿਚੋਂ ਜੀਵਨ ਦੀਆਂ ਧੁਨੀਆਂ ਉਪਜਾਵੇ ਅਤੇ ਸਾਹਾਂ ਦੀ ਸਦੀਵਤਾ ਨੂੰ ਜਿੰਦ ਦੇ ਨਾਂਵੇਂ ਲਾਵੇ। ਬਹੁਤ ਹੀ ਪਿਆਰੇ ਨੇ ਬੀਚ ਦੇ ਬਚਨ-ਬਿਲਾਸ। ਇਨ੍ਹਾਂ ਨੂੰ ਸੁਣਨ ਤੇ ਅਮਲ ਕਰਨ ਅਤੇ ਇਸ ਵਿਚੋਂ ਆਪਣੀਆਂ ਤਰਜੀਹਾਂ ਤੇ ਤਸ਼ਬੀਹਾਂ ਸਿਰਜਣ ਵਾਲੇ ਹੀ ਖੁਦ ਨੂੰ ਬਰਕਤਾਂ ਨਾਲ ਨਿਵਾਜਦੇ।
ਬੀਚ ਨੂੰ ਪਤਾ ਹੈ ਕਿ ਕੁਦਰਤ ਪ੍ਰੇਮੀ ਹੀ ਬੀਚ ਦੇ ਕੋਲ ਆਪਣਾ ਰੈਣ-ਬਸੇਰਾ ਬਣਾਉਂਦੇ ਜਾਂ ਕਦੇ ਕਦਾਈ ਬੀਚ ਦੇ ਦਰੀਂ ਫੇਰਾ ਪਾਉਂਦੇ। ਬੀਚ ਦੀਆਂ ਬਰਕਤਾਂ ਨੂੰ ਖੁਦ ਦੇ ਨਾਮ ਕਰ, ਅਨੰਤ ਖੁਸ਼ੀਆਂ ਹਾਸਲ ਕਰ, ਜੀਵਨੀ ਭੱਜ-ਦੌੜ ਵਿਚੋਂ ਉਪਜੀ ਨਿਰਾਸ਼ਾ ਅਤੇ ਉਪਰਾਮਤਾ ਨੂੰ ਘਟਾਉਂਦੇ। ਬੀਚ ਵੀ ਸਿਰਫ ਉਨ੍ਹਾਂ ਨੂੰ ਹੀ ਦੁਲਾਰਦੀ, ਜੋ ਇਸ ਦੇ ਸਕੇ ਪੁੱਤਰ। ਜਿਨ੍ਹਾਂ ਨੂੰ ਇਸ ਦੇ ਸੰਗ-ਸਾਥ ਵਿਚੋਂ ਜੀਵਨ ਦਾ ਸੁਹੱਪਣ ਨਜ਼ਰ ਆਉਂਦਾ।
ਬੀਚ `ਤੇ ਜਦ ਕੁਝ ਬੱਚੇ ਗਿੱਲੀ ਰੇਤ ਦੇ ਘਰ ਬਣਾਉਂਦੇ, ਖੁੱਤੀਆਂ ਕੱਢਦੇ, ਇਸ ਵਿਚ ਦੱਬੇ ਹੋਏ ਘੋਗੇ ਸਿੱਪੀਆਂ ਨੂੰ ਤਲਾਸ਼ਦੇ ਜਾਂ ਸਿੱਲੇ ਸਿੱਲੇ ਰੇਤ ਦੇ ਸਪੱਰਸ਼ ਵਿਚੋਂ ਕੋਮਲ ਸੁਪਨਿਆਂ ਨੂੰ ਚਿਤਵਦੇ ਤਾਂ ਬੀਚ ਬਹੁਤ ਖੁਸ਼ ਹੁੰਦੀ। ਬੱਚਿਆਂ ਦੇ ਮਾਸੂਮ ਸਾਥ ਵਿਚੋਂ ਤਾਂ ਬੀਚ ਨੂੰ ਕੋਮਲਤਾ ਅਤੇ ਮਾਸੂਮੀਅਤ ਦੀ ਗੁੜਤੀ ਮਿਲਦੀ। ਇਹ ਗੁੜਤੀ ਹਰੇਕ ਨੂੰ ਵਰਤਾਉਂਦੀ ਹੈ ਕਿ ਕਿਸੇ ਦੇ ਪੈਰਾਂ ਵਿਚ ਵਿੱਛ ਕੇ ਹੀ ਦੁਨੀਆਂ ਦੀਆਂ ਸਾਰੀਆਂ ਦਾਤਾਂ ਮਨੁੱਖ ਦੀਆਂ ਹੋ ਜਾਣਗੀਆਂ। ਇਹ ਨਿੱਕੇ-ਨਿੱਕੇ ਬੱਚੇ ਕਦੇ ਸਾਈਕਲ ਚਲਾਉਂਦੇ, ਕਦੇ ਮਾਪਿਆਂ ਦੀ ਕੰਨ੍ਹੇੜੀ ਚੜ੍ਹੇ, ਕਦੇ ਮੋਢਿਆਂ `ਤੇ ਬੈਠੇ ਅਤੇ ਕਦੇ ਦੁੜੰਗੇ ਲਾਉਂਦੇ। ਰੇਤ ਨਾਲ ਖੁਦ ਨੂੰ ਲਿਬੇੜਦੇ, ਖਿੜ-ਖਿੜਾ ਕੇ ਹੱਸਦੇ ਅਤੇ ਮਾਪਿਆਂ ਨੂੰ ਆਪਣੀਆਂ ਸ਼ਰਾਰਤਾਂ ਤੇ ਲੱਭੀਆਂ ਕੁਦਰਤੀ ਵਸਤਾਂ ਬਾਰੇ ਦੱਸਦੇ।
ਵਿਰਲਾਂ ਟਾਵਾਂ ਚੁੰਬਕ ਲੈ ਕੇ ਕਿਸੇ ਦੀ ਗਵਾਚੀ ਹੋਈ ਕੀਮਤੀ ਚੀਜ਼ ਨੂੰ ਲੱਭਣ ਦੀ ਕੋਸਿ਼ਸ਼ ਕਰਦਾ ਵੀ ਦਿੱਸ ਪਵੇਗਾ। ਉਸ ਨੂੰ ਆਸ ਹੈ ਕਿ ਕੀਮਤੀ ਸ਼ੈਅ ਨੂੰ ਇਸ ਦੇ ਅਸਲੀ ਵਾਰਸ ਨੂੰ ਵਾਪਸ ਕਰਕੇ ਸਿਰਫ ਮਾਇਕ ਲਾਭ ਹੀ ਨਹੀਂ ਹੋਵੇਗਾ, ਸਗੋਂ ਕਿਸੇ ਦੀ ਯਾਦਗਾਰੀ ਨਿਸ਼ਾਨੀ ਅਤੇ ਪਿਆਰੀਆਂ ਯਾਦਾਂ ਦਾ ਖਜਾਨਾ ਵਾਪਸ ਕਰਕੇ, ਕਿਸੇ ਦੀ ਖੁਸ਼ੀ ਵਿਚੋਂ ਖੁਦ ਵੀ ਖੁਸ਼ ਹੋਵੇਗਾ।
ਇਸ ਬੀਚ ‘ਤੇ ਅਲਸਾਏ ਹੋਏ ਬਦਨ ਜਦ ਇਕ ਦੂਜੇ ਦਾ ਨਿੱਘ ਮਾਣਦੇ, ਰੇਤ ਦੀ ਸੇਜ ਨੂੰ ਭਾਗ ਲਾਉਂਦੇ ਜਾਂ ਬਾਹਾਂ ਵਿਚ ਬਾਹਾਂ ਪਾ ਕੇ ਅਲਬੇਲਤਾ ਤੇ ਫਕੀਰਾਨਾ ਆਵੇਸ਼ ਵਿਚ ਸੁਰਖ ਰੰਗਾਂ ਦਾ ਬਾਣਾ ਪਾਉਂਦੇ ਤਾਂ ਪਾਣੀਆਂ ਨੂੰ ਵੀ ਲਾਲੀ ਚੜ੍ਹਦੀ। ਬੀਚ ਦੇ ਪਿੰਡੇ ਨੂੰ ਸੂਖਮ ਅਹਿਸਾਸਾਂ ਦੀ ਛੂਹ ਪ੍ਰਾਪਤ ਹੁੰਦੀ। ਜੀਵਨ ਦੀ ਅਲਸਮਤਾ ਵਿਚ ਅੰਬਰ ਨੂੰ ਕਲਾਵੇ ਵਿਚ ਲੈਣਾ ਅਤੇ ਸਮੁੰਦਰ ਵਰਗੀ ਦਿਲਦਾਰੀ ਦਾ ਵਿਸਥਾਰ, ਜੀਵਨ ਸਾਥੀ ਦੇ ਨਾਮ ਕਰਨ ਦੇ ਅਹਿਦਨਾਮੇ ਦੀ ਗਵਾਹ ਵੀ ਬੀਚ ਹੀ ਹੁੰਦੀ।
ਅਕਸਰ ਹੀ ਅਜਿਹੀਆਂ ਬੀਚਾਂ `ਤੇ ਰਿਟਾਇਰ ਹੋਏ ਜੋੜੇ ਜੀਵਨ ਦੇ ਆਖਰੀ ਪਹਿਰ ਨੂੰ ਨਿਹਾਰਦੇ। ਬੀਤੇ ਦੀਆਂ ਬਾਤਾਂ ਪਾਉਂਦੇ, ਬੀਚ `ਤੇ ਜਦ ਨਿਸ਼ਾਨ ਖੁਣਦੇ ਤਾਂ ਬੀਚ ਨੂੰ ਵੀ ਇਨ੍ਹਾਂ ਨਾਲ ਮੋਹ ਹੋ ਜਾਂਦਾ। ਇਸ ਮੋਹ ਕਰਕੇ ਹੀ ਬੀਚ ਉਨ੍ਹਾਂ ਦੇ ਨਿੱਤਨੇਮ ਦਾ ਹਿੱਸਾ ਬਣੀ, ਉਨ੍ਹਾਂ ਨੂੰ ਸਾਝਰੇ ਹੀ ਉਡੀਕਦੀ ਅਤੇ ਸ਼ਾਮ ਨੂੰ ਵੀ ਸਾਥ ਮਾਣਨ ਲਈ ਉਤਾਵਲੀ ਹੁੰਦੀ। ਕਈ ਪੀਹੜੀਆਂ ਤੁਰ ਗਈਆਂ ਨੇ ਬੀਚ `ਤੇ ਜੀਵਨ-ਤੋਰਾਂ ਦੀ ਪੈੜ ਉਕਰਦੀਆਂ, ਪਰ ਬੀਚ ਸਦਾ ਹੀ ਭਰ ਜਵਾਨ ਅਤੇ ਨਵੀਨ। ਦਰਅਸਲ ਬੀਚ ਨੂੰ ਪਿਆਰ ਕਰਨ ਵਾਲੇ ਇਸ ਦੀ ਸਫਾਈ ਅਤੇ ਰੂਹ ਨੂੰ ਅੰਦਰ ਵਸਾ ਕੇ ਇਸ ਦੀ ਪਰਿਕਰਮਾ ਕਰਦੇ ਨੇ।
ਬੀਚ `ਤੇ ਫਿਰਦਿਆਂ, ਸਮੁੰਦਰ ਵਿਚ ਉਠ ਰਹੀਆਂ ਲਹਿਰਾਂ ਦੀ ਤੁਲਨਾ, ਅੰਦਰ ਉਠ ਰਹੀਆਂ ਤਰੰਗਾਂ ਨਾਲ ਤੁਲਨਾ ਕਰਨਾ, ਤੁਹਾਨੂੰ ਪਤਾ ਲੱਗੇਗਾ ਕਿ ਇਨ੍ਹਾਂ ਲਹਿਰਾਂ ਦਾ ਤੁਹਾਡੇ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਹੈ। ਸਮੁੰਦਰ ਸਵੇਰੇ ਫੈਲਦਾ। ਇਸ ਦੀਆਂ ਲਹਿਰਾਂ ਬਹੁਤ ਕੋਲ ਆ ਕੇ ਪੈਰਾਂ ਨੂੰ ਛੂਹੰਦੀਆਂ। ਲਹਿਰਾਂ ਦੀ ਸੰਗੀਤਕਤਾ ਵਿਚ ਸਾਹਾਂ ਨੂੰ ਸਕੂਨ, ਸੰਵੇਦਨਾ ਅਤੇ ਸੁਚੇਤਨਾ ਮਿਲਦੀ। ਇਹ ਲਹਿਰਾਂ ਜਾਗਦੇ ਹੋਣ ਦਾ ਸਬੂਤ। ਇਨ੍ਹਾਂ ਵਿਚਲੀ ਊਰਜਾ, ਸਮੁੰਦਰ ਨੂੰ ਉਸ ਦੀ ਸਮਰੱਥਾ ਤੇ ਸ਼ਕਤੀ ਦਾ ਅਹਿਸਾਸ ਕਰਵਾਉਂਦੀ। ਲਹਿਰਾਂ, ਸੈਲਾਨੀਆਂ ਦੇ ਪੈਰਾਂ ਨੂੰ ਧੋਂਦੀਆਂ। ਖਾਰੇ ਪਾਣੀ ਦੀ ਟਕੋਰ ਕਰਦੀਆਂ ਅਤੇ ਪਿਛਾਂਹ ਨੂੰ ਪਰਤਦੀਆਂ। ਫਿਰ ਅਹੁਲਦੀਆਂ, ਬੀਚ `ਤੇ ਤੁਰਦਿਆਂ ਨਾਲ ਨਾਲ ਗੱਲਾਂ ਕਰਦੀਆਂ ਅਤੇ ਹੁੰਗਾਰਾ ਸੁਣਨ ਲਈ ਵਾਰ ਵਾਰ ਪਰਤਦੀਆਂ। ਕੇਹਾ ਰਿਆਜ਼ ਤੇ ਰਿਦਮ ਹੈ ਇਨ੍ਹਾਂ ਲਹਿਰਾਂ ਵਿਚ ਕਿ ਇਹ ਕਦੇ ਨਹੀਂ ਥੱਕਦੀਆਂ ਤੇ ਅੱਕਦੀਆਂ, ਸਗੋਂ ਦਿਨ-ਰਾਤ ਹੀ ਮਸਤਾਉਂਦੀਆਂ ਅਤੇ ਪਾਣੀਆਂ ਦੇ ਗੀਤ ਗਾਉਂਦੀਆਂ।
ਇਹ ਲਹਿਰਾਂ ਹੀ ਹੁੰਦੀਆਂ, ਜੋ ਆਪਣੀ ਕੁੱਖ ਵਿਚ ਪਏ ਸਿੱਪੀਆਂ-ਘੋਗਿਆਂ ਨੂੰ ਸਮੁੰਦਰੀ ਤਲ `ਤੇ ਲਿਆਉਂਦੀਆਂ, ਲੋਕ-ਮਨਾਂ ਨੂੰ ਲੁਭਾਉਂਦੀਆਂ ਅਤੇ ਇਨ੍ਹਾਂ ਨੂੰ ਚੁਗਣ ਲਈ ਉਕਸਾਉਂਦੀਆਂ।
ਯਾਦ ਰਹੇ ਕਿ ਸਮੁੰਦਰ ਕੁਝ ਵੀ ਲੁਕੋ ਕੇ ਨਹੀਂ ਰੱਖਦਾ, ਸਗੋਂ ਸਭ ਕੁਝ ਉਹ ਲੋਕਾਈ ਨੂੰ ਅਰਪਣ ਲਈ ਲਹਿਰਾਂ ਦੀ ਓਟ ਲੈਂਦਾ। ਮਨੁੱਖ ਰਾਹੀਂ ਫੈਲਾਏ ਜਾ ਰਹੇ ਕੂੜਾ-ਕਰਕਟ ਨੂੰ ਵੀ ਬਾਹਰ ਲਿਆਉਂਦਾ। ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ, ਬੇੜੀਆਂ ਨੂੰ ਪਿੰਡੇ ਦੀ ਅਸਵਾਰੀ ਰਾਹੀਂ ਮੰਜਿ਼ਲਾਂ `ਤੇ ਪਹੁੰਚਾਉਂਦਾ। ਕਦੇ ਮੱਛੀਆਂ ਫੜਨ ਲਈ ਸ਼ੁਗਲ ਤੇ ਕਦੇ ਸਿਰਫ ਦਿਲਲਗੀ ਲਈ ਆਹਰ। ਇਨ੍ਹਾਂ ਲਹਿਰਾਂ `ਤੇ ਤਰਦੀ ਹੈ ਰਵਾਨਗੀ, ਰੂਹ-ਰੇਜ਼ਤਾ ਅਤੇ ਰਸਭਾਵੀ ਬਿਰਤੀ; ਤਾਂ ਹੀ ਸੰਵੇਦਨਸ਼ੀਲ ਲੋਕ ਲਹਿਰਾਂ ਦੇ ਕੰਢੇ ਤੇ ਬਹਿ, ਲਹਿਰਾਂ ਨਾਲ ਸੰਵਾਦ ਰਚਾਉਂਦੇ, ਲਹਿਰਾਂ ਵਿਚੋਂ ਹੀ ਜਿ਼ੰਦਗੀ ਦੀਆਂ ਲਹਿਰਾਂ-ਬਹਿਰਾਂ ਸਿਰਜਣ ਲਈ ਯਤਨਸ਼ੀਲ ਹੁੰਦੇ। ਇਨ੍ਹਾਂ ਲਹਿਰਾਂ ਦੇ ਕੰਡਿਆਂ `ਤੇ ਹੀ ਕਲਾ ਕਿਰਤਾਂ ਜਨਮਦੀਆਂ। ਵਿਚਾਰਾਂ ਨੂੰ ਪੁਖਤਗੀ ਤੇ ਅਖਰਕਾਰੀ ਨੂੰ ਭਾਗ ਲੱਗਦੇ। ਬੀਚ ਦੇ ਆਗੋਸ਼ ਵਿਚ ਗਿਆਨ ਗੋਸ਼ਟੀਆਂ ਜਨਮ ਲੈਂਦੀਆਂ। ਇਨ੍ਹਾਂ ਲਹਿਰਾਂ ਨੂੰ ਦੇਖ ਕੇ ਹੀ ਮਨ ਵਿਚ ਉਪਰ ਉਠਣ, ਨਿਰੰਤਰਤਾ ਅਤੇ ਲੈਆਤਮਿਕਤਾ ਨੂੰ ਜੀਵਨ ਦੇ ਨਾਮ ਕਰਨ ਦਾ ਖਿਆਲ ਪੈਦਾ ਹੁੰਦਾ।
ਲਹਿਰਾਂ ਨੂੰ ਦੇਖ ਕੇ ਹੀ ਸੁਪਨਸ਼ੀਲ ਲੋਕ ਸੁਪਨਗੋਈ ਕਰਦੇ। ਉਨ੍ਹਾਂ ਲਈ ਸੁਪਨ-ਸਿਰਜਣਾ ਤੋਂ ਸੁਪਨ-ਸੰਪੂਰਨਤਾ ਦਾ ਸਮੁੱਚਾ ਤਾਣਾ ਸਿਰਜਿਆ ਜਾਂਦਾ। ਫਿਰ ਉਹ ਨਵੇਂ ਨਰੋਏ ਹੋ ਕੇ ਨਵੇਂ ਸੁਪਨਿਆਂ ਦੀ ਪਛਾਣ ਬਣਦੇ। ਇਸ ਦੀ ਸੰਗਤਾ ਵਿਚੋਂ ਸੁਮੱਤ, ਸੁਲੱਗ ਅਤੇ ਸੁਹੱਪਣ ਨੂੰ ਸਮਰਪਿਤ ਹੋਣ ਵਾਲੇ ਹੀ ਜਿ਼ੰਦਗੀ ਦਾ ਸੁੱਚਮ ਤੇ ਉਚਮ ਹੁੰਦੇ।
ਕਦੇ ਚੰਨ ਚਾਨਣੀ ਵਿਚ ਸ਼ਾਂਤ ਸਮੁੰਦਰ ਨੂੰ ਨਿਹਾਰਨ ਲਈ ਬੀਚ `ਤੇ ਨਿਕਲਣਾ। ਤੁਹਾਨੂੰ ਪਤਾ ਲੱਗੇਗਾ ਕਿ ਰਾਤ ਪੈਣ `ਤੇ ਸਮੁੰਦਰ ਕੁਝ ਪਿਛਾਂਹ ਪਰਤਦਾ ਅਤੇ ਲਹਿਰਾਂ ਵੀ ਕੁਝ ਸ਼ਾਂਤ ਹੋ ਜਾਂਦੀਆਂ। ਇਨ੍ਹਾਂ ਪਾਣੀਆਂ ਵਿਚ ਟਹਿਲਦੇ ਹੋਏ ਚੰਦਰਮਾ ਨੂੰ ਤੱਕਣ ਲਈ ਚੰਨ ਵਰਗੇ ਲੋਕ ਬੀਚ `ਤੇ ਨਿਕਲਦੇ। ਚੰਨ-ਚਿਹਰਿਆਂ ਨੂੰ ਤੱਕਦਿਆਂ ਹੀ, ਪਾਣੀ ਵਿਚ ਟਹਿਲਦਾ ਚੰਨ ਬਹੁਤ ਮਖਮੂਰ ਅਤੇ ਮਾਣਮੱਤਾ ਮਹਿਸੂਸਦਾ। ਉਸ ਨੂੰ ਚਾਅ ਚੜ੍ਹਦਾ ਅਤੇ ਇਸ ਚਾਅ ਵਿਚ ਸ਼ਾਮਲ ਹੁੰਦਾ ਸਮੁੰਦਰ, ਲਹਿਰਾਂ, ਬੀਚ, ਰਾਤ ਦੀ ਆਲਮੀ ਖਾਮੋਸ਼ੀ ਅਤੇ ਆਲੇ-ਦੁਆਲੇ ਦਾ ਸੁਖਨਮਈ ਤੇ ਸਹਿਜਮਈ ਵਰਤਾਰਾ। ਬਹੁਤ ਹੀ ਅਨੂਠਾ ਤੇ ਅਮੁੱਲਾ ਪਲ ਹੈ ਰਾਤ ਦੇ ਗਲਿਆਰੇ ਵਿਚ ਸਮੁੰਦਰ, ਬੀਚ, ਚੰਦਰਮਾ ਅਤੇ ਆਲੇ-ਦੁਆਲੇ ਦੀਆਂ ਰੌਸ਼ਨੀਆਂ ਦਾ ਪਾਣੀਆਂ ਵਿਚ ਝਿਲਮਿਲਾਉਣਾ। ਕੁਦਰਤੀ ਕਹਿਕਸ਼ਾਂ, ਅਮਿੱਟ ਯਾਦ ਬਣ ਕੇ ਮਨ ਦੇ ਚਿੱਤਰਪੱਟ `ਤੇ ਉਕਰੀ ਜਾਂਦੀ।
ਸਮੁੰਦਰ ਤੇ ਚੰਨ ਦਾ ਵੈਸੇ ਵੀ ਗੂੜ੍ਹਾ ਰਿਸ਼ਤਾ। ਇਸ ਰਿਸ਼ਤਈ ਖਿੱਚ ਵਿਚੋਂ ਹੀ ਲਹਿਰਾਂ ਦਾ ਉਤਪੰਨ ਹੋਣਾ, ਰਾਗਤਾ ਨੂੰ ਅਰਥ ਦੇਣਾ ਵੀ ਸ਼ਾਮਲ। ਚਾਨਣੀ ਦੇ ਰਿਸ਼ਮਈ ਠੰਢਕ ਅਤੇ ਚਾਨਣ-ਰੰਗਤਾ ਨੂੰ ਮਾਣਨ ਦੀ ਬਿਰਤੀ ਜਦ ਮਨੁੱਖ ਵਿਚ ਪਨਪਦੀ ਤਾਂ ਪਾਕ ਮਨ ਵਿਚ ਗੂੰਜਦੀਆਂ ਨੇ ਸੰਦਲੀ ਸ਼ਹਿਨਾਈਆਂ। ਬਹਿਸ਼ਤੀ ਨਜ਼ਾਰਿਆਂ ਦੇ ਸਾਖਸ਼ਾਤ ਦਰਸ਼ਨ।
ਬੀਚ ‘ਤੇ ਟਹਿਲਦਿਆਂ ਸਮੁੰਦਰ ਦੀਆਂ ਲਹਿਰਾਂ ਦੀ ਬੋਲਬਾਣੀ ਅਤੇ ਇਨ੍ਹਾਂ ਦੀ ਅਰਜੋਈ ਤੇ ਅਰਦਾਸ ਨੂੰ ਹੋਠਾਂ `ਤੇ ਲਿਆ, ਸਮੁੱਚੀ ਫਿਜ਼ਾ ਵਿਚ ਪੈਦਾ ਕਰਨ ਲਈ ਉਚੇਚ ਜਰੂਰ ਕਰਨਾ, ਕਿਉਂਕਿ ਸਮੁੰਦਰ ਚਾਹੁੰਦਾ ਹੈ ਤੁਸੀਂ ਵੀ ਲਹਿਰਾਂ ਵਾਂਗ ਗੁਣਗੁਣਾਵੋ। ਇਸ ਵਾਂਗ ਹੀ ਬੇਸ਼ਕੀਮਤੀ ਖਜਾਨਿਆਂ ਦਾ ਭੰਡਾਰ ਬਣੋ ਅਤੇ ਮਨੁੱਖੀ ਸੋਚ ਨੂੰ ਦਿਓ ਡੂੰਘਾਈ ਤੇ ਵਿਸਥਾਰ।
ਸਮੁੰਦਰ ਦੀਆਂ ਲਹਿਰਾਂ ਕੋਲੋਂ ਸਿੱਖੋ ਕਿ ਕਿਵੇਂ ਦੂਸਰਿਆਂ ਨੂੰ ਖੁਸ਼ੀ ਵੰਡਣ ਲਈ ਖੁਦ ਨੂੰ ਪੈਰਾਂ ਵਿਚ ਘੁੰਗਰੂ ਪਾ ਕੇ ਨੱਚਣਾ ਪੈਂਦਾ। ਗਲੀਓ ਗਲੀ ਯਾਰ ਦੀ ਮੁਹੱਬਤ ਦਾ ਹੋਕਾ ਲਾਉਣਾ ਪੈਂਦਾ ਅਤੇ ਅਸੀਮਤ ਹੁੰਦਿਆਂ ਵੀ ਸੀਮਤ ਦਾਇਰਿਆਂ ਵਿਚ ਰਹਿਣ ਦਾ ਧਰਮ ਨਿਭਾਉਣਾ ਹੁੰਦਾ।
ਸਮੁੰਦਰ ਸ਼ਾਂਤ ਹੀ ਚੰਗੇ ਲੱਗਦੇ। ਜਦ ਖੌਰੂ ਪਾਉਂਦੇ ਤਾਂ ਇਹ ਤਬਾਹੀ ਦਾ ਸੂਚਕ। ਸਮੁੰਦਰ ਕਦੇ ਵੀ ਆਪਣੇ ਕਦਮ ਤਬਾਹੀ ਤੇ ਉਜਾੜੇ ਵੰਨੀਂ ਨਹੀਂ ਧਰਦਾ। ਇਹ ਤਾਂ ਮਨੁੱਖ ਦੀਆਂ ਕਮੀਨਗੀਆਂ, ਕੁਤਾਹੀਆਂ ਅਤੇ ਕੁਚਾਲਾਂ ਨੂੰ ਠੱਲ੍ਹ ਪਾਉਣ ਲਈ ਹੀ ਕਦੇ ਕਦਾਈ ਆਪੇ ਤੋਂ ਬਾਹਰ ਹੁੰਦਾ ਅਤੇ ਆਦਮ ਜਾਤ ਨੂੰ ਉਸ ਦੀ ਔਕਾਤ ਦਿਖਾਉਂਦਾ।
ਇਨ੍ਹਾਂ ਬੀਚਾਂ ਅਤੇ ਪਾਣੀਆਂ ਦੀ ਸੁੱਚਮਤਾ ਅਤੇ ਪਾਕੀਜ਼ਗੀ ਨੂੰ ਗੰਧਲਾ ਕਰਨ ਤੇ ਕੁਦਰਤੀ ਕਿਰਿਆਵਾਂ ਵਿਚ ਖਲਲ ਪਾਉਣ ਵਾਲਾ ਮਨੁੱਖ ਹੀ ਸਮੁੰਦਰੀ ਕਹਿਰ ਲਈ ਜਿ਼ੰਮੇਵਾਰ; ਤਾਂ ਹੀ ਕਦੇ ਕਦਾਈਂ ਸਮੁੰਦਰੀ ਲਹਿਰਾਂ, ਇਸ ਦੀ ਸਰਜਮੀਂ ‘ਤੇ ਉਸਰੇ ਪੱਥਰਾਂ ਦੇ ਜੰਗਲਾਂ ਨੂੰ ਤਹਿਸ਼-ਨਹਿਸ਼ ਕਰ, ਆਪਣੀ ਸਰਦਾਰੀ ਦੀ ਬਰਕਰਾਰੀ ਲਈ ਬਜਿ਼ਦ ਹੁੰਦਾ। ਇਸ ਨੂੰ ਬੇਆਰਾਮ ਨਾ ਕਰੋ। ਬੀਚਾਂ ਅਤੇ ਲਹਿਰਾਂ ਨਾਲ ਪਿਆਰ ਕਰੋ। ਇਹ ਤੁਹਾਡੀਆਂ ਬਲਾਵਾਂ ਆਪਣੇ ਸਿਰ ਲੈਂਦਾ, ਤੁਹਾਡੇ ਜੀਵਨ ਨੂੰ ਅਸੀਮ ਸੁਗਾਤਾਂ, ਸੁਹਜਾਂ ਅਤੇ ਸੰੁਦਰਤਾਵਾਂ ਨਾਲ ਜਰੂਰ ਭਰੇਗਾ।
ਸਮੁੰਦਰੀ ਲਹਿਰਾਂ ਸੰਗ ਯਾਰੀਆਂ ਲਾਉਣ ਵਾਲੇ ਅਤੇ ਇਨ੍ਹਾਂ ਦੀ ਹਿੱਕ `ਤੇ ਆਪਣੇ ਹਸਤਾਖਰ ਉਕਰਨ ਵਾਲੇ ਕਦੇ ਵੀ ਜੀਵਨ ਦੁਸ਼ਵਾਰੀਆਂ ਤੋਂ ਹਾਰ ਨਹੀਂ ਮੰਨਦੇ।
ਸਮੁੰਦਰ ਦੇ ਰੰਗਾਂ ਵਿਚ ਘੁੱਲੇ ਹੋਏ ਬਹੁਤ ਸਾਰੇ ਸੁਪਨੇ ਮਸਤਕ ‘ਤੇ ਦਸਤਕ ਦਿੰਦੇ, ਜੋ ਜਿਊਣਾ ਸਿਖਾਉਂਦੇ ਅਤੇ ਰੰਗਾਂ ਵਿਚ ਰੰਗੇ ਹੋਣ ਦਾ ਭੇਤ ਸਮਝਾਉਂਦੇ।
ਸਮੁੰਦਰੀ ਲਹਿਰਾਂ ਭੱਜੀਆਂ ਆਉਂਦੀਆਂ, ਗਲਵੱਕੜੀਆਂ ਪਾਉਂਦੀਆਂ। ਇਕ ਦੂਜੇ ਵਿਚ ਸਮਾਉਂਦੀਆਂ ਅਤੇ ਮਨੁੱਖੀ ਸੋਚ ਵਿਚ ਘੁਲ-ਮਿਲ ਕੇ ਇਕ ਦੂਜੇ ਵਿਚ ਜਜ਼ਬ ਹੋਣ ਦੀ ਗੁਰਦੱਖਣਾ ਦੇ ਜਾਂਦੀਆਂ।
ਉਠ ਸੱਜਣਾ! ਚੱਲ ਬੀਚ `ਤੇ ਚੱਲੀਏ
ਤੇ ਰੇਤੇ ਨੂੰ ਸਹਿਲਾਈਏ,
ਲਹਿਰਾਂ ਦੇ ਸੰਗ ਲਹਿਰ ਬਣ ਕੇ
ਰੰਗ ਦਾ ਨਗਮਾ ਗਾਈਏ।
ਵੇ ਸੱਜਣਾ! ਇਨ੍ਹਾਂ ਛੱਲਾਂ ਵਿਚੋਂ
ਚੜ੍ਹਦਾ ਸੂਰਜ ਤੱਕੀਏ,
ਸੁੱਚੀ ਸਰਘੀ ਦਾ ਸੂਹਾ-ਕਸੋਰਾ
ਸੁੱਚੇ ਮੂੰਹੀਂ ਚੱਖੀਏ।
ਚੱਲ ਬੀਬਾ! ਤੈਨੂੰ ਸਮੁੰਦਰ ਪਿੰਡੇ
ਟਹਿਲਦਾ ਚੰਨ ਦਿਖਾਵਾਂ,
ਲੰਮੀ ਉਮਰ ਦੀਆਂ ਮੰਨਤਾਂ ਮੰਗ ਕੇ
ਚੰਨ ਨੂੰ ਅਰਘ ਚੜ੍ਹਾਵਾਂ।
ਨੈਣੀਂ ਛਲਕਦਾ ਸੋਗ ਸਮੁੰਦਰ
ਲਹਿਰਾਂ ਨਾਂਵੇਂ ਕਰੀਏ,
ਤੇ ਦੀਦਿਆਂ ਦੀ ਪਾਕ ਬਰੂਹੀਂ
ਸੂਹੇ ਸੁਪਨੇ ਧਰੀਏ।
ਕੰਢੇ `ਤੇ ਨਾ ਬਹਿ ਵੇ ਅੜਿਆ
ਪਾਣੀ ‘ਚ ਡੁੱਬਕੀ ਲਾਈਏ,
ਇਕ ਦੂਜੇ ਦੇ ਅੰਦਰ ਉਤਰ ਕੇ
ਦਰਸ਼ ਅਲਾਹੀ ਪਾਈਏ।
ਬੀਚ ਦੇ ਖੁਣੇ ਹੋਏ ਪੈਰਾਂ ਦੇ ਨਿਸ਼ਾਨ ਵਾਂਗਰਾਂ ਆਪਣੀ ਨੇਕ-ਨੀਅਤੀ, ਬੰਦਿਆਈ ਅਤੇ ਭਲਿਆਈ ਦੀਆਂ ਪੈੜਾਂ ਮਾਨਵਤਾ ਦੇ ਵਿਹੜੇ ਵਿਚ ਸਿਰਜਦੇ ਰਹੋਗੇ ਤਾਂ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡੀਆਂ ਪੈੜਾਂ, ਲੋਕ-ਚੇਤਿਆਂ ਵਿਚ ਵੱਸੀਆਂ ਰਹਿਣਗੀਆਂ।
ਬੀਚ ਤੇ ਮਸਤੀ ਵਿਚ ਸ਼ਾਮਲ ਹੁੰਦੇ ਨੇ ਪਾਮ ਦੇ ਉਚੇ ਤੇ ਸੁੰਦਰ ਦਰੱਖਤ, ਰੇਤ ਦੀ ਸਰਸਰਾਹਟ, ਸਮੁੰਦਰੀ ਤਲ ਨੂੰ ਖਹਿ ਕੇ ਲੰਘਦੀ ਹਵਾ, ਫਿਜ਼ਾ ਦਾ ਲੂਣਾਪਣ, ਧੁੱਪ ਦਾ ਜਿਸਮ ਨੂੰ ਗਰਮਾਉਣਾ, ਚੌਗਿਰਦੇ ਦੀ ਅਲਹਾਮੀ ਖਾਮੋਸ਼ੀ ਅਤੇ ਸੱਜਣਾਂ ਦਾ ਨਿੱਘਾ ਸਾਥ।
ਬੀਚ ‘ਤੇ ਪਾਣੀ ‘ਚ ਤੁਰਦਿਆਂ ਮਨ ‘ਚ ਸੋਚਦਾ ਰਿਹਾ ਕਿ ਕਿੰਨੀ ਨਜ਼ਾਕਤ ਨਾਲ ਸਮੁੰਦਰੀ ਲਹਿਰਾਂ ਪੈਰਾਂ ਨੂੰ ਚੁੰਮਦੀਆਂ ਨੇ। ਤੁਸੀਂ ਕਿਵੇ ਚਿਤਵ ਸਕਦੇ ਹੋ ਕਿ ਕਦੇ ਇਨ੍ਹਾਂ ਲਹਿਰਾਂ ਨੇ ਹੀ ਕਿਸ਼ਤੀਆਂ ਨੂੰ ਡੁਬੋਇਆ ਹੋਵੇਗਾ? ਸ਼ਾਇਦ ਕਿਸ਼ਤੀ ਦਾ ਕੋਈ ਕਸੂਰ ਹੋਵੇਗਾ?
ਜਵਾਨੀ ਵੇਲੇ ਸਮੁੰਦਰ ਦੇ ਤਨ `ਤੇ ਲਿਖੇ ਹੋਏ ਅਫਸਾਨੇ ਨੂੰ ਦੁਬਾਰਾ ਪੜ੍ਹਨ ਲਈ ਹੀ ਅਸੀਂ ਉਮਰ ਦੀ ਹਰ ਰੁੱਤ ਵਿਚ ਸਮੁੰਦਰ ਵੰਨੀਂ ਪਰਤਦੇ ਹਾਂ। ਦਰਅਸਲ ਹੁਸੀਨ ਯਾਦਾਂ ਦਾ ਅਫਸਾਨਾ ਕਦੋਂ ਮਨ ਦੇ ਚਿੱਤਰਪਟ ਤੋਂ ਮਿਟਦਾ?
ਬੀਚ, ਕੋਮਲ-ਭਾਵੀ ਰੇਤ, ਸਹਿਲਾਉਂਦੀਆਂ ਲਹਿਰਾਂ ਅਤੇ ਗਿੱਟੇ ਗਿੱਟੇ ਪਾਣੀਆਂ ਨੂੰ ਜੀਵਨ-ਸ਼ੈਲੀ ਦਾ ਹਿੱਸਾ ਬਣਾਉਣਾ। ਪਤਾ ਲੱਗੇਗਾ ਕਿ ਬੀਚ ਦਾ ਸਾਥ ਕਿੰਨਾ ਸੁਖਦਾਈ, ਸਹਿਜਭਾਵੀ ਤੇ ਸੁਹਜਭਾਵੀ ਹੁੰਦਾ। ਦਰਅਸਲ ਕੁਦਰਤ ਨਾਲ ਜੁੜਨ ਲਈ ਮਨੁੱਖ ਨੂੰ ਕੁਦਰਤ ਨਾਲ ਇਕਸੁਰ ਹੋਣ ਦੀ ਜਾਚ ਹੋਣਾ ਜਰੂਰੀ। ਇਸ ਲਈ ਚੰਗਾ ਹੈ ਕਿ ਕਦੇ ਕਦਾਈ ਜੰਗਲਾਂ ਕੋਲੋਂ ਕੁਝ ਰਾਹਤ ਭਰੇ ਪਲ ਮੰਗਣਾ ਜਾਂ ਕਿਸੇ ਸਮੁੰਦਰੀ ਬੀਚ `ਤੇ ਅਲੂਫ ਜਿਹੇ ਪਲ, ਆਪਣਿਆਂ ਦੀ ਸੰਗਤ ਵਿਚ ਮਾਣਨੇ। ਜਿ਼ੰਦਗੀ ਦਾ ਅਕਹਿ ਤੇ ਯਾਦਗਾਰੀ ਅਨੁਭਵ, ਜੀਵਨ ਭਰ ਸਾਥ ਨਿਭਾਵੇਗਾ।
ਇਕ ਬੀਚ ਤੁਹਾਡੇ ਅੰਦਰ ਵੀ ਫੈਲੀ ਹੋਈ ਹੈ। ਇਹ ਬੀਚ ਤੁਹਾਡੀਆਂ ਸੰਭਾਵਨਾਵਾਂ, ਸਾਧਨਾ, ਸੁਪਨਿਆਂ ਅਤੇ ਸਫਲਤਾਵਾਂ ਦੀ ਹੈ। ਜੋ ਤੁਹਾਡੇ ਅੰਦਰ ਤਾਂ ਹੈ, ਪਰ ਤੁਸੀਂ ਇਸ ਤੋਂ ਬੇਮੁੱਖ ਹੋ। ਉਸ `ਤੇ ਪੋਲੇ ਪੋਲੇ ਕਦਮੀਂ ਤੁਰਨਾ। ਇਕ ਸਮੁੰਦਰ ਤੁਹਾਡੇ ਅੰਤਰੀਵ ਵਿਚ ਜੋ ਉਛਲਦਾ ਹੈ, ਦੂਰ ਤੀਕ ਨਜ਼ਰ ਆਉਂਦਾ ਹੈ। ਇਹ ਸਮੰੁਦਰ ਤੁਹਾਡੇ ਖਿਆਲਾਂ, ਵਿਚਾਰਾਂ, ਸਮਰੱਥਾ, ਸਬੰਧਾਂ ਅਤੇ ਸਿਰੜ ਦੀਆਂ ਤੰਦਾਂ ਦਾ ਹੈ, ਜੋ ਤੁਹਾਡੇ ਸਮੁੱਚੇ ਜੀਵਨ ਵਿਚ ਆਰ-ਪਾਰ ਫੈਲਿਆ ਹੋਇਆ ਹੈ। ਇਸ ਨਾਲ ਇਕਸੁਰ ਹੋਵੋ। ਇਸ ਵਿਚੋਂ ਹੀ ਤੁਸੀਂ ਖੁਦ ਦੇ ਵਿਅਕਤੀਤਵ ਵਿਕਾਸ ਅਤੇ ਵਿਸਥਾਰ ਦਾ ਸਰਫਨਾਮਾ ਬਣਨਾ ਹੈ। ਲਹਿਰਾਂ ਮੱਤਾ ਸੰਗੀਤ ਤੁਹਾਡੀ ਸਾਹ-ਸੰਵੇਦਨਾ ਵਿਚ ਹਰਦਮ ਪੈਦਾ ਹੁੰਦਾ ਹੈ, ਜੋ ਜੀਵਨ ਨੂੰ ਗਤੀ ਅਤੇ ਨਿਰੰਤਰਤਾ ਪ੍ਰਦਾਨ ਕਰਦਾ ਹੈ। ਇਸ ਦੀ ਬਰਕਰਾਰੀ ਲਈ ਜਰੂਰੀ ਹੈ ਕਿ ਸਦਾ ਸਾਹਾਂ ਵਿਚੋਂ ਸ਼ੁਕਰਗੁਜਾਰੀ ਅਤੇ ਸਾਰਥਿਕਤਾ ਨੂੰ ਕਿਆਸਣਾ, ਰਿਦਮ ਤੇ ਰਿਆਜ਼ ਜੀਵਨ ਦੇ ਰੰਗ ਹੋਣਗੇ।
ਬੀਚ, ਰੇਤ, ਸਮੁੰਦਰ ਅਤੇ ਲਹਿਰਾਂ ਵਿਚੋਂ ਤਰਲਤਾ, ਤਰੰਗਤਾ, ਤਾਜਗੀ ਅਤੇ ਤਤਪਰਤਾ ਵਿਚੋਂ ਜਿ਼ੰਦਗੀ ਦੇ ਨਕਸ਼ ਸਿਰਜੋਗੇ ਤਾਂ ਜਿ਼ਦਗੀ ਜਿਊਣ ਜੋਗੀ ਹੋ ਜਾਵੇਗੀ।
ਹੁਣ ਤਾਂ ਮੈਂ ਹਰ ਰੋਜ਼ ਸੁਪਨੇ ਵਿਚ ਸਮੁੰਦਰ ਨੂੰ ਮਿਲ ਕੇ ਉਸ ਨਾਲ ਖੁੱਲ੍ਹ ਮਾਣਨ ਦੀ ਆਦਤ ਪਾ ਲਈ ਹੈ, ਕਿਉਂਕਿ ਕਿਸੇ ਨੂੰ ਯਾਦ ਰੱਖ ਕੇ ਖੁਦ ਨੂੰ ਭੁੱਲਣਾ, ਮੈਨੂੰ ਚੰਗਾ ਲੱਗਦਾ ਹੈ।